Sunday, 14 June 2026

 

ਆਰਮੀ ਅਫਸਰ ਨੇ ਗੁਰਦੁਆਰਾ ਸਾਹਿਬ ਜਾਣ ਤੋਂ ਕੀਤਾ ਸੀ ਇਨਕਾਰ

ਨਵੀਂ ਦਿੱਲੀ/ਬਿਊਰੋ ਨਿਊਜ਼ 

ਸੁਪਰੀਮ ਕੋਰਟ ਨੇ ਆਰਮੀ ਦੇ ਇਕ ਸਾਬਕਾ ਈਸਾਈ ਅਫਸਰ ਦੀ ਉਸ ਅਰਜ਼ੀ ਨੂੰ ਖਾਰਜ ਕਰ ਦਿੱਤਾ, ਜਿਸ ਵਿਚ ਉਸ ਨੇ ਆਪਣੀ ਬਰਖਾਸਤਗੀ ਨੂੰ ਚੁਣੌਤੀ ਦਿੱਤੀ ਸੀ। ਇਸ ਅਫਸਰ ’ਤੇ ਇਲਜ਼ਾਮ ਹੈ ਕਿ ਉਸਨੇ ਆਪਣੇ ਤੈਨਾਤੀ ਸਥਾਨ ’ਤੇ ਰੈਜੀਮੈਂਟ ਦੀਆਂ ਧਾਰਮਿਕ ਗਤੀਵਿਧੀਆਂ ਵਿਚ ਭਾਗ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਆਰਮੀ ਨੇ ਉਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਸੀ। ਸੁਪਰੀਮ ਕੋਰਟ ਦੇ ਮਾਨਯੋਗ ਚੀਫ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਜੈਮਾਲਿਆ ਬਾਗਚੀ ਦੀ ਬੈਂਚ ਨੇ ਇਸ ਅਫਸਰ ਨੂੰ ਆਰਮੀ ਦੇ ਲਈ ਮਿਸ ਫਿੱਟ ਮੰਨਿਆ ਅਤੇ ਹਾਈਕੋਰਟ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ।

ਰਾਸ਼ਟਰਪਤੀ ਮੁਰਮੂ ਨੇ ਜਸਟਿਸ ਸੂਰਿਆ ਕਾਂਤ ਨੂੰ ਅਹੁਦੇ ਦੀ ਚੁਕਾਈ ਸਹੁੰ

ਨਵੀਂ ਦਿੱਲੀ/ਬਿਊਰੋ ਨਿਊਜ਼ 

ਮਾਨਯੋਗ ਜਸਟਿਸ ਸੂਰਿਆ ਕਾਂਤ ਭਾਰਤ ਦੇ 53ਵੇਂ ਚੀਫ ਜਸਟਿਸ ਬਣ ਗਏ ਹਨ। ਉਨ੍ਹਾਂ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਨਵੀਂ ਦਿੱਲੀ ਦੇ ਰਾਸ਼ਟਰਪਤੀ ਭਵਨ ਵਿਖੇ ਅਹੁਦੇ ਦੀ ਸਹੁੰ ਚੁਕਾਈ। ਜਸਟਿਸ ਸੂਰਿਆ ਕਾਂਤ ਜੰਮੂ ਕਸ਼ਮੀਰ ਨੂੰ ਧਾਰਾ 370 ਤਹਿਤ ਮਿਲਿਆ ਵਿਸ਼ੇਸ਼ ਰੁਤਬਾ ਮਨਸੂਖ ਕਰਨ ਸਣੇ ਕਈ ਮੀਲਪੱਥਰ ਫੈਸਲਿਆਂ ਦਾ ਹਿੱਸਾ ਰਹੇ ਹਨ। ਜਸਟਿਸ ਸੂਰਿਆ ਕਾਂਤ ਨੇ ਜਸਟਿਸ ਬੀ.ਆਰ. ਗਵਈ ਦੀ ਥਾਂ ਲਈ ਹੈ। ਜਸਟਿਸ ਕਾਂਤ ਨੇ ਭਗਵਾਨ ਦੇ ਨਾਮ ’ਤੇ ਹਿੰਦੀ ਵਿਚ ਸਹੁੰ ਚੁੱਕੀ ਅਤੇ ਉਹ ਇਸ ਅਹੁਦੇ ’ਤੇ ਕਰੀਬ 15 ਮਹੀਨਿਆਂ ਲਈ ਰਹਿਣਗੇ। ਜਸਟਿਸ ਸੂਰਿਆ ਕਾਂਤ 9 ਫਰਵਰੀ 2027 ਨੂੰ 65 ਸਾਲ ਦੀ ਉਮਰ ਦੇ ਹੋਣ ਮੌਕੇ ਅਹੁਦਾ ਛੱਡਣਗੇ। ਸਹੁੰ ਚੁੱਕ ਸਮਾਗਮ ਵਿਚ ਉਪ ਰਾਸ਼ਟਰਪਤੀ ਸੀ.ਪੀ. ਰਾਧਾਕਿ੍ਰਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਕਈ ਹੋਰ ਸੀਨੀਅਰ ਆਗੂ ਮੌਜੂਦ ਸਨ।

ਮੋਹਨ ਭਾਗਵਤ ਨੇ ਕਿਹਾ : ਅੱਜ ਸਾਡੇ ਸਾਰਿਆਂ ਲਈ ਹੈ ਮਹੱਤਵਪੂਰਨ ਦਿਨ

ਅਯੁੱਧਿਆ/ਬਿਊਰੋ ਨਿਊਜ਼ 

ਅਯੁੱਧਿਆ ਵਿਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਤੋਂ 673 ਦਿਨਾਂ ਬਾਅਦ ਅੱਜ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਰ.ਐਸ. ਐਸ. ਮੁਖੀ ਮੋਹਨ ਭਾਗਵਤ ਨੇ ਰਾਮ ਮੰਦਰ ਦੀ ਚੋਟੀ ’ਤੇ ਭਗਵਾਂ ਝੰਡਾ ਲਹਿਰਾਇਆ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਵੁਕ ਵੀ ਹੋ ਗਏ। ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਮੋਹਨ ਭਾਗਵਤ ਨਾਲ ਰਾਮ ਮੰਦਰ ਦੀ ਪਹਿਲੀ ਮੰਜ਼ਿਲ ’ਤੇ ਰਾਮ ਦਰਬਾਰ ਵਿਚ ਪੂਜਾ ਕੀਤੀ ਅਤੇ ਉਨ੍ਹਾਂ ਨੇ ਰਾਮ ਲੱਲਾ ਦੇ ਦਰਸ਼ਨ ਵੀ ਕੀਤੇ। ਉਨ੍ਹਾਂ ਕਿਹਾ ਕਿ ਅੱਜ ਸਾਰਾ ਭਾਰਤ, ਪੂਰਾ ਸੰਸਾਰ ਰਾਮ ਦੀ ਭਾਵਨਾ ਨਾਲ ਭਰਿਆ ਹੋਇਆ ਹੈ। ਮੋਦੀ ਨੇ ਕਿਹਾ ਕਿ ਆਓ ਇਕ ਅਜਿਹਾ ਸਮਾਜ ਬਣਾਈਏ, ਜਿੱਥੇ ਕੋਈ ਵੀ ਗਰੀਬ ਨਾ ਹੋਵੇ, ਕੋਈ ਵੀ ਦੁਖੀ ਨਾ ਹੋਵੇ। ਇਸੇ ਦੌਰਾਨ ਮੋਹਨ ਭਾਗਵਤ ਨੇ ਕਿਹਾ ਕਿ ਅੱਜ ਸਾਡੇ ਸਾਰਿਆਂ ਲਈ ਮਹੱਤਵਪੂਰਨ ਦਿਨ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਅਜਿਹਾ ਭਾਰਤ ਬਣਾਉਣਾ ਚਾਹੀਦਾ ਹੈ, ਜੋ ਸਾਰਿਆਂ ਨਾਲ ਖੁਸ਼ੀ ਅਤੇ ਸਾਂਤੀ ਸਾਂਝੀ ਕਰੇ। 

ਸਾਰੇ ਸਕੂਲਾਂ ਵਿਚ ਖੇਡ ਸਮਾਗਮਾਂ ’ਤੇ ਲਗਾਈ ਰੋਕ

ਨਵੀਂ ਦਿੱਲੀ/ਬਿਊਰੋ ਨਿਊਜ਼ 

ਦਿੱਲੀ-ਐਨਸੀਆਰ ਵਿਚ ਪ੍ਰਦੂਸ਼ਣ ਲਗਾਤਾਰ ਵਧ ਰਿਹਾ ਹੈ। ਲੰਘੇ ਕੱਲ੍ਹ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ 506 ਰਿਹਾ, ਜੋ ਕਿ ਖਤਰਨਾਕ ਸ਼ੇ੍ਰਣੀ ਵਿਚ ਆਉਂਦਾ ਹੈ। ਦੁਨੀਆ ਭਰ ਵਿਚ ਹਵਾ ਪ੍ਰਦੂਸ਼ਣ ਨੂੰ ਮਾਪਣ ਵਾਲੀ ਅੰਤਰਰਾਸ਼ਟਰੀ ਸੰਸਥਾ ‘ਆਈ ਕਿਊ ਏਅਰ’ ਦੀ ਲਾਈਵ ਰੈਂਕਿੰਗ ਵਿਚ ਦਿੱਲੀ ਦੁਨੀਆ ਦਾ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਸ਼ਹਿਰ ਦਰਜ ਕੀਤਾ ਗਿਆ। ਦਿੱਲੀ ਸਰਕਾਰ ਨੇ ਵਧਦੇ ਹਵਾ ਪ੍ਰਦੂਸ਼ਣ ਨੂੰ ਦੇਖਦਿਆਂ ਨਵੰਬਰ-ਦਸੰਬਰ ਵਿਚ ਸਾਰੇ ਸਕੂਲਾਂ ਵਿਚ ਖੇਡ ਸਮਾਗਮਾਂ ’ਤੇ ਰੋਕ ਲਗਾ ਦਿੱਤੀ ਹੈ। ਇਸ ਤੋਂ ਪਹਿਲਾਂ ਪਿਛਲੇ ਦਿਨੀਂ ਦਿੱਲੀ-ਐਨਸੀਆਰ ਵਿਚ ਪ੍ਰਦੂਸ਼ਣ ਨੂੰ ਲੈ ਕੇ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਦਿੱਲੀ ਦੇ ਸਕੂਲਾਂ ਵਿਚ ਖੇਡ ਸਮਾਗਮ ਨਾ ਹੋਣ। ਉਧਰ ਦੂਜੇ ਪਾਸੇ ਮੱਧ ਪ੍ਰਦੇਸ਼ ਵਿਚ ਲੰਘੇ 15 ਦਿਨਾਂ ਤੋਂ ਕੜਾਕੇ ਦੀ ਠੰਡ ਪੈ ਰਹੀ ਹੈ। ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਵਿਚ ਵੀ ਰਾਤ ਸਮੇਂ ਠੰਡ ਜ਼ੋਰ ਫੜਦੀ ਜਾ ਰਹੀ ਹੈ।

ਨਿੱਜੀ ਪੇਸ਼ੀ ਤੋਂ ਛੋਟ ਵਾਲੀ ਕੰਗਣਾ ਦੀ ਪਟੀਸ਼ਨ ’ਤੇ ਅਦਾਲਤ ਨੇ ਨਹੀਂ ਕੀਤਾ ਕੋਈ ਫੈਸਲਾ

ਬਠਿੰਡਾ/ਬਿਊਰੋ ਨਿਊਜ਼

ਕਿਸਾਨ ਬੀਬੀਆਂ ਖਿਲਾਫ ਟਿਪਣੀ ਕਰਨ ਤਹਿਤ ਮਾਣਹਾਨੀ ਕੇਸ ਦਾ ਸਾਹਮਣਾ ਕਰ ਰਹੀ ਫ਼ਿਲਮੀ ਅਦਾਕਾਰ ਅਤੇ ਭਾਜਪਾ ਸੰਸਦ ਮੈਂਬਰ ਕੰਗਣਾ ਰਣੌਤ ਦੇ ਖਿਲਾਫ ਬਠਿੰਡਾ ਅਦਾਲਤ ਨੇ ਦੋਸ਼ ਤੈਅ ਕਰ ਦਿੱਤੇ ਹਨ, ਜਿਸ ਤਹਿਤ ਉਸ ਖ਼ਿਲਾਫ਼ ਦਰਜ ਮਾਣਹਾਨੀ ਦਾ ਕੇਸ ਅੱਗੇ ਚੱਲੇਗਾ। ਜਦਕਿ ਇਸ ਮੁਕੱਦਮੇ ਵਿਚ ਨਿੱਜੀ ਪੇਸ਼ੀ ਤੋਂ ਛੋਟ ਲੈਣ ਲਈ ਦਾਖ਼ਲ ਉਸ ਦੀ ਅਰਜ਼ੀ ਉੱਪਰ ਅਦਾਲਤ ਨੇ ਕੋਈ ਫੈਸਲਾ ਨਹੀਂ ਦਿੱਤਾ ਤੇ ਅਗਲੀ ਸੁਣਵਾਈ 4 ਦਸੰਬਰ 2025 ਰੱਖੀ ਗਈ ਹੈ। ਧਿਆਨ ਰਹੇ ਕਿ ਇਹ ਮਾਮਲਾ ਸਾਲ 2021 ਦਾ ਹੈ, ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ। ਉਸ ਸਮੇਂ ਕੰਗਨਾ ਰਾਣੌਤ ਨੇ ਕਿਸਾਨ ਬੀਬੀਆਂ ਖਿਲਾਫ ਇਤਰਾਜ਼ਯੋਗ ਟਿੱਪਣੀ ਕਰ ਦਿੱਤੀ ਸੀ। ਇਸ ਨੂੰ ਲੈ ਕੇ ਕਿਸਾਨ ਬੀਬੀ ਮਹਿੰਦਰ ਕੌਰ ਨੇ ਕੰਗਣਾ ਦੇ ਖਿਲਾਫ ਮਾਨਹਾਨੀ ਦਾ ਕੇਸ ਦਰਜ ਕਰਵਾਇਆ ਸੀ। 

 

ਸਹੁੰ ਚੁੱਕ ਸਮਾਗਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪਹੁੰਚੇ

ਨਵੀਂ ਦਿੱਲੀ/ਬਿਊਰੋ ਨਿਊਜ਼ 

ਜਨਤਾ ਦਲ (ਯੂ) ਦੇ ਆਗੂ ਨਿਤੀਸ਼ ਕੁਮਾਰ ਨੇ 10ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਲਈ ਹੈ। ਇਸਦੇ ਨਾਲ ਹੀ 26 ਮੰਤਰੀਆਂ ਨੂੰ ਵੀ ਅਹੁਦੇ ਦੀ ਸਹੰੁ ਚੁਕਾਈ ਗਈ। ਰਾਜਪਾਲ ਆਰਿਫ ਮੁਹੰਮਦ ਖਾਨ ਨੇ ਨਿਤੀਸ਼ ਕੁਮਾਰ ਨੂੰ ਸੀਐਮ ਅਹੁਦੇ ਦੀ ਸਹੁੰ ਚੁਕਾਈ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇਪੀ ਨੱਢਾ ਸਣੇ ਭਾਜਪਾ ਦੇ ਕਈ ਸੀਨੀਅਰ ਆਗੂ ਵੀ ਹਾਜ਼ਰ ਰਹੇ। ਡਿਪਟੀ ਮੁੱਖ ਮੰਤਰੀ ਦੇ ਤੌਰ ’ਤੇ ਸਮਰਾਟ ਚੌਧਰੀ ਅਤੇ ਵਿਜੇ ਕੁਮਾਰ ਨੇ ਸਹੁੰ ਚੁੱਕੀ ਹੈ। ਇਸੇ ਦੌਰਾਨ ਜਿਨ੍ਹਾਂ 26 ਮੰਤਰੀਆਂ ਨੂੰ ਸਹੁੰ ਚੁਕਾਈ ਗਈ, ਉਨ੍ਹਾਂ ਵਿਚ 14 ਭਾਜਪਾ ਦੇ ਅਤੇ 8 ਜਨਤਾ ਦਲ (ਯੂ) ਦੇ ਵਿਧਾਇਕ ਹਨ। ਸਹੁੰ ਚੁੱਕ ਸਮਾਗਮ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਮੰਚ ਤੋਂ ਗਮਛਾ ਹਿਲਾ ਕੇ ਲੋਕਾਂ ਦਾ ਧੰਨਵਾਦ ਕੀਤਾ। ਇਸ ਸਹੁੰ ਚੁੱਕ ਸਮਾਗਮ ਵਿਚ ਹਰਿਆਣਾ, ਅਸਾਮ, ਗੁਜਰਾਤ, ਮੇਘਾਲਿਆ, ਉਤਰ ਪ੍ਰਦੇਸ਼, ਨਾਗਾਲੈਂਡ, ਉੜੀਸਾ, ਦਿੱਲੀ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਵੀ ਸ਼ਾਮਲ ਸਨ।  

ਨਵੀਂ ਦਿੱਲੀ/ਬਿਊਰੋ ਨਿਊਜ਼

ਧਰਮਿੰਦਰ ਦੇ ਦਿਹਾਂਤ ’ਤੇ ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਣੇ ਬਹੁਤ ਸਾਰੇ ਆਗੂਆਂ ਨੇ ਦੁੱਖ ਪ੍ਰਗਟ ਕੀਤਾ ਹੈ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕਿਹਾ ਕਿ ਧਰਮਿੰਦਰ ਦਾ ਦਿਹਾਂਤ ਸਮੁੱਚੇ ਭਾਰਤੀ ਸਿਨੇਮਾ ਲਈ ਬਹੁਤ ਵੱਡਾ ਘਾਟਾ ਹੈ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਲੀਵੁੱਡ ਦੇ ਸੁਪਰ ਸਟਾਰ ਧਰਮਿੰਦਰ ਦੇ ਦਿਹਾਂਤ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਧਰਮਿੰਦਰ ਦੇ ਦਿਹਾਂਤ ਨਾਲ ਭਾਰਤੀ ਸਿਨੇਮਾ ਵਿਚ ਇਕ ਯੁੱਗ ਦਾ ਅੰਤ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਧਰਮਿੰਦਰ ਨੇ ਆਪਣੀ ਸਾਦਗੀ, ਨਿਮਰਤਾ ਅਤੇ ਦਿਆਲਤਾ ਨਾਲ ਲੋਕਾਂ ਦੇ ਦਿਲਾਂ ਵਿਚ ਥਾਂ ਬਣਾਈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਧਰਮਿੰਦਰ ਦੇ ਦਿਹਾਂਤ ਨੂੰ ਭਾਰਤੀ ਫਿਲਮ ਜਗਤ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਅਮਿਤ ਸ਼ਾਹ ਨੇ ਧਰਮਿੰਦਰ ਨੂੰ ਸਦਾ ਬਹਾਰ ਹੀਰੋ ਦੱਸਦਿਆਂ ਸ਼ਰਧਾਂਜਲੀ ਦਿੱਤੀ। 

 

ਸੁਪਰੀਮ ਕੋਰਟ ਦਾ ਰਾਜਪਾਲ ਤੇ ਰਾਸ਼ਟਰਪਤੀ ਦੇ ਬਿਲਾਂ ਵਾਲੇ ਮਾਮਲੇ ’ਚ ਆਇਆ ਫੈਸਲਾ 

ਨਵੀਂ ਦਿੱਲੀ/ਬਿਊਰੋ ਨਿਊਜ਼ 

ਸੁਪਰੀਮ ਕੋਰਟ ਦੇ ਪੰਜ ਮੈਂਬਰੀ ਸੰਵਿਧਾਨਕ ਬੈਂਚ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਰਾਜਪਾਲਾਂ ਕੋਲ ਸੂਬਾਈ ਅਸੈਂਬਲੀਆਂ ਵਲੋਂ ਪਾਸ ਕੀਤੇ ਬਿੱਲਾਂ ਨੂੰ ਰੋਕ ਕੇ ਰੱਖਣ ਦਾ ਕੋਈ ਅਧਿਕਾਰ ਨਹੀਂ ਹੈ। ਬੈਂਚ ਨੇ ਰਾਸ਼ਟਰਪਤੀ ਦੇ ਹਵਾਲੇ ਨਾਲ ਰਾਜਪਾਲਾਂ ਅਤੇ ਰਾਸ਼ਟਰਪਤੀ ਲਈ ਬਿੱਲਾਂ ’ਤੇ ਕਾਰਵਾਈ ਕਰਨ ਲਈ ਸਮਾਂ-ਸੀਮਾ ਨਿਰਧਾਰਤ ਕਰਨ ਸਬੰਧੀ ਪਿਛਲੇ ਦਿਨੀਂ ਕੇਸ ’ਤੇ ਫੈਸਲਾ ਰਾਖਵਾਂ ਰੱਖ ਲਿਆ ਸੀ। ਸੰਵਿਧਾਨਕ ਬੈਂਚ ਨੇ ਹਾਲਾਂਕਿ ਇਹ ਗੱਲ ਵੀ ਸਪੱਸ਼ਟ ਕਰ ਦਿੱਤੀ ਹੈ ਕਿ ਰਾਜਪਾਲ ਅਤੇ ਰਾਸ਼ਟਰਪਤੀ ਵਲੋਂ ਧਾਰਾ 200 ਅਤੇ 201 ਤਹਿਤ ਬਿੱਲਾਂ ਨੂੰ ਸਹਿਮਤੀ ਦੇਣ ਲਈ ਸਮਾਂ ਹੱਦ ਨਿਰਧਾਰਿਤ ਨਹੀਂ ਕੀਤੀ ਜਾ ਸਕਦੀ। ਮਾਨਯੋਗ ਚੀਫ ਜਸਟਿਸ ਬੀ.ਆਰ. ਗਵੱਈ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਸਾਨੂੰ ਨਹੀਂ ਲੱਗਦਾ ਕਿ ਰਾਜਪਾਲਾਂ ਕੋਲ ਸੂਬਾਈ ਅਸੈਂਬਲੀਆਂ ਵਲੋਂ ਪਾਸ ਕੀਤੇ ਬਿੱਲਾਂ ਨੂੰ ਰੋਕ ਕੇ ਰੱਖਣ ਦੀ ਕੋਈ ਅਸਧਾਰਨ ਪਾਵਰ ਹੈ। 

ਬੰਗਲਾਦੇਸ਼ ਵਲੋਂ ਤਿੰਨ ਵਾਰ ਭਾਰਤ ਨੂੰ ਲਿਖਿਆ ਜਾ ਚੁੱਕਾ ਹੈ ਪੱਤਰ

ਨਵੀਂ ਦਿੱਲੀ/ਬਿਊਰੋ ਨਿਊਜ਼

ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਇਕ ਵਾਰ ਫਿਰ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਵਾਪਸ ਭੇਜਣ ਦੇ ਲਈ ਭਾਰਤ ਨੂੰ ਇਕ ਅਧਿਕਾਰਕ ਪੱਤਰ ਭੇਜਿਆ ਹੈ। ਇਸ ਵਿਚ ਹਸੀਨਾ ਦੀ ਹਵਾਲਗੀ ਦੀ ਮੰਗ ਕੀਤੀ ਗਈ ਹੈ। ਅੰਤਰਿਮ ਸਰਕਾਰ ਵਿਚ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਐਮ.ਡੀ. ਤੌਹੀਦ ਹੁਸੈਨ ਨੇ ਇਸਦੀ ਜਾਣਕਾਰੀ ਦਿੱਤੀ ਹੈ। ਬੰਗਲਾਦੇਸ਼ ਦੀ ਸਰਕਾਰੀ ਨਿਊਜ਼ ਏਜੰਸੀ ਦੇ ਮੁਤਾਬਕ ਇਹ ਪੱਤਰ ਲੰਘੇ ਸ਼ੁੱਕਰਵਾਰ ਨੂੰ ਭਾਰਤ ਭੇਜਿਆ ਗਿਆ। ਇਸ ਨੂੰ ਨਵੀਂ ਦਿੱਲੀ ਸਥਿਤ ਬੰਗਲਾਦੇਸ਼ ਦੇ ਹਾਈ ਕਮਿਸ਼ਨ ਦੇ ਜ਼ਰੀਏ ਭੇਜਿਆ ਗਿਆ ਹੈ।  ਬੰਗਲਾਦੇਸ਼ ਦੇ ਮੀਡੀਆ ਮੁਤਾਬਕ ਬੰਗਲਾਦੇਸ਼ ਹੁਣ ਤੱਕ ਤਿੰਨ ਵਾਰ ਭਾਰਤ ਕੋਲੋਂ ਸ਼ੇਖ ਹਸੀਨਾ ਦੀ ਹਵਾਲਗੀ ਦੀ ਮੰਗ ਕਰ ਚੁੱਕਾ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ 20 ਅਤੇ 27 ਦਸੰਬਰ ਨੂੰ ਵੀ ਚਿੱਠੀ ਲਿਖ ਕੇ ਸ਼ੇਖ ਹਸੀਨਾ ਦੀ ਹਵਾਲਗੀ ਦੀ ਮੰਗ ਕੀਤੀ ਜਾ ਚੁੱਕੀ ਹੈ। ਦੱਸਿਆ ਗਿਆ ਕਿ ਭਾਰਤ ਵਲੋਂ ਹੁਣ ਤੱਕ ਇਸ ਸਬੰਧੀ ਕੋਈ ਜਵਾਬ ਨਹੀਂ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਟਿ੍ਰਬਿਊਨਲ ਨੇ ਸ਼ੇਖ ਹਸੀਨਾ ਨੂੰ ਜੁਲਾਈ 2024 ਦੇ ਵਿਦਿਆਰਥੀ ਅੰਦੋਲਨ ਦੌਰਾਨ ਹੋਈਆਂ ਹੱਤਿਆਵਾਂ ਦੀ ਮਾਸਟਰ ਮਾਈਂਡ ਦੱਸਿਆ ਗਿਆ ਹੈ।  

ਨਵੀਂ ਦਿੱਲੀ/ਬਿਊਰੋ ਨਿਊਜ਼  

ਦਿੱਲੀ-ਐਨ.ਸੀ.ਆਰ. ਵਿਚ ਹਵਾ ਪ੍ਰਦੂਸ਼ਣ ਨੂੰ ਲੈ ਕੇ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਨਵੰਬਰ-ਦਸੰਬਰ ਮਹੀਨੇ ਦੌਰਾਨ ਸਕੂਲਾਂ ’ਚ ਹੋਣ ਵਾਲੇ ਖੇਡ ਸਮਾਗਮ ’ਤੇ ਰੋਕ ਲੱਗਣੀ ਚਾਹੀਦੀ ਹੈ। ਅਦਾਲਤ ਨੇ ਇਹ ਨਿਰਦੇਸ਼ ਐਡਵੋਕੇਟ ਅਪਰਾਜਿਤਾ ਸਿੰਘ ਦੇ ਸਵਾਲ ’ਤੇ ਦਿੱਤਾ ਹੈ। ਅਪਰਾਜਿਤਾ ਸਿੰਘ ਨੇ ਕਿਹਾ ਹੈ ਕਿ ਦਿੱਲੀ ਵਿਚ ਮੌਜੂਦਾ ਸਮੇਂ ਦੌਰਾਨ ਪ੍ਰਦੂਸ਼ਣ ਦੇ ਪੱਧਰ ਨੂੰ ਦੇਖਦੇ ਹੋਏ ਅਜਿਹੀਆਂ ਗਤੀਵਿਧੀਆਂ ਬੱਚਿਆਂ ਨੂੰ ਗੈਸ ਚੈਂਬਰ ਵਿਚ ਪਾਉਣ ਵਾਂਗ ਹੈ। ਇਸੇ ਦੌਰਾਨ ਮਾਨਯੋਗ ਚੀਫ ਜਸਟਿਸ ਬੀ.ਆਰ. ਗਵੱਈ, ਜਸਟਿਸ ਕੇ. ਵਿਨੋਦ ਚੰਦਰਨ ਅਤੇ ਜਸਟਿਸ ਐਨ.ਵੀ. ਅੰਜਾਰੀਆ ਦੀ ਬੈਂਚ ਨੇ ਕਿਹਾ ਹੈ ਕਿ ਉਹ ਹਵਾ ਪ੍ਰਦੂਸ਼ਣ ਨੂੰ ਲੈ ਕੇ ਹਰ ਮਹੀਨੇ ਸੁਣਵਾਈ ਕਰਨਗੇ ਤਾਂ ਕਿ ਇਸਦਾ ਪੱਕਾ ਹੱਲ ਨਿਕਲ ਸਕੇ। 

ਮੁੰਬਈ/ਬਿਊਰੋ ਨਿਊਜ਼ 

ਦਿੱਗਜ਼ ਫਿਲਮ ਅਦਾਕਾਰ ਧਰਮਿੰਦਰ ਦਾ ਦਿਹਾਂਤ ਹੋ ਗਿਆ ਹੈ। ਧਰਮਿੰਦਰ ਦੀ ਉਮਰ 89 ਸਾਲ ਸੀ ਅਤੇ ਉਨ੍ਹਾਂ ਨੇ ਅੱਜ ਸੋਮਵਾਰ ਦੁਪਹਿਰੇ ਕਰੀਬ 1 ਵਜੇ ਆਪਣੇ ਘਰ ’ਚ ਹੀ ਆਖਰੀ ਸਾਹ ਲਿਆ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਲੰਘੀ 11 ਨਵੰਬਰ ਨੂੰ ਵੀ ਧਰਮਿੰਦਰ ਦੇ ਦਿਹਾਂਤ ਦੀਆਂ ਖਬਰਾਂ ਮੀਡੀਆ ਵਿਚ ਚੱਲ ਪਈਆਂ ਸਨ, ਉਸ ਸਮੇਂ ਹੇਮਾ ਮਾਲਿਨੀ ਅਤੇ ਈਸ਼ਾ ਦਿਓਲ ਨੇ ਅਜਿਹੀਆਂ ਖਬਰਾਂ ਨੂੰ ਖਾਰਜ ਕਰਦਿਆਂ ਨਰਾਜ਼ਗੀ ਜ਼ਾਹਿਰ ਕੀਤੀ ਸੀ। ਧਰਮਿੰਦਰ ਨੂੰੂ 10 ਨਵੰਬਰ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ, ਉਹ ਦੋ ਦਿਨ ਵੈਂਟੀਲੇਟਰ ’ਤੇ ਰਹੇ ਸਨ ਅਤੇ ਇਸ ਤੋਂ ਬਾਅਦ ਡਾਕਟਰਾਂ ਨੇ 12 ਨਵੰਬਰ ਨੂੰ ਉਨ੍ਹਾਂ ਨੂੰ ਡਿਸਚਾਰਜ ਕਰਦੇ ਹੋਏ ਘਰ ਭੇਜ ਦਿੱਤਾ ਸੀ। ਇਸ ਦੌਰਾਨ ਡਾਕਟਰ ਉਨ੍ਹਾਂ ਦੀ ਸਿਹਤ ਦਾ ਘਰ ਵਿਚ ਹੀ ਧਿਆਨ ਰੱਖ ਰਹੇ ਸਨ। 

ਚੋਣ ਕਮਿਸ਼ਨ ਦੀ ਛਵੀ ਖਰਾਬ ਕਰਨ ਦੇ ਰਾਹੁਲ ’ਤੇ ਲੱਗੇ ਇਲਜ਼ਾਮ

ਨਵੀਂ ਦਿੱਲੀ/ਬਿਊਰੋ ਨਿਊਜ਼

ਭਾਰਤ ਦੇ ਚੋਣ ਕਮਿਸ਼ਨ ’ਤੇ ਲੱਗ ਰਹੇ ਵੋਟ ਚੋਰੀ ਦੇ ਇਲਜ਼ਾਮਾਂ ’ਤੇ ਦੇਸ਼ ਭਰ ਦੇ 272 ਰਿਟਾਇਰਡ ਜੱਜਾਂ ਅਤੇ ਅਫਸਰਾਂ ਨੇ ਇਕ ਖੁੱਲ੍ਹਾ ਪੱਤਰ ਜਾਰੀ ਕੀਤਾ ਹੈ। ਇਸ ਪੱਤਰ ਰਾਹੀਂ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ ਦੀ ਆਲੋਚਨਾ ਕੀਤੀ ਗਈ ਹੈ। ਪੱਤਰ ਵਿਚ 16 ਸਾਬਕਾ ਜੱਜ, 123 ਰਿਟਾਇਰਡ ਅਫਸਰ ਅਤੇ 133 ਰਿਟਾਇਰਡ ਫੌਜੀ ਅਧਿਕਾਰੀਆਂ ਦੇ ਦਸਤਖਤ ਹਨ। ਇਨ੍ਹਾਂ ਰਿਟਾਇਰਡ ਜੱਜਾਂ ਅਤੇ ਅਫਸਰਾਂ ਨੇ ਖੁੱਲ੍ਹੇ ਪੱਤਰ ਰਾਹੀਂ ਇਲਜ਼ਾਮ ਲਗਾਇਆ ਹੈ ਕਿ ਕਾਂਗਰਸ ਪਾਰਟੀ ਲਗਾਤਾਰ ਚੋਣ ਕਮਿਸ਼ਨ ਵਰਗੀਆਂ ਸੰਵਿਧਾਨਕ ਸੰਸਥਾਵਾਂ ਦੀ ਸਾਖ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪੱਤਰ ਵਿਚ ਇਹ ਵੀ ਕਿਹਾ ਗਿਆ ਹੈ ਕਿ ਚੋਣ ਕਮਿਸ਼ਨ ਭਾਰਤ ਦੀ ਚੁਣਾਵੀ ਪ੍ਰਣਾਲੀ ਦਾ ਸਭ ਤੋਂ ਅਹਿਮ ਸਤੰਭ ਹੈ ਅਤੇ ਉਸ ’ਤੇ ਵਾਰ-ਵਾਰ ਸਵਾਲ ਉਠਾਉਣ ਨਾਲ ਜਨਤਾ ਦਾ ਭਰੋਸਾ ਕਮਜ਼ੋਰ ਹੁੰਦਾ ਹੈ ਅਤੇ ਲੋਕਤੰਤਰ ਨੂੰ ਨੁਕਸਾਨ ਪਹੁੰਚਦਾ ਹੈ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਚੋਣ ਕਮਿਸ਼ਨ ’ਤੇ ਵੋਟ ਚੋਰੀ ਦੇ ਇਲਜ਼ਾਮਾਂ ਨੂੰ ਲੈ ਕੇ ਹੁਣ ਤੱਕ ਤਿੰਨ ਪ੍ਰੈਸ ਕਾਨਫਰੰਸਾਂ ਕਰ ਚੁੱਕੇ ਹਨ। ਰਾਹੁਲ ਨੇ ਚੋਣ ਕਮਿਸ਼ਨ ਨੂੰ ਨਰਿੰਦਰ ਮੋਦੀ ਸਰਕਾਰ ਦੀ ਬੀ ਟੀਮ ਵੀ ਕਿਹਾ ਸੀ। 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.