Sunday, 14 June 2026

ਕਿਹਾ : ਨੌਜਵਾਨਾਂ ਨਾਲ ਕੀਤਾ ਗਿਆ ਅਣਮਨੁੱਖੀ ਵਰਤਾਰਾ

ਚੰਡੀਗੜ੍ਹ/ਬਿਊਰੋ ਨਿਊਜ਼ 

ਹਰਿਆਣਾ ਦੇ ਊਰਜਾ, ਟਰਾਂਸਪੋਰਟ ਤੇ ਕਿਰਤ ਮੰਤਰੀ ਅਨਿਲ ਵਿੱਜ ਨੇ ਅਮਰੀਕਾ ਵਲੋਂ ਹਰਿਆਣਾ ਦੇ ਡਿਪੋਰਟ ਕੀਤੇ ਨੌਜਵਾਨਾਂ ਨੂੰ ਲੈ ਕੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੋ ਨੌਜਵਾਨ ਗੈਰਕਾਨੂੰਨੀ ਤਰੀਕੇ ਨਾਲ ਵਿਦੇਸ਼ ਜਾਂਦੇ ਹਨ, ਉਨ੍ਹਾਂ ਨੂੰ ਵਾਪਸ ਭੇਜਣ ਸਮੇਂ ਵਿਦੇਸ਼ੀ ਸਰਕਾਰਾਂ ਨੂੰ ਮਨੁੱਖਤਾ ਦਾ ਧਿਆਨ ਰੱਖਣਾ ਚਾਹੀਦਾ ਹੈ। ਵਿੱਜ ਨੇ ਕਿਹਾ ਕਿ ਉਹ ਵੀ ਇਨਸਾਨ ਹਨ ਅਤੇ ਉਨ੍ਹਾਂ ਦੇ ਵੀ ਮਨੁੱਖੀ ਅਧਿਕਾਰ ਹਨ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਉਨ੍ਹਾਂ ਏਜੰਟਾਂ ਵਿਰੁੱਧ ਕਾਰਵਾਈ ਲਈ ਨੀਤੀ ਤਿਆਰ ਕੀਤੀ ਹੈ, ਜੋ ਨੌਜਵਾਨਾਂ ਨੂੰ ਗਲਤ ਤਰੀਕੇ ਨਾਲ ਵਿਦੇਸ਼ ਭੇਜਦੇ ਹਨ। ਧਿਆਨ ਰਹੇ ਕਿ ਅਮਰੀਕਾ ਨੇ ਜਿਹੜੇ ਨੌਜਵਾਨ ਡਿਪੋਰਟ ਕੀਤੇ ਹਨ, ਉਨ੍ਹਾਂ ਦੇ ਪੈਰਾਂ ਵਿਚ ਬੇੜੀਆਂ ਪਾਈਆਂ ਹੋਈਆਂ ਸਨ। 

ਦੀਵਾਲੀ ਤੋਂ ਬਾਅਦ ਦਿੱਲੀ ਦੀ ਹਵਾ ਵੀ ਹੋਰ ਖਰਾਬ ਹੋਈ

ਚੰਡੀਗੜ੍ਹ/ਬਿਊਰੋ ਨਿਊਜ਼

ਹਰਿਆਣਾ ਦੇ ਕੁਝ ਹਿੱਸਿਆਂ ਵਿਚ ਅੱਜ ਵੀ ਹਵਾ ਦੀ ਗੁਣਵੱਤਾ ਮਾੜੀ ਅਤੇ ਬਹੁਤ ਮਾੜੀ ਸ਼ੇ੍ਰਣੀ ਵਿਚ ਦਰਜ ਕੀਤੀ ਗਈ। ਜਦੋਂ ਕਿ ਪੰਜਾਬ ਵਿਚ ਹਵਾ ਦੀ ਗੁਣਵੱਤਾ ਮਾੜੀ ਸ਼ੇ੍ਰਣੀ ਵਿਚ ਰਹੀ। ਇਸੇ ਦੌਰਾਨ ਕੌਮੀ ਰਾਜਧਾਨੀ ਦਿੱਲੀ ਵਿਚ ਵੀ ਹਵਾ ਦੀ ਗੁਣਵੱਤਾ ‘ਬਹੁਤ ਮਾੜੀ’ ਸ਼ੇ੍ਰਣੀ ਵਿਚ ਰਹੀ, ਜਦੋਂ ਕਿ ਆਨੰਦ ਵਿਹਾਰ ਖੇਤਰ ਵਿਚ ਇਹ ‘ਗੰਭੀਰ’ ਸ਼ੇ੍ਰਣੀ ਵਿਚ ਦਰਜ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਦੀਵਾਲੀ ਤੋਂ ਬਾਅਦ ਦਿੱਲੀ ਦੀ ਹਵਾ ਦੀ ਗੁਣਵੱਤਾ ਵਿਗੜ ਗਈ ਹੈ ਅਤੇ ਧੀਮੀ ਰਫਤਾਰ ਨਾਲ ਚੱਲ ਰਹੀਆਂ ਹਵਾਵਾਂ ਨੇ ਸਥਿਤੀ ਨੂੰ ਹੋਰ ਵੀ ਬਦਤਰ ਬਣਾ ਦਿੱਤਾ ਹੈ। ਦੱਸਣਯੋਗ ਹੈ ਕਿ ਦੀਵਾਲੀ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਦਿੱਲੀ-ਐਨਸੀਆਰ ਵਿਚ 18 ਤੋਂ 21 ਅਕਤੂਬਰ ਤੱਕ ਗਰੀਨ ਪਟਾਕੇ ਵੇਚਣ ਅਤੇ ਚਲਾਉਣ ਦੀ ਇਜ਼ਾਜਤ ਦਿੱਤੀ ਸੀ। ਇਸਦੇ ਬਾਵਜੂਦ ਵੀ ਲੋਕਾਂ ਨੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਕੋਈ ਪਰਵਾਹ ਨਹੀਂ ਕੀਤੀ।

24 ਨਵੰਬਰ ਨੂੰ ਚੁੱਕਣਗੇ ਅਹੁਦੇ ਦੀ ਸਹੁੰ

ਨਵੀਂ ਦਿੱਲੀ/ਬਿਊਰੋ ਨਿਊਜ਼

ਭਾਰਤ ਦੇ ਚੀਫ ਜਸਟਿਸ ਭੂਸ਼ਣ ਆਰ. ਗਵਈ ਨੇ ਅੱਜ ਕੇਂਦਰ ਸਰਕਾਰ ਨੂੰ ਆਪਣੇ ਉੱਤਰਾਧਿਕਾਰੀ ਵਜੋਂ ਸੀਨੀਅਰ ਜੱਜ ਜਸਟਿਸ ਸੂਰਿਆ ਕਾਂਤ ਦੇ ਨਾਮ ਦੀ ਸਿਫ਼ਾਰਸ਼ ਕੀਤੀ ਹੈ। ਉਨ੍ਹਾਂ ਦਾ ਨਾਮ ਕੇਂਦਰੀ ਕਾਨੂੰਨ ਮੰਤਰਾਲੇ ਨੂੰ ਪ੍ਰਵਾਨਗੀ ਲਈ ਭੇਜਿਆ ਗਿਆ ਹੈ। ਇਸਦੇ ਨਾਲ ਹੀ ਸੁਪਰੀਮ ਕੋਰਟ ਦੇ 53ਵੇਂ ਚੀਫ ਜਸਟਿਸ ਦੀ ਨਿਯੁਕਤੀ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ। ਰਵਾਇਤੀ ਤੌਰ ’ਤੇ ਮੌਜੂਦਾ ਚੀਫ ਜਸਟਿਸ ਕਾਨੂੰਨ ਮੰਤਰਾਲੇ ਤੋਂ ਬੇਨਤੀ ਪ੍ਰਾਪਤ ਕਰਨ ਤੋਂ ਬਾਅਦ ਹੀ ਆਪਣੇ ਉੱਤਰਾਧਿਕਾਰੀ ਦੀ ਸਿਫ਼ਾਰਸ਼ ਕਰਦੇ ਹਨ। ਮੌਜੂਦਾ ਚੀਫ ਜਸਟਿਸ ਗਵਈ ਦਾ ਕਾਰਜਕਾਲ 23 ਨਵੰਬਰ ਨੂੰ ਖ਼ਤਮ ਹੋ ਰਿਹਾ ਹੈ। ਦੱਸਣਯੋਗ ਹੈ ਕਿ ਜਸਟਿਸ ਸੂਰਿਆ ਕਾਂਤ 24 ਨਵੰਬਰ ਨੂੰ ਸੀ.ਜੇ.ਆਈ. ਵਜੋਂ ਸਹੁੰ ਚੁੱਕਣਗੇ ਅਤੇ ਉਹ 9 ਫਰਵਰੀ 2027 ਨੂੰ ਸੇਵਾਮੁਕਤ ਹੋਣਗੇ। 

ਇੰਡੀਆ ਗਠਜੋੜ ਦੀ ਸਰਕਾਰ ਬਣੀ ਤਾਂ ਮੁਕੇਸ਼ ਸਾਹਨੀ ਡਿਪਟੀ ਸੀਐਮ ਹੋਣਗੇ 

ਪਟਨਾ/ਬਿਊਰੋ ਨਿਊਜ਼ 

ਬਿਹਾਰ ਵਿਧਾਨ ਸਭਾ ਚੋਣਾਂ ਲਈ ‘ਇੰਡੀਆ’ ਗਠਜੋੜ ਦੇ ਮੁੱਖ ਮੰਤਰੀ ਚਿਹਰਾ ਰਾਸ਼ਟਰੀ ਜਨਤਾ ਦੇ ਮੁਖੀ ਤੇਜਸਵੀ ਯਾਦਵ ਹੋਣਗੇ। ਕਾਂਗਰਸ ਪਾਰਟੀ ਦੇ ਆਗੂ ਅਸ਼ੋਕ ਗਹਿਲੋਤ ਨੇ ਮਹਾਂਗਠਜੋੜ ਦੀ ਸਾਂਝੀ ਪ੍ਰੈਸ ਕਾਨਫਰੰਸ ਵਿਚ ਇਸਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਜੇਕਰ ਸਾਡੀ ਸਰਕਾਰ ਬਣੀ ਤਾਂ ਉਪ ਮੁੱਖ ਮੰਤਰੀ ਮੁਕੇਸ਼ ਸਾਹਨੀ ਹੋਣਗੇ। ਇਸੇ ਦੌਰਾਨ ਤੇਜਸਵੀ ਯਾਦਵ ਨੇ ਕਿਹਾ ਕਿ ‘ਇੰਡੀਆ’ ਗਠਜੋੜ ਦੇ ਆਗੂਆਂ ਨੇ ਮੇਰੇ ’ਤੇ ਵਿਸ਼ਵਾਸ ਪ੍ਰਗਟ ਕੀਤਾ ਹੈ ਅਤੇ ਮੈਂ ਦਿਲੋਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਯਾਦਵ ਨੇ ਕਿਹਾ ਕਿ ਅਸੀਂ ਬਿਹਾਰ ’ਚ ਮੌਜੂਦਾ ਨਿਤੀਸ਼ ਕੁਮਾਰ ਦੀ ਸਰਕਾਰ ਨੂੰ ਉਖਾੜ ਸੁੱਟਾਂਗੇ। ਉਨ੍ਹਾਂ ਦਾਅਵਾ ਕੀਤਾ ਕਿ ਬਿਹਾਰ ਵਿਚ ਇੰਡੀਆ ਗਠਜੋੜ ਦੀ ਸਰਕਾਰ ਹੀ ਬਣੇਗੀ। ਮਹਾਂਗਠਜੋੜ ਦੀ ਸਾਂਝੀ ਮੀਟਿੰਗ ਕਰੀਬ 50 ਮਿੰਟ ਤੱਕ ਚੱਲੀ, ਜਿਸ ਵਿਚ 7 ਪਾਰੀਆਂ ਦੇ 14 ਆਗੂ ਸ਼ਾਮਲ ਸਨ। ਮੀਟਿੰਗ ਦੌਰਾਨ ਸ਼ਾਮਲ ਪਾਰਟੀਆਂ ਦੇ ਸਾਰੇ ਆਗੂਆਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਗਿਆ। ਇਸ ਦੌਰਾਨ ਸਾਰਿਆਂ ਨੇ ਮਹਾਂਗਠਜੋੜ ’ਚ ਏਕਤਾ ਦੀ ਗੱਲ ਕੀਤੀ। 

ਮੈਕਸੀਕੋ ਰਸਤੇ ਅਮਰੀਕਾ ’ਚ ਗੈਰਕਾਨੂੰਨੀ ਤਰੀਕੇ ਨਾਲ ਹੋਏ ਸੀ ਦਾਖ਼ਲ

ਅੰਬਾਲਾ/ਬਿਊਰੋ ਨਿਊਜ਼ 

ਹਰਿਆਣਾ ਦੇ 54 ਨੌਜਵਾਨਾਂ ਨੂੰ ਅਮਰੀਕਾ ਦੀ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਏਜੰਸੀ ਨੇ ਡਿਪੋਰਟ ਕਰ ਦਿੱਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਹ ਸਾਰੇ ਨੌਜਵਾਨ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ’ਚ ਦਾਖਲ ਹੋਏ ਸਨ ਅਤੇ ਇਨ੍ਹਾਂ ਨੂੰ ਕਈ ਮਹੀਨੇ ਤੱਕ ਉਥੋਂ ਦੇ ਡਿਟੈਨਸ਼ਨ ਸੈਂਟਰਾਂ ਵਿਚ ਰੱਖਿਆ ਗਿਆ। ਇਨ੍ਹਾਂ ਨੌਜਵਾਨਾਂ ਨੇ ਵਤਨ ਵਾਪਸੀ ’ਤੇ ਦੱਸਿਆ ਕਿ ਅਮਰੀਕਾ ਵਿਚ ਉਨ੍ਹਾਂ ਉੱਤੇ ਤਸ਼ੱਦਦ ਅਤੇ ਅਤਿਆਚਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਗਰਮੀ ਸਮੇਂ ਹੀਟਰ ਤੇ ਸਰਦੀ ਵਿੱਚ ਏ.ਸੀ. ਚਲਾ  ਕੇ ਉਨ੍ਹਾਂ ਨੂੰ ਟਾਰਚਰ ਕੀਤਾ ਜਾਂਦਾ ਸੀ। ਖਾਣ-ਪੀਣ ਦੀ ਘਾਟ ਤੇ ਬੇਹੱਦ ਸਖ਼ਤ ਸੁਰੱਖਿਆ ਨਿਯਮਾਂ ਨੇ ਉਨ੍ਹਾਂ ਦੀ ਹਾਲਤ ਖ਼ਰਾਬ ਕਰ ਦਿੱਤੀ। ਇਨ੍ਹਾਂ ਡਿਪੋਰਟ ਹੋਏ ਨੌਜਵਾਨਾਂ ਵਿਚ ਸਭ ਤੋਂ ਵੱਧ ਕਰਨਾਲ ਦੇ 16, ਕੈਥਲ ਦੇ 14, ਅੰਬਾਲਾ ਤੇ ਕੁਰੂਕਸ਼ੇਤਰ ਦੇ 5-5, ਜੀਂਦ ਦੇ 4 ਅਤੇ ਫਤਿਹਾਬਾਦ ਦੇ 3 ਨੌਜਵਾਨ ਸ਼ਾਮਲ ਹਨ। ਇਸੇ ਤਰ੍ਹਾਂ ਰੋਹਤਕ, ਹਿਸਾਰ ਅਤੇ ਪਲਵਲ ਦੇ ਕੁਝ ਨੌਜਵਾਨ ਵੀ ਅਮਰੀਕੀ ਤੋਂ ਡਿਪੋਰਟ ਹੋਣ ਵਾਲਿਆਂ ਵਿਚ ਸ਼ਾਮਲ ਹਨ।

ਚੰਡੀਗੜ੍ਹ/ਬਿਊਰੋ ਨਿਊਜ਼

ਦਿੱਲੀ ਵਿਚ ਹਵਾ ਦੀ ਗੁਣਵੱਤਾ ਜ਼ਹਿਰੀਲੀ ਹੋ ਗਈ ਹੈ। ਇਸੇ ਤਰ੍ਹਾਂ ਹਰਿਆਣਾ ਦੇ ਕੁਝ ਹਿੱਸਿਆਂ ਵਿਚ ਅੱਜ ਬੁੱਧਵਾਰ ਨੂੰ ਹਵਾ ਦੀ ਗੁਣਵੱਤਾ ‘ਬਹੁਤ ਮਾੜੀ’ ਸ਼ੇ੍ਰਣੀ ਵਿਚ ਦਰਜ ਕੀਤੀ ਗਈ, ਜਦੋਂ ਕਿ ਪੰਜਾਬ ਵਿਚ ਵੀ ਹਵਾ ਦੀ ਗੁਣਵੱਤਾ ਖਰਾਬ ਹੀ ਰਹੀ। ਦਿੱਲੀ ਵਿਚ ਅੱਜ ਸਵੇਰੇ 9 ਵਜੇ ਹਵਾ ਦੀ ਗੁਣਵੱਤਾ ਸੂਚਕਾਂਕ 335 ਸੀ, ਜੋ ਕਿ ਬਹੁਤ ਮਾੜੀ ਸ਼ੇ੍ਰਣੀ ਵਿਚ ਆਉਂਦਾ ਹੈ। ਇਸੇ ਤਰ੍ਹਾਂ ਪੰਜਾਬ ਦੇ ਜ਼ਿਲ੍ਹਾ ਅੰਮਿ੍ਰਤਸਰ ਵਿਚ ਸਵੇਰੇ 9 ਵਜੇ ਹਵਾ ਦੀ ਗੁਣਵੱਤਾ 253 ਦਰਜ ਕੀਤੀ ਗਈ। ਜਲੰਧਰ 261, ਪਟਿਆਲਾ ਵਿਚ 207, ਲੁਧਿਆਣਾ ਵਿਚ 234 ਅਤੇ ਚੰਡੀਗੜ੍ਹ ਵਿਚ 169 ਦਰਜ ਕੀਤੀ ਗਈ ਹੈ। ਧਿਆਨ ਰਹੇ ਕਿ ਦੋ ਦਿਨ ਮਨਾਈ ਗਈ ਦੀਵਾਲੀ ਕਰਕੇ ਵੀ ਹਵਾ ਦੀ ਗੁਣਵੱਤਾ ਖਰਾਬ ਹੋਈ ਹੈ।

ਪ੍ਰਧਾਨ ਮੰਤਰੀ ਮੋਦੀ ਵਲੋਂ ਪੀੜਤ ਪਰਿਵਾਰਾਂ ਲਈ ਮੱਦਦ ਦਾ ਐਲਾਨ

ਨਵੀਂ ਦਿੱਲੀ/ਬਿਊਰੋ ਨਿਊਜ਼  

ਆਂਧਰਾ ਪ੍ਰਦੇਸ਼ ਦੇ ਕੁਰਨੂਲ ਵਿਚ ਚਿਨਾਤੇਕੁਰ ਦੇ ਨੇੜੇ ਇਕ ਨਿੱਜੀ ਬੱਸ ਨੂੰ ਅੱਗ ਲੱਗਣ ਕਾਰਨ 20 ਸਵਾਰੀਆਂ ਜਿੰਦਾ ਸੜ ਗਈਆਂ। ਮੀਡੀਆ ਰਿਪੋਰਟਾਂ ਮੁਤਾਬਕ ਇਹ ਦਰਦਨਾਕ ਹਾਦਸਾ ਅੱਜ ਸ਼ੁੱਕਰਵਾਰ ਸਵੇਰੇ ਕਰੀਬ ਸਾਢੇ 3 ਵਜੇ ਵਾਪਰਿਆ। ਇਹ ਵੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਮਿ੍ਰਤਕਾਂ ਦੀ ਗਿਣਤੀ ਵਧ ਸਕਦੀ ਹੈ। ਇਹ ਮੰਦਭਾਗੀ ਬੱਸ ਹੈਦਰਾਬਾਦ ਤੋਂ ਬੈਂਗਲੁਰੂ ਜਾ ਰਹੀ ਸੀ। ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਇਕ ਮੋਟਰ ਸਾਈਕਲ ਬੱਸ ਦੇ ਹੇਠਾਂ ਜਾ ਵੜਿਆ ਅਤੇ ਉਹ ਬੱਸ ਦੀ ਤੇਲ ਵਾਲੀ ਟੈਂਕੀ ਨਾਲ ਟਕਰਾ ਗਿਆ। ਇਸ ਦੇ ਚੱਲਦਿਆਂ ਤੇਲ ਵਾਲੀ ਟੈਂਕੀ ਨੂੰ ਅੱਗ ਲੱਗ ਗਈ ਅਤੇ ਇਸ ਅੱਗ ਨੇ ਬਹੁਤ ਤੇਜ਼ੀ ਨਾਲ ਪੂਰੀ ਬੱਸ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਬੱਸ ਵਿਚ 40 ਵਿਅਕਤੀ ਸਵਾਰ ਸਨ ਅਤੇ ਕਈਆਂ ਨੇ ਐਮਰਜੈਂਸੀ ਦਰਵਾਜ਼ੇ ਰਾਹੀਂ ਨਿਕਲ ਕੇ ਜਾਨ ਬਚਾਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਨੇ ਇਸ ਹਾਦਸੇ ਵਿਚ ਜਾਨ ਗੁਆਉਣ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਦੋ-ਦੋ ਲੱਖ ਰੁਪਏ ਅਤੇ ਜ਼ਖਮੀਆਂ ਨੂੰ ਪੰਜਾਹ-ਪੰਜਾਹ ਹਜ਼ਾਰ ਰੁਪਏ ਸਹਾਇਤਾ ਦਾ ਐਲਾਨ ਕੀਤਾ ਹੈ। 

ਕਿਹਾ : ਕਿਸਾਨਾਂ ਨੂੰ ਪਰਾਲੀ ਸਾੜਨ ਲਈ ਮਜਬੂਰ ਕਰ ਰਹੀ ਹੈ ਭਗਵੰਤ ਮਾਨ ਦੀ ਸਰਕਾਰ

ਨਵੀਂ ਦਿੱਲੀ/ਬਿਊੁਰੋ ਨਿਊਜ਼

ਦਿੱਲੀ ਦੀ ਭਾਜਪਾ ਸਰਕਾਰ ’ਚ ਵਾਤਾਵਰਨ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਦਾਅਵਾ ਕੀਤਾ ਹੈ ਕਿ ਕੌਮੀ ਰਾਜਧਾਨੀ ਵਿਚ ਹਵਾ ਦੀ ਮਾੜੀ ਗੁਣਵੱਤਾ ਲਈ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਲੋਂ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੇ ਬਾਵਜੂਦ ਪੰਜਾਬ ਸਰਕਾਰ ਕਿਸਾਨਾਂ ਨੂੰ ਪਰਾਲੀ ਸਾੜਨ ਲਈ ਮਜਬੂਰ ਕਰ ਰਹੀ ਹੈ।  ਸਿਰਸਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਿੱਲੀ ਦੇ ਹਵਾ ਪ੍ਰਦੂਸ਼ਣ ਲਈ ਦੀਵਾਲੀ, ਹਿੰਦੂਆਂ ਤੇ ਸਨਾਤਨੀਆਂ ਨੂੰ ਜ਼ਿੰਮੇਵਾਰ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੌਮੀ ਰਾਜਧਾਨੀ ਦੀ ਮਾੜੀ ਹਵਾ ਗੁਣਵੱਤਾ ਨੂੰ ਤਿਉਹਾਰ ਨਾਲ ਜੋੜਨਾ ਕਿਸੇ ‘ਪਾਪ’ ਤੋਂ ਘੱਟ ਨਹੀਂ ਹੈ। ਉਨ੍ਹਾਂ ਕਿਹਾ ਕਿ ਹਵਾ ਪ੍ਰਦੂਸ਼ਣ ਨੂੰ ਲੈ ਕੇ ਸਿਰਫ ਦੀਵਾਲੀ ਦੇ ਪਟਾਕਿਆਂ ਨੂੰ ਜ਼ਿੰਮੇਵਾਰ ਠਹਿਰਾਉਣਾ ਗੁੰਮਰਾਹਕੁੰਨ ਹੋਵੇਗਾ। ਧਿਆਨ ਰਹੇ ਕਿ ਦਿੱਲੀ, ਪੰਜਾਬ ਅਤੇ ਹਰਿਆਣਾ ’ਚ ਹਵਾ ਪ੍ਰਦੂੁਸ਼ਣ ਕਰਕੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਪੀਯੂਸ਼ ਪਾਂਡੇ ਨੂੰ ਮਿਲ ਚੁੱਕਾ ਹੈ ਪਦਮਸ੍ਰੀ ਐਵਾਰਡ

ਮੁੰਬਈ/ਬਿਊਰੋ ਨਿਊਜ਼ 

ਇਸ਼ਤਿਹਾਰ ਉਦਯੋਗ ਦੀਆਂ ਕੁਝ ਪ੍ਰਸਿੱਧ ਮੁਹਿੰਮਾਂ ਦੇ ਪਿੱਛੇ ਰਹੇ ਮਹਾਨਾਇਕ ਪੀਯੂਸ਼ ਪਾਂਡੇ ਦਾ 70 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਪਾਂਡੇ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 2014 ਦੀ ਚੋਣ ਮੁਹਿੰਮ ਦੇ ਸੰਚਾਰ ਯਤਨਾਂ ਲਈ ਵਿਆਪਕ ਤੌਰ ’ਤੇ ਸਿਹਰਾ ਦਿੱਤਾ ਜਾਂਦਾ ਹੈ। ਧਿਆਨ ਰਹੇ ਕਿ 1980 ਦੇ ਦਹਾਕੇ ਦੇ ਅਖੀਰ ਵਿਚ ਪਾਂਡੇ ਨੇ ਸਰਕਾਰ ਵਲੋਂ ਤਿਆਰ ਕੀਤੇ ਗਏ ਅਤੇ ਵਿਆਪਕ ਤੌਰ ’ਤੇ ਪ੍ਰਸਿੱਧ ਗੀਤ ‘ਮਿਲੇ ਸੁਰ ਮੇਰਾ ਤੁਮਹਾਰਾ’ ਲਈ ਬੋਲ ਲਿਖੇ ਸਨ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀਯੂਸ਼ ਪਾਂਡੇ ਨੂੰ ਸ਼ਰਧਾਂਜਲੀ ਦਿੱਤੀ ਹੈ ਅਤੇ ਕਿਹਾ ਕਿ ਇਸ਼ਤਿਹਾਰਾਂ ਦੀ ਦੁਨੀਆ ਵਿਚ ਉਨ੍ਹਾਂ ਦਾ ਸ਼ਾਨਦਾਰ ਯੋਗਦਾਨ ਰਿਹਾ ਹੈ। ਪੀਯੂਸ਼ ਪਾਂਡੇ ਦਾ ਜਨਮ 1955 ਵਿਚ ਰਾਜਸਥਾਨ ਦੇ ਜੈਪੁਰ ਵਿਚ ਹੋਇਆ ਸੀ। ਪੀਯੂਸ਼ ਪਾਂਡੇ ਦਾ ਭਰਾ ਪ੍ਰਸੂਨ ਪਾਂਡੇ ਇਕ ਮਸ਼ਹੂਰ ਨਿਰਦੇਸ਼ਕ ਹੈ, ਜਦੋਂ ਕਿ ਉਨ੍ਹਾਂ ਦੀ ਭੈਣ ਇਲਾ ਅਰੁਣ ਵੀ ਇਕ ਗਾਇਕਾ ਅਤੇ ਅਦਾਕਾਰਾ ਹੈ। 

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੋਪੜਾ ਨੂੰ ਰਾਸ਼ਟਰੀ ਮਾਣ ਦਾ ਪ੍ਰਤੀਕ ਦੱਸਿਆ

ਨਵੀਂ ਦਿੱਲੀ/ਬਿਊਰੋ ਨਿਊਜ਼ 

ਉਲੰਪਿਕ ਸੋਨ ਤਮਗਾ ਜੇਤੂ ਜੈਵਲਿਨ ਥਰੋਅਰ ਨੀਰਜ ਚੋਪੜਾ ਨੂੰ ਲੈਫਟੀਨੈਂਟ ਕਰਨਲ ਦੇ ਅਹੁਦੇ ਨਾਲ ਸਨਮਾਨਿਤ ਕੀਤਾ ਗਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੋਪੜਾ ਨੂੰ ਦਿ੍ਰੜਤਾ ਅਤੇ ਰਾਸ਼ਟਰੀ ਮਾਣ ਦਾ ਪ੍ਰਤੀਕ ਦੱਸਿਆ ਹੈ। ਰਾਜਨਾਥ ਸਿੰਘ ਨੇ ਨਵੀਂ ਦਿੱਲੀ ਵਿਚ ਪਿਪਿੰਗ ਸਮਾਰੋਹ ਵਿਚ ਟੈਰੀਟੋਰੀਅਲ ਆਰਮੀ ਵਿਚ ਸੇਵਾ ਨਿਭਾ ਰਹੇ ਸਟਾਰ ਜੈਵਲਿਨ ਥਰੋਅਰ ਨੂੰ ਲੈਫਟੀਨੈਂਟ ਕਰਨਲ ਦੇ ਆਨਰੇਰੀ ਰੈਂਕ ਦਾ ਚਿੰਨ ਪ੍ਰਦਾਨ ਕੀਤਾ। ਸਮਾਗਮ ਵਿਚ ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਅਤੇ ਥਲ ਸੈਨਾ ਦੇ ਕਈ ਹੋਰ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਏ। ਦੱਸਣਯੋਗ ਹੈ ਕਿ ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੇ ਪਿੰਡ ਖੰਡਰਾ ਵਿਚ 24 ਦਸੰਬਰ 1997 ਨੂੰ ਜਨਮੇ ਨੀਰਜ ਚੋਪੜਾ ਨੇ ਟੋਕੀਓ ਉਲੰਪਿਕ 2020 ਵਿਚ ਪੁਰਸ਼ਾਂ ਦੇ ਜੈਵਲਿਨ ਥਰੋਅ ਮੁਕਾਬਲੇ ਦੌਰਾਨ ਅਥਲੈਟਿਕਸ ਵਿਚ ਭਾਰਤ ਦਾ ਪਹਿਲਾ ਉਲੰਪਿਕ ਸੋਨ ਤਮਗਾ ਜਿੱਤ ਕੇ ਇਤਿਹਾਸ ਰਚਿਆ ਸੀ।

ਚੀਨ ਨੂੰ ਵੀ ਅਜਿਹਾ ਕਰਨ ਲਈ ਮਨਾਉਣ ਦੀ ਕੋਸ਼ਿਸ਼ ਕਰਨਗੇ ਟਰੰਪ

ਵਾਸ਼ਿੰਗਟਨ/ਬਿਊਰੋ ਨਿਊਜ਼ 

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣਾ ਦਾਅਵਾ ਫਿਰ ਦੁਹਰਾਇਆ ਹੈ। ਟਰੰਪ ਨੇ ਕਿਹਾ ਕਿ ਭਾਰਤ ਨੇ ਰੂਸ ਤੋਂ ਤੇਲ ਖਰੀਦਣਾ ਬੰਦ ਕਰਨ ’ਤੇ ਸਹਿਮਤੀ ਪ੍ਰਗਟਾਈ ਹੈ ਅਤੇ ਉਹ ਇਸ ਸਾਲ ਅਖੀਰ ਤੱਕ ਰੂਸ ਕੋਲੋਂ ਤੇਲ ਖਰੀਦਣਾ ਬੰਦ ਕਰ ਦੇਵੇਗਾ। ਇਸਦੇ ਨਾਲ ਹੀ ਟਰੰਪ ਨੇ ਕਿਹਾ ਕਿ ਇਹ ਇਕ ਪ੍ਰਕਿਰਿਆ ਹੈ ਅਤੇ ਇਸ ’ਚ ਕੁਝ ਸਮਾਂ ਲੱਗੇਗਾ। ਟਰੰਪ ਨੇ ਇਹ ਵੀ ਕਿਹਾ ਕਿ ਉਹ ਚੀਨ ਨੂੰ ਵੀ ਅਜਿਹਾ ਕਰਨ ਲਈ ਮਨਾਉਣ ਦੀ ਕੋਸ਼ਿਸ਼ ਕਰਨਗੇ। ਚੀਨ ਅਤੇ ਭਾਰਤ ਰੂਸੀ ਕੱਚੇ ਤੇਲ ਦੇ ਦੋ ਸਭ ਤੋਂ ਵੱਡੇ ਖਰੀਦਦਾਰ ਹਨ। ਇਸੇ ਦੌਰਾਨ ਟਰੰਪ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਅਗਾਮੀ ਮੀਟਿੰਗ ਬਾਰੇ ਕਿਹਾ ਕਿ ਉਹ ਉਨ੍ਹਾਂ ਨਾਲ ਰੂਸ-ਯੂਕਰੇਨ ਜੰਗ ਖਤਮ ਕਰਨ ਦੇ ਰਾਹ ਕੱਢਣ ਬਾਰੇ ਵਿਚਾਰ-ਵਟਾਂਦਰਾ ਕਰਨਗੇ। ਉਧਰ ਦੂਜੇ ਪਾਸੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਕਿ ਜੇਕਰ ਸਾਡੇ ’ਤੇ ਅਮਰੀਕੀ ਟੌਮਹੌਕ ਮਿਜ਼ਾਈਲਾਂ ਨਾਲ ਹਮਲਾ ਹੁੰਦਾ ਹੈ ਤਾਂ ਇਸਦਾ ਸਖਤ ਜਵਾਬ ਦਿਆਂਗੇ। ਪੂਤਿਨ ਦਾ ਇਹ ਬਿਆਨ ਅਮਰੀਕਾ ਵਲੋਂ ਦੋ ਰੂਸੀ ਕੰਪਨੀਆਂ ’ਤੇ ਰੋਕ ਲਗਾਉਣ ਤੋਂ ਬਾਅਦ ਆਇਆ ਹੈ।

ਪੁਲਿਸ ਅਤੇ ਫਾਇਰ ਸਟਾਫ ਨੇ ਹੈਲੀਕਾਪਟਰ ਨੂੰ ਧੱਕਾ ਲਗਾ ਕੇ ਬਾਹਰ ਕੱਢਿਆ

ਨਵੀਂ ਦਿੱਲੀ/ਬਿਊਰੋ ਨਿਊਜ਼ 

ਕੇਰਲ ਪਹੁੰਚੀ ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਹੈਲੀਕਾਪਟਰ ਉਤਰਨ ਤੋਂ ਬਾਅਦ ਇਕ ਟੋਏ ਵਿਚ ਫਸ ਗਿਆ। ਇਸ ਮੌਕੇ ਮੌਜੂੁਦ ਪੁਲਿਸ ਅਤੇ ਫਾਇਰ ਕਰਮਚਾਰੀਆਂ ਨੇ ਭਾਰਤੀ ਹਵਾਈ ਫੌਜ ਦੇ ਹੈਲੀਕਾਪਟਰ ਨੂੰ ਧੱਕਾ ਲਗਾ ਕੇ ਟੋਏ ਵਿਚੋਂ ਬਾਹਰ ਕੱਢਿਆ। ਇਹ ਘਟਨਾ ਕੇਰਲ ਵਿਚ ਰਾਜੀਵ ਗਾਂਧੀ ਸਟੇਡੀਅਮ ’ਚ ਵਾਪਰੀ ਹੈ। ਘਟਨਾ ਸਥਾਨ ’ਤੇ ਮੌਜੂਦ ਅਧਿਕਾਰੀਆਂ ਦਾ ਕਹਿਣਾ ਸੀ ਕਿ ਇਹ ਹੈਲੀਪੈਡ ਜਲਦਬਾਜ਼ੀ ਵਿਚ ਬਣਾਇਆ ਗਿਆ ਸੀ ਅਤੇ ਇਸ ਕਰਕੇ ਕੰਕਰੀਟ ਪੂਰੀ ਤਰ੍ਹਾਂ ਜੰਮ ਨਹੀਂ ਸਕਿਆ।  ਰਾਸ਼ਟਰਪਤੀ ਮੁਰਮੂ ਅੱਜ ਕੇਰਲ ਵਿਚ ਸਬਰੀਮਾਲਾ ਮੰਦਰ ਵਿਚ ਜਾ ਰਹੇ ਸਨ ਅਤੇ ਉਨ੍ਹਾਂ ਨੇ ਬਿਨਾ ਕਿਸੇ ਦੇਰੀ ਦੇ ਸੜਕੀ ਰਸਤੇ ਆਪਣੀ ਯਾਤਰਾ ਜਾਰੀ ਰੱਖੀ ਤੇ ਮੰਦਿਰ ਵਿਖੇ ਪਹੁੰਚ ਕੇ ਮੱਥਾ ਟੇਕਿਆ। ਸਬਰੀਮਾਲਾ ਮੰਦਰ ਦੇ ਦਰਸ਼ਨ ਕਰਨ ਵਾਲੀ ਪਹਿਲੀ ਮਹਿਲਾ ਰਾਸ਼ਟਰਪਤੀ ਹੈ ਦਰੋਪਦੀ ਮੁਰਮੂ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.