Sunday, 14 June 2026

ਨਵੀਂ ਦਿੱਲੀ/ਬਿਊਰੋ ਨਿਊਜ਼  
ਦੁਬਈ ਵਿਚ ਐਤਵਾਰ ਨੂੰ ਦੇਰ ਰਾਤ ਤੱਕ ਖੇਡੇ ਗਏ ਕ੍ਰਿਕਟ ਏਸ਼ੀਆ ਕੱਪ ਦੇ ਫਾਈਨਲ ਮੈਚ ਵਿਚ ਭਾਰਤੀ ਟੀਮ ਨੇ ਪਾਕਿਸਤਾਨ ਦੀ ਟੀਮ ਨੂੰ ਹਰਾ ਕੇ ਏਸ਼ੀਆ ਕੱਪ ਜਿੱਤਿਆ ਹੈ। ਭਾਰਤ ਨੇ ਕ੍ਰਿਕਟ ਏਸ਼ੀਆ ਕੱਪ 9ਵੀਂ ਵਾਰ ਜਿੱਤਿਆ ਹੈ। ਭਾਰਤ ਦੀ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਅਪਰੇਸ਼ਨ ਸੰਧੂਰ ਖੇਡ ਦੇ ਮੈਦਾਨ ’ਤੇ ਵੀ ਜਾਰੀ। ਧਿਆਨ ਰਹੇ ਕਿ ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਮੋਹਸਿਨ ਨਕਵੀ ਜੇਤੂ ਟੀਮ ਨੂੰ ਐਵਾਰਡ ਦੇਣ ਪਹੁੰਚੇ ਤਾਂ ਭਾਰਤੀ ਟੀਮ ਨੇ ਉਸ ਕੋਲੋਂ ਐਵਾਰਡ ਲੈਣ ਤੋਂ ਇਨਕਾਰ ਕਰ ਦਿੱਤਾ। ਨਕਵੀ ਕੋਲ ਏਸ਼ੀਅਨ ਕ੍ਰਿਕਟ ਕਾਊਂਸਿਲ ਦਾ ਅਹੁਦਾ ਹੈ। ਇਸਦੇ ਚੱਲਦਿਆਂ ਮੰਚ ’ਤੇ ਮੌਜੂਦ ਦੁਬਈ ਸਪੋਰਟ ਸਿਟੀ ਦੇ ਖਾਲਿਦ ਅਲ ਜ਼ਰੂਨੀ ਕੋਲੋਂ ਟਰਾਫੀ ਲੈਣ ਦੀ ਗੱਲ ਹੋਈ, ਪਰ ਨਕਵੀ ਨੇ ਮੰਚ ਨਾ ਛੱਡਿਆ। ਇਸ ਤੋਂ ਬਾਅਦ ਸਮਾਗਮ ਸਮਾਪਤ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਟੀਮ ਇੰਡੀਆ ਨੇ ਪੂਰੇ ਟੂਰਨਾਮੈਂਟ ਦੌਰਾਨ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਵੀ ਨਹੀਂ ਮਿਲਾਇਆ। ਭਾਰਤੀ ਟੀਮ ਨੇ ਟਰਾਫੀ ਤੋਂ ਬਗੈਰ ਜਿੱਤ ਦਾ ਜਸ਼ਨ ਮਨਾਇਆ।

ਭੂਪੇਂਦਰ ਯਾਦਵ ਨੂੰ ਬੰਗਾਲ ਅਤੇ ਬੈਜੰਤ ਪਾਂਡਾ ਨੂੰ ਤਾਮਿਲਨਾਡੂ ਦੀ ਜ਼ਿੰਮੇਵਾਰੀ

ਨਵੀਂ ਦਿੱਲੀ/ਬਿਊਰੋ ਨਿਊਜ਼

ਭਾਰਤੀ ਜਨਤਾ ਪਾਰਟੀ ਨੇ ਬਿਹਾਰ, ਪੱਛਮੀ ਬੰਗਾਲ ਅਤੇ ਤਾਮਿਲਨਾਡੂ ਵਿਚ ਵਿਧਾਨ ਸਭਾ ਚੋਣਾਂ ਦੇ ਲਈ ਇੰਚਾਰਜ ਅਤੇ ਸਹਿ ਇੰਚਾਰਜ ਨਿਯੁਕਤ ਕਰ ਦਿੱਤੇ ਹਨ। ਬਿਹਾਰ ਦੇ ਲਈ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੂੰ ਚੋਣ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਉਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸ਼ਾਦ ਮੌਰਿਆ ਅਤੇ ਕੇਂਦਰੀ ਜਲ ਸ਼ਕਤੀ ਮੰਤਰੀ ਸੀ.ਆਰ. ਪਾਟਿਲ ਨੂੰ ਸਹਿ ਇੰਚਾਰਜ ਬਣਾਇਆ ਗਿਆ ਹੈ। ਕੇਂਦਰੀ ਵਾਤਾਵਰਣ ਮੰਤਰੀ ਭੂਪੇਂਦਰ ਯਾਦਵ ਨੂੰ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਲਈ ਇੰਚਾਰਜ ਅਤੇ ਤਿ੍ਰਪੁਰਾ ਦੇ ਸਾਬਕਾ ਮੁੱਖ ਮੰਤਰੀ ਬਿਪਲਬ ਕੁਮਾਰ ਦੇਬ ਨੂੰ ਸਹਿ ਇੰਚਾਰਜ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਤਾਮਿਲਨਾਡੂ ਵਿਚ ਭਾਜਪਾ ਦੇ ਸੰਸਦ ਮੈਂਬਰ ਬੈਜੰਤ ਪਾਂਡਾ ਨੂੰ ਇੰਚਾਰਜ ਅਤੇ ਮੁਰਲੀਧਰ ਮੋਹੋਲ ਨੂੰ ਸਹਿ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਤਿੰਨਾਂ ਸੂਬਿਆਂ ਬਿਹਾਰ, ਪੱਛਮੀ ਬੰਗਾਲ ਅਤੇ ਤਾਮਿਲਨਾਡੂ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। 

ਮਿੱਗ-21 ਨੂੰ ਅੰਤਿਮ ਵਿਦਾਈ ਦੇਣ ਚੰਡੀਗੜ੍ਹ ਪਹੁੰਚੇ ਰੱਖਿਆ ਮੰਤਰੀ ਰਾਜਨਾਥ ਸਿੰਘ

ਚੰਡੀਗੜ੍ਹ/ਬਿਊਰੋ ਨਿਊਜ਼  

ਭਾਰਤੀ ਹਵਾਈ ਫੌਜ ਵਿਚ ਸ਼ਾਮਲ ਪਹਿਲੇ ਸੁਪਰਸੋਨਿਕ ਜੈਟ ਮਿੱਗ-21 ਨੂੰ ਅੱਜ ਚੰਡੀਗੜ੍ਹ ਵਿਚ ਅੰਤਿਮ ਵਿਦਾਈ ਦਿੱਤੀ ਗਈ। ਇਸ ਮੌਕੇ ਲਈ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਪਹੁੰਚੇ। ਏਅਰ ਚੀਫ ਮਾਰਸ਼ਲ ਅਮਰਪ੍ਰੀਤ ਸਿੰਘ ਨੇ ਇਸ ਜੈਟ ਵਿਚ ਉਡਾਣ ਭਰੀ ਅਤੇ ਇਹ ਐਮ-21 ਦੀ ਆਖਰੀ ਉਡਾਨ ਸੀ। ਹੁਣ ਇਹ ਜੈਟ ਅਸਮਾਨ ਦੀ ਬਜਾਏ ਮਿਊਜ਼ੀਅਮ ਵਿਚ ਨਜ਼ਰ ਆਵੇਗਾ। ਰੂਸੀ ਮੂਲ ਦਾ ਇਹ ਫਾਈਟਰ ਜੈਟ ਪਲੇਨ ਸਾਲ 1963 ਵਿਚ ਪਹਿਲੀ ਵਾਰ ਚੰਡੀਗੜ੍ਹ ਏਅਰਫੋਰਸ ਸਟੇਸ਼ਨ ’ਤੇ ਲੈਂਡ ਹੋਇਆ ਸੀ। ਇਸੇ ਕਰਕੇ ਹੀ ਇਸਦੀ ਵਿਦਾਈ ਲਈ ਇਸੇ ਜਗ੍ਹਾ ਨੂੰ ਹੀ ਚੁਣਿਆ ਗਿਆ। ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਭਾਰਤੀ ਹਵਾਈ ਫੌਜ ਦੇ ਬਹਾਦਰ ਫੌਜੀਆਂ ਨੂੰ ਸਲਾਮ ਕਰਦਾ ਹਾਂ। ਉਨ੍ਹਾਂ ਕਿਹਾ ਕਿ ਮਿਗ-21 ਨੇ ਤੁਹਾਡੀ ਬਹਾਦਰੀ ਦੇ ਇਸ ਸਫਰ ਵਿਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਦੱਸਿਆ ਗਿਆ ਕਿ ਮਿੱਗ-21 ਨੇ ਆਪਣੀ 62 ਸਾਲ ਦੀ ਸੇਵਾ ਦੌਰਾਨ 1965 ਦੀ ਭਾਰਤ-ਪਾਕਿ ਜੰਗ, 1971 ਦੀ ਬੰਗਲਾਦੇਸ਼ ਮੁਕਤੀ ਜੰਗ, 1999 ਦੀ ਕਾਰਗਿਲ ਜੰਗ ਅਤੇ 2019 ਦੇ ਬਾਲਾਕੋਟ ਹਵਾਈ ਹਮਲੇ ਵਿਚ ਮੁੱਖ ਭੂਮਿਕਾ ਨਿਭਾਈ ਹੈ।

ਕੇਸ ਦਰਜ ਹੋਣ ਤੋਂ ਬਾਅਦ ਸਵਾਮੀ ਚੈਤਨਯਾਨੰਦ ਸਰਸਵਤੀ ਫਰਾਰ

ਨਵੀਂ ਦਿੱਲੀ/ਬਿਊਰੋ ਨਿਊਜ਼ 

ਦਿੱਲੀ ਦੇ ਸ੍ਰੀ ਸ਼ਾਰਦਾ ਇੰਸਟੀਚਿਊਟ ਆਫ ਇੰਡੀਅਨ ਮੈਨੇਜਮੈਂਟ ਦੇ ਸਾਬਕਾ ਮੁਖੀ ਸਵਾਮੀ ਚੈਤਨਯਾਨੰਦ ਸਰਸਵਤੀ ਵਿਰੁੱਧ 17 ਵਿਦਿਆਰਥਣਾਂ ਨਾਲ ਜਿਨਸ਼ੀ ਸ਼ੋਸ਼ਣ ਦੇ ਆਰੋਪ ਸਾਹਮਣੇ ਆਏ ਹਨ। ਇਹ ਵਿਦਿਆਰਥੀ ਈ.ਡਬਲਿਊ.ਐਸ. ਸਕਾਲਰਸ਼ਿਪ ਅਧੀਨ ਸੰਸਥਾ ਵਿਚ ਪੋਸਟ ਗਰੈਜੂਏਟ ਡਿਪਲੋਮਾ ਇਨ ਮੈਨੇਜਮੈਂਟ ਕੋਰਸ ਕਰ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਚੈਤਨਯਾਨੰਦ ’ਤੇ ਅਸ਼ਲੀਲ ਟਿੱਪਣੀਆਂ ਕਰਨ, ਅਸ਼ਲੀਲ ਸੁਨੇਹੇ ਭੇਜਣ ਅਤੇ ਜ਼ਬਰਦਸਤੀ ਉਨ੍ਹਾਂ ਨੂੰ ਛੂਹਣ ਦਾ ਆਰੋਪ ਹੈ। ਲੰਘੀ 4 ਅਗਸਤ ਨੂੰ ਵਸੰਤ ਕੁੰਜ ਉਤਰੀ ਪੁਲਿਸ ਸਟੇਸ਼ਨ ਵਿਚ ਚੈਤਨਯਾਨੰਦ ਸਰਸਵਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ। ਉਸ ਸਮੇਂ ਉਹ ਸੰਸਥਾ ਦੇ ਮੁਖੀ ਸਨ ਅਤੇ ਉਸ ਨੂੰ 9 ਅਗਸਤ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਕੇਸ ਦਰਜ ਹੋਣ ਤੋਂ ਬਾਅਦ ਚੈਤਨਯਾਨੰਦ ਫਰਾਰ ਹੈ। 

ਕਿਹਾ : ਲੱਦਾਖ ਦੀ ਲੜਾਈ ਬਣ ਸਕਦੀ ਹੈ ਰਾਸ਼ਟਰੀ ਲੜਾਈ

ਨਵੀਂ ਦਿੱਲੀ/ਬਿਊਰੋ ਨਿਊਜ਼  

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਰਤੀ ਜਨਤਾ ਪਾਰਟੀ ’ਤੇ ਵੱਡੇ ਆਰੋਪ ਲਗਾਏ ਹਨ। ਕੇਜਰੀਵਾਲ ਨੇ ਭਾਜਪਾ ’ਤੇ ਸੰਵਿਧਾਨਕ ਅਧਿਕਾਰ ਖੋਹਣ ਦੇ ਆਰੋਪ ਲਗਾਉਂਦਿਆਂ ਕਿਹਾ ਕਿ ਅੱਜ ਲੱਦਾਖ ਦੀ ਲੜਾਈ ਕੱਲ੍ਹ ਨੂੰ ਰਾਸ਼ਟਰੀ ਲੜਾਈ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਜੋ ਅੱਜ ਲੱਦਾਖ ਵਿਚ ਹੋ ਰਿਹਾ ਹੈ, ਉਹ ਬਹੁਤ ਹੀ ਚਿੰਤਾਜਨਕ ਹੈ ਅਤੇ ਹਰ ਸੱਚੇ ਦੇਸ਼ ਭਗਤ ਨੂੰ ਲੱਦਾਖ ਦੇ ਲੋਕਾਂ ਦਾ ਸਮਰਥਨ ਕਰਨਾ ਚਾਹੀਦਾ ਹੈ। ਕੇਜਰੀਵਾਲ ਨੇ ਕਿਹਾ ਕਿ ਭਾਜਪਾ ਸੱਤਾ ਦੇ ਨਸ਼ੇ ਵਿਚ ਇਕ ਤੋਂ ਬਾਅਦ ਇਕ ਸੂਬਿਆਂ ਨੂੰ ਕੇਂਦਰ ਸ਼ਾਸ਼ਤ ਪ੍ਰਦੇਸ਼ ਬਣਾ ਰਹੀ ਹੈ ਅਤੇ ਸੰਵਿਧਾਨ ਦੁਆਰਾ ਦਿੱਤੇ ਗਏ ਅਧਿਕਾਰਾਂ ਨੂੰ ਖੋਹ ਰਹੀ ਹੈ। ਕੇਜਰੀਵਾਲ ਨੇ ਭਾਜਪਾ ’ਤੇ ਲੋਕਾਂ ਦੀ ਆਵਾਜ਼ ਦਬਾਉਣ ਦੇ ਵੀ ਆਰੋਪ ਲਗਾਏ।

ਪ੍ਰਦਰਸ਼ਨਕਾਰੀਆਂ ਨੇ ਭਾਜਪਾ ਦੇ ਦਫਤਰ ਨੂੰ ਕੀਤਾ ਅੱਗ ਹਵਾਲੇ

ਲੇਹ/ਬਿਊਰੋ ਨਿਊਜ਼

ਕੇਂਦਰ ਸ਼ਾਸ਼ਿਤ ਪ੍ਰਦੇਸ਼ ਲੱਦਾਖ ਨੂੰ ਪੂਰਨ ਸੂਬੇ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਲੇਹ ਵਿਚ ਅੱਜ ਹਿੰਸਕ ਪ੍ਰਦਰਸ਼ਨ ਹੋਇਆ। ਇਸ ਦੌਰਾਨ ਵਿਦਿਆਰਥੀਆਂ ਦੀ ਪੁਲਿਸ ਅਤੇ ਸੁਰੱਖਿਆ ਬਲਾਂ ਨਾਲ ਝੜਪ ਵੀ ਹੋ ਗਈ। ਹਿੰਸਕ ਪ੍ਰਦਰਸ਼ਨ ਦੌਰਾਨ 4 ਵਿਅਕਤੀਆਂ ਦੀ ਮੌਤ ਹੋ ਗਈ ਅਤੇ 70 ਤੋਂ ਵੱਧ ਵਿਅਕਤੀ ਜ਼ਖਮੀ ਦੱਸੇ ਜਾ ਰਹੇ ਹਨ। ਇਸਦੇ ਚੱਲਦਿਆਂ ਵਿਦਿਆਰਥੀਆਂ ਨੇ ਭਾਜਪਾ ਦੇ ਦਫਤਰ ਨੂੰ ਅੱਗ ਵੀ ਲਗਾ ਦਿੱਤੀ। ਉਧਰ ਦੂਜੇ ਪਾਸੇ ਪ੍ਰਸ਼ਾਸਨ ਨੇ ਲੇਹ ਵਿਚ ਬਿਨਾ ਆਗਿਆ ਰੈਲੀ ਅਤੇ ਪ੍ਰਦਰਸ਼ਨਾਂ ’ਤੇ ਪਾਬੰਦੀ ਲਗਾ ਦਿੱਤੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਹ ਵਿਦਿਆਰਥੀ ਸ਼ੋਸ਼ਲ ਐਕਟੀਵਿਸਟ ਸੋਨਮ ਵਾਂਗਚੁਕ ਦੇ ਸਮਰਥਨ ’ਚ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਸੋਨਮ ਵਾਂਗਚੁਕ ਕੇਂਦਰ ਸ਼ਾਸ਼ਤ ਪ੍ਰਦੇਸ਼ ਨੂੰ ਸੂਬੇ ਦਾ ਦਰਜਾ ਅਤੇ ਸੰਵਿਧਾਨ ਦੇ ਛੇਵੇਂ ਸ਼ਡਿਊਲ ਦੀ ਮੰਗ ਨੂੰ ਲੈ ਕੇ 35 ਦਿਨਾਂ ਦੀ ਭੁੱਖ ਹੜਤਾਲ ’ਤੇ ਸਨ ਅਤੇ ਵਾਂਗਚੁਕ ਨੇ ਅੱਜ ਆਪਣੀ ਭੁੱਖ ਹੜਤਾਲ ਸਮਾਪਤ ਕਰ ਦਿੱਤੀ ਹੈ।

ਪੰਜ ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਪਾਬੰਦੀ 

ਲੇਹ/ਬਿਊਰੋ ਨਿਊਜ਼ 

ਲੱਦਾਖ ਦੇ ਲੇਹ ਵਿਚ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਕਰਫਿਊ ਲਗਾ ਦਿੱਤਾ ਗਿਆ ਹੈ ਅਤੇ ਵੱਡੀ ਗਿਣਤੀ ਵਿਚ ਸੁਰੱਖਿਆ ਬਲਾਂ ਨੂੰ ਤੈਨਾਤ ਕੀਤਾ ਗਿਆ ਹੈ। ਇਸਦੇ ਚੱਲਦਿਆਂ ਕਾਰਗਿਲ ਸਣੇ ਹੋਰ ਵੱਡੇ ਕਸਬਿਆਂ ਵਿਚ ਪੰਜ ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਕਰਫਿਊ ਲਗਾਉਣ ਤੋਂ ਬਾਅਦ 50 ਦੇ ਕਰੀਬ ਵਿਅਕਤੀਆਂ ਨੂੰ ਪੁਲਿਸ ਨੇ ਹਿਰਾਸਤ ਵਿਚ ਵੀ ਲੈ ਲਿਆ ਹੈ। ਦੱਸਣਯੋਗ ਹੈ ਕਿ ਲੰਘੇ ਕੱਲ੍ਹ  ਕੇਂਦਰ ਸ਼ਾਸ਼ਤ ਪ੍ਰਦੇਸ਼ ਲੱਦਾਖ ਨੂੰ ਪੂਰਨ ਸੂਬੇ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਲੇਹ ਵਿਚ ਹਿੰਸਕ ਪ੍ਰਦਰਸ਼ਨ ਹੋ ਗਿਆ ਸੀ ਅਤੇ ਇਸ ਦੌਰਾਨ 4 ਵਿਅਕਤੀਆਂ ਦੀ ਜਾਨ ਚਲੇ ਗਈ ਸੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਭਾਜਪਾ ਦੇ ਦਫਤਰ ਅਤੇ ਕਈ ਵਾਹਨਾਂ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਸੀ। 

ਕਿਹਾ : ਵੋਟ ਚੋਰੀ ਅਤੇ ਬੇਰੁਜ਼ਗਾਰੀ ਦਾ ਸਿੱਧਾ ਰਿਸ਼ਤਾ

ਨਵੀਂ ਦਿੱਲੀ/ਬਿਊਰੋ ਨਿਊਜ਼ 

ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਭਾਜਪਾ ’ਤੇ ਵੋਟ ਚੋਰੀ ਦੇ ਆਰੋਪ ਲਗਾਏ ਹਨ। ਰਾਹੁਲ ਨੇ ਐਕਸ ’ਤੇ ਲਿਖਿਆ ਕਿ ਦੇਸ਼ ਵਿਚ ਨੌਜਵਾਨਾਂ ਦੀ ਸਭ ਤੋਂ ਵੱਡੀ ਸਮੱਸਿਆ ਬੇਰੁਜ਼ਗਾਰੀ ਹੈ ਅਤੇ ਇਸਦਾ ਸਿੱਧਾ ਰਿਸ਼ਤਾ ਵੋਟ ਚੋਰੀ ਨਾਲ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਸਰਕਾਰ ਜਨਤਾ ਦਾ ਵਿਸ਼ਵਾਸ ਜਿੱਤ ਕੇ ਸੱਤਾ ਵਿਚ ਆਉਂਦੀ ਹੈ ਤਾਂ ਉਸਦਾ ਪਹਿਲਾ ਫਰਜ਼ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਦੇਣਾ ਹੁੰਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਸਵਾਲ ਚੁੱਕਦਿਆਂ ਰਾਹੁਲ ਨੇ ਕਿਹਾ ਕਿ ਮੋਦੀ ਜੀ ਸਿਰਫ ਆਪਣਾ ਗੁਣਗਾਣ ਕਰਵਾਉਣ ਅਤੇ ਅਰਬਪਤੀਆਂ ਨੂੰ ਮੁਨਾਫਾ ਪਹੁੰਚਾਉਣ ਵਿਚ ਬਿਜੀ ਹਨ। 

ਕਿਹਾ : ਫਲਸਤੀਨ ਮੁੱਦਾ ਹੱਲ ਕਰਨ ਲਈ ਅੱਗੇ ਵਧੇ ਭਾਰਤ

ਨਵੀਂ ਦਿੱਲੀ/ਬਿਊਰੋ ਨਿਊਜ਼ 

ਕਾਂਗਰਸ ਪਾਰਟੀ ਦੇ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ ਨੇ ਇਜ਼ਰਾਈਲ-ਫਲਸਤੀਨ ਜੰਗ ਨੂੰ ਲੈ ਕੇ ਨਰਿੰਦਰ ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਦੀ ਤਿੱਖੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਫਲਸਤੀਨ ਮੁੱਦੇ ਨੂੰ ਹੱਲ ਕਰਾਉਣ ਲਈ ਭਾਰਤ ਨੂੰ ਅਗਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਇਜ਼ਰਾਈਲ-ਫਲਸਤੀਨ ਸੰਘਰਸ਼ ’ਤੇ ਭਾਰਤ ਦਾ ਰੁਖ ਬਹੁਤ ਹੀ ਨਿਰਾਸ਼ਾਜਨਕ ਰਿਹਾ ਹੈ। ਇਸ ਮਾਮਲੇ ’ਤੇ ਸਰਕਾਰ ਦੀ ਚੁੱਪ ਮਾਨਵਤਾ ਅਤੇ ਨੈਤਿਕਤਾ ਦੇ ਨਾਲ ਵਿਸ਼ਵਾਸਘਾਤ ਹੈ। ਉਨ੍ਹਾਂ ਕਿਹਾ ਕਿ ਇਹ ਭਾਰਤ ਦੀ ਪੁਰਾਣੀ ਵਿਦੇਸ਼ ਨੀਤੀ ਤੋਂ ਵੀ ਵੱਖਰੀ ਹੈ। ਸੋਨੀਆ ਗਾਂਧੀ ਨੇ ਆਰੋਪ ਲਗਾਇਆ ਕਿ ਇਸ ਮੁੱਦੇ ’ਤੇ ਭਾਰਤ ਦਾ ਰੁਖ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਜਰਾਈਲ ਦੇ ਪੀ.ਐਮ. ਬੈਂਜਾਮਿਨ ਨੇਤਨਯਾਹੂ ਦੀ ਨਿੱਜੀ ਦੋਸਤੀ ਨਾਲ ਪ੍ਰਭਾਵਿਤ ਦਿਖਾਈ ਦਿੰਦਾ ਹੈ। ਸੋਨੀਆ ਗਾਂਧੀ ਨੇ ਦੱਸਿਆ ਕਿ ਫਰਾਂਸ, ਬਿ੍ਰਟੇਨ, ਕੈਨੇਡਾ, ਪੁਰਤਗਾਲ ਅਤੇ ਆਸਟਰੇਲੀਆ ਸਣੇ ਦੁਨੀਆ ਦੇ 193 ਦੇਸ਼ਾਂ ਵਿਚੋਂ 150 ਤੋਂ ਜ਼ਿਆਦਾ ਦੇਸ਼ ਫਲਸਤੀਨ ਨੂੰ ਇਕ ਸੁਤੰਤਰ ਸੂਬੇ ਦੇ ਰੂਪ ਵਿਚ ਮਾਨਤਾ ਦੇ ਰਹੇ ਹਨ। 

ਸੁਨੀਲ ਜਾਖੜ ਨੇ ਕੇਂਦਰੀ ਮੰਤਰੀਆਂ ਦਾ ਕੀਤਾ ਧੰਨਵਾਦ

ਨਵੀਂ ਦਿੱਲੀ/ਬਿਊਰੋ ਨਿਊਜ਼

ਭਾਰਤ ਦੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਰਾਜਪੁਰਾ-ਮੁਹਾਲੀ ਰੇਲਵੇ ਲਾਈਨ ਨੂੰ ਮਨਜੂਰੀ ਦੇ ਦਿੱਤੀ ਹੈ। ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਪ੍ਰੈਸ ਕਾਨਫਰੰਸ ਦੌਰਾਨ ਇਸ ਰੇਲਵੇ ਲਾਈਨ ਨੂੰ ਮਨਜੂਰੀ ਦਿੱਤੀ ਗਈ। ਦੱਸਿਆ ਗਿਆ ਕਿ ਇਹ ਪ੍ਰੋਜੈਕਟ 443 ਕਰੋੜ ਰੁਪਏ ਦਾ ਹੋਵੇਗਾ। ਇਸ ਮੌਕੇ ਰਵਨੀਤ ਬਿੱਟੂ ਨੇ ਰੇਲ ਮੰਤਰੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਪ੍ਰੋਜੈਕਟ 50 ਸਾਲਾਂ ਤੋਂ ਰੁਕਿਆ ਪਿਆ ਸੀ। ਉਨ੍ਹਾਂ ਦੱਸਿਆ ਕਿ ਰਾਜਪੁਰਾ-ਮੁਹਾਲੀ ਰੇਲਵੇ ਲਾਈਨ ਚੰਡੀਗੜ੍ਹ ਨੂੰ ਵੀ ਮਾਲਵਾ ਖੇਤਰ ਨਾਲ ਜੋੜੇਗੀ। ਇਸੇ ਦੌਰਾਨ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਜਪੁਰਾ ਤੋਂ ਮੁਹਾਲੀ ਰੇਲ ਲਾਈਨ, ਦਹਾਕਿਆਂ ਪੁਰਾਣੀ ਮੰਗ ਸੀ, ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਪ੍ਰਵਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਪੂਰੇ ਮਾਲਵਾ ਖੇਤਰ ਨੂੰ ਫਾਇਦਾ ਹੋਵੇਗਾ। 

23 ਤੋਂ 60 ਸਾਲ ਦੀਆਂ ਮਹਿਲਾਵਾਂ ਨੂੰ ਮਿਲਣਗੇ ਪ੍ਰਤੀ ਮਹੀਨਾ 2100 ਰੁਪਏ

ਪੰਚਕੂਲਾ/ਬਿਊਰੋ ਨਿਊਜ਼

ਹਰਿਆਣਾ ਸਰਕਾਰ ਦੀ ‘ਦੀਨ ਦਿਆਲ ਲਾਡੋ ਲਕਸ਼ਮੀ’ ਸਕੀਮ ਐਪ ਅੱਜ ਪੰਚਕੂਲਾ ਦੇ ਤਾਊ ਦੇਵੀ ਲਾਲ ਸਟੇਡੀਅਮ ਵਿਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਲੋਂ ਲਾਂਚ ਕੀਤੀ ਗਈ। ਇਸ ਸਕੀਮ ਦੇ ਤਹਿਤ 23 ਤੋਂ 60 ਸਾਲ ਦੀ ਉਮਰ ਦੀਆਂ ਮਹਿਲਾਵਾਂ ਨੂੰ ਪ੍ਰਤੀ ਮਹੀਨਾ 2100 ਰੁਪਏ ਦਿੱਤੇ ਜਾਣਗੇ ਅਤੇ ਇਹ ਰਕਮ ਮਹਿਲਾਵਾਂ ਦੇ ਬੈਂਕ ਖਾਤਿਆਂ ਵਿਚ ਜਾਵੇਗੀ। ਇਸ ਮੌਕੇ ਸਿਹਤ ਮੰਤਰੀ ਆਰਤੀ ਰਾਓ, ਸਪੀਕਰ ਹਰਵਿੰਦਰ ਕਲਿਆਣ ਅਤੇ ਹੋਰ ਮੰਤਰੀ ਵੀ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਹਾਜ਼ਰ ਰਹੇ। ਮੁੱਖ ਮੰਤਰੀ ਨੇ ਰਿਮੋਟ ਕੰਟਰੋਲ ਰਾਹੀਂ ਇਕ ਨੀਂਹ ਪੱਥਰ ਵੀ ਰੱਖਿਆ ਅਤੇ ਨਵੀਆਂ ਸਿਹਤ ਸੇਵਾਵਾਂ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਮਹਿਲਾਵਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਸ਼ੇਸਤਾ ਵਾਲੀ ਇਕ ਛੋਟੀ ਫਿਲਮ ਵੀ ਦਿਖਾਈ ਗਈ। ਜ਼ਿਕਰਯੋਗ ਹੈ ਕਿ ਹਰਿਆਣਾ ਸਰਕਾਰ ਨੇ ਐਪ ਲਾਂਚ ਦੇ ਸਮਰਥਨ ਲਈ ਸੂਬੇ ਭਰ ਵਿਚ 200 ਥਾਵਾਂ ’ਤੇ ਸਮਾਗਮ ਆਯੋਜਿਤ ਕੀਤੇ ਹਨ।

ਅਖਿਲੇਸ਼ ਯਾਦਵ ਨੇ ਕਿਹਾ, ਇਹ ਸਮਾਜਵਾਦੀ ਪਾਰਟੀ ਲਈ ਖੁਸ਼ੀ ਵਾਲੀ ਗੱਲ

ਲਖਨਊ/ਬਿਊਰੋ ਨਿਊਜ਼ 

ਸਮਾਜਵਾਦੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਆਜ਼ਮ ਖਾਨ ਨੂੰ ਅੱਜ ਉਤਰ ਪ੍ਰਦੇਸ਼ ਦੇ ਸੀਤਾਪੁਰ ਦੀ ਜ਼ਿਲ੍ਹਾ ਜੇਲ੍ਹ ਵਿਚੋਂ ਰਿਹਾਅ ਕਰ ਦਿੱਤਾ ਗਿਆ। ਆਜ਼ਮ ਖਾਨ ਖਿਲਾਫ ਕਈ ਮਾਮਲੇ ਦਰਜ ਸਨ ਅਤੇ ਉਹ 23 ਮਹੀਨਿਆਂ ਤੋਂ ਵੱਖ-ਵੱਖ ਮਾਮਲਿਆਂ ਵਿਚ ਜੇਲ੍ਹ ’ਚ ਸਨ। ਜੇਲ੍ਹ ਪ੍ਰਸ਼ਾਸਨ ਨੇ ਦੱਸਿਆ ਕਿ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਅੱਜ ਰਿਹਾਅ ਕਰ ਦਿੱਤਾ ਗਿਆ ਹੈ, ਜਿਸ ਦੌਰਾਨ ਸੀਤਾਪੁਰ ਜੇਲ੍ਹ ਦੇ ਬਾਹਰ ਆਜ਼ਮ ਖਾਨ ਦੇ ਸਮਰਥਕਾਂ ਦੀ ਵੱਡੀ ਭੀੜ ਵੀ ਦੇਖਣ ਨੂੰ ਮਿਲੀ। ਧਿਆਨ ਰਹੇ ਕਿ ਆਜ਼ਮ ਖਾਨ ’ਤੇ ਜ਼ਮੀਨ ਹੜੱਪਣ ਅਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਸਣੇ ਕਈ ਗੰਭੀਰ ਅਪਰਾਧਾਂ ਦੇ ਆਰੋਪ ਲੱਗੇ ਸਨ। ਇਸੇ ਦੌਰਾਨ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਕਿਹਾ ਕਿ ਆਜ਼ਮ ਖਾਨ ਦੀ ਰਿਹਾਈ ਪਾਰਟੀ ਲਈ ਖੁਸ਼ੀ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਸੀ ਕਿ ਆਜ਼ਮ ਨੂੰ ਇਨਸਾਫ ਮਿਲੇਗਾ ਅਤੇ ਜੇਕਰ ਸਾਡੀ ਸਰਕਾਰ ਬਣੀ ਤਾਂ ਆਜ਼ਮ ਖਾਨ ਵਿਰੁੱਧ ਦਰਜ ਸਾਰੇ ਮਾਮਲੇ ਵਾਪਸ ਲੈ ਲਏ ਜਾਣਗੇ। ਅਖਿਲੇਸ਼ ਯਾਦਵ ਨੇ ਆਰੋਪ ਲਗਾਉਂਦਿਆਂ ਕਿਹਾ ਕਿ ਆਜ਼ਮ ਖਿਲਾਫ ਝੂਠੇ ਮਾਮਲੇ ਦਰਜ ਕੀਤੇ ਗਏ ਸਨ। 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.