Monday, 15 June 2026

ਚੰਡੀਗੜ੍ਹ, 23 ਜੁਲਾਈ: ਭਾਜਪਾ ਦੇ ਕੌਮੀ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਕਿਹਾ ਹੈ ਕਿ ਬਜਟ 2024 ਨੌਜਵਾਨਾਂ, ਔਰਤਾਂ, ਕਿਸਾਨਾਂ, ਐਮਐਸਐਮਈਜ਼ ਅਤੇ ਮਜ਼ਦੂਰ ਵਰਗ ਲਈ "ਖੁਸ਼ਹਾਲ ਦਿਨ" ਲੈ ਕੇ ਆਵੇਗਾ ਅਤੇ "ਯੋਜਨਾਬੱਧ ਤਰੀਕੇ ਨਾਲ ਤਰੱਕੀ ਅਤੇ ਖੁਸ਼ਹਾਲੀ" ਇਸ ਬਜਟ ਦਾ ਵਿਸ਼ਾ ਹੈ।  ਕੇਂਦਰੀ ਬਜਟ 'ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਸ਼ੇਰਗਿੱਲ ਨੇ ਕਿਹਾ ਕਿ ਇਸ ਬਜਟ ਵਿੱਚ ਸਮਾਜ ਦੇ ਹਰ ਵਰਗ ਲਈ ਬਹੁਤ ਕੁਝ ਹੈ।  ਉਨ੍ਹਾਂ ਕਿਹਾ ਕਿ ਨੌਕਰੀਆਂ, ਇੰਟਰਨਸ਼ਿਪਾਂ, ਨੌਜਵਾਨਾਂ ਲਈ ਵਿੱਤੀ ਸਹਾਇਤਾ, ਐੱਮਐੱਸਐੱਮਈ ਲਈ ਕਰਜ਼ਾ ਗਾਰੰਟੀ, ਖੇਤੀਬਾੜੀ ਦੇ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ, ਬੁਨਿਆਦੀ ਢਾਂਚੇ ਲਈ 11 ਲੱਖ ਕਰੋੜ ਰੁਪਏ ਰਾਖਵੇਂ ਕਰਨ, ਐਂਜਲ ਟੈਕਸ ਨੂੰ ਖਤਮ ਕਰਨਾ ਅਤੇ ਟੈਕਸ ਵਿੱਚ ਕਟੌਤੀ ਕਰਕੇ ਤਨਖਾਹਦਾਰ ਵਰਗ ਲਈ ਕਟੌਤੀ ਦੀ ਸੀਮਾ ਨੂੰ ਵਧਾਉਣਾ, ਇਸ ਬਜਟ ਨੂੰ ਪ੍ਰਗਤੀਸ਼ੀਲ, ਸੁਧਾਰਵਾਦੀ, ਦੂਰਦਰਸ਼ੀ ਅਤੇ ਇਤਿਹਾਸਕ ਬਣਾਉਂਦਾ ਹੈ।

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਯੁਵਾ ਭਾਰਤ ਦੀਆਂ ਲੋੜਾਂ ਅਤੇ ਸੰਭਾਵਨਾਵਾਂ ਨੂੰ ਸਮਝਦੀ ਹੈ, ਇਸ ਲਈ ਬਜਟ 2024 ਨੇ ਭਾਰਤ ਦੇ ਨੌਜਵਾਨਾਂ ਦੇ ਸੁਪਨਿਆਂ ਅਤੇ ਅਕਾਂਖਿਆਵਾਂ ਵਿੱਚ ਇੱਕ "ਟਰਬੋ ਜੈੱਟ" ਜੋੜਿਆ ਹੈ।  ਉਨ੍ਹਾਂ ਕਿਹਾ ਕਿ ਅਗਲੇ ਪੰਜ ਸਾਲਾਂ ਵਿੱਚ 4.1 ਕਰੋੜ ਨੌਜਵਾਨਾਂ ਨੂੰ ਸਿੱਖਿਆ, ਰੁਜ਼ਗਾਰ ਅਤੇ ਹੁਨਰ ਲਈ 1.48 ਲੱਖ ਕਰੋੜ ਰੁਪਏ ਦੀ ਵਿਵਸਥਾ ਇੱਕ ਵੱਡੀ ਪਹਿਲ ਹੈ।  ਸ਼ੇਰਗਿੱਲ ਨੇ ਵਿੱਤ ਮੰਤਰੀ ਵੱਲੋਂ ਅਗਲੇ ਪੰਜ ਸਾਲਾਂ ਵਿੱਚ 20 ਲੱਖ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਨਵੀਂ ਕੇਂਦਰ ਸਪਾਂਸਰ ਸਕੀਮ ਦੇ ਐਲਾਨ ਦੀ ਸ਼ਲਾਘਾ ਕੀਤੀ।

ਸ਼ੇਰਗਿੱਲ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਬਜਟ ਤੋਂ ਬਹੁਤ ਫਾਇਦਾ ਹੋਵੇਗਾ, ਕਿਉਂਕਿ ਖੇਤੀਬਾੜੀ ਸੈਕਟਰ ਲਈ 1.54 ਲੱਖ ਕਰੋੜ ਰੁਪਏ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ 24 ਵੱਡੀਆਂ ਫਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ ਵਧਾਉਣ ਤੋਂ ਬਾਅਦ ਹੁਣ 1.54 ਲੱਖ ਕਰੋੜ ਰੁਪਏ ਦੇ ਇਸ ਵੱਡੇ ਐਲਾਨ ਤੋਂ ਬਾਅਦ ਪੰਜਾਬ ਦੇ ਕਿਸਾਨ ਭੰਗੜਾ ਪਾਉਣਗੇ।

ਭਾਜਪਾ ਦੇ ਬੁਲਾਰੇ ਨੇ ਕਿਹਾ ਕਿ 3 ਫੀਸਦੀ ਦੀ ਸਾਲਾਨਾ ਵਿਆਜ ਸਬਸਿਡੀ ਦੇ ਨਾਲ 10 ਲੱਖ ਰੁਪਏ ਤੱਕ ਦਾ ਉੱਚ ਸਿੱਖਿਆ ਕਰਜ਼ਾ ਬਹੁਤ ਵਧੀਆ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ 1 ਲੱਖ ਵਿਦਿਆਰਥੀਆਂ ਨੂੰ ਕਰਜ਼ੇ ਦੀ ਰਕਮ 'ਤੇ 3 ਫੀਸਦੀ ਸਾਲਾਨਾ ਵਿਆਜ ਸਬਸਿਡੀ ਲਈ ਸਿੱਧੇ ਈ-ਵਾਉਚਰ ਮਿਲਣਗੇ।  ਇਹ ਪਹਿਲਕਦਮੀ ਨਾ ਸਿਰਫ਼ ਉੱਚ ਸਿੱਖਿਆ ਹਾਸਲ ਕਰਨ ਵਾਲੇ ਵਿਦਿਆਰਥੀਆਂ 'ਤੇ ਵਿੱਤੀ ਬੋਝ ਨੂੰ ਘਟਾਏਗੀ, ਸਗੋਂ ਮਿਆਰੀ ਸਿੱਖਿਆ ਤੱਕ ਪਹੁੰਚ ਨੂੰ ਬਿਹਤਰ ਬਣਾਉਣ ਵਿੱਚ ਵੀ ਮਦਦ ਕਰੇਗੀ।

ਸ਼ੇਰਗਿੱਲ ਨੇ ਇਹ ਵੀ ਕਿਹਾ ਕਿ ਦੇਸ਼ ਭਰ ਵਿੱਚ ਕੈਂਸਰ ਦੇ ਮਾਮਲਿਆਂ ਵਿੱਚ ਵਾਧਾ ਖਾਸ ਕਰਕੇ ਪੰਜਾਬ ਦੇ ਸੰਦਰਭ ਵਿੱਚ ਚਿੰਤਾ ਦਾ ਵੱਡਾ ਕਾਰਨ ਹੈ।  ਪਰ ਹੁਣ ਸਰਕਾਰ ਵੱਲੋਂ ਕੈਂਸਰ ਦੇ ਇਲਾਜ ਦੀਆਂ ਤਿੰਨ ਵੱਡੀਆਂ ਦਵਾਈਆਂ ਨੂੰ ਕਸਟਮ ਡਿਊਟੀ ਤੋਂ ਛੋਟ ਦੇਣਾ ਇਲਾਜ ਦੀ ਲਾਗਤ ਘਟਾਉਣ ਵੱਲ ਵੱਡਾ ਕਦਮ ਹੈ।

ਇਸੇ ਤਰ੍ਹਾਂ, ਸ਼ੇਰਗਿੱਲ ਨੇ ਰੁਜ਼ਗਾਰ ਨਾਲ ਸਬੰਧਤ ਪ੍ਰੋਤਸਾਹਨ ਸਕੀਮਾਂ ਦੀ ਘੋਸ਼ਣਾ ਕਰਨ ਲਈ ਸਰਕਾਰ ਦੀ ਸ਼ਲਾਘਾ ਕੀਤੀ, ਜਿਸ ਵਿੱਚ ਕੰਮ ਸ਼ੁਰੂ ਕਰਨ ਵਾਲੇ ਸਾਰੇ ਨਵੇਂ ਕਰਮਚਾਰੀਆਂ ਨੂੰ ਇੱਕ ਮਹੀਨੇ ਦੀ ਤਨਖ਼ਾਹ (ਡਾਇਰੈਕਟ ਬੈਨੀਫਿਟ ਟ੍ਰਾਂਸਫਰ) ਦੇਣਾ ਸ਼ਾਮਲ ਹੈ, ਜਿਸ ਨਾਲ 2.1 ਕਰੋੜ ਨੌਜਵਾਨਾਂ ਨੂੰ ਲਾਭ ਮਿਲੇਗਾ, ਉਸਾਰੀ ਖੇਤਰ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਅਤੇ 50 ਲੱਖ ਵਾਧੂ ਰੁਜਗਾਰ ਦੇ ਮੌਕੇ ਉਤਸਾਹਿਤ ਕਰਨ ਦੇ ਟੀਚੇ ਨਾਲ ਇੰਪਲੋਇਰਜ ਨੂੰ ਸਹਾਇਤਾ ਯੋਜਨਾ ਸ਼ਾਮਿਲ ਹੈ।

ਉਨ੍ਹਾਂ ਕਿਹਾ ਕਿ ਬਜਟ 2024 ਦੇਸ਼ ਦੇ ਕਿਸਾਨਾਂ (ਅੰਨਦਾਤਾ) ਲਈ ਅਪਾਰ ਸੰਭਾਵਨਾਵਾਂ ਦੇ ਦਰਵਾਜ਼ੇ ਖੋਲ੍ਹੇਗਾ।  ਇਸ ਲੜੀ ਹੇਠ, ਦੇਸ਼ ਦੇ 400 ਜ਼ਿਲ੍ਹਿਆਂ ਵਿੱਚ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੀ ਵਰਤੋਂ ਕਰਦੇ ਹੋਏ ਸਾਉਣੀ ਦੀਆਂ ਫਸਲਾਂ ਦਾ ਡਿਜੀਟਲ ਸਰਵੇਖਣ, ਪੰਜ ਸੂਬਿਆਂ ਵਿੱਚ ਜਾਰੀ ਕੀਤੇ ਜਾਣ ਵਾਲੇ ਜਨਤਕ ਸਹਾਇਤਾ-ਅਧਾਰਤ ਕ੍ਰੈਡਿਟ ਕਾਰਡ ਅਤੇ ਰੁਜ਼ਗਾਰ ਪੈਦਾ ਕਰਨ ਅਤੇ ਪੇਂਡੂ ਆਰਥਿਕਤਾ ਦੇ ਵਿਕਾਸ ਲਈ ਰਾਸ਼ਟਰੀ ਸਹਾਇਤਾ ਨੀਤੀ ਅਸਲ ਵਿੱਚ ਭਾਰਤ ਨੂੰ ਵਿਕਸਤ ਭਾਰਤ ਬਣਾਉਣ ਲਈ ਮਹੱਤਵਪੂਰਨ ਹਨ।

ਸੁਰੱਖਿਆ ਬਲਾਂ ਵਲੋਂ ਸਰਚ ਅਪਰੇਸ਼ਨ ਅਜੇ ਵੀ ਜਾਰੀ

ਜੰਮੂ/ਬਿਊਰੋ ਨਿਊਜ਼

ਜੰਮੂ ਕਸ਼ਮੀਰ ਵਿਚ ਪੈਂਦੇ ਕੁੱਪਵਾੜਾ ਦੇ ਕੇਰਨ ਇਲਾਕੇ ਵਿਚ ਸੁਰੱਖਿਆ ਬਲਾਂ ਨੇ ਮੁਕਾਬਲੇ ਦੌਰਾਨ 2 ਅੱਤਵਾਦੀ ਢੇਰ ਕਰ ਦਿੱਤੇ। ਸੁਰੱਖਿਆ ਬਲਾਂ ਨੂੰ ਕੇਰਨ ਇਲਾਕੇ ਵਿਚ ਕੁਝ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਸੀ, ਜਿਸ ਤੋਂ ਬਾਅਦ ਸਰਚ ਅਭਿਆਨ ਚਲਾਇਆ ਗਿਆ ਸੀ। ਸਰਚ ਅਭਿਆਨ ਦੌਰਾਨ ਹੀ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਹੋ ਗਿਆ ਅਤੇ ਇਸ ਮੁਕਾਬਲੇ ਵਿਚ 2 ਅੱਤਵਾਦੀ ਢੇਰ ਕਰ ਦਿੱਤੇ ਗਏ ਹਨ ਅਤੇ ਸਰਚ ਅਪਰੇਸ਼ਨ ਅਜੇ ਵੀ ਜਾਰੀ ਹੈ। ਉਧਰ ਦੂਜੇ ਪਾਸੇ ਡੋਡਾ ਜ਼ਿਲ੍ਹੇ ਵਿਚ ਅੱਤਵਾਦੀਆਂ ਵਲੋਂ ਕੀਤੇ ਗਏ ਹਮਲੇ ਵਿਚ ਸੁਰੱਖਿਆ ਬਲਾਂ ਦੇ ਦੋ ਜਵਾਨ ਜ਼ਖ਼ਮੀ ਵੀ ਹੋ ਗਏ ਹਨ। ਫੌਜ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਹੈ ਕਿ ਕਾਸਤੀਗੜ੍ਹ ਇਲਾਕੇ ਦੇ ਜਦਨ ਬਾਟਾ ਪਿੰਡ ਦੇ ਸਕੂਲ ਵਿਚ ਬਣੇ ਅਸਥਾਈ ਕੈਂਪ ’ਤੇ ਵੀ ਅੱਤਵਾਦੀਆਂ ਨੇ ਲੰਘੀ ਦੇਰ ਰਾਤ ਗੋਲੀਬਾਰੀ ਕਰ ਦਿੱਤੀ ਸੀ। ਧਿਆਨ ਰਹੇ ਕਿ ਡੋਡਾ ਵਿਚ ਹੀ ਲੰਘੀ 15 ਜੁਲਾਈ ਨੂੰ ਮੁਕਾਬਲੇ ਦੌਰਾਨ 1 ਪੁਲਿਸ ਕਰਮੀ ਸਣੇ 5 ਜਵਾਨ ਸ਼ਹੀਦ ਹੋ ਗਏ ਸਨ। 

 

 

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਭਲਕੇ ਮੰਗਲਵਾਰ ਨੂੰ ਬਜਟ ਕੀਤਾ ਜਾਵੇਗਾ ਪੇਸ਼

ਨਵੀਂ ਦਿੱਲੀ/ਬਿਊਰੋ ਨਿਊਜ਼   

ਭਾਰਤੀ ਸੰਸਦ ਦਾ ਮਾਨਸੂਨ ਇਜਲਾਸ ਅੱਜ 22 ਜੁਲਾਈ ਸੋਮਵਾਰ ਤੋਂ ਸ਼ੁਰੂ ਹੋ ਗਿਆ ਹੈ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਭਲਕੇ 23 ਜੁਲਾਈ ਨੂੰ ਬਜਟ ਪੇਸ਼ ਕੀਤਾ ਜਾਵੇਗਾ। ਇਹ ਬਜਟ ਇਜਲਾਸ 22 ਅਗਸਤ ਤੱਕ ਚੱਲੇਗਾ ਅਤੇ ਇਸ ਦੌਰਾਨ 19 ਬੈਠਕਾਂ ਹੋਣਗੀਆਂ। ਇਸ ਦੇ ਚੱਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸੰਸਦ ’ਚ ਪਹੁੰਚੇ ਅਤੇ ਉਨ੍ਹਾਂ ਮੀਡੀਆ ਨਾਲ ਵੀ ਗੱਲਬਾਤ ਕੀਤੀ। ਮੋਦੀ ਨੇ ਕਿਹਾ ਕਿ ਲੋਕਾਂ ਨੇ ਲੋਕ ਸਭਾ ਚੋਣਾਂ ਵਿਚ ਆਪਣਾ ਫੈਸਲਾ ਸੁਣਾ ਦਿੱਤਾ ਹੈ ਅਤੇ ਹੁਣ ਸਾਰੇ ਸਿਆਸੀ ਦਲਾਂ ਨੂੰ ਅਗਲੇ 5 ਸਾਲਾਂ ਤੱਕ ਦੇਸ਼ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਪੀਐਮ ਨੇ ਕਿਹਾ ਕਿ ਬਜਟ ਅਗਲੇ 5 ਸਾਲਾਂ ਦੀ ਯਾਤਰਾ ਦੀ ਦਿਸ਼ਾ ਤੈਅ ਕਰੇਗਾ ਅਤੇ 2047 ਵਿਚ ‘ਵਿਕਸਤ ਭਾਰਤ’ ਦੇ ਸੁਫਨੇ ਨੂੰ ਪੂਰਾ ਕਰਨ ਦੀ ਨੀਂਹ ਰੱਖੇਗਾ। ਪ੍ਰਧਾਨ ਮੰਤਰੀ ਨੇ ਕੁਝ ਸਿਆਸੀ ਦਲਾਂ ਦੀ ਘਟੀਆ ਰਾਜਨੀਤੀ ਦੀ ਵੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ’ਚ 60 ਸਾਲਾਂ ਬਾਅਦ ਕੋਈ ਸਰਕਾਰ ਲਗਾਤਾਰ ਤੀਜੀ ਵਾਰ ਸੱਤਾ ਵਿਚ ਆਈ ਹੈ। ਇਜਲਾਸ ਦੇ ਅੱਜ ਪਹਿਲੇ ਦਿਨ ਵਿਰੋਧੀ ਧਿਰ ਨੇ ਨੀਟ ਦੇ ਮਾਮਲੇ ’ਤੇ ਸਰਕਾਰ ਖਿਲਾਫ ਹੰਗਾਮਾ ਕੀਤਾ। ਇਸ ਮੌਕੇ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਦਾ ਐਗਜਾਮੀਨੇਸ਼ਨ ਸਿਸਟਮ ਫਰਾਡ ਹੋ ਚੁੱਕਾ ਹੈ। 

 

ਹਾਈਕੋਰਟ ਰੈਗੂਲਰ ਬੇਲ ’ਤੇ ਹੁਣ 29 ਜੁਲਾਈ ਨੂੰ ਕਰੇਗਾ ਫੈਸਲਾ

ਨਵੀਂ ਦਿੱਲੀ/ਬਿਊਰੋ ਨਿਊਜ਼

ਆਬਕਾਰੀ ਨੀਤੀ ਘੁਟਾਲਾ ਮਾਮਲੇ ਵਿਚ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗਿ੍ਰਫਤਾਰੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਦਿੱਲੀ ਹਾਈਕੋਰਟ ਨੇ ਫੈਸਲਾ ਰਾਖਵਾਂ ਰੱਖ ਲਿਆ ਹੈ। ਅੱਜ ਬੁੱਧਵਾਰ ਨੂੰ ਕਰੀਬ ਢਾਈ ਘੰਟੇ ਚੱਲੀ ਬਹਿਸ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਹੁਣ 29 ਜੁਲਾਈ ਨੂੰ ਕਰਾਂਗੇ। ਸੀਬੀਆਈ ਵਲੋਂ ਕੇਜਰੀਵਾਲ ਨੂੰ ਗਿ੍ਰਫਤਾਰ ਕਰਨ ਦੇ ਖਿਲਾਫ ਅਦਾਲਤ ਵਿਚ ਹੋਈ ਸੁਣਵਾਈ ਦੌਰਾਨ ਕੇਜਰੀਵਾਲ ਦੇ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਜਨਤਾ ਦੇ ਚੁਣੇ ਹੋਏ ਮੁੱਖ ਮੰਤਰੀ ਹਨ। ਧਿਆਨ ਰਹੇ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਬਕਾਰੀ ਨੀਤੀ ਘੁਟਾਲਾ ਮਾਮਲੇ ਵਿਚ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਹਨ।  

 

ਸਾਬਕਾ ਕੇਂਦਰੀ ਮੰਤਰੀ ਅਜੇ ਮਿਸ਼ਰਾ ਦਾ ਮੁੰਡਾ ਹੈ ਅਸ਼ੀਸ਼ ਮਿਸ਼ਰਾ

ਨਵੀਂ ਦਿੱਲੀ/ਬਿਊਰੋ ਨਿਊਜ਼

ਸੁਪਰੀਮ ਕੋਰਟ ਨੇ 2021 ਦੇ ਉਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿਚ ਜੇਲ੍ਹ ’ਚ ਬੰਦ ਸਾਬਕਾ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਮੁੰਡੇ ਅਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਦੇ ਦਿੱਤੀ ਹੈ। ਜ਼ਮਾਨਤ ਅਰਜ਼ੀ ਮਨਜੂਰ ਕਰਨ ਤੋਂ ਬਾਅਦ ਅਦਾਲਤ ਵਲੋਂ ਅਸ਼ੀਸ਼ ਮਿਸ਼ਰਾ ਨੂੰ ਦਿੱਲੀ ਜਾਂ ਲਖਨਊ ਵਿਚ ਹੀ ਰਹਿਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ 3 ਅਕਤੂਬਰ 2021 ਨੂੰ ਲਖੀਮਪੁਰ ਖੀਰੀ ਵਿਚ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ’ਤੇ ਕੇਂਦਰੀ ਮੰਤਰੀ ਦੇ ਮੰੁਡੇ ਅਸ਼ੀਸ਼ ਮਿਸ਼ਰਾ ਨੇ ਗੱਡੀ ਚੜ੍ਹਾ ਦਿੱਤੀ ਸੀ ਅਤੇ 4 ਕਿਸਾਨਾਂ ਦੀ ਮੌਕੇ ’ਤੇ ਹੀ ਜਾਨ ਚਲੇ ਗਈ ਸੀ। ਇਸ ਤੋਂ ਬਾਅਦ ਹੋਈ ਹਿੰਸਾ ਦੌਰਾਨ 4 ਹੋਰ ਵਿਅਕਤੀਆਂ ਦੀ ਮੌਤ ਵੀ ਹੋ ਗਈ ਸੀ। ਇਸ ਘਟਨਾ ਲਈ ਅਸ਼ੀਸ਼ ਮਿਸ਼ਰਾ ’ਤੇ ਆਰੋਪ ਲੱਗੇ ਸਨ ਅਤੇ ਉਸ ਨੂੰ ਗਿ੍ਰਫਤਾਰ ਕਰ ਲਿਆ ਗਿਆ ਸੀ।  

 

ਇਕ ਪੁਲਿਸ ਕਰਮਚਾਰੀ ਦੀ ਵੀ ਗਈ ਜਾਨ

ਜੰਮੂ/ਬਿਊਰੋ ਨਿਊਜ਼

ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿਚ ਡੇਸਾ ਜੰਗਲ ਦੇ ਧਾਰੀ ਗੋਟੇ ਉਤਾਰਬਾਗੀ ਵਿਚ ਦਹਿਸ਼ਤਗਰਦਾਂ ਦੇ ਹਮਲੇ ਕਾਰਨ ਫੌਜ ਦੇ ਕੈਪਟਨ ਸਣੇ ਚਾਰ ਜਵਾਨ ਸ਼ਹੀਦ ਹੋ ਗਏ। ਇਸ ਤੋਂ ਇਲਾਵਾ ਇਕ ਪੁਲਿਸ ਕਰਮੀ ਦੀ ਵੀ ਜਾਨ ਚਲੇ ਗਈ ਹੈ। ਰਾਸ਼ਟਰੀ ਰਾਈਫਲਜ਼ ਤੇ ਪੁਲਿਸ ਵੱਲੋਂ ਇਥੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਸੀ। ਇਸ ਦੌਰਾਨ ਦਹਿਸ਼ਤਗਰਦ ਗੋਲੀਬਾਰੀ ਕਰਦੇ ਹੋਏ ਫਰਾਰ ਹੋ ਗਏ। ਫੌਜ ਦੇ ਅਧਿਕਾਰੀ ਨੇ ਦੱਸਿਆ ਕਿ ਦਹਿਸ਼ਤਗਰਦਾਂ ਨੇ ਫੌਜ ਦੇ ਜਵਾਨਾਂ ਵੱਲ ਗੋਲੀਆਂ ਚਲਾਈਆਂ। ਇਸ ਤੋਂ ਬਾਅਦ ਜਵਾਨਾਂ ਨੇ ਜਵਾਬੀ ਕਾਰਵਾਈ ਵੀ ਕੀਤੀ। ਉਨ੍ਹਾਂ ਦੱਸਿਆ ਕਿ ਫਰਾਰ ਹੋਏ ਦਹਿਸ਼ਤਗਰਦਾਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਹੈ। ਜ਼ਿਕਰਯੋਗ ਹੈ ਕਿ ਜੰਮੂ ਡਵੀਜ਼ਨ ਦੇ ਡੋਡਾ ਵਿਚ 34 ਦਿਨਾਂ ਵਿਚ ਇਹ 5ਵੀਂ ਅਜਿਹੀ ਘਟਨਾ ਹੈ। ਇਸੇ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫੌਜ ਦੇ ਮੁਖੀ ਨਾਲ ਗੱਲਬਾਤ ਕੀਤੀ ਹੈ ਅਤੇ ਫੌਜ ਮੁਖੀ ਵਲੋਂ ਰੱਖਿਆ ਮੰਤਰੀ ਨੂੰ ਜ਼ਮੀਨੀ ਸਥਿਤੀ ਅਤੇ ਜੰਮੂ ਕਸ਼ਮੀਰ ਦੇ ਡੋਡਾ ਵਿਚ ਚੱਲ ਰਹੇ ਸਰਚ ਅਪਰੇਸ਼ਨ ਸਬੰਧੀ ਜਾਣੂ ਵੀ ਕਰਵਾਇਆ ਗਿਆ ਹੈ। ਰਾਜਨਾਥ ਸਿੰਘ ਨੇ ਇਸ ਹਮਲੇ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ ਅਤੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਿਰ ਕੀਤੀ ਹੈ।

ਕਾਂਗਰਸ ਨੇ ਲੋਕ ਸਭਾ ਵਿਚ ਵਿਰੋਧੀ ਧਿਰ ਲਈ ਡਿਪਟੀ ਸਪੀਕਰ ਦਾ ਅਹੁਦਾ ਮੰਗਿਆ

ਨਵੀਂ ਦਿੱਲੀ/ਬਿਊਰੂ ਨਿਊਜ਼

ਭਲਕੇ 22 ਜੁਲਾਈ ਤੋਂ ਸ਼ੁਰੂ ਹੋ ਰਹੇ ਬਜਟ ਇਜਲਾਸ ਤੋਂ ਪਹਿਲਾਂ ਅੱਜ ਐਤਵਾਰ ਨੂੰ ਨਵੀਂ ਦਿੱਲੀ ਵਿਚ ਸਰਬ ਪਾਰਟੀ ਬੈਠਕ ਹੋਈ ਹੈ। ਸਰਬ ਪਾਰਟੀ ਬੈਠਕ ਦੌਰਾਨ ਕਾਂਗਰਸ ਨੇ ਲੋਕ ਸਭਾ ਵਿਚ ਵਿਰੋਧੀ ਧਿਰ ਲਈ ਡਿਪਟੀ ਸਪੀਕਰ ਦਾ ਅਹੁਦਾ ਮੰਗਿਆ ਹੈ। ਸੂਤਰਾਂ ਮੁਤਾਬਕ ਪਾਰਟੀ ਨੇ ਬੈਠਕ ਦੌਰਾਨ ਪੇਪਰ ਲੀਕ ਸਣੇ ਮਾਣਮੱਤੀ ਨੀਟ ਪ੍ਰੀਖਿਆ ਦਾ ਮਸਲਾ ਵੀ ਰੱਖਿਆ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਮੌਨਸੂਨ ਇਜਲਾਸ ਦੌਰਾਨ ਦੋਵਾਂ ਸਦਨਾਂ ਦੀ ਕਾਰਵਾਈ ਨੂੰ ਸੁਖਾਲੇ ਢੰਗ ਨਾਲ ਚਲਾਉਣ ਲਈ ਹਰੇਕ ਪਾਰਟੀ ਤੋਂ ਸਹਿਯੋਗ ਮੰਗਿਆ ਤਾਂ ਕਾਂਗਰਸ ਆਗੂ ਗੌਰਵ ਗੋਗੋਈ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਸੰਸਦ ਵਿਚ ਮਸਲੇ ਰੱਖਣ ਦੀ ਖੁੱਲ੍ਹ ਦਿੱਤੀ ਜਾਵੇ। ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਰਾਮਗੋਪਾਲ ਯਾਦਵ ਨੇ ਕਾਂਵੜੀਆਂ ਦੇ ਯਾਤਰਾ ਰੂਟ ਦੇ ਰਾਹ ਵਿਚ ਆਉਣ ਵਾਲੀਆਂ ਖਾਣ-ਪੀਣ ਵਾਲੀਆਂ ਦੁਕਾਨਾਂ ਦੇ ਮਾਲਕਾਂ ਦੇ ਨਾਮ ਪ੍ਰਦਰਸ਼ਿਤ ਕਰਨ ਸਬੰਧੀ ਯੂਪੀ ਸਰਕਾਰ ਦੇ ਵਿਵਾਦਿਤ ਹੁਕਮਾਂ ਦਾ ਮੁੱਦਾ ਰੱਖਿਆ। ਵਾਈਐੱਸਆਰ ਕਾਂਗਰਸ ਨੇ ਆਂਧਰਾ ਪ੍ਰਦੇਸ਼ ਵਿਚ ਟੀਡੀਪੀ ਸਰਕਾਰ ਵੱਲੋਂ ਉਨ੍ਹਾਂ ਦੇ ਪਾਰਟੀ ਆਗੂਆਂ ਨੂੰ ਨਿਸ਼ਾਨਾ ਬਣਾਏ ਦੀ ਗੱਲ ਕਰਦਿਆਂ ਕੇਂਦਰੀ ਦਖ਼ਲ ਦੀ ਮੰਗ ਕੀਤੀ।

ਬੈਠਕ ਦੀ ਪ੍ਰਧਾਨਗੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਤੀ ਤੇ ਬੈਠਕ ਦੀ ਕਾਰਵਾਈ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਚਲਾਈ। ਇਸ ਦੌਰਾਨ ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਵਿਚ ਕਿਹਾ ਕਿ ਸਰਬ ਪਾਰਟੀ ਬੈਠਕ ਦੌਰਾਨ ਜੇਡੀਯੂ ਤੇ ਵਾਈਐੱਸਆਰਸੀਪੀ ਨੇ ਕ੍ਰਮਵਾਰ ਬਿਹਾਰ ਤੇ ਆਂਧਰਾ ਪ੍ਰਦੇਸ਼ ਲਈ ਵਿਸ਼ੇਸ਼ ਦਰਜੇ ਦੀ ਮੰਗ ਕੀਤੀ, ਪਰ ਟੀਡੀਪੀ ਨੇ ਇਸ ਮੁੱਦੇ ’ਤੇ ਅਜੀਬ ਜਿਹੀ ਚੁੱਪੀ ਧਾਰੀ ਰੱਖੀ। ਰਮੇਸ਼ ਨੇ ਇਹ ਪੋਸਟ ਅਜਿਹੇ ਮੌਕੇ ਪਾਈ ਜਦੋਂ ਸਰਬ ਪਾਰਟੀ ਬੈਠਕ ਜਾਰੀ ਸੀ। ਬੈਠਕ ਵਿਚ ਭਾਜਪਾ ਪ੍ਰਧਾਨ ਜੇਪੀ ਨੱਢਾ, ਕਾਂਗਰਸ ਆਗੂ ਗੌਰਵ ਗੋਗੋਈ ਅਤੇ ਕੇਂਦਰੀ ਮੰਤਰੀ ਤੇ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ ਆਗੂ ਚਿਰਾਗ ਪਾਸਵਾਨ ਸਣੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂ ਮੌਜੂਦ ਹਨ।

 

 

ਬੀਸੀਸੀਆਈ ਭਾਰਤ ਦੇ ਮੈਚ ਦੁਬਈ ’ਚ ਕਰਾਉਣ ਦੇ ਲਈ ਆਈਸੀਸੀ ਨੂੰ ਕਹੇਗਾ

ਨਵੀਂ ਦਿੱਲੀ/ਬਿਊਰੋ ਨਿਊਜ਼

ਅਗਲੇ ਸਾਲ ਯਾਨੀ 2025 ’ਚ ਪਾਕਿਸਤਾਨ ਵਿਚ ਹੋਣ ਵਾਲੀ ਚੈਂਪੀਅਨਜ਼ ਟਰਾਫੀ ਖੇਡਣ ਲਈ ਭਾਰਤ ਦੀ ਕ੍ਰਿਕਟ ਟੀਮ ਪਾਕਿਸਤਾਨ ਨਹੀਂ ਜਾਵੇਗੀ। ਬੀਸੀਸੀਆਈ ਭਾਰਤ ਦੇ ਮੈਚ ਪਾਕਿਸਤਾਨ ਦੀ ਜਗ੍ਹਾ ਦੁਬਈ ਵਿਚ ਕਰਾਉਣ ਦੇ ਲਈ ਆਈਸੀਸੀ ਨੂੰ ਕਹੇਗਾ। ਭਾਰਤ ਲੰਘੇ ਸਾਲ ਵੀ 2023 ਵਿਚ ਪਾਕਿਸਤਾਨ ਵਿਚ ਹੋਈ ਏਸ਼ੀਆ ਕੱਪ ਸੀਰੀਜ਼ ਵਿਚ ਖੇਡਣ ਨਹੀਂ ਗਿਆ ਸੀ। ਭਾਰਤ ਦੇ ਮੈਚ ਉਦੋਂ ਵੀ ਸ੍ਰੀਲੰਕਾ ਵਿਚ ਕਰਵਾਏ ਗਏ ਸਨ। ਜ਼ਿਕਰਯੋਗ ਹੈ ਕਿ ਚੈਂਪੀਅਨਜ਼ ਟਰਾਫੀ 2025 ਵਿਚ 19 ਫਰਵਰੀ ਤੋਂ 9 ਮਾਰਚ ਤੱਕ ਖੇਡੀ ਜਾਵੇਗੀ, ਜਿਸ ਵਿਚ 10 ਮਾਰਚ ਫਾਈਨਲ ਮੈਚ ਦੇ ਲਈ ਰਾਖਵਾਂ ਦਿਨ ਹੋਵੇਗਾ। ਪਾਕਿਸਤਾਨ ਕ੍ਰਿਕਟ ਬੋਰਡ ਨੇ ਟੂਰਨਾਮੈਂਟ ਦੇ 15 ਮੈਚਾਂ ਦਾ ਡਰਾਫਟ ਆਈਸੀਸੀ ਨੂੰ ਭੇਜ ਦਿੱਤਾ ਹੈ। ਆਈਸੀਸੀ ਟੂਰਨਾਮੈਂਟ ਵਿਚ ਹਿੱਸਾ ਲੈਣ ਵਾਲੀਆਂ 8 ਟੀਮਾਂ ਸਬੰਧੀ ਬੋਰਡ ਤੋਂ ਸਹਿਮਤੀ ਲੈਣ ਤੋਂ ਬਾਅਦ ਹੀ ਇਸ ਸ਼ਡਿਊਲ ਨੂੰ ਮਨਜੂਰ ਕਰੇਗਾ।   

 

 

2018 ਤੋਂ ਬਾਅਦ ਸੂਬੇ ’ਚ 5ਵੀਂ ਵਾਰ ਫੈਲਿਆ ਵਾਇਰਸ

ਨਵੀਂ ਦਿੱਲੀ/ਬਿਊਰੋ ਨਿਊਜ਼

ਕੇਰਲਾ ਦੇ ਮੱਲਾਪੁਰਮ ਵਿਚ ਨਿਪਾਹ ਵਾਇਰਸ ਨਾਲ ਪੀੜਤ 14 ਸਾਲਾਂ ਦੇ ਲੜਕੇ ਦੀ ਅੱਜ ਐਤਵਾਰ ਨੂੰ ਮੌਤ ਹੋ ਗਈ ਹੈ। ਕੇਰਲਾ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਦੱਸਿਆ ਕਿ ਪੀੜਤ ਲੜਕੇ ਨੂੰ ਸਵੇਰੇ ਦਿਲ ਦਾ ਦੌਰਾ ਪਿਆ ਸੀ ਅਤੇ ਇਸ ਤੋਂ ਬਾਅਦ ਉਸ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ, ਪਰ ਫਿਰ ਵੀ ਪੀੜਤ ਲੜਕੇ ਦੀ ਜਾਨ ਚਲੇ ਗਈ। ਸਿਹਤ ਮੰਤਰੀ ਨੇ ਕਿਹਾ ਕਿ ਉਸ ਲੜਕੇ ਦੇ ਸੰਪਰਕ ਵਿਚ ਆਏ ਤਿੰਨ ਰਿਸ਼ਤੇਦਾਰਾਂ ਨੂੰ ਵੀ ਨਿਗਰਾਨੀ ਵਿਚ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ 2018 ਤੋਂ ਬਾਅਦ 5ਵੀਂ ਵਾਰ ਕੇਰਲਾ ਵਿਚ ਨਿਪਾਹ ਵਾਇਰਸ ਫੈਲਿਆ ਹੈ। ਇਹ ਵੀ ਦੱਸਿਆ ਗਿਆ ਕਿ ਇਸ ਵਾਇਰਸ ਦੀ ਰੋਕਥਾਮ ਲਈ ਅਜੇ ਤੱਕ ਕੋਈ ਟੀਕਾ ਨਹੀਂ ਬਣਿਆ ਹੈ।  

 

 

ਬਿਹਾਰ ਤੋਂ ਦਿੱਲੀ ਜਾ ਰਹੀ ਬੱਸ ਦੁੱਧ ਵਾਲੇ ਟੈਂਕਰ ਨਾਲ ਟਕਰਾਈ

ਨਵੀਂ ਦਿੱਲੀ/ਬਿਊਰੋ ਨਿਊਜ਼ 

ਉਤਰ ਪ੍ਰਦੇਸ਼ ਦੇ ਉਨਾਓ ਜ਼ਿਲ੍ਹੇ ਵਿਚ ਅੱਜ ਬੁੱਧਵਾਰ ਸਵੇਰੇ ਇਕ ਡਬਲ ਡੈਕਰ ਬੱਸ ਅਤੇ ਦੁੱਧ ਦੇ ਟੈਂਕਰ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿਚ 18 ਵਿਅਕਤੀਆਂ ਦੀ ਮੌਤ ਹੋ ਗਈ ਅਤੇ 19 ਵਿਅਕਤੀ ਜ਼ਖ਼ਮੀ ਹੋ ਗਏ ਹਨ। ਮਿ੍ਰਤਕਾਂ ਵਿਚ 14 ਪੁਰਸ਼, 2 ਮਹਿਲਾਵਾਂ ਅਤੇ 2 ਬੱਚੇ ਸ਼ਾਮਲ ਹਨ। ਇਹ ਬੱਸ ਬਿਹਾਰ ਦੇ ਸੀਵਾਨ ਤੋਂ ਦਿੱਲੀ ਜਾ ਰਹੀ ਸੀ ਅਤੇ ਲਖਨਊ-ਆਗਰਾ ਐਕਸਪ੍ਰੈਸ ਵੇਅ ’ਤੇ ਬਾਂਗਰਮਊ ਕੋਤਵਾਲੀ ਦੇ ਨੇੜੇ ਇਸ ਬੱਸ ਦੀ ਇਕ ਦੁੱਧ ਵਾਲੇ ਟੈਂਕਰ ਨਾਲ ਟੱਕਰ ਹੋ ਗਈ। ਇਹ ਹਾਦਸਾ ਏਨਾ ਭਿਆਨਕ ਸੀ ਕਿ ਬੱਸ ਵਿਚ ਸਵਾਰ ਯਾਤਰੀ ਬੱਸ ਵਿਚੋਂ ਬਾਹਰ ਡਿੱਗ ਗਏ ਅਤੇ 18 ਵਿਅਕਤੀਆਂ ਦੀ ਜਾਨ ਚਲੇ ਗਈ। ਇਸ ਹਾਦਸੇ ਵਿਚ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਇਸ ਭਿਆਨਕ ਸੜਕ ਹਾਦਸੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਮਿ੍ਰਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕੀਤੀ ਅਤੇ ਜ਼ਖ਼ਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ। ਇਸ ਹਾਦਸੇ ਵਿਚ ਜਾਨ ਗੁਆਉਣ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਰਾਹਤ ਕੋਸ਼ ਫੰਡ ਵਿਚੋਂ ਦੋ-ਦੋ ਲੱਖ ਰੁਪਏ ਅਤੇ ਜ਼ਖ਼ਮੀ ਵਿਅਕਤੀਆਂ ਨੂੰ ਪੰਜਾਹ-ਪੰਜਾਹ ਹਜ਼ਾਰ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ। 

ਚੰਡੀਗੜ੍ਹ : ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ ਇਕ ਉੱਚ ਪੱਧਰੀ ਸਿੱਖ ਵਫਦ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕੀਤੀ ਅਤੇ ਸਿਰਸਾ ਵਿਚ ਗੁਰਦੁਆਰਾ ਚਿੱਲਾ ਸਾਹਿਬ ਲਈ 10 ਏਕੜ ਥਾਂ ਅਲਾਟ ਕਰਨ ’ਤੇ ਉਹਨਾਂ ਦਾ ਧੰਨਵਾਦ ਕੀਤਾ। ਇਸ ਵਫਦ ਨੇ ਹਰਿਆਣਾ ਵਿਚ ਸਿੱਖ ਭਾਈਚਾਰੇ ਨੂੰ ਦਰਪੇਸ਼ ਮੁਸ਼ਕਿਲਾਂ ਵੀ ਮੁੱਖ ਮੰਤਰੀ ਅੱਗੇ ਰੱਖੀਆਂ।

ਮਨਜਿੰਦਰ ਸਿੰਘ ਸਿਰਸਾ ਤੋਂ ਇਲਾਵਾ ਵਫਦ ਵਿਚ ਹਰਿਆਣਾ ਦੀਆਂ ਪ੍ਰਮੁੱਖ ਸਿੱਖ ਸ਼ਖਸੀਅਤਾਂ ਸ਼ਾਮਲ ਸਨ ਜਿਹਨਾਂ ਵਿਚ ਹਰਿਆਣਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਅਸੰਧ, ਕੰਵਲਜੀਤ ਸਿੰਘ ਅਜਰਾਣਾ, ਬਾਬਾ ਸੁੱਖਾ ਸਿੰਘ ਕਾਰ ਸੇਵਾ ਵਾਲੇ, ਬਾਬਾ ਜੋਗਾ ਸਿੰਘ, ਬਾਬਾ ਹਰਵੇਲ ਸਿੰਘ, ਬਾਬਾ ਸੁਬੇਗ ਸਿੰਘ, ਬਾਬਾ ਦਰਸ਼ਨ ਸਿੰਘ, ਬਾਬਾ ਰੂਬੀ ਸਿੰਘ, ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਸੁਦਰਸ਼ਨ ਸਿੰਘ ਸਹਿਗਲ, ਬੀਬੀ ਰਵਿੰਦਰ ਕੌਰ ਅਜਰਾਣਾ, ਸੁਖਵਿੰਦਰ ਸਿੰਘ ਮੰਡੇਬਾਰ, ਗੁਲਾਬ ਸਿੰਘ ਮੂਣਕ ਅਤੇ ਸਾਬਕਾ ਵਿਧਾਇਕ ਬਖਸ਼ੀਸ਼ ਸਿੰਘ ਵਿਰਕ ਵੀ ਸ਼ਾਮਲ ਸਨ।

ਮੀਟਿੰਗ ਮਗਰੋਂ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਵਫਦ ਨੇ ਸਿੱਖ ਭਾਈਚਾਰੇ ਦੀਆਂ ਮੰਗਾਂ ਮੁੱਖ ਮੰਤਰੀ ਅੱਗੇ ਰੱਖੀਆਂ ਅਤੇ ਮੁੱਖ ਮੰਤਰੀ ਨੇ ਉਹਨਾਂ ਦੇ ਹਰ ਪਹਿਲੂ ਦੀ ਫੌਰੀ ਪੂਰਤੀ ਦਾ ਭਰੋਸਾ ਦੁਆਇਆ। ਵਫਦ ਨੇ  ਕਰਨਾਲ ਦੇ ਨਿਸਿੰਗ ਵਿਚ ਸਿੱਖ ਪਰਿਵਾਰਾਂ ਦੇ ਘਰ ਢਾਹੇ ਜਾਣ ਦਾ ਮੁੱਦਾ ਵੀ ਚੁੱਕਿਆ ਤੇ ਮੰਗ ਕੀਤੀ ਕਿ ਨਵੇਂ ਘਰ ਬਣਾ ਕੇ ਦਿੱਤੇ ਜਾਣ ਤੇ ਹੋਰ ਮੰਗਾਂ ਵੀ ਰੱਖੀਆਂ। ਉਹਨਾ ਦੱਸਿਆ ਕਿ ਮੀਟਿੰਗ ਬਹੁਤ ਹੀ ਸੁਖਾਵੇਂ ਤੇ ਚੰਗੇ ਮਾਹੌਲ ਵਿਚ ਹੋਈ ਤੇ ਮੁੱਖ ਮੰਤਰੀ ਨੇ ਉਹਨਾਂ ਅੱਗੇ ਰੱਖੀਆਂ ਮੰਗਾਂ ਵਿਚ ਵੀ ਬਹੁਤ ਦਿਲਚਸਪੀ ਵਿਖਾਈ।

ਸਿਰਸਾ ਨੇ ਦੱਸਿਆ ਕਿ ਸੂਬੇ ਦੇ ਕੋਨੇ ਕੋਨੇ ਤੋਂ ਸੈਂਕੜੇ ਸਿੱਖਾਂ ਦਾ ਮੁੱਖ ਮੰਤਰੀ ਨਾਲ ਮੁਲਾਕਾਤ ਦਾ ਮਕਸਦ ਮੁੱਖ ਮੰਤਰੀ ਦੀ ਅਗਵਾਈ ਹੇਠ ਭਾਜਪਾ ਸਰਕਾਰ ਵੱਲੋਂ ਸਿੱਖ ਭਾਈਚਾਰੇ ਲਈ ਕੀਤੇ ਜਾ ਰਹੇ ਕੰਮਾਂ ਵਾਸਤੇ ਉਹਨਾਂ ਦਾ ਧੰਨਵਾਦ ਕਰਨਾ ਸੀ। 

ਵਫਦ ਨੇ ਇਸ ਮੌਕੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਸਿਰੋਪਾਓ ਦੇ ਕੇ ਸਨਮਾਨ ਵੀ ਕੀਤਾ। ਇਸ ਮੌਕੇ ਤਕਰੀਬਨ 1500 ਸਿੱਖ ਸ਼ਖਸੀਅਤਾਂ ਹਾਜ਼ਰ ਸਨ।

 

 

 

  

ਭਲਕੇ 13 ਜੂਨ ਨੂੰ ਅੰਮਿ੍ਰਤਸਰ ਪਹੁੰਚਣਗੇ ਦੀਪਕੇ
ਚੰਡੀਗੜ੍ਹ/ਬਿਊਰੋ ਨਿਊਜ਼
ਦਿੱਲੀ ਤੋਂ ਬਾਅਦ ਹੁਣ ਪੰਜਾਬ ਵਿਚ ਵੀ ‘ਕਾਕਰੋਚ ਜਨਤਾ ਪਾਰਟੀ’ ਦੀ ਐਂਟਰੀ ਹੋਣ ਜਾ ਰਹੀ ਹੈ। ਪਾਰਟੀ ਵਲੋਂ ਭਲਕੇ 13 ਜੂਨ ਨੂੰ ਅੰਮਿ੍ਰਤਸਰ ਵਿਚ ਪ੍ਰਦਰਸ਼ਨ ਦੀ ਤਿਆਰੀ ਕੀਤੀ ਗਈ ਹੈ। ਇਸਦਾ ਐਲਾਨ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਕੀਤਾ ਹੈ। ਦੀਪਕੇ ਨੇ ਕਿਹਾ ਹੈ ਕਿ ਅੰਮਿ੍ਰਤਸਰ ਵਿਚ ਭਲਕੇ ਸ਼ੁੱਕਰਵਾਰ ਨੂੰ ਸ਼ਾਮ 4 ਵਜੇ ਸ਼ਾਂਤੀਪੂਰਵਕ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਉਨ੍ਹਾਂ ਨੇ ਸਾਰੇ ਨੌਜਵਾਨਾਂ ਨੂੰ ਇਸ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਦੀਪਕੇ ਨੇ ਸ਼ੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਉਤੇ ਇਕ ਪੋਸਟ ਸਾਂਝੀ ਕਰਕੇ ਇਹ ਜਾਣਕਾਰੀ ਦਿੱਤੀ ਹੈ। ਦੀਪਕੇ ਨੇ ਕਿਹਾ ਕਿ ਜਦੋਂ ਅਸੀਂ ਸਾਰੇ ਇਕੱਠੇ ਹੋ ਕੇ ਆਵਾਜ਼ ਉਠਾਵਾਂਗੇ ਤਾਂ ਨੀਟ-ਸੀਬੀਐਸਈ ਦੇ ਵਿਦਿਆਰਥੀਆਂ ਨੂੰ ਨਿਆਂ ਮਿਲ ਸਕਦਾ ਹੈ। ‘ਕਾਕਰੋਚ ਜਨਤਾ ਪਾਰਟੀ’ ਵਲੋਂ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਇਹ ਪ੍ਰਦਰਸ਼ਨ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਲੰਘੀ 5 ਮਈ ਨੂੰ ਭਾਰਤ ਦੇ ਮਾਨਯੋਗ ਚੀਫ ਜਸਟਿਸ ਸੂਰਿਆ ਕਾਂਤ ਨੇ ਇਕ ਮਾਮਲੇ ਦੀ ਸੁਣਵਾਈ ਦੌਰਾਨ ਬੇਰੁਜ਼ਗਾਰ ਨੌਜਵਾਨਾਂ ਨੂੰ  ‘ਕਾਕਰੋਚ’ ਅਤੇ ‘ਸਮਾਜ ਦੇ ਪਰਜੀਵੀ’ ਜਿਹੇ ਸ਼ਬਦਾਂ ਦਾ ਇਸਤੇਮਾਲ ਕੀਤਾ ਸੀ। ਚੀਫ ਜਸਟਿਸ ਦੇ ਇਸ ਬਿਆਨ ਤੋਂ ਬਾਅਦ ਹੀ ‘ਕਾਕਰੋਚ ਜਨਤਾ ਪਾਰਟੀ’ ਸਾਹਮਣੇ ਆਈ ਹੈ। ਪਾਰਟੀ ਦਾ ਦਾਅਵਾ ਹੈ ਕਿ ਉਸਦੇ ਇੰਸਟਾਗਰਾਮ ਅਕਾਊਂਟ ’ਤੇ 2 ਕਰੋੜ ਤੋਂ ਜ਼ਿਆਦਾ ਫਾਲੋਅਰਜ਼ ਜੁੜ ਗਏ ਹਨ, ਜੋ ਕਈ ਸਿਆਸੀ ਪਾਰਟੀਆਂ ਤੋਂ ਵੀ ਜ਼ਿਆਦਾ ਹੈ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.