Monday, 15 June 2026

ਪਟਨਾ : ਲਗਾਤਾਰ ਵਧ ਰਹੀ ਮਹਿੰਗਾਈ, ਨਾਗਰਿਕਾਂ 'ਤੇ ਪਾਬੰਦੀਆਂ ਅਤੇ ਲੋਕਤੰਤਰੀ ਪ੍ਰਕਿਰਿਆਵਾਂ ਨਾਲ ਕਥਿਤ ਛੇੜਛਾੜ ਨੂੰ ਲੈ ਕੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਤਿੱਖਾ ਹਮਲਾ ਬੋਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇੱਥੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਦੇਸ਼ ਨੂੰ "ਅਣਐਲਾਨੇ ਲਾਕਡਾਊਨ" ਵਿੱਚ ਧੱਕ ਦਿੱਤਾ ਹੈ ਅਤੇ ਲੋਕਾਂ ਤੋਂ ਅਰਥਵਿਵਸਥਾ ਦੇ ਅਸਲ ਹਾਲਾਤ ਲੁਕਾਏ ਜਾ ਰਹੇ ਹਨ। ਇਹ ਦੱਸਦਿਆਂ ਕਿ ਕੇਂਦਰ ਨੇ ਚੋਣਾਂ ਤੱਕ ਤੇਲ ਦੀਆਂ ਕੀਮਤਾਂ ਨੂੰ ਦਿਖਾਵੇ ਲਈ ਜਾਣ-ਬੁੱਛ ਕੇ ਸਥਿਰ ਰੱਖਿਆ, ਉਨ੍ਹਾਂ ਕਿਹਾ ਕਿ ਹੁਣ ਜਦੋਂ ਚੋਣਾਂ ਖਤਮ ਹੋ ਗਈਆਂ ਹਨ, ਤਾਂ ਨਾਗਰਿਕਾਂ 'ਤੇ ਇਸ ਦਾ ਬੋਝ ਪਾਇਆ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਦੇਸ਼ ਦੇ ਤੇਲ, ਗੈਸ ਅਤੇ ਸੋਨੇ ਦੇ ਭੰਡਾਰਾਂ ਦੀ ਅਸਲ ਸਥਿਤੀ ਦਾ ਜਨਤਕ ਤੌਰ 'ਤੇ ਖੁਲਾਸਾ ਕਰੇ।

ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ (ਆਪ) ਇਹ ਯਕੀਨੀ ਬਣਾਏਗੀ ਕਿ ਪੰਜਾਬ ਵਿੱਚ ਵਿਸ਼ੇਸ਼ ਤੀਬਰ ਸੋਧ (ਐਸ.ਆਈ.ਆਰ.) ਪ੍ਰਕਿਰਿਆ ਦੌਰਾਨ ਕਿਸੇ ਵੀ ਅਸਲ ਵੋਟਰ ਦਾ ਨਾਮ ਨਾ ਕੱਟਿਆ ਜਾਵੇ ਅਤੇ ਨਾ ਹੀ ਕਿਸੇ ਨਕਲੀ ਵੋਟਰ ਦਾ ਨਾਮ ਸ਼ਾਮਲ ਕੀਤਾ ਜਾਵੇ। ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026 'ਤੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਕਾਨੂੰਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਬੰਧੀ ਸਖ਼ਤ ਸਜ਼ਾ ਯਕੀਨੀ ਬਣਾ ਕੇ ਦੁਨੀਆ ਭਰ ਦੀ ਸਿੱਖ ਸੰਗਤ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕੀਤਾ ਹੈ।

*ਪ੍ਰਧਾਨ ਮੰਤਰੀ ਮੋਦੀ ਨੂੰ ਦੇਸ਼ ਦੀ ਅਸਲ ਆਰਥਿਕ ਸਥਿਤੀ ਬਾਰੇ ਸਭ ਨੂੰ ਦੱਸਣਾ ਚਾਹੀਦਾ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*

ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਦੇਸ਼ ਵਿੱਚ ਅਣਐਲਾਨਿਆ ਲਾਕਡਾਊਨ ਲਾ ਦਿੱਤਾ ਹੈ। ਉਨ੍ਹਾਂ ਕਿਹਾ, "ਇਨ੍ਹਾਂ ਪਾਬੰਦੀਆਂ ਦੇ ਨਤੀਜੇ ਪੂਰੇ ਦੇਸ਼ ਨੂੰ ਭੁਗਤਣੇ ਪੈ ਰਹੇ ਹਨ, ਜਦੋਂ ਕਿ ਕੇਂਦਰ ਲੋਕਾਂ ਤੋਂ ਦੇਸ਼ ਦੀ ਆਰਥਿਕਤਾ ਦੇ ਅਸਲ ਹਾਲਾਤ ਲੁਕਾ ਰਹੀ ਹੈ।"

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਦੇਸ਼ ਦੇ ਤੇਲ, ਗੈਸ ਅਤੇ ਸੋਨੇ ਦੇ ਭੰਡਾਰਾਂ ਦਾ ਜਨਤਕ ਤੌਰ 'ਤੇ ਖੁਲਾਸਾ ਕਰਨਾ ਚਾਹੀਦਾ ਹੈ ਤਾਂ ਜੋ ਨਾਗਰਿਕ ਦੇਸ਼ ਦੀ ਅਸਲ ਸਥਿਤੀ ਤੋਂ ਜਾਣੂ ਹੋ ਸਕਣ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਆਰਥਿਕ ਸਥਿਤੀ ਬਾਰੇ ਸੱਚ ਜਾਣਨ ਦਾ ਹੱਕ ਹੈ। ਕੇਂਦਰ ਨੂੰ ਤੱਥ ਲੁਕਾਉਣ ਦੀ ਬਜਾਏ ਤੇਲ, ਗੈਸ ਅਤੇ ਸੋਨੇ ਦੇ ਭੰਡਾਰਾਂ ਬਾਰੇ ਪੂਰੀ ਜਾਣਕਾਰੀ ਜਨਤਾ ਦੇ ਸਾਹਮਣੇ ਰੱਖਣੀ ਚਾਹੀਦੀ ਹੈ।"

*ਕੇਂਦਰ ਮਹਿੰਗਾਈ ਦੇ ਬੋਝ ਨੂੰ ਜਾਇਜ਼ ਠਹਿਰਾਉਣ ਲਈ ਵਿਸ਼ਵ ਪੱਧਰ 'ਤੇ ਬਣੇ ਹਾਲਾਤ ਨੂੰ ਢਾਲ ਬਣਾ ਰਹੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*

ਤੇਲ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਲੈ ਕੇ ਕੇਂਦਰ 'ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜਾਣ-ਬੁੱਝ ਕੇ ਵੱਖ-ਵੱਖ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਰਫ ਦਿਖਾਉਣ ਲਈ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਨਹੀਂ ਕੀਤਾ, ਪਰ ਚੋਣਾਂ ਖਤਮ ਹੁੰਦੇ ਸਾਰ ਕੀਮਤਾਂ ਵਿੱਚ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰ ਦਿੱਤਾ, ਜੋ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਵਧਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ, "ਖਾੜੀ ਦੇਸ਼ਾਂ ਵਿੱਚ ਜੰਗ ਦੇ ਬਹਾਨੇ ਨਾਲ ਵਾਰ-ਵਾਰ ਬਾਲਣ ਦੀਆਂ ਕੀਮਤਾਂ ਵਿੱਚ ਵਾਧੇ ਰਾਹੀਂ ਲੋਕਾਂ ਨੂੰ ਮਹਿੰਗਾਈ ਦੇ ਬੋਝ ਹੇਠ ਦੱਬਿਆ ਜਾ ਰਿਹਾ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਗੇ ਟਿੱਪਣੀ ਕਰਦਿਆਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਦ ਦੇਸ਼ ਦੀ ਮੌਜੂਦਾ ਆਰਥਿਕ ਸਥਿਤੀ ਅਤੇ ਵਿਦੇਸ਼ ਨੀਤੀ ਬਾਰੇ ਨਹੀਂ ਦੱਸ ਸਕਦੇ ਤਾਂ ਉਨ੍ਹਾਂ ਨੂੰ ਆਪਣੇ ਦੋਸਤ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਇਸ ਬਾਰੇ ਪੁੱਛਣਾ ਚਾਹੀਦਾ ਹੈ।

*ਪ੍ਰਧਾਨ ਮੰਤਰੀ ਦੇ ਵਿਦੇਸ਼ੀ ਦੌਰਿਆਂ ਦੌਰਾਨ ਨਾਗਰਿਕਾਂ ’ਤੇ ਪਾਬੰਦੀਆਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*

ਨਾਗਰਿਕਾਂ ’ਤੇ ਲਗਾਈਆਂ ਜਾ ਰਹੀਆਂ ਪਾਬੰਦੀਆਂ ਬਾਰੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਬੜੀ ਸਿਤਮਜ਼ਰੀਫ਼ੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਦ ਤਾਂ ਵਿਦੇਸ਼ ਯਾਤਰਾ ਵਿੱਚ ਮਸਰੂਫ਼ ਹਨ ਪਰ ਲੋਕਾਂ ਨੂੰ ਵਿਦੇਸ਼ ਯਾਤਰਾ ਤੋਂ ਬਚਣ ਦੀ ਸਲਾਹ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਅਜੀਬ ਹਾਲਾਤ ਵਿੱਚੋਂ ਲੰਘ ਰਿਹਾ ਹੈ, ਜਿੱਥੇ ‘ਵਰਕ ਫਰਾਮ ਹੋਮ ’ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਪਰ ਅਸਲ ਸੱਚਾਈ ਲੋਕਾਂ ਤੋਂ ਲੁਕਾਈ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਨੇਤਾਵਾਂ ਦੇ ਆਪਹੁਦਰੇਪਣ ਕਾਰਨ ਲੋਕਾਂ ਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ। ਉਨ੍ਹਾਂ ਇਸ ਸਥਿਤੀ ਨੂੰ ਬਹੁਤ ਗ਼ੈਰ-ਵਾਜਿਬ ਕਰਾਰ ਦਿੱਤਾ।

*ਆਪ ਵਲੰਟੀਅਰਾਂ ਨੂੰ ਪੰਜਾਬ ਵਿੱਚ ਐਸ.ਆਈ.ਆਰ. ਪ੍ਰਕਿਰਿਆ ਦੀ ਨੇੜਿਓਂ ਨਿਗਰਾਨੀ ਕਰਨ ਦੇ ਨਿਰਦੇਸ਼: ਮੁੱਖ ਮੰਤਰੀ ਭਗਵੰਤ ਸਿੰਘ ਮਾਨ*

ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੋਧ (ਐਸ.ਆਈ.ਆਰ.) ਦੇ ਮੁੱਦੇ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਪ੍ਰਕਿਰਿਆ 15 ਜੂਨ ਤੋਂ ਸੂਬੇ ਵਿੱਚ ਸ਼ੁਰੂ ਹੋਵੇਗੀ ਅਤੇ ਆਮ ਆਦਮੀ ਪਾਰਟੀ ਨੇ ਆਪਣੇ ਸਾਰੇ ਵਲੰਟੀਅਰਾਂ ਨੂੰ ਇਸ ਪ੍ਰਕਿਰਿਆ ਦੌਰਾਨ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ, ‘‘ਨਾ ਤਾਂ ਅਸਲੀ ਵੋਟਰਾਂ ਨੂੰ ਹਟਾਉਣ ਦਿੱਤਾ ਜਾਵੇਗਾ ਅਤੇ ਨਾ ਹੀ ਪੰਜਾਬ ਵਿੱਚ ਜਾਅਲੀ ਵੋਟਰਾਂ ਨੂੰ ਜੋੜਨ ਦੀ ਇਜਾਜ਼ਤ ਦਿੱਤੀ ਜਾਵੇਗੀ।’’

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਵੋਟਰ ਸੂਚੀਆਂ ਵਿੱਚ ਜਾਅਲੀ ਵੋਟਰਾਂ ਨੂੰ ਜੋੜਦੇ ਸਮੇਂ ਅਸਲੀ ਵੋਟਰਾਂ ਦੇ ਨਾਮ ਹਟਾਉਣ ਦੀ ਆਦਤ ਬਣ ਗਈ ਹੈ, ਪਰ ਪੰਜਾਬ ਵਿੱਚ ਅਜਿਹੀਆਂ ਘਟਨਾਵਾਂ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਲੋਕਤੰਤਰ ਦਾ ਮੂੰਹ ਬੰਦ ਕਰਨ ਦੀ ਕਿਸੇ ਵੀ ਕੋਸ਼ਿਸ਼ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ ਅਤੇ ਢੁਕਵਾਂ ਜਵਾਬ ਦਿੱਤਾ ਜਾਵੇਗਾ।

*ਭਾਜਪਾ ਕੋਲ ਸਿਰਫ਼ ਦੋ ਵਿਧਾਇਕ ਹੋਣ ਦੇ ਬਾਵਜੂਦ ਸੱਤ ਰਾਜ ਸਭਾ ਮੈਂਬਰ ਹੋਣਾ ਲੋਕਤੰਤਰ ਦਾ ਸਿੱਧਾ ਕਤਲ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*

ਆਮ ਆਦਮੀ ਪਾਰਟੀ ਦੇ ਸੱਤ ਰਾਜ ਸਭਾ ਮੈਂਬਰਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਾਰਟੀ ਨੇ ਰਾਸ਼ਟਰਪਤੀ ਨੂੰ ਮਿਲ ਕੇ ਇਨ੍ਹਾਂ ਪਾਰਟੀ ਵਿਰੋਧੀ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਇਸ ਵਿੱਚ ਸ਼ਾਮਲ ਲੋਕਾਂ ਵਿਰੁੱਧ ਕਾਰਵਾਈ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਬੜੀ ਸਿਤਮਜ਼ਰੀਫ਼ੀ ਹੈ ਕਿ ਇਤਿਹਾਸ ਵਿੱਚ ਪਹਿਲੀ ਵਾਰ ਪੰਜਾਬ ਵਿੱਚ ਭਾਜਪਾ ਦੇ ਸਿਰਫ਼ ਦੋ ਵਿਧਾਇਕ ਹਨ, ਪਰ ਇਸ ਦੇ ਬਾਵਜੂਦ ਸੂਬੇ ਤੋਂ ਪਾਰਟੀ ਦੇ ਸੱਤ ਰਾਜ ਸਭਾ ਮੈਂਬਰ ਹੋਣਾ ਸਿੱਧਾ-ਸਿੱਧਾ ਲੋਕਤੰਤਰ ਦਾ ਕਤਲ ਹੈ।

*ਆਪ ਸਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰਤਾ ਅਤੇ ਮਾਣ-ਮਰਿਆਦਾ ਦੀ ਰਾਖੀ ਲਈ ਵਚਨਬੱਧ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੋਕਣ ਲਈ ਬਣਾਏ ਗਏ ਕਾਨੂੰਨ ਬਾਰੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਰਕਾਰ ਨੇ ਇੰਨਾ ਸਖ਼ਤ ਕਾਨੂੰਨ ਲਾਗੂ ਕੀਤਾ ਹੈ ਕਿ ਹੁਣ ਕੋਈ ਵੀ ਬੇਅਦਬੀ ਕਰਨ ਬਾਰੇ ਸੋਚਣ ਦੀ ਹਿੰਮਤ ਵੀ ਨਹੀਂ ਕਰ ਸਕੇਗਾ। ਉਨ੍ਹਾਂ ਅੱਗੇ ਕਿਹਾ, “ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026 ਦੇ ਲਾਗੂ ਹੋਣ ਨਾਲ, ਦੁਨੀਆ ਭਰ ਦੇ ਸਿੱਖਾਂ ਦੀ ਚਿਰੋਕਣੀ ਮੰਗ ਆਖਰਕਾਰ ਪੂਰੀ ਹੋ ਗਈ ਹੈ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਦੁਨੀਆ ਭਰ ਦੀ ਸੰਗਤ ਨੇ ਇਸ ਕਾਨੂੰਨ ਦਾ ਦਿਲੋਂ ਸਵਾਗਤ ਕੀਤਾ ਹੈ, ਜਿਸ ਦਾ ਉਦੇਸ਼ ਬੇਅਦਬੀ ਦੇ ਘਿਨਾਉਣੇ ਅਪਰਾਧ ਵਿੱਚ ਸ਼ਾਮਲ ਲੋਕਾਂ ਨੂੰ ਸਖ਼ਤ ਸਜ਼ਾ ਦੇਣਾ ਹੈ। ਉਨ੍ਹਾਂ ਕਿਹਾ, “ਪਵਿੱਤਰ ਗੁਰਬਾਣੀ ਸਰਬੱਤ ਦੇ ਭਲੇ ਲਈ ਹੈ ਅਤੇ ਇਸ ਦੀ ਪਵਿੱਤਰਤਾ, ਮਾਣ ਅਤੇ ਸਤਿਕਾਰ ਨੂੰ ਬਣਾਈ ਰੱਖਣਾ ਸਾਡਾ ਸਮੂਹਿਕ ਫ਼ਰਜ਼ ਹੈ।” ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਕਾਨੂੰਨ ਨੂੰ ਇਸ ਦੀ ਅਸਲ ਭਾਵਨਾ ਨਾਲ ਲਾਗੂ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਚੰਡੀਗੜ੍ਹ : ਪੰਜਾਬ ਵਿੱਚ ‘ਸਿੱਖਿਆ ਕ੍ਰਾਂਤੀ’ ਨੂੰ ਹੋਰ ਵੱਡਾ ਹੁਲਾਰਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਿਖਲਾਈ ਹਾਸਲ ਕਰਨ ਲਈ ਫਿਨਲੈਂਡ ਜਾ ਰਹੇ ਸਰਕਾਰੀ ਸਕੂਲਾਂ ਦੇ 72 ਅਧਿਆਪਕਾਂ ਦੇ ਸਭ ਤੋਂ ਵੱਡੇ ਬੈਚ ਨੂੰ ਰਵਾਨਾ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਨੂੰ ਸਿਖਲਾਈ ਦੇਣ, ਆਧੁਨਿਕ ਕਲਾਸ ਰੂਮ ਅਤੇ ਵਿਦਿਅਕ ਸੁਧਾਰਾਂ ਨਾਲ ਪੰਜਾਬ ਦੇ ਸਿੱਖਿਆ ਖੇਤਰ ਵਿੱਚ ਵੱਡਾ ਬਦਲਾਅ ਆਇਆ ਹੈ ਜਿਸ ਨਾਲ ਦੇਸ਼ ਭਰ ਵਿੱਚੋਂ ਸੂਬਾ ਮੋਹਰੀ ਸੂਬਾ ਬਣ ਕੇ ਉੱਭਰਿਆ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਿਛਲੀਆਂ ਸਰਕਾਰਾਂ ਨੇ ਸਰਕਾਰੀ ਸੰਸਥਾਵਾਂ ਵਿੱਚ ਸਿੱਖਿਆ ਨੂੰ ਦਹਾਕਿਆਂ ਤੱਕ ਨਕਾਰਿਆ ਜਦਕਿ ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ਨੇ ਬੋਰਡ ਦੀਆਂ ਪ੍ਰੀਖਿਆਵਾਂ ਦੇ ਨਤੀਜਿਆਂ ਵਿੱਚ ਪ੍ਰਾਈਵੇਟ ਸਕੂਲਾਂ ਨੂੰ ਪਛਾੜ ਦਿੱਤਾ ਹੈ। ਪਹਿਲੀ ਵਾਰ ਸਰਕਾਰੀ ਸਕੂਲਾਂ ਵਿੱਚ ਸ਼ੁਰੂ ਕੀਤੀ ਅਧਿਆਪਕ-ਮਾਪੇ ਮਿਲਣੀ ਵਿੱਚ ਲੱਖਾਂ ਮਾਪਿਆਂ ਨੇ ਖੁਦ ਵਧ-ਚੜ੍ਹ ਕੇ ਸ਼ਿਰਕਤ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰੀ ਸਿੱਖਿਆ ਪ੍ਰਣਾਲੀਆਂ ਕਲਾਸਰੂਮਾਂ ਦੇ ਅੰਦਰ ਇਨਕਲਾਬੀ ਤਬਦੀਲੀਆਂ ਲਿਆਉਣ ਵਿੱਚ ਮਦਦਗਾਰ ਸਾਬਤ ਹੋ ਰਹੀਆਂ ਹਨ ਅਤੇ ਸਰਕਾਰੀ ਸਕੂਲਾਂ ਨੂੰ ਮਾਪਿਆਂ ਦੀ ਪਹਿਲੀ ਪਸੰਦ ਬਣਾਉਣ ਦੇ ਪੰਜਾਬ ਸਰਕਾਰ ਦੇ ਮਿਸ਼ਨ ਨੂੰ ਮਜ਼ਬੂਤ ਕਰ ਰਿਹਾ ਹੈ।
ਰਵਾਨਗੀ ਤੋਂ ਪਹਿਲਾਂ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਕੁੱਲ 72 ਸਰਕਾਰੀ ਸਕੂਲ ਅਧਿਆਪਕਾਂ ਨੂੰ ਫਿਨਲੈਂਡ ਦੀ ਵਿਸ਼ਵ ਪੱਧਰ 'ਤੇ ਪ੍ਰਸਿੱਧ ਯੂਨੀਵਰਸਿਟੀ ਆਫ਼ ਤੂਰਕੂ ਵਿਖੇ ਸਰਵੋਤਮ ਸਿੱਖਿਆ ਟ੍ਰੇਨਿੰਗ ਲਈ ਚੁਣਿਆ ਗਿਆ ਹੈ। ਇਹ ਅਧਿਆਪਕ 29 ਮਈ ਤੱਕ ਆਧੁਨਿਕ ਸਿੱਖਿਆ ਵਿਧੀਆਂ, ਨਵੀਨਤਾਕਾਰੀ ਕਲਾਸਰੂਮ ਅਭਿਆਸਾਂ, ਵਿਦਿਆਰਥੀ-ਕੇਂਦ੍ਰਿਤ ਸਿਖਲਾਈ ਮਾਡਲਾਂ ਅਤੇ ਵਿਸ਼ਵ ਪੱਧਰ 'ਤੇ ਸਥਾਪਤ ਸਿੱਖਿਆ ਪ੍ਰਣਾਲੀਆਂ ਦਾ ਡੂੰਘਾ ਅਨੁਭਵ ਪ੍ਰਾਪਤ ਕਰਨਗੇ।  ਮੁੱਖ ਮੰਤਰੀ ਨੇ ਕਿਹਾ, “ਇਹ ਪਹਿਲਕਦਮੀ ਪੰਜਾਬ ਦੇ ਸਿੱਖਿਆ ਸੁਧਾਰ ਪ੍ਰੋਗਰਾਮ ਵਿੱਚ ਇੱਕ ਹੋਰ ਵੱਡਾ ਮੀਲ ਪੱਥਰ ਹੈ, ਜੋ ਦੇਸ਼ ਵਿੱਚ ਸਭ ਤੋਂ ਵੱਧ ਵੱਡੇ ਬਦਲਾਅ ਵਜੋਂ ਉਭਰਿਆ ਹੈ।”
ਅਧਿਆਪਕਾਂ ਨੂੰ "ਸੱਚੇ ਰਾਸ਼ਟਰ ਨਿਰਮਾਤਾ" ਦੱਸਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਸਰਕਾਰ ਸਿਰਫ਼ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਨਹੀਂ ਕਰ ਰਹੀ ਹੈ, ਸਗੋਂ ਬੁਨਿਆਦੀ ਪੱਧਰ ਤੋਂ ਵਿਦਿਅਕ ਮਾਹੌਲ ਦਾ ਪੁਨਰ ਨਿਰਮਾਣ ਕਰ ਰਹੀ ਹੈ। ਪੰਜਾਬ ਦੇ ਸਿੱਖਿਆ ਸੁਧਾਰ ਹੁਣ ਨੀਤੀਗਤ ਐਲਾਨਾਂ ਤੱਕ ਸੀਮਤ ਨਹੀਂ ਹਨ, ਸਗੋਂ ਹੁਣ ਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਨਤੀਜੇ ਪੈਦਾ ਕਰ ਰਹੇ ਹਨ।”
ਨੀਤੀ ਆਯੋਗ ਵੱਲੋਂ ਜਾਰੀ ਕੀਤੇ ਗਏ ਨਵੀਨਤਮ ਵਿਦਿਅਕ ਸੂਚਕਾਂ ਦਾ ਹਵਾਲਾ ਦਿੰਦੇ ਹੋਏ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਨੇ ਸਕੂਲ ਸਿੱਖਿਆ ਨਾਲ ਸਬੰਧਤ ਕਈ ਮਾਪਦੰਡਾਂ ਵਿੱਚ ਕੇਰਲਾ, ਮਹਾਰਾਸ਼ਟਰ ਅਤੇ ਹਰਿਆਣਾ ਸਮੇਤ ਰਵਾਇਤੀ ਤੌਰ 'ਤੇ ਮਜ਼ਬੂਤ ਵਿਦਿਅਕ ਸੂਬਿਆਂ ਨੂੰ ਪਛਾੜ ਦਿੱਤਾ ਹੈ।”
ਉਨ੍ਹਾਂ ਅੱਗੇ ਕਿਹਾ, “ਪੰਜਾਬ ਨੇ ਗਣਿਤ, ਵਿਗਿਆਨ ਅਤੇ ਭਾਸ਼ਾ ਦੀ ਮੁਹਾਰਤ ਵਿੱਚ ਸ਼ਾਨਦਾਰ ਪ੍ਰਦਰਸ਼ਨ ਦਰਜ ਕੀਤਾ ਹੈ, ਜਦੋਂ ਕਿ ਆਧੁਨਿਕ ਸਹੂਲਤਾਂ ਵਾਲੇ ਸਕੂਲ ਬੁਨਿਆਦੀ ਢਾਂਚੇ, ਡਿਜੀਟਲ ਸਿਖਲਾਈ ਸਹੂਲਤਾਂ ਅਤੇ ਕਲਾਸਰੂਮ ਪ੍ਰਬੰਧਨ ਮਿਆਰਾਂ ਵਿੱਚ ਇੱਕੋ ਸਮੇਂ ਮੋਹਰੀ ਵਜੋਂ ਉੱਭਰ ਰਿਹਾ ਹੈ। ਨਤੀਜੇ ਸਪੱਸ਼ਟ ਤੌਰ 'ਤੇ ਦਰਸਾਉਂਦੇ ਹਨ ਕਿ ਪੰਜਾਬ ਦੇ ਸਰਕਾਰੀ ਸਕੂਲ ਦਹਾਕਿਆਂ ਦੀ ਅਣਗਹਿਲੀ ਤੋਂ ਬਾਅਦ ਇਤਿਹਾਸਕ ਤਬਦੀਲੀ ਵਿੱਚੋਂ ਗੁਜ਼ਰ ਰਹੇ ਹਨ।”
ਫਿਨਲੈਂਡ ਸਿਖਲਾਈ ਪ੍ਰੋਗਰਾਮ ਦੀ ਮਹੱਤਤਾ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜ਼ੋਰ ਦੇ ਕੇ ਕਿਹਾ, “ਇਹ ਪਹਿਲਕਦਮੀ ਪੰਜਾਬ ਦੇ ਅਧਿਆਪਕਾਂ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਮੌਕੇ ਪ੍ਰਦਾਨ ਕਰਨ ਅਤੇ ਭਵਿੱਖ ਲਈ ਤਿਆਰ ਵਿਦਿਅਕ ਅਭਿਆਸਾਂ ਨਾਲ ਲੈਸ ਕਰਨ ਦੀ ਵਿਆਪਕ ਰਣਨੀਤੀ ਦਾ ਹਿੱਸਾ ਹੈ। ਇਹ ਸਿਰਫ਼ ਰਸਮੀ ਵਿਦੇਸ਼ੀ ਫੇਰੀ ਨਹੀਂ ਹੈ ਬਲਕਿ ਨਵਾਂ ਸਿੱਖਣ ਦਾ ਸ਼ਾਨਦਾਰ ਤਜਰਬਾ ਹੈ ਜਿਸ ਦਾ ਉਦੇਸ਼ ਸਿੱਧੇ ਤੌਰ 'ਤੇ ਪੰਜਾਬ ਦੇ ਕਲਾਸਰੂਮਾਂ ਵਿੱਚ ਵਿਹਾਰਕ ਨਵੀਨਤਾ ਲਿਆਉਣਾ ਹੈ।”
ਉਨ੍ਹਾਂ ਅੱਗੇ ਕਿਹਾ, “ਅਧਿਆਪਕ ਫਿਨਲੈਂਡ ਦੀ ਵਿਸ਼ਵ ਪੱਧਰ 'ਤੇ ਮਸ਼ਹੂਰ ਸਿੱਖਿਆ ਵਿਵਸਥਾ ਦਾ ਨੇੜਿਓਂ ਅਧਿਐਨ ਕਰਨਗੇ, ਜੋ ਕਿ ਸੰਕਲਪਿਕ ਸਿੱਖਿਆ, ਆਲੋਚਨਾਤਮਕ ਸੋਚ, ਵਿਦਿਆਰਥੀਆਂ ਦੀ ਭਾਵਨਾਤਮਕ ਭਲਾਈ ਅਤੇ ਘੱਟੋ-ਘੱਟ ਰੱਟੇ ਨਾਲ ਯਾਦ ਰੱਖਣ 'ਤੇ ਜ਼ੋਰ ਦੇਣ ਲਈ ਜਾਣੀ ਜਾਂਦੀ ਹੈ। ਇਹ ਸਿਖਲਾਈ ਸਹਿਯੋਗੀ ਅਧਿਆਪਨ ਤਕਨੀਕਾਂ, ਕਲਾਸਰੂਮ ਸ਼ਮੂਲੀਅਤ ਮਾਡਲਾਂ, ਮੁਲਾਂਕਣ ਸੁਧਾਰਾਂ ਅਤੇ ਸਿੱਖਿਆ ਵਿੱਚ ਤਕਨਾਲੋਜੀ ਦੇ ਏਕੀਕਰਨ 'ਤੇ ਵੀ ਕੇਂਦ੍ਰਿਤ ਹੋਵੇਗੀ।”
ਪਹਿਲਾਂ ਦੇ ਅੰਤਰਰਾਸ਼ਟਰੀ ਸਿਖਲਾਈ ਬੈਚਾਂ ਦੇ ਪ੍ਰਭਾਵ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜ਼ੋਰ ਦੇ ਕੇ ਕਿਹਾ, “ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਕਾਰਾਤਮਕ ਨਤੀਜੇ ਪਹਿਲਾਂ ਹੀ ਦਿਖਾਈ ਦੇ ਰਹੇ ਹਨ। ਸਿਖਲਾਈ ਪ੍ਰਾਪਤ ਅਧਿਆਪਕਾਂ ਨੇ ਆਪਸੀ ਸੰਵਾਦ ਰਾਹੀਂ ਸਿੱਖਣ ਦੇ ਵਾਤਾਵਰਣ, ਕਲਾਸਰੂਮ ਅਨੁਸ਼ਾਸਨ ਵਿੱਚ ਸੁਧਾਰ ਅਤੇ ਵਿਦਿਆਰਥੀ-ਅਨੁਕੂਲ ਪਹੁੰਚ ਅਪਣਾਏ ਹਨ ਜਿਸ ਨਾਲ ਅਕਾਦਮਿਕ ਕਾਰਗੁਜ਼ਾਰੀ ਵਿੱਚ ਕਾਫ਼ੀ ਵਾਧਾ ਹੋਇਆ ਹੈ।”
ਪੰਜਾਬ ਸਰਕਾਰ ਦੁਆਰਾ ਕੀਤੇ ਗਏ ਬੁਨਿਆਦੀ ਢਾਂਚੇ ਦੇ ਸੁਧਾਰਾਂ ਦੀ ਗੱਲ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਹੁਣ ਲਗਭਗ 99 ਪ੍ਰਤੀਸ਼ਤ ਸਰਕਾਰੀ ਸਕੂਲਾਂ ਵਿੱਚ ਕੰਪਿਊਟਰ ਉਪਲਬਧ ਹਨ, ਜਦੋਂ ਕਿ ਬਿਜਲੀ ਸਪਲਾਈ ਪੰਜਾਬ ਭਰ ਦੇ ਲਗਭਗ 99.9 ਪ੍ਰਤੀਸ਼ਤ ਸੰਸਥਾਵਾਂ ਤੱਕ ਪਹੁੰਚ ਚੁੱਕੀ ਹੈ। ਇਨ੍ਹਾਂ ਵਿਕਾਸ ਕਦਮਾਂ ਨੇ ਤਕਨੀਕੀ ਤੌਰ 'ਤੇ ਸਮਰੱਥ ਤੇ ਮਜ਼ਬੂਤ ਸਿੱਖਿਆ ਪ੍ਰਣਾਲੀ ਦੀ ਨੀਂਹ ਰੱਖੀ ਹੈ।”
ਪੰਜਾਬ ਦੇ ਸਿੱਖਿਆ ਇਨਕਲਾਬ ਵਿੱਚ ਸਰਗਰਮ ਭਾਈਵਾਲ ਬਣਨ ਲਈ ਅਧਿਆਪਕਾਂ ਨੂੰ ਸਿਹਰਾ ਦਿੰਦੇ ਹੋਏ ਉਨ੍ਹਾਂ ਕਿਹਾ, “ਸਾਲਾਂ ਦੀਆਂ ਚੁਣੌਤੀਆਂ ਦੇ ਬਾਵਜੂਦ, ਪੰਜਾਬ ਦੇ ਅਧਿਆਪਕਾਂ ਨੇ ਸੁਧਾਰਾਂ ਅਤੇ ਆਧੁਨਿਕ ਸਿੱਖਿਆ ਤਕਨੀਕਾਂ ਨੂੰ ਅਪਣਾਉਣ ਵਿੱਚ ਅਸਾਧਾਰਨ ਵਚਨਬੱਧਤਾ ਦਾ ਪ੍ਰਦਰਸ਼ਨ ਕੀਤਾ ਹੈ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਵੀ ਸ਼ਲਾਘਾ ਕਰਦਿਆਂ ਕਿਹਾ, “ਹਰਜੋਤ ਸਿੰਘ ਬੈਂਸ ਨੇ ਨਿੱਜੀ ਤੌਰ 'ਤੇ ਜ਼ਮੀਨੀ ਪੱਧਰ ਉੱਤੇ ਸੁਧਾਰਾਂ ਦੀ ਅਗਵਾਈ ਕੀਤੀ ਹੈ। ਸਕੂਲਾਂ ਦੇ ਉਨ੍ਹਾਂ ਦੇ ਲਗਾਤਾਰ ਦੌਰਿਆਂ ਅਤੇ ਅਕਾਦਮਿਕ ਮਿਆਰਾਂ ਅਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਸਿੱਧੀ ਨਿਗਰਾਨੀ ਨੇ ਜਵਾਬਦੇਹੀ ਨੂੰ ਯਕੀਨੀ ਬਣਾਇਆ ਹੈ ਅਤੇ ਲਾਗੂਕਰਨ ਦੀ ਵਿਵਸਥਾ ਨੂੰ ਤੇਜ਼ ਕੀਤਾ ਹੈ।”
ਮੁੱਖ ਮੰਤਰੀ ਨੇ ਅੱਗੇ ਕਿਹਾ, “ਭਗਵੰਤ ਮਾਨ ਸਰਕਾਰ ਨੇ ਅਧਿਆਪਕਾਂ ਨੂੰ ਬਹੁਤ ਜ਼ਿਆਦਾ ਪ੍ਰਸ਼ਾਸਕੀ ਬੋਝ ਤੋਂ ਮੁਕਤ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਉਹ ਵਿਸ਼ੇਸ਼ ਤੌਰ 'ਤੇ ਅਕਾਦਮਿਕ ਅਤੇ ਵਿਦਿਆਰਥੀ ਵਿਕਾਸ 'ਤੇ ਧਿਆਨ ਕੇਂਦਰਿਤ ਕਰ ਸਕਣ। ਸਕੂਲਾਂ ਵਿੱਚ ਕੈਂਪਸ ਮੈਨੇਜਰਾਂ ਅਤੇ ਸਹਾਇਕ ਸਟਾਫ ਦੀ ਨਿਯੁਕਤੀ ਨੇ ਅਧਿਆਪਕਾਂ ਲਈ ਗੈਰ-ਅਧਿਆਪਨ ਜ਼ਿੰਮੇਵਾਰੀਆਂ ਨੂੰ ਘਟਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।”
ਪੰਜਾਬ ਦੇ ਹਾਲ ਹੀ ਵਿੱਚ ਆਏ 12ਵੀਂ ਜਮਾਤ ਦੇ ਬੋਰਡ ਪ੍ਰੀਖਿਆ ਨਤੀਜਿਆਂ ਦਾ ਹਵਾਲਾ ਦਿੰਦੇ ਹੋਏ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਇਹ ਨਤੀਜੇ ਪੰਜਾਬ ਵਿੱਚ ਬਦਲਦੇ ਵਿਦਿਅਕ ਦ੍ਰਿਸ਼ਟੀਕੋਣ ਦੇ ਸਭ ਤੋਂ ਮਜ਼ਬੂਤ ਸੰਕੇਤਾਂ ਵਿੱਚੋਂ ਇੱਕ ਹਨ। ਇਹ ਬਹੁਤ ਮਾਣ ਅਤੇ ਸੰਤੁਸ਼ਟੀ ਦੀ ਗੱਲ ਹੈ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹੁਣ ਨਾਮਵਰ ਪ੍ਰਾਈਵੇਟ  ਵਿਦਿਅਕ ਸੰਸਥਾਵਾਂ ਵਿੱਚ ਪੜ੍ਹਦੇ ਆਪਣੇ ਹਾਣੀਆਂ ਨਾਲ ਮੁਕਾਬਲਾ ਕਰ ਰਹੇ ਹਨ ਅਤੇ ਬਹੁਤ ਸਾਰੇ ਮਾਮਲਿਆਂ ਵਿੱਚ ਉਨ੍ਹਾਂ ਨੂੰ ਪਛਾੜ ਰਹੇ ਹਨ।"
ਸਰਕਾਰੀ ਸਕੂਲ ਦੇ ਵਿਦਿਆਰਥੀਆਂ ਦੀ ਸ਼ਾਨਦਾਰ ਪ੍ਰਾਪਤੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, “ਤਿੰਨ ਵਿਦਿਆਰਥਣਾਂ ਨੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿੱਚ 500 ਵਿੱਚੋਂ 500 ਅੰਕ ਪ੍ਰਾਪਤ ਕੀਤੇ ਹਨ। ਇਹ ਵਿਦਿਆਰਥਣਾਂ ਸਿਰਫ਼ ਅਕਾਦਮਿਕ ਖੇਤਰ ਤੱਕ ਹੀ ਸੀਮਤ ਨਹੀਂ ਹਨ, ਸਗੋਂ ਤਲਵਾਰਬਾਜ਼ੀ, ਹੈਂਡਬਾਲ ਅਤੇ ਬਾਸਕਟਬਾਲ ਵਰਗੇ ਵਿਸ਼ਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਨਿਪੁੰਨ ਖਿਡਾਰਨਾਂ ਵੀ ਹਨ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਹ ਸਾਬਤ ਕਰਦਾ ਹੈ ਕਿ ਸਾਡੇ ਸਰਕਾਰੀ ਸਕੂਲ ਦੇ ਵਿਦਿਆਰਥੀ ਸਿਰਫ਼ ਅਕਾਦਮਿਕ ਤੌਰ 'ਤੇ ਮਜ਼ਬੂਤ ਨਹੀਂ ਹਨ, ਸਗੋਂ ਹਰ ਖੇਤਰ ਵਿੱਚ ਬੁਲੰਦੀਆਂ ਛੂਹਣ ਦੇ ਕਾਬਲੀਅਤ ਰੱਖਦੇ ਹਨ। ਪੰਜਾਬ ਦੇ ਸਿੱਖਿਆ ਮਾਡਲ ਨੇ ਭਾਰਤ ਦੇ ਸਰਕਾਰੀ ਸਕੂਲਾਂ ਬਾਰੇ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਧਾਰਨਾਵਾਂ ਨੂੰ ਚੁਣੌਤੀ ਦੇਣਾ ਸ਼ੁਰੂ ਕਰ ਰਿਹਾ ਹੈ।”
ਉਨ੍ਹਾਂ ਅੱਗੇ ਕਿਹਾ, “ਦਹਾਕਿਆਂ ਤੋਂ ਕਈ ਸੂਬਿਆਂ ਵਿੱਚ ਸਰਕਾਰੀ ਸਿੱਖਿਆ ਘਟਦੇ ਦਾਖਲੇ, ਕਮਜ਼ੋਰ ਬੁਨਿਆਦੀ ਢਾਂਚੇ ਅਤੇ ਮਾਪਿਆਂ ਦੇ ਵਿਸ਼ਵਾਸ ਦੀ ਘਾਟ ਨਾਲ ਜੂਝ ਰਹੀ ਹੈ। ਪੰਜਾਬ ਦੇ ਵੱਡੇ ਸੁਧਾਰ ਉਸ ਰੁਝਾਨ ਨੂੰ ਉਲਟਾਉਂਦੇ ਜਾਪਦੇ ਹਨ।”
ਸਰਕਾਰੀ ਸਕੂਲਾਂ ਵਿੱਚ ਵਧਦੇ ਜਨਤਕ ਵਿਸ਼ਵਾਸ ਨੂੰ ਉਜਾਗਰ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਸ ਬਦਲਦੀ ਜਨਤਕ ਧਾਰਨਾ ਦੇ ਸਭ ਤੋਂ ਪ੍ਰਭਾਵਸ਼ਾਲੀ ਸੰਕੇਤਾਂ ਵਿੱਚੋਂ ਇੱਕ ਸਰਕਾਰੀ ਸਕੂਲਾਂ ਵਿੱਚ ਮਾਪਿਆਂ-ਅਧਿਆਪਕ ਮਿਲਣੀਆਂ ਵਿੱਚ ਮਾਪਿਆਂ ਦੀ ਬੇਮਿਸਾਲ ਭਾਗੀਦਾਰੀ ਹੈ। ਲਗਭਗ 24 ਲੱਖ ਮਾਪੇ ਆਪਣੇ ਬੱਚਿਆਂ ਦੇ ਅਕਾਦਮਿਕ ਪ੍ਰਦਰਸ਼ਨ, ਕਰੀਅਰ ਦੀਆਂ ਇੱਛਾਵਾਂ ਅਤੇ ਸਮੁੱਚੇ ਵਿਕਾਸ ਬਾਰੇ ਚਰਚਾ ਕਰਨ ਲਈ ਪੀਟੀਐਮ ਵਿੱਚ ਸ਼ਾਮਲ ਹੋਏ।”
ਇਸ ਨੂੰ ਜਨਤਕ ਸਿੱਖਿਆ ਵਿੱਚ ਨਵੇਂ ਵਿਸ਼ਵਾਸ ਦਾ ਸੰਕੇਤ ਦੱਸਦੇ ਹੋਏ ਉਨ੍ਹਾਂ ਅੱਗੇ ਕਿਹਾ, “ਮਾਪਿਆਂ ਅਤੇ ਅਧਿਆਪਕਾਂ ਵਿਚਕਾਰ ਸਰਗਰਮ ਸਹਿਯੋਗ ਸਿਹਤਮੰਦ ਵਿਦਿਅਕ ਮਾਹੌਲ ਪੈਦਾ ਕਰ ਰਿਹਾ ਹੈ ਅਤੇ ਹਰ ਪੱਧਰ 'ਤੇ ਵਧੇਰੇ ਜਵਾਬਦੇਹੀ ਨੂੰ ਯਕੀਨੀ ਬਣਾ ਰਿਹਾ ਹੈ।”
ਨਿਰੰਤਰ ਵਿਦਿਅਕ ਨਵੀਨਤਾ ਅਤੇ ਸਮਰੱਥਾ ਨਿਰਮਾਣ ਲਈ ਭਗਵੰਤ ਮਾਨ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਨੇ ਐਲਾਨ ਕੀਤਾ, “ਅਧਿਆਪਕਾਂ ਨੂੰ ਵਿਸ਼ਵ ਪੱਧਰ 'ਤੇ ਪ੍ਰਸਿੱਧ ਸੰਸਥਾਵਾਂ ਅਤੇ ਉੱਤਮ ਕੇਂਦਰਾਂ ਵਿੱਚ ਵਿਸ਼ੇਸ਼ ਸਿਖਲਾਈ ਪ੍ਰੋਗਰਾਮਾਂ ਲਈ ਭੇਜਿਆ ਜਾਂਦਾ ਰਹੇਗਾ, ਜਿਸ ਵਿੱਚ ਸਿੰਗਾਪੁਰ ਅਤੇ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ ਅਹਿਮਦਾਬਾਦ ਦੀਆਂ ਸੰਸਥਾਵਾਂ ਵੀ ਸ਼ਾਮਲ ਹਨ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਸਕੂਲ ਸਿੱਖਿਆ ਬੋਰਡ, ਅਧਿਆਪਕਾਂ, ਅਧਿਕਾਰੀਆਂ, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਹਾਲ ਹੀ ਦੇ ਸਾਲਾਂ ਵਿੱਚ ਦਰਜ ਕੀਤੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਵਧਾਈ ਦਿੱਤੀ।
ਸਮਾਗਮ ਦੀ ਸਮਾਪਤੀ ਕਰਦੇ ਹੋਏ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਦੇ ਸਰਕਾਰੀ ਸਕੂਲ ਮਾਪਿਆਂ ਅਤੇ ਵਿਦਿਆਰਥੀਆਂ, ਦੋਵਾਂ ਲਈ ਪਹਿਲੀ ਪਸੰਦ ਵਜੋਂ ਲਗਾਤਾਰ ਉੱਭਰ ਰਹੇ ਹਨ। ਜਿਵੇਂ ਕਿ 72 ਅਧਿਆਪਕ ਫਿਨਲੈਂਡ ਦੀ ਯਾਤਰਾ 'ਤੇ ਜਾ ਰਹੇ ਹਨ, ਜਿਸ ਤੋਂ ਸਾਫ ਤੌਰ ਉਤੇ ਸਪੱਸ਼ਟ ਹੁੰਦਾ ਹੈ। ਪੰਜਾਬ ਹੁਣ ਸਿਰਫ਼ ਵਿਦਿਅਕ ਸੁਧਾਰਾਂ ਲਈ ਹੀ ਨਹੀਂ ਦੇਖ ਰਿਹਾ ਹੈ, ਸਗੋਂ ਭਵਿੱਖ ਲਈ ਤਿਆਰ ਪੀੜ੍ਹੀ ਬਣਾਉਣ ਲਈ ਦੁਨੀਆ ਦੇ ਸਭ ਤੋਂ ਵਧੀਆ ਪ੍ਰਣਾਲੀਆਂ ਪ੍ਰਤੀ ਭਰੋਸੇ ਨਾਲ ਜੁੜ ਰਿਹਾ ਹੈ। ਪੰਜਾਬ ਸਰਕਾਰ ਦਾ ਸੰਦੇਸ਼ ਸਪੱਸ਼ਟ ਹੈ ਕਿ ਪੰਜਾਬ ਦੇ ਕਲਾਸਰੂਮ ਸਿਰਫ਼ ਬਦਲ ਨਹੀਂ ਰਹੇ ਹਨ, ਸਗੋਂ ਉਨ੍ਹਾਂ ਨੂੰ ਵਿਸ਼ਵ ਪੱਧਰ 'ਤੇ ਮੁਕਾਬਲਾ ਕਰਨ ਲਈ ਮੁੜ ਸੁਰਜੀਤ ਕੀਤਾ ਜਾ ਰਿਹਾ ਹੈ।
*ਭਗਵੰਤ ਮਾਨ ਸਰਕਾਰ ਦੀ ‘ਸਿੱਖਿਆ ਕ੍ਰਾਂਤੀ’ ਸਰਕਾਰੀ ਸਕੂਲਾਂ ਨੂੰ ਬਦਲਣਾ, ਅਧਿਆਪਕਾਂ ਨੂੰ ਹੋਰ ਸਮਰੱਥ ਬਣਾਉਣਾ ਅਤੇ ਆਮ ਪਰਿਵਾਰਾਂ ਦੇ ਬੱਚਿਆਂ ਲਈ ਨਵੇਂ ਮੌਕੇ ਪੈਦਾ ਕਰਨਾ ਜਾਰੀ ਰੱਖਦੀ ਹੈ*
*ਪ੍ਰਾਇਮਰੀ ਅਧਿਆਪਕਾਂ ਲਈ ਫਿਨਲੈਂਡ ਸਿਖਲਾਈ ਪ੍ਰੋਗਰਾਮ*
18 ਮਈ - 29 ਮਈ 2026
• ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ ਅਗਵਾਈ ਹੇਠ ਪੰਜਾਬ ਸਰਕਾਰ ਦਾ ਸਕੂਲ ਸਿੱਖਿਆ ਵਿਭਾਗ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਵਿਸ਼ਵ ਪੱਧਰੀ ਅਧਿਆਪਨ ਸਿਖਲਾਈ ਵਿੱਚ ਲਗਾਤਾਰ ਨਿਵੇਸ਼ ਕਰ ਰਿਹਾ ਹੈ। ਸਾਲ 2024 ਤੋਂ ਸਰਕਾਰ ਨੇ ਕੁੱਲ 216 ਪ੍ਰਾਇਮਰੀ ਕਾਡਰ ਅਧਿਆਪਕ ਭੇਜੇ ਹਨ। ਤਿੰਨ ਬੈਚਾਂ ਵਿੱਚ ਤੁਰਕੂ, ਫਿਨਲੈਂਡ ਨੂੰ ਉੱਨਤ ਸਿਖਲਾਈ ਲਈ ਭੇਜਿਆ ਜਾਵੇਗਾ।
• ਇਸ ਇਤਿਹਾਸਕ ਸਿੱਖਿਆ ਸੁਧਾਰ ਲਹਿਰ ਨੂੰ ਜਾਰੀ ਰੱਖਦੇ ਹੋਏ ਚੌਥੇ ਬੈਚ ਵਿੱਚ 72 ਪ੍ਰਾਇਮਰੀ ਕਾਡਰ ਦੇ ਅਧਿਆਪਕ ਸ਼ਾਮਲ ਕੀਤ ਗਏ ਹਨ। ਇਨ੍ਹਾਂ ਵਿੱਚ ਮੁੱਖ ਅਧਿਆਪਕ, ਸੈਂਟਰ ਹੈੱਡ ਟੀਚਰ, ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ ਸ਼ਾਮਲ ਹਨ ਜਿਨ੍ਹਾਂ ਨੂੰ 18 ਮਈ ਤੋਂ 29 ਮਈ 2026 ਤੱਕ ਸਿਖਲਾਈ ਲਈ ਤੂਰਕੂ ਯੂਨੀਵਰਸਿਟੀ, ਫਿਨਲੈਂਡ ਭੇਜਿਆ ਜਾ ਰਿਹਾ ਹੈ।
• ਪੰਜਾਬ ਸਰਕਾਰ ਦੀ ਪਾਰਦਰਸ਼ੀ ਅਤੇ ਯੋਗਤਾ-ਅਧਾਰਤ ਪਹੁੰਚ ਨੂੰ ਦਰਸਾਉਂਦੇ ਹੋਏ, ਪ੍ਰੋਗਰਾਮ ਲਈ ਅਰਜ਼ੀਆਂ ਔਨਲਾਈਨ ਪ੍ਰਕਿਰਿਆ ਰਾਹੀਂ ਮੰਗੀਆਂ ਗਈਆਂ ਸਨ ਅਤੇ ਤਿੰਨ-ਪੜਾਵੀ ਸਖ਼ਤ ਤਸਦੀਕ ਪ੍ਰਕਿਰਿਆ ਤੋਂ ਬਾਅਦ, 72 ਅਧਿਆਪਕਾਂ ਦੀ ਚੋਣ ਕੀਤੀ ਗਈ ਸੀ। ਚੁਣੇ ਗਏ ਬੈਚ ਵਿੱਚ 43 ਈ.ਟੀ.ਟੀ. ਅਧਿਆਪਕ, 16 ਹੈੱਡ ਟੀਚਰ, 12 ਸੈਂਟਰ ਹੈੱਡ ਟੀਚਰ ਅਤੇ ਇਕ ਬੀ.ਪੀ.ਈ.ਓ. ਸ਼ਾਮਲ ਹਨ।
• ਦੋ ਹਫ਼ਤਿਆਂ ਦੇ ਪ੍ਰੋਗਰਾਮ ਦੌਰਾਨ ਅਧਿਆਪਕ ਤੁਰਕੂ ਅਤੇ ਰਾਉਮਾ ਵਿੱਚ ਅਧਿਆਪਕ ਸਿਖਲਾਈ ਕੇਂਦਰਾਂ ਦੇ ਅਕਾਦਮਿਕ ਦੌਰੇ ਕਰਨਗੇ ਜਿੱਥੇ ਉਹ ਵਿਸ਼ਵ ਪੱਧਰ 'ਤੇ ਮਾਨਤਾ ਪ੍ਰਾਪਤ ਅਧਿਆਪਨ ਵਿਧੀਆਂ ਅਤੇ ਆਧੁਨਿਕ ਸਿੱਖਿਆ ਅਭਿਆਸਾਂ ਦਾ ਸਾਹਮਣਾ ਕਰਨਗੇ। ਉਨ੍ਹਾਂ ਨੂੰ ਪੰਜਾਬ ਦੇ ਸਰਕਾਰੀ ਸਕੂਲ ਵਾਤਾਵਰਣ ਨੂੰ ਹੋਰ ਮਜ਼ਬੂਤ ਕਰਨ ਲਈ ਲੀਡਰਸ਼ਿਪ ਬਿਲਡਿੰਗ ਅਤੇ ਮੈਂਟਰਸ਼ਿਪ ਹੁਨਰਾਂ ਵਿੱਚ ਵਿਸ਼ੇਸ਼ ਸਿਖਲਾਈ ਵੀ ਪ੍ਰਾਪਤ ਹੋਵੇਗੀ।
• ਭਗਵੰਤ ਸਿੰਘ ਮਾਨ ਸਰਕਾਰ ਦੇ ਵਿਦਿਅਕ ਬਦਲਾਅ ਲਈ ਤਹਿਤ ਅਧਿਆਪਕ ਨਵੀਨਤਾਕਾਰੀ ਪ੍ਰੋਜੈਕਟਾਂ 'ਤੇ ਕੰਮ ਕਰਨਗੇ ਜੋ ਉਹ ਪੰਜਾਬ ਵਾਪਸ ਆਉਣ ਤੋਂ ਬਾਅਦ ਆਪੋ-ਆਪਣੇ ਸਕੂਲਾਂ ਵਿੱਚ ਲਾਗੂ ਕਰਨਗੇ, ਜਿਸ ਨਾਲ ਸਿੱਖਣ ਦੇ ਨਤੀਜਿਆਂ, ਨਵੀਨਤਾ ਅਤੇ ਪੰਜਾਬ ਦੀ ਸਕੂਲ ਸਿੱਖਿਆ ਪ੍ਰਣਾਲੀ ਦੀ ਸਮੁੱਚੀ ਗੁਣਵੱਤਾ ਵਿੱਚ ਸੁਧਾਰ ਕਰਨ ਵਿੱਚ ਮਦਦ ਮਿਲੇਗੀ।

ਵੱਖ-ਵੱਖ ਲੋਕਤੰਤਰਿਕ ਦੇਸ਼ਾਂ ਦੀ ਚੋਣ ਪ੍ਰਣਾਲੀ ਨਾਲ ਕੀਤੇ ਗਏ ਤੁਲਨਾਤਮਕ ਅਧਿਐਨ ਵਿੱਚ ਭਾਰਤ ਦੀ ਵੋਟਾਂ ਦੀ ਗਿਣਤੀ ਸਬੰਧੀ ਪ੍ਰਣਾਲੀ ਬਿਹਤਰ ਸਾਬਤ ਹੋਈ

ਚੰਡੀਗੜ੍ਹ, 18 ਮਈ: 
ਦਫ਼ਤਰ ਮੁੱਖ ਚੋਣ ਅਫ਼ਸਰ, ਪੰਜਾਬ ਵੱਲੋਂ ਅੱਜ ਇੱਥੇ ਇੰਡੀਆ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਡੈਮੋਕ੍ਰੇਸੀ ਐਂਡ ਇਲੈਕਸ਼ਨ ਮੈਨੇਜਮੈਂਟ ਦੇ ਸਹਿਯੋਗ ਨਾਲ ਵੋਟਾਂ ਦੀ ਗਿਣਤੀ ਸਬੰਧੀ ਪ੍ਰਣਾਲੀ ਦੀ ਮਜ਼ਬੂਤੀ (ਰੋਬਸਟਨੈਸ ਆਫ਼ ਵੋਟ ਕਾਊਂਟਿੰਗ ਪ੍ਰੋਸੈਸ) ਸਬੰਧੀ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਵਿੱਚ ਪੰਜਾਬ ਤੋਂ ਇਲਾਵਾ ਚੰਡੀਗੜ੍ਹ ਅਤੇ ਹਰਿਆਣੇ ਦੇ ਚੋਣ ਅਧਿਕਾਰੀਆਂ ਵੱਲੋਂ ਭਾਗ ਲਿਆ ਗਿਆ। ਵਰਕਸ਼ਾਪ ਦੇ ਉਦਘਾਟਨ ਮੌਕੇ ਬੋਲਦਿਆਂ ਮੁੱਖ ਚੋਣ ਅਫ਼ਸਰ, ਪੰਜਾਬ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਰਾਜ ਦੇ ਦਫ਼ਤਰ ਮੁੱਖ ਚੋਣ ਅਫ਼ਸਰ ਨੂੰ ਵੋਟਾਂ ਦੀ ਗਿਣਤੀ ਸਬੰਧੀ ਪ੍ਰਣਾਲੀ ਦੀ ਮਜ਼ਬੂਤੀ ਬਾਰੇ ਅਧਿਐਨ ਕਰਨ ਲਈ ਜ਼ਿੰਮੇਵਾਰੀ ਸੌਂਪੀ ਸੀ ਜਿਸ ਨੂੰ ਅਸੀਂ ਸਫ਼ਲਤਾਪੂਰਵਕ ਨੇਪਰੇ ਚਾੜ੍ਹਿਆ ਹੈ। ਉਨ੍ਹਾਂ ਦੱਸਿਆ ਕਿ ਇਸ ਅਧਿਐਨ ਦੌਰਾਨ ਅਸੀਂ ਦੁਨੀਆਂ ਦੇ 48 ਲੋਕਤੰਤਰਿਕ ਦੇਸ਼ਾਂ ਦੀ ਵੋਟਾਂ ਦੀ ਗਿਣਤੀ ਸਬੰਧੀ ਪ੍ਰਣਾਲੀ ਦਾ ਅਧਿਐਨ ਕੀਤਾ ਅਤੇ ਪਾਇਆ ਕਿ ਭਾਰਤ ਵਿੱਚ ਵੋਟਾਂ ਦੀ ਗਿਣਤੀ ਸਬੰਧੀ ਲਾਗੂ ਪ੍ਰਣਾਲੀ ਬਹੁਤ ਬਿਹਤਰੀਨ ਢੰਗ ਨਾਲ ਕੰਮ ਕਰ ਰਹੀ ਹੈ।

ਇਸ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਅਧਿਐਨ ਟੀਮ ਦੇ ਮੈਂਬਰ ਡਾ. ਅਭਿਨੰਦਨ ਬਸੀ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਪੈਦਾ ਹੋਣ ਵਾਲੇ ਮਸਲਿਆਂ ਨੂੰ ਆਧਾਰ ਬਣਾ ਕੇ ਇਹ ਅਧਿਐਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੂਰੀ ਦੁਨੀਆਂ ਵਿੱਚ ਚੋਣਾਂ ਸਬੰਧੀ ਲੋਕ-ਭਾਵਨਾਵਾਂ ਹਨ ਉਨ੍ਹਾਂ ਨੂੰ ਖ਼ਿਆਲ ਵਿੱਚ ਰੱਖਿਆ ਗਿਆ ਅਤੇ ਦੇਖਿਆ ਗਿਆ ਕਿ ਵੋਟਾਂ ਦੀ ਗਿਣਤੀ ਕਿਵੇਂ ਹੋਵੇਗੀ ਤੋਂ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਨੂੰ ਭਰੋਸੇਯੋਗ ਕਿਵੇਂ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਗਿਣਤੀ ਤੋਂ ਪਹਿਲਾਂ ਈ.ਵੀ.ਐਮ. ਦੀ ਸੀਲਿੰਗ, ਟਰਾਂਸਪੋਰਟ ਅਤੇ ਸਟੋਰੇਜ ਤੋਂ ਲੈ ਕੇ ਨਤੀਜਿਆਂ ਦੇ ਐਲਾਨ ਤੱਕ ਦੀਆਂ ਸਾਰੀਆਂ ਪ੍ਰਕਿਰਿਆਵਾਂ ਨੂੰ ਜਿੰਨਾ ਬਿਹਤਰ ਤਰੀਕੇ ਨਾਲ ਲਾਗੂ ਕਰਾਂਗੇ ਓਨਾ ਜ਼ਿਆਦਾ ਚੋਣ ਪ੍ਰਕਿਰਿਆ ਬਿਹਤਰ ਢੰਗ ਨਾਲ ਨੇਪਰੇ ਚੜ੍ਹੇਗੀ।

ਇਸ ਮੌਕੇ ਉਨ੍ਹਾਂ ਈ.ਵੀ.ਐਮ., ਬੈਲਟ ਪੇਪਰ ਅਤੇ ਹਾਈਬ੍ਰਿਡ ਵਿਧੀ ਰਾਹੀਂ ਚੋਣ ਪ੍ਰਕਿਰਿਆ ਕਰਨ ਵਾਲੇ ਦੇਸ਼ਾਂ ਦੀ ਅਧਿਐਨ ਰਿਪੋਰਟ ਵੀ ਪੇਸ਼ ਕੀਤੀ ਅਤੇ ਦੱਸਿਆ ਕਿ ਕਿਵੇਂ ਈ.ਵੀ.ਐਮ. ਰਾਹੀਂ ਸਭ ਤੋਂ ਬਿਹਤਰ ਢੰਗ ਨਾਲ ਚੋਣ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਿਆ ਜਾ ਸਕਦਾ ਹੈ।

ਇਸ ਮੌਕੇ ਅਭਿਜੀਤ ਕਪਲਿਸ਼, ਆਈ.ਏ.ਐਸ. ਨੇ ਵੋਟਾਂ ਦੀ ਗਿਣਤੀ ਸਬੰਧੀ ਦੱਖਣੀ ਅਫਰੀਕਾ ਅਤੇ ਭਾਰਤ ਦੀ ਪ੍ਰਕਿਰਿਆ ਦਾ ਤੁਲਨਾਤਮਕ ਅਧਿਐਨ ਪੇਸ਼ ਕੀਤਾ। ਉਨ੍ਹਾਂ ਦੱਸਿਆ ਕਿ ਕਿਵੇਂ ਭਾਰਤੀ ਲੋਕ ਪ੍ਰਤੀਨਿਧੀ ਐਕਟ ਸਾਨੂੰ ਆਪਣੇ ਪ੍ਰਤੀਨਿਧੀ ਚੁਣਨ ਲਈ ਅਧਿਕਾਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਇਸ ਸਮੇਂ ਦੁਨੀਆਂ ਵਿੱਚ ਚੋਣ ਪ੍ਰਕਿਰਿਆ ਦੌਰਾਨ ਤਕਨਾਲੋਜੀ ਦੀ ਵਰਤੋਂ ਕਰਨ ਵਿੱਚ ਮੋਹਰੀ ਦੇਸ਼ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਭਾਰਤ ਵਿੱਚ ਚੋਣ ਪ੍ਰਕਿਰਿਆ ਨੂੰ ਬਹੁਤ ਜ਼ਿਆਦਾ ਪਾਰਦਰਸ਼ਤਾ ਅਤੇ ਰਫ਼ਤਾਰ ਨਾਲ ਨੇਪਰੇ ਚਾੜ੍ਹਿਆ ਜਾਂਦਾ ਹੈ।

ਜੁਆਇੰਟ ਸੀ.ਈ.ਓ. ਨਵਨੀਤ ਕੌਰ ਬੱਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਚੋਣ ਪ੍ਰਕਿਰਿਆ ਦੀ ਅਖੰਡਤਾ ਅਤੇ ਚੋਣ ਨਤੀਜਿਆਂ ਦੀ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਸਾਨੂੰ ਹੋਰ ਮਿਹਨਤ ਨਾਲ ਕੰਮ ਕਰਨ ਦੀ ਲੋੜ ਹੈ ਤਾਂ ਜੋ ਅਸੀਂ ਭਾਰਤੀ ਚੋਣ ਪ੍ਰਕਿਰਿਆ ਵਿੱਚ ਲੋਕਾਂ ਦੀ ਆਸਥਾ ਨੂੰ ਹੋਰ ਮਜ਼ਬੂਤ ਕਰ ਸਕੀਏ।

ਮੰਡੀ ਗੋਬਿੰਦਗੜ੍ਹ : ਦੇਸ਼ ਭਗਤ ਗਲੋਬਲ ਸਕੂਲ (ਡੀਬੀਜੀਐਸ) ਨੇ ਇੱਕ ਵਾਰ ਫਿਰ ਕਲਾਸ 12ਵੀਂ ਦੀ ਸੀਬੀਐਸਈ ਬੋਰਡ ਪ੍ਰੀਖਿਆ ਵਿੱਚ ਸ਼ਾਨਦਾਰ ਨਤੀਜੇ ਹਾਸਲ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਇਹ ਉੱਤਮ ਨਤੀਜੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਕਠਿਨ ਮੇਹਨਤ, ਸਮਰਪਣ ਅਤੇ ਵਿਦਿਅਕ ਭਾਵਨਾ ਦਾ ਪ੍ਰਤੀਕ ਹਨ।

ਸਕੂਲ ਦੇ ਹੋਣਹਾਰ ਵਿਦਿਆਰਥੀਆਂ ਵਿੱਚ ਜਸ਼ਨਦੀਪ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਕੋਮਲਪ੍ਰੀਤ ਕੌਰ ਨੇ ਦੂਜਾ, ਅਵਨੀ ਗੁਪਤਾ ਨੇ ਤੀਜਾ ਅਤੇ ਲਵਲੀਨ ਕੌਰ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦੀ ਇਸ ਸ਼ਾਨਦਾਰ ਉਪਲਬਧੀ ਨਾਲ ਸਕੂਲ, ਮਾਪਿਆਂ ਅਤੇ ਸਮੂਹ ਸਮਾਜ ਨੂੰ ਮਾਣ ਮਹਿਸੂਸ ਹੋਇਆ ਹੈ।

ਸਕੂਲ ਵੱਲੋਂ ਵਿਸ਼ਾ-ਵਾਰ ਸਰਵੋਤਮ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਹਰਸ਼ਪ੍ਰੀਤ ਸਿੰਘ, ਗੌਰੀ ਵੈਸ਼ਣਵ, ਪਰਨੀਤ ਕੌਰ, ਦੀਕਸ਼ਾ ਠਾਕੁਰ, ਹਸਰੀਤ ਕੌਰ, ਅੰਸ਼ਿਕਾ ਸ਼ਰਮਾ, ਕਾਸ਼ਿਕਾ, ਕੇਸ਼ਵ ਵਰਮਾ ਅਤੇ ਸਾਂਵੀ ਦੀ ਵੀ ਵਿਸ਼ੇਸ਼ ਸਰਾਹਨਾ ਕੀਤੀ ਗਈ, ਜਿਨ੍ਹਾਂ ਨੇ ਆਪਣੇ-ਆਪਣੇ ਵਿਸ਼ਿਆਂ ਵਿੱਚ ਸ਼ਲਾਘਾਯੋਗ ਅੰਕ ਪ੍ਰਾਪਤ ਕੀਤੇ। ਵਿਦਿਆਰਥੀਆਂ ਨੇ ਆਪਣੀ ਸਫਲਤਾ ਦਾ ਸਿਹਰਾ ਸਕੂਲ ਮੈਨੇਜਮੈਂਟ ਅਤੇ ਅਧਿਆਪਕਾਂ ਵੱਲੋਂ ਮਿਲੇ ਨਿਰੰਤਰ ਉਤਸ਼ਾਹ, ਮਾਰਗਦਰਸ਼ਨ ਅਤੇ ਸਹਿਯੋਗ ਨੂੰ ਦਿੱਤਾ।

ਪ੍ਰਿੰਸੀਪਲ ਸ਼੍ਰੀਮਤੀ ਇੰਦੁ ਸ਼ਰਮਾ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਸਫਲਤਾ ਲਈ ਦਿਲੋਂ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਲਗਨ, ਧੀਰਜ ਅਤੇ ਕਠਿਨ ਮੇਹਨਤ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਵਿਦਿਆਰਥੀ ਭਵਿੱਖ ਵਿੱਚ ਵੀ ਨਵੀਆਂ ਉੱਚਾਈਆਂ ਹਾਸਲ ਕਰਦੇ ਰਹਿਣਗੇ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਚੇਅਰਮੈਨ ਡਾ ਜ਼ੋਰਾ ਸਿੰਘ ਸਿੰਘ ਅਤੇ ਜਨਰਲ ਸਕੱਤਰ ਡਾ. ਤਜਿੰਦਰ ਕੌਰ ਨੇ ਵੀ ਵਿਦਿਆਰਥੀਆਂ, ਮਾਪਿਆਂ ਅਤੇ ਸਟਾਫ ਮੈਂਬਰਾਂ ਨੂੰ ਇਸ ਕਾਬਿਲ-ਏ-ਤਾਰੀਫ਼ ਨਤੀਜੇ ਲਈ ਦਿਲੋਂ ਵਧਾਈ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਿੱਖਿਆ ਅਤੇ ਜੀਵਨ ਦੋਹਾਂ ਵਿੱਚ ਵਧੀਆ ਕਾਰਗੁਜਾਰੀ ਦਿਖਾਉਣ ਅਤੇ ਅਨੁਸ਼ਾਸਨ ਤੇ ਵਚਨਬੱਧਤਾ ਦੇ ਮੁੱਲਾਂ ਨੂੰ ਕਾਇਮ ਰੱਖਣ ਲਈ ਪ੍ਰੇਰਿਤ ਕੀਤਾ। ਸੀਬੀਐਸਈ ਬੋਰਡ ਪ੍ਰੀਖਿਆ ਵਿੱਚ ਇਹ ਸ਼ਾਨਦਾਰ ਪ੍ਰਦਰਸ਼ਨ ਦੇਸ਼ ਭਗਤ ਗਲੋਬਲ ਸਕੂਲ ਦੀ ਗੁਣਵੱਤਾਪੂਰਨ ਸਿੱਖਿਆ ਅਤੇ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਪ੍ਰਤੀ ਵਚਨਬੱਧਤਾ ਦਾ ਪ੍ਰਮਾਣ ਹੈ।

ਪਾਵਰਕੌਮ ਦੇ ਚੇਅਰਮੈਨ ਸਣੇ ਡਾਇਰੈਕਟਰ ਵੀ 20 ਮਈ ਨੂੰ ਈ.ਡੀ. ਅੱਗੇ ਤਲਬ
ਚੰਡੀਗੜ੍ਹ/ਬਿਊਰੋ ਨਿਊਜ਼  
ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਅੱਜ ਸੋਮਵਾਰ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ। ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਕੈਬਨਿਟ ਮੰਤਰੀ ਅਰੋੜਾ ਨੂੰ ਗੁਰੂਗ੍ਰਾਮ ਦੀ ਇੱਕ ਅਦਾਲਤ ’ਚ ਪੇਸ਼ ਕੀਤਾ ਗਿਆ ਅਤੇ ਮਾਮਲੇ ਦੀ ਸੁਣਵਾਈ ਮਗਰੋਂ ਅਦਾਲਤ ਨੇ ਪਹਿਲੀ ਜੂਨ ਤੱਕ ਸੰਜੀਵ ਅਰੋੜਾ ਨੂੰ ਜੇਲ੍ਹ ਭੇਜ ਦਿੱਤਾ ਹੈ। ਕਰੀਬ ਨੌ ਦਿਨ ਅਰੋੜਾ ਈਡੀ ਦੀ ਹਿਰਾਸਤ ’ਚ ਰਹੇ ਅਤੇ ਇਸੇ ਦੌਰਾਨ ਈ ਡੀ ਨੇ ਜਾਂਚ ’ਚ ਸਹਿਯੋਗ ਨਾ ਕਰਨ ਦੇ ਇਲਜ਼ਾਮ ਵੀ ਸੰਜੀਵ ਅਰੋੜਾ ’ਤੇ ਲਗਾਏ। ਜ਼ਿਕਰਯੋਗ ਹੈ ਕਿ ਈ.ਡੀ ਵੱਲੋਂ ਸੰਜੀਵ ਅਰੋੜਾ ਨੂੰ ਮਨੀ ਲਾਂਡਰਿੰਗ ਦੇ ਮਾਮਲੇ ’ਚ ਲੰਘੀ 9 ਮਈ ਨੂੰ ਗਿ੍ਰਫਤਾਰ ਕੀਤਾ ਗਿਆ ਸੀ। ਕੈਬਨਿਟ ਮੰਤਰੀ ਅਰੋੜਾ ਦੀ ਕੰਪਨੀ ਨੂੰ ਪਾਵਰਕੌਮ ਵੱਲੋਂ ਬੈਂਕ ਗਰੰਟੀ ਦੇ ਮਾਮਲੇ ’ਚ ਦਿੱਤੀ ਢਿੱਲ ਦੀ ਘੋਖ ਵੀ ਈਡੀ ਕਰ ਰਹੀ ਹੈ ਅਤੇ ਇਸ ਸਬੰਧ ’ਚ ਪਾਵਰਕੌਮ ਦੇ ਚੇਅਰਮੈਨ ਬਸੰਤ ਗਰਗ ਅਤੇ ਡਾਇਰੈਕਟਰ ਹਰਸ਼ਰਨ ਕੌਰ ਤ੍ਰੇਹਨ ਨੂੰ 20 ਮਈ ਲਈ ਈਡੀ ਨੇ ਤਲਬ ਕੀਤਾ ਹੈ।


ਈ.ਡੀ. ਵੱਲੋਂ ‘ਆਪ’ ਆਗੂ ਦੀਪਕ ਸਿੰਗਲਾ ਵੀ ਗਿ੍ਰਫਤਾਰ
ਦਿੱਲੀ ਅਤੇ ਗੋਆ ’ਚ ਛਾਪੇਮਾਰੀ ਤੋਂ ਬਾਅਦ ਹੋਈ ਕਾਰਵਾਈ
ਨਵੀਂ ਦਿੱਲੀ/ਬਿਊਰੋ ਨਿਊਜ਼
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਆਮ ਆਦਮੀ ਪਾਰਟੀ ਦੇ ਇਕ ਹੋਰ ਆਗੂ ਦੀਪਕ ਸਿੰਗਲਾ ਨੂੰ ਵੀ ਮਨੀ ਲਾਂਡਰਿੰਗ ਦੇ ਇੱਕ ਕਥਿਤ ਮਾਮਲੇ ਵਿੱਚ ਗਿ੍ਰਫ਼ਤਾਰ ਕਰ ਲਿਆ ਹੈ। ਇਹ ਗਿ੍ਰਫਤਾਰੀ ਦਿੱਲੀ ਅਤੇ ਗੋਆ ਵਿੱਚ ਕੀਤੀ ਗਈ ਤਾਜ਼ਾ ਛਾਪੇਮਾਰੀ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ। ਦੀਪਕ ਸਿੰਗਲਾ ਦਿੱਲੀ ਦੀ ਵਿਸ਼ਵਾਸ ਨਗਰ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਹਿ ਚੁੱਕੇ ਹਨ। ਇਸ ਤੋਂ ਪਹਿਲਾਂ ਸਾਲ 2024 ਵਿੱਚ ਵੀ ਇੱਕ ਜਾਂਚ ਦੇ ਸਿਲਸਿਲੇ ਵਿੱਚ ਈ.ਡੀ. ਵੱਲੋਂ ਉਨ੍ਹਾਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਮਨੀ ਲਾਂਡਰਿੰਗ ਦਾ ਇਹ ਮਾਮਲਾ ਇੱਕ ਬੈਂਕ ਫਰਾਡ ਨਾਲ ਜੁੜਿਆ ਹੋਇਆ ਹੈ। ਛਾਪੇਮਾਰੀ ਦੌਰਾਨ ਕਥਿਤ ਤੌਰ ’ਤੇ ਕੁਝ ਇਤਰਾਜ਼ਯੋਗ ਦਸਤਾਵੇਜ਼ ਬਰਾਮਦ ਹੋਣ ਤੋਂ ਬਾਅਦ ਈ.ਡੀ. ਨੇ ਸਿੰਗਲਾ ਨੂੰ ਹਿਰਾਸਤ ਵਿੱਚ ਲੈ ਲਿਆ।

ਰਵਨੀਤ ਸਿੰਘ ਬਿੱਟੂ, ਵਿਕਰਮਜੀਤ ਸਿੰਘ ਸਾਹਨੀ ਅਤੇ ਰਾਜਿੰਦਰ ਗੁਪਤਾ ਸਣੇ ਭਾਜਪਾ ਦੀ ਟੀਮ ਜਹਾਜ਼ ’ਚ ਸੀ ਸਵਾਰ
ਲੁਧਿਆਣਾ/ਬਿਊਰੋ ਨਿਊਜ਼
ਲੁਧਿਆਣਾ ਜ਼ਿਲ੍ਹੇ ਵਿਚ ਪੈਂਦੇ ਕੌਮਾਂਤਰੀ ਹਵਾਈ ਅੱਡਾ ਹਲਵਾਰਾ ’ਤੇ ਏਅਰ ਇੰਡੀਆ ਦੀ ਪਹਿਲੀ ਫਲਾਈਟ ਏ.ਆਈ. 481 ਅੱਜ ਸ਼ੁੱਕਰਵਾਰ ਨੂੰ ਸਵੇਰੇ 7 ਵੱਜ ਕੇ 05 ਮਿੰਟ ’ਤੇ ਲੈਂਡ ਕੀਤੀ ਹੈ। ਇਹ ਫਲਾਈਟ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਸਵੇਰੇ 5 ਵੱਜ ਕੇ 55 ਮਿੰਟ ’ਤੇ ਰਵਾਨਾ ਹੋਈ ਸੀ। ਇਸ ਜਹਾਜ਼ ਦੀ ਸਮਰੱਥਾ ਕਰੀਬ 160 ਯਾਤਰੀਆਂ ਦੀ ਹੈ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਸਣੇ ਭਾਜਪਾ ਦੀ ਵੱਡੀ ਟੀਮ ਇਸ ਜਹਾਜ਼ ’ਚ ਸਵਾਰ ਸੀ। ਕੇਂਦਰੀ ਮੰਤਰੀ ਬਿੱਟੂ ਨੇ ਨਾਲ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਅਤੇ ਰਾਜਿੰਦਰ ਗੁਪਤਾ ਵੀ ਇਸ ਵਿਚ ਸ਼ਾਮਲ ਸਨ। ਪਹਿਲੀ ਇਤਿਹਾਸਕ ਉਡਾਣ ਦੇ ਸਵਾਗਤ ਲਈ ਹਲਵਾਰਾ ਦੇ ਸਿਵਲ ਟਰਮੀਨਲ ਨੂੰ ਖੂੁਬਸੂਰਤ ਢੰਗ ਨਾਲ ਸਜਾਇਆ ਗਿਆ ਸੀ।

ਸੀਐਮ ਮਾਨ ਨੇ ਪ੍ਰਧਾਨ ਮੰਤਰੀ ਮੋਦੀ ਦੇ ਵਿਦੇਸ਼ ਦੌਰਿਆਂ ’ਤੇ ਚੁੱਕੇ ਸਵਾਲ
ਚੰਡੀਗੜ੍ਹ/ਬਿਊਰੋ ਨਿਊਜ਼  
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਆਪਣੇ ਪਰਿਵਾਰ ਸਣੇ ਬਿਹਾਰ ’ਚ ਸਥਿਤ ਤਖਤ ਸ੍ਰੀ ਪਟਨਾ ਸਾਹਿਬ ਪਹੁੰਚੇ ਅਤੇ ਉਨ੍ਹਾਂ ਨੇ ਗੁਰਦੁਆਰਾ ਸਾਹਿਬ ’ਚ ਮੱਥਾ ਟੇਕਿਆ ਅਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਲਿਆ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਅਸਥਾਨ ਸਿੱਖਾਂ ਦੇ ਪੰਜ ਤਖਤਾਂ ਵਿਚੋਂ ਇਕ ਹੈ ਅਤੇ ਜ਼ੁਲਮ ਖਿਲਾਫ ਲੜਾਈ ਦੀ ਸ਼ੁਰੂਆਤ ਵੀ ਇੱਥੋਂ ਹੀ ਹੋਈ ਸੀ। ਉਨ੍ਹਾਂ ਕਿਹਾ ਕਿ ਅੱਜ ਅਸੀਂ ਤਖਤ ਸ੍ਰੀ ਪਟਨਾ ਸਾਹਿਬ ਪਹੰੁਚ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਲਿਆ ਅਤੇ ਦੇਸ਼ ਵਿਚ ਸ਼ਾਂਤੀ ਅਤੇ ਭਾਈਚਾਰਾ ਬਣਾਈ ਰੱਖਣ ਦੀ ਅਰਦਾਸ ਕੀਤੀ। ਇਸ ਮੌਕੇ ਸੀਐਮ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼  ਦੌਰਿਆਂ ਨੂੰ ਲੈ ਕੇ  ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ  ਵਿਦੇਸ਼ਾਂ ਦੀ ਯਾਤਰਾ ’ਤੇ ਨਾ ਜਾਣ ਦੀ ਸਲਾਹ ਦਿੱਤੀ ਸੀ ਅਤੇ ਉਹ ਆਪ ਹੀ ਵਿਦੇਸ਼ ਯਾਤਰਾ ’ਤੇ ਗਏ ਹੋਏ ਹਨ। ਮਾਨ ਨੇ ਕਿਹਾ ਕਿ ਪੀਐਮ ਮੋਦੀ ਆਪਣੇ ਦੋਸਤ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਕੋਲੋਂ ਪੁੱਛ ਕੇ ਦੇਸ਼ ਦੀ ਜਨਤਾ ਨੂੰ ਦੱਸਣ ਕਿ ਸਾਡੇ ਦੇਸ਼ ਭਾਰਤ ਦੀ ਆਰਥਿਕ ਸਥਿਤੀ ਅਤੇ ਵਿਦੇਸ਼ ਨੀਤੀ ਕੀ ਹੈ।   

ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਅਤੇ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਇਸ ਇਕੱਠ ’ਚ ਹੋਣਗੇ ਸ਼ਾਮਲ
ਬਠਿੰਡਾ/ਬਿਊਰੋ ਨਿਊਜ਼
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਅਤੇ ਖ਼ਾਲਸਾ ਪੰਥ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਵੱਲੋਂ 17 ਮਈ ਨੂੰ ਤਖ਼ਤ ਸਾਹਿਬ (ਤਲਵੰਡੀ ਸਾਬੋ, ਬਠਿੰਡਾ) ਵਿਖੇ ਇੱਕ ਵਿਸ਼ੇਸ਼ ਪੰਥਕ ਇਕੱਠ ਸੱਦਿਆ ਗਿਆ ਹੈ। ਇਸ ਇਕੱਠ ਵਿੱਚ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਪਾਸ ਕੀਤੇ ਗਏ ਵਿਵਾਦਤ ਬੇਅਦਬੀ ਵਿਰੋਧੀ ਕਾਨੂੰਨ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026’ ਬਾਰੇ ਗੰਭੀਰ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਸਿੱਖ ਕੌਮ ਦੇ ਅੰਦਰੂਨੀ ਧਾਰਮਿਕ ਮਾਮਲਿਆਂ ਵਿੱਚ ਸੂਬਾ ਸਰਕਾਰ ਦੀ ਦਖ਼ਲਅੰਦਾਜ਼ੀ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਨੇ ਦੱਸਿਆ ਕਿ ਇਸ ਅਹਿਮ ਪੰਥਕ ਇਕੱਠ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਣਗੇ।

ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਅਤੇ ਚੰਡੀਗੜ੍ਹ ਵਿਚ ਗਰਮੀ ਤੇਜ਼ ਹੋਣ ਲੱਗ ਪਈ ਹੈ। ਅੱਜ ਸੋਮਵਾਰ ਤੋਂ ਅਗਲੇ ਛੇ ਦਿਨਾਂ ਤੱਕ ਲਗਾਤਾਰ ਹੀਟ ਵੇਵ (ਗਰਮੀ ਦੀ ਲਹਿਰ) ਜਾਰੀ ਰਹੇਗੀ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਨੇ ਪੰਜ ਜ਼ਿਲ੍ਹਿਆਂ ਫਾਜ਼ਿਲਕਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਮਾਨਸਾ ਲਈ ਹੀਟ ਵੇਵ ਸੰਬੰਧੀ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਸਮੇਂ ਦੌਰਾਨ ਮੌਸਮ ਖੁਸ਼ਕ ਰਹੇਗਾ ਅਤੇ ਗਰਮੀ ਵਧਣ ਦੇ ਨਾਲ-ਨਾਲ ਬਿਜਲੀ ਦੀ ਮੰਗ ਵੀ ਵਧ ਗਈ ਹੈ। ਇਸੇ ਦੌਰਾਨ ਮੌਸਮ ਵਿਭਾਗ ਦੇ ਅਨੁਸਾਰ ਇਸ ਸਾਲ ਮਾਨਸੂਨ 26 ਮਈ ਦੇ ਆਸਪਾਸ ਕੇਰਲ ਪਹੁੰਚਣ ਦੀ ਉਮੀਦ ਹੈ।

ਯੋਗਰਾਜ ਦੇ ਪਤੇ ਵਜੋਂ ਲਿਖਿਆ ‘ਮਹਿਲਾ ਕਮਿਸ਼ਨ ਦੇ ਦਫਤਰ’ ਦਾ ਪਤਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬੀ ਫਿਲਮ ਅਦਾਕਾਰ ਅਤੇ ਸਾਬਕਾ ਕ੍ਰਿਕਟਰ ਯੋਗਰਾਜ ਸਿੰਘ ਖਿਲਾਫ ਥਾਣਾ ਸੈਕਟਰ-36 ਚੰਡੀਗੜ੍ਹ ਵਿਖੇ ਦਰਜ ਕੀਤੀ ਗਈ ਐਫ.ਆਈ.ਆਰ. ਵਿਚ ਚੰਡੀਗੜ੍ਹ ਪੁਲਿਸ ਵਲੋਂ ਇਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਵਲੋਂ ਦਰਜ ਰਿਪੋਰਟ ਵਿਚ ਯੋਗਰਾਜ ਸਿੰਘ ਦਾ ਪਤਾ ‘ਪੀ.ਐਸ.ਡਬਲਿਊ.ਸੀ. ਸੈਕਟਰ 55 ਫੇਜ਼-1 ਐਸ.ਏ.ਐਸ. ਨਗਰ ਦਰਜ ਕੀਤਾ ਗਿਆ ਹੈ। ਜਦੋਂ ਕਿ ਇਹ ਪਤਾ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਦਫਤਰ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਧਿਆਨ ਰਹੇ ਕਿ ਇਕ ਵੈਬ ਸੀਰੀਜ਼ ਵਿੱਚ ਯੋਗਰਾਜ ਵੱਲੋਂ ਮਹਿਲਾਵਾਂ ਪ੍ਰਤੀ ਕੀਤੀ ਗਈ ਅਪਮਾਨ ਜਨਕ ਟਿੱਪਣੀ ਦਾ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਗੰਭੀਰ ਨੋਟਿਸ ਲਿਆ ਸੀ।  ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਰਾਜ ਲਾਲੀ ਗਿੱਲ ਨੇ ਕਿਹਾ ਹੈ ਕਿ ਯੋਗਰਾਜ ਨੇ ਪੈਸੇ ਕਮਾਉਣ ਲਈ ਮਹਿਲਾਵਾਂ ਦਾ ਅਪਮਾਨ ਕੀਤਾ ਹੈ, ਜੋ ਬਰਦਾਸ਼ਤ ਯੋਗ ਨਹੀਂ ਹੈ। ਇਸਦੇ ਚੱਲਦਿਆਂ ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਪੁਲਿਸ ਵਲੋਂ ਜਲਦਬਾਜ਼ੀ ਵਿਚ ਐਫ.ਆਈ.ਆਰ. ਦਰਜ ਕੀਤੀ ਗਈ ਹੈ, ਜਿਸ ਕਾਰਨ ਇਹ ਗਲਤੀ ਹੋਈ ਹੈ।

ਪ੍ਰਸ਼ਾਸਨਿਕ ਅਤੇ ਸਿਆਸੀ ਹਲਕਿਆਂ ’ਚ ਸ਼ੁਰੂ ਹੋਈ ਚਰਚਾ
ਚੰਡੀਗੜ੍ਹ/ਬਿਊਰੋ ਨਿਊਜ਼  
ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦੇ ਏ.ਡੀ.ਸੀ. ਗੌਰਵ ਮਲਿਕ ਵਲੋਂ ਸੇਵਾਮੁਕਤੀ ਤੋਂ ਪਹਿਲਾਂ ਹੀ ਅਹੁਦਾ ਛੱਡਣ ਦੇ ਫ਼ੈਸਲੇ ਨੇ ਪ੍ਰਸ਼ਾਸਨਿਕ ਗਲਿਆਰਿਆਂ ਵਿਚ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਐਕਸਟੈਂਸ਼ਨ ’ਤੇ ਸੇਵਾਵਾਂ ਦੇ ਰਹੇ ਮਲਿਕ ਲੰਮੇ ਸਮੇਂ ਤੋਂ ਪੰਜਾਬ ਲੋਕ ਭਵਨ ਦੀਆਂ ਅਹਿਮ ਜ਼ਿੰਮੇਵਾਰੀਆਂ ਸੰਭਾਲ ਰਹੇ ਸਨ। ਗੌਰਵ ਮਲਿਕ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਨਾਲ ਏ.ਡੀ.ਸੀ. ਵਜੋਂ ਤਾਇਨਾਤ ਸਨ। ਰਾਜਪਾਲ ਦੇ ਅਧਿਕਾਰਕ ਦੌਰਿਆਂ, ਸਰਕਾਰੀ ਪ੍ਰੋਗਰਾਮਾਂ, ਸੁਰੱਖਿਆ ਪ੍ਰਬੰਧਾਂ ਅਤੇ ਪ੍ਰਸ਼ਾਸਨਿਕ ਤਾਲਮੇਲ ਵਿਚ ਉਨ੍ਹਾਂ ਦੀ ਅਹਿਮ ਭੂਮਿਕਾ ਰਹਿੰਦੀ ਸੀ। ਲੋਕ ਭਵਨ ਦੇ ਪ੍ਰੋਟੋਕਾਲ ਅਤੇ ਅੰਦਰੂਨੀ ਪ੍ਰਬੰਧਾਂ ਨਾਲ ਜੁੜੀਆਂ ਕਈ ਅਹਿਮ ਜ਼ਿੰਮੇਵਾਰੀਆਂ ਵੀ ਉਹ ਨਿਭਾ ਰਹੇ ਸਨ। ਗੌਰਵ ਮਲਿਕ ਇਸ ਵੇਲੇ ਐਕਸਟੈਂਸ਼ਨ ’ਤੇ ਸੇਵਾਵਾਂ ਦੇ ਰਹੇ ਸਨ ਅਤੇ ਅਗਲੇ ਸਾਲ ਉਨ੍ਹਾਂ ਦੀ ਸੇਵਾਮੁਕਤੀ ਹੋਣੀ ਸੀ। ਇਸ ਤੋਂ ਪਹਿਲਾਂ ਹੀ ਅਹੁਦਾ ਛੱਡਣ ਦੇ ਫ਼ੈਸਲੇ ਨੇ ਪ੍ਰਸ਼ਾਸਨਿਕ ਅਤੇ ਸਿਆਸੀ ਹਲਕਿਆਂ ’ਚ ਚਰਚਾਵਾਂ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਚੰਡੀਗੜ੍ਹ ਦੇ ਪ੍ਰਸ਼ਾਸਨਿਕ ਗਲਿਆਰਿਆਂ ਵਿਚ ਇਸ ਘਟਨਾਕ੍ਰਮ ਨੂੰ ਇੱਕ ਵੱਡੇ ਬਦਲਾਅ ਵਜੋਂ ਦੇਖਿਆ ਜਾ ਰਿਹਾ ਹੈ।

ਬਟਾਲਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਰਕਾਰ ਹਰ ਹੀਲੇ ਸੂਬੇ ਵਿੱਚੋਂ "ਨਸ਼ਿਆਂ ਦਾ ਕਲੰਕ" ਮਿਟਾ ਕੇ ਰਹੇਗੀ। ਉਨ੍ਹਾਂ ਕਿਹਾ ਕਿ ਚੱਲ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੇ ਪਹਿਲਾਂ ਹੀ ਨਸ਼ਾ ਤਸਕਰੀ ਨੈੱਟਵਰਕ ਨੂੰ ਵੱਡਾ ਝਟਕਾ ਦਿੱਤਾ ਹੈ, ਜਿਸ ਤਹਿਤ ਸਿਰਫ਼ 437 ਦਿਨਾਂ ਵਿੱਚ 63,707 ਤੋਂ ਵੱਧ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਪੰਜਾਬ ਭਰ ਵਿੱਚ ਨਸ਼ਿਆਂ ਦੇ ਪੈਸੇ ਨਾਲ ਬਣੀਆਂ ਗੈਰ-ਕਾਨੂੰਨੀ ਜਾਇਦਾਦਾਂ ਨੂੰ ਢਾਹਿਆ ਜਾ ਰਿਹਾ ਹੈ।

ਬਟਾਲਾ ਵਿੱਚ ਸੰਤ ਤ੍ਰਿਲੋਚਨ ਦਾਸ ਜੀ ਮਹਾਰਾਜ ਦੇ 38ਵੇਂ ਗੁਰਗੱਦੀ ਦਿਵਸ ਨੂੰ ਸਮਰਪਿਤ ਨਸ਼ਾ ਵਿਰੋਧੀ ਜਾਗਰੂਕਤਾ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਨਸ਼ਿਆਂ ਅਤੇ ਸੰਗਠਿਤ ਅਪਰਾਧ ਵਿਰੁੱਧ ਲੜਾਈ ਹੁਣ ਲੋਕ ਲਹਿਰ ਬਣ ਗਈ ਹੈ, ਜਿਸ ਵਿੱਚ ਹਰ ਪੰਜਾਬੀ ਪੰਜਾਬ ਸਰਕਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ।

ਮੁੱਖ ਮੰਤਰੀ ਨੇ ਪਿਛਲੇ 112 ਦਿਨਾਂ ਵਿੱਚ ਗੈਂਗਸਟਰਾਂ ‘ਤੇ ਵਾਰ ਮੁਹਿੰਮ ਤਹਿਤ ਕੀਤੀਆਂ ਗਈਆਂ ਕਾਰਵਾਈਆਂ, ਔਰਤਾਂ ਅਤੇ ਸਿਹਤ ਸੰਭਾਲ ਲਈ ਚੱਲ ਰਹੇ ਭਲਾਈ ਕਾਰਜਾਂ ਅਤੇ ਸੂਬੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ‘ਤੇ ਰੋਕ ਲਾਉਣ ਲਈ ਪੰਜਾਬ ਸਰਕਾਰ ਦੁਆਰਾ ਬਣਾਏ ਗਏ ਬੇਅਦਬੀ ਵਿਰੋਧੀ ਕਾਨੂੰਨ ਸਖ਼ਤ ਕਾਨੂੰਨ ਵਰਗੀਆਂ ਪਹਿਲਕਦਮੀਆਂ ‘ਤੇ ਵੀ ਚਾਨਣਾ ਪਾਇਆ।

ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ 400 ਤੋਂ ਵੱਧ ਦਿਨ ਹੋ ਗਏ ਹਨ ਅਤੇ ਇਸ ਮੁਹਿੰਮ ਨੂੰ ਸ਼ਾਨਦਾਰ ਸਫਲਤਾ ਮਿਲੀ ਹੈ। ਅਸੀਂ ਨਸ਼ਿਆਂ ਦੇ ਕਾਰੋਬਾਰ ਦੀ ਰੀੜ੍ਹ ਤੋੜ ਦਿੱਤੀ ਹੈ ਅਤੇ ਇਸ ਅਪਰਾਧ ਵਿੱਚ ਸ਼ਾਮਲ ਵੱਡੀਆਂ ਮੱਛੀਆਂ ਨੂੰ ਸਲਾਖਾਂ ਪਿੱਛੇ ਸੁੱਟ ਦਿੱਤਾ ਗਿਆ ਹੈ। ਨਸ਼ਿਆਂ ਵਿਰੁੱਧ ਇਹ ਕਾਰਵਾਈ ਪੂਰੀ ਤਾਕਤ ਨਾਲ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਇਸ ਲਾਹਨਤ ਦਾ ਪੰਜਾਬ ਵਿੱਚੋਂ ਪੂਰੀ ਤਰ੍ਹਾਂ ਸਫ਼ਾਇਆ ਨਹੀਂ ਹੋ ਜਾਂਦਾ।”

ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਪੰਜਾਬ ਸਰਕਾਰ ਨੇ ਨਾ ਸਿਰਫ਼ ਨਸ਼ਿਆਂ ਦੀ ਸਪਲਾਈ ਲਾਈਨ ਤੋੜ ਦਿੱਤੀ ਹੈ, ਸਗੋਂ ਪੀੜਤਾਂ ਦਾ ਮੁੜ ਵਸੇਬਾ ਵੀ ਯਕੀਨੀ ਬਣਾਇਆ ਹੈ। ਇਸ ਦੇ ਨਾਲ ਹੀ ਤਸਕਰਾਂ ਦੀਆਂ ਜਾਇਦਾਦਾਂ ਨੂੰ ਢਾਹਿਆ ਅਤੇ ਜ਼ਬਤ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ, “ਜੇਕਰ ਪੰਜਾਬੀ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਦ੍ਰਿੜ੍ਹ ਇਰਾਦਾ ਰੱਖਦੇ ਹਨ ਤਾਂ ਕੋਈ ਵੀ ਤਾਕਤ ਸਾਨੂੰ ਇਸ ਮਿਸ਼ਨ ਨੂੰ ਪੂਰਾ ਕਰਨ ਤੋਂ ਨਹੀਂ ਰੋਕ ਸਕਦੀ। ਮੈਂ ਇਸ ਲੜਾਈ ਨੂੰ ਲੋਕ ਲਹਿਰ ਵਿੱਚ ਬਦਲਣ ਲਈ ਲੋਕਾਂ ਕੋਲੋਂ ਪੂਰੇ ਸਮਰਥਨ ਅਤੇ ਸਹਿਯੋਗ ਦੀ ਮੰਗ ਕਰਦਾ ਹਾਂ।”

ਪੰਜਾਬ ਦੀ ਅਧਿਆਤਮਿਕ ਵਿਰਾਸਤ ਨੂੰ ਉਜਾਗਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਇਹ ਸਾਡੇ ਸ਼ਹੀਦਾਂ ਦੀ ਧਰਤੀ ਹੈ ਅਤੇ ਇਸ ਦਾ ਕੋਨਾ-ਕੋਨਾ ਮਹਾਨ ਗੁਰੂਆਂ, ਸੰਤਾਂ, ਪੀਰ-ਪੈਗ਼ੰਬਰਾਂ ਦੀ ਚਰਨ ਛੋਹ ਪ੍ਰਾਪਤ ਹੈ, ਜਿਨ੍ਹਾਂ ਨੇ ਸਾਨੂੰ ਜ਼ੁਲਮ, ਬੇਇਨਸਾਫ਼ੀ ਅਤੇ ਅੱਤਿਆਚਾਰ ਵਿਰੁੱਧ ਖੜ੍ਹੇ ਹੋਣਾ ਸਿਖਾਇਆ। ਸਾਡੇ ਗੁਰੂਆਂ ਦੀਆਂ ਸਿੱਖਿਆਵਾਂ ਤੋਂ ਪ੍ਰੇਰਿਤ ਹੋ ਕੇ ਹੀ ਅਸੀਂ ਨਸ਼ਿਆਂ ਵਿਰੁੱਧ ਇਹ ਯੁੱਧ ਸ਼ੁਰੂ ਕੀਤਾ, ਜਿਸ ਦੇ ਨਤੀਜੇ ਹੁਣ ਜ਼ਮੀਨ 'ਤੇ ਦਿਖਾਈ ਦੇ ਰਹੇ ਹਨ। ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ਪੂਰੀ ਤਰ੍ਹਾਂ ਨਸ਼ਾ ਮੁਕਤ ਹੋ ਜਾਵੇਗਾ।”

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਹਮੇਸ਼ਾ ਦੇਸ਼ ਦਾ ਅੰਨ ਭੰਡਾਰ ਅਤੇ ਖੜਗ ਭੁਜਾ ਵਜੋਂ ਜਾਣਿਆ ਜਾਂਦਾ ਰਿਹਾ ਹੈ ਅਤੇ ਇਥੋਂ ਦੇ ਲੋਕ ਦੁਨੀਆ ਭਰ ਵਿੱਚ ਆਪਣੀ ਹਿੰਮਤ, ਸਿਰੜ ਤੇ ਉੱਦਮੀ ਸੁਭਾਅ ਲਈ ਜਾਣੇ ਜਾਂਦੇ ਹਨ। ਉਨ੍ਹਾਂ ਕਿਹਾ, "ਪਿਛਲੀਆਂ ਸਰਕਾਰਾਂ ਨੇ ਪੰਜਾਬ ਦੇ ਵਿਕਾਸ ਨੂੰ ਅਣਗੌਲਿਆ ਕੀਤਾ, ਜਿਸ ਕਰ ਕੇ ਨੌਜਵਾਨਾਂ ਨੂੰ ਮਜਬੂਰੀ ਵੱਸ ਪੰਜਾਬ ਛੱਡ ਕੇ ਵਿਦੇਸ਼ਾਂ ਵੱਲ ਜਾਣਾ ਪਿਆ। ਇਸ ਦੇ ਉਲਟ ਅੱਜ ਸਾਡੀ ਸਰਕਾਰ 'ਰੰਗਲੇ ਪੰਜਾਬ' ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ।

ਲੋਕਾਂ ਦੀ ਭਲਾਈ ‘ਤੇ ਕੇਂਦਰਤ ਪ੍ਰਸ਼ਾਸਨ 'ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਲੋਕਾਂ ਦੇ ਟੈਕਸ ਦਾ ਪੈਸਾ ਲੋਕਾਂ ਦਾ ਹੈ ਅਤੇ ਅਸੀਂ ਇਸ ਪੈਸੇ ਨੂੰ ਉਨ੍ਹਾਂ ਦੀ ਭਲਾਈ 'ਤੇ ਪੂਰੀ ਸਮਝਦਾਰੀ ਨਾਲ ਖ਼ਰਚ ਕਰ ਰਹੇ ਹਾਂ। ਹੁਣ ਲੋਕਾਂ ਦਾ ਪੈਸਾ ਭ੍ਰਿਸ਼ਟਾਚਾਰ ਅਤੇ ਲੁੱਟ ਵਿੱਚ ਅਜਾਈਂ ਨਹੀਂ ਜਾਂਦਾ, ਸਗੋਂ ਸਕੂਲਾਂ, ਹਸਪਤਾਲਾਂ, ਸੜਕਾਂ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ‘ਤੇ ਲਗਾਇਆ ਜਾ ਰਿਹਾ ਹੈ।"

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 90 ਫ਼ੀਸਦ ਘਰਾਂ ਨੂੰ ਮੁਫ਼ਤ ਬਿਜਲੀ ਪ੍ਰਦਾਨ ਕੀਤੀ ਜਾ ਰਹੀ ਹੈ ਅਤੇ ਬਿਨਾਂ ਕਿਸੇ ਭ੍ਰਿਸ਼ਟਾਚਾਰ ਤੋਂ ਸੂਬੇ ਦੇ ਨੌਜਵਾਨਾਂ ਨੂੰ 65,000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਅਸੀਂ ਸੜਕਾਂ ਨੂੰ ਬਿਹਤਰ ਬਣਾਇਆ ਹੈ, ਟੋਲ ਪਲਾਜ਼ਾ ਬੰਦ ਕੀਤੇ ਹਨ, ਲੋਕਾਂ ਨੂੰ ਰੋਜ਼ਾਨਾ ਲਗਪਗ 70 ਲੱਖ ਰੁਪਏ ਦੀ ਬੱਚਤ ਹੋ ਰਹੀ ਹੈ ਅਤੇ ਸੂਬੇ ਭਰ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਹੈ। ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਅੱਠ ਘੰਟੇ ਤੋਂ ਵੱਧ ਨਿਰਵਿਘਨ ਬਿਜਲੀ ਸਪਲਾਈ ਅਤੇ ਸਿੰਜਾਈ ਲਈ ਦਿਨ ਵੇਲੇ ਬਿਜਲੀ ਦਿੱਤੀ ਗਈ ਹੈ, ਜਿਸ ਨਾਲ ਉਨ੍ਹਾਂ ਦੀ ਜ਼ਿੰਦਗੀ ਬਦਲੀ ਹੈ।"

ਸਿਹਤ ਸੰਭਾਲ ਵਿੱਚ ਕੀਤੇ ਸੁਧਾਰਾਂ ਬਾਰੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਪੰਜਾਬ ਦੇ ਸਾਰੇ 65 ਲੱਖ ਪਰਿਵਾਰਾਂ ਨੂੰ ਸਿਹਤ ਕਾਰਡ ਜਾਰੀ ਕੀਤੇ ਜਾ ਰਹੇ ਹਨ। ਇਸ ਯੋਜਨਾ ਤਹਿਤ ਹਰ ਪਰਿਵਾਰ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦਾ ਹੱਕਦਾਰ ਹੈ।” ਉਨ੍ਹਾਂ ਕਿਹਾ ਕਿ 30 ਲੱਖ ਤੋਂ ਵੱਧ ਲਾਭਪਾਤਰੀਆਂ ਨੂੰ ਪਹਿਲਾਂ ਹੀ ਸਿਹਤ ਕਾਰਡ ਮਿਲ ਚੁੱਕੇ ਹਨ, ਜਦੋਂ ਕਿ 1.65 ਲੱਖ ਲੋਕਾਂ ਨੇ ਇਸ ਯੋਜਨਾ ਤਹਿਤ ਮੁਫ਼ਤ ਇਲਾਜ ਕਰਵਾਇਆ ਹੈ। ਉਨ੍ਹਾਂ ਅੱਗੇ ਕਿਹਾ, “ਮੈਂ ਲੋਕਾਂ ਨੂੰ ਇਨ੍ਹਾਂ ਕਾਰਡਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕਰਦਾ ਹਾਂ।”

ਔਰਤਾਂ ਨੂੰ ਵੱਧ ਅਖ਼ਤਿਆਰ ਦੇਣ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਸਰਕਾਰ ਵੱਲੋਂ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਸ਼ੁਰੂ ਗਈ ਕੀਤੀ ਹੈ, ਜਿਸ ਤਹਿਤ ਅਨੁਸੂਚਿਤ ਵਰਗ ਦੀ ਹਰ ਔਰਤ ਨੂੰ ਪ੍ਰਤੀ ਮਹੀਨਾ 1,500 ਰੁਪਏ ਅਤੇ ਹੋਰ ਵਰਗਾਂ ਦੀ ਹਰ ਔਰਤ ਨੂੰ ਪ੍ਰਤੀ ਮਹੀਨਾ 1,000 ਰੁਪਏ ਮਿਲਣਗੇ।” ਉਨ੍ਹਾਂ ਕਿਹਾ ਕਿ ਇਹ ਰਕਮ ਸਿੱਧੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੀ ਜਾਵੇਗੀ ਅਤੇ ਪਹਿਲਾਂ ਹੀ ਸਮਾਜਿਕ ਸੁਰੱਖਿਆ ਪੈਨਸ਼ਨ ਪ੍ਰਾਪਤ ਕਰ ਰਹੀਆਂ ਔਰਤਾਂ ਵੀ ਇਸ ਯੋਜਨਾ ਲਈ ਯੋਗ ਹੋਣਗੀਆਂ। ਉਨ੍ਹਾਂ ਅੱਗੇ ਕਿਹਾ, “ਪੰਜਾਬ ਵਿੱਚ ਲਗਪਗ 97 ਫ਼ੀਸਦ ਔਰਤਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ ਅਤੇ ਪੰਜਾਬ ਸਰਕਾਰ ਨੇ ਬਜਟ ਵਿੱਚ ਇਸ ਲਈ 9,300 ਕਰੋੜ ਰੁਪਏ ਅਲਾਟ ਕੀਤੇ ਹਨ।”

ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧਨਾ) ਐਕਟ 2026 ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਵਾਹਿਗੁਰੂ ਦੀ ਕਿਰਪਾ ਸਦਕਾ ਇਸ ਇਤਿਹਾਸਕ ਕਾਨੂੰਨ ਨੂੰ ਲਾਗੂ ਕਰ ਕੇ ਮੈਨੂੰ ਮਨੁੱਖਤਾ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ, ਜਿਸ ਵਿੱਚ ਬੇਅਦਬੀ ਲਈ ਸਖ਼ਤ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ। ਇਹ ਐਕਟ ਭਵਿੱਖ ਵਿੱਚ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨੂੰ ਰੋਕਣ ਵਿੱਚ ਮਦਦ ਕਰੇਗਾ।"

ਉਨ੍ਹਾਂ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਪੰਜਾਬ ਵਿੱਚ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦੇ ਉਦੇਸ਼ ਨਾਲ ਵਿੱਢੀ ਡੂੰਘੀ ਸਾਜ਼ਿਸ਼ ਤਹਿਤ ਕਰਵਾਈਆਂ ਗਈਆਂ ਸਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਇਸ ਅਪਰਾਧ ਵਿੱਚ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਰ ਸਿੱਖ ਲਈ ਪਿਤਾ ਵਾਂਗ ਹਨ ਅਤੇ ਇਸ ਦੀ ਮਰਿਆਦਾ ਨੂੰ ਕਾਇਮ ਰੱਖਣਾ ਸਾਡਾ ਮੁਕੱਦਸ ਫ਼ਰਜ਼ ਹੈ।" ਉਨ੍ਹਾਂ ਕਿਹਾ ਕਿ ਦੁਨੀਆ ਭਰ ਵਿੱਚ ਵਸਦੇ ਸਿੱਖਾਂ ਵੱਲੋਂ ਇਸ ਕਾਨੂੰਨ ਲਈ ਧੰਨਵਾਦ ਕੀਤਾ ਜਾ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ, “ਇਸ ਐਕਟ ਨੂੰ ਪਾਸ ਕਰਨ ਦੀ ਸੇਵਾ ਗੁਰੂ ਸਾਹਿਬ ਨੇ ਖ਼ੁਦ ਮੇਰੇ ਤੋਂ ਲਈ ਹੈ। ਵਾਹਿਗੁਰੂ ਅਜਿਹੀ ਸੇਵਾ ਸਿਰਫ਼ ਉਨ੍ਹਾਂ ਨੂੰ ਹੀ ਸੌਂਪਦਾ ਹੈ, ਜਿਨ੍ਹਾਂ ਨੂੰ ਉਸ ਨੇ ਖ਼ੁਦ ਚੁਣਿਆ ਹੁੰਦਾ ਹੈ ਅਤੇ ਮੈਂ ਸਿਰਫ਼ ਇੱਕ ਨਿਮਾਣਾ ਸੇਵਕ ਹਾਂ, ਜਿਸ ਨੂੰ ਇਹ ਜ਼ਿੰਮੇਵਾਰੀ ਮਿਲੀ ਹੈ।” ਉਨ੍ਹਾਂ ਅੱਗੇ ਕਿਹਾ ਕਿ ਸਮਾਜ ਦੇ ਸਾਰੇ ਵਰਗਾਂ ਦੇ ਲੋਕ ਲੰਬੇ ਸਮੇਂ ਤੋਂ ਬੇਅਦਬੀ ਵਿਰੁੱਧ ਸਖ਼ਤ ਕਾਨੂੰਨਾਂ ਦੀ ਮੰਗ ਕਰ ਰਹੇ ਸਨ।

ਗੁਰਬਾਣੀ ਦੀ ਤੁਕ “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ” ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮਹਾਨ ਗੁਰੂਆਂ ਨੇ ਸਦੀਆਂ ਪਹਿਲਾਂ ਮਨੁੱਖਤਾ ਨੂੰ ਕੁਦਰਤ ਦਾ ਸਤਿਕਾਰ ਕਰਨ ਅਤੇ ਸਦਭਾਵਨਾ ਨਾਲ ਰਹਿਣ ਦੀ ਸੇਧ ਦਿੱਤੀ ਸੀ। ਉਨ੍ਹਾਂ ਕਿਹਾ, “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਜੀਵਤ ਗੁਰੂ ਹਨ ਅਤੇ ਹਰ ਪੰਜਾਬੀ ਖਾਸ ਕਰਕੇ ਹਰ ਸਿੱਖ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਰ ਸ਼ਬਦ ਦਾ ਸਤਿਕਾਰ ਕਰਦੇ ਹਨ ਅਤੇ ਪਾਲਣਾ ਕਰਦੇ ਹਨ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਦੀ ਮਿੱਟੀ ਇੰਨੀ ਉਪਜਾਊ ਹੈ ਕਿ ਇੱਥੇ ਸਭ ਕੁਝ ਉੱਗ ਸਕਦਾ ਹੈ ਪਰ ਨਫ਼ਰਤ ਅਤੇ ਵੈਰ ਦੀ ਇੱਥੇ ਕੋਈ ਥਾਂ ਨਹੀਂ ਹੈ। ਗੁਰੂਆਂ, ਸੰਤਾਂ ਅਤੇ ਪੀਰਾਂ ਦੀ ਇਸ ਪਵਿੱਤਰ ਧਰਤੀ ਨੇ ਹਮੇਸ਼ਾ ਪਿਆਰ, ਸ਼ਾਂਤੀ ਅਤੇ ਸਹਿਣਸ਼ੀਲਤਾ ਦਾ ਸੰਦੇਸ਼ ਦਿੱਤਾ ਹੈ। ਪੰਜਾਬ ਦੀ ਭਾਈਚਾਰਕ ਸਾਂਝ ਨੂੰ ਢਾਹ ਲਾਉਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਅਜਿਹੀਆਂ ਸਾਰੀਆਂ ਸਾਜ਼ਿਸ਼ਾਂ ਅਸਫਲ ਰਹੀਆਂ ਕਿਉਂਕਿ ਇਹ ਸੁਭਾਗੀ ਧਰਤੀ ਹੈ।”

*ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਦੀ ਨਿਰੰਤਰ ਕਾਰਵਾਈ ਲੋਕ ਲਹਿਰ ਵਿੱਚ ਬਦਲ ਰਹੀ ਹੈ*

ਸੰਤ ਤ੍ਰਿਲੋਚਨ ਦਾਸ ਜੀ ਮਹਾਰਾਜ ਦੇ 38ਵੇਂ ਗੁਰੂਗੱਦੀ ਦਿਵਸ ਮੌਕੇ ਸੱਚਖੰਡ ਨਾਨਕ ਧਾਮ, ਦਰਸ਼ਨ ਦਰਬਾਰ, ਬਟਾਲਾ ਵਿਖੇ ਕਰਵਾਇਆ ਗਿਆ ਨਸ਼ਾ ਵਿਰੋਧੀ ਜਾਗਰੂਕਤਾ ਪ੍ਰੋਗਰਾਮ, ਨਸ਼ਿਆਂ ਅਤੇ ਸੰਗਠਿਤ ਅਪਰਾਧ ਵਿਰੁੱਧ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮੁਹਿੰਮ ਦੇ ਵਧ ਰਹੇ ਪ੍ਰਭਾਵ ਨੂੰ ਦਰਸਾਉਂਦਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਵਿੱਢੀ ਮੁਹਿੰਮ "ਯੁੱਧ ਨਸ਼ਿਆਂ ਵਿਰੁੱਧ" ਵਿੱਚ ਤੇਜ਼ੀ ਲਿਆਂਦੀ ਗਈ ਹੈ। ਇਸ ਮੁਹਿੰਮ ਤਹਿਤ ਸਿਰਫ਼ 437 ਦਿਨਾਂ ਵਿੱਚ 63,707 ਤੋਂ ਵੱਧ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਨਾਲ ਹੀ ਨਸ਼ੀਲੇ ਪਦਾਰਥਾਂ ਦੇ ਨੈੱਟਵਰਕ ਨੂੰ ਬਰਬਾਦ ਕੀਤਾ ਗਿਆ ਹੈ, ਨਸ਼ੀਲੇ ਪਦਾਰਥਾਂ ਦੀ ਕਮਾਈ ਨਾਲ ਬਣੀਆਂ ਗੈਰ-ਕਾਨੂੰਨੀ ਜਾਇਦਾਦਾਂ ਨੂੰ ਢਾਹ ਦਿੱਤਾ ਗਿਆ ਹੈ ਅਤੇ ਪੀੜਤ ਨੌਜਵਾਨਾਂ ਲਈ ਮੁੜ-ਵਸੇਬਾ ਯਕੀਨੀ ਬਣਾਇਆ ਗਿਆ ਹੈ।

ਇਸ ਦੇ ਨਾਲ-ਨਾਲ ਪੰਜਾਬ ਸਰਕਾਰ ਦੀ "ਗੈਂਗਸਟਰਾਂ ‘ਤੇ ਵਾਰ" ਮੁਹਿੰਮ ਤਹਿਤ ਗੈਂਗਸਟਰ ਵਿਰੋਧੀ ਟਾਸਕ ਫੋਰਸ ਅਤੇ ਜ਼ਿਲ੍ਹਾ ਪੁਲਿਸ ਟੀਮਾਂ ਦੇ ਤਾਲਮੇਲ ਨਾਲ ਸੰਗਠਿਤ ਅਪਰਾਧ ਵਿਰੁੱਧ ਫੈਸਲਾਕੁੰਨ ਜੰਗ ਸ਼ੁਰੂ ਕੀਤੀ ਗਈ ਹੈ। ਪੰਜਾਬ ਸਰਕਾਰ ਨੇ ਨਸ਼ਾ ਛੁਡਾਊ ਇਲਾਜ, ਹੁਨਰ ਵਿਕਾਸ ਅਤੇ ਮੁੜ-ਵਸੇਬੇ 'ਤੇ ਵੀ ਧਿਆਨ ਕੇਂਦਰਿਤ ਕੀਤਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪੀੜਤ ਨੌਜਵਾਨਾਂ ਨੂੰ ਸਨਮਾਨ ਅਤੇ ਰੋਜ਼ਗਾਰ ਦੇ ਮੌਕਿਆਂ ਨਾਲ ਸਮਾਜ ਦੀ ਮੁੱਖ ਧਾਰਾ ਵਿੱਚ ਮੁੜ ਸ਼ਾਮਲ ਕੀਤਾ ਜਾ ਸਕੇ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.