Monday, 15 June 2026

ਅਰੋੜਾ ਨੇ ਗਿ੍ਰਫਤਾਰੀ ਅਤੇ  ਰਿਮਾਂਡ ਨੂੰ ਲੈ ਕੇ ਹਾਈਕੋਰਟ ਵਿਚ ਦਿੱਤੀ ਸੀ ਚੁਣੌਤੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਵਿਚ ਕੈਬਨਿਟ ਮੰਤਰੀ ਅਤੇ ਉਦਯੋਗਪਤੀ ਸੰਜੀਵ ਅਰੋੜਾ ਨੂੰ ਪਿਛਲੇ ਦਿਨੀਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਭਿ੍ਰਸ਼ਟਾਚਾਰ ਦੇ ਮਾਮਲੇ ਵਿਚ ਗਿ੍ਰਫਤਾਰ ਕਰ ਲਿਆ ਸੀ। ਇਸਦੇ ਚੱਲਦਿਆਂ ਅਰੋੜਾ ਨੇ ਆਪਣੀ ਗਿ੍ਰਫਤਾਰੀ ਅਤੇ ਰਿਮਾਂਡ ਨੂੰ ਚੁਣੌਤੀ ਦਿੱਤੀ ਸੀ। ਇਸ ਸਬੰਧੀ ਉਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਇਕ ਪਟੀਸ਼ਨ ਦਾਇਰ ਕੀਤੀ ਸੀ ਅਤੇ ਉਸ ਪਟੀਸ਼ਨ ’ਤੇ ਅੱਜ ਸੁਣਵਾਈ ਹੋਈ ਹੈ। ਅਦਾਲਤ ਨੇ ਅਰੋੜਾ ਨੂੰ ਅਜੇ ਤੱਕ ਕੋਈ ਰਾਹਤ ਨਹੀਂ ਦਿੱਤੀ ਹੈ ਅਤੇ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 14 ਮਈ ਨੂੰ ਹੋਵੇਗੀ। ਈਡੀ ਨੇ ਸੰਜੀਵ ਅਰੋੜਾ ਦੀ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ’ਤੇ ਛਾਪਾ ਮਾਰਿਆ ਸੀ ਅਤੇ ਉਨ੍ਹਾਂ ਨੂੰ ਗਿ੍ਰਫਤਾਰ ਕਰ ਲਿਆ ਸੀ। ਗਿ੍ਰਫਤਾਰੀ ਤੋਂ ਬਾਅਦ ਅਰੋੜਾ ਨੂੰ ਗੁਰੂਗਰਾਮ ਦੀ ਇਕ ਵਿਸ਼ੇਸ਼ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਅਦਾਲਤ ਨੇ ਈਡੀ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਰੋੜਾ ਨੂੰ 7 ਦਿਨਾਂ ਦੇ ਰਿਮਾਂਡ ’ਤੇ ਭੇਜ ਦਿੱਤਾ  ਗਿਆ ਸੀ। ਇਹ ਸਾਰਾ ਮਾਮਲਾ 100 ਕਰੋੜ ਰੁਪਏ ਤੋਂ ਜ਼ਿਆਦਾ ਦੇ ਫਰਜ਼ੀ ਜੀਐਸਟੀ ਬਿੱਲ ਅਤੇ ਮਨੀ ਲਾਂਡਰਿੰਗ ਨਾਲ ਸਬੰਧਿਤ ਹੈ। ਜ਼ਿਕਰਯੋਗ ਹੈ ਕਿ ਸੰਜੀਵ ਅਰੋੜਾ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਲੁਧਿਆਣਾ ਤੋਂ ਜ਼ਿਮਨੀ ਚੋਣ ਲੜਾਈ ਗਈ ਸੀ ਅਤੇ ਉਨ੍ਹਾਂ ਨੇ ਜਿੱਤ ਹਾਸਲ ਕਰ ਲਈ ਸੀ। ਫਿਰ ਉਨ੍ਹਾਂ ਨੇ ਰਾਜ ਸਭਾ ਮੈਂਬਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ  ਉਨ੍ਹਾਂ ਨੂੰ ਪੰਜਾਬ ਸਰਕਾਰ ’ਚ ਕੈਬਨਿਟ ਮੰਤਰੀ ਦਾ ਅਹੁਦਾ ਦਿੱਤਾ ਗਿਆ ਸੀ।    

ਚੰਡੀਗੜ੍ਹ/ਗੜ੍ਹਸ਼ੰਕਰ, 11 ਮਈ: ਹਲਕਾ ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਵਿਖੇ ਅੱਜ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ. ਜੈ ਕ੍ਰਿਸ਼ਨ ਸਿੰਘ ਰੌੜੀ ਦੀ ਅਗਵਾਈ ਹੇਠ ਵਿਕਾਸ ਕਾਰਜਾਂ ਨੂੰ ਹੋਰ ਮਜ਼ਬੂਤੀ ਮਿਲੀ, ਜਦੋਂ ਉਨ੍ਹਾਂ ਵੱਲੋਂ ਪਿੰਡ ਵਿੱਚ ਬਣਨ ਵਾਲੀ ਨਵੀਂ ਸੜਕ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਡਿਪਟੀ ਸਪੀਕਰ ਰੌੜੀ ਦਾ ਸਵਾਗਤ ਕੀਤਾ ਗਿਆ ਅਤੇ ਪਿੰਡ ਦੇ ਵਿਕਾਸ ਲਈ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸਰਾਹਨਾ ਕੀਤੀ ਗਈ।

ਉਦਘਾਟਨ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਡਿਪਟੀ ਸਪੀਕਰ ਸ. ਜੈ ਕ੍ਰਿਸ਼ਨ ਸਿੰਘ ਰੌੜੀ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਸੜਕਾਂ, ਗਲੀਆਂ, ਪੀਣ ਵਾਲੇ ਪਾਣੀ, ਸੀਵਰੇਜ, ਖੇਡ ਮੈਦਾਨਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਦੇ ਵਿਕਾਸ ਲਈ ਲਗਾਤਾਰ ਫੰਡ ਜਾਰੀ ਕੀਤੇ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਸ਼ਹਿਰਾਂ ਵਰਗੀਆਂ ਸੁਵਿਧਾਵਾਂ ਪਿੰਡਾਂ ਵਿੱਚ ਹੀ ਪ੍ਰਾਪਤ ਹੋ ਸਕਣ।

ਡਿਪਟੀ ਸਪੀਕਰ ਰੌੜੀ ਨੇ ਕਿਹਾ ਕਿ ਪਿੰਡ ਮੋਰਾਂਵਾਲੀ ਵਿੱਚ ਬਣਨ ਵਾਲੀ ਇਹ ਸੜਕ ਲੋਕਾਂ ਲਈ ਕਾਫ਼ੀ ਲਾਹੇਵੰਦ ਸਾਬਤ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਸੜਕ ਦੇ ਬਣਨ ਨਾਲ ਆਵਾਜਾਈ ਸੁਖਾਲੀ ਹੋਵੇਗੀ ਅਤੇ ਲੋਕਾਂ ਨੂੰ ਕਈ ਸਮੱਸਿਆਵਾਂ ਤੋਂ ਰਾਹਤ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਮੀਂਹ ਦੇ ਦਿਨਾਂ ਵਿੱਚ ਪਿੰਡ ਵਾਸੀਆਂ ਨੂੰ ਆਉਣ-ਜਾਣ ਵਿੱਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਲੋਕਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਤਰਜੀਹ ਦੇ ਆਧਾਰ ‘ਤੇ ਪੂਰਾ ਕੀਤਾ ਗਿਆ ਹੈ।

ਸ. ਰੌੜੀ ਨੇ ਕਿਹਾ ਕਿ ਉਹ ਹਲਕਾ ਗੜ੍ਹਸ਼ੰਕਰ ਦੇ ਹਰ ਪਿੰਡ ਦੇ ਵਿਕਾਸ ਲਈ ਦਿਨ-ਰਾਤ ਕੰਮ ਕਰ ਰਹੇ ਹਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਹਰ ਪਿੰਡ ਨੂੰ ਵਿਕਾਸ ਦੀ ਮੁੱਖ ਧਾਰਾ ਨਾਲ ਜੋੜਿਆ ਜਾਵੇਗਾ।

ਡਿਪਟੀ ਸਪੀਕਰ ਰੌੜੀ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਲੋਕ ਭਲਾਈ ਵਾਲੀਆਂ ਨੀਤੀਆਂ ਨੂੰ ਤਰਜੀਹ ਦੇ ਰਹੀ ਹੈ ਅਤੇ ਸਿੱਖਿਆ, ਸਿਹਤ, ਬਿਜਲੀ, ਪਾਣੀ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੱਡੇ ਪੱਧਰ ‘ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਸਰਕਾਰ ਹੋਣ ਦੇ ਨਾਤੇ ਹਰ ਵਰਗ ਦੀ ਭਲਾਈ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।

ਇਸ ਮੌਕੇ ਪਿੰਡ ਵਾਸੀਆਂ ਨੇ ਵੀ ਡਿਪਟੀ ਸਪੀਕਰ ਸ. ਰੌੜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿੰਡ ਵਿੱਚ ਹੋ ਰਹੇ ਵਿਕਾਸ ਕਾਰਜਾਂ ਨਾਲ ਲੋਕਾਂ ਨੂੰ ਸਿੱਧਾ ਲਾਭ ਮਿਲ ਰਿਹਾ ਹੈ ਅਤੇ ਇਲਾਕੇ ਦੀ ਨੁਹਾਰ ਬਦਲ ਰਹੀ ਹੈ।

ਇਸ ਮੌਕੇ ਪਿੰਡ ਦੇ ਪੰਚ, ਸਰਪੰਚ, ਨੰਬਰਦਾਰ, ਇਲਾਕੇ ਦੇ ਮੋਹਤਬਰ ਵਿਅਕਤੀ, ਸਥਾਨਕ ਆਗੂ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

20 ਲੱਖ ਰੁਪਏ ਰਿਸ਼ਵਤ ਦੀ ਕੀਤੀ ਗਈ ਸੀ ਮੰਗ
ਚੰਡੀਗੜ੍ਹ/ਬਿਊਰੋ ਨਿਊਜ਼    
ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ 20 ਲੱਖ ਰੁਪਏ ਦੇ ਰਿਸ਼ਵਤ ਮਾਮਲੇ ਵਿਚ ਤਿੱਕੜੀ ਨੂੰ ਗਿ੍ਰਫਤਾਰ ਕੀਤਾ ਹੈ। ਇਸ ਤਿੱਕੜੀ ’ਚ ਦੋ ਦਲਾਲ ਅਤੇ ਉਨ੍ਹਾਂ ਦਾ ਇੱਕ ਸਹਿਯੋਗੀ ਸ਼ਾਮਲ ਹੈੈ। ਸੀਬੀਆਈ ਨੇ ਇਸ ਬਾਰੇ ਰਸਮੀ ਐਲਾਨ ਵੀ ਕਰ ਦਿੱਤਾ ਹੈ। ਇਹ ਮਾਮਲਾ ਪੰਜਾਬ ਵਿਜੀਲੈਂਸ ਬਿਊਰੋ ਵਿੱਚ ਤਾਇਨਾਤ ਅਧਿਕਾਰੀਆਂ ਵੱਲੋਂ ਗੈਰ-ਕਾਨੂੰਨੀ ਰਿਸ਼ਵਤ ਦੀ ਮੰਗ ਕੀਤੇ ਜਾਣ ਨਾਲ ਜੁੜਿਆ ਹੋਇਆ ਹੈ। ਸੀਬੀਆਈ ਦੇ ਬੁਲਾਰੇ ਨੇ ਕਿਹਾ ਕਿ ਸੀਬੀਆਈ ਕੋਲ ਪੰਜਾਬ ਰਾਜ ਟੈਕਸ ਅਧਿਕਾਰੀ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਵਿਜੀਲੈਂਸ ਪੰਜਾਬ ਦੇ ਦਫ਼ਤਰ ਵਿੱਚ ਉਸਦੇ ਵਿਰੁੱਧ ਲੰਬਿਤ ਸ਼ਿਕਾਇਤ ਨੂੰ ਬੰਦ ਕਰਨ ਲਈ 20 ਲੱਖ ਰੁਪਏ ਦੀ ਮੰਗ ਕੀਤੀ ਹੈੈ। ਇਹ ਦੋਵੇਂ ਦਲਾਲ ਵਿਜੀਲੈਂਸ ਦੇ ਸੀਨੀਅਰ ਅਧਿਕਾਰੀਆਂ ਦੇ ਵਿਚੋਲੇ ਵਜੋਂ ਕੰਮ ਕਰ ਰਹੇ ਸਨ, ਜਿਨ੍ਹਾਂ ਵਿੱਚ ਵਿਜੀਲੈਂਸ ਦੇ ਮੁੱਖ ਡਾਇਰੈਕਟਰ ਦਾ ਰੀਡਰ ਵੀ ਸ਼ਾਮਲ ਹੈ  ਇਸ ਤਿਕੜੀ ਨੇ ਨਿੱਜੀ ਤੌਰ ’ਤੇ ਸ਼ਿਕਾਇਤ ਕਰਤਾ ਨੂੰ ਭਰੋਸਾ ਦਿੱਤਾ ਸੀ ਕਿ ਰਿਸ਼ਵਤ ਦੇਣ ਤੋਂ ਬਾਅਦ ਉਸਦਾ ਮਾਮਲਾ ਖਤਮ ਕਰ ਦਿੱਤਾ ਜਾਵੇਗਾ। ਇਸੇ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਦੇ ਅਧਿਕਾਰੀ ਦਾ ਕਹਿਣਾ ਸੀ ਕਿ ਅਸੀਂ ਸੀਬੀਆਈ ਨੂੰ ਪੂਰਾ ਸਹਿਯੋਗ ਕਰਾਂਗੇ ਅਤੇ ਕਾਨੂੰਨ ਨੂੰ ਆਪਣਾ ਕੰਮ ਕਰਨ ਦਿਆਂਗੇ।  

ਮੰਡੀ ਗੋਬਿੰਦਗੜ੍ਹ, 11 ਮਈ: ਦੇਸ਼ ਭਗਤ ਗਲੋਬਲ ਸਕੂਲ ਵਿਖੇ ਮਾਵਾਂ ਦੇ ਪਿਆਰ, ਦੇਖਭਾਲ ਅਤੇ ਸਮਰਪਣ ਦਾ ਸਨਮਾਨ ਕਰਨ ਲਈ ਇੱਕ ਖੁਸ਼ੀਆਂ ਭਰਿਆ ਅਤੇ ਯਾਦਗਾਰੀ ਮਾਂ ਦਿਵਸ ਸਮਾਰੋਹ ਦਾ ਆਯੋਜਨ ਕੀਤਾ ਗਿਆ।
ਇਸ ਸਮਾਰੋਹ ਦੀ ਸ਼ੁਰੂਆਤ ਸਕੂਲ ਦੀ ਪ੍ਰਿੰਸੀਪਲ ਇੰਦੂ ਸ਼ਰਮਾ ਦੁਆਰਾ ਨਿੱਘੇ ਸਵਾਗਤ ਨਾਲ ਹੋਈ, ਜਿਸ ਤੋਂ ਬਾਅਦ ਅਧਿਆਪਕਾਂ ਦੁਆਰਾ ਸਾਰੀਆਂ ਮਾਵਾਂ ਨੂੰ ਵਿਸ਼ੇਸ਼ ਅਤੇ ਪ੍ਰਸ਼ੰਸਾਯੋਗ ਮਹਿਸੂਸ ਕਰਵਾਉਣ ਲਈ ਇੱਕ ਮਨਮੋਹਕ ਰੰਗਾਰੰਗ ਪ੍ਰੋਗਰਾਮ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰੋਗਰਾਮ ਦੇ ਮੁੱਖ ਆਕਰਸ਼ਣਾਂ ਵਿੱਚੋਂ ਇੱਕ ਰੈਂਪ ਵਾਕ ਰਾਊਂਡ ਸੀ, ਜਿੱਥੇ ਮਾਵਾਂ ਨੇ ਪੂਰੇ ਵਿਸ਼ਵਾਸ ਨਾਲ ਸਟੇਜ ’ਤੇ ਚੱਲ ਕੇ ਆਪਣੀ ਸ਼ਾਨ, ਆਤਮਵਿਸ਼ਵਾਸ ਅਤੇ ਜੀਵੰਤ ਸ਼ਖਸੀਅਤ ਦਾ ਪ੍ਰਦਰਸ਼ਨ ਕੀਤਾ।
ਇਹ ਪ੍ਰੋਗਰਾਮ ਇੱਕ ਦਿਲਚਸਪ ਪ੍ਰਤਿਭਾ ਦੌਰ ਦੇ ਨਾਲ ਜਾਰੀ ਰਿਹਾ ਜਿਸ ਵਿੱਚ ਡਾਂਸ, ਗਾਇਕੀ, ਕਲਾ ਅਤੇ ਮਹਿੰਦੀ ਮੁਕਾਬਲੇ ਸ਼ਾਮਲ ਸਨ।
ਇਸ ਦੌਰਾਨ ਇਨਾਮ ਵੰਡ ਸਮਾਰੋਹ ਮੌਕੇ, ਪ੍ਰਿੰਸੀਪਲ ਸ਼੍ਰੀਮਤੀ ਇੰਦੂ ਸ਼ਰਮਾ ਨੇ ਜੇਤੂਆਂ ਨੂੰ ਡਾਂਸਿੰਗ ਦੀਵਾ, ਨਾਈਟਿੰਗੇਲ ਮੌਮ, ਹੀਨਾ ਕਵੀਨ, ਆਰਟਿਸਟਿਕ ਮੌਮ, ਗ੍ਰੇਸ ਇਨ ਸਟਾਈਲ ਅਤੇ ਮਿਲੀਅਨ ਡਾਲਰ ਸਮਾਈਲ ਸਮੇਤ ਵਿਸ਼ੇਸ਼ ਖਿਤਾਬਾਂ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਕੂਲ ਦੇ ਚੇਅਰਮੈਨ ਡਾ. ਜ਼ੋਰਾ ਸਿੰਘ ਅਤੇ ਜਨਰਲ ਸਕੱਤਰ ਡਾ. ਤਜਿੰਦਰ ਕੌਰ ਨੇ ਸਾਰੀਆਂ ਮਾਵਾਂ ਦਾ ਆਪਣੀ ਮੌਜੂਦਗੀ ਨਾਲ ਇਸ ਮੌਕੇ ਨੂੰ ਸ਼ਾਨਦਾਰ ਬਣਾਉਣ ਲਈ ਧੰਨਵਾਦ ਕੀਤਾ।

 ਪੰਜਾਬੀਆਂ ਦੀ ਕਸੌਟੀ ਤੇ ਖਰਾ ਉਤਰੇਗਾ ਪੰਜਾਬ ਬਚਾਓ ਮੋਰਚਾ= ਬ੍ਰਿਗ. ਹਰਵੰਤ ਸਿੰਘ

ਆਪਣੀਆਂ ਇੱਛਾਵਾਂ ਪੂਰੀਆਂ ਕਰਨ ਲਈ ਤੱਤਪਰ ਤੇ ਭ੍ਰਿਸ਼ਟਾਚਾਰੀ ਸਿਆਸਤਦਾਨ ਪੰਜਾਬ ਦੀ ਮਾੜੀ ਹਾਲਤ ਲਈ ਖੁਦ ਜ਼ਿੰਮੇਵਾਰ ਹਨ ਲੋਕਾਂ ਨੇ ਸਾਰੀਆਂ ਰਵਾਇਤੀ ਰਾਜਨੀਤਿਕ ਪਾਰਟੀਆਂ ਨੂੰ ਵਾਰ ਵਾਰ ਆਜ਼ਮਾ ਕੇ ਵੇਖਿਆ ਹੈ ਪਰ ਇਹਨਾਂ ਵਿੱਚੋਂ ਹਰ ਇੱਕ ਪਾਰਟੀ ਦੂਜੀ ਨਾਲੋਂ ਵੀ ਮਾੜੀ ਨਿਕਲੀ ਹੈ ਜਨਤਾ ਬਹੁਤ ਜ਼ਿਆਦਾ ਨਿਰਾਸ਼ ਹੈ ਕਿਉਂਕਿ ਉਹਨਾਂ ਨੂੰ ਸੁਰੰਗ ਦੇ ਅੰਤ 'ਤੇ ਕੋਈ ਰੌਸ਼ਨੀ ਨਹੀਂ ਦਿਖਾਈ ਦਿੰਦੀ ਹੁਣ ਸਮਾਂ ਗਿਆ ਹੈ ਕਿ ਪੰਜਾਬ ਇਹਨਾਂ ਫੋਕੀ ਗੱਲਬਾਤ ਕਰਨ ਵਾਲੀਆਂ ਰਾਜਨੀਤਿਕ ਪਾਰਟੀਆਂ ਤੋਂ ਛੁਟਕਾਰਾ ਪਾਵੇ ਇਸ ਗੱਲ ਦਾ ਪ੍ਰਗਟਾਵਾ ਜਾਗੋ ਪੰਜਾਬ ਮੰਚ ਦੇ ਪ੍ਰਧਾਨ ਰਿਟਾਇਰਡ ਬ੍ਰਿਗੇਡੀਅਰ ਹਰਵੰਤ ਸਿੰਘ ਨੇ ਇੱਕ ਪ੍ਰੈਸ ਨੋਟ ਰਾਹੀਂ ਕੀਤਾ ਹੈ

 

ਉਹਨਾਂ ਕਿਹਾ ਕਿ ਪੰਜਾਬੀ ਹੁਣ ਗਲਤ ਸ਼ਾਸਨ ਤੋਂ ਪ੍ਰੇਸ਼ਾਨ ਹੋ ਗਏ ਹਨ ਕਾਨੂੰਨ ਦੀ ਉਲੰਘਣਾ, ਭ੍ਰਿਸ਼ਟਾਚਾਰ, ਨਸ਼ਿਆਂ, ਮਾਈਨਿੰਗ ਅਤੇ ਹੋਰ ਮਾਫੀਆ, ਨੌਜਵਾਨਾਂ ਦੀ ਬੇਰੁਜ਼ਗਾਰੀ, ਸਰਕਾਰ ਦੁਆਰਾ ਫਜ਼ੂਲ ਖਰਚੇ ਕਾਰਨ ਚੜ੍ਹੇ ਚਾਰ ਲੱਖ ਕਰੋੜ ਰੁਪਏ ਤੋਂ ਵੱਧ ਦੇ ਕਰਜ਼ੇ ਹੇਠ ਦੱਬਿਆ ਹੋਇਆ ਹੈ ਆਪਣਾ ਪੰਜਾਬ ਖੇਤੀਬਾੜੀ ਤੇ ਕਮਜ਼ੋਰ ਆਰਥਿਕਤਾ ਕਾਰਨ ਬਹੁਤ ਸਾਰੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਦਰਿਆਈ ਪਾਣੀਆਂ ਦੇ ਪ੍ਰਦੂਸ਼ਣ, ਆਦਿ ਤੋਂ ਪੀੜਤ ਹਨ ਅਜਿਹੀ ਸੂਚੀ ਬਹੁਤ ਲੰਮੀ ਹੈ

 

ਉਹਨਾਂ ਕਿਹਾ ਕਿ ਉਪਰੋਕਤ ਨੂੰ ਧਿਆਨ ਵਿੱਚ ਰੱਖਦੇ ਹੋਏ, ਪੰਜਾਬ ਦੇ ਸ਼ੁਭਚਿੰਤਕਾਂ ਨੇ ਅਗਲੀਆਂ ਪੰਜਾਬ ਚੋਣਾਂ (2027) ਵਿੱਚ ਇਹਨਾਂ ਰਵਾਇਤੀ ਰਾਜਨੀਤਿਕ ਪਾਰਟੀਆਂ ਨੂੰ ਸੱਤਾ ਤੋਂ ਹਟਾ ਕੇ ਪੰਜਾਬ ਨੂੰ ਬਚਾਉਣ ਲਈ ਕਈ ਸਮਾਜਸੇਵੀ ਸੰਸਥਾਵਾਂ ਅਤੇ ਕੁਝ ਪਾਰਟੀਆਂ ਨੂੰ ਮਿਲਾ ਕੇ, "ਜਾਗੋ ਪੰਜਾਬ ਮੰਚ" ਦਾ ਗਠਨ ਕੀਤਾ ਹੈ

 

ਬ੍ਰਿਗੇਡੀਅਰ ਹਰਵੰਤ ਸਿੰਘ ਨੇ ਕਿਹਾ ਕਿ ਇਕੱਲੇ, ਉਪਰੋਕਤ ਸ਼ੁਭਚਿੰਤਕਾਂ ਦੀਆਂ ਪਾਰਟੀਆਂ ਮੰਚ/ਸਮੂਹ/ਸੰਸਥਾਵਾਂ ਮਿਲਕੇ ਵੀ ਰਵਾਇਤੀ ਰਾਜਨੀਤਿਕ ਪਾਰਟੀਆਂ ਦੇ ਪੈਸੇ ਅਤੇ ਸ਼ਕਤੀ ਦਾ ਮੁਕਾਬਲਾ ਨਹੀਂ ਕਰ ਸਕਣਗੀਆਂ ਅਤੇ ਆਪਣੇ ਉੱਚ ਮਿਸ਼ਨ ਵਿੱਚ ਅਸਫਲ ਹੋ ਜਾਣਗੀਆਂ ਪੰਜਾਬ ਦੀ ਪੁਰਾਣੀ ਅਤੇ ਰਿਵਾਇਤੀ ਸ਼ਾਨ ਨੂੰ ਬਹਾਲ ਕਰਨ ਦੇ ਆਪਣੇ ਮਿਸ਼ਨ ਵਿੱਚ ਸਫਲ ਹੋਣਾ, ਕੁਝ ਚੰਗਾ ਕਰਨ ਲਈ ਸ਼ਕਤੀ ਪ੍ਰਾਪਤ ਕਰਨਾ ਹੈ ਇੱਕ ਸੰਗਠਨ ਜਾਂ ਸ਼ਕਤੀ ਤੋਂ ਬਿਨਾਂ ਇੱਕ ਵਿਅਕਤੀ ਸਿਰਫ ਵਿਰਲਾਪ ਹੀ ਕਰ ਸਕਦਾ ਹੈ ਇਸ ਅਨੁਸਾਰ,ਪੰਜਾਬ ਦੀਆਂ ਸਾਰੀਆਂ ਸ਼ੁਭ ਚਿੰਤਕ ਪਾਰਟੀਆਂ/ਮੰਚਾਂ/ਸਮੂਹਾਂ, ਆਦਿ ਨੇ 2027 ਦੀ ਲੜਾਈ ਲੜਨ ਲਈ ਇੱਕ "ਛਤਰੀ" ਸੰਗਠਨ ਬਣਾਉਣਾ ਹੈ ਉਕਤ ਛਤਰੀ ਸੰਗਠਨ ਲਈ ਸੁਝਾਏ ਗਏ ਨਾਵਾਂ ਵਿੱਚੋਂ ਇੱਕ "ਪੰਜਾਬ ਬਚਾਓ ਮੋਰਚਾ" (ਸੰਖੇਪ ਵਿੱਚ ਪੀਬੀਐਮ) ਹੈ

 

ਪੀਬੀਐਮ ਦਾ ਪ੍ਰਸਤਾਵਿਤ ਸੰਗਠਨ ਢਾਂਚਾ

ਪੀਬੀਐਮ ਸੰਕਲਪ", ਵਿਚਾਰ, ਵਾਤਾਵਰਣ ਸਕੈਨਿੰਗ ਯੋਜਨਾ, ਸਰੋਤ ਜੁਟਾਉਣ ਅਤੇ ਬੈਲੇਟ ਦੀ ਜੰਗ ਦੇ ਵੱਖ-ਵੱਖ ਪੜਾਵਾਂ ਵਿੱਚ ਸਥਿਤੀਆਂ ਨੂੰ ਸਮਰੱਥ ਬਣਾਉਣ ਦੀ ਸਿਰਜਣਾ ਲਈ ਇੱਕ ਸਿਖਰ ਕਮੇਟੀ ਹੋਵੇਗੀ ਇਸਦੀ ਸਹਾਇਤਾ ਇੱਕ ਥਿੰਕ ਟੈਂਕ ਦੁਆਰਾ ਕੀਤੀ ਜਾਵੇਗੀ ਜਿਸ ਵਿੱਚ ਉੱਘੇ ਚਿੰਤਕ ਅਤੇ ਰਾਜ ਦੇ ਸ਼ਾਸਨ, ਆਰਥਿਕਤਾ ਅਤੇ ਹੋਰ ਸਾਰੇ ਪਹਿਲੂਆਂ/ਵਿਭਾਗਾਂ ਦੇ ਵੱਖ-ਵੱਖ ਮਾਮਲਿਆਂ ਵਿੱਚ ਮਾਹਿਰਾਂ ਦੀਆਂ ਸਲਾਹਕਾਰ ਕਮੇਟੀਆਂ ਹੋਣਗੀਆਂ

 

ਪੰਜਾਬ ਨੂੰ ਚਾਰ ਜ਼ੋਨਾਂ ਵਿੱਚ ਵੰਡਿਆ ਜਾਵੇਗਾ, ਮਾਝਾ, ਦੋਆਬਾ, ਮਾਲਵਾ ਉੱਤਰੀ ਅਤੇ ਦੱਖਣੀ ਇਹਨਾਂ ਜ਼ੋਨਾਂ ਵਿੱਚ ਵੱਖ-ਵੱਖ ਜ਼ਿਲ੍ਹੇ ਹੋਣਗੇ ਜੋ ਫਿਰ ਬਲਾਕ/ਵਿਧਾਨ ਸਭਾ ਹਲਕੇ ਬਣਾਉਣਗੇ ਪੀਬੀਐਮ ਦਾ ਮੈਨੀਫੈਸਟੋ ਸੰਵਿਧਾਨਕ ਪਾਰਟੀਆਂ/ਸਮੂਹਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਤਿਆਰ ਕੀਤਾ ਜਾਵੇਗਾ

ਹਰਿਆਣਾ ਦੇ ਸੀਐਮ ਨਾਇਬ ਸਿੰਘ ਸੈਣੀ ਅਤੇ ਸੁਨੀਲ ਜਾਖੜ ਨੇ ਗਿਆਨ ਸਿੰਘ ਦਾ ਕੀਤਾ ਸਨਮਾਨ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਚਚੇਰੇ ਭਰਾ ਗਿਆਨ ਸਿੰਘ ਅੱਜ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਚੰਡੀਗੜ੍ਹ ਵਿਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਗਿਆਨ ਸਿੰਘ ਦਾ ਭਾਜਪਾ ਵਿਚ ਸਵਾਗਤ ਕੀਤਾ। ਦੱਸਿਆ ਗਿਆ ਕਿ ਗਿਆਨ ਸਿੰਘ  2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਕੰਪੇਨ ਇੰਚਾਰਜ ਵੀ ਰਹੇ ਹਨ। ਨਾਇਬ ਸਿੰਘ ਸੈਣੀ ਅਤੇ ਸੁਨੀਲ ਜਾਖੜ ਨੇ ਕਿਹਾ ਕਿ ਗਿਆਨ ਸਿੰਘ ਨੂੰ ਭਾਰਤੀ ਜਨਤਾ ਪਾਰਟੀ ਵਿਚ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਇਨ੍ਹਾਂ ਆਗੂਆਂ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਜੰਮ ਕੇ ਆਲੋਚਨਾ ਕੀਤੀ ਹੈ।

ਚੰਡੀਗੜ੍ਹ : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲਿਆਂਦੇ ਗਏ ਸਿੱਖਿਆ ਸੁਧਾਰਾਂ ਸਦਕਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ 10ਵੀਂ ਜਮਾਤ ਦੇ ਨਤੀਜਿਆਂ ਵਿੱਚ ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਨੇ ਆਪਣੇ ਸ਼ਹਿਰੀ ਸਕੂਲਾਂ ਦੇ ਜਮਾਤੀਆਂ ਨੂੰ ਪਛਾੜ ਦਿੱਤਾ ਹੈ। ਪੇਂਡੂ ਖੇਤਰਾਂ ਵਿੱਚ ਪਾਸ ਦਰ 95.35% ਦਰਜ ਕੀਤੀ ਗਈ ਹੈ ਜਦੋਂਕਿ ਸ਼ਹਿਰੀ ਖੇਤਰਾਂ ਵਿੱਚ ਇਹ 92.98% ਰਹੀ ਹੈ।

ਇੱਥੇ ਅੱਜ ਵੇਰਵੇ ਸਾਂਝੇ ਕਰਦਿਆਂ, ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਇਸ ਨਤੀਜੇ ਦੀ ਸ਼ਲਾਘਾ ਕਰਦਿਆਂ ਇਸਨੂੰ ਜ਼ਮੀਨੀ ਪੱਧਰ 'ਤੇ 'ਸਿੱਖਿਆ ਕ੍ਰਾਂਤੀ' ਦੇ ਅਮਲ ਵਿੱਚ ਆਉਣ ਦਾ ਸਬੂਤ ਦੱਸਿਆ।

ਸਰਸਵਤੀ ਸੀਨੀਅਰ ਸੈਕੰਡਰੀ ਸਕੂਲ, ਜੈਤੋ (ਫ਼ਰੀਦਕੋਟ) ਦੀ ਵਿਦਿਆਰਥਣ ਹਰਲੀਨ ਸ਼ਰਮਾ ਨੇ 650 ਵਿੱਚੋਂ 646 ਅੰਕ (99.38%) ਪ੍ਰਾਪਤ ਕਰਕੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਬੇਹੱਦ ਸਖ਼ਤ ਮੁਕਾਬਲੇ ਵਿੱਚ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਚਨੌਲੀ ਬਸੀ (ਰੂਪਨਗਰ) ਦੇ ਮਨੀਮਹੇਸ਼ ਸ਼ਰਮਾ ਨੇ 650 ਵਿੱਚੋਂ 645 ਅੰਕ (99.23%) ਹਾਸਲ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ। ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਚੀਫ਼ ਖ਼ਾਲਸਾ ਦੀਵਾਨ, ਮਾਡਲ ਟਾਊਨ, ਹੁਸ਼ਿਆਰਪੁਰ ਦੀ ਰੀਆ ਰਾਨੀ ਨੇ 650 ਵਿੱਚੋਂ 645 ਅੰਕ (99.23%) ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ।

ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ 2,69,505 ਵਿਦਿਆਰਥੀ ਬੈਠੇ ਸਨ, ਜਿਨ੍ਹਾਂ ਵਿੱਚੋਂ 2,54,744 ਵਿਦਿਆਰਥੀ ਪਾਸ ਹੋਏ ਹਨ, ਜਿਸ ਨਾਲ ਕੁੱਲ ਪਾਸ ਪ੍ਰਤੀਸ਼ਤਤਾ 94.52% ਰਹੀ ਹੈ। ਪੇਂਡੂ ਵਿਦਿਆਰਥੀਆਂ ਨੇ ਸ਼ਹਿਰੀ ਵਿਦਿਆਰਥੀਆਂ ਨੂੰ ਪਿੱਛੇ ਛੱਡ ਦਿੱਤਾ ਹੈ, ਜਿਸ ਵਿੱਚ ਪੇਂਡੂ ਖੇਤਰ ਦੇ 1,74,958 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਅਤੇ 1,66,830 ਪਾਸ ਹੋਏ, ਜਿਨ੍ਹਾਂ ਦੀ ਪਾਸ ਦਰ 95.35% ਰਹੀ। ਸ਼ਹਿਰੀ ਖੇਤਰਾਂ ਵਿੱਚ 94,547 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਜਿਨ੍ਹਾਂ ਵਿੱਚੋਂ 87,914 ਵਿਦਿਆਰਥੀ ਪਾਸ ਹੋਏ, ਜਿਸ ਨਾਲ ਉਨ੍ਹਾਂ ਦੀ ਪਾਸ ਦਰ 92.98% ਦਰਜ ਕੀਤੀ ਗਈ।

ਸਾਰੇ ਸਫ਼ਲ ਵਿਦਿਆਰਥੀਆਂ ਨੂੰ ਤਹਿ ਦਿਲੋਂ ਵਧਾਈਆਂ ਦਿੰਦਿਆਂ, ਸ. ਬੈਂਸ ਨੇ ਕਿਹਾ ਕਿ ਪੇਂਡੂ ਅਤੇ ਸ਼ਹਿਰੀ ਖੇਤਰਾਂ ਦੀ ਪਾਸ ਦਰ ਵਿੱਚ 2.3 ਪ੍ਰਤੀਸ਼ਤ ਅੰਕਾਂ ਦਾ ਅੰਤਰ ਪਿਛਲੇ ਰੁਝਾਨਾਂ ਦੇ ਮੁਕਾਬਲੇ ਇੱਕ ਇਤਿਹਾਸਕ ਬਦਲਾਅ ਹੈ, ਕਿਉਂਕਿ ਪਹਿਲਾਂ ਅਕਸਰ ਸ਼ਹਿਰੀ ਸਕੂਲ ਹੀ ਅੱਗੇ ਰਹਿੰਦੇ ਸਨ। ਉਨ੍ਹਾਂ ਨੇ ਇਸ ਬਦਲਾਅ ਦਾ ਸਿਹਰਾ ਸਿੱਖਿਆ ਦੇ ਬੁਨਿਆਦੀ ਢਾਂਚੇ ਵਿੱਚ ਕੀਤੇ ਗਏ ਨਿਵੇਸ਼ ਅਤੇ ਅਧਿਆਪਕਾਂ ਦੀ ਨਿਯਮਤ ਸਿਖਲਾਈ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਰਿਪੋਰਟ ਕਾਰਡ ਨਹੀਂ ਹੈ, ਇਹ ਉਸ ਸਰਕਾਰ ਦਾ ਰਿਪੋਰਟ ਕਾਰਡ ਹੈ ਜੋ ਵਿਸ਼ੇਸ਼ ਅਧਿਕਾਰ ਦੀ ਬਜਾਏ ਬਰਾਬਰ ਮੌਕੇ ਪ੍ਰਦਾਨ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ।

26 ਮਈ ਨੂੰ ਪੈਣਗੀਆਂ ਵੋਟਾਂ ਅਤੇ 29 ਮਈ ਨੂੰ ਆਏਗਾ ਨਤੀਜਾ
ਚੰਡੀਗੜ੍ਹ/ਬਿਊਰੋ ਨਿਊਜ਼    
ਪੰਜਾਬ ਦੇ ਸਟੇਟ ਇਲੈਕਸ਼ਨ ਕਮਿਸ਼ਨਰ ਵਲੋਂ ਨਗਰ ਨਿਗਮ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਇਸਦੇ ਨਾਲ ਹੀ ਸੂਬੇ ਵਿਚ ਚੋਣ ਜ਼ਾਬਤਾ ਵੀ ਲਾਗੂ ਹੋ ਗਿਆ ਹੈ। ਚੰਡੀਗੜ੍ਹ ਦੇ ਪੰਜਾਬ ਭਵਨ ਵਿਚ ਸਟੇਟ ਇਲੈਕਸ਼ਨ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਪ੍ਰੈਸ ਕਾਨਫਰੰਸ ਦੌਰਾਨ ਇਨ੍ਹਾਂ ਚੋਣਾਂ ਨੂੰ ਲੈ ਕੇ ਐਲਾਨ ਕੀਤਾ ਹੈ। ਰਾਜ ਕਮਲ ਚੌਧਰੀ ਨੇ ਦੱਸਿਆ ਕਿ 26 ਮਈ ਨੂੰ ਵੋਟਾਂ ਪੈਣਗੀਆਂ ਅਤੇ ਇਨ੍ਹਾਂ ਵੋਟਾਂ ਲਈ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ।  ਇਨ੍ਹਾਂ ਵੋਟਾਂ ਦੇ ਨਤੀਜੇ 29 ਮਈ ਨੂੰ ਐਲਾਨੇ ਜਾਣਗੇ। ਸੂਬੇ ਦੇ ਚੋਣ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਨੂੰ ਲੈ ਕੇ ਨਾਮਜ਼ਦਗੀਆਂ ਦੀ ਪ੍ਰਕਿਰਿਆ 13 ਮਈ ਤੋਂ ਸ਼ੁਰੂ ਹੋ ਕੇ 16 ਮਈ ਤੱਕ ਚੱਲੇਗੀ ਅਤੇ 19 ਮਈ ਨੂੰ ਨਾਮਜ਼ਦਗੀ ਕਾਗਜ਼ ਵਾਪਸ ਲਏ ਜਾ ਸਕਣਗੇ। ਰਾਜ ਕਮਲ ਚੌਧਰੀ ਨੇ ਦੱਸਿਆ ਕਿ 8 ਨਗਰ ਨਿਗਮਾਂ ਵਿਚ ਇਹ ਚੋਣਾਂ ਹੋਣੀਆਂ ਹਨ। ਇਨ੍ਹਾਂ ਵਿਚ ਮੁਹਾਲੀ, ਬਠਿੰਡਾ, ਅਬੋਹਰ, ਬਰਨਾਲਾ, ਕਪੂਰਥਲਾ, ਮੋਗਾ, ਬਟਾਲਾ ਅਤੇ ਪਠਾਨਕੋਟ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ 76 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ ਵਿਚ ਵੀ ਚੋਣਾਂ ਹੋਣਗੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਨੂੰ ਲੈ ਕੇ 3977 ਪੋਲਿੰਗ ਸਟੇਸ਼ਨ ਬਣਾਏ ਗਏ ਹਨ ਅਤੇ ਇਹ ਚੋਣਾਂ ਸ਼ਹਿਰਾਂ ਵਿਚ ਹੀ ਹੋਣਗੀਆਂ।

ਚੰਡੀਗੜ੍ਹ/ਐਸਏਐਸ ਨਗਰ :– ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਐਮਆਰਐਸਏਐਫਪੀਆਈ), ਮੋਹਾਲੀ ਦੇ 30 ਵਿੱਚੋਂ 25 ਕੈਡਿਟਾਂ ਨੇ ਵੱਕਾਰੀ ਨੈਸ਼ਨਲ ਡਿਫੈਂਸ ਅਕੈਡਮੀ (ਐਨਡੀਏ) ਵਿਖੇ 157ਵੇਂ ਕੋਰਸ ਲਈ ਐਨਡੀਏ (1) ਲਿਖਤੀ ਪ੍ਰੀਖਿਆ ਪਾਸ ਕਰ ਲਈ ਹੈ। ਯੂਪੀਐਸਸੀ ਵੱਲੋਂ ਐਲਾਨੇ ਨਤੀਜਿਆਂ ਵਿੱਚ ਪ੍ਰਾਪਤ ਕੀਤੀ ਸ਼ਾਨਦਾਰ 83 ਫ਼ੀਸਦ ਦੀ ਸਫਲਤਾ ਦਰ ਇਹ ਦਰਸਾਉਂਦੀ ਹੈ ਕਿ ਸੰਸਥਾ ਨੇ ਆਪਣੇ ਇਤਿਹਾਸ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਸਫਲਤਾ ਦਰ ਹਾਸਲ ਕੀਤੀ ਹੈ। ਜ਼ਿਕਰਯੋਗ ਹੈ ਕਿ ਹੁਣ ਇਹ 25 ਕੈਡੇਟ ਸਰਵਿਸਿਜ਼ ਸਿਲੈਕਸ਼ਨ ਬੋਰਡ (ਐਸਐਸਬੀ) ਇੰਟਰਵਿਊ ਦੇਣਗੇ ਜੋ ਕਿ ਨੈਸ਼ਨਲ ਡਿਫੈਂਸ ਅਕੈਡਮੀ ਵਿੱਚ ਦਾਖਲੇ ਦਾ ਆਖਰੀ ਸਕ੍ਰੀਨਿੰਗ ਪੜਾਅ ਹੈ।

ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਕੈਡਿਟਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਐਸਐਸਬੀ ਇੰਟਰਵਿਊ ਅਤੇ ਅਗਲੇਰੀ ਸਿਖਲਾਈ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਹ ਕੈਡਿਟ ਪੰਜਾਬ ਦਾ ਮਾਣ ਹਨ। ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਦ੍ਰਿੜ ਵਚਨਬੱਧਤਾ ਨੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ।

ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ (ਸੇਵਾਮੁਕਤ) ਅਜੈ ਐਚ ਚੌਹਾਨ, ਵੀਐਸਐਮ ਨੇ ਕੈਡਿਟਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਯੂਪੀਐਸਸੀ ਪਾਸ ਕਰਨਾ ਇੱਕ ਮੀਲ ਪੱਥਰ ਹੈ ਪਰ ਐਸਐਸਬੀ ਅਸਲ ਪ੍ਰੀਖਿਆ ਹੈ। ਉਨ੍ਹਾਂ ਕੈਡਿਟਾਂ ਨੂੰ ਇਮਾਨਦਾਰੀ ਅਤੇ ਸਵੈ -ਪੜਚੋਲ ਨਾਲ ਆਪਣੇ ਮਨ ਨੂੰ ਇਕਾਗਰ ਅਤੇ ਸਿੱਖਿਅਤ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਫੈਕਲਟੀ ਨੂੰ ਵੀ ਵਧਾਈ ਦਿੱਤੀ ਜਿਨ੍ਹਾਂ ਨੇ ਇਹਨਾਂ ਨਤੀਜਿਆਂ ਲਈ ਸਖ਼ਤ ਮਿਹਨਤ ਕੀਤੀ। ਉਨ੍ਹਾਂ ਦੱਸਿਆ ਕਿ ਸੰਸਥਾ ਦੇ 25 ਕੈਡਿਟ ਇਸ ਸਾਲ ਜੂਨ ਵਿੱਚ ਸ਼ੁਰੂ ਹੋਣ ਵਾਲੇ ਐਨਡੀਏ, ਟੀਈਐਸ (ਤਕਨੀਕੀ ਐਂਟਰੀ ਸਕੀਮ) ਅਤੇ ਸੀਡੀਐਸ ਕੋਰਸਾਂ ਵਿੱਚ ਸ਼ਾਮਲ ਹੋਣ ਲਈ ਕਾਲ ਲੈਟਰਾਂ ਦੀ ਉਡੀਕ ਕਰ ਰਹੇ ਹਨ।

ਮੁਹਾਲੀ/ਬਿਊਰੋ ਨਿਊਜ਼    
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਦਸਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸਾਲ ਦਾ ਕੁੱਲ ਪਾਸ ਫੀਸਦੀ 94.52 ਰਿਹਾ ਹੈ। ਨਤੀਜਿਆਂ ਵਿੱਚ ਇੱਕ ਵਾਰ ਫਿਰ ਕੁੜੀਆਂ ਨੇ ਬਾਜ਼ੀ ਮਾਰੀ ਹੈ। ਫਰੀਦਕੋਟ ਜ਼ਿਲ੍ਹੇ ਦੇ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ, ਜੈਤੋ ਦੀ ਵਿਦਿਆਰਥਣ ਹਰਲੀਨ ਸ਼ਰਮਾ ਨੇ 650 ਵਿੱਚੋਂ 646 ਅੰਕ ਪ੍ਰਾਪਤ ਕਰਕੇ ਸੂਬੇ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਦੂਜੇ ਸਥਾਨ ’ਤੇ ਰੂਪਨਗਰ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਚਨੌਲੀ ਬਸੀ ਦਾ ਵਿਦਿਆਰਥੀ ਮਨੀ ਮਹੇਸ਼ ਸ਼ਰਮਾ ਰਿਹਾ, ਜਿਸ ਨੇ 645 ਅੰਕ ਪ੍ਰਾਪਤ ਕੀਤੇ। ਹੁਸ਼ਿਆਰਪੁਰ ਦੀ ਰੀਆ ਰਾਣੀ ਨੇ ਵੀ 645 ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕਰਕੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ। ਬੋਰਡ ਦੇ ਅੰਕੜਿਆਂ ਅਨੁਸਾਰ ਇਸ ਸਾਲ ਕੁੱਲ 2,69,505 ਵਿਦਿਆਰਥੀ ਪ੍ਰੀਖਿਆ ਵਿੱਚ ਬੈਠੇ ਸਨ, ਜਿਨ੍ਹਾਂ ਵਿੱਚੋਂ 2,54,744 ਵਿਦਿਆਰਥੀ ਪਾਸ ਹੋਏ ਹਨ ਅਤੇ ਕੁੜੀਆਂ ਦੀ ਪਾਸ ਫੀਸਦੀ ਮੁੰਡਿਆਂ ਨਾਲੋਂ ਬਿਹਤਰ ਰਹੀ ਹੈ।

ਸੰਗਰੂਰ, 11 ਮਈ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪਿੰਡ ਖੁਰਾਣਾ ਵਿਖੇ ਸਥਿਤ ਗੁਰਦੁਆਰਾ ਜੋਤੀਸਰ ਸਾਹਿਬ ਵਿਖੇ ਸੰਗਤ ਨਾਲ ਅਰਦਾਸ ਵਿੱਚ ਸ਼ਾਮਲ ਹੋ ਕੇ ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ-2026 ਨੂੰ ਲਾਗੂ ਕਰਨ ਦਾ ਬਲ ਬਖਸ਼ਣ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ। ਉਨ੍ਹਾਂ ਕਿਹਾ ਕਿ ਇਹ ਸਖ਼ਤ ਕਾਨੂੰਨ ਬਣਨ ਨਾਲ ਪੰਥ ਕਾਫ਼ੀ ਰਾਹਤ ਅਤੇ ਸੰਤੁਸ਼ਟੀ ਮਹਿਸੂਸ ਕਰ ਰਿਹਾ ਹੈ, ਜੋ ਇਹ ਯਕੀਨੀ ਬਣਾਏਗਾ ਕਿ ਕੋਈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਹਿੰਮਤ ਨਾ ਕਰੇ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਜਪਾ ਦੀ ਅਗਵਾਈ ਵਾਲੇ ਕੇਂਦਰ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਦੇਸ਼ ਵਾਸੀ ਸਭ ਦੇਖ ਰਹੇ ਹਨ ਕਿ ਕਿਵੇਂ ਭਾਰਤ ਦੇ ਫੈਸਲੇ ਵ੍ਹਾਈਟ ਹਾਊਸ ਤੋਂ ਲਏ ਜਾ ਰਹੇ ਹਨ ਅਤੇ ਕਿਵੇਂ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਸਿਆਸੀ ਵਿਰੋਧੀਆਂ ਨੂੰ ਡਰਾਉਣ ਲਈ ਕੀਤੀ ਜਾ ਰਹੀ ਹੈ। ਇਹ ਆਖਦਿਆਂ ਕਿ ਕਿ ਪੰਜਾਬੀ ਕਦੇ ਵੀ ਦਬਾਅ ਦੀਆਂ ਚਾਲਾਂ ਅੱਗੇ ਨਾ ਝੁਕੇ ਹਨ ਤੇ ਨਾ ਹੀ ਕਦੇ ਝੁਕਣਗੇ, ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੇ ਲੋਕ ਲੋਕਤੰਤਰ ਦੀ ਆਵਾਜ਼ ਨੂੰ ਦਬਾਉਣ ਦੀ ਹਰ ਕੋਸ਼ਿਸ਼ ਦਾ ਢੁਕਵਾਂ ਜਵਾਬ ਦੇਣਗੇ।  
ਆਪਣੇ ਐਕਸ ਹੈਂਡਲ 'ਤੇ ਕੁਝ ਫੋਟੋਆਂ ਸਾਂਝੀਆਂ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ "ਮੈਨੂੰ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਜੋਤੀਸਰ ਸਾਹਿਬ (ਛੇਵੀਂ ਪਾਤਸ਼ਾਹੀ) ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮੌਕੇ ਸ਼ਾਮਲ ਹੋ ਕੇ ਮੱਥਾ ਟੇਕਣ ਦਾ ਸੁਭਾਗ ਮਿਲਿਆ। ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਸ ਪਵਿੱਤਰ ਅਸਥਾਨ ਵਿਖੇ ਨਤਮਸਤਕ ਹੋ ਕੇ ਮੈਂ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਬਣਾ ਕੇ ਸੇਵਾ ਕਰਨ ਦਾ ਬਲ ਬਖ਼ਸ਼ਣ ਲਈ ਗੁਰੂ ਸਾਹਿਬ ਦਾ ਧੰਨਵਾਦ ਕੀਤਾ। ਇਸ ਮੌਕੇ ਮੈਂ ਪੰਜਾਬ ਦੀ ਚੜ੍ਹਦੀ ਕਲਾ, ਸਰਬੱਤ ਦੇ ਭਲੇ ਅਤੇ ਸੂਬੇ ਨੂੰ ਇੱਕ ਵਾਰ ਫਿਰ ਮੁੜ ਤੋਂ 'ਰੰਗਲਾ ਪੰਜਾਬ' ਬਣਾਉਣ ਦੀ ਸਮਰੱਥਾ ਅਤੇ ਸੋਝੀ ਬਖ਼ਸ਼ਣ ਦਾ ਆਸ਼ੀਰਵਾਦ ਮੰਗਿਆ ਅਤੇ ਅਰਦਾਸ ਕੀਤੀ ਕਿ ਗੁਰੂ ਸਾਹਿਬ ਸਭਨਾਂ 'ਤੇ ਆਪਣੀ ਕਿਰਪਾ ਬਣਾ ਕੇ ਰੱਖਣ।"
ਸੰਗਤ ਵਿੱਚ ਹਾਜ਼ਰੀ ਭਰਨ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਭਰ ਦੀ ਸਮੁੱਚੀ ਸਿੱਖ ਸੰਗਤ ਇਤਿਹਾਸਕ ਕਾਨੂੰਨ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ‘ਤੇ ਰੋਕ ਲਾਵੇਗਾ, ਦੇ ਪਾਸ ਹੋਣ 'ਤੇ ਖੁਸ਼ੀ ਤੇ ਸੰਤੁਸ਼ਟੀ ਪ੍ਰਗਟ ਕਰ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪ੍ਰਮਾਤਮਾ ਦੇ ਸ਼ੁਕਰਾਨੇ ਲਈ ਅੱਜ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਉਹ ਸੰਗਤ ਨਾਲ ਅਰਦਾਸ ਵਿੱਚ ਸ਼ਾਮਲ ਹੋਣ ਲਈ ਇਥੇ ਆਏ ਸਨ।  
ਮੁੱਖ ਮੰਤਰੀ ਨੇ ਕਿਹਾ ਕਿ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਪੰਜਾਬ ਦੇ ਲੋਕ ਸੂਬੇ ਦੇ ਕੋਨੇ-ਕੋਨੇ ‘ਚ ਧੰਨਵਾਦੀ ਸਮਾਗਮ ਕਰਵਾ ਰਹੇ ਹਨ ਕਿਉਂਕਿ ਇਹ ਕਾਨੂੰਨ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਧਾਰਮਿਕ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਲਈ ਰੋਜ਼ਾਨਾ ਕਈ ਸੱਦੇ ਆ ਰਹੇ ਹਨ। ਉਨ੍ਹਾਂ ਕਿਹਾ “ਸਰਬਸ਼ਕਤੀਮਾਨ ਪ੍ਰਮਾਤਮਾ ਨੇ ਮੈਨੂੰ ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ-2026, ਜੋ ਬੇਅਦਬੀ ਲਈ ਸਖ਼ਤ ਸਜ਼ਾ ਦੀ ਵਿਵਸਥਾ ਕਰਦਾ ਹੈ, ਲਾਗੂ ਕਰਨ ਦਾ ਮੌਕਾ ਦੇ ਕੇ ਮਨੁੱਖਤਾ ਦੀ ਸੇਵਾ ਦੀ ਵੱਡੀ ਜ਼ਿਮੇਵਾਰੀ ਸੌਂਪੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਪਾਸ ਕੀਤਾ ਗਿਆ ਇਹ ਕਾਨੂੰਨ ਇਹ ਯਕੀਨੀ ਬਣਾਏਗਾ ਕਿ ਹੁਣ ਭਵਿੱਖ ਵਿੱਚ ਕੋਈ ਵੀ ਬੇਅਦਬੀ ਵਰਗਾ ਨਾ-ਮੁਆਫੀਯੋਗ ਅਪਰਾਧ ਕਰਨ ਦੀ ਹਿੰਮਤ ਨਾ ਕਰੇ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਣ-ਮਰਿਆਦਾ ਅਤੇ ਸਤਿਕਾਰ ਨੂੰ ਕਾਇਮ ਰੱਖਣ ਪ੍ਰਤੀ 'ਆਪ' ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਦੀ ਸਰਕਾਰ ਸਿੱਖ ਮਰਿਆਦਾ ਅਤੇ ਲੋਕਾਂ ਦੀਆਂ ਭਾਵਨਾਵਾਂ ਪ੍ਰਤੀ ਪੂਰੀ ਤਰ੍ਹਾਂ ਸੁਹਿਰਦ ਹੈ ਅਤੇ ਇਹ ਕਾਨੂੰਨ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਵਿਰੁੱਧ ਮਜ਼ਬੂਤ ਰੋਕਥਾਮ ਵਜੋਂ ਕੰਮ ਕਰੇਗਾ।
ਪ੍ਰਧਾਨ ਮੰਤਰੀ ਵੱਲੋਂ ਲੋਕਾਂ ਨੂੰ ਕੀਤੀਆਂ ਗਈਆਂ ਹਾਲੀਆ ਅਪੀਲਾਂ ਸਬੰਧੀ ਇੱਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ "ਜੁਮਲਿਆਂ ਦੇ ਬਾਦਸ਼ਾਹ" ਨੂੰ ਦੇਸ਼ ਦੇ ਸਾਹਮਣੇ ਸੱਚ ਬੋਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ "ਇਹ ਸਪੱਸ਼ਟ ਹੋ ਗਿਆ ਹੈ ਕਿ ਦੇਸ਼ ਦੀ ਲਗਾਮ ਅੱਜ ਵ੍ਹਾਈਟ ਹਾਊਸ ਦੇ ਹੱਥ ਵਿੱਚ ਹੈ, ਜਿਸ ਕਰਕੇ ਸਾਰੇ ਵੱਡੇ ਫੈਸਲੇ ਉਨ੍ਹਾਂ ਦੀ ਸਹਿਮਤੀ ਤੋਂ ਬਾਅਦ ਹੀ ਲਏ ਜਾ ਰਹੇ ਹਨ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਾਰਤ-ਪਾਕਿਸਤਾਨ ਤਣਾਅ ਵਰਗੇ ਮੁੱਦਿਆਂ ਦੌਰਾਨ ਵੀ ਅਮਰੀਕੀ ਅਧਿਕਾਰੀਆਂ ਦੁਆਰਾ ਫਰਮਾਨ ਸੁਣਾਇਆ ਗਿਆ ਸੀ, ਜੋ  ਦੇਸ਼ ਦੀ ਪ੍ਰਭੂਸੱਤਾ ਪ੍ਰਤੀ ਗੰਭੀਰ ਚਿੰਤਾਵਾਂ ਖ਼ੜ੍ਹੀਆਂ ਕਰਦਾ ਹੈ। ਉਨ੍ਹਾਂ ਕਿਹਾ, "ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਦਾ ਦਾਅਵਾ ਕਰਨ ਵਾਲੇ ਅਸਲ ਵਿੱਚ ਵਿਸ਼ਵ ਚੇਲਾ ਬਣਨ ਵੱਲ ਵਧ ਰਹੇ ਹਨ ਕਿਉਂਕਿ ਅੱਜ ਅੱਖਾਂ ਮੁੰਦ ਕੇ ਵ੍ਹਾਈਟ ਹਾਊਸ ਦੇ ਨਿਰਦੇਸ਼ਾਂ ਦੀ ਅੰਨ੍ਹੇਵਾਹ ਪਾਲਣਾ ਕੀਤੀ ਜਾ ਰਹੀ ਹੈ,"
ਕੇਂਦਰ ਦੀਆਂ ਆਰਥਿਕ ਨੀਤੀਆਂ 'ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮੇਕ ਇਨ ਇੰਡੀਆ ਸਬੰਧੀ ਲੰਬੇ-ਚੌੜੇ ਦਾਅਵਿਆਂ ਦੇ ਬਾਵਜੂਦ  ਰੱਖਿਆ ਖੇਤਰ ਵਿੱਚ ਵੀ ਐਫਡੀਆਈ ਦੀ ਆਗਿਆ ਦੇਣ ਵਰਗੀਆਂ ਨੀਤੀਆਂ ਨੇ ਦੇਸ਼ ਦੇ ਹਿੱਤਾਂ ਨੂੰ ਕਮਜ਼ੋਰ ਕਰ ਦਿੱਤਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਪ੍ਰਸਤਾਵਿਤ ਭਾਰਤ-ਅਮਰੀਕਾ ਵਪਾਰ ਸਮਝੌਤਾ ਭਾਰਤੀ ਖੇਤੀਬਾੜੀ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦਾ ਹੈ, ਜਿਸ ਦਾ ਕਿਸਾਨਾਂ 'ਤੇ ਮਾੜਾ ਪ੍ਰਭਾਵ ਪਵੇਗਾ।
ਪੰਜਾਬ ਵਿੱਚ ਈਡੀ ਦੇ ਛਾਪਿਆਂ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਆਪਣੇ ਸਿਆਸੀ ਵਿਰੋਧੀਆਂ ਦੀ ਬਾਂਹ ਮਰੋੜਨ ਲਈ ਕੇਂਦਰੀ ਏਜੰਸੀ ਦੀ ਸ਼ਰੇਆਮ ਦੁਰਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਈਡੀ, ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਧਮਕਾਉਣ ਅਤੇ ਲੋਕਤੰਤਰ ਦਾ ਆਵਾਜ਼ ਨੂੰ ਦਬਾਉਣ ਦਾ ਇੱਕ ਸਾਧਨ ਬਣ ਕੇ ਰਹਿ ਗਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ "ਪੰਜਾਬੀਆਂ ਕਦੇ ਵੀ ਅਜਿਹੀਆਂ ਦਬਾਅ ਪਾਉਣ ਵਾਲੀਆਂ ਚਾਲਾਂ ਅੱਗੇ ਨਾ ਝੁਕੇ ਸੀ ਅਤੇ ਨਾ ਝੁਕਣਗੇ। ਪੰਜਾਬ ਦੇ ਬਹਾਦਰ ਅਤੇ ਸੂਝਵਾਨ ਲੋਕ ਇਨ੍ਹਾਂ ਕੋਸ਼ਿਸ਼ਾਂ ਦਾ ਢੁਕਵਾਂ ਜਵਾਬ ਦੇਣਗੇ।"

ਵਿਕਰਮਜੀਤ ਸਿੰਘ ਸਾਹਨੀ ਨੇ ਪੰਜਾਬੀ ਨੂੰ ਲਾਜ਼ਮੀ ਵਿਸ਼ਾ ਬਣਾਈ ਰੱਖਣ ਦੀ ਕੀਤੀ ਅਪੀਲ  
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਆਰਮੀ ਸਕੂਲਾਂ ਵਿਚ ਸੰਸਕ੍ਰਿਤ ਨੂੰ ਲਾਜ਼ਮੀ ਅਤੇ ਪੰਜਾਬੀ ਨੂੰ ਇਕ ਬਦਲਵਾਂ ਵਿਸ਼ਾ ਬਣਾਉਣ ਦੇ ਫੈਸਲੇ ਨੇ ਸੂਬੇ ਵਿਚ ਭਾਰੀ ਰੋਸ ਪੈਦਾ ਕਰ ਦਿੱਤਾ ਹੈ। ਮਾਪਿਆਂ ਨੂੰ ਭੇਜੇ ਗਏ ਇਕ ਸੁਨੇਹੇ ਵਿਚ ਕਿਹਾ ਗਿਆ ਹੈ ਕਿ ਸਾਲ 2026-27 ਦੇ ਸੈਸ਼ਨ ਲਈ ਸੰਸਕ੍ਰਿਤ ਲਾਜ਼ਮੀ ਹੋਵੇਗੀ, ਜਦੋਂ ਕਿ ਪੰਜਾਬੀ ਪੜ੍ਹਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਆਪਣੇ ਮਾਪਿਆਂ ਤੋਂ ਸਹਿਮਤੀ ਪੱਤਰ ਲਿਆਉਣਾ ਪਵੇਗਾ। ਕਈ ਸਿਆਸੀ ਅਤੇ ਸਭਿਆਚਾਰਕ ਜਥੇਬੰਦੀਆਂ ਨੇ ਇਸ ਕਦਮ ਨੂੰ ਪੰਜਾਬੀ ਭਾਸ਼ਾ ਐਕਟ-2008 ਦੀ ਉਲੰਘਣਾ ਦੱਸਿਆ ਹੈ, ਜੋ ਸੂਬੇ ਦੇ ਸਾਰੇ ਸਕੂਲਾਂ ਵਿਚ ਦਸਵੀਂ ਜਮਾਤ ਤੱਕ ਪੰਜਾਬੀ ਪੜ੍ਹਾਉਣਾ ਲਾਜ਼ਮੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਫੌਜੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਰਤ ਭਰ ਵਿਚ ਫੌਜੀਆਂ ਦੀਆਂ ਬਦਲੀਆਂ ਹੁੰਦੀਆਂ ਰਹਿੰਦੀਆਂ ਹਨ, ਇਸ ਲਈ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਅੰਗਰੇਜ਼ੀ, ਹਿੰਦੂ ਅਤੇ ਸੰਸਕ੍ਰਿਤ ਵਰਗੀਆਂ ਮਿਆਰੀ ਭਾਸ਼ਾਵਾਂ ਪੜ੍ਹਾਉਣੀਆਂ ਜ਼ਰੂਰੀ ਹਨ। ਇਸੇ ਦੌਰਾਨ ਪੰਜਾਬ ਚੇਤਨਾ ਮੰਚ ਅਤੇ ਹੋਰ ਕਈ ਲੇਖਕਾਂ ਨੇ ਇਸ ਫੈਸਲੇ ਨੂੰ ‘ਮਨਮਾਨੀ’ ਕਰਾਰ ਦਿੱਤਾ ਹੈ। ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਇਸ ਮਾਮਲੇ ਵਿਚ ਦਖਲ ਦੇਣ ਅਤੇ ਪੰਜਾਬੀ ਨੂੰ ਲਾਜ਼ਮੀ ਵਿਸ਼ਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ।  

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.