Sunday, 14 June 2026

ਨਵੀਂ ਦਿੱਲੀ/ਬਿਊਰੋ ਨਿਊਜ਼ 

ਭਾਰਤੀ ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਅਮਰਪ੍ਰੀਤ ਸਿੰਘ ਨੇ ਕਿਹਾ ਕਿ ਪਾਕਿਸਤਾਨ ਵਲੋਂ ਭਾਰਤ ਦੇ ਜੈਟ ਡੇਗਣ ਦੇ ਦਾਅਵੇ ਸਿਰਫ ਪਰੀ ਕਹਾਣੀਆਂ ਹਨ। ਏਪੀ ਸਿੰਘ ਨੇ ਕਿਹਾ ਕਿ ਪਾਕਿਸਤਾਨ ਕੋਲ ਜੇਕਰ ਇਸ ਤਰ੍ਹਾਂ ਦੇ ਸਬੂਤ ਹਨ ਤਾਂ ਉਸ ਨੂੰ ਦਿਖਾਉਣੇ ਚਾਹੀਦੇ ਹਨ। ਏਅਰ ਚੀਫ ਮਾਰਸ਼ਲ ਨੇ ਕਿਹਾ ਕਿ ਭਾਰਤ ਨੇ ਪਾਕਿਸਤਾਨ ਦੇ ਪੰਜ ਫਾਈਟਰ ਜੈਟ ਤਬਾਹ ਕੀਤੇ ਹਨ, ਜਿਸ ਵਿਚ ਐਫ-16 ਅਤੇ ਜੇ-17 ਵੀ ਸ਼ਾਮਲ ਹੈ। ਅਪਰੇਸ਼ਨ ਸਿੰਦੂਰ ਸਬੰਧੀ ਉਨ੍ਹਾਂ ਕਿਹਾ ਕਿ ਭਾਰਤੀ ਫੌਜ ਨੇ ਪਾਕਿਸਤਾਨ ਵਿਚ 300 ਕਿਲੋਮੀਟਰ ਅੰਦਰ ਦਾਖਲ ਹੋ ਕੇ ਹਮਲਾ ਕੀਤਾ। ਉਨ੍ਹਾਂ ਦੱਸਿਆ ਕਿ ਪਹਿਲਗਾਮ ਹਮਲੇ ਤੋਂ ਬਾਅਦ ਅਸੀਂ ਤੈਅ ਕੀਤਾ ਸੀ ਕਿ ਪਾਕਿਤਸਾਨ ਨੂੰ ਇਸਦੀ ਕੀਮਤ ਚੁਕਾਉਣੀ ਪਵੇਗੀ। ਏਪੀ ਸਿੰਘ ਨੇ ਇਹ ਵੀ ਦੱਸਿਆ ਕਿ ਭਾਰਤੀ ਫੌਜ ਨੂੰ ਖੁੱਲ੍ਹੀ ਛੁੱਟੀ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਖੁਦ ਹੀ ਜੰਗਬੰਦੀ ਲਈ ਅੱਗੇ ਆਇਆ ਸੀ। ਧਿਆਨ ਰਹੇ ਕਿ ਇਹ ਦੂਜੀ ਵਾਰ ਹੈ, ਜਦੋਂ ਹਵਾਈ ਫੌਜ ਦੇ ਮੁਖੀ ਨੇ ਪਾਕਿਸਤਾਨ ਦੇ ਹੋਏ ਨੁਕਸਾਨ ਦੀ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ 9 ਅਗਸਤ ਨੂੰ ਦੱਸਿਆ ਗਿਆ ਸੀ ਕਿ ਅਪਰੇਸ਼ਨ ਸਿੰਦੂਰ ਦੌਰਾਨ ਪਾਕਿਸਤਾਨ ਦੇ ਪੰਜ ਲੜਾਕੂ ਜਹਾਜ਼ ਡੇਗੇ ਗਏ ਹਨ। 

ਨਵੀਂ ਦਿੱਲੀ/ਬਿਊਰੋ ਨਿਊਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਕਿਸਮਤ ਵਾਲੇ ਹਨ ਕਿ ਉਨ੍ਹਾਂ ਨੂੰ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਦੇ ਸਥਾਪਨਾ ਦਿਵਸ ਦੇ ਸਮਾਗਮ ਦਾ ਗਵਾਹ ਬਣਨ ਦਾ ਮੌਕਾ ਮਿਲਿਆ ਹੈ। ਪ੍ਰਧਾਨ ਮੰਤਰੀ ਨੇ ਆਰ.ਐਸ.ਐਸ. ਦੇ 100 ਸਾਲ ਪੂਰੇ ਹੋਣ ਦੀ ਯਾਦ ਵਿਚ ਇਕ ਵਿਸ਼ੇਸ਼ ਡਾਕ ਟਿਕਟ ਅਤੇ ਇਕ ਸਿੱਕਾ ਵੀ ਜਾਰੀ ਕੀਤਾ। ਇਸ ਮੌਕੇ ਪੀਐਮ ਮੋਦੀ ਨੇ ਕਿਹਾ ਕਿ ਦਿੱਲੀ ਵਿਚ 1984 ਦੇ ਸਿੱਖ ਕਤਲੇਆਮ ਮੌਕੇ ਆਰ.ਐਸ.ਐਸ. ਨੇ ਸਿੱਖ ਪਰਿਵਾਰਾਂ ਦੀ ਬਹੁਤ ਮੱਦਦ ਕੀਤੀ ਸੀ ਅਤੇ ਉਨ੍ਹਾਂ ਨੂੰ ਆਪਣੇ ਘਰਾਂ ਵਿਚ ਸ਼ਰਨ ਦਿੱਤੀ ਸੀ। ਪੀਐਮ ਨੇ ਕਿਹਾ ਕਿ ਇਹ ਸਵੈਮ ਸੇਵਕਾਂ ਦਾ ਸੁਭਾਅ ਹੈ। ਮੋਦੀ ਨੇ ਕਿਹਾ ਕਿ ਦੁਨੀਆ ਨੇ ਕੋਵਿਡ ਮਹਾਂਮਾਰੀ ਦੌਰਾਨ ਵੀ ਆਰ.ਐਸ.ਐਸ. ਦੀ ਹਿੰਮਤ ਅਤੇ ਸੇਵਾ ਦੇਖੀ ਹੈ। 

ਨਵੀਂ ਦਿੱਲੀ/ਬਿਊਰੋ ਨਿਊਜ਼ 

ਸੋਨਮ ਵਾਂਗਚੁੱਕ ਦੀ ਪਤਨੀ ਗੀਤਾਂਜਲੀ ਐਂਗਮੋ ਆਪਣੇ ਪਤੀ ਦੀ ਫੌਰਨ ਰਿਹਾਈ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ ਪਹੁੰਚ ਗਈ ਹੈ। ਲੱਦਾਖ ਦੇ ਵਾਤਾਵਰਨ ਕਾਰਕੁੰਨ ਸੋਨਮ ਵਾਂਗਚੁੱਕ ਨੂੰ ਭੜਕਾਊ ਭਾਸ਼ਣ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ ਲੱਦਾਖ ਵਿਚ ਹਿੰਸਾ ਹੋਣ ਤੋਂ ਮਗਰੋਂ ਐਨ.ਐਸ.ਏ. ਤਹਿਤ ਗਿ੍ਰਫਤਾਰ ਕਰਕੇ ਰਾਜਥਾਨ ਦੀ ਜੋਧਪੁਰ ਜੇਲ੍ਹ ਵਿਚ ਰੱਖਿਆ ਗਿਆ ਹੈ। ਗੀਤਾਂਜਲੀ ਨੇ ਆਪਣੇ ਵਕੀਲ ਰਾਹੀਂ ਦਾਇਰ ਪਟੀਸ਼ਨ ਵਿਚ ਵਾਂਗਚੁੱਕ ਦੀ ਨਜ਼ਰਬੰਦੀ ਨੂੰ ਚੁਣੌਤੀ ਦਿੱਤੀ ਹੈ ਅਤੇ ਉਨ੍ਹਾਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ। ਪਟੀਸ਼ਨ ਵਿਚ ਵਾਂਗਚੁੱਕ ਵਿਰੁੱਧ ਐਨ.ਐਸ.ਏ. ਦੀ ਵਰਤੋਂ ਕਰਨ ਦੇ ਕੇਂਦਰ ਸਰਕਾਰ ਦੇ ਫੈਸਲੇ ’ਤੇ ਵੀ ਸਵਾਲ ਚੁੱਕੇ ਗਏ ਹਨ। ਦੱਸਣਯੋਗ ਹੈ ਕਿ ਸੋਨਮ ਵਾਂਗਚੁੱਕ ਵਲੋਂ ਲੱਦਾਖ ਨੂੰ ਸੂਬੇ ਦਾ ਦਰਜਾ ਦਿਵਾਉਣ ਦੀ ਮੰਗ ਨੂੰ ਲੈ ਕੇ ਪਿਛਲੇ ਦਿਨੀਂ ਭੁੱਖ ਹੜਤਾਲ ਕੀਤੀ ਗਈ ਸੀ। ਇਸ ਮੌਕੇ ਲੇਹ ਵਿਚ ਹੋਏ ਹਿੰਸਕ ਪ੍ਰਦਰਸ਼ਨਾਂ ਦੌਰਾਨ ਭਾਜਪਾ ਦੇ ਦਫਤਰ ਅਤੇ ਵਾਹਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਸੀ। 

ਕਈ ਹਵਾਈ ਉਡਾਣਾਂ ਨੂੰ ਦੂਜੇ ਹਵਾਈ ਅੱਡਿਆਂ ’ਤੇ ਭੇਜਿਆ

ਨਵੀਂ ਦਿੱਲੀ/ਬਿਊਰੋ ਨਿਊਜ਼

ਰਾਜਧਾਨੀ ਦਿੱਲੀ ਵਿਚ ਅੱਜ ਭਾਰੀ ਮੀਂਹ ਪਿਆ ਹੈ, ਜਿਸ ਕਾਰਨ ਆਵਾਜਾਈ ਵਿਚ ਵਿਘਨ ਪਿਆ। ਇਸਦੇ ਚੱਲਦਿਆਂ ਅੰਡਰਪਾਸ ਵੀ ਪਾਣੀ ਨਾਲ ਭਰ ਗਏ ਅਤੇ ਹਜ਼ਾਰਾਂ ਯਾਤਰੀ ਦਿੱਲੀ ਦੇ ਮੁੱਖ ਰਸਤਿਆਂ ’ਚ ਘਿਰ ਗਏ। ਇਸ ਤੋਂ ਇਲਾਵਾ ਦਿੱਲੀ ਦੇ ਹਵਾਈ ਅੱਡੇ ’ਤੇ ਉਤਰਨ ਵਾਲੀਆਂ ਕਈ ਉਡਾਣਾਂ ਨੂੰ ਦੂਜੇ ਹਵਾਈ ਅੱਡਿਆਂ ’ਤੇ ਤਬਦੀਲ ਕੀਤਾ ਗਿਆ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਆਉਣ ਵਾਲੀਆਂ ਪੰਜ ਉਡਾਣਾਂ ਨੂੰ ਜੈਪੁਰ ਤੇ ਨਾਲ ਲੱਗਦੇ ਹਵਾਈ ਅੱਡਿਆਂ ਵੱਲ ਭੇਜਿਆ ਗਿਆ। ਮੌਸਮ ਵਿਭਾਗ ਨੇ ਦਿੱਲੀ ਲਈ ਓਰੈਂਜ ਅਲਰਟ ਵੀ ਜਾਰੀ ਕੀਤਾ ਹੈ।

ਵਿਦਿਆਰਥੀਆਂ ’ਤੇ ਦਬਾਅ ਬਣਾਉਂਦੀਆਂ ਸਨ ਇਹ ਮਹਿਲਾਵਾਂ

ਨਵੀਂ ਦਿੱਲੀ/ਬਿਊਰੋ ਨਿਊਜ਼   

ਦਿੱਲੀ ਪੁਲਿਸ ਨੇ ਵਿਦਿਆਰਥੀਆਂ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਸ੍ਰੀ ਸ਼ਾਰਦਾ ਇੰਸਟੀਚਿਊਟ ਦੇ ਸਾਬਕਾ ਮੁਖੀ ਸਵਾਮੀ ਚੈਤੰਨਿਆ ਨੰਦ ਸਰਸਵਤੀ ਨੂੰ ਗਿ੍ਰਫਤਾਰ ਕੀਤਾ ਹੋਇਆ ਹੈ। ਪੁਲਿਸ ਨੇ ਹੁਣ ਚੈਤੰਨਿਆ ਨੰਦ ਦੀਆਂ ਸਹਿਯੋਗੀ ਤਿੰਨ ਮਹਿਲਾਵਾਂ ਨੂੰ ਵੀ ਗਿ੍ਰਫਤਾਰ ਕੀਤਾ ਹੈ, ਜੋ ਚੈਤੰਨਿਆ ਨੰਦ ਦੇ ਕਹਿਣ ’ਤੇ ਵਿਦਿਆਰਥੀਆਂ ’ਤੇ ਦਬਾਅ ਪਾਉਂਦੀਆਂ ਸਨ। ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ ਮਹਿਲਾਵਾਂ ਵਿਚ ਸ੍ਰੀ ਸ਼ਾਰਦਾ ਇੰਸਟੀਚਿਊਟ ਦੀ ਸ਼ਵੇਤਾ ਸ਼ਰਮਾ, ਭਾਵਨਾ ਕਪਿਲ ਅਤੇ ਕਾਜਲ ਸ਼ਾਮਲ ਹਨ। ਇਨ੍ਹਾਂ ਮਹਿਲਾਵਾਂ ’ਤੇ ਇਲਜ਼ਾਮ ਹਨ ਕਿ ਇਨ੍ਹਾਂ ਨੇ ਅਪਰਾਧ ਵਿਚ ਸਹਿਯੋਗ ਕੀਤਾ, ਸ਼ਿਕਾਇਤ ਕਰਤਾਵਾਂ ਨੂੰ ਧਮਕਾਇਆ ਅਤੇ ਸਬੂਤ ਨਸ਼ਟ ਕੀਤੇ ਹਨ। ਪੁਲਿਸ ਨੂੰ ਚੈਤੰਨਿਆ ਨੰਦ ਦੇ ਫੋਨ ਵਿਚੋਂ ਡਿਜ਼ੀਟਲ ਸਬੂਤ ਵੀ ਮਿਲੇ ਹਨ। ਇਸਦੇ ਬਾਵਜੂਦ ਵੀ ਚੈਤੰਨਿਆ ਨੰਦ ਨੂੰ ਕੋਈ ਪਛਤਾਵਾ ਨਹੀਂ ਹੈ। ਮੀਡੀਆ ਰਿਪੋਰਟਾਂ ਮੁਤਾਬਕ ਚੈਤੰਨਿਆ ਨੰਦ ’ਤੇ ਸ੍ਰੀ ਸ਼ਾਰਦਾ ਇੰਸਟੀਚਿਊਟ ਦੀਆਂ 17 ਵਿਦਿਆਰਥਣਾਂ ਨਾਲ ਜਿਨਸ਼ੀ ਸ਼ੋਸ਼ਣ ਦਾ ਇਲਜ਼ਾਮ ਹੈ। ਉਸ ਸਮੇਂ ਉਹ ਇੰਸਟੀਚਿਊਟ ਦਾ ਮੁਖੀ ਸੀ ਅਤੇ 9 ਅਗਸਤ ਨੂੰ ਉਸ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। 

ਕਾਂਗਰਸੀ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਲਗਾਏ ਆਰੋਪ

ਨਵੀਂ ਦਿੱਲੀ/ਬਿਊਰੋ ਨਿਊਜ਼ 

ਕਾਂਗਰਸ ਪਾਰਟੀ ਦੇ ਆਗੂਆਂ ਨੇ ਆਰੋਪ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੱਦਾਖ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਇਸੇ ਦੌਰਾਨ ਰਾਹੁਲ ਗਾਂਧੀ ਨੇ ਕੇਂਦਰ ਸ਼ਾਸ਼ਤ ਪ੍ਰਦੇਸ਼ ਲੱਦਾਖ ਵਿਚ ਪੁਲਿਸ ਫਾਇਰਿੰਗ ਦੌਰਾਨ 4 ਪ੍ਰਦਰਸ਼ਨਕਾਰੀਆਂ ਦੀ ਹੋਈ ਮੌਤ ਸਬੰਧੀ ਨਿਆਇਕ ਜਾਂਚ ਦੀ ਮੰਗ ਕੀਤੀ ਹੈ। ਇਸੇ ਦੌਰਾਨ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਲੱਦਾਖ ਦਾ ਦੁੱਖ ਪੂਰੇ ਦੇਸ਼ ਦਾ ਦੁੱਖ ਹੈ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਲੱਦਾਖ ਨੂੰ ਸੂਬੇ ਦਾ ਦਰਜਾ ਦਿਵਾਉਣ ਲਈ ਹੋਏ ਹਿੰਸਕ ਪ੍ਰਦਰਸ਼ਨ ਦੌਰਾਨ 4 ਵਿਅਕਤੀਆਂ ਦੀ ਜਾਨ ਚਲੇ ਗਈ ਸੀ। ਇਸਦੇ ਚੱਲਦਿਆਂ ਲੇਹ ਜ਼ਿਲ੍ਹੇ ਵਿਚ ਆਉਂਦੀ 3 ਅਕਤੂਬਰ ਤੱਕ ਮੋਬਾਇਲ ਇੰਟਰਨੈਟ ਅਤੇ ਜਨਤਕ ਵਾਈ-ਫਾਈ ਸੇਵਾਵਾਂ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਇੱਥੇ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਕਰਫਿਊ ਵਿਚ ਢਿੱਲ ਦਿੱਤੀ ਗਈ ਸੀ। ਲੱਦਾਖ ਨੂੰ ਸੂਬੇ ਦਾ ਦਰਜਾ ਦਿਵਾਉਣ ਅਤੇ ਵਾਤਾਵਰਣ ਕਾਰਕੁੰਨ ਸੋਨਮ ਵਾਂਗਚੁੱਕ ਸਣੇ ਹੋਰ ਗਿ੍ਰਫਤਾਰ ਨੌਜਵਾਨਾਂ ਦੀ ਰਿਹਾਈ ਦੀ ਮੰਗ ਵੀ ਤੇਜ਼ ਹੋ ਗਈ ਹੈ। 

ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵਲੋਂ ਦੁਸਹਿਰੇ ਦੀਆਂ ਸ਼ੁਭ ਕਾਮਨਾਵਾਂ

ਚੰਡੀਗੜ੍ਹ/ਬਿਊਰੋ ਨਿਊਜ਼  

ਪੰਜਾਬ ਅਤੇ ਚੰਡੀਗੜ੍ਹ ਸਣੇ ਭਾਰਤ ਭਰ ਵਿਚ ਦੁਸਹਿਰੇ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਸਾੜੇ ਗਏ। ਦੁਸਹਿਰੇ ਦੇ ਤਿਉਹਾਰ ਮੌਕੇ ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਣੇ ਬਹੁਤ ਸਾਰੇ ਸਿਆਸੀ ਆਗੂਆਂ ਨੇ ਵਧਾਈਆਂ ਦਿੱਤੀਆਂ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਅੱਜ ਪੰਜਾਬ ਦੇ ਕੁਝ ਹਿੱਸਿਆਂ ਵਿਚ ਮੀਂਹ ਪੈਣ ਕਰਕੇ ਦੁਸਹਿਰੇ ਦੇ ਸਮਾਗਮਾਂ ਵਿਚ ਵਿਘਨ ਵੀ ਪਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਨ੍ਹਾਂ ਤਿਉਹਾਰਾਂ ਤੋਂ ਸਾਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਤਿਉਹਾਰ ਆਪਸੀ ਪ੍ਰੇਮ ਭਾਵਨਾ ਨਾਲ ਮਨਾਉਣੇ ਚਾਹੀਦੇ ਹਨ। 

ਬਿਹਾਰ ਵਿਚ ਚੋਣ ਗਤੀਵਿਧੀਆਂ ਹੋਣਗੀਆਂ ਤੇਜ਼

ਨਵੀਂ ਦਿੱਲੀ/ਬਿਊਰੋ ਨਿਊਜ਼ 

ਚੋਣ ਕਮਿਸ਼ਨ ਨੇ ਬਿਹਾਰ ਵਿਚ ਸਪੈਸ਼ਲ ਇੰਟੈਨਸਿਵ ਰਿਵੀਜ਼ਨ (ਐਸ.ਆਈ.ਆਰ.) ਦੀ ਅੰਤਿਮ ਸੂਚੀ ਅੱਜ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿਚ ਕਰੀਬ 7.3 ਕਰੋੜ ਵੋਟਰ ਸ਼ਾਮਲ ਹੋਣ ਦਾ ਅੰਦਾਜ਼ਾ ਹੈ। ਚੋਣ ਕਮਿਸ਼ਨ ਅਨੁਸਾਰ ਐਸ.ਆਈ.ਆਰ. ਦੀ ਪ੍ਰਕਿਰਿਆ ਇਸ ਸਾਲ 25 ਜੂਨ ਨੂੰ ਸ਼ੁਰੂ ਕੀਤੀ ਗਈ ਸੀ। ਇਸ ਵਿਚ 7.89 ਕਰੋੜ ਰਜਿਸਟਰਡ ਵੋਟਰਾਂ ਤੋਂ ਮੁੜ ਫਾਰਮ ਭਰਵਾਏ ਗਏ ਸਨ। ਇਸ ਤੋਂ ਬਾਅਦ ਪਹਿਲੀ ਅਗਸਤ ਨੂੰ ਸੂਚੀ ਜਾਰੀ ਕੀਤੀ ਗਈ ਸੀ, ਜਿਸ ਵਿਚ 65 ਲੱਖ ਵੋਟਰਾਂ ਦੇ ਨਾਂ ਕੱਟ ਦਿੱਤੇ ਗਏ ਸਨ। ਇਸਦੇ ਚੱਲਦਿਆਂ ਚੋਣ ਕਮਿਸ਼ਨ ਵਲੋਂ ਅੰਤਿਮ ਸੂਚੀ ਜਾਰੀ ਹੋਣ ਤੋਂ ਬਾਅਦ ਸੂਬੇ ਵਿਚ ਚੋਣ ਗਤੀਵਿਧੀਆਂ ਤੇਜ਼ ਹੋ ਜਾਣਗੀਆਂ।

ਕਿਹਾ : ਪੁਲਿਸ ਲੱਦਾਖ ਵਾਸੀਆਂ ’ਤੇ ਕਰ ਰਹੀ ਹੈ ਅੱਤਿਆਚਾਰ

ਲੇਹ/ਬਿਊਰੋ ਨਿਊਜ਼ 

ਸੋਨਮ ਵਾਂਗਚੁੱਕ ਦੀ ਪਤਨੀ ਗੀਤਾਂਜਲੀ ਅੰਗਮੋ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ ਹੈ। ਗੀਤਾਂਜਲੀ ਨੇ ਲੱਦਾਖ ਦੀ ਮੌਜੂਦਾ ਸਥਿਤੀ ਦੀ ਤੁਲਨਾ ਬਿ੍ਰਟਿਸ਼ ਭਾਰਤ ਨਾਲ ਕੀਤੀ ਹੈ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰਾਲਾ ਲੱਦਾਖ ਪੁਲਿਸ ਦਾ ਦੁਰਉਪਯੋਗ ਕਰ ਰਿਹਾ ਹੈ। ਗੀਤਾਂਜਲੀ ਨੇ ਕਿਹਾ ਕਿ 1857 ਵਿਚ 24 ਹਜ਼ਾਰ ਅੰਗਰੇਜ਼ਾਂ ਨੇ ਮਹਾਰਾਣੀ ਦੇ ਆਦੇਸ਼ ’ਤੇ 300 ਮਿਲੀਅਨ ਭਾਰਤੀਆਂ ’ਤੇ ਅੱਤਿਆਚਾਰ ਕਰਨ ਲਈ ਭਾਰਤੀ ਸਿਪਾਹੀਆਂ ਦਾ ਇਸਤੇਮਾਲ ਕੀਤਾ ਸੀ। ਉਨ੍ਹਾਂ ਕਿਹਾ ਅੱਜ ਭਾਰਤ ਦੇ ਗ੍ਰਹਿ ਮੰਤਰਾਲੇ ਦੇ ਕਹਿਣ ’ਤੇ ਪ੍ਰਸ਼ਾਸ਼ਨ ਲੱਦਾਖ ਪੁਲਿਸ ਦਾ ਦੁਰਉਪਯੋਗ ਕਰਕੇ ਲੱਦਾਖ ਵਾਸੀਆਂ ’ਤੇ ਅੱਤਿਆਚਾਰ ਕਰ ਰਿਹਾ ਹੈ। ਜ਼ਿਕਰਯੋਗ ਹੈ ਲੱਦਾਖ ਨੂੰ ਸੂਬੇ ਦਰਜ ਦਿਵਾਉਣ ਦੀ ਮੰਗ ਨੂੰ ਲੈ ਕੇ ਹਿੰਸਕ ਪ੍ਰਦਰਸ਼ਨ ਹੋ ਗਿਆ ਸੀ। ਇਸੇ ਦੌਰਾਨ ਵਾਤਾਵਰਨ ਕਾਰਕੁੰਨ ਸੋਨਮ ਵਾਂਗਚੁੱਕ ਨੂੰ ਪੁਲਿਸ ਨੇ ਗਿ੍ਰਫਤਾਰ ਕਰ ਲਿਆ ਸੀ। ਵਾਂਗਚੁੱਕ ’ਤੇ ਐਨ.ਐਸ.ਏ. ਤਹਿਤ ਇਲਜ਼ਾਮ ਲਗਾਏ ਗਏ ਅਤੇ ਉਸ ਨੂੰ ਜੋਧਪੁਰ ਦੀ ਸੈਂਟਰਲ ਜੇਲ੍ਹ ਵਿਚ ਭੇਜ ਦਿੱਤਾ ਗਿਆ। 

ਇਕ ਦਹਾਕੇ ’ਚ 5 ਹਜ਼ਾਰ ਪਾਇਲਟ ਤਿਆਰ ਕਰਨ ਲਈ ਏਅਰਬੱਸ ਨਾਲ ਸਹਿਯੋਗ

ਨਵੀਂ ਦਿੱਲੀ/ਬਿਊਰੋ ਨਿਊਜ਼ 

ਟਾਟਾ ਗਰੁੱਪ ਦੀ ਏਅਰਲਾਈਨ ਏਅਰ ਇੰਡੀਆ ਨੇ ਹਰਿਆਣਾ ਦੇ ਗੁਰੂਗਰਾਮ ਵਿਚ ਏਅਰ ਇੰਡੀਆ ਏਵੀਏਸ਼ਨ ਟ੍ਰੇਨਿੰਗ ਅਕੈਡਮੀ ਵਿਚ ਪਾਇਲਟ ਸਿਖਲਾਈ ਕੇਂਦਰ ਦਾ ਉਦਘਾਟਨ ਕੀਤਾ ਹੈ। ਇਹ ਕੇਂਦਰ ਏਅਰ ਇੰਡੀਆ ਅਤੇ ਏਅਰਬੱਸ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਜਾ ਰਿਹਾ ਹੈ। ਏਅਰ ਇੰਡੀਆ ਤੇ ਏਅਰਬੱਸ ਨੇ ਸਾਂਝੇ ਤੌਰ ’ਤੇ ਅਗਲੇ 10 ਸਾਲਾਂ ਵਿਚ 5 ਹਜ਼ਾਰ ਤੋਂ ਵੱਧ ਨਵੇਂ ਪਾਇਲਟਾਂ ਨੂੰ ਸਿਖਲਾਈ ਦੇਣ ਦੀ ਯੋਜਨਾ ਬਣਾਈ ਹੈ, ਤਾਂ ਜੋ ਭਾਰਤ ਵਿਚ ਪਾਇਲਟਾਂ ਦੀ ਘਾਟ ਨੂੰ ਦੂਰ ਕੀਤਾ ਜਾ ਸਕੇ। ਦੱਸਣਯੋਗ ਹੈ ਕਿ ਇਹ ਨਵਾਂ ਟੇ੍ਰਨਿੰਗ ਸੈਂਟਰ ਗੁਰੂਗਰਾਮ ਸਥਿਤ ਏਅਰ ਇੰਡੀਆ ਕੰਪਲੈਕਸ ਵਿਚ ਬਣਾਇਆ ਗਿਆ ਹੈ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਕੇ. ਰਾਮਮੋਹਨ ਨਾਇਡੂ ਨੇ ਇਸ ਸਿਖਲਾਈ ਕੇਂਦਰ ਦਾ ਉਦਘਾਟਨ ਕੀਤਾ ਹੈ। 

ਨਾਗਪੁਰ/ਬਿਊਰੋ ਨਿਊਜ਼ 

ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਜੰਮੂ ਕਸ਼ਮੀਰ ਪਹਿਲਗਾਮ ਹਮਲੇ ’ਚ ਦਹਿਸ਼ਤੀਆਂ ਨੇ ਧਰਮ ਪੁੱਛ ਕੇ ਹਿੰਦੂਆਂ ਦੀ ਹੱਤਿਆ ਕੀਤੀ ਸੀ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਅਤੇ ਫੌਜ ਨੇ ਇਸਦਾ ਜਵਾਬ ਦਿੱਤਾ ਹੈ। ਭਾਗਵਤ ਨੇ ਕਿਹਾ ਕਿ ਇਸ ਘਟਨਾ ਨਾਲ ਸਾਨੂੰ ਦੋਸਤ ਅਤੇ ਦੁਸ਼ਮਣਾਂ ਦਾ ਪਤਾ ਲੱਗ ਗਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਅੰਤਰਰਾਸ਼ਟਰੀ ਸਬੰਧਾਂ ਲਈ ਸਮਝ ਰੱਖਣੀ ਪਵੇਗੀ। ਆਰ.ਐਸ.ਐਸ. ਮੁਖੀ ਨੇ ਕਿਹਾ ਕਿ ਪਹਿਲਗਾਮ ਦੀ ਘਟਨਾ ਸਾਨੂੰ ਸਿਖਾ ਗਈ ਹੈ ਕਿ ਆਪਣੀ ਸੁਰੱਖਿਆ ਦੇ ਲਈ ਸਾਨੂੰ ਸੁਚੇਤ ਰਹਿਣਾ ਹੋਵੇਗਾ। ਇਹ ਗੱਲਾਂ ਮੋਹਨ ਭਾਗਵਤ ਨੇ ਨਾਗਪੁਰ ਵਿਚ ਵਿਜੇ ਦਸ਼ਮੀ ’ਤੇ ਸੰਗਠਨ ਦੇ ਸ਼ਤਾਬਦੀ ਸਮਾਰੋਹ ਵਿਚ ਕਹੀਆਂ ਹਨ। ਇਸ ਸਮਾਗਮ ਵਿਚ ਸਾਬਕਾ ਰਾਸ਼ਟਰਪਤੀ ਡਾ. ਰਾਮਨਾਥ ਕੋਵਿੰਦ ਮੁੱਖ ਮਹਿਮਾਨ ਸਨ।

ਤਾਮਿਲ ਅਧਾਰਤ ਸਿੱਖ ਵਕੀਲ ਦੇ ਭੇਸ ’ਤੇ ਟਿੱਪਣੀ ਕਰਨ ਵਾਲਿਆਂ ਖਿਲਾਫ ਕਾਰਵਾਈ ਦੀ ਕੀਤੀ ਮੰਗ  
ਅੰਮਿ੍ਰਤਸਰ/ਬਿਊਰੋ ਨਿਊਜ਼
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਤਾਮਿਲ ਸਿੱਖ ਤੇ ਸੁਪਰੀਮ ਕੋਰਟ ਦੇ ਵਕੀਲ ਜੀਵਨ ਸਿੰਘ ਵਿਰੁੱਧ ਬੀਤੇ ਦਿਨੀਂ ਨਵੀਂ ਦਿੱਲੀ ਦੇ ਹਵਾਈ ਅੱਡੇ ਉੱਤੇ ਏਅਰ ਇੰਡੀਆ ਦੇ ਸਟਾਫ ਵੱਲੋਂ ਕੀਤੇ ਗਏ ਵਿਤਕਰੇ ਤੇ ਅਪਮਾਨਜਨਕ ਵਤੀਰੇ ਦੀ ਕਰੜੀ ਆਲੋਚਨਾ ਕੀਤੀ ਹੈ। ਜਥੇਦਾਰ ਨੇ ਕਿਹਾ ਕਿ ਜੀਵਨ ਸਿੰਘ ਨਾਲ ਜੋ ਘਟਨਾ ਨਵੀਂ ਦਿੱਲੀ ਹਵਾਈ ਅੱਡੇ ਉੱਤੇ ਵਾਪਰੀ ਹੈ, ਉਸ ਨਾਲ ਦੇਸ਼ ਵਿਦੇਸ਼ ਵਿੱਚ ਵੱਸਦੇ ਸਿੱਖਾਂ ਦੇ ਮਨਾਂ ਨੂੰ ਗਹਿਰੀ ਸੱਟ ਲੱਗੀ ਹੈ। ਉਨ੍ਹਾਂ ਕਿਹਾ ਕਿ ਇਹ ਦੱਸਿਆ ਜਾਵੇ ਕਿ ਦੋਸ਼ੀ ਸਟਾਫ ਮੈਂਬਰਾਂ ਵਿਰੁੱਧ ਕੀ ਕਾਰਵਾਈ ਕੀਤੀ ਗਈ ਹੈ। ਧਿਆਨ ਰਹੇ ਕਿ ਪੀੜਿਤ ਸਿੱਖ ਨੂੰ 24 ਸਤੰਬਰ ਨੂੰ ਸਿੰਘਾਪੁਰ ਜਾਣ ਵੇਲੇ ਦਿੱਲੀ ਦੇ ਹਵਾਈ ਅੱਡੇ ਤੇ ਅਮਲੇ ਵੱਲੋਂ ਰੋਕਿਆ ਗਿਆ ਸੀ, ਜਿੱਥੇ ਹਵਾਈ ਕੰਪਨੀ ਦੇ ਅਮਲੇ ਵੱਲੋਂ ਉਨ੍ਹਾਂ ਦੀ ਪਹਿਚਾਣ, ਰੰਗ ਅਤੇ ਜਾਤ ਅਧਾਰਤ ਟਿੱਪਣੀ ਕੀਤੀ ਗਈ ਸੀ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.