Monday, 15 June 2026

ਸਵਪਨਿਲ ਕੁਸਾਲੇ ਨੇ ਜਿੱਤਿਆ ਕਾਂਸੀ ਦਾ ਤਮਗਾ
ਨਵੀਂ ਦਿੱਲੀ/ਬਿਊਰੋ ਨਿਊਜ਼ 
ਪੈਰਿਸ ਵਿਚ ਚੱਲ ਰਹੀਆਂ ਉਲੰਪਿਕ ਖੇਡਾਂ ਦੌਰਾਨ ਭਾਰਤ ਨੂੰ ਨਿਸ਼ਾਨੇਬਾਜ਼ੀ ਵਿਚ ਇਕ ਹੋਰ ਤਮਗਾ ਮਿਲਿਆ ਹੈ। ਇਹ ਕਾਂਸੀ ਦਾ ਤਮਗਾ ਸਵਪਨਿਲ ਕੁਸ਼ਾਲੇ ਨੇ 50 ਮੀਟਰ ਰਾਈਫਲ 3 ਪੁਜੀਸ਼ਨ ਮੁਕਾਬਲੇ ਵਿਚ ਦੇਸ਼ ਦੀ ਝੋਲੀ ਪਾਇਆ ਹੈ। ਧਿਆਨ ਰਹੇ ਕਿ ਨਿਸ਼ਾਨੇਬਾਜ਼ੀ ਵਿਚ ਭਾਰਤ ਦਾ ਇਹ ਤੀਜਾ ਤਮਗਾ ਹੈ। ਇਸ ਤੋਂ ਪਹਿਲਾਂ ਮਨੂ ਭਾਕਰ ਨੇ ਵਿਅਕਤੀਗਤ ਮੁਕਾਬਲੇ ਤੇ ਟੀਮ ਮੁਕਾਬਲੇ ਵਿਚ ਸਰਬਜੀਤ ਸਿੰਘ ਨਾਲ ਮਿਲ ਕੇ ਕਾਂਸੀ ਦੇ ਤਮਗੇ ਜਿੱਤੇ ਸਨ। ਇਸਦੇ ਚੱਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵਪਨਿਲ ਕੁਸਾਲੇ ਨੂੰ ਵੀ ਭਾਰਤ ਲਈ ਤਮਗਾ ਜਿੱਤਣ ਲਈ ਵਧਾਈ ਦਿੱਤੀ ਹੈ। 

 

ਕੋਚਿੰਗ ਸੈਂਟਰ ਦੀ ਬੇਸਮੈਂਟ ’ਚ ਅਚਾਨਕ ਪਾਣੀ ਭਰਨ ਨਾਲ 3 ਵਿਦਿਆਰਥੀਆਂ ਦੀ ਚਲੇ ਗਈ ਸੀ ਜਾਨ

ਨਵੀਂ ਦਿੱਲੀ/ਬਿਊਰੋ ਨਿਊਜ਼

ਦਿੱਲੀ ਵਿਚ ਪੁਰਾਣੇ ਰਾਜਿੰਦਰ ਨਗਰ ਵਿਚ ਆਈ.ਏ.ਐਸ. ਕੋਚਿੰਗ ਸੈਂਟਰ ਵਿਚ ਤਿੰਨ ਵਿਦਿਆਰਥੀਆਂ ਦੀ ਹੋਈ ਮੌਤ ਤੋਂ ਬਾਅਦ ਨਗਰ ਨਿਗਮ ਨੇ ਇਕ ਜੂਨੀਅਰ ਇੰਜੀਨੀਅਰ ਨੂੰ ਬਰਖਾਸਤ ਕਰ ਦਿੱਤਾ, ਜਦੋਂ ਕਿ ਇਕ ਅਸਿਸਟੈਂਟ ਇੰਜੀਨੀਅਰ ਨੂੰ ਮੁਅੱਤਲ ਵੀ ਕਰ ਦਿੱਤਾ ਗਿਆ। ਇਸ ਹਾਦਸੇ ਨੂੰ ਲੈ ਕੇ ਭਾਜਪਾ ਵਰਕਰਾਂ ਵਲੋਂ ਆਮ ਆਦਮੀ ਪਾਰਟੀ ਦੀ ਕੇਜਰੀਵਾਲ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਇਸ ਹਾਦਸੇ ਦੇ ਮਾਮਲੇ ਵਿਚ 7 ਵਿਅਕਤੀਆਂ ਨੂੰ ਹੁਣ ਤੱਕ ਗਿ੍ਰਫਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਲੰਘੇ ਸ਼ਨੀਵਾਰ ਨੂੰ ਦਿੱਲੀ ਦੇ ਕੁਝ ਹਿੱਸਿਆਂ ਵਿਚ ਪਏ ਮੀਂਹ ਕਾਰਨ ਇਕ ਕੋਚਿੰਗ ਸੈਂਟਰ ਦੀ ਬੇਸਮੈਂਟ ਵਿਚ ਅਚਾਨਕ ਪਾਣੀ ਭਰ ਗਿਆ ਸੀ ਅਤੇ ਤਿੰਨ ਵਿਦਿਆਰਥੀ ਇਸ ਬੇਸਮੈਂਟ ਵਿਚ ਫਸ ਗਏ ਸਨ ਅਤੇ ਇਨ੍ਹਾਂ ਵਿਦਿਆਰਥੀਆਂ ਦੀ ਜਾਨ ਚਲੇ ਗਈ ਸੀ। ਇਸ ਦੇ ਚੱਲਦਿਆਂ ਨਗਰ ਨਿਗਮ ਨੇ ਵੀ ਹੁਣ ਸਖਤੀ ਕਰ ਦਿੱਤੀ ਹੈ ਅਤੇ ਨਜਾਇਜ਼ ਕਬਜ਼ਿਆਂ ’ਤੇ ਬੁਲਡੋਜ਼ਰ ਚਲਾਉਣਾ ਸ਼ੁਰੂ ਕਰ ਦਿੱਤਾ ਹੈ। 

 

 

ਪੰਜਾਬ ਵਿਚ ਮੱਧੂ ਮੱਖੀ ਪਾਲਕਾਂ ਦੀਆਂ ਮੁਸ਼ਕਲਾਂ ਸਬੰਧੀ ਮੰਤਰੀ ਨੂੰ ਕਰਵਾਇਆ ਜਾਣੂ

ਨਵੀਂ ਦਿੱਲੀ/ਬਿਊਰੋ ਨਿਊਜ਼ 

ਸ੍ਰੀ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਤੋਂ ਕਾਂਗਰਸੀ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਅੱਜ ਨਵੀਂ ਦਿੱਲੀ ਵਿਖੇ ਕੇਂਦਰੀ ਖੁਰਾਕ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਮੁਲਾਕਾਤ ਕੀਤੀ ਹੈ। ਡਾ. ਅਮਰ ਸਿੰਘ ਨੇ ਪੰਜਾਬ ਵਿਚ ਮੱਧੂ ਮੱਖੀ ਪਾਲਕਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਮੰਤਰੀ ਨੂੰ ਜਾਣੂ ਕਰਵਾਇਆ ਹੈ। ਕਾਂਗਰਸੀ ਸੰਸਦ ਮੈਂਬਰ ਨੇ ਮੰਤਰੀ ਨੂੰ ਦੱਸਿਆ ਕਿ ਭਾਰਤ ਵਿਚ ਸ਼ੁੱਧ ਅਤੇ ਕੁਦਰਤੀ ਸ਼ਹਿਦ ਦਾ ਉਤਪਾਦਨ ਸਿਰਫ 50 ਹਜ਼ਾਰ ਟਨ ਹੈ, ਜਦੋਂ ਕਿ ਸਰਕਾਰੀ ਅਨੁਮਾਨ ਇਸਦੀ ਦੁੱਗਣੀ ਮਾਤਰਾ ਦਰਸਾਉਂਦਾ ਹੈ। ਡਾ. ਅਮਰ ਸਿੰਘ ਨੇ ਦੱਸਿਆ ਕਿ ਮੱਧੂ ਮੱਖੀ ਪਾਲਕਾਂ ਦਾ ਕਹਿਣਾ ਹੈ ਕਿ ਇਹ ਨਕਲੀ ਸ਼ਹਿਦ ਦੀ ਵਿਕਰੀ ਦਾ ਕਾਰਨ ਹੈ। ਸੰਸਦ ਮੈਂਬਰ ਨੇ ਮੰਤਰੀ ਨੂੰ ਜਾਣੂ ਕਰਵਾਇਆ ਕਿ ਕੁਦਰਤੀ ਸ਼ਹਿਦ ਦੀ ਮੰਗ ਵਿਚ ਗਿਰਾਵਟ ਆਈ ਹੈ, ਕਿਉਂਕਿ ਮਿਲਾਵਟੀ ਉਤਪਾਦ ਸਸਤੀਆਂ ਦਰਾਂ ’ਤੇ ਵਿਕ ਰਹੇ ਹਨ। ਜਿਸਦਾ ਦਾ ਸਭ ਤੋਂ ਜ਼ਿਆਦਾ ਨੁਕਸਾਨ ਛੋਟੇ ਮੱਧੂ ਮੱਖੀ ਪਾਲਕਾਂ ਨੂੰ ਹੋ ਰਿਹਾ ਹੈ। ਕੇਂਦਰੀ ਖੁਰਾਕ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਸੰਸਦ ਮੈਂਬਰ ਡਾ. ਅਮਰ ਸਿੰਘ ਨੂੰ ਭਰੋਸਾ ਦਿੱਤਾ ਹੈ ਕਿ ਇਸ ਸਾਰੇ ਮਾਮਲੇ ਨੂੰ ਕੇਂਦਰ ਸਰਕਾਰ ਦੇਖੇਗੀ ਅਤੇ ਪੰਜਾਬ ਵਿਚ ਮੱਧੂ ਮੱਖੀ ਪਾਲਕਾਂ ਦੀ ਹਰ ਸੰਭਵ ਸਹਾਇਤਾ ਕਰੇਗੀ।   

 

ਚੰਡੀਗੜ੍ਹ ਦੇ ਡੀਏਵੀ ਕਾਲਜ ਵਿਚ ਵੀ ਜਸ਼ਨ ਦਾ ਮਾਹੌਲ

ਚੰਡੀਗੜ੍ਹ/ਬਿਊਰੋ ਨਿਊਜ਼ 

ਲੋਕ ਸਭਾ ਨੇ ਪੈਰਿਸ ਉਲੰਪਿਕ ਵਿਚ ਭਾਰਤ ਲਈ ਪਹਿਲਾ ਤਮਗਾ ਜਿੱਤਣ ਵਾਲੀ ਮਹਿਲਾ ਨਿਸ਼ਾਨੇਬਾਜ਼ ਮਨੂ ਭਾਕਰ ਨੂੰ ਵਧਾਈ ਦਿੱਤੀ ਹੈ ਅਤੇ ਹੋਰ ਖਿਡਾਰੀਆਂ ਦੇ ਚੰਗੇ ਪ੍ਰਦਰਸ਼ਨ ਦੀ ਕਾਮਨਾ ਕੀਤੀ ਹੈ। ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਮਨੂ ਭਾਕਰ ਵਲੋਂ ਤਮਗਾ ਜਿੱਤਣ ਬਾਰੇ ਬੋਲਦਿਆਂ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਮਨੂ ਭਾਕਰ ਨੇ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ ਅਤੇ ਭਾਰਤ ਵਾਸੀਆਂ ਵਿਚ ਨਵਾਂ ਉਤਸ਼ਾਹ ਪੈਦਾ ਕੀਤਾ ਹੈ। ਲੋਕ ਸਭਾ ਮੈਂਬਰਾਂ ਨੇ ਮੇਜ਼ ਥਪਥਪਾਉਂਦੇ ਹੋਏ ਮਨੂ ਭਾਕਰ ਦੀ ਸ਼ਲਾਘਾ ਕੀਤੀ ਹੈ। ਜ਼ਿਕਰਯੋਗ ਹੈ ਕਿ ਨਿਸ਼ਾਨੇਬਾਜ਼ ਮਨੂ ਭਾਕਰ ਨੇ ਮਹਿਲਾ 10 ਮੀਟਰ ਏਅਰ ਪਿਸਟਲ ਫਾਈਨਲ ਵਿਚ ਕਾਂਸੇ ਦਾ ਤਮਗਾ ਜਿੱਤਦਿਆਂ ਭਾਰਤ ਦੇ 12 ਸਾਲਾਂ ਦੇ ਇੰਤਜ਼ਾਰ ਨੂੰ ਖਤਮ ਕੀਤਾ ਹੈ ਅਤੇ ਉਲੰਪਿਕ ਵਿਚ ਭਾਰਤ ਦਾ ਖਾਤਾ ਖੋਲ੍ਹਿਆ ਹੈ। ਧਿਆਨ ਰਹੇ ਕਿ ਮਨੂ ਭਾਕਰ ਨੇ ਚੰਡੀਗੜ੍ਹ ਦੇ ਸੈਕਟਰ 10 ’ਚ ਸਥਿਤ ਡੀਏਵੀ ਕਾਲਜ ਵਿਚ ਪੜ੍ਹਾਈ ਕੀਤੀ ਹੈ। ਮਨੂ ਭਾਕਰ ਵਲੋਂ ਤਮਗਾ ਜਿੱਤਣ ’ਤੇ ਚੰਡੀਗੜ੍ਹ ਵਿਚ ਖੁਸ਼ੀ ਦਾ ਮਾਹੌਲ ਹੈ ਅਤੇ ਡੀਏਵੀ ਕਾਲਜ ਵਿਚ ਵੀ ਜਸ਼ਨ ਮਨਾਇਆ ਜਾ ਰਿਹਾ ਹੈ।

 

ਸਿੱਖਿਆ ਮੰਤਰੀ ਆਤਿਸ਼ੀ ਨੇ ਕੀਤਾ ਐਲਾਨ

ਨਵੀਂ ਦਿੱਲੀ/ਬਿਊਰੋ ਨਿਊਜ਼ 

ਦਿੱਲੀ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਕੋਚਿੰਗ ਸੈਂਟਰਾਂ ਨੂੰ ਕੰਟਰੋਲ ਕਰਨ ਲਈ ਨਵਾਂ ਕਾਨੂੰਨ ਲਿਆ ਰਹੀ ਹੈ। ਦਿੱਲੀ ਦੀ ਸਿੱਖਿਆ ਮੰਤਰੀ ਆਤਿਸ਼ੀ ਨੇ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਦਿੱਲੀ ਸਰਕਾਰ ਸ਼ਹਿਰ ਵਿਚ ਕੋਚਿੰਗ ਸੈਂਟਰਾਂ ਨੂੰ ਕੰਟਰੋਲ ਕਰਨ ਲਈ ਨਵਾਂ ਕਾਨੂੰਨ ਲਿਆਵੇਗੀ। ਆਤਿਸ਼ੀ ਨੇ ਕਿਹਾ ਕਿ ਸਰਕਾਰ ਕਾਨੂੰਨ ਬਣਾਉਣ ਲਈ ਸਰਕਾਰੀ ਅਧਿਕਾਰੀਆਂ ਅਤੇ ਵੱਖ-ਵੱਖ ਕੋਚਿੰਗ ਹੱਬਾਂ ਦੇ ਵਿਦਿਆਰਥੀਆਂ ਦੀ ਇਕ ਕਮੇਟੀ ਬਣਾਏਗੀ। ਉਨ੍ਹਾਂ ਕਿਹਾ ਕਿ ਇਸ ਕਾਨੂੰਨ ਵਿੱਚ ਬੁਨਿਆਦੀ ਢਾਂਚੇ, ਅਧਿਆਪਕਾਂ ਦੀ ਯੋਗਤਾ, ਫੀਸ ਨਿਯਮ ਅਤੇ ਗੁੰਮਰਾਹਕੁਨ ਇਸ਼ਤਿਹਾਰਾਂ ’ਤੇ ਰੋਕ ਲਗਾਉਣ ਦੀ ਗੱਲ ਵੀ ਹੋਵੇਗੀ। ਧਿਆਨ ਰਹੇ ਕਿ ਪਿਛਲੇ ਦਿਨੀਂ ਦਿੱਲੀ ਦੇ ਓਲਡ ਰਾਜਿੰਦਰ ਨਗਰ ’ਚ ਇਕ ਕੋਚਿੰਗ ਸੈਂਟਰ ਦੀ ਬੇਸਮੈਂਟ ਵਿਚ ਮੀਂਹ ਦਾ ਪਾਣੀ ਭਰ ਗਿਆ ਸੀ ਅਤੇ ਇਸ ਪਾਣੀ ਵਿਚ 3 ਵਿਦਿਆਰਥੀ ਫਸ ਗਏ ਸਨ, ਜਿਨ੍ਹਾਂ ਦੀ ਮੌਤ ਹੋ ਗਈ ਸੀ। ਆਤਿਸ਼ੀ ਨੇ ਕਿਹਾ ਕਿ ਜਿਹੜੇ ਕੋਚਿੰਗ ਸੈਂਟਰਾਂ ਦੇ ਮਾਲਕਾਂ ਨੇ ਬੇਸਮੈਂਟਾਂ ਦੀ ਵਰਤੋਂ ਕਰਕੇ ਕਾਨੂੰਨ ਦੀ ਉਲੰਘਣਾ ਕੀਤੀ ਹੈ, ਉਨ੍ਹਾਂ ਖਿਲਾਫ ਦਿੱਲੀ ਨਗਰ ਨਿਗਮ ਨੇ ਕਾਰਵਾਈ ਵੀ ਕੀਤੀ ਹੈ।

 

 

ਭਾਜਪਾ ਆਗੂ ਨੇ ਰਾਹੁਲ ਖਿਲਾਫ ਦਰਜ ਕਰਵਾਇਆ ਹੈ ਕੇਸ

ਲਖਨਊ/ਬਿਊਰੋ ਨਿਊਜ਼   

ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਅੱਜ ਉਤਰ ਪ੍ਰਦੇਸ਼ ਦੇ ਸੁਲਤਾਨਪੁਰ ਦੀ ਅਦਾਲਤ ਵਿਚ ਮਾਣਹਾਨੀ ਦੇ ਮਾਮਲੇ ਵਿਚ ਪੇਸ਼ੀ ਭੁਗਤੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮਾਣਹਾਨੀ ਮਾਮਲੇ ਵਿਚ ਰਾਹੁਲ ਅਦਾਲਤ ਵਿਚ ਪੇਸ਼ ਹੋਏ ਅਤੇ ਉਨ੍ਹਾਂ ਆਪਣੇ ਬਿਆਨ ਦਰਜ ਕਰਵਾਏ ਹਨ। ਰਾਹੁਲ ਨੇ ਮਾਨਯੋਗ ਜੱਜ ਨੂੰ ਕਿਹਾ ਕਿ ਮੈਂ ਨਿਰਦੋਸ਼ ਹਾਂ ਅਤੇ ਮੇਰੇ ਖਿਲਾਫ ਰਾਜਨੀਤਕ ਸਾਜਿਸ਼ ਹੋਈ ਹੈ। ਰਾਹੁਲ ਨੇ ਭਾਜਪਾ ’ਤੇ ਆਰੋਪ ਲਗਾਉਂਦਿਆਂ ਕਿਹਾ ਕਿ ਮੇਰੀ ਅਤੇ ਮੇਰੀ ਪਾਰਟੀ ਦੀ ਦਿੱਖ ਖਰਾਬ ਕਰਨ ਲਈ ਇਹ ਕੇਸ ਦਰਜ ਕਰਵਾਇਆ ਗਿਆ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 12 ਅਗਸਤ ਨੂੰ ਹੋਵੇਗੀ। ਰਾਹੁਲ ਗਾਂਧੀ ’ਤੇ ਆਰੋਪ ਹੈ ਕਿ 2018 ਵਿਚ ਕਰਨਾਟਕ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਅਮਿਤ ਸ਼ਾਹ ਨੂੰ ਹੱਤਿਆ ਦਾ ਆਰੋਪੀ ਦੱਸਿਆ ਸੀ। ਰਾਹੁਲ ਦੇ ਇਸ ਬਿਆਨ ਦੇ ਖਿਲਾਫ ਸੁਲਤਾਨਪੁਰ ਵਿਚ ਭਾਜਪਾ ਆਗੂ ਵਿਜੇ ਮਿਸ਼ਰਾ ਨੇ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਸੀ। 

 

 

200 ਤੋਂ ਜ਼ਿਆਦਾ ਵਿਅਕਤੀ ਅਜੇ ਵੀ ਲਾਪਤਾ

ਨਵੀਂ ਦਿੱਲੀ/ਬਿਊਰੋ ਨਿਊਜ਼ 

ਕੇਰਲਾ ਦੇ ਵਾਇਨਾਡ ਵਿਚ ਤੇਜ਼ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਕਾਰਨ ਹੋਈਆਂ ਮੌਤਾਂ ਦੀ ਗਿਣਤੀ 175 ਹੋ ਗਈ ਹੈ। ਜਦੋਂ ਕਿ 130 ਵਿਅਕਤੀਆਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ ਹੈ ਅਤੇ 200 ਤੋਂ ਜ਼ਿਆਦਾ ਵਿਅਕਤੀ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਇਹ ਲੈਂਡ ਸਲਾਈਡ ਸੋਮਵਾਰ ਤੇ ਮੰਗਲਵਾਰ ਦੇ ਵਿਚਕਾਰਲੀ ਰਾਤ ਨੂੰ 4 ਪਿੰਡਾਂ ਵਿਚ ਹੋਈ ਸੀ। ਇਸ ਨਾਲ ਘਰ, ਪੁਲ, ਸੜਕਾਂ ਅਤੇ ਗੱਡੀਆਂ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਈਆਂ ਸਨ। ਫੌਜ, ਏਅਰਫੋਰਸ, ਐਨ.ਡੀ.ਆਰ.ਐਫ., ਐਸ.ਡੀ.ਆਰ.ਐਫ., ਪੁਲਿਸ ਅਤੇ ਡੌਗ ਸਕਾਇਡ ਦੀਆਂ ਟੀਮਾਂ ਰੈਸਕਿਊ ਵਿਚ ਜੁਟੀਆਂ ਹੋਈਆਂ ਹਨ। ਮਿਲੀ ਜਾਣਕਾਰੀ ਅਨੁਸਾਰ ਇਕ ਹਜ਼ਾਰ ਤੋਂ ਜ਼ਿਆਦਾ ਵਿਅਕਤੀਆਂ ਦਾ ਰੈਸਕਿਊ ਕੀਤਾ ਗਿਆ ਅਤੇ ਤਿੰਨ ਹਜ਼ਾਰ ਤੋਂ ਜ਼ਿਆਦਾ ਵਿਅਕਤੀਆਂ ਨੂੰ ਰਿਹੈਬ ਸੈਂਟਰ ਵਿਚ ਭੇਜਿਆ ਗਿਆ ਹੈ।  

 

 

ਲੱਦਾਖ/ਬਿਊਰੋ ਨਿਊਜ਼ 

ਕਾਰਗਿਲ ਵਿਜੇ ਦਿਵਸ ਦੀ ਅੱਜ 25ਵੀਂ ਵਰ੍ਹੇਗੰਢ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੱਦਾਖ ਦੇ ਕਾਰਗਿਲ ਪਹੁੰਚੇ। ਇਸ ਮੌਕੇ ਪੀਐਮ ਨੇ 1999 ਦੀ ਜੰਗ ਦੇ ਨਾਇਕਾਂ ਨੂੰ ਸ਼ਰਧਾਂਜਲੀ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਰਾਸ ਵਿਖੇ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਲੱਦਾਖ ਦੀ ਇਹ ਮਹਾਨ ਧਰਤੀ ਕਾਰਗਿਲ ਵਿਜੇ ਦਿਵਸ ਦੀ 25ਵੀਂ ਵਰ੍ਹੇਗੰਢ ਦੀ ਗਵਾਹ ਹੈ। ਉਨ੍ਹਾਂ ਕਿਹਾ ਕਿ ਕਾਰਗਿਲ ਵਿਜੇ ਦਿਵਸ ਸਾਨੂੰ ਦੱਸਦਾ ਹੈ ਕਿ ਦੇਸ਼ ਲਈ ਕੀਤੀਆਂ ਕੁਰਬਾਨੀਆਂ ਅਮਰ ਹਨ। ਪੀਐਮ ਨੇ ਅੱਗੇ ਕਿਹਾ ਕਿ ਰਾਸ਼ਟਰ ਸਾਡੀਆਂ ਹਥਿਆਰਬੰਦ ਸੈਨਾਵਾਂ ਦੇ ਬਹਾਦਰੀ ਭਰੇ ਯਤਨਾਂ ਅਤੇ ਕੁਰਬਾਨੀਆਂ ਦਾ ਸਨਮਾਨ ਕਰਦਾ ਹੈ ਅਤੇ ਅਸੀਂ ਉਨ੍ਹਾਂ ਦੀ ਅਟੁੱਟ ਸੇਵਾ ਲਈ ਸਦਾ ਲਈ ਸ਼ੁਕਰਗੁਜ਼ਾਰ ਹਾਂ। ਉਨ੍ਹਾਂ ਅੱਗੇ ਕਿਹਾ ਕਿ ਦਹਿਸ਼ਤਵਾਦ ਦੇ ਆਕਾ ਅੱਜ ਮੇਰੀ ਆਵਾਜ਼ ਸੁਣ ਲੈਣ ਕਿ ਪਾਕਿਸਤਾਨ ਦੇ ਨਾਪਾਕ ਮਨਸੂਬੇ ਕਦੇ ਕਾਮਯਾਬ ਨਹੀਂ ਹੋਣਗੇ ਅਤੇ ਦਹਿਸ਼ਤਵਾਦ ਨੂੰ ਪੂਰੀ ਤਾਕਤ ਦੇ ਨਾਲ ਕੁਚਲ ਕੇ ਰੱਖ ਦਿਆਂਗੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਭਾਰਤ ਖਿਲਾਫ ਜਿੰਨੀਆਂ ਵੀ ਕੋਸ਼ਿਸ਼ਾਂ ਕੀਤੀਆਂ ਉਸ ਨੂੰ ਹਮੇਸ਼ਾ ਮੂੰਹ ਦੀ ਖਾਣੀ ਪਈ ਪਰ ਉਸ ਨੇ ਆਪਣੇ ਇਤਿਹਾਸ ਤੋਂ ਕੁਝ ਨਹੀਂ ਸਿੱਖਿਆ।

 

ਪੀਐਮ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਵਲੋਂ ਦੁੱਖ ਦਾ ਪ੍ਰਗਟਾਵਾ

ਨਵੀਂ ਦਿੱਲੀ/ਬਿਊਰੋ ਨਿਊਜ਼     

ਕੇਰਲਾ ਦੇ ਵਾਇਨਾਡ ਵਿਚ ਤੇਜ਼ ਮੀਂਹ ਪੈਣ ਕਰਕੇ ਵੱਖ-ਵੱਖ ਥਾਵਾਂ ’ਤੇ ਜ਼ਮੀਨ ਖਿਸਕ ਗਈ। ਇਸਦੇ ਚੱਲਦਿਆਂ 4 ਪਿੰਡ ਪਾਣੀ ਵਿਚ ਰੁੜ੍ਹ ਗਏ ਅਤੇ ਪੁਲ, ਸੜਕਾਂ ਤੇ ਗੱਡੀਆਂ ਵੀ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਈਆਂ। ਇਸ ਹੋਈ ਲੈਂਡਸਲਾਈਡ ਕਾਰਨ ਹੁਣ ਤੱਕ 100 ਦੇ ਕਰੀਬ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਇਸ ਦੁਖਾਂਤ ਕਰਕੇ 400 ਤੋਂ ਜ਼ਿਆਦਾ ਵਿਅਕਤੀ ਮਲਬੇ ਹੇਠਾਂ ਦੱਬੇ ਹੋਣ ਦੀ ਵੀ ਖਬਰ ਹੈ। ਇਹ ਘਟਨਾ ਲੰਘੀ ਰਾਤ 2 ਤੋਂ 4 ਵਜੇ ਦੇ ਵਿਚਕਾਰ ਦੀ ਹੈ। ਰੈਸਕਿਊ ਦੇ ਲਈ ਐਸ.ਡੀ.ਆਰ.ਐਫ. ਅਤੇ ਐਨ.ਡੀ.ਆਰ.ਐਫ. ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਇਨਾਡ ’ਚ ਵਾਪਰੇ ਇਸ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ ਹੈ। ਕੇਂਦਰ ਸਰਕਾਰ ਨੇ ਵਾਇਨਾਡ ਦੇ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਮੱਦਦ ਦੇਣ ਦਾ ਭਰੋਸਾ ਵੀ ਦਿੱਤਾ ਹੈ। ਇਸਦੇ ਚੱਲਦਿਆਂ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਵੀ ਵਾਇਨਾਡ ਵਿਚ ਵਾਪਰੇ ਦੁਖਾਂਤ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਕੇਰਲਾ ਦੀ ਸਰਕਾਰ ਨੇ ਇਸ ਦੁਖਾਂਤ ਕਰਕੇ ਸੂਬੇ ਵਿਚ ਅੱਜ ਅਤੇ ਕੱਲ੍ਹ ਦੋ ਦਿਨਾਂ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ।    

 

 

ਸਰਕਾਰ ਨੂੰ ਮਾਮਲੇ ਦੀ ਜਾਂਚ ਲਈ ਅਜ਼ਾਦ ਕਮੇਟੀ ਬਣਾਉਣ ਲਈ ਕਿਹਾ

ਨਵੀਂ ਦਿੱਲੀ/ਬਿਊਰੋ ਨਿਊਜ਼

ਸ਼ੰਭੂ ਬਾਰਡਰ ਮਾਮਲੇ ਸੰਬੰਧੀ ਸੁਪਰੀਮ ਕੋਰਟ ਵਿਚ ਅੱਜ ਸੁਣਵਾਈ ਹੋਈ। ਇਸ ਦੌਰਾਨ ਸੁਪਰੀਮ ਕੋਰਟ ਨੇ ਅਹਿਮ ਟਿੱਪਣੀਆਂ ਕਰਦੇ ਹੋਏ ਕਿਹਾ ਕਿ ਸ਼ੰਭੂ ਬਾਰਡਰ ’ਤੇ ਫਿਲਹਾਲ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖੋ। ਸੁਪਰੀਮ ਕੋਰਟ ਨੇ ਕਿਹਾ ਕਿ ਸਰਕਾਰ ਮਾਮਲੇ ਦੀ ਜਾਂਚ ਲਈ ਇਕ ਆਜ਼ਾਦ ਕਮੇਟੀ ਬਣਾਵੇ ਤੇ ਇਸ ਵਿਚ ਰਾਜ ਸਰਕਾਰ ਅਤੇ ਖੇਤੀਬਾੜੀ ਮਾਹਿਰ ਸ਼ਾਮਿਲ ਕੀਤੇ ਜਾਣ। ਇਸਦੇ ਲਈ ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਸਰਕਾਰ ਨੂੰ ਨਾਮ ਭੇਜਣ ਲਈ ਕਿਹਾ ਹੈ। ਸੁਪਰੀਮ ਕੋਰਟ ਵਿਚ ਇਸ ਮਾਮਲੇ ਦੀ ਸੁਣਵਾਈ ਹੁਣ ਇਕ ਹਫਤੇ ਬਾਅਦ ਹੋਵੇਗੀ। ਜ਼ਿਕਰਯੋਗ ਹੈ ਕਿ ਪੰਜਾਬ ਦੇ ਕਿਸਾਨਾਂ ਨੇ ਕਿਸਾਨੀ ਨਾਲ ਸਬੰਧਤ ਮੰਗਾਂ ਨੂੰ ਲੈ ਕੇ 13 ਫਰਵਰੀ ਨੂੰ ਦਿੱਲੀ ਕੂਚ ਕਰਨਾ ਸੀ ਅਤੇ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਸ਼ੰਭੂ ਬਾਰਡਰ ਤੋਂ ਅੱਗੇ ਨਹੀਂ ਲੰਘਣ ਦਿੱਤਾ ਸੀ। ਉਦੋਂ ਤੋਂ ਕਿਸਾਨ ਸ਼ੰਭੂ ਬਾਰਡਰ ’ਤੇ ਧਰਨਾ ਲਗਾ ਕੇ ਬੈਠੇ ਹੋਏ ਹਨ। 

 

 

ਕਿਹਾ : ਸਰਕਾਰ ਨੇ ਅਭਿਮੰਨਿਊ ਵਾਂਗ ਹਿੰਦੁਸਤਾਨ ਨੂੰ ਚੱਕਰਵਿਊ ਵਿਚ ਫਸਾਇਆ

ਨਵੀਂ ਦਿੱਲੀ/ਬਿਊਰੋ ਨਿਊਜ਼

ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੂਲ ਗਾਂਧੀ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ’ਤੇ ਆਰੋਪ ਲਾਇਆ ਕਿ ਹਿੰਦੁਸਤਾਨ ਦੇ ਨੌਜਵਾਨਾਂ, ਕਿਸਾਨਾਂ ਅਤੇ ਗਰੀਬਾਂ ਨੂੰ ਅਭਿਮੰਨਿਊ ਵਾਂਗ ਚੱਕਰਿਵਊ ਵਿਚ ਫਸਾ ਦਿੱਤਾ ਗਿਆ ਹੈ। ਉਨ੍ਹਾਂ ਲੋਕ ਸਭਾ ਵਿਚ ਕੇਂਦਰੀ ਬਜਟ ’ਤੇ ਚਰਚਾ ਵਿਚ ਹਿੱਸਾ ਲੈਂਦਿਆਂ ਕਿਹਾ ਕਿ ਹਜ਼ਾਰਾਂ ਸਾਲ ਪਹਿਲਾਂ ਛੇ ਜਣਿਆਂ ਨੇ ਅਭਿਮੰਨਿਊ ਨੂੰ ਚੱਕਰਵਿਊ ਵਿੱਚ ਫਸਾ ਕੇ ਮਾਰਿਆ ਸੀ। ਉਨ੍ਹਾਂ ਕਿਹਾ ਕਿ ਚੱਕਰਵਿਊ ਦਾ ਦੂਜਾ ਨਾਮ ਹੈ ‘ਪਦਮਾਵਿਊ’ ਜੋ ਕਮਲ ਦੇ ਫੁੱਲ ਦੇ ਆਕਾਰ ਦਾ ਹੁੰਦਾ ਹੈ, ਜਿਸ ਵਿਚ ਡਰ ਅਤੇ ਹਿੰਸਾ ਹੁੰਦੀ ਹੈ। ਇਸ ਦੌਰਾਨ ਰਾਹੂਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਇਲਾਵਾ ਚਾਰ ਹੋਰ ਵਿਅਕਤੀਆਂ ਦਾ ਨਾਮ ਲਿਆ ਜਿਨ੍ਹਾਂ ’ਤੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਇਤਰਾਜ਼ ਵੀ ਜਤਾਇਆ। ਕਾਂਗਰਸੀ ਆਗੂ ਨੇ ਕਿਹਾ ਕਿ ਦੇਸ਼ ਦੇ ਅੰਨਦਾਤਾ ਨੇ ਚੱਕਰਵਿਊ ਤੋਂ ਨਿਕਲਣ ਲਈ ਐੱਮਐੱਸਪੀ ਦੀ ਮੰਗ ਕੀਤੀ ਸੀ, ਪਰ ਐੱਮਐੱਸਪੀ ਨਹੀਂ ਦਿੱਤੀ ਗਈ। ਰਾਹੂਲ ਗਾਂਧੀ ਨੇ ਇੰਡੀਆ ਗੱਠਜੋੜ ਵੱਲੋਂ ਬੋਲਦਿਆਂ ਕਿਹਾ ਕਿ ਅਸੀਂ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਦਿਆਂਗੇ।  

 

ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੇ ਭੇਦਭਾਵ ਦੇ ਲਗਾਏ ਆਰੋਪ

ਨਵੀਂ ਦਿੱਲੀ/ਬਿਊਰੋ ਨਿਊਜ਼

‘ਇੰਡੀਆ’ ਗੱਠਜੋੜ ਨਾਲ ਜੁੜੇ ਸੰਸਦ ਮੈਂਬਰਾਂ ਨੇ ਕੇਂਦਰੀ ਬਜਟ ਵਿੱਚ ਵਿਰੋਧੀ ਧਿਰ ਦੀ ਨੁਮਾਇੰਦਗੀ ਵਾਲੇ ਸੂਬਿਆਂ ਨਾਲ ਭੇਦਭਾਵ ਰੱਖਣ ਦਾ ਆਰੋਪ ਲਾਉਂਦਿਆਂ ਸੰਸਦ ਭਵਨ ਦੇ ਬਰਾਮਦੇ ਵਿਚ ਵਿਰੋਧ ਪ੍ਰਦਰਸ਼ਨ ਕੀਤਾ। ਇਸ ਵਿਰੋਧ ਪ੍ਰਦਰਸ਼ਨ ਵਿਚ ਕਾਂਗਰਸ ਪਾਰਟੀ ਦੇ ਪ੍ਰਧਾਨ ਮਲਿਕਾਰਜੁਨ ਖੜਗੇ, ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਅਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਸਮੇਤ ਵਿਰੋਧੀ ਧਿਰ ਦੇ ਕਈ ਸੰਸਦ ਮੈਂਬਰ ਸ਼ਾਮਲ ਹੋਏ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੇ ਕੇਂਦਰ ਸਰਕਾਰ ’ਤੇ ਆਰੋਪ ਲਗਾਉਂਦਿਆਂ ਕਿਹਾ ਕਿ ਕਿਸੇ ਨੂੰ ਵੀ ਇਨਸਾਫ਼ ਨਹੀਂ ਮਿਲਿਆ ਅਤੇ ਨਾ ਹੀ ਬਿਹਾਰ ਤੇ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਮਿਲਿਆ ਹੈ। ਜ਼ਿਕਰਯੋਗ ਹੈ ਖੜਗੇ ਦੇ ਘਰ ਹੋਈ ਇੰਡੀਆ ਗੱਠਜੋੜ ਦੇ ਆਗੂਆਂ ਦੀ ਬੈਠਕ ਦੌਰਾਨ ਸੰਸਦ ਦੇ ਅੰਦਰ ਅਤੇ ਬਾਹਰ ਵਿਰੋਧ ਜਤਾਉਣ ਦਾ ਫੈਸਲਾ ਕੀਤਾ ਗਿਆ ਸੀ।

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.