Sunday, 14 June 2026

ਨਵੀਂ ਦਿੱਲੀ/ਬਿਊਰੋ ਨਿਊਜ਼
ਤਹਿਰਾਨ ਸਥਿਤ ਭਾਰਤੀ ਦੂਤਾਵਾਸ ਨੇ ਭਾਰਤੀ ਨਾਗਰਿਕਾਂ ਨੂੰ ਹਵਾਈ ਜਾਂ ਜ਼ਮੀਨੀ ਰਸਤੇ ਇਰਾਨ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ। ਵਧਦੇ ਖੇਤਰੀ ਤਣਾਅ ਦੇ ਵਿਚਕਾਰ ਭਾਰਤ ਸਰਕਾਰ ਨੇ ਇਰਾਨ ਵਿਚ ਆਪਣੇ ਨਾਗਰਿਕਾਂ ਲਈ ਇਕ ਸਖ਼ਤ ਸਲਾਹ ਜਾਰੀ ਕੀਤੀ ਹੈ। ਤਹਿਰਾਨ ਵਿਚ ਭਾਰਤੀ ਦੂਤਾਵਾਸ ਨੇ ਸਪੱਸ਼ਟ ਤੌਰ ’ਤੇ ਕਿਹਾ ਹੈ ਕਿ ਭਾਰਤੀ ਨਾਗਰਿਕਾਂ ਨੂੰ ਇਸ ਸਮੇਂ ਇਰਾਨ ਦੀ ਯਾਤਰਾ ਕਰਨ ਤੋਂ ਬਚਣਾ ਚਾਹੀਦਾ ਹੈ, ਭਾਵੇਂ ਉਹ ਯਾਤਰਾ ਹਵਾਈ ਜਾਂ ਸੜਕੀ ਰਸਤੇ ਹੋਵੇ। ਭਾਰਤ ਅਤੇ ਇਰਾਨ ਵਿਚਕਾਰ ਕੁਝ ਉਡਾਣਾਂ ਮੁੜ ਸ਼ੁਰੂ ਹੋਣ ਦੀਆਂ ਰਿਪੋਰਟਾਂ ਵੀ ਸਾਹਮਣੇ ਆ ਰਹੀਆਂ ਹਨ। ਅਜਿਹੇ ਵਿਚ ਦੂਤਾਵਾਸ ਵਲੋਂ ਇਹ ਸਲਾਹ ਜਾਰੀ ਕੀਤੀ ਗਈ ਹੈ। ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਯਾਤਰਾ ਜ਼ੋਖਮ ਭਰੀ ਹੋ ਸਕਦੀ ਹੈ।

ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬਿਆਨ ਨੇ ਪੱਛਮੀ ਏਸ਼ੀਆ ਵਿਚ ਜਾਰੀ ਜੰਗ ਦੇ ਜਲਦ ਖਤਮ ਹੋਣ ਦੀ ਆਸ ਜਗਾਈ ਹੈ। ਟਰੰਪ ਨੇ ਇਹ ਵੀ ਕਿਹਾ ਕਿ ਅਮਰੀਕਾ ਅਤੇ ਇਰਾਨ ਵਿਚਕਾਰ ਅਗਲੀ ਮੀਟਿੰਗ ਹਫਤੇ ਦੇ ਅਖੀਰ ਵਿਚ ਹੋ ਸਕਦੀ ਹੈ, ਜਿਸ ਨਾਲ ਇਸ ਸੰਘਰਸ਼ ਦੇ ਸ਼ਾਂਤ ਹੋਣ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ। ਵਾਈਟ ਹਾਊਸ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਅਸੀਂ ਦੇਖਾਂਗੇ ਕਿ ਕੀ ਹੁੰਦਾ ਹੈ? ਟਰੰਪ ਨੇ ਕਿਹਾ ਹੈ ਕਿ ਮੈਨੂੰ ਲੱਗਦਾ ਹੈ ਕਿ ਅਸੀਂ ਇਰਾਨ ਨਾਲ ਸਮਝੌਤਾ ਕਰਨ ਦੇ ਬਹੁਤ ਨੇੜੇ ਹਾਂ। ਨੇਵਾਡਾ ਦੇ ਲਾਸ ਵੇਗਾਸ ਵਿਚ ਇਕ ਪ੍ਰੋਗਰਾਮ ਦੌਰਾਨ ਟਰੰਪ ਨੇ ਕਿਹਾ ਕਿ ਇਹ ਜੰਗ ਹੁਣ ਬਹੁਤ ਜਲਦੀ ਖਤਮ ਹੋਣੀ ਚਾਹੀਦੀ ਹੈ। ਦੱਸਣਯੋਗ ਹੈ ਕਿ ਇਰਾਨ ਵਿਰੁੱਧ ਇਹ ਜੰਗ 28 ਫਰਵਰੀ 2026 ਨੂੰ ਅਮਰੀਕਾ ਅਤੇ ਇਜ਼ਰਾਈਲ ਦੇ ਹਮਲੇ ਨਾਲ ਸ਼ੁਰੂ ਹੋਈ ਸੀ, ਜਿਸ ਵਿਚ ਹੁਣ ਤੱਕ ਹਜ਼ਾਰਾਂ ਜਾਨਾਂ ਜਾ ਚੁੱਕੀਆਂ ਹਨ। ਇਸ ਜੰਗ ਕਾਰਨ ਤੇਲ ਦੀਆਂ ਕੀਮਤਾਂ ਵਿਚ ਵੀ ਵੱਡਾ ਉਛਾਲ ਆਇਆ ਹੈ, ਜਿਸ ਨੇ ਅਮਰੀਕੀ ਰਾਸ਼ਟਰਪਤੀ ਲਈ ਵੱਡੀ ਸਿਆਸੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ। 

ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਇਰਾਨ ’ਤੇ ਹਮਲੇ ਅਣਮਿੱਥੇ ਸਮੇਂ ਲਈ ਟਾਲਣ ਦੇ ਐਲਾਨ ਤੋਂ ਬਾਅਦ, ਇਰਾਨ ਨੇ ਹੋਰਮੁਜ਼ ਜਲ ਮਾਰਗ ਵਿੱਚ ਆਪਣੀ ਪਕੜ ਹੋਰ ਮਜ਼ਬੂਤ ਕਰ ਲਈ ਹੈ। ਇਰਾਨੀ ਫੌਜ ਨੇ ਇਸ ਰਣਨੀਤਕ ਸਮੁੰਦਰੀ ਰਸਤੇ ਵਿੱਚੋਂ ਦੋ ਜਹਾਜ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਉਧਰ ਦੂਜੇ ਪਾਸੇ, ਸ਼ਾਂਤੀ ਵਾਰਤਾ ਦੁਬਾਰਾ ਸ਼ੁਰੂ ਹੋਣ ਦੇ ਕੋਈ ਸੰਕੇਤ ਨਜ਼ਰ ਨਹੀਂ ਆ ਰਹੇ। ਦੋ ਹਫਤੇ ਪੁਰਾਣੀ ਜੰਗਬੰਦੀ ਦੀ ਸਥਿਤੀ ਅਜੇ ਵੀ ਅਸਪਸ਼ਟ ਬਣੀ ਹੋਈ ਹੈ, ਕਿਉਂਕਿ ਇਰਾਨ ਨੇ ਅਮਰੀਕਾ ਵੱਲੋਂ ਜਾਰੀ ਸਮੁੰਦਰੀ ਨਾਕਾਬੰਦੀ ਨੂੰ ਜੰਗ ਵਰਗੀ ਕਾਰਵਾਈ ਕਰਾਰ ਦਿੱਤਾ ਹੈ। ਇਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਾਕਰ ਕਾਲੀਬਾਫ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਅਮਰੀਕਾ ਆਪਣੀ ਜਲ ਸੈਨਾ ਦੀ ਨਾਕਾਬੰਦੀ ਖ਼ਤਮ ਨਹੀਂ ਕਰਦਾ, ਉਦੋਂ ਤੱਕ ਪੂਰਨ ਜੰਗਬੰਦੀ ਦਾ ਕੋਈ ਮਤਲਬ ਨਹੀਂ ਹੈ। ਉਨ੍ਹਾਂ ਕਿਹਾ ਕਿ ਹੋਰਮੁਜ਼ ਦੀ ਖਾੜੀ ਨੂੰ ਖੋਲ੍ਹਣਾ ਤਦ ਹੀ ਸੰਭਵ ਹੈ, ਜੇਕਰ ਅਮਰੀਕਾ ਆਪਣੀਆਂ ਪਾਬੰਦੀਆਂ ਹਟਾਵੇ। ਜ਼ਿਕਰਯੋਗ ਹੈ ਕਿ ਦੁਨੀਆ ਭਰ ਵਿੱਚ ਤੇਲ ਦੀਆਂ ਕੀਮਤਾਂ 100 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਪਹੁੰਚ ਗਈਆਂ ਹਨ।

ਡੋਨਾਲਡ ਟਰੰਪ ਨੇ ਤਰਨਜੀਤ ਸਿੰਘ ਸੰਧੂ ਨੂੰ ਦਿੱਲੀ ਦੇ ਉਪ ਰਾਜਪਾਲ ਵਜੋਂ ਨਿਯੁਕਤੀ ’ਤੇ ਦਿੱਤੀ ਵਧਾਈ
ਵਾਸ਼ਿੰਗਟਨ/ਬਿਊਰੋ ਨਿਊਜ਼  
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤਜ਼ਰਬੇਕਾਰ ਡਿਪਲੋਮੈਟ ਤਰਨਜੀਤ ਸਿੰਘ ਸੰਧੂ ਨੂੰ ਦਿੱਲੀ ਦੇ ਉਪ ਰਾਜਪਾਲ ਵਜੋਂ ਨਿਯੁਕਤ ਹੋਣ ’ਤੇ ਵਧਾਈ ਦਿੱਤੀ ਹੈ। ਅਮਰੀਕੀ ਰਾਸ਼ਟਰਪਤੀ ਨੇ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਸੰਧੂ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਹੈ। ਟਰੰਪ ਨੇ ਕਿਹਾ ਕਿ ਤਰਨਜੀਤ ਸੰਧੂ ਨੇ ਹਮੇਸ਼ਾ ਅਮਰੀਕਾ-ਭਾਰਤ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਡੂੰਘੀ ਵਚਨਬੱਧਤਾ ਦਿਖਾਈ ਹੈ। ਇਸੇ ਦੌਰਾਨ ਸੰਧੂ ਨੇ  ਕਿਹਾ ਕਿ ਨਵੀਂ ਦਿੱਲੀ ਵਿੱਚ ‘ਫ੍ਰੀਡਮ 250’ ਜਸ਼ਨਾਂ ਦੀ ਸ਼ੁਰੂਆਤ ਮੌਕੇ ਭਾਰਤ ਵਿੱਚ ਅਮਰੀਕੀ ਰਾਜਦੂਤ ਸਰਜੀਓ ਗੋਰ ਨੂੰ ਮਿਲ ਕੇ ਖੁਸ਼ੀ ਹੋਈ। ਸੰਧੂ ਨੇ ਕਿਹਾ ਕਿ ਮੈਂ ਹੋਰ ਅਮਰੀਕੀ ਸਹਿਯੋਗ ਦੀ ਉਮੀਦ ਕਰਦਾ ਹਾਂ, ਜੋ ਸਾਡੀ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਨਿਵਾਸੀਆਂ ਲਈ ਠੋਸ ਲਾਭ ਲੈ ਕੇ ਆਵੇਗਾ। ਜ਼ਿਕਰਯੋਗ ਹੈ ਕਿ ਤਰਨਜੀਤ ਸੰਧੂ ਪ੍ਰਮੁੱਖ ਸਿੱਖ ਆਗੂ ਤੇਜਾ ਸਿੰਘ ਸਮੁੰਦਰੀ ਦੇ ਪੋਤੇ ਹਨ। ਲੰਘੀ 11 ਮਾਰਚ ਨੂੰ ਸੰਧੂ ਨੇ ਦਿੱਲੀ ਹਾਈਕੋਰਟ ਦੇ ਮੁੱਖ ਜੱਜ ਦੇਵੇਂਦਰ ਕੁਮਾਰ ਉਪਾਧਿਆਏ ਦੀ ਹਾਜ਼ਰੀ ਵਿੱਚ ਅਹੁਦੇ ਦੀ ਸਹੁੰ ਚੁੱਕੀ ਸੀ।

ਵਾਸ਼ਿੰਗਟਨ/ਬਿਊਰੋ ਨਿਊਜ਼

ਇਰਾਨ ਨਾਲ ਇਕਤਰਫਾ ਜੰਗਬੰਦੀ ਦੀ ਮਿਆਦ ਵਧਾਉਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਮੁੰਦਰ ਵਿਚ ਅਮਰੀਕੀ ਨਾਕੇਬੰਦੀ ਦੀ ਤਾਰੀਫ ਕੀਤੀ ਹੈ। ਟਰੰਪ ਨੇ ਸ਼ੋਸ਼ਲ ਮੀਡੀਆ ਰਾਹੀਂ ਕਿਹਾ ਕਿ ਇਰਾਨ ਆਰਥਿਕ ਰੂਪ ਵਿਚ ਟੁੱਟ ਚੁੱਕਾ ਹੈ। ਉਸ ਕੋਲ ਪੈਸਿਆਂ ਦੀ ਕਮੀ ਹੋ ਰਹੀ ਹੈ ਅਤੇ ਇਸ ਲਈ ਤੁਰੰਤ ਹੋਰਮੁਜ਼ ਸਟਰੇਟ ਖੋਲ੍ਹਣਾ ਚਾਹੁੰਦਾ ਹੈ। ਟਰੰਪ ਨੇ ਦਾਅਵਾ ਕੀਤਾ ਕਿ ਨਾਕੇਬੰਦੀ ਨਾਲ ਇਰਾਨ ਨੂੰ ਹਰ ਰੋਜ਼ ਕਰੀਬ 500 ਮਿਲੀਅਨ ਡਾਲਰ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਰਾਨ ਦੀ ਫੌਜ ਅਤੇ ਪੁਲਿਸ ਨੂੰ ਸਮੇਂ ਸਿਰ ਤਨਖਾਹ ਨਹੀਂ ਮਿਲ ਰਹੀ ਅਤੇ ਦੇਸ਼ ਦੇ ਅੰਦਰ ਆਰਥਿਕ ਦਬਾਅ ਵਧ ਰਿਹਾ ਹੈ। ਉਧਰ ਦੂਜੇ ਪਾਸੇ ਇਰਾਨ ਦੇ ਸੰਯੁਕਤ ਰਾਸ਼ਟਰ ਵਿਚ ਸਥਾਈ ਪ੍ਰਤੀਨਿਧੀ ਅਮੀਰ ਸਈਦ ਇਰਾਬਾਨੀ ਨੇ ਕਿਹਾ ਹੈ ਕਿ ਨਾਕੇਬੰਦੀ ਹਟਣ ਤੋਂ ਬਾਅਦ ਹੀ ਅਮਰੀਕਾ ਨਾਲ ਗੱਲਬਾਤ ਹੋ ਸਕਦੀ ਹੈ। ਟਰੰਪ ਨੇ ਇਹ ਵੀ ਕਿਹਾ ਕਿ ਅਮਰੀਕਾ, ਪਾਕਿਸਤਾਨ ਦੀ ਅਪੀਲ ’ਤੇ ਇਰਾਨ ਨਾਲ ਜੰਗਬੰਦੀ ਦੀ ਮਿਆਦ ਵਧਾ ਰਿਹਾ ਹੈ। ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਜੰਗਬੰਦੀ ਹੋਰ ਕਿੰਨੇ ਦਿਨ ਲਈ ਵਧਾਈ ਗਈ ਹੈ।

ਦੋਵਾਂ ਦੇਸ਼ਾਂ ਨੇ ਕਈ ਸਮਝੌਤਿਆਂ ’ਤੇ ਕੀਤੇ ਦਸਤਖਤ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਹੈਦਰਾਬਾਦ ਹਾਊਸ ’ਚ ਆਸਟਰੀਆ ਦੇ ਚਾਂਸਲਰ ਡਾ. ਕ੍ਰਿਸ਼ਚੀਅਨ ਸਟਾਕਰ ਨਾਲ ਇਕ ਮਹੱਤਵਪੂਰਨ ਮੁਲਾਕਾਤ ਕੀਤੀ। ਇਸ ਮੁਲਾਕਾਤ ਦਾ ਮੁੱਖ ਉਦੇਸ਼ ਭਾਰਤ ਅਤੇ ਆਸਟਰੀਆ ਵਿਚਕਾਰ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਸੀ। ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਕੇਂਦਰੀ ਮੰਤਰੀ ਪਿਊਸ਼ ਗੋਇਲ ਵੀ ਮੀਟਿੰਗ ਦੌਰਾਨ ਹਾਜ਼ਰ ਸਨ। ਮੀਟਿੰਗ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਕਈ ਮਹੱਤਵਪੂਰਨ ਸਮਝੌਤਿਆਂ ’ਤੇ ਦਸਤਖਤ ਕੀਤੇ ਗਏ। ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸਟਰੀਆ ਦੇ ਚਾਂਸਲਰ ਕ੍ਰਿਸ਼ਚੀਅਨ ਸਟਾਕਰ ਨਾਲ ਇਕ ਸਾਂਝੇ ਪ੍ਰੈਸ ਬਿਆਨ ਵਿਚ ਦੋਵਾਂ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਨ ਬਾਰੇ ਗੱਲ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਚਾਂਸਲਰ ਦੀ ਫੇਰੀ ਵਪਾਰ ਅਤੇ ਨਿਵੇਸ਼ ਵਿਚ ਨਵੀਂ ਊਰਜਾ ਭਰੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੌਜੂਦਾ ਵਿਸ਼ਵ ਤਣਾਅ ਦੇ ਵਿਚਕਾਰ ਦੋਵੇਂ ਦੇਸ਼ ਇਸ ਗੱਲ ’ਤੇ ਸਹਿਮਤ ਹਨ ਕਿ ਜੰਗ ਸਮੱਸਿਆਵਾਂ ਦਾ ਹੱਲ ਨਹੀਂ ਕਰ ਸਕਦੀ। ਇਹ ਦੋਵੇਂ ਨੇਤਾ ਗਲੋਬਲ ਸੰਸਥਾਵਾਂ ਵਿਚ ਸੁਧਾਰ ਕਰਨ ਅਤੇ ਅੱਤਵਾਦ ਨੂੰ ਖਤਮ ਕਰਨ ’ਤੇ ਵੀ ਸਹਿਮਤ ਹੋਏ। ਜ਼ਿਕਰਯੋਗ ਹੈ ਕਿ ਚਾਂਸਲਰ ਸਟਾਕਰ ਭਾਰਤ ਦੇ ਚਾਰ ਦਿਨਾਂ ਦੌਰੇ ’ਤੇ ਹਨ ਅਤੇ ਇਹ ਉਨ੍ਹਾਂ ਦਾ ਪਹਿਲਾ ਭਾਰਤ ਦੌਰਾ ਹੈ।

ਇਰਾਨ ਦਾ ਜਵਾਬ : ਅਸੀਂ ਧਮਕੀਆਂ ਤੋਂ ਨਹੀਂ ਡਰਦੇ, ਜੰਗ ਲਈ ਹਾਂ ਤਿਆਰ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਉਦੋਂ ਤੱਕ ਇਰਾਨ ਦੀਆਂ ਬੰਦਰਗਾਹਾਂ ’ਤੇ ਲੱਗੀ ਨਾਕਾਬੰਦੀ ਨਹੀਂ ਹਟਾਏਗਾ, ਜਦੋਂ ਤੱਕ ਤਹਿਰਾਨ ਦੇ ਨਾਲ ਕੋਈ ਸਮਝੌਤਾ ਨਹੀਂ ਹੋ ਜਾਂਦਾ। ਟਰੰਪ ਨੇ ਸ਼ੋਸ਼ਲ ਮੀਡੀਆ ’ਤੇ ਲਿਖਿਆ ਕਿ ਇਕ ਹਫਤਾ ਪਹਿਲਾਂ ਸ਼ੁਰੂ ਹੋਈ ਇਹ ਨਾਕਾਬੰਦੀ ਇਰਾਨ ਨੂੰ ਪੂਰੀ ਤਰ੍ਹਾਂ ਤਬਾਹ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸੰਘਰਸ਼ ਵਿਚ ਅਮਰੀਕਾ ਬਹੁਤ ਅੱਗੇ ਹੈ। ਉਧਰ ਦੂਜੇ ਪਾਸੇ ਇਰਾਨੀ ਸੰਸਦ ਦੇ ਸਪੀਕਰ ਗਾਲਿਬਾਫ ਨੇ ਸ਼ੋਸ਼ਲ ਮੀਡੀਆ ’ਤੇ ਲਿਖਿਆ ਕਿ ਟਰੰਪ ਦਬਾਅ ਬਣਾ ਕੇ ਅਤੇ ਜੰਗਬੰਦੀ ਤੋੜ ਕੇ ਗੱਲਬਾਤ ਨੂੰ ਅਜਿਹੀ ਬਣਾਉਣਾ ਚਾਹੁੰਦੇ ਹਨ, ਜਿੱਥੇ ਇਰਾਨ ਨੂੰ ਝੁਕਣਾ ਪਏ ਜਾਂ ਫਿਰ ਦੁਬਾਰਾ ਜੰਗ ਸ਼ੁਰੂ ਕਰਨ ਦਾ ਬਹਾਨਾ ਮਿਲ ਜਾਏ। ਸਪੀਕਰ ਗਾਲਿਬਾਫ ਨੇ ਕਿਹਾ ਕਿ ਇਰਾਨ ਕਿਸੇ ਵੀ ਧਮਕੀ ਦੇ ਦਬਾਅ ਹੇਠ ਗੱਲਬਾਤ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਅਸੀਂ ਧਮਕੀਆਂ ਤੋਂ ਨਹੀਂ ਡਰਦੇ ਅਤੇ ਜੰਗ ਲਈ ਵੀ ਤਿਆਰ ਹਾਂ। ਇਨ੍ਹਾਂ ਦੋਵਾਂ ਨੇਤਾਵਾਂ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਅਮਰੀਕਾ ਅਤੇ ਇਰਾਨ ਵਿਚਾਲੇ ਅਸਥਾਈ ਜੰਗਬੰਦੀ ਭਲਕੇ ਬੁੱਧਵਾਰ ਨੂੰ ਖਤਮ ਹੋਣ ਵਾਲੀ ਹੈ।  

ਇਜ਼ਰਾਈਲ-ਅਮਰੀਕਾ ਅਤੇ ਇਰਾਨ ਵਿਚਾਲੇ ਜੰਗ ਕਾਰਨ ਕਈ ਦੇਸ਼ ਹੋਏ ਹਨ ਪ੍ਰਭਾਵਿਤ
ਨਵੀਂ ਦਿੱਲੀ/ਬਿਊਰੋ ਨਿਊਜ਼
ਇਰਾਨੀ ਬੰਦਰਗਾਹਾਂ ਦੀ ਨਾਕਾਬੰਦੀ ਵਿਚਾਲੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੂਜੇ ਦੌਰ ਦੀ ਗੱਲਬਾਤ ਦੇ ਸੰਕੇਤ ਦਿੱਤੇ ਹਨ। ਹਾਲਾਂਕਿ ਨਾਕਾਬੰਦੀ ਕਰਕੇ ਤਣਾਅ ਵਧਣ ਨਾਲ ਇਰਾਨ ਨੇ ਖੇਤਰ ਵਿਚ ਹਮਲੇ ਕਰਨ ਦੀ ਧਮਕੀ ਦਿੱਤੀ ਹੈ। ਉਥੇ ਹੀ ਅਮਰੀਕੀ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਨੇ ਇਸਲਾਮਾਬਾਦ ਵਿਚ ਅਮਰੀਕਾ ਅਤੇ ਇਰਾਨ ਵਿਚਾਲੇ ਹੋਈ ਪਹਿਲੇ ਗੇੜ ਦੀ ਗੱਲਬਾਤ ਵਿਚ ਕੋਈ ਨਤੀਜਾ ਨਾ ਨਿਕਲਣ ਦਾ ਵੱਡਾ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਬੇਭਰੋਸਗੀ ਨੂੰ ਦੱਸਿਆ ਹੈ। ਅਮਰੀਕਾ ਦੀ ਸੈਂਟਰਲ ਕਮਾਂਡ ਨੇ ਐਲਾਨ ਕੀਤਾ ਕਿ ਇਰਾਨ ਦੀਆਂ ਬੰਦਰਗਾਹਾਂ ਦੀ ਪੂਰੀ ਨਾਕਾਬੰਦੀ ਸਫਲਤਾ ਪੂਰਵਕ ਲਾਗੂ ਕਰ ਦਿੱਤੀ ਗਈ ਹੈ, ਜਿਸ ਵਿਚ ਅਮਰੀਕੀ ਫੌਜਾਂ ਨੇ ਖੇਤਰੀ ਜਲ ਮਾਰਗਾਂ, ਖਾਸ ਕਰਕੇ ਹੋਰਮੁਜ਼ ਜਲਮਾਰਗ ਵਿਚ ਆਪਣਾ ਸਮੁੰਦਰੀ ਦਬਦਬਾ ਕਾਇਮ ਕਰ ਲਿਆ ਹੈ। ਦੱਸਣਯੋਗ ਹੈ ਕਿ ਇਜ਼ਰਾਈਲ-ਅਮਰੀਕਾ ਅਤੇ ਇਰਾਨ ਵਿਚਾਲੇ ਜੰਗ ਕਾਰਨ ਕਈ ਦੇਸ਼ ਪ੍ਰਭਾਵਿਤ ਹੋਏ ਹਨ।

ਨੇਪਾਲ ਦਾ ਅੰਨਪੂਰਨਾ ਸਰਕਟ ਕੀਤਾ ਫਤਿਹ

ਰੂਪਨਗਰ/ਬਿਊਰੋ ਨਿਊਜ਼

ਰੂਪਨਗਰ ਦਾ ਜੰਮਪਲ ਤੇਗਬੀਰ ਸਿੰਘ 7 ਸਾਲ 6 ਮਹੀਨੇ ਦੀ ਉਮਰ ਵਿਚ ਨੇਪਾਲ ਵਿਚ ਅੰਨਪੂਰਨਾ ਸਰਕਟ ਨੂੰ ਪੂਰਾ ਕਰਨ ਵਾਲਾ ਹੁਣ ਤੱਕ ਦਾ ਸਭ ਤੋਂ ਛੋਟੀ ਉਮਰ ਦਾ ਵਿਅਕਤੀ ਬਣ ਗਿਆ ਹੈ। ਅੰਨਪੂਰਨਾ ਸਰਕਟ ਦੀ ਲੰਬਾਈ ਕਰੀਬ 235 ਕਿਲੋਮੀਟਰ ਦੇ ਨੇੜੇ ਹੈ ਅਤੇ ਇਸ ’ਤੇ ਸਥਿਤ ਥਰੋਂਗਲਾ ਪਾਸ 5416 ਮੀਟਰ ਦੀ ਉਚਾਈ ’ਤੇ ਹੈ। ਤੇਗਬੀਰ ਸਿੰਘ ਨੇ ਲੰਘੀ 11 ਅਪ੍ਰੈਲ ਨੂੰ ਸਰਕਟ ਵਾਕ ਸ਼ੁਰੂ ਕੀਤੀ ਅਤੇ 18 ਅਪ੍ਰੈਲ ਨੂੰ ਥਰੋਂਗਲਾ ਪਾਸ ਪਹੁੰਚਿਆ। ਕਈ ਚੁਣੌਤੀਆਂ ਦੇ ਬਾਵਜੂਦ ਕਰੀਬ 230 ਕਿਲੋਮੀਟਰ ਤੱਕ ਫੈਲਿਆ ਇਕ ਲੰਬਾ ਉਚਾਈ ਟਰੈਕ, ਔਸਤਨ 8 ਡਿਗਰੀ ਤਾਪਮਾਨ ਸਣੇ ਉਹ ਸਫਲਤਾਪੂਰਵਕ ਥਰੋਂਗਲਾ ਦੱਰੇ ਤੱਕ ਪਹੁੰਚਿਆ ਅਤੇ ਆਪਣਾ ਸੁਫਨਾ ਪੂਰਾ ਕੀਤਾ। ਤੇਗਬੀਰ ਸਿੰਘ ਸ਼ਿਵਾਲਿਕ ਪਬਲਿਕ ਸਕੂਲ ਰੋਪੜ ਵਿਚ ਤੀਜੀ ਜਮਾਤ ਦਾ ਵਿਦਿਆਰਥੀ ਹੈ। ਧਿਆਨ ਰਹੇ ਕਿ ਅਗਸਤ 2024 ਵਿਚ ਤੇਗਬੀਰ ਅਫਰੀਕਾ ਦੀ ਸਭ ਤੋਂ ਉਚੀ ਚੋਟੀ ਮਾਊਂਟ ਕਿਲੀਮੰਜਾਰੋ ਨੂੰ ਸਰ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਏਸ਼ੀਆਈ ਬਣ ਗਿਆ ਸੀ।

ਗੱਲਬਾਤ ਅਸਫਲ ਹੋਣ ਤੋਂ ਬਾਅਦ ਅਮਰੀਕਾ ਦਾ ਫੈਸਲਾ
ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕਾ ਅਤੇ ਇਰਾਨ ਵਿਚਾਲੇ ਚੱਲ ਰਹੀ ਗੱਲਬਾਤ ਦੇ ਅਸਫਲ ਹੋਣ ਤੋਂ ਬਾਅਦ, ਅਮਰੀਕੀ ਫੌਜ ਨੇ ਵੱਡਾ ਐਲਾਨ ਕਰ ਦਿੱਤਾ ਹੈ। ਅਮਰੀਕਾ ਹੁਣ ਇਰਾਨ ਦੀਆਂ ਬੰਦਰਗਾਹਾਂ ਤੋਂ ਹੋਣ ਵਾਲੀ ਸਾਰੀ ਸਮੁੰਦਰੀ ਆਵਾਜਾਈ ’ਤੇ ਪੂਰੀ ਤਰ੍ਹਾਂ ਰੋਕ ਲਗਾ ਦੇਵੇਗਾ। ਇਹ ਇੱਕ ਤਰ੍ਹਾਂ ਦੀ ਆਰਥਿਕ ਨਾਕਾਬੰਦੀ ਹੋਵੇਗੀ, ਜਿਸ ਤਹਿਤ ਕੱਚੇ ਤੇਲ ਅਤੇ ਗੈਸ ਨਾਲ ਲੱਦੇ ਸਮੁੰਦਰੀ ਬੇੜਿਆਂ ਨੂੰ ਚੱਲਣ ਤੋਂ ਰੋਕਿਆ ਜਾਵੇਗਾ। ਜ਼ਿਕਰਯੋਗ ਹੈ ਕਿ ਇਹ ਤੇਲ ਅਤੇ ਗੈਸ ਹੀ ਇਰਾਨ ਦੀ ਕਮਾਈ ਦਾ ਸਭ ਤੋਂ ਵੱਡਾ ਸਾਧਨ ਹਨ, ਜਿਨ੍ਹਾਂ ਨੂੰ ਰੋਕ ਕੇ ਅਮਰੀਕਾ ਇਰਾਨ ’ਤੇ ਆਰਥਿਕ ਦਬਾਅ ਬਣਾਉਣ ਜਾ ਰਿਹਾ ਹੈ। ਅਮਰੀਕੀ ਸੈਂਟਰਲ ਕਮਾਂਡ  ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਰਾਸ਼ਟਰਪਤੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ, ਅਮਰੀਕੀ ਫੌਜੀ ਬਲ ਇਰਾਨ ਦੀਆਂ ਬੰਦਰਗਾਹਾਂ ਵਿੱਚ ਦਾਖਲ ਹੋਣ ਅਤੇ ਬਾਹਰ ਜਾਣ ਵਾਲੀ ਸਾਰੀ ਸਮੁੰਦਰੀ ਆਵਾਜਾਈ ਦੀ ਨਾਕਾਬੰਦੀ ਲਾਗੂ ਕਰਨਾ ਸ਼ੁਰੂ ਕਰ ਦੇਣਗੇ।

ਤੇਲ-ਗੈਸ ਸਪਲਾਈ ਰੁਕੀ, ਫੈਕਟਰੀਆਂ ਠੱਪ

ਨਵੀਂ ਦਿੱਲੀ/ਬਿਊਰੋ ਨਿਊਜ਼ 

ਇਰਾਨ ਵਿਚ ਲੰਘੀ 28 ਫਰਵਰੀ ਤੋਂ ਸ਼ੁਰੂ ਹੋਇਆ ਯੁੱਧ ਏਸ਼ੀਆ-ਪ੍ਰਸ਼ਾਂਤ ਇਲਾਕੇ ’ਤੇ ਉਮੀਦ ਤੋਂ ਕਿਤੇ ਜ਼ਿਆਦਾ ਤੇਜ਼ੀ ਨਾਲ ਅਸਰ ਪਾ ਰਿਹਾ ਹੈ। ਇਸਦੇ ਚੱਲਦਿਆਂ ਸ਼ੁਰੂਆਤ ਵਿਚ ਲੱਗਿਆ ਸੀ ਕਿ ਤੇਲ ਅਤੇ ਗੈਸ ਦੀ ਕਮੀ ਦਾ ਅਸਰ ਹੌਲੀ-ਹੌਲੀ ਦਿਸੇਗਾ, ਪਰ ਹਕੀਕਤ ਵਿਚ ਕਈ ਦੇਸ਼ਾਂ ਦੀ ਅਰਥ ਵਿਵਸਥਾ ਅਤੇ ਆਮ ਜ਼ਿੰਦਗੀ ’ਤੇ ਅਚਾਨਕ ਵੱਡਾ ਝਟਕਾ ਲੱਗਾ ਹੈ। ਕਈ ਮਾਹਿਰ ਇਸਦੀ ਤੁਲਣਾ ਕੋਵਿਡ ਜਿਹੇ ਵੱਡੇ ਸੰਕਟ ਨਾਲ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਭਾਵੇਂ ਜਲਦ ਹੀ ਸਮਝੌਤਾ ਹੋ ਜਾਵੇ, ਪਰ ਇਸ ਪੂਰੇ ਖੇਤਰ ’ਤੇ ਇਸਦਾ ਅਸਰ ਲੰਬੇ ਸਮੇਂ ਤੱਕ ਰਹਿਣ ਵਾਲਾ ਹੈ। ਆਉਣ ਵਾਲੇ ਮਹੀਨਿਆਂ ਵਿਚ ਉਡਾਣਾਂ ਰੱਦ ਹੋਣ, ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਧਣ, ਫੈਕਟਰੀਆਂ ਠੱਪ, ਸਮਾਨ ਦੀ ਸਪਲਾਈ ਵਿਚ ਦੇਰੀ ਅਤੇ ਬਜ਼ਾਰਾਂ ਵਿਚ ਰੋਜ਼ਮਰ੍ਹਾ ਦੀਆਂ ਚੀਜ਼ਾਂ ਦੀ ਕਮੀ ਦੇਖਣ ਨੂੰ ਮਿਲ ਸਕਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਮਿਡਲ ਈਸਟ ਦੇ ਰਸਤਿਆਂ ਤੋਂ ਵਪਾਰ ਕੁਝ ਹੋਰ ਹਫਤਿਆਂ ਤੱਕ ਪ੍ਰਭਾਵਿਤ ਰਿਹਾ ਤਾਂ ਕਈ ਦੇਸ਼ਾਂ ਦੇ ਆਰਥਿਕ ਹਾਲਾਤ ਵਿਗੜ ਸਕਦੇ ਹਨ।

ਪੋਪ ਲੀਓ  ਵਿਰੁੱਧ ਵੀ ਖੋਲ੍ਹਿਆ ਮੋਰਚਾ - ਧਾਰਮਿਕ ਜਗਤ ’ਚ ਰੋਸ
ਚੰਡੀਗੜ੍ਹ/ਬਿਊਰੋ ਨਿਊਜ਼  
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਨਵਾਂ ਵਿਵਾਦ ਛੇੜ ਦਿੱਤਾ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ’ਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੁਆਰਾ ਤਿਆਰ ਕੀਤੀ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੂੰ ਹਜ਼ਰਤ ਈਸਾ ਮਸੀਹ ਦੇ ਰੂਪ ਵਿੱਚ ਦਿਖਾਇਆ ਗਿਆ ਹੈ। ਇਸ ਤਸਵੀਰ ਵਿੱਚ ਟਰੰਪ ਬਾਈਬਲ ਕਾਲ ਦੇ ਚੋਲੇ ਵਿੱਚ ਨਜ਼ਰ ਆ ਰਹੇ ਹਨ ਅਤੇ ਇੱਕ ਬੀਮਾਰ ਵਿਅਕਤੀ ’ਤੇ ਹੱਥ ਰੱਖ ਕੇ ਉਸ ਦਾ ਇਲਾਜ ਕਰ ਰਹੇ ਹਨ, ਜਦੋਂ ਕਿ ਉਨ੍ਹਾਂ ਦੀਆਂ ਉਂਗਲਾਂ ਵਿੱਚੋਂ ਰੌਸ਼ਨੀ ਨਿਕਲ ਰਹੀ ਹੈ। ਇਹ ਤਸਵੀਰ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਟਰੰਪ ਅਤੇ ਕੈਥੋਲਿਕ ਚਰਚ ਦੇ ਸਰਵਉੱਚ ਆਗੂ ਪੋਪ ਲੀਓ  ਵਿਚਾਲੇ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਪੋਪ ਵੱਲੋਂ ਅਮਰੀਕਾ-ਇਰਾਨ ਜੰਗ ਦੀ ਨਿਖੇਧੀ ਕੀਤੇ ਜਾਣ ਤੋਂ ਭੜਕੇ ਟਰੰਪ ਨੇ ਕਿਹਾ ਕਿ ਮੈਂ ਪੋਪ ਲੀਓ ਦਾ ਕੋਈ ਪ੍ਰਸ਼ੰਸਕ ਨਹੀਂ ਹਾਂ। ਉਹ ਬਹੁਤ ਉਦਾਰਵਾਦੀ ਵਿਅਕਤੀ ਹਨ ਅਤੇ ਅਪਰਾਧਾਂ ਪ੍ਰਤੀ ਨਰਮ ਹਨ। ਇਸਦੇ ਚੱਲਦਿਆਂ ਟਰੰਪ ਵੱਲੋਂ ਪਵਿੱਤਰ ਧਾਰਮਿਕ ਚਿੰਨ੍ਹਾਂ ਦੀ ਸਿਆਸੀ ਮੰਤਵ ਲਈ ਵਰਤੋਂ ਕਰਨ ’ਤੇ ਕਈ ਧਾਰਮਿਕ ਸਮੂਹਾਂ ਨੇ ਸਖ਼ਤ ਨਾਰਾਜ਼ਗੀ ਜਤਾਈ ਹੈ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.