Monday, 15 June 2026

ਚੰਡੀਗੜ੍ਹ/ਬਿਊਰੋ ਨਿਊਜ਼  
ਚੰਡੀਗੜ੍ਹ ਅਤੇ ਬਠਿੰਡਾ ਦੇ ਸਕੂਲਾਂ ਨੂੰ ਅੱਜ ਫਿਰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਧਿਆਨ ਰਹੇ ਕਿ ਸਕੂਲਾਂ ਨੂੰ ਅਜਿਹੀਆਂ ਧਮਕੀਆਂ ਪਹਿਲਾਂ ਵੀ ਮਿਲੀਆਂ ਸਨ। ਇਸੇ ਦੌਰਾਨ ਅੱਜ ਵੀਰਵਾਰ ਸਵੇਰੇ ਚੰਡੀਗੜ੍ਹ ਦੇ ਕਈ ਸਕੂਲਾਂ ਨੂੰ ਬੰਬ ਦੀ ਧਮਕੀ ਵਾਲੀਆਂ ਨਵੀਆਂ ਈਮੇਲਾਂ ਪ੍ਰਾਪਤ ਹੋਈਆਂ। ਇਸਦੇ ਚੱਲਦਿਆਂ ਚੰਡੀਗੜ੍ਹ ਪੁਲਿਸ ਅਤੇ ਬੰਬ ਖੋਜ ਦਸਤੇ ਪ੍ਰਭਾਵਿਤ ਸਕੂਲਾਂ ਵਿੱਚ ਪਹੁੰਚ ਗਏ ਅਤੇ ਤਲਾਸ਼ੀ ਮੁਹਿੰਮ ਚਲਾਈ ਗਈ। ਜਿਨ੍ਹਾਂ ਸਕੂਲਾਂ ਨੂੰ ਧਮਕੀ ਭਰੀ ਈਮੇਲ ਮਿਲੀ ਹੈ ਉਨ੍ਹਾਂ ਵਿਚ ਸੇਂਟ ਸਟੀਫਨ ਸਕੂਲ ਸੈਕਟਰ 45, ਦਿੱਲੀ ਪਬਲਿਕ ਸਕੂਲ ਸੈਕਟਰ 40 ਅਤੇ ਚਿਤਕਾਰਾ ਇੰਟਰਨੈਸ਼ਨਲ ਸਕੂਲ ਸੈਕਟਰ 25 ਸ਼ਾਮਲ ਹਨ। ਇਸੇ ਦੌਰਾਨ ਬਠਿੰਡਾ ਵਿਚ ਵੀ ਸਕੂਲਾਂ ਨੂੰ ਬੰਬ ਦੀ ਧਮਕੀ ਮਿਲੀ ਹੈ, ਜਿਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਵਿਚ ਹੜਕੰਪ ਮਚ ਗਿਆ। ਪੁਲਿਸ ਨੇ ਸਕੂਲ ਪ੍ਰਬੰਧਕਾਂ ਨੂੰ ਚੌਕਸੀ ਵਧਾਉਣ ਅਤੇ ਸਕੂਲਾਂ ਦੇ ਐਂਟਰੀ ਦਰਵਾਜ਼ਿਆਂ ’ਤੇ ਸਖਤ ਨਿਗਰਾਨੀ ਰੱਖਣ ਲਈ ਕਿਹਾ ਹੈ।  

ਚੰਡੀਗੜ੍ਹ, 20 ਮਈ:  ਸਕੂਲ ਸਿੱਖਿਆ ਵਿੱਚ ਨਵਾਂ ਮੀਲ ਪੱਥਰ ਸਥਾਪਤ ਕਰਦਿਆਂ ਪੰਜਾਬ ਦੇਸ਼ ਭਰ ਵਿੱਚੋਂ ਸਰਬੋਤਮ ਕਾਰਗੁਜ਼ਾਰੀ ਵਾਲੇ ਸੂਬੇ ਵਜੋਂ ਉਭਰਿਆ ਹੈ। ਪੰਜਾਬ ਨੇ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੇ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਵੱਲੋਂ ਸੂਬਿਆਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਜਾਰੀ ਕੀਤੇ ਗਏ 2024-25 ਦੇ ਪ੍ਰਫਾਰਮੈਂਸ ਗ੍ਰੇਡਿੰਗ ਇੰਡੈਕਸ (ਪੀ.ਜੀ.ਆਈ) 2.0 ਵਿੱਚ ਅੱਵਲ ਸਥਾਨ ਪ੍ਰਾਪਤ ਕੀਤਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਨੇ ਨੀਤੀ ਆਯੋਗ ਦੀ ਸਿੱਖਿਆ ਗੁਣਵੱਤਾ ਰਿਪੋਰਟ 2026 ਵਿੱਚ ਭਾਰਤ ਦੇ ਸਰਬੋਤਮ ਕਾਰਗੁਜ਼ਾਰੀ ਵਾਲੇ ਸੂਬਿਆਂ ਵਿੱਚ ਸ਼ੁਮਾਰ ਹੋਣ ਤੋਂ ਮਹਿਜ਼ ਦੋ ਹਫ਼ਤਿਆਂ ਬਾਅਦ ਹੀ ਪੀ.ਜੀ.ਆਈ. ਵਿੱਚ ਇਹ ਪਹਿਲਾ ਸਥਾਨ ਹਾਸਲ ਕੀਤਾ ਹੈ।

ਇਸ ਸ਼ਾਨਦਾਰ ਪ੍ਰਾਪਤੀ ਬਾਰੇ ਅੱਜ ਇੱਥੇ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਨੇ ਪ੍ਰਚੇਸ਼ਟਾ-ਗ੍ਰੇਡ 1 (51 ਫ਼ੀਸਦ ਤੋਂ 60 ਫ਼ੀਸਦ ਵਿਚਕਾਰ ਸਕੋਰ) ਹਾਸਲ ਕੀਤਾ ਹੈ। ਪੰਜਾਬ ਦੇ ਨਾਲ ਇਹ ਪ੍ਰਾਪਤੀ ਮਹਿਜ਼ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਨੇ ਹਾਸਲ ਕੀਤੀ ਹੈ। ਸੂਬੇ ਨੇ ਕੇਰਲਾ, ਦਿੱਲੀ, ਮਹਾਰਾਸ਼ਟਰ ਅਤੇ ਹਿਮਾਚਲ ਪ੍ਰਦੇਸ਼ ਨੂੰ ਪਛਾੜ ਦਿੱਤਾ ਹੈ ਅਤੇ ਇਹਨਾਂ ਸਾਰੇ ਸੂਬਿਆਂ ਨੂੰ ਪ੍ਰਚੇਸ਼ਟਾ- ਗ੍ਰੇਡ 2 ਵਿੱਚ ਰੱਖਿਆ ਗਿਆ ਹੈ।

ਸਿੱਖਿਆ ਮੰਤਰੀ ਨੇ ਦੱਸਿਆ ਕਿ ਪੀਜੀਆਈ 2.0 ਦਰਜਾ ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਛੇ ਖੇਤਰਾਂ ਵਿੱਚ ਉਨ੍ਹਾਂ ਦੀ ਸੰਯੁਕਤ ਕਾਰਗੁਜ਼ਾਰੀ ਦੇ ਆਧਾਰ 'ਤੇ ਦਿੱਤਾ ਜਾਂਦਾ ਹੈ ਜਿਹਨਾਂ ਵਿੱਚ ਸਿੱਖਣ ਦੇ ਨਤੀਜੇ ਅਤੇ ਗੁਣਵੱਤਾ, ਪਹੁੰਚ, ਬੁਨਿਆਦੀ ਢਾਂਚਾ ਅਤੇ ਸਹੂਲਤਾਂ, ਸਮਾਨਤਾ, ਪ੍ਰਸ਼ਾਸਨਿਕ ਪ੍ਰਕਿਰਿਆ ਅਤੇ ਅਧਿਆਪਕ ਸਿੱਖਿਆ ਅਤੇ ਸਿਖਲਾਈ ਸ਼ਾਮਲ ਹਨ।

ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਨੇ 150.4 ਦੇ ਪ੍ਰਭਾਵਸ਼ਾਲੀ ਸਕੋਰ ਨਾਲ ਸਭ ਤੋਂ ਮਹੱਤਵਪੂਰਨ ਖੇਤਰ ਸਿੱਖਣ ਦੇ ਨਤੀਜੇ ਅਤੇ ਗੁਣਵੱਤਾ ਵਿੱਚ ਦੇਸ਼ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਖੇਤਰ ਵਿੱਚ ਤੀਜੀ, ਛੇਵੀਂ ਅਤੇ ਨੌਵੀਂ ਜਮਾਤ ਲਈ ਭਾਸ਼ਾ, ਗਣਿਤ, ਵਿਗਿਆਨ ਅਤੇ ਸਮਾਜਿਕ ਵਿਗਿਆਨ ਵਿੱਚ ਵਿਦਿਆਰਥੀਆਂ ਦੀ ਮੁਹਾਰਤ ਦਾ ਮੁਲਾਂਕਣ ਕੀਤਾ ਜਾਂਦਾ ਹੈ ਅਤੇ ਇਹ ਵਿਦਿਅਕ ਗੁਣਵੱਤਾ ਦੇ ਮੁਲਾਂਕਣ ਦਾ ਸਭ ਤੋਂ ਪ੍ਰਭਾਵਸ਼ਾਲੀ ਮਾਪਦੰਡ ਹੈ।

ਜ਼ਿਲ੍ਹਿਆਂ ਲਈ ਪ੍ਰਫਾਰਮੈਂਸ ਗਰੇਡਿੰਗ ਇੰਡੈਕਸ (ਪੀਜੀਆਈ-ਡੀ) 2024-25 ਵਿੱਚ, ਬਰਨਾਲਾ ਨੇ 461 ਦੇ ਸਕੋਰ ਨਾਲ ਸੂਬੇ ਭਰ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਦਿਆਂ ਵੱਕਾਰੀ ਉੱਤਮ-2 ਗ੍ਰੇਡ ਹਾਸਲ ਕੀਤਾ ਹੈ। ਇਸ ਤੋਂ ਬਾਅਦ ਸ੍ਰੀ ਮੁਕਤਸਰ ਸਾਹਿਬ, ਐਸਬੀਐਸ ਨਗਰ (ਨਵਾਂਸ਼ਹਿਰ), ਹੁਸ਼ਿਆਰਪੁਰ, ਸੰਗਰੂਰ, ਤਰਨ ਤਾਰਨ ਅਤੇ ਮਾਲੇਰਕੋਟਲਾ ਜ਼ਿਲ੍ਹਿਆਂ ਦਾ ਨਾਂ ਸ਼ਾਮਲ ਹੈ। ਇਸ ਨਾਲ ਸਾਬਤ ਹੁੰਦਾ ਹੈ ਕਿ ਸਾਰੇ ਜ਼ਿਲ੍ਹਿਆਂ ਵਿੱਚ ਕਲਾਸਰੂਮਾਂ ‘ਚ ਉੱਤਮਤਾ ਨੂੰ ਯਕੀਨੀ ਬਣਾਇਆ ਗਿਆ ਹੈ। ਪੀਜੀਆਈ-ਡੀ ਤਹਿਤ ਜ਼ਿਲ੍ਹਿਆਂ ਨੂੰ ਛੇ ਮੁੱਖ ਖੇਤਰਾਂ ਵਿੱਚ ਦਰਜਾ ਦਿੱਤਾ ਜਾਂਦਾ ਹੈ ਜਿਹਨਾਂ ਵਿੱਚ ਨਤੀਜੇ, ਪ੍ਰਭਾਵਸ਼ਾਲੀ ਕਲਾਸਰੂਮ ਇੰਟਰੈਕਸ਼ਨ, ਬੁਨਿਆਦੀ ਢਾਂਚਾ ਸਹੂਲਤਾਂ ਅਤੇ ਵਿਦਿਆਰਥੀਆਂ ਦੇ ਅਧਿਕਾਰ, ਸਕੂਲ ਸੁਰੱਖਿਆ ਅਤੇ ਬਾਲ ਸੁਰੱਖਿਆ, ਡਿਜੀਟਲ ਸਿਖਲਾਈ ਅਤੇ ਪ੍ਰਸ਼ਾਸਨਿਕ ਪ੍ਰਕਿਰਿਆ ਸ਼ਾਮਲ ਹਨ।

ਇਸ ਪ੍ਰਾਪਤੀ ਲਈ ਮਿਹਨਤੀ ਅਤੇ ਸਮਰਪਿਤ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਕਿਹਾ, "ਇਹ ਤੁਹਾਡੀ ਜਿੱਤ ਹੈ। ਤੁਹਾਡੇ ਸਾਂਝੇ ਯਤਨਾਂ ਸਦਕਾ ਸਿੱਖਿਆ ਕ੍ਰਾਂਤੀ ਇੱਕ ਸੋਚ ਤੋਂ ਹਕੀਕਤ ਬਣ ਗਈ ਹੈ। ਦੇਸ਼ ਭਰ ਵਿੱਚ ਸਿੱਖਣ ਦੇ ਨਤੀਜਿਆਂ ਦੇ ਖੇਤਰ ਵਿੱਚ ਸਿਖਰ 'ਤੇ ਹੋਣਾ ਦਰਸਾਉਂਦਾ ਹੈ ਕਿ ਸਿੱਖਿਆ ਨੂੰ ਰੱਟਣ ਦੀ ਬਜਾਏ ਸਮਝਣ ਨੂੰ ਦਿੱਤੀ ਜਾ ਰਹੀ ਤਰਜੀਹ ਨਾਲ ਇਹ ਨਤੀਜੇ ਹਾਸਲ ਕੀਤੇ ਗਏ ਹਨ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ, ਅਸੀਂ ਪੁਰਾਣੀ ਰਿਵਾਇਤ ਨੂੰ ਖਤਮ ਕਰ ਦਿੱਤਾ ਹੈ। ਕੇਰਲਾ, ਦਿੱਲੀ ਅਤੇ ਮਹਾਰਾਸ਼ਟਰ ਨੂੰ ਪਛਾੜਨਾ ਹਰ ਪੰਜਾਬੀ ਲਈ ਮਾਣ ਵਾਲੀ ਗੱਲ ਹੈ। ਪੰਜਾਬ ਦੇ ਸਰਕਾਰੀ ਸਕੂਲ ਪੂਰੇ ਦੇਸ਼ ਲਈ ਨਵੇਂ ਮਾਪਦੰਡ ਸਥਾਪਤ ਕਰ ਰਹੇ ਹਨ। ਅਸੀਂ ਸਿਰਫ਼ ਸਕੂਲ ਨਹੀਂ ਬਣਾ ਰਹੇ ਹਾਂ। ਅਸੀਂ ਅਜਿਹਾ ਪੰਜਾਬ ਸਿਰਜ ਰਹੇ ਹਾਂ ਜੋ ਭਵਿੱਖ ਲਈ ਪੂਰੀ ਤਰ੍ਹਾਂ ਤਿਆਰ ਹੈ।"

ਹੁਣ ਰਿਸ਼ਤੇਦਾਰਾਂ ਦੇ ਅਧਾਰ ’ਤੇ ਨਹੀਂ ਮਿਲੇਗਾ ਦਾਖਲਾ
ਚੰਡੀਗੜ੍ਹ/ਬਿਊਰੋ ਨਿਊਜ਼
ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਨੇ ਅਕਾਦਮਿਕ ਸੈਸ਼ਨ 2026-27 ਦੇ ਲਈ ਐਨ.ਆਰ.ਆਈ. ਕੋਟੇ ਵਿਚ ਦਾਖਲੇ ਦੇ ਨਿਯਮਾਂ ਵਿਚ ਵੱਡਾ ਬਦਲਾਅ ਕੀਤਾ ਹੈ। ਯੂਨੀਵਰਸਿਟੀ ਪ੍ਰਸ਼ਾਸ਼ਨ ਨੇ ਐਨ.ਆਰ.ਆਈ. ਕੋਟੇ ਦੇ ਦੁਰਉਪਯੋਗ ਨੂੰ ਰੋਕਣ ਲਈ ਯੋਗਤਾ ਸ਼ਰਤਾਂ ਨੂੰ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਸਖਤ ਕਰ ਦਿੱਤਾ ਹੈ। ਹੁਣ ਤੱਕ ਵਿਦਿਆਰਥੀ ਆਪਣੇ ਚਾਚਾ, ਮਾਮਾ, ਦਾਦਾ-ਦਾਦੀ ਅਤੇ ਚਚੇਰੇ ਭਰਾਵਾਂ ਰਾਹੀਂ ਐਨ.ਆਰ.ਆਈ. ਕੋਟੇ ਲਈ ਅਰਜ਼ੀ ਦੇ ਸਕਦੇ ਸਨ। ਨਵੇਂ ਨਿਯਮਾਂ ਦੇ ਲਾਗੂ ਹੋਣ ਨਾਲ, ਸਿਰਫ ਅਸਲ ਐਨ.ਆਰ.ਆਈ. ਉਮੀਦਵਾਰ ਜਾਂ ਉਨ੍ਹਾਂ ਦੇ ਮਾਪੇ ਹੀ ਇਸ ਕੋਟੇ ਲਈ ਯੋਗ ਹੋਣਗੇ। ਰਿਸ਼ਤੇਦਾਰਾਂ ਰਾਹੀਂ ਦਾਖਲਾ ਲੈਣ ਦੀ ਪ੍ਰਥਾ ਨੂੰ ਖਤਮ ਕਰ ਦਿੱਤਾ ਗਿਆ ਹੈ। ਇਸਦੇ ਚੱਲਦਿਆਂ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ 10 ਫੀਸਦੀ ਵਾਧੂ ਸੀਟਾਂ ਪਹਿਲਾਂ ਦੀ ਤਰ੍ਹਾਂ ਐਨ.ਆਰ.ਆਈ. ਅਤੇ ਉਨ੍ਹਾਂ ਦੇ ਬੱਚਿਆਂ ਦੇ ਲਈ ਰਾਖਵੀਆਂ ਰਹਿਣਗੀਆਂ। ਇਸ ਤੋਂ ਇਲਾਵਾ 25 ਫੀਸਦੀ ਸੀਟਾਂ ਵਿਦੇਸ਼ੀ ਨਾਗਰਿਕਾਂ ਦੇ ਲਈ ਸੁਰੱਖਿਅਤ ਰੱਖੀਆਂ ਗਈਆਂ ਹਨ।

ਸੀਨੀਅਰ ਫੋਟੋਗ੍ਰਾਫ਼ਰ ਸਨਮਾਨਿਤ, 9 ਮਹੀਨਿਆਂ ਵਿੱਚ ਇਤਿਹਾਸਕ ਪ੍ਰਾਪਤੀਆਂ ਦਰਜ

ਚੰਡੀਗੜ੍ਹ  : ਚੰਡੀਗੜ੍ਹ ਫੋਟੋਗ੍ਰਾਫ਼ਰਜ਼ ਐਸੋਸੀਏਸ਼ਨ ਦੀ ਜਨਰਲ ਬਾਡੀ ਮੀਟਿੰਗ ਅੱਜ ਲਾਇਨਜ਼ ਕਲੱਬਸੈਕਟਰ 18 ਚੰਡੀਗੜ੍ਹ ਵਿਖੇ ਹੋਈਜਿਸ ਵਿੱਚ ਲਗਭਗ 200 ਵਿਅਕਤੀਆਂ ਵੱਲੋਂ ਭਾਗ ਲਿਆ ਗਿਆ। ਚੰਡੀਗੜ੍ਹਮੋਹਾਲੀ ਅਤੇ ਪੰਚਕੂਲਾ ਦੇ ਸੀਨੀਅਰ ਫੋਟੋਗ੍ਰਾਫ਼ਰਾਂਜਿਨ੍ਹਾਂ ਨੇ ਬਹੁਤ ਜ਼ਿਆਦਾ ਪੇਸ਼ੇਵਰ ਸਫਲਤਾ ਪ੍ਰਾਪਤ ਕੀਤੀਨੂੰ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਿੱਚ ਸਭ ਤੋਂ ਮਹੱਤਵਪੂਰਨ ਸ਼੍ਰੀ ਸੁਰੇਸ਼ ਸ਼ਰਮਾ (ਇੰਡੀਆਨੋ ਸਟੂਡੀਓ) ਹਨਜਿਨ੍ਹਾਂ ਨੂੰ ਆਰਕੀਟੈਕਚਰ ਫੋਟੋਗ੍ਰਾਫੀ ਵਿੱਚ ਆਪਣੇ ਕੰਮ ਲਈ ਰਾਸ਼ਟਰੀ ਪੱਧਰ 'ਤੇ ਪ੍ਰਸ਼ੰਸਾ ਪ੍ਰਾਪਤ ਹੋਈ ਹੈ।ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ਼੍ਰੀ ਸੁਨੀਲ ਭੱਟ ਨੇ ਗਵਰਨਿੰਗ ਬਾਡੀ ਦੀਆਂ ਇਤਿਹਾਸਕ ਪ੍ਰਾਪਤੀਆਂ ਦਾ ਵਿਸਤ੍ਰਿਤ ਵੇਰਵਾ ਪੇਸ਼ ਕੀਤਾ। ਇਸ ਪੂਰੀ ਟੀਮ ਦੀ ਅਗਵਾਈ ਸੀ.ਪੀ.ਏ. ਦੇ ਪ੍ਰਧਾਨਸ਼੍ਰੀ ਸਰੋਜ ਸਿੰਘ ਚੌਹਾਨ ਕਰ ਰਹੇ ਹਨਜਿਨ੍ਹਾਂ ਨੂੰ ਸੰਸਥਾਪਕ ਮੈਂਬਰ ਅਤੇ ਖਜ਼ਾਨਚੀ ਸ਼੍ਰੀ ਸੁਭਾਸ਼ ਭਾਟੀਆ ਦਾ ਪੂਰਾ ਸਮਰਥਨ ਪ੍ਰਾਪਤ ਹੈ। ਇਹ ਸਾਰੀਆਂ ਪ੍ਰਾਪਤੀਆਂ ਸਿਰਫ਼ ਨੌਂ ਮਹੀਨਿਆਂ ਦੇ ਬਹੁਤ ਘੱਟ ਸਮੇਂ ਵਿੱਚ ਪ੍ਰਾਪਤ ਕੀਤੀਆਂ ਗਈਆਂ ਹਨਜੋ ਕਿ ਸਾਰੇ ਮੈਂਬਰਾਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰਾਪਤੀਆਂ ਵਿੱਚ ਸੀ.ਪੀ.ਏ. ਦੀ ਰਜਿਸਟ੍ਰੇਸ਼ਨ ਸਥਿਤੀ ਨੂੰ ਪੂਰੀ ਤਰ੍ਹਾਂ ਅੱਪ ਟੂ ਡੇਟ ਕਰਨਾਐਸੋਸੀਏਸ਼ਨ ਦੇ ਬੈਂਕ ਖਾਤੇ ਨੂੰ ਸੁਚਾਰੂ ਬਣਾਉਣਾ ਅਤੇ ਸਿੱਧੀ ਭੁਗਤਾਨ ਪ੍ਰਣਾਲੀ ਲਈ ਸਕੈਨਰ ਦੀ ਸਹੂਲਤ ਉਪਲਬਧ ਕਰਵਾਉਣਾ,  ਬੈਂਕ ਆਫ ਬੜੌਦਾ ਵੱਲੋਂ ਸਥਾਨਕ ਸ਼ਾਖਾ ਵਿੱਚ ਜ਼ੀਰੋ ਬੈਲੈਂਸ ਖਾਤਾ ਖੋਲ੍ਹਣ ਦੀ ਸਹੂਲਤ ਦੇਣਾਐਸੋਸੀਏਸ਼ਨ ਦੀ ਮੈਂਬਰਸ਼ਿਪ ਵਿੱਚ ਵਾਧਾਪੰਜਾਬ ਵਿੱਚ ਆਏ ਹੜ੍ਹਾਂ ਤੋਂ ਰਾਹਤ ਲਈ ਸਹਾਇਤਾ ਰਾਸ਼ੀ ਦੇਣਾ,  ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਹਫ਼ਤੇ ਦੌਰਾਨ ਲੰਗਰ ਦੀ ਸੇਵਾ ਕਰਨਾ ਅਤੇ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਰਾਜ ਪੱਧਰੀ ਫੋਟੋ ਪ੍ਰਦਰਸ਼ਨੀ ਆਯੋਜਿਤ ਕਰਨ ਦੀ ਯੋਜਨਾ ਸ਼ਾਮਲ ਹੈ।ਉਨ੍ਹਾਂ ਦੱਸਿਆ ਕਿ ਪ੍ਰਧਾਨ ਸ਼੍ਰੀ ਸਰੋਜ ਸਿੰਘ ਚੌਹਾਨ ਨੂੰ ਫੋਟੋਗ੍ਰਾਫਰਜ਼ ਵੈਲਫੇਅਰ ਐਸੋਸੀਏਸ਼ਨ ਆਫ਼ ਪੰਜਾਬ ਦੇ ਸੰਯੁਕਤ ਸਕੱਤਰ ਦੇ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਹੈਜੋ ਕਿ ਮਾਣ ਵਾਲੀ ਗੱਲ ਹੈ। ਇਸ ਦੌਰਾਨ ਸੀ.ਪੀ.ਏ. ਦੇ ਚੇਅਰਮੈਨ ਸ੍ਰੀ ਜੈ ਪਾਲ ਸਿੰਘ ਗਰਚਾ ਨੇ ਐਸੋਸੀਏਸ਼ਨ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਪ੍ਰਸੰਸਾ ਕੀਤੀ ਅਤੇ ਭੱਵਿਖ ਵਿੱਚ ਵੀ ਇਸੇ ਤਰ੍ਹਾਂ ਕੰਮ ਕਰਨ ਲਈ ਪ੍ਰੇਰਿਤ ਕੀਤਾ।

ਸਿਹਤ ਵਿਭਾਗ ਨੇ ਲੋਕਾਂ ਨੂੰ ਗਰਮੀ ਤੋਂ ਬਚਣ ਦੀ ਕੀਤੀ ਅਪੀਲ
ਚੰਡੀਗੜ੍ਹ/ਬਿਊਰੋ ਨਿਊਜ਼
ਗਰਮੀ ਦੇ ਆਪਣੇ ਸਿਖਰ ’ਤੇ ਹੋਣ ਦੇ ਨਾਲ 9 ਦਿਨਾਂ ਦੀ ਬੇਹੱਦ ਤੇਜ਼ ਗਰਮੀ ਦੀ ਪਰੰਪਰਾਗਤ ਮਿਆਦ ਜਿਸ ਨੂੰ ਨੌਤਪਾ ਵਜੋਂ ਜਾਣਿਆ ਜਾਂਦਾ ਹੈ, ਉਹ 25 ਮਈ ਤੋਂ ਸ਼ੁਰੂ ਹੋ ਕੇ 2 ਜੂਨ ਤੱਕ ਜਾਰੀ ਰਹਿ ਸਕਦੀ ਹੈ। ਇਸ ਕਾਰਨ ਪੂਰੇ ਉੱਤਰੀ ਭਾਰਤ ਵਿੱਚ ਅੱਤ ਦੀ ਲੂ ਦੀ ਸਥਿਤੀ, ਤੱਤੀਆਂ ਹਵਾਵਾਂ ਅਤੇ ਸਿਹਤ ਦੇ ਜੋਖਮਾਂ ਬਾਰੇ ਚਿਤਾਵਨੀਆਂ ਜਾਰੀ ਹੋ ਗਈਆਂ ਹਨ। ਨੌਤਪਾ ਸ਼ਬਦ ਦੀਆਂ ਜੜ੍ਹਾਂ ਰਾਜਸਥਾਨ ਦੀਆਂ ਲੋਕ ਕਥਾਵਾਂ ਅਤੇ ਸੱਭਿਆਚਾਰਕ ਪਰੰਪਰਾਵਾਂ ਵਿੱਚ ਹਨ। ਰਾਜਸਥਾਨ ਦੀਆਂ ਮੀਡੀਆ ਰਿਪੋਰਟਾਂ ਅਨੁਸਾਰ ਇਹ ਸ਼ਬਦ ਉਸ ਮਿਆਦ ਨੂੰ ਦਰਸਾਉਂਦਾ ਹੈ ਜਦੋਂ ਸੂਰਜ ਰੋਹਿਣੀ ਨਕਸ਼ਤਰ ਵਿੱਚੋਂ ਲੰਘਦਾ ਹੈ, ਜਿਸ ਨੂੰ ਰਵਾਇਤੀ ਤੌਰ ’ਤੇ ਸਾਲ ਦਾ ਸਭ ਤੋਂ ਗਰਮ ਪੜਾਅ ਮੰਨਿਆ ਜਾਂਦਾ ਹੈ। ਹਾਲਾਂਕਿ ਇਹ ਸੰਕਲਪ ਰਾਜਸਥਾਨ ਨਾਲ ਮਜ਼ਬੂਤੀ ਨਾਲ ਜੁੜਿਆ ਹੋਇਆ ਹੈ, ਪਰ ਇਸਦਾ ਪ੍ਰਭਾਵ ਪੰਜਾਬ, ਹਰਿਆਣਾ, ਦਿੱਲੀ-ਐੱਨਸੀਆਰ, ਉੱਤਰ ਪ੍ਰਦੇਸ਼ ਅਤੇ ਉੱਤਰ-ਪੱਛਮੀ ਭਾਰਤ ਦੇ ਹੋਰ ਹਿੱਸਿਆਂ ਵਿੱਚ ਵਿਆਪਕ ਤੌਰ ’ਤੇ ਮਹਿਸੂਸ ਕੀਤਾ ਜਾਂਦਾ ਹੈ। ਮੌਸਮ ਦੀ ਭਵਿੱਖਬਾਣੀ, ਜੋ ਵਿਗਿਆਨਕ ਵਿਸ਼ਲੇਸ਼ਣ ’ਤੇ ਅਧਾਰਤ ਹੈ, ਉਹ ਵੀ ਇੱਕ ਬਹੁਤ ਹੀ ਸਖਤ ਗਰਮੀ ਦੀ ਮਿਆਦ ਦੀ ਭਵਿੱਖਬਾਣੀ ਕਰਦੀ ਹੈ। ਇਸੇ ਦੌਰਾਨ ਸਿਹਤ ਵਿਭਾਗ ਨੇ ਲੋਕਾਂ ਨੂੰ ਗਰਮੀ ਤੋਂ ਬਚਣ ਦੀ ਅਪੀਲ ਕੀਤੀ ਹੈ ਅਤੇ ਦੁਪਹਿਰ ਸਮੇਂ ਬਗੈਰ ਕਿਸੇ ਕੰਮ ਤੋਂ ਘਰ ਤੋਂ ਬਾਹਰ ਨਾ ਜਾਣ ਦੀ ਸਲਾਹ ਦਿੱਤੀ ਹੈ।

ਡੈਸਰਟ ਕੂਲਰ, ਏਅਰ ਸਰਕੂਲੇਟਰ ਪੱਖੇ ਅਤੇ ਐਗਰੋ ਨੈੱਟ ਲਗਾਏ

ਚੰਡੀਗੜ੍ਹ, 20 ਮਈ: 
ਗਰਮੀਆਂ ਦੇ ਮੌਸਮ ਵਿੱਚ ਪੈ ਰਹੀ ਮਾਰੂ ਲੂ ਦੇ ਮੱਦੇਨਜ਼ਰ ਜਾਨਵਰਾਂ ਦੀ ਸੁਚੱਜੀ ਦੇਖਭਾਲ ਪ੍ਰਤੀ ਆਪਣੀ ਵਚਨਬੱਧਤਾ ਪੂਰੀ ਕਰਦਿਆਂ ਮਹਿੰਦਰ ਚੌਧਰੀ ਜ਼ੂਲੋਜੀਕਲ ਪਾਰਕ (ਛੱਤਬੀੜ ਚਿੜੀਆਘਰ) ਨੇ ਜੰਗਲੀ ਜੀਵਾਂ ਦੀ ਸਾਂਭ-ਸੰਭਾਲ ਲਈ ਵਿਆਪਕ ਪ੍ਰਬੰਧ ਯਕੀਨੀ ਬਣਾਏ ਹਨ।

ਜੰਗਲਾਤ ਅਤੇ ਜੰਗਲੀ ਜੀਵਾਂ ਦੀ ਸੰਭਾਲ ਬਾਰੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਦੀ ਸੋਚ ਤੋਂ ਸੇਧ ਲੈਂਦਿਆਂ ਚਿੜੀਆਘਰ ਪ੍ਰਬੰਧਨ ਨੇ ਵੱਖ-ਵੱਖ ਸ਼੍ਰੇਣੀ ਦੇ ਜਾਨਵਰਾਂ ਨੂੰ ਰਾਹਤ ਦੇਣ ਲਈ ਵਿਆਪਕ ਉਪਾਅ ਕੀਤੇ ਹਨ।

ਮਾਸਾਹਾਰੀ ਜਾਨਵਰਾਂ ਨੂੰ ਗਰਮੀ ਤੋਂ ਰਾਹਤ ਦੇਣ ਲਈ ਸਾਰੇ ਬਾਘਾਂ, ਚੀਤਿਆਂ, ਸ਼ੇਰਾਂ, ਰਿੱਛਾਂ ਅਤੇ ਹੋਰਨਾਂ ਜਾਨਵਰਾਂ ਦੇ ਰੈਣ-ਬਸੇਰਿਆਂ ਵਿੱਚ ਡੈਸਰਟ ਕੂਲਰ ਅਤੇ ਏਅਰ ਸਰਕੂਲੇਟਰ ਪੱਖੇ ਪ੍ਰਦਾਨ ਕੀਤੇ ਗਏ ਹਨ। ਪਸ਼ੂ ਪ੍ਰਬੰਧਨ ਸੈੱਲ ਇਹ ਯਕੀਨੀ ਬਣਾਉਣ ਲਈ ਹਰ ਸਮੇਂ ਚੌਕਸ ਤੇ ਸਰਗਰਮ ਹੈ ਕਿ ਇਹ ਘਰ ਅਤੇ ਰੈਣ-ਬਸੇਰੇ ਠੰਡੇ ਅਤੇ ਸੁੱਕੇ ਰਹਿਣ। ਮੱਛਰ ਮੁਕਤ ਵਾਤਾਵਰਣ ਬਣਾਈ ਰੱਖਣ ਲਈ ਸਾਰੀਆਂ ਸਾਰੀਆਂ ਖਿੜਕੀਆਂ ਨੂੰ ਜਾਲੀਦਾਰ ਬਣਾਇਆ ਗਿਆ ਹੈ।

ਜਾਨਵਰਾਂ ਦੇ ਇਨ੍ਹਾਂ ਘਰਾਂ ਅਤੇ ਕੁਝ ਰੈਣ-ਬਸੇਰਿਆਂ ਨੂੰ 75ਫੀਸਦ ਸੰਘਣੀ ਐਗਰੋ-ਨੈੱਟ ਨਾਲ ਢਕਿਆ ਗਿਆ ਹੈ ਤਾਂ ਜੋ ਜਾਨਵਰਾਂ ਨੂੰ ਨਾ ਸਿਰਫ਼ ਛਾਂ ਮਿਲੇ ਸਗੋਂ ਆਲੇ- ਦੁਆਲੇ ਦੇ ਤਾਪਮਾਨ ਨੂੰ ਘਟਾਉਣ ਵਿੱਚ ਵੀ ਮਦਦ ਮਿਲੇ। ਐਮਰਜੈਂਸੀ ਦੀ ਸਥਿਤੀ ਵਿੱਚ ਚਿੜੀਆਘਰ ਵਿੱਚ ਹਰ ਥਾਂ ਪਾਣੀ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਟੈਂਕਰ ਅਤੇ ਟਰੈਕਟਰ ਹਮੇਸ਼ਾ ਉਪਲਬਧ ਰਹਿੰਦੇ ਹਨ।

ਸ਼ਾਕਾਹਾਰੀ ਜਾਨਵਰਾਂ ਤਿੱਖੜ ਗਰਮੀ ਅਤੇ ਤੇਜ਼ ਧੁੱਪ ਤੋਂ ਬਚਾਉਣ ਲਈ ਕਾਨੇ, ਲੱਕੜ ਅਤੇ ਬਾਂਸ ਆਦਿ ਤੋਂ ਬਣੇ ਅਸਥਾਈ ਸ਼ੈਲਟਰ/ਹੱਟ ਬਣਾਏ ਗਏ ਹਨ।

ਹਾਥੀਆਂ , ਮਨੀਪੁਰ ਦੇ ਹਿਰਨਾਂ , ਸਵੈਂਪ ਡੀਅਰ ਅਤੇ ਹਿਰਨ ਸਫਾਰੀ  ਨੂੰ ਨਹਾਉਣ ਲਈ ਪਾਣੀ ਨਾਲ ਭਰਿਆ ਚਿੱਕੜ ਵਾਲਾ ਪੂਲ ਬਣਾਇਆ ਗਿਆ ਹੈ। ਕੰਕਰੀਟ ਵਾਲੇ ਪਾਣੀ ਦੇ ਪੂਲ ਵੀ ਚੌਵੀ ਘੰਟੇ ਪਾਣੀ ਨਾਲ ਭਰੇ ਰਹਿੰਦੇ ਹਨ। ਬਿਹਤਰ ਠੰਡਕ  ਲਈ ਇਨ੍ਹਾਂ ਥਾਵਾਂ ’ਤੇ ਕੁਝ ਪੈਚਾਂ ਨੂੰ 75% ਸੰਘਣੇ ਐਗਰੋ-ਨੈੱਟ ਨਾਲ ਵੀ ਢੱਕਿਆ ਗਿਆ ਹੈ।

ਪੰਛੀਆਂ ਦੀਆਂ ਕਈ ਕਿਸਮਾਂ ਲਈ, ਪੰਛੀਆਂ ਦੇ ਸਾਰੇ ਪਿੰਜਰਿਆਂ ਨੂੰ 75% ਘਣਤਾ ਵਾਲੇ ਐਗਰੋ-ਨੈੱਟ ਅਤੇ ਜੂਟ ਮੈਟ ਨਾਲ ਕੱਸ ਕੇ ਢੱਕਿਆ ਗਿਆ ਹੈ ਤਾਂ ਜੋ ਪੰਛੀਆਂ ਨੂੰ ਗਰਮ ਹਵਾ ਅਤੇ ਤੇਜ਼ ਧੁੱਪ ਤੋਂ ਬਚਾਇਆ ਜਾ ਸਕੇ ਅਤੇ ਉਨ੍ਹਾਂ ਨੂੰ ਗਰਮੀ  ਤੋਂ ਬਚਾਇਆ ਜਾ ਸਕੇ। ਪੰਛੀਆਂ ਨੂੰ ਵਧੇਰੇ ਖੁਸ਼ ਅਤੇ ਆਰਾਮਦਾਇਕ ਬਣਾਉਣ ਲਈ ਛੋਟੇ ਪਿੰਜਰੇ ਲਟੀ ਸਪ੍ਰਿੰਕਲ ਸ਼ਾਵਰ ਪ੍ਰਦਾਨ ਕੀਤੇ ਗਏ ਹਨ।

ਹਲਵਾਰਾ : ਹਲਵਾਰਾ ਏਅਰਪੋਰਟ ਤੋਂ ਉਡਾਣਾਂ ਦੀ ਸ਼਼ੁਰੂਆਤ ਪੰਜਾਬ ਲਈ ਆਰਥਿਕ ਵਿਕਾਸ, ਕੁਨੈਕਟੀਵਿਟੀ ਅਤੇ ਤਰੱਕੀ ਦੇ ਨਵੇਂ ਯੁੱਗ ਦੀ ਸ਼਼ੁਰੂਆਤ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਦੇ ਦ੍ਰਿੜ੍ਹ ਯਤਨਾਂ ਅਤੇ ਵਿੱਤੀ ਵਚਨਬੱਧਤਾ ਸਦਕਾ ਮੁਕੰਮਲ ਹੋਇਆ ਇਹ ਲੰਬੇ ਸਮੇਂ ਤੋਂ ਲਟਕ ਰਿਹਾ ਪ੍ਰੋਜੈਕਟ ਪੂਰੇ ਖੇਤਰ ਵਿੱਚ ਵਪਾਰ, ਉਦਯੋਗ, ਨਿਵੇਸ਼ ਅਤੇ ਰੋਜ਼ਗਾਰ ਨੂੰ ਹੁਲਾਰਾ ਦੇਵੇਗਾ। ਉਡਾਣਾਂ ਸ਼਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਏਅਰਪੋਰਟ ਟਰਮੀਨਲ ਦਾ ਦੌਰਾ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਇਸ ਹਵਾਈ ਅੱਡੇ ਦੀ ਸ਼਼ੁਰੂਆਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਸੂਬੇ ਵਿੱਚ ਵਿਸ਼ਵ ਪੱਧਰੀ ਸਹੂਲਤਾਂ ਲਿਆਉਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।

ਪੰਜਾਬ ਸਰਕਾਰ ਵੱਲੋਂ ਹਵਾਈ ਅੱਡੇ ਦੇ ਵਿਕਾਸ ’ਤੇ ਲਗਪਗ 54.67 ਕਰੋੜ ਰੁਪਏ ਖ਼ਰਚਣ ਦੀ ਗੱਲ ਆਖਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹਲਵਾਰਾ ਤੋਂ ਨਿਯਮਤ ਉਡਾਣਾਂ ਸ਼਼ੁਰੂ ਹੋਣ ਨਾਲ ਨਾ ਸਿਰਫ਼ ਪੰਜਾਬ ਦੇ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ, ਸਗੋਂ ਸੂਬੇ ਵਿੱਚ ਉਦਯੋਗਿਕ ਨਿਵੇਸ਼ ਅਤੇ ਵਪਾਰਕ ਗਤੀਵਿਧੀਆਂ ਲਈ ਵੀ ਨਵੇਂ ਰਾਹ ਖੁੱਲ੍ਹਣਗੇ। ਸੁਤੰਤਰਤਾ ਸੰਗਰਾਮੀਆਂ ਅਤੇ ਮਹਾਨ ਸੰਤਾਂ ਦੀ ਵਿਰਾਸਤ ਦਾ ਸਨਮਾਨ ਕਰਨ ਦੀ ਸਰਕਾਰ ਦੀ ਵਚਨਬੱਧਤਾ ਦੁਹਰਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਅਣਥੱਕ ਯਤਨਾਂ ਸਦਕਾ ਮੋਹਾਲੀ ਏਅਰਪੋਰਟ ਦਾ ਨਾਂ ਸ਼ਹੀਦ ਭਗਤ ਸਿੰਘ ਅਤੇ ਆਦਮਪੁਰ ਏਅਰਪੋਰਟ ਦਾ ਨਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂ ’ਤੇ ਰੱਖੇ ਜਾਣ ਤੋਂ ਬਾਅਦ ਹੁਣ ਹਲਵਾਰਾ ਏਅਰਪੋਰਟ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ’ਤੇ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਉਹ ਇਸ ਮਾਮਲੇ ਨੂੰ ਕੇਂਦਰ ਸਰਕਾਰ ਕੋਲ ਉਠਾਉਣਗੇ।
ਹਵਾਈ ਅੱਡੇ ਦੇ ਦੌਰੇ ਦੌਰਾਨ ਲੋਕਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਸਰਕਾਰ ਦੇ ਯਤਨਾਂ ਸਦਕਾ ਇਹ ਹਵਾਈ ਅੱਡਾ ਹੁਣ ਸ਼ੁਰੂ ਹੋ ਗਿਆ ਹੈ। ਇਸ ਕਦਮ ਦੇ ਪਿੱਛੇ ਇੱਕੋ ਇੱਕ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਸੂਬੇ ਦੇ ਲੋਕਾਂ ਨੂੰ ਸੁਰੱਖਿਅਤ, ਕਿਫ਼ਾਇਤੀ ਅਤੇ ਆਰਾਮਦਾਇਕ ਹਵਾਈ ਸਫ਼ਰ ਦੀ ਸਹੂਲਤ ਮਿਲ ਸਕੇ।”
ਉਨ੍ਹਾਂ ਅੱਗੇ ਕਿਹਾ, “ਇਹ ਹਵਾਈ ਅੱਡਾ ਇਸ ਖੇਤਰ ਦੇ ਨਾਲ-ਨਾਲ ਦੇਸ਼ ਦੇ ਹੋਰ ਹਿੱਸਿਆਂ ਦੇ ਉੱਦਮੀਆਂ, ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਪੰਜਾਬ ਆਉਣ-ਜਾਣ ਵਿੱਚ ਮਦਦ ਕਰੇਗਾ, ਜਿਸ ਨਾਲ ਵਪਾਰ, ਕਾਰੋਬਾਰ ਅਤੇ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਮਿਲੇਗਾ।”
ਪਹਿਲਾਂ ਦਰਪੇਸ਼ ਮੁਸ਼ਕਲਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਦਿੱਲੀ-ਐਨ.ਸੀ.ਆਰ. ਲਈ ਸਿੱਧੀਆਂ ਉਡਾਣਾਂ ਨਾ ਹੋਣ ਕਾਰਨ ਲੋਕਾਂ, ਖ਼ਾਸ ਕਰਕੇ ਉਦਯੋਗਪਤੀਆਂ ਨੂੰ ਸੜਕ ਰਸਤੇ ਦੇਸ਼ ਦੀ ਰਾਜਧਾਨੀ ਜਾਣ ਸਮੇਂ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਨਾਲ ਨਾ ਸਿਰਫ਼ ਬੇਲੋੜੀ ਖੱਜਲ-ਖ਼ੁਆਰੀ ਹੁੰਦੀ ਸੀ, ਸਗੋਂ ਸਮੇਂ, ਪੈਸੇ ਅਤੇ ਊਰਜਾ ਦਾ ਵੀ ਵੱਡਾ ਨੁਕਸਾਨ ਹੁੰਦਾ ਸੀ।”
ਉਨ੍ਹਾਂ ਅੱਗੇ ਕਿਹਾ, “ਇਸ ਹਵਾਈ ਅੱਡੇ ਦੇ ਚਾਲੂ ਹੋਣ ਨਾਲ ਖੇਤਰ ਦੇ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ ਅਤੇ ਦੁਨੀਆ ਭਰ ਦੇ ਪ੍ਰਮੁੱਖ ਉੱਦਮੀ ਪੰਜਾਬ ਵਿੱਚ ਵੱਡਾ ਨਿਵੇਸ਼ ਕਰਨ ਲਈ ਆਕਰਸ਼ਿਤ ਹੋਣਗੇ।”
ਹਵਾਈ ਅੱਡੇ ਦੇ ਆਰਥਿਕ ਪ੍ਰਭਾਵ `ਤੇ ਭਰੋਸਾ ਪ੍ਰਗਟ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਹ ਹਵਾਈ ਅੱਡਾ ਪੰਜਾਬ ਵਿੱਚ ਉਦਯੋਗੀਕਰਨ ਨੂੰ ਤੇਜ਼ ਕਰਨ ਵਿੱਚ ਮਦਦਗਾਰ ਵਜੋਂ ਕੰਮ ਕਰੇਗਾ ਅਤੇ ਸੂਬੇ ਨੂੰ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਵਜੋਂ ਹੋਰ ਮਜ਼ਬੂਤੀ ਨਾਲ ਸਥਾਪਿਤ ਕਰੇਗਾ।”
ਕੁਨੈਕਟੀਵਿਟੀ ਨੂੰ ਬਿਹਤਰ ਬਣਾਉਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਉਨ੍ਹਾਂ ਕਿਹਾ, “ਯਾਤਰੀਆਂ ਦੀ ਸਹੂਲਤ ਲਈ ਜਲਦੀ ਹੀ ਹਲਵਾਰਾ ਹਵਾਈ ਅੱਡੇ ਤੋਂ ਹੋਰ ਉਡਾਣਾਂ ਸ਼਼ੁਰੂ ਕੀਤੀਆਂ ਜਾਣਗੀਆਂ। ਬਿਹਤਰ ਹਵਾਈ ਕੁਨੈਕਟੀਵਿਟੀ ਪੰਜਾਬ ਵਿੱਚ ਆਰਥਿਕ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰੇਗੀ ਅਤੇ ਸੂਬੇ ਦੀ ਤਰੱਕੀ ਤੇ ਇੱਥੋਂ ਦੇ ਲੋਕਾਂ ਦੀ ਖ਼ੁਸ਼ਹਾਲੀ ਵਿੱਚ ਅਹਿਮ ਭੂਮਿਕਾ ਨਿਭਾਏਗੀ।”
ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਹਲਵਾਰਾ ਹਵਾਈ ਅੱਡੇ ਦਾ ਨਾਂ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ’ਤੇ ਰੱਖਣ ਦੀ ਮੰਗ ਨੂੰ ਭਾਰਤ ਸਰਕਾਰ ਕੋਲ ਜ਼ੋਰਦਾਰ ਢੰਗ ਨਾਲ ਉਠਾਏਗੀ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਮਹਿਜ਼ 19 ਸਾਲ ਦੀ ਛੋਟੀ ਉਮਰ ਵਿੱਚ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਉਨ੍ਹਾਂ ਦੀ ਲਾਸਾਨੀ ਕੁਰਬਾਨੀ ਨੇ ਲੱਖਾਂ ਲੋਕਾਂ ਨੂੰ ਬ੍ਰਿਟਿਸ਼ ਸਾਮਰਾਜਵਾਦ ਵਿਰੁੱਧ ਲੜਨ ਲਈ ਪ੍ਰੇਰਿਤ ਕੀਤਾ।”

ਉਨ੍ਹਾਂ ਕਿਹਾ, "ਸ਼ਹੀਦ-ਏ-ਆਜ਼ਮ ਭਗਤ ਸਿੰਘ ਵੀ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਆਪਣਾ ਰੋਲ ਮਾਡਲ ਮੰਨਦੇ ਸਨ। ਹਲਵਾਰਾ ਹਵਾਈ ਅੱਡੇ ਦਾ ਨਾਮ ਉਨ੍ਹਾਂ ਦੇ ਨਾਂ 'ਤੇ ਰੱਖਣਾ ਉਸ ਮਹਾਨ ਸ਼ਹੀਦ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ, ਜੋ ਇਸ ਖੇਤਰ ਨਾਲ ਸਬੰਧਤ ਸਨ ਅਤੇ ਜੋ ਪਹਿਲਾਂ ਹਵਾਬਾਜ਼ੀ ਦੀ ਪੜ੍ਹਾਈ ਕਰਨ ਲਈ ਬਰਕਲੇ ਯੂਨੀਵਰਸਿਟੀ ਗਏ ਅਤੇ ਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਹਿੱਸਾ ਲੈਣ ਲਈ ਵਾਪਸ ਪਰਤੇ।"

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਮਹਾਨ ਗੁਰੂਆਂ, ਸੰਤਾਂ, ਪੀਰਾਂ ਅਤੇ ਸ਼ਹੀਦਾਂ ਦੀ ਪਵਿੱਤਰ ਧਰਤੀ ਹੈ ਅਤੇ ਇਸ ਮਿੱਟੀ ਦੇ ਹਰ ਕਿਣਕੇ ਵਿੱਚ ਉਨ੍ਹਾਂ ਦੀ ਮਹਾਨ ਵਿਰਾਸਤ ਸਮੋਈ ਹੈ। ਪੰਜਾਬ ਵਿਧਾਨ ਸਭਾ ਨੇ 22 ਮਾਰਚ, 2023 ਨੂੰ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਸੀ, ਜਿਸ ਵਿੱਚ ਭਾਰਤ ਸਰਕਾਰ ਨੂੰ ਇੰਡੀਅਨ ਏਅਰ ਫੋਰਸ ਸਟੇਸ਼ਨ ਹਲਵਾਰਾ, ਲੁਧਿਆਣਾ ਵਿਖੇ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਅੰਤਰਰਾਸ਼ਟਰੀ ਹਵਾਈ ਅੱਡਾ ਰੱਖਣ ਦੀ ਬੇਨਤੀ ਕੀਤੀ ਗਈ ਸੀ।”

ਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਉਨ੍ਹਾਂ ਦੇ ਵੱਡਮੁੱਲੇ ਯੋਗਦਾਨ ਨੂੰ ਉਜਾਗਰ ਕਰਦਿਆਂ ਉਨ੍ਹਾਂ ਕਿਹਾ, “ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਦੇਸ਼ ਨੂੰ ਵਿਦੇਸ਼ੀ ਸਾਮਰਾਜਵਾਦ ਤੋਂ ਮੁਕਤ ਕਰਵਾਉਣ ਲਈ ਅਹਿਮ ਭੂਮਿਕਾ ਨਿਭਾਈ। ਗ਼ਦਰ ਪਾਰਟੀ ਦੇ ਆਗੂ ਵਜੋਂ ਉਨ੍ਹਾਂ ਨੇ ਦੇਸ਼-ਵਿਦੇਸ਼ ਵਿੱਚ ਭਾਰਤ ਦੀ ਆਜ਼ਾਦੀ ਲਈ ਅਣਥੱਕ ਯਤਨ ਕੀਤੇ।”

ਮੁੱਖ ਮੰਤਰੀ ਨੇ ਅੱਗੇ ਕਿਹਾ, “ਪਹਿਲਾਂ, ਪੰਜਾਬ ਸਰਕਾਰ ਦੇ ਨਿਰੰਤਰ ਯਤਨਾਂ ਸਦਕਾ ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ‘ਤੇ ਰੱਖਿਆ ਗਿਆ ਸੀ। ਹਲਵਾਰਾ ਹਵਾਈ ਅੱਡੇ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ‘ਤੇ ਰੱਖਣਾ ਸਾਡੇ ਸ਼ਹੀਦਾਂ ਪ੍ਰਤੀ ਇੱਕ ਹੋਰ ਨਿਮਰ ਸ਼ਰਧਾਂਜਲੀ ਹੋਵੇਗੀ।”

ਉਨ੍ਹਾਂ ਅੱਗੇ ਕਿਹਾ, “ਸ਼ਹੀਦਾਂ ਦੀ ਸ਼ਾਨਦਾਰ ਵਿਰਾਸਤ ਨੂੰ ਸੰਭਾਲਣ ਲਈ ਹਵਾਈ ਅੱਡਿਆਂ, ਯੂਨੀਵਰਸਿਟੀਆਂ ਅਤੇ ਸੰਸਥਾਵਾਂ ਦਾ ਨਾਂ ਮਹਾਨ ਸ਼ਹੀਦਾਂ ਅਤੇ ਸ਼ਖਸੀਅਤਾਂ ਦੇ ਨਾਂ ‘ਤੇ ਰੱਖਣਾ ਸਾਡੀ ਸਰਕਾਰ ਦੀ ਅਹਿਮ ਪਹਿਲਕਦਮੀ ਰਹੀ ਹੈ। ਆਦਮਪੁਰ ਹਵਾਈ ਅੱਡੇ ਦਾ ਨਾਂ ਵੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂ ‘ਤੇ ਰੱਖਿਆ ਗਿਆ ਹੈ।”

ਹਵਾਬਾਜ਼ੀ ਸਿਖਲਾਈ ਸੰਸਥਾ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਸਰਕਾਰ ਵੱਲੋਂ ਨੌਜਵਾਨ ਪਾਇਲਟਾਂ ਨੂੰ ਸਿਖਲਾਈ ਦੇਣ ਲਈ ਸਾਹਨੇਵਾਲ ਹਵਾਈ ਅੱਡੇ ਦੀ ਇਮਾਰਤ ਦੀ ਵਰਤੋਂ ਸਬੰਧੀ ਵੀ ਠੋਸ ਯਤਨ ਕੀਤੇ ਜਾਣਗੇ। ਨੌਜਵਾਨਾਂ ਨੂੰ ਪਹਿਲਾਂ ਹੀ ਕਿਫਾਇਤੀ ਦਰਾਂ 'ਤੇ ਹਵਾਬਾਜ਼ੀ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਜਨਤਕ ਹਿੱਤ ਵਿੱਚ ਹਲਵਾਰਾ ਹਵਾਈ ਅੱਡੇ ਤੋਂ ਉਡਾਣ ਦੇ ਸਮੇਂ ਨੂੰ ਬਦਲਣ ਦਾ ਮੁੱਦਾ ਵੀ ਕੇਂਦਰ ਸਰਕਾਰ ਕੋਲ ਉਠਾਇਆ ਜਾਵੇਗਾ।”

ਪੰਜਾਬ ਅਤੇ ਇਸ ਦੇ ਲੋਕਾਂ ਦੀ ਭਲਾਈ ਪ੍ਰਤੀ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸੂਬੇ ਦੇ ਹਿੱਤਾਂ ਦੀ ਰਾਖੀ ਅਤੇ ਇਸ ਦੀ ਨਿਰੰਤਰ ਤਰੱਕੀ ਅਤੇ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।”

ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਪ੍ਰੈਸ ਕਲੱਬ ਵਿੱਚ ਰਚਾਇਆ ਭਰਵਾਂ ਸਮਾਗਮ
ਚੰਡੀਗੜ੍ਹ (20.05.2026) : ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਅੱਜ ਪ੍ਰੈਸ ਕਲੱਬ ਵਿਖੇ ਕਰਵਾਏ ਗਏ ਵਿਸ਼ੇਸ਼ ਸਮਾਗਮ ਵਿੱਚ ਪ੍ਰਸਿੱਧ ਪੰਜਾਬੀ ਗੀਤਕਾਰ, ਗਾਇਕ ਲੇਖਕ ਅਤੇ ਅਦਾਕਾਰ ਰਾਜ ਕਾਕੜਾ ਦੀ ਪਹਿਲੀ ਪੁਸਤਕ ‘ਪੈਂਡਾ: ਇਸ਼ਕ-ਏ-ਮਜਾਜ਼ੀ ਤੋਂ ਇਸ਼ਕ-ਏ-ਹਕੀਕੀ ਦਾ’ ਲੋਕ-ਅਰਪਣ ਕੀਤੀ ਗਈ I ਰਾਜ ਕਾਕੜਾ ਪੰਜਾਬ ਦੇ ਸਮਾਜਿਕ, ਰਾਜਨੀਤਿਕ ਅਤੇ ਸਭਿਆਚਾਰਕ ਮੁੱਦਿਆਂ ‘ਤੇ ਆਪਣੀ ਸੂਝਵਾਨ ਲੇਖਣੀ ਲਈ ਵਿਸ਼ੇਸ਼ ਤੌਰ ਤੇ ਜਾਣੇ ਜਾਂਦੇ ਹਨ I ਅਮਰਿੰਦਰ ਗਿੱਲ, ਦਿਲਜੀਤ ਦੋਸਾਂਝ, ਗਿੱਪੀ ਗਰੇਵਾਲ, ਬਾਈ ਹਰਦੀਪ, ਨਛੱਤਰ ਗਿੱਲ, ਸੁਖਵਿੰਦਰ ਸਿੰਘ, ਕੈਲਾਸ਼ ਖੇਰ, ਸੁਰਜੀਤ ਖ਼ਾਨ,ਰਾਹਤ ਫ਼ਤਹਿ ਅਲੀ ਖ਼ਾਨ, ਸੁਖਜਿੰਦਰ ਸ਼ਿੰਦਾ, ਸਰਦੂਲ ਸਿਕੰਦਰ, ਰਾਜ ਬਰਾੜ, ਰਣਜੀਤ ਬਾਵਾ, ਮਾਸਟਰ ਸਲੀਮ, ਕਮਲ ਖ਼ਾਨ, ਪੰਮੀ ਬਾਈ, ਸਤਵਿੰਦਰ ਬਿੱਟੀ, ਪਰਮਿੰਦਰ ਸੰਧੂ, ਮਿਸ ਪੂਜਾ ਅਤੇ ਹੋਰ ਬਹੁਤ ਸਾਰੇ ਨਾਮਵਰ ਗਾਇਕਾਂ ਨੇ ਰਾਜ ਕਾਕੜਾ ਦੇ ਲਿਖੇ ਗੀਤ ਗਾਏ ਜੋ ਬਹੁਤ ਮਕਬੂਲ ਹੋਏ I ਇਸ ਤੋਂ ਇਲਾਵਾ ਉਹਨਾਂ ਨੇ ਪੰਜ ਪੰਜਾਬੀ ਫ਼ਿਲਮਾਂ ਵਿੱਚ ਬਤੌਰ ਅਦਾਕਾਰ ਵੀ ਕੰਮ ਕੀਤਾ ਹੈ I
ਮੰਚ ਸੰਚਾਲਨ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਰਾਜ ਕਾਕੜਾ ਦੀ ਸ਼ਾਇਰੀ ਸਮਾਜਿਕ ਚੇਤਨਾ ਨੂੰ ਕਾਵਿਕ ਅੰਦਾਜ਼ ਨਾਲ਼ ਕਹਿਣ ਦੇ ਸਮਰੱਥ ਹੈ I ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਰਾਜ ਕਾਕੜਾ ਦੀ ਕਲਮ ਸੱਚ ਦੀ ਨੁਮਾਇੰਦਗੀ ਕਰਦਿਆਂ ਉਹਨਾਂ ਕਦਰਾਂ ਕੀਮਤਾਂ ਦੀ ਬਾਤ ਪਾਉਂਦੀ ਹੈ ਜਿਹੜੀਆਂ ਪੰਜਾਬ ਦੀ ਰੂਹਦਾਰੀ ਦੇ ਨਾਲ਼ ਜੁੜੀਆਂ ਹੋਈਆਂ ਹਨ I ਪੁਸਤਕ ਰਿਲੀਜ਼ ਕਰਨ ਵੇਲ਼ੇ ਲੇਖਕ ਤੋਂ ਇਲਾਵਾ ਲੋਕ ਗਾਇਕ ਬਾਈ ਹਰਦੀਪ, ਸੀਨੀਅਰ ਪੱਤਰਕਾਰ ਤਰਲੋਚਨ ਸਿੰਘ, ਜਗਤਾਰ ਭੁੱਲਰ, ਕਰਨੈਲ ਸਿੰਘ ਪੀਰਮੁਹੰਮਦ, ਹਰਜੀਤ ਗਰੇਵਾਲ, ਮਨਜੀਤ ਸਿੰਘ, ਫ਼ਿਲਮ ਕਲਾਕਾਰ ਦਰਸ਼ਨ ਔਲਖ, ਹਰੀ ਓਮ ਜਲੋਟਾ, ਬਲਕਾਰ ਸਿੱਧੂ, ਪੰਨਾ ਲਾਲ ਮੁਸਤਫ਼ਾਬਾਦੀ, ਦੀਪਕ ਸ਼ਰਮਾ ਚਨਾਰਥਲ ਅਤੇ ਭੁਪਿੰਦਰ ਸਿੰਘ ਮਲਿਕ ਸ਼ਾਮਿਲ ਸਨ I
ਸੀਨੀਅਰ ਪੱਤਰਕਾਰ ਜਗਤਾਰ ਭੁੱਲਰ ਨੇ ਕਿਹਾ ਕਿ ਚੰਗੀ ਲੇਖਣੀ ਆਪਣੇ ਕਦਰਦਾਨ ਲੱਭ ਲੈਂਦੀ ਹੈ I ਹਰਜੀਤ ਗਰੇਵਾਲ ਨੇ ਰਾਜ ਕਾਕੜਾ ਦੀ ਸ਼ਖ਼ਸੀਅਤ ਦੀ ਸੰਜੀਦਗੀ ਦੀ ਗੱਲ ਕੀਤੀ I ਮਨਜੀਤ ਸਿੰਘ ਨੇ ਕਿਹਾ ਕਿ ਲੇਖਕ ਨੂੰ ਸ਼ਬਦਾਂ ਨਾਲ਼ ਇਸ਼ਕ ਹੈ I ਸੀਨੀਅਰ ਪੱਤਰਕਾਰ ਤਰਲੋਚਨ ਸਿੰਘ ਨੇ ਰਾਜ ਕਾਕੜਾ ਨੂੰ ਮਾਂ ਬੋਲੀ ਦਾ ਸੱਚਾ ਪੁੱਤ ਦੱਸਿਆ I ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਰਾਜ ਕਾਕੜਾ ਦਾ ਸਿੱਖ ਫ਼ਲਸਫ਼ੇ ਦਾ ਅਧਿਐਨ ਵੀ ਬਾਕਮਾਲ ਹੈ I ਗੀਤਕਾਰ ਭੱਟੀ ਭੜੀ ਵਾਲਾ ਨੇ ਕਿਹਾ ਕਿ ਰਾਜ ਕਾਕੜਾ ਦਾ ਨਾਮ ਮਿਆਰੀ ਪੰਜਾਬੀ ਗੀਤਕਾਰੀ ਦੇ ਵਰਗ ਵਿੱਚ ਬੜੇ ਮਾਣ ਨਾਲ਼ ਲਿਆ ਜਾਂਦਾ ਹੈ I ਪੱਤਰਕਾਰ ਹਰਦੀਪ ਕੌਰ ਵਿਰਕ ਨੇ ਆਖਿਆ ਕਿ ਸਾਫ਼ ਸੁਥਰੀ ਗਾਇਕੀ ਦੀ ਉਮਰ ਬਹੁਤ ਲੰਮੀ ਹੁੰਦੀ ਹੈ I ਗੀਤਕਾਰ, ਗਾਇਕ ਅਤੇ ਅਦਾਕਾਰ ਰਾਜ ਕਾਕੜਾ ਨੇ ਇਸ ਮੌਕੇ ਕਿਹਾ ਕਿ ਉਹ ਇਹ ਪੈਂਡਾ ਤੈਅ ਕਰਦੇ ਕਈ ਪੜਾਵਾਂ ਚੋਂ ਗੁਜ਼ਰੇ ਅਤੇ ਇਸੇ ਦੌਰਾਨ ਹੀ ਇਹ ਯਾਤਰਾ ਸੰਸਾਰਿਕ ਪ੍ਰੇਮ ਤੋਂ ਰੱਬੀ ਪ੍ਰੇਮ ਵਿੱਚ ਮਿਲਾਪ ਦਾ ਸਬੱਬ ਬਣ ਗਈ I
ਬਾਈ ਹਰਦੀਪ ਨੇ ਧੰਨਵਾਦ ਕਰਦਿਆਂ ਕਿਹਾ ਕਿ ਰਾਜ ਕਾਕੜਾ ਪੰਜਾਬ ਦੀ ਧਰਤੀ ਦਾ ਵੱਡਾ ਮਾਣ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਉਸ ਦੀ ਕਲਮ ਆਪਣਾ ਸਿਰਜਣਾਤਮਕ ਕਾਰਜ ਜਾਰੀ ਰੱਖੇਗੀ I
ਅੱਜ ਦੇ ਸਮਾਗਮ ਮੌਕੇ ਹੋਈ ਭਰਵੀਂ ਇਕੱਤਰਤਾ ‘ਚ ਵਰਿੰਦਰ ਚੱਠਾ, ਕੁਲਬੀਰ ਸੈਣੀ, ਮਨਜੀਤ ਕੌਰ ਮੀਤ, ਯਾਦ ਧਾਲੀਵਾਲ, ਮਨਜੀਤ ਸਿੰਘ, ਲਾਭ ਸਿੰਘ ਲਹਿਲੀ, ਸ਼੍ਰੀਕਾਂਤ ਅਚਾਰੀਆ, ਸਰਬਜੀਤ ਸਿੰਘ ਪੱਡਾ, ਹਰਬੰਸ ਸੋਢੀ, ਕਲਯਾਨ ਸ਼ਰਮਾ, ਨਵਲ ਧੀਰ, ਨਵੀਨ ਸੇਠੀ, ਸੁਖਦੇਵ ਸਿੰਘ, ਗੁਰਪ੍ਰੀਤ ਖੋਖਰ, ਸੁਖਦੀਪ ਸਿੰਘ, ਜਸਕਰਨ ਸਿੰਘ ਮਲੂਕਾ, ਕਮਲ ਸਹੋਤਾ, ਅਜੇ ਵਰਮਾ, ਆਤਿਸ਼ ਗੁਪਤਾ, ਅਸ਼ੋਕ ਸ਼ਰਮਾ, ਨੀਰਜ, ਕਮਲਜੀਤ ਸਿੰਘ, ਕੁਲਬੀਰ ਸਿੰਘ, ਦੀਪਕ ਸਿੰਘ, ਪਰਵੀਨ ਕੁਮਾਰ, ਸਤਬੀਰ ਕੌਰ, ਅਜਾਇਬ ਔਜਲਾ, ਅਵਤਾਰ ਸਿੰਘ, ਰਾਹੁਲ ਚੌਹਾਨ, ਨੀਤੂ ਵਧੋਂਗਰਾਂ, ਸੰਦੀਪ ਸਿੰਘ, ਅੰਮ੍ਰਿਤ ਸਿੱਧੂ, ਰਘਵੀਰ ਸਿੰਘ, ਉਮਾ, ਮਨਦੀਪ ਸਿੰਘ, ਹਿਮਾਂਸ਼ੂ ਸ਼ਰਮਾ, ਸਕੱਤਰ ਸਿੰਘ, ਜਗਮੋਹਨ ਸਿੰਘ, ਜੈ ਪ੍ਰਕਾਸ਼, ਲਿਬਰੇਟ, ਡਾ. ਸਤਿੰਦਰ ਸਿੰਘ ਬੇਦੀ ਅਤੇ ਵਿੰਦਰ ਮਾਝੀ ਦੀ ਹਾਜ਼ਰੀ ਵਰਨਣ ਯੋਗ ਰਹੀ I

ਚੰਡੀਗੜ੍ਹ/ ਬਠਿੰਡਾ : ਰਾਮਪੁਰਾ ਬਲਾਕ ਦਾ ਪਿੰਡ ਗਿੱਲ ਕਲਾਂ ਭਾਈਚਾਰਕ ਸਾਂਝ 'ਤੇ ਅਧਾਰਿਤ ਜਲ ਪ੍ਰਬੰਧਨ ਦਾ ਇਕ ਸ਼ਾਨਦਾਰ ਮਾਡਲ ਬਣ ਕੇ ਉਭਰਿਆ ਹੈ, ਜਿੱਥੇ ਜਨ ਭਾਗੀਦਾਰੀ ਅਤੇ ਸਾਂਝੀ ਜ਼ਿੰਮੇਵਾਰੀ ਨੇ ਹਰ ਘਰ ਤੱਕ ਟੈਪ ਵਾਟਰ ਸਪਲਾਈ ਪਹੁੰਚਾਇਆ ਹੈ।

ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਪਿੰਡ ਦੇ ਜਲ ਪ੍ਰਬੰਧਨ ਯਤਨਾਂ ਨੂੰ ਅੱਜ ਜਲ ਜੀਵਨ ਮਿਸ਼ਨ ਤਹਿਤ ਹੋਈ ‘ਸੁਜਲ ਗ੍ਰਾਮ ਸੰਵਾਦ’ ਦੀ ਵਰਚੁਅਲ ਕਾਨਫਰੰਸ ਦੌਰਾਨ ਸ਼ਲਾਘਾ ਮਿਲੀ। ਇਸ ਨਾਲ ਬਠਿੰਡਾ ਜ਼ਿਲ੍ਹੇ ਨੂੰ ਪ੍ਰਭਾਵਸ਼ਾਲੀ ਭਾਗੀਦਾਰੀ ਅਤੇ ਟਿਕਾਊ ਜਲ ਸਪਲਾਈ ਪ੍ਰਬੰਧਨ ਲਈ ਕੌਮੀ ਪੱਧਰ ’ਤੇ ਮਾਨਤਾ ਪ੍ਰਾਪਤ ਹੋਈ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਗਿੱਲ ਕਲਾਂ ਨੇ ਇਹ ਸਾਬਤ ਕੀਤਾ ਹੈ ਕਿ ਜਾਗਰੂਕਤਾ ਅਤੇ ਲੋਕਾਂ ਦਾ ਭਰੋਸਾ ਪਿੰਡਾਂ ਦੀ ਜਲ ਸਪਲਾਈ ਪ੍ਰਣਾਲੀ ਵਿੱਚ ਕਿਵੇਂ ਬਦਲਾਅ ਲਿਆ ਸਕਦੇ ਹਨ। ਨਹਿਰੀ ਪਾਣੀ ’ਤੇ ਆਧਾਰਿਤ ਪਿੰਡ ਦੀ ਜਲ ਸਪਲਾਈ ਸਕੀਮ ਨੂੰ ਸਾਲ 2020 ਵਿੱਚ 2.96 ਕਰੋੜ ਰੁਪਏ ਦੀ ਲਾਗਤ ਨਾਲ ਅਪਗ੍ਰੇਡ ਕੀਤਾ ਗਿਆ ਸੀ। ਇਸ ਤੋਂ ਬਾਅਦ ਸਾਲ 2021-22 ਦੌਰਾਨ ਇਸ ਦੀ ਮਜ਼ਬੂਤੀ ਲਈ ਹੋਰ ਕੰਮ ਵੀ ਮੁਕੰਮਲ ਕੀਤੇ ਗਏ। ਬਾਅਦ ਵਿੱਚ ਸਤੰਬਰ 2022 ਵਿੱਚ ਇਸ ਸਕੀਮ ਨੂੰ ਸਥਾਨਕ ਪ੍ਰਬੰਧਨ ਅਤੇ ਸੰਚਾਲਨ ਲਈ ਗ੍ਰਾਮ ਪੰਚਾਇਤ ਵਾਟਰ ਸਪਲਾਈ ਕਮੇਟੀ  ਦੇ ਹਵਾਲੇ ਕਰ ਦਿੱਤਾ ਗਿਆ।

ਉਨ੍ਹਾਂ ਦੱਸਿਆ ਕਿ ਪਿੰਡ ਦੇ ਸਾਰੇ 784 ਘਰਾਂ ਵਿੱਚ ਹੁਣ ਟੈਪ ਵਾਟਰ ਕੁਨੈਕਸ਼ਨ ਉਪਲਬਧ ਹਨ। ਸ਼ੁਰੂ ਵਿੱਚ ਕਈ ਪਿੰਡ ਵਾਸੀ ਸਪਲਾਈ ਦੇ ਪਾਣੀ ਦੀ ਵਰਤੋਂ ਕਰਨ ਤੋਂ ਹਿਚਕਿਚਾਉਂਦੇ ਸਨ ਅਤੇ ਸਬਮਰਸੀਬਲ ਪੰਪ ਦੇ ਪਾਣੀ ਨੂੰ ਤਰਜੀਹ ਦਿੰਦੇ ਸਨ। ਹਾਲਾਂਕਿ ਨਿਯਮਿਤ ਜਾਗਰੂਕਤਾ ਮੁਹਿੰਮਾਂ, ਘਰ-ਘਰ ਸੰਪਰਕ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਫੀਲਡ ਟੈਸਟਿੰਗ ਕਿੱਟਾਂ ਰਾਹੀਂ ਕੀਤੀ ਗਈ ਪਾਣੀ ਦੀ ਗੁਣਵੱਤਾ ਜਾਂਚ ਨਾਲ ਲੋਕਾਂ ਦਾ ਭਰੋਸਾ ਵਧਿਆ। ਪਾਰਦਰਸ਼ੀ ਜਾਂਚ ਪ੍ਰਕਿਰਿਆ ਅਤੇ ਚੰਗੇ ਨਤੀਜਿਆਂ ਤੋਂ ਪ੍ਰਭਾਵਿਤ ਹੋ ਕੇ ਪਿੰਡ ਵਾਸੀਆਂ ਨੇ ਆਪਣੀ ਮਰਜ਼ੀ ਨਾਲ ਘਰੇਲੂ ਪਾਣੀ ਕੁਨੈਕਸ਼ਨਾਂ ਲਈ ਅਰਜ਼ੀਆਂ ਦਿੱਤੀਆਂ, ਜਿਸ ਨਾਲ 100 ਫੀਸਦੀ ਕਵਰੇਜ ਹਾਸਲ ਹੋਈ।

ਡੀਸੀ ਰਾਜੇਸ਼ ਧੀਮਾਨ ਨੇ ਅੱਗੇ ਦੱਸਿਆ ਕਿ ਪਿੰਡ ਵਿੱਚ ਹੁਣ ਰੋਜ਼ਾਨਾ ਚਾਰ ਘੰਟੇ ਪੀਣ ਯੋਗ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ ਅਤੇ ਪੂਰੇ ਸੰਚਾਲਨ ਦਾ ਪ੍ਰਬੰਧ ਗ੍ਰਾਮ ਪੰਚਾਇਤ ਵਾਟਰ ਸਪਲਾਈ ਕਮੇਟੀ ਵੱਲੋਂ ਕੁਸ਼ਲਤਾਪੂਰਵਕ ਕੀਤਾ ਜਾ ਰਿਹਾ ਹੈ। ਕਮੇਟੀ ਨੇ ਸਿਸਟਮ ਦੇ ਸੁਚਾਰੂ ਢੰਗ ਨਾਲ ਚਲਾਉਣ ਲਈ ਅਤੇ ਨਿਯਮਿਤ ਰੱਖ-ਰਖਾਅ ਲਈ ਇਕ ਨਿੱਜੀ ਪੰਪ ਆਪਰੇਟਰ ਨੂੰ ਨਿਯੁਕਤ ਕੀਤਾ ਹੈ। ਸਾਲਾਨਾ ਸੰਚਾਲਨ ਖਰਚੇ ਪੂਰੇ ਕਰਨ ਤੋਂ ਬਾਅਦ ਕਮੇਟੀ ਨੂੰ ਹਰ ਸਾਲ ਕਰੀਬ 2 ਲੱਖ ਰੁਪਏ ਦੀ ਆਮਦਨ ਹੋ ਰਹੀ ਹੈ ਅਤੇ ਪਾਣੀ ਸਪਲਾਈ ਸੰਚਾਲਨ ਤੋਂ ਕਰੀਬ 6 ਲੱਖ ਰੁਪਏ ਦੀ ਬਚਤ ਇਕੱਠੀ ਹੋ ਚੁੱਕੀ ਹੈ।

ਉਨ੍ਹਾਂ ਪਿੰਡ ਦੀ ਪੰਚਾਇਤ, ਪਾਣੀ ਸਬੰਧੀ ਕਮੇਟੀ ਦੇ ਮੈਂਬਰਾਂ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਅਤੇ ਪਿੰਡ ਵਾਸੀਆਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਸਕੀਮ ਨੂੰ ਲੰਬੇ ਸਮੇਂ ਤੱਕ ਟਿਕਾਊ ਬਣਾਉਣ ਲਈ ਸਾਂਝੇ ਉਪਰਾਲੇ ਕੀਤੇ ਹਨ। ਉਨ੍ਹਾਂ ਕਿਹਾ ਕਿ ਲਗਾਤਾਰ ਜਾਗਰੂਕਤਾ ਕੈਂਪ, ਪਿੰਡ ਵਾਸੀਆਂ ਦੀਆਂ ਮੀਟਿੰਗਾਂ ਅਤੇ ਪਾਣੀ ਜਾਂਚ ਗਤੀਵਿਧੀਆਂ ਲੋਕ ਭਾਗੀਦਾਰੀ ਅਤੇ ਜਵਾਬਦੇਹੀ ਨੂੰ ਕਾਇਮ ਰੱਖਣ ਵਿੱਚ ਮਦਦਗਾਰ ਸਾਬਤ ਹੋ ਰਹੀਆਂ ਹਨ, ਜਿਸ ਨਾਲ ਗਿੱਲ ਕਲਾਂ ਕਮਿਊਨਿਟੀ ਪ੍ਰਬੰਧਿਤ ਜਲ ਸਪਲਾਈ ਪ੍ਰਣਾਲੀਆਂ ਲਈ ਇਕ ਮਾਡਲ ਪਿੰਡ ਬਣ ਗਿਆ ਹੈ।

ਸੁਰਜੀਤ ਸਿੰਘ ਰੱਖੜਾ ਵੀ ਪਿਛਲੇ ਦਿਨੀਂ ਆਮ ਆਦਮੀ ਪਾਰਟੀ ’ਚ ਹੋ ਗਏ ਸਨ ਸ਼ਾਮਲ
ਚੰਡੀਗੜ੍ਹ/ਬਿਊਰੋ ਨਿਊਜ਼
ਨਵੇਂ ਬਣੇ ‘ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ’ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ। ਪਾਰਟੀ ਦੇ ਪ੍ਰਮੁੱਖ ਮੈਂਬਰ ਅਤੇ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਾਰੇ ਅਹੁਦਿਆਂ ਤੋਂ ਆਪਣਾ ਅਸਤੀਫਾ ਦੇ ਦਿੱਤਾ ਹੈ। ਇਆਲੀ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਤਾਲਮੇਲ ਕਮੇਟੀ ਦੇ ਕਨਵੀਨਰ ਸਨ। ਇਆਲੀ ਨੇ ਸੋਸ਼ਲ ਮੀਡੀਆ ’ਤੇ ਆਪਣੇ ਸੱਤ ਮਿੰਟ ਲੰਬੇ ਵੀਡੀਓ ਸੰਬੋਧਨ ਵਿੱਚ ਸਪੱਸ਼ਟ ਕੀਤਾ ਹੈ ਕਿ ਉਹ ਕਾਂਗਰਸ, ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਨਹੀਂ ਹੋਣਗੇ। ਜ਼ਿਕਰਯੋਗ ਹੈ ਕਿ ਮਨਪ੍ਰੀਤ ਸਿੰਘ ਇਆਲੀ ਨੇ ਸ਼ੋ੍ਰਮਣੀ ਅਕਾਲੀ  ਦਲ (ਬਾਦਲ) ਦੀ ਟਿਕਟ ’ਤੇ ਮੁੱਲਾਂਪੁਰ ਦਾਖਾ ਤੋਂ ਵਿਧਾਇਕ ਦੀ ਚੋਣ ਜਿੱਤੀ ਸੀ। ਇਸ ਤੋਂ ਬਾਅਦ ਉਹ ਨਵੇਂ ਬਣੇ ‘ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ’ ਵਿਚ  ਸ਼ਾਮਲ ਹੋ ਗਏ ਸਨ। ਇਆਲੀ ਨੇ ਹੁਣ  ਇਸ ਨਵੇਂ ਅਕਾਲੀ ਦਲ ’ਚੋਂ ਵੀ ਅਸਤੀਫਾ ਦੇ ਦਿੱਤਾ ਹੈ। ਧਿਆਨ ਰਹੇ ਕਿ ਨਵੇਂ ਬਣੇ ਅਕਾਲੀ ਦਲ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਰੱਖੜਾ ਵੀ  ਪਿਛਲੇ ਦਿਨੀਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਸਨ।  

ਜਲੰਧਰ ਵਿੱਚ 4 ਦਿਨਾਂ ਸਬ-ਜੂਨੀਅਰ ਸਟੇਟ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ ਦੀ ਸ਼ੁਰੂਆਤ

400 ਖਿਡਾਰੀ ਲੈਣਗੇ ਹਿੱਸਾ, 22 ਮਈ ਨੂੰ ਹੋਣਗੇ ਫਾਈਨਲ

ਅੰਤਰਰਾਸ਼ਟਰੀ ਖਿਡਾਰਨ ਮਾਨਿਆ ਰਲਹਣ ਨੂੰ ਐਸੋਸੀਏਸ਼ਨ ਵੱਲੋਂ ਸਨਮਾਨਿਤ ਕੀਤਾ ਗਿਆ


ਜਲੰਧਰ  : ਪੰਜਾਬ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਰਾਇਜ਼ਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਵਿੱਚ 4 ਦਿਨਾਂ ਪੰਜਾਬ ਸਟੇਟ ਸਬ-ਜੂਨੀਅਰ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ ਦੀ ਅੱਜ ਸ਼ੁਰੂਆਤ ਹੋਈ। ਇਹ ਮੁਕਾਬਲੇ 22 ਮਈ 2026 ਤੱਕ ਚੱਲਣਗੇ।

ਟੂਰਨਾਮੈਂਟ ਦਾ ਉਦਘਾਟਨ ਮੁੱਖ ਮਹਿਮਾਨ ਵਿਧਾਇਕ ਅਤੇ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਪ੍ਰਧਾਨ ਸਰਦਾਰ ਅਮ੍ਰਿਤਪਾਲ ਸਿੰਘ ਸੁਖਾਨੰਦ ਨੇ ਕੀਤਾ। ਇਸ ਮੌਕੇ ਵਿਧਾਇਕ ਸੁਖਾਨੰਦ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਖੇਡ ਮਾਹੌਲ ਨੂੰ ਬਦਲਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਸਰਕਾਰ ਦਾ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਅਤੇ ਹੋਰ ਰਚਨਾਤਮਕ ਗਤੀਵਿਧੀਆਂ ਵੱਲ ਪ੍ਰੇਰਿਤ ਕਰਨਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਖੇਡ ਬਜਟ ਨੂੰ 350 ਕਰੋੜ ਰੁਪਏ ਤੋਂ ਵਧਾ ਕੇ 1791 ਕਰੋੜ ਰੁਪਏ ਕੀਤਾ ਗਿਆ ਹੈ, ਜੋ ਖੇਡਾਂ ਦੇ ਵਿਕਾਸ ਪ੍ਰਤੀ ਸਰਕਾਰ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਸੂਬੇ ਵਿੱਚ ਜ਼ਮੀਨੀ ਪੱਧਰ ’ਤੇ ਬੈਡਮਿੰਟਨ ਨੂੰ ਉਤਸ਼ਾਹਿਤ ਕਰਨ ਲਈ ਐਸੋਸੀਏਸ਼ਨ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।

ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਰਿਤਿਨ ਖੰਨਾ ਨੇ ਦੱਸਿਆ ਕਿ ਟੂਰਨਾਮੈਂਟ ਨੂੰ ਖਿਡਾਰੀਆਂ ਵੱਲੋਂ ਸ਼ਾਨਦਾਰ ਹੁੰਗਾਰਾ ਮਿਲਿਆ ਹੈ। ਸੂਬੇ ਦੇ 23 ਜ਼ਿਲ੍ਹਿਆਂ ਤੋਂ ਕਰੀਬ 400 ਖਿਡਾਰੀਆਂ ਦੀਆਂ 600 ਤੋਂ ਵੱਧ ਐਂਟਰੀਆਂ ਪ੍ਰਾਪਤ ਹੋਈਆਂ ਹਨ। ਅੰਡਰ-15 ਅਤੇ ਅੰਡਰ-17 ਵਰਗ ਵਿੱਚ ਲੜਕਿਆਂ ਅਤੇ ਲੜਕੀਆਂ ਦੇ ਕੁੱਲ 10 ਇਵੈਂਟ ਕਰਵਾਏ ਜਾ ਰਹੇ ਹਨ। ਅਗਲੇ 4 ਦਿਨਾਂ ਵਿੱਚ ਕਰੀਬ 500 ਮੈਚ ਖੇਡੇ ਜਾਣਗੇ। ਫਾਈਨਲ ਮੁਕਾਬਲੇ 22 ਮਈ ਨੂੰ ਹੋਣਗੇ ਅਤੇ ਜੇਤੂਆਂ ਨੂੰ ਨਕਦ ਇਨਾਮ ਅਤੇ ਹੋਰ ਆਕਰਸ਼ਕ ਇਨਾਮ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਖਿਡਾਰੀਆਂ ਅਤੇ ਕੋਚਾਂ ਦੀ ਸੁਵਿਧਾ ਲਈ ਖਾਣ-ਪੀਣ ਅਤੇ ਰਿਫਰੈਸ਼ਮੈਂਟ ਦੇ ਵਿਸ਼ੇਸ਼ ਪ੍ਰਬੰਧ ਵੀ ਕੀਤੇ ਗਏ ਹਨ।

ਇਸ ਦੌਰਾਨ ਐਸੋਸੀਏਸ਼ਨ ਵੱਲੋਂ ਸੂਬੇ ਦੇ ਦੋ ਹੋਣਹਾਰ ਬੈਡਮਿੰਟਨ ਖਿਡਾਰੀਆਂ ਸਵਰਗਵਾਸੀ ਮਯੰਕ ਸ਼ਰਮਾ ਅਤੇ ਸਾਹਿਬ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ, ਜਿਨ੍ਹਾਂ ਦੀ ਵੱਖ-ਵੱਖ ਸੜਕ ਹਾਦਸਿਆਂ ਵਿੱਚ ਦੁੱਖਦਾਈ ਮੌਤ ਹੋ ਗਈ ਸੀ। ਉਨ੍ਹਾਂ ਦੀ ਯਾਦ ਵਿੱਚ ਅੰਡਰ-15 ਅਤੇ ਅੰਡਰ-17 ਵਰਗ ਵਿੱਚ ਦੋ ਵਿਸ਼ੇਸ਼ ਟਰਾਫੀਆਂ ਸ਼ੁਰੂ ਕੀਤੀਆਂ ਗਈਆਂ ਹਨ।

ਜਲੰਧਰ ਦੀ ਅੰਤਰਰਾਸ਼ਟਰੀ ਬੈਡਮਿੰਟਨ ਖਿਡਾਰਨ ਮਾਨਿਆ ਰਲਹਣ ਨੂੰ ਫਰਾਂਸ ਵਿੱਚ ਹੋਏ ਸੈਂਟ ਡੇਨਿਸ ਓਪਨ ਵਿੱਚ ਕਾਂਸੀ ਦਾ ਤਗਮਾ ਜਿੱਤਣ ’ਤੇ ਮੁੱਖ ਮਹਿਮਾਨ ਵੱਲੋਂ 31,000 ਰੁਪਏ ਦੀ ਨਕਦ ਰਕਮ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਡੀਬੀਏ ਦੇ ਖਜਾਨਚੀ ਪਲਵਿੰਦਰ ਜੁਨੇਜਾ, ਹਰਪ੍ਰੀਤ ਸਿੰਘ, ਜਸਵੰਤ ਸਿੰਘ, ਪੰਜਾਬ ਮਸੀਹ, ਧੀਰਜ ਸ਼ਰਮਾ, ਸਚਿਨ ਰੱਤੀ, ਵਰੁਣ ਕੁਮਾਰ ਸਮੇਤ ਬੈਡਮਿੰਟਨ ਜਗਤ ਦੀਆਂ ਕਈ ਪ੍ਰਮੁੱਖ ਸ਼ਖਸੀਅਤਾਂ ਮੌਜੂਦ ਸਨ।

ਸੀਐਮ ਭਗਵੰਤ ਮਾਨ ਨੇ ਸੰਦੀਪ ਲੁੱਧੜ ਦਾ ਪਾਰਟੀ ਵਿਚ ਕੀਤਾ ਸਵਾਗਤ
ਚੰਡੀਗੜ੍ਹ/ਬਿਊਰੋ ਨਿਊਜ਼  
ਪੰਜਾਬ ਸਟਾਈਲ ਕਬੱਡੀ ਦੇ ਵਿਸ਼ਵ ਪ੍ਰਸਿੱਧ ਅਤੇ ਹੋਣਹਾਰ ਖਿਡਾਰੀ ਸੰਦੀਪ ਲੁੱਧੜ  ਅੱਜ ਬੁੱਧਵਾਰ ਨੂੰ ਰਸਮੀ ਤੌਰ ’ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਚੰਡੀਗੜ੍ਹ ਵਿਖੇ ਹੋਏ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਨ੍ਹਾਂ ਨੂੰ ਸਿਰੋਪਾਓ ਪਹਿਨਾ ਕੇ ਪਾਰਟੀ ਵਿੱਚ ਜੀ ਆਇਆਂ ਨੂੰ ਕਿਹਾ। ਸੰਦੀਪ ਲੁੱਧੜ ਦੇ ਪਾਰਟੀ ਵਿੱਚ ਆਉਣ ਨਾਲ ਆਮ ਆਦਮੀ ਪਾਰਟੀ ਨੂੰ ਖੇਡ ਜਗਤ ਅਤੇ ਨੌਜਵਾਨਾਂ ਵਿੱਚ ਵੱਡਾ ਹੁੰਗਾਰਾ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ। ਇਸ ਮੌਕੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦਾ ਨਾਂ ਰੌਸ਼ਨ ਕਰਨ ਵਾਲੇ ਅਜਿਹੇ ਨੌਜਵਾਨਾਂ ਦਾ ਸਾਥ ਸਾਨੂੰ ‘ਰੰਗਲਾ ਪੰਜਾਬ’ ਸਿਰਜਣ ਦੀ ਮੁਹਿੰਮ ਵਿੱਚ ਹੋਰ ਤਾਕਤ ਦੇਵੇਗਾ। ਉਨ੍ਹਾਂ ਦੇ ਤਜ਼ਰਬੇ ਨਾਲ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਵਿੱਚ ਵੱਡੀ ਮਦਦ ਮਿਲੇਗੀ। ਭਗਵੰਤ ਮਾਨ ਨੇ ਕਿਹਾ ਕਿ ਸਾਰੇ ਮਿੱਲ ਕੇ ਪੰਜਾਬ ਦੀ ਜਵਾਨੀ ਅਤੇ ਖੇਡਾਂ ਨੂੰ ਹੋਰ ਬੁਲੰਦੀਆਂ ’ਤੇ ਲੈ ਕੇ ਜਾਵਾਂਗੇ।  

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.