Sunday, 14 June 2026

ਨਵੀਂ ਦਿੱਲੀ/ਬਿਊਰੋ ਨਿਊਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਬਰਤਾਨਵੀ ਹਮਰੁਤਬਾ ਕੀਅਰ ਸਟਾਰਮਰ ਨੇ ਮੁੰਬਈ ਵਿਚ ਵਿਸ਼ੇਸ਼ ਮੁੱਦਿਆਂ ’ਤੇ ਕੇਂਦਰਿਤ ਦੁਵੱਲੀ ਮੀਟਿੰਗ ਕੀਤੀ ਹੈ। ਇਹ ਜੁਲਾਈ ਮਹੀਨੇ ਵਿਚ ਦੋਵਾਂ ਧਿਰਾਂ ਵਲੋਂ ਮੁਕਤ ਵਪਾਰ ਸਮਝੌਤੇ ’ਤੇ ਹਸਤਾਖਰ ਕਰਨ ਤੋਂ ਬਾਅਦ ਉਨ੍ਹਾਂ ਦੀ ਪਹਿਲੀ ਮੁਲਾਕਾਤ ਸੀ। ਭਾਰਤ ਅਤੇ ਯੂਕੇ ਨੇ ਵਿਸ਼ੇਸ਼ ਖਣਿਜਾਂ ਵਿਚ ਵਿਆਪਕ ਸਹਿਯੋਗ ਦਾ ਐਲਾਨ ਕੀਤਾ ਹੈ, ਜਿਸ ਵਿਚ ਫੌਜੀ ਉਪਕਰਨਾਂ ਦਾ ਸਹਿ-ਵਿਕਾਸ ਅਤੇ ਭਾਰਤ ਵਿਚ ਯੂ.ਕੇ. ਅਧਾਰਿਤ ਯੂਨੀਵਰਸਿਟੀਆਂ ਦੇ ਹੋਰ ਕੈਂਪਸ ਖੋਲ੍ਹਣੇ ਸ਼ਾਮਲ ਹਨ। ਬਿ੍ਰਟਿਸ਼ ਪ੍ਰਧਾਨ ਮੰਤਰੀ ਨੇ ਯੂੁ.ਕੇ. ਵਿਚ ਹੋਰ ਬਾਲੀਵੁੱਡ ਫਿਲਮਾਂ ਬਣਾਉਣ ਲਈ ਇਕ ਸੌਦੇ ਦਾ ਐਲਾਨ ਕੀਤਾ ਹੈ। ਮੀਟਿੰਗ ਤੋਂ ਬਾਅਦ ਸਟਾਰਮਰ ਨਾਲ ਇਕ ਸਾਂਝੇ ਪ੍ਰੈਸ ਬਿਆਨ ਵਿਚ ਪੀਐਮ ਮੋਦੀ ਨੇ ਕਿਹਾ ਕਿ ਭਾਰਤ ਅਤੇ ਯੂ.ਕੇ. ਵਿਚਕਾਰ ਤਕਨਾਲੋਜੀ ਭਾਈਵਾਲੀ ਵਿਚ ਬਹੁਤ ਸਮਰੱਥਾ ਹੈ। ਕੀਅਰ ਸਟਾਰਮਰ ਦੇ ਦੋ ਦਿਨਾਂ ਭਾਰਤ ਦੌਰੇ ਦਾ ਅੱਜ ਆਖਰੀ ਦਿਨ ਸੀ। ਧਿਆਨ ਰਹੇ ਕਿ ਲੰਘੇ ਕੱਲ੍ਹ ਸਟਾਰਮਰ ਨੇ ਮੁੰਬਈ ਵਿਚ ਇਕ ਸਮਾਗਮ ਵਿਚ ਹਿੱਸਾ ਵੀ ਲਿਆ ਸੀ ਅਤੇ ਉਨ੍ਹਾਂ  ਨੇ ਫਿਲਮ ਅਦਾਕਾਰਾ ਰਾਣੀ ਮੁਖਰਜੀ ਨਾਲ ਵੀ ਮੁਲਾਕਾਤ ਕੀਤੀ ਸੀ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ : ਅਜਿਹੇ ਨਿੰਦਣਯੋਗ ਕੰਮਾਂ ਲਈ ਸਮਾਜ ’ਚ ਕੋਈ ਥਾਂ ਨਹੀਂ

ਨਵੀਂ ਦਿੱਲੀ/ਬਿਊਰੋ ਨਿਊਜ਼ 

ਭਾਰਤ ਦੇ ਚੀਫ ਜਸਟਿਸ ਬੀ.ਆਰ. ਗਵੱਈ ’ਤੇ ਲੰਘੇ ਕੱਲ੍ਹ ਸੋਮਵਾਰ ਨੂੰ ਇਕ ਵਕੀਲ ਨੇ ਗੁੱਸੇ ਵਿਚ ਆ ਕੇ ਜੁੱਤਾ ਸੁੱਟ ਦਿੱਤਾ ਸੀ। ਇਸ ਤੋਂ ਬਾਅਦ ਚੀਫ ਜਸਟਿਸ ਨੇ ਸ਼ਾਂਤੀ ਬਣਾਈ ਰੱਖੀ ਅਤੇ ਕਿਹਾ ਸੀ ਕਿ ਅਜਿਹੀਆਂ ਘਟਨਾਵਾਂ ਨਾਲ ਕੋਈ ਫਰਕ ਨਹੀਂ ਪੈਂਦਾ। ਜੁੱਤਾ ਸੁੱਟਣ ਵਾਲੇ ਰਾਕੇਸ਼ ਕਿਸ਼ੋਰ ਕੁਮਾਰ ਨਾਮ ਦੇ ਵਕੀਲ ਨੇ ਹੁਣ ਆਪਣੀ ਗੱਲ ਵੀ ਰੱਖੀ ਹੈ। ਉਸਨੇ ਕਿਹਾ ਕਿ ਚੀਫ ਜਸਟਿਸ ਵਲੋਂ ਭਗਵਾਨ ਵਿਸ਼ਨੂੰ ਪ੍ਰਤੀ ਦਿੱਤੇ ਬਿਆਨ ਕਰਕੇ ਮੈਂ ਗੁੱਸੇ ਵਿਚ ਸੀ। ਉਸ ਵਕੀਲ ਨੇ ਇਹ ਵੀ ਕਿਹਾ ਕਿ ਮੈਨੂੰ ਆਪਣੀ ਕੀਤੀ ’ਤੇ ਕੋਈ ਵੀ ਅਫਸੋਸ ਨਹੀਂ ਹੈ ਅਤੇ ਨਾ ਹੀ ਕਿਸੇ ਦਾ ਡਰ ਹੈ। ਉਧਰ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ਨੂੰ ਸ਼ਰਮਨਾਕ ਦੱਸਿਆ ਹੈ। ਪ੍ਰਧਾਨ ਮੰਤਰੀ ਨੇ ਚੀਫ ਜਸਟਿਸ ਵਲੋਂ ਦਿਖਾਏ ਗਏ ਸੰਜਮ ਦੀ ਵੀ ਸ਼ਲਾਘਾ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਸਮਾਜ ਵਿਚ ਅਜਿਹੇ ਨਿੰਦਣਯੋਗ ਕੰਮਾਂ ਲਈ ਕੋਈ ਥਾਂ ਨਹੀਂ ਹੈ। ਇਸਦੇ ਚੱਲਦਿਆਂ ਹੋਰ ਸਿਆਸੀ ਪਾਰਟੀਆਂ ਦੇ ਸੀਨੀਅਰ ਆਗੂਆਂ ਵਲੋਂ ਵੀ ਇਸ ਘਟਨਾ ਦੀ ਨਿੰਦਾ ਕੀਤੀ ਗਈ ਹੈ।

ਨਵੀਂ ਦਿੱਲੀ/ਬਿਊਰੋ ਨਿਊਜ਼

ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਨੇ ਵਕੀਲ ਰਾਕੇਸ਼ ਕਿਸ਼ੋਰ ਦੀ ਮੈਂਬਰਸ਼ਿਪ ਤੁਰੰਤ ਪ੍ਰਭਾਵ ਨਾਲ ਖਤਮ ਕਰ ਦਿੱਤੀ ਹੈ। ਵਕੀਲ ਕਿਸ਼ੋਰ ਨੇ ਅਦਾਲਤ ਵਿਚ ਭਾਰਤ ਦੇ ਚੀਫ ਜਸਟਿਸ ਬੀ.ਆਰ. ਗਵੱਈ ਵੱਲ ਜੁੱਤੀ ਸੁੱਟੀ ਸੀ ਅਤੇ ਇਸ ਨੂੰ ਗੰਭੀਰ ਬਦਸਲੂਕੀ ਮੰਨਿਆ ਗਿਆ ਹੈ। ਕਿਸ਼ੋਰ ਨੂੰ ਇਹ ਵੀ ਕਹਿੰਦੇ ਸੁਣਿਆ ਗਿਆ ਸੀ ਕਿ ‘ਸਨਾਤਨ ਦਾ ਅਪਮਾਨ ਨਹੀਂ ਸਹਾਂਗੇ’। ਇਸਦੇ ਚੱਲਦਿਆਂ ਬਾਰ ਕੌਂਸਲ ਆਫ ਇੰਡੀਆ ਨੇ ਤੁਰੰਤ ਪ੍ਰਭਾਵ ਨਾਲ ਕਿਸ਼ੋਰ ਦਾ ਬਾਰ ਲਾਇਸੈਂਸ ਮੁਅੱਤਲ ਕਰ ਦਿੱਤਾ ਹੈ। ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਨੇ ਕਿਹਾ ਕਿ ਕਿਸ਼ੋਰ ਦਾ ਇਹ ਨਿੰਦਣਯੋਗ ਵਿਵਹਾਰ ਨਿਆਇਕ ਸੁਤੰਤਰਤਾ ’ਤੇ ਸਿੱਧਾ ਹਮਲਾ ਸੀ ਅਤੇ ਸੁਪਰੀਮ ਕੋਰਟ ਦੀ ਮਰਿਆਦਾ ਦੀ ਗੰਭੀਰ ਉਲੰਘਣਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਵਕੀਲ ਮੱਧ ਪ੍ਰਦੇਸ਼ ਦੇ ਖਜੂਰਾਹੋ ਵਿਚ ਭਗਵਾਨ ਵਿਸ਼ਨੂੰ ਦੀ 7 ਫੁੱਟ ਉਚੀ ਸਿਰ ਕੱਟੀ ਮੂਰਤੀ ਦੀ ਬਹਾਲੀ ’ਤੇ ਚੀਫ ਜਸਟਿਸ ਬੀ.ਆਰ. ਗਵੱਈ ਦੀਆਂ ਟਿੱਪਣੀਆਂ ਤੋਂ ਨਰਾਜ਼ ਸੀ। 

ਆਮ ਆਦਮੀ ਪਾਰਟੀ ਨੇ ਖੜ੍ਹਕਾਇਆ ਸੀ ਅਦਾਲਤ ਦਾ ਦਰਵਾਜ਼ਾ

ਨਵੀਂ ਦਿੱਲੀ/ਬਿਊਰੋ ਨਿਊਜ਼ 

ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਵਿਚ ਇਕ ਨਵਾਂ ਬੰਗਲਾ ਅਲਾਟ ਕੀਤਾ ਗਿਆ ਹੈ। ਇਸ ਬੰਗਲੇ ਦਾ ਪਤਾ 95 ਲੋਧੀ ਅਸਟੇਟ ਹੈ, ਜੋ ਕਿ ਇਕ ਟਾਈਪ 7 ਬੰਗਲਾ ਹੈ। ਹਾਲਾਂਕਿ ਆਮ ਆਦਮੀ ਪਾਰਟੀ ਨੇ ਕੇਜਰੀਵਾਲ ਲਈ ਟਾਈਪ 8 ਬੰਗਲੇ ਦੀ ਮੰਗ ਕੀਤੀ ਸੀ। ਜਦੋਂ ਕੇਜਰੀਵਾਲ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ, ਉਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੇ 6 ਫਲੈਗ ਸਟਾਫ ਮਾਰਗ ’ਤੇ ਸਥਿਤ ਮੁੱਖ ਮੰਤਰੀ ਹਾਊਸ ਖਾਲੀ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਦਿੱਲੀ ਵਿਚ ਸਾਬਕਾ ਮੁੱਖ ਮੰਤਰੀਆਂ ਲਈ ਸਰਕਾਰੀ ਰਿਹਾਇਸ਼ ਦਾ ਕੋਈ ਪ੍ਰਬੰਧ ਨਹੀਂ ਹੈ। ਇਸਦੇ ਚੱਲਦਿਆਂ ਆਮ ਆਦਮੀ ਪਾਰਟੀ ਨੇ ਆਪਣੇ ਨੇਤਾ ਲਈ ਬਦਲਵੀਂ ਰਿਹਾਇਸ਼ ਦੀ ਮੰਗ ਕਰਦੇ ਹੋਏ ਅਦਾਲਤ ਦਾ ਦਰਵਾਜ਼ਾ ਖੜ੍ਹਕਾਇਆ ਸੀ।  

ਧੋਖਾਧੜੀ ਦੇ ਮਾਮਲੇ ’ਚ ਸ਼ਾਮਲ ਹੋਣ ਕਰਕੇ ਬਾਲੀਵੁੱਡ ਜੋੜੀ ਦਾ ਵਿਦੇਸ਼ ਜਾਣਾ ਹੋਇਆ ਔਖਾ

ਮੁੰਬਈ/ਬਿਊਰੋ ਨਿਊਜ਼

ਬੰਬੇ ਹਾਈਕੋਰਟ ਨੇ ਧੋਖਾਧੜੀ ਦੇ ਮਾਮਲੇ ਵਿਚ ਘਿਰੀ ਅਦਾਕਾਰਾ ਸ਼ਿਲਪਾ ਸ਼ੈਟੀ ਅਤੇ ਉਸਦੇ ਪਤੀ ਅਦਾਕਾਰ ਰਾਜ ਕੁੰਦਰਾ ਨੂੰ 60 ਕਰੋੜ ਰੁਪਏ ਜਮ੍ਹਾਂ ਕਰਵਾਉਣ ਲਈ ਕਿਹਾ ਹੈ। ਹਾਈਕੋਰਟ ਨੇ ਕਿਹਾ ਕਿ ਇਸ ਬਾਲੀਵੁੱਡ ਜੋੜੀ ਨੂੰ ਉਦੋਂ ਹੀ ਵਿਦੇਸ਼ ਯਾਤਰਾ ਦੀ ਇਜਾਜ਼ਤ ਮਿਲੇਗੀ, ਜਦੋਂ ਉਹ 60 ਕਰੋੜ ਰੁਪਏ ਜਮ੍ਹਾਂ ਕਰਵਾਉਣਗੇ। ਇਸ ਜੋੜੀ ਨੇ ਵਿਦੇਸ਼ ਯਾਤਰਾ ਦੀ ਇਜ਼ਾਜਤ ਮੰਗਣ ਵਾਲੀ ਇਕ ਅਰਜ਼ੀ ਹਾਈਕੋਰਟ ਵਿਚ ਦਾਖਲ ਕੀਤੀ ਸੀ। ਮੀਡੀਆ ਰਿਪੋਰਟਾਂ ਮੁਤਾਬਕ ਸ਼ਿਲਪਾ ਸ਼ੈਟੀ ਅਤੇ ਰਾਜ ਕੁੰਦਰਾ ਵਿਰੁੱਧ 14 ਅਗਸਤ ਨੂੰ ਮੁੰਬਈ ਦੇ ਜਹੂ ਪੁਲਿਸ ਸਟੇਸ਼ਨ ਵਿਚ ਇਕ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਵਿਚ ਉਨ੍ਹਾਂ ’ਤੇ ਇਕ ਕਾਰੋਬਾਰੀ ਨੇ 60 ਕਰੋੜ ਰੁਪਏ ਦੀ ਧੋਖਾਧੜੀ ਦਾ ਇਲਜ਼ਾਮ ਲਗਾਇਆ ਸੀ। 

14 ਨਵੰਬਰ ਨੂੰ ਆਉਣਗੇ ਇਨ੍ਹਾਂ ਵੋਟਾਂ ਦੇ ਨਤੀਜੇ

ਨਵੀਂ ਦਿੱਲੀ/ਬਿਊਰੋ ਨਿਊਜ਼ 

ਬਿਹਾਰ ਵਿਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਗਿਆ ਹੈ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਨਵੀਂ ਦਿੱਲੀ ਵਿਚ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਬਿਹਾਰ ਵਿਧਾਨ ਸਭਾ ਚੋਣਾਂ ਦੋ ਗੇੜਾਂ ਵਿਚ ਹੋਣਗੀਆਂ। ਚੋਣਾਂ ਦਾ ਪਹਿਲਾ ਗੇੜ 6 ਨਵੰਬਰ ਅਤੇ ਦੂਜਾ ਗੇੜ 11 ਨਵੰਬਰ ਨੂੰ ਹੋਵੇਗਾ। ਇਨ੍ਹਾਂ ਵੋਟਾਂ ਦੀ ਗਿਣਤੀ 14 ਨਵੰਬਰ ਨੂੰ ਕੀਤੀ ਜਾਵੇਗੀ। ਚੋਣ ਕਮਿਸ਼ਨਰ ਨੇ ਕਿਹਾ ਕਿ ਵੋਟਾਂ ਦੀ ਗਿਣਤੀ ਦੇ ਆਖਰੀ ਦੋ ਗੇੜਾਂ ਤੋਂ ਪਹਿਲਾਂ ਡਾਕ ਰਾਹੀਂ ਆਈਆਂ ਵੋਟਾਂ ਦੀ ਗਿਣਤੀ ਪੂਰੀ ਕੀਤੀ ਜਾਣੀ ਲਾਜ਼ਮੀ ਹੈ। ਚੋਣ ਕਮਿਸ਼ਨਰ ਨੇ ਕਿਹਾ ਕਿ ਇਹ ਚੋਣਾਂ ਪਾਰਦਰਸ਼ੀ ਅਤੇ ਸ਼ਾਂਤਮਈ ਢੰਗ ਨਾਲ ਕਰਵਾਈਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਕਿਸੇ ਵੀ ਤਰ੍ਹਾਂ ਦੀ ਹਿੰਸਾ ਨੂੰ ਰੋਕਣ ਲਈ ਸਖਤ ਨਿਰਦੇਸ਼ ਦਿੱਤੇ ਗਏ ਹਨ। 

 

ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਕੀਰ ਸਟਾਰਮਰ ਦਾ ਪਹਿਲਾ ਭਾਰਤ ਦੌਰਾ

ਮੁੰਬਈ/ਬਿਊਰੋ ਨਿਊਜ਼ 

ਬਿ੍ਰਟਿਸ਼ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਆਪਣੇ ਦੋ ਦਿਨਾ ਭਾਰਤ ਦੌਰੇ ਤਹਿਤ ਅੱਜ ਮੁੰਬਈ ਪਹੁੰਚੇ ਹਨ। ਸਟਾਰਮਰ ਦੇ ਨਾਲ ਵਪਾਰ ਅਤੇ ਦੂਜੇ ਖੇਤਰਾਂ ਨਾਲ ਸਬੰਧਤ 100 ਤੋਂ ਵੱਧ ਵਿਅਕਤੀਆਂ ਦਾ ਇਕ ਵਫਦ ਵੀ ਭਾਰਤ ਪਹੁੰਚਿਆ ਹੈ। ਇਸ ਵਫਦ ਵਿਚ ਆਈ.ਟੀ. ਅਤੇ ਆਟੋ ਮੋਬਾਇਲ ਸਣੇ ਕਈ ਖੇਤਰਾਂ ਦੇ ਕਾਰੋਬਾਰੀ ਵੀ ਸ਼ਾਮਲ ਹਨ। ਇਸਦੇ ਚੱਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਕੀਅਰ ਸਟਾਰਮਰ ਨੂੰ ਜੀ ਆਇਆਂ ਕਿਹਾ ਹੈ। ਨਰਿੰਦਰ ਮੋਦੀ ਅਤੇ ਕੀਅਰ ਸਟਾਰਮਰ ਦੀ ਭਲਕੇ ਮੁੰਬਈ ਵਿਚ ਹੀ ਮੁਲਾਕਾਤ ਹੋਣੀ ਹੈ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸਟਾਰਮਰ ਦਾ ਇਹ ਪਹਿਲਾ ਭਾਰਤ ਦੌਰਾ ਹੈ। ਇਸੇ ਦੌਰਾਨ ਸਟਾਰਮਰ ਨੇ ਮੁੰਬਈ ਵਿਚ ਯਸ਼ਰਾਜ ਸਟੂਡੀਓ ਦਾ ਦੌਰਾ ਵੀ ਕੀਤਾ ਅਤੇ ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਨਾਲ ਇਕ ਫਿਲਮ ਵੀ ਦੇਖੀ ਹੈ। 

ਆਮ ਆਦਮੀ ਪਾਰਟੀ ਨੇ ਰਾਜਿੰਦਰ ਗੁਪਤਾ ਨੂੰ ਰਾਜ ਸਭਾ ਲਈ ਐਲਾਨਿਆ ਹੈ ਉਮੀਦਵਾਰ

ਚੰਡੀਗੜ੍ਹ/ਬਿਊਰੋ ਨਿਊਜ਼

ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਰਾਜ ਸਭਾ ਦੀ ਖਾਲੀ ਹੋਈ ਇਕ ਸੀਟ ਲਈ ਰਾਜਿੰਦਰ ਗੁਪਤਾ ਨੂੰ ਉਮੀਦਵਾਰ ਬਣਾਇਆ ਹੈ। ਇਸਦੇ ਚੱਲਦਿਆਂ ਰਾਜਿੰਦਰ ਗੁਪਤਾ ਨੇ ਅੱਜ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨਾਲ ਚੰਡੀਗੜ੍ਹ ਵਿਚ ਮੁਲਾਕਾਤ ਕੀਤੀ ਹੈ। ਇਸ ਮੌਕੇ ਇਨ੍ਹਾਂ ਦੋਵੇਂ ਆਗੂਆਂ ਵਲੋਂ ਪੰਜਾਬ ਦੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਚਰਚਾ ਕੀਤੀ ਗਈ। ਇਸਦੇ ਨਾਲ ਹੀ ਰਾਜ ਸਭਾ ਦੀ ਚੋਣ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਨੂੰ ਲੈ ਕੇ ਵੀ ਗੱਲਬਾਤ ਹੋਈ ਹੈ। ਧਿਆਨ ਰਹੇ ਕਿ ‘ਆਪ’ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਵਿਧਾਨ ਸਭਾ ਦੀ ਚੋਣ ਲੜੀ ਸੀ ਅਤੇ ਉਨ੍ਹਾਂ ਨੇ ਇਹ ਚੋਣ ਜਿੱਤਣ ਤੋਂ ਬਾਅਦ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਕਰਕੇ ਹੀ ਪੰਜਾਬ ਵਿਚ ਖਾਲੀ ਹੋਈ ਰਾਜ ਸਭਾ ਦੀ ਇਕ ਸੀਟ ਲਈ ਚੋਣ ਹੋਣੀ ਹੈ।

ਨਵੀਂ ਦਿੱਲੀ/ਬਿਊਰੋ ਨਿਊਜ਼ 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬੁੱਧਵਾਰ ਨੂੰ ਦਿੱਲੀ ਸਥਿਤ ਯਸ਼ੋਭੂਮੀ ’ਚ ਇੰਡੀਆ ਮੋਬਾਇਲ ਕਾਂਗਰਸ (ਆਈ.ਐਮ.ਸੀ.) 2025 ਦੇ 9ਵੇਂ ਐਡੀਸ਼ਨ ਦਾ ਉਦਘਾਟਨ ਕੀਤਾ। ਇਹ ਏਸ਼ੀਆ ਦਾ ਸਭ ਤੋਂ ਵੱਡਾ ਟੈਲੀਕਾਮ, ਮੀਡੀਆ ਅਤੇ ਟੈਕਨਾਲੋਜੀ ਈਵੈਂਟ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇਸ ਸਮਾਗਮ ’ਚ ਸੰਬੋਧਨ ਵੀ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਮੈਂ ‘ਮੇਕ ਇਨ ਇੰਡੀਆ’ ਦੀ ਗੱਲ ਕੀਤੀ ਸੀ ਤਾਂ ਕੁਝ ਲੋਕ ਇਸਦਾ ਮਜ਼ਾਕ ਉਡਾਉਂਦੇ ਸਨ। ਪੀਐਮ ਨੇ ਕਿਹਾ ਕਿ ਜੋ ਦੇਸ਼ ਕਦੀ 2ਜੀ ਲਈ ਸੰਘਰਸ਼ ਕਰਦਾ ਸੀ, ਅੱਜ ਉਸ ਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿਚ 5ਜੀ ਪਹੁੰਚ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਭਾਰਤ ’ਚ 1ਜੀਬੀ ਵਾਇਰਲੈਸ ਡੈਟਾ ਦੀ ਕੀਮਤ ਚਾਹ ਦੇ ਇਕ ਕੱਪ ਤੋਂ ਵੀ ਘੱਟ ਹੈ। ਪੀਐਮ ਨੇ ਕਿਹਾ ਕਿ ਸਾਡੇ ਕੋਲ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਟੈਲੀਕਾਮ ਅਤੇ 5ਜੀ ਮਾਰਕੀਟ ਹੈ। ਇਹ ਭਾਰਤ ਵਿਚ ਨਿਵੇਸ਼ ਅਤੇ ਨਿਰਮਾਣ ਦਾ ਸਭ ਤੋਂ ਸਹੀ ਸਮਾਂ ਹੈ। ਇਸ ਮੌਕੇ ਕੇਂਦਰੀ ਸੰਚਾਰ ਮੰਤਰੀ ਜਿਓਤਿਰਾ ਦਿੱਤਿਆ ਸਿੰਧੀਆ ਨੇ ਕਿਹਾ ਕਿ ਅੱਜ ਦੁਨੀਆ ਦੇ 20 ਦੇਸ਼ ਭਾਰਤ ਦੇ ਡਿਜੀਟਲ ਮਾਡਲ ਨੂੰ ਅਪਨਾਉਣ ਦੇ ਲਈ ਚਰਚਾ ਕਰ ਰਹੇ ਹਨ।

ਨਵੀਂ ਦਿੱਲੀ/ਬਿਊਰੋ ਨਿਊਜ਼

ਨਵੀਂ ਦਿੱਲੀ ’ਚ ਭਾਰਤੀ ਸੁਪਰੀਮ ਕੋਰਟ ਵਿਚ ਅੱਜ ਸੋਮਵਾਰ ਨੂੰ ਇਕ ਵਕੀਲ ਨੇ ਚੀਫ ਜਸਟਿਸ ਬੀ.ਆਰ. ਗਵੱਈ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਘਟਨਾ ਉਸ ਸਮੇਂ ਹੋਈ ਜਦੋਂ ਚੀਫ ਜਸਟਿਸ ਦੀ ਅਗਵਾਈ ਵਾਲੀ ਬੈਂਚ ਇਕ ਮਾਮਲੇ ਦੀ ਸੁਣਵਾਈ ਕਰ ਰਹੀ ਸੀ। ਮੀਡੀਆ ਰਿਪੋਰਟਾਂ ਮੁਤਾਬਕ ਕੋਰਟ ਰੂਮ ਵਿਚ ਮੌਜੂੁਦ ਵਕੀਲਾਂ ਦਾ ਕਹਿਣਾ ਹੈ ਕਿ ਇਕ ਵਕੀਲ ਨੇ ਚੀਫ ਜਸਟਿਸ ਵੱਲ ਜੁੱਤਾ ਸੁੱਟਿਆ ਹੈ। ਹਾਲਾਂਕਿ ਜੁੱਤਾ ਬੈਂਚ ਤੱਕ ਨਹੀਂ ਪਹੁੰਚ ਸਕਿਆ ਅਤੇ ਸੁਰੱਖਿਆ ਕਰਮੀਆਂ ਨੇ ਤੁਰੰਤ ਜੁੱਤਾ ਸੁੱਟਣ ਵਾਲੇ ਵਿਅਕਤੀ ਨੂੰ ਫੜ ਲਿਆ। ਦੱਸਿਆ ਗਿਆ ਕਿ ਬਾਹਰ ਜਾਂਦੇ ਸਮੇਂ ਇਸ ਵਿਅਕਤੀ ਨੇ ਕਿਹਾ ਕਿ ਅਸੀਂ ਸਨਾਤਨ ਦਾ ਅਪਮਾਨ ਬਰਦਾਸ਼ਤ ਨਹੀਂ ਕਰਾਂਗੇ। ਇਸ ਘਟਨਾ ਤੋਂ ਬਾਅਦ ਚੀਫ ਜਸਟਿਸ ਨੇ ਅਦਾਲਤ ਵਿਚ ਹਾਜ਼ਰ ਵਕੀਲਾਂ ਨੂੰ ਆਪਣੀਆਂ ਦਲੀਲਾਂ ਜਾਰੀ ਰੱਖਣ ਲਈ ਕਿਹਾ। ਉਨ੍ਹਾਂ ਕਿਹਾ ਕਿ ਇਸ ਨਾਲ ਪ੍ਰੇਸ਼ਾਨ ਨਾ ਹੋਵੇ ਅਤੇ ਮੈਂ ਵੀ ਪ੍ਰੇਸ਼ਾਨ ਨਹੀਂ ਹਾਂ। ਚੀਫ ਜਸਟਿਸ ਨੇ ਕਿਹਾ ਕਿ ਇਨ੍ਹਾਂ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਂਦਾ। ਮੰਨਿਆ ਜਾ ਰਿਹਾ ਹੈ ਕਿ ਇਹ ਵਕੀਲ ਮੱਧ ਪ੍ਰਦੇਸ਼ ਦੇ ਖਜੂਰਾਹੋ ਵਿਚ ਭਗਵਾਨ ਵਿਸ਼ਨੂੰ ਦੀ 7 ਫੁੱਟ ਉਚੀ ਸਿਰ ਕੱਟੀ ਮੂਰਤੀ ਦੀ ਬਹਾਲੀ ’ਤੇ ਚੀਫ ਜਸਟਿਸ ਬੀ.ਆਰ. ਗਵੱਈ ਦੀਆਂ ਟਿੱਪਣੀਆਂ ਤੋਂ ਨਰਾਜ਼ ਸੀ। 

ਚੰਡੀਗੜ੍ਹ/ਬਿਊਰੋ ਨਿਊਜ਼ 

ਉਤਰੀ ਭਾਰਤ ਵਿਚ ਠੰਡ ਨੇ ਇਸ ਵਾਰ ਪਹਿਲਾਂ ਹੀ ਦਸਤਕ ਦੇ ਦਿੱਤੀ ਹੈ। ਹਿਮਾਚਲ ਦੀਆਂ ਪਹਾੜੀਆਂ ਵਿਚ ਬੇਮੌਸਮੀ ਬਰਫਬਾਰੀ ਅਤੇ ਪੰਜਾਬ ਤੇ ਹਰਿਆਣਾ ਵਿਚ ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਮੌਸਮ ਵਿਚ ਬਦਲਾਅ ਲਿਆਂਦਾ ਹੈ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਉਤਰਾਖੰਡ ਦੇ ਕਈ ਜ਼ਿਲ੍ਹਿਆਂ ਲਈ ਯੈਲੋ ਅਲਰਟ ਵੀ ਜਾਰੀ ਕੀਤਾ ਹੈ। ਪੰਜਾਬ ਵਿਚ ਪੈ ਰਹੇ ਮੀਂਹ ਕਾਰਨ ਖੇਤਾਂ ਵਿਚ ਪਾਣੀ ਭਰ ਗਿਆ ਹੈ ਅਤੇ ਝੋਨੇ ਦੀ ਫਸਲ ਨੂੰ ਨੁਕਸਾਨ ਪਹੁੰਚ ਰਿਹਾ ਹੈ। ਇਸ ਨੂੰ ਲੈ  ਸੂਬੇ ਦੇ ਕਿਸਾਨਾਂ ਵਿਚ ਚਿੰਤਾ ਦਾ ਮਾਹੌਲ ਦੇਖਿਆ ਜਾ ਰਿਹਾ ਹੈ।

ਟਰੌਮਾ ਸੈਂਟਰ ਦੇ ਆਈ.ਸੀ.ਯੂ. ’ਚ ਹੋਇਆ ਹਾਦਸਾ

ਜੈਪੁਰ/ਬਿਊਰੋ ਨਿਊਜ਼  

ਜੈਪੁਰ ਦੇ ਸਵਾਈ ਮਾਨ ਸਿੰਘ (ਐਸ.ਐਮ.ਐਸ.) ਹਸਪਤਾਲ ਵਿਚ ਲੰਘੀ ਦੇਰ ਰਾਤੀਂ ਟਰੌਮਾ ਸੈਂਟਰ ਦੀ ਦੂਜੀ ਮੰਜ਼ਿਲ ਵਿਚ ਅੱਗ ਲੱਗਣ ਕਾਰਨ 8 ਮਰੀਜ਼ਾਂ ਦੀ ਮੌਤ ਹੋ ਗਈ ਹੈ। ਟਰੌਮਾ ਸੈਂਟਰ ਦੇ ਇੰਚਾਰਜ ਡਾ. ਅਨੁਰਾਗ ਧਾਕੜ ਨੇ ਕਿਹਾ ਹੈ ਕਿ ਸਟੋਰੇਜ ਏਰੀਆ ਵਿਚ ਅੱਗ ਲੱਗਣ ਮੌਕੇ ਨਿਊਰੋ ਆਈ.ਸੀ.ਯੂ. ਵਿਚ 11 ਮਰੀਜ਼ ਜ਼ੇਰੇ ਇਲਾਜ ਸਨ। ਧਾਕੜ ਨੇ ਕਿਹਾ ਕਿ ਮੁੱਢਲੀ ਜਾਂਚ ਮੁਤਾਬਕ ਅੱਗ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਇਸਦੇ ਚੱਲਦਿਆਂ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਇਸ ਘਟਨਾ ਦੀ ਜਾਂਚ ਦੇ ਨਿਰਦੇਸ਼ ਦੇ ਦਿੱਤੇ ਹਨ। ਪੀੜਤਾਂ ਦੇ ਪਰਿਵਾਰਾਂ ਨੇ ਹਸਪਤਾਲ ਪ੍ਰਸ਼ਾਸਨ ’ਤੇ ਲਾਪਰਵਾਹੀ ਦੇ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਹਸਪਤਾਲ ਕੋਲ ਅੱਗ ਬੁਝਾਉਣ ਅਤੇ ਮਰੀਜ਼ਾਂ ਨੂੰ ਬਚਾਉਣ ਵਾਲੇ ਸਾਧਨਾਂ ਦੀ ਘਾਟ ਸੀ। ਪੀੜਤ ਪਰਿਵਾਰਾਂ ਨੇ ਇਹ ਵੀ ਕਿਹਾ ਕਿ ਜਦੋਂ ਧੂੰਆਂ ਵਧ ਗਿਆ ਤਾਂ ਹਸਪਤਾਲ ਦਾ ਸਟਾਫ ਆਪ ਮੌਕੇ ਤੋਂ ਭੱਜ ਗਿਆ।  

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.