Sunday, 14 June 2026

ਸਰਬਜੀਤ ਕੌਰ ਦੀ ਇਕ ਨਵੀਂ ਵੀਡੀਓ ਆਈ ਸਾਹਮਣੇ
ਚੰਡੀਗੜ੍ਹ/ਬਿਊਰੋ ਨਿਊਜ਼
ਸਿੱਖ ਸ਼ਰਧਾਲੂਆਂ ਨਾਲ ਪਾਕਿਸਤਾਨ ਜਾ ਕੇ ਨਿਕਾਹ ਕਰਵਾਉਣ ਵਾਲੀ ਪੰਜਾਬੀ ਮਹਿਲਾ ਸਰਬਜੀਤ ਕੌਰ ਦਾ ਇਕ ਨਵਾਂ ਵੀਡੀਓ ਸਾਹਮਣੇ ਆਇਆ ਹੈ। ਇਹ ਵੀਡੀਓ ਟਿੱਕ-ਟੌਕ ’ਤੇ ਬਣਾਇਆ ਗਿਆ ਹੈ, ਜਿਸ ਵਿਚ ਸਰਬਜੀਤ ਆਪਣੇ ਮੁਸਲਿਮ ਪਤੀ ਨਾਸਿਰ ਹੁਸੈਨ ਨਾਲ ਦਿਖਾਈ ਦੇ ਰਹੀ ਹੈ। ਇਸ ਵਾਇਰਲ ਵੀਡੀਓ ਵਿਚ ਸਰਬਜੀਤ ਕੌਰ ਦਾ ਪਤੀ ਟਿੱਕ-ਟੌਕ ’ਤੇ ਕਿਸੇ ਨਾਲ ਗੱਲ ਕਰਦਾ ਦਿਖਾਈ ਦਿੰਦਾ ਹੈ ਅਤੇ ਇਸ ਵਿਚ ਸਰਬਜੀਤ ਕੌਰ ਇਕ ਵਿਅਕਤੀ ਨੂੰ ਵੀਡੀਓ ਵਿਚ ਜਵਾਬ ਦੇਣ ਮੌਕੇ ਇਤਰਾਜ਼ਯੋਗ ਲਫਜ਼ਾਂ ਦੀ ਵਰਤੋਂ ਕਰਦੀ ਹੈ। ਵੀਡੀਓ ਵਿਚ ਸਰਬਜੀਤ ਕੌਰ ਸਿੱਖਾਂ ਬਾਰੇ ਬਹੁਤ ਅਪਮਾਨਜਨਕ ਟਿੱਪਣੀਆਂ ਕਰਦੀ ਦਿਖਾਈ ਦੇ ਰਹੀ ਹੈ। ਉਹ ਸਿੱਖਾਂ ਦੇ ਪਾਕਿਸਤਾਨ ਜਾਣ ’ਤੇ ਸਵਾਲ ਉਠਾਉਂਦੀ ਹੈ ਅਤੇ ਕਹਿੰਦੀ ਹੈ ਕਿ ਜੇ ਪਾਕਿਸਤਾਨੀ ਇਕੱਠੇ ਹੋਣ ਤਾਂ ਇਨ੍ਹਾਂ ਦੀ ਰੋਜ਼ੀ-ਰੋਟੀ ਬੰਦ ਹੋ ਜਾਵੇ। ਉਧਰ ਦੂਜੇ ਪਾਸੇ ਸਰਬਜੀਤ ਕੌਰ ਦੇ ਪਹਿਲੇ ਪੰਜਾਬੀ ਐਨ.ਆਰ.ਆਈ. ਪਤੀ ਕਰਨੈਲ ਸਿੰਘ ਨੇ ਵੀ ਲਾਹੌਰ ਹਾਈਕੋਰਟ ਵਿਚ ਇਕ ਪਟੀਸ਼ਨ ਦਾਇਰ ਕੀਤੀ ਹੋਈ ਹੈ, ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨੀ ਵਿਅਕਤੀ ਨਾਸਿਰ ਹੁਸੈਨ ਨੇ ਸਰਬਜੀਤ ਨੂੰ ਪਾਕਿਸਤਾਨ ਆਉਣ ਲਈ ਬਲੈਕਮੇਲ ਕੀਤਾ ਅਤੇ ਫਿਰ ਉਸ ਨਾਲ ਜ਼ਬਰਦਸਤੀ ਨਿਕਾਹ ਕੀਤਾ ਹੈ।

ਭਾਰਤੀਆਂ ਦੀ ਸੁਰੱਖਿਆ ਨੂੰ ਦੱਸਿਆ ਮੁੱਖ ਤਰਜੀਹ
ਨਵੀਂ ਦਿੱਲੀ/ਬਿਊਰੋ ਨਿਊਜ਼
ਪੱਛਮੀ ਏਸ਼ੀਆ ਵਿੱਚ ਲਗਾਤਾਰ ਵਧ ਰਹੀ ਜੰਗ ਦੇ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੰਘੀ ਦੇਰ ਰਾਤ ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨਾਲ ਟੈਲੀਫੋਨ ’ਤੇ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਖੇਤਰ ਵਿੱਚ ਵਧਦੇ ਤਣਾਅ ਅਤੇ ਨਿਰਦੋਸ਼ ਨਾਗਰਿਕਾਂ ਦੀ ਜਾਨ ਜਾਣ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮੌਜੂਦਾ ਸਥਿਤੀ ਵਿੱਚ ਸੰਜਮ, ਗੱਲਬਾਤ ਅਤੇ ਕੂਟਨੀਤੀ ਹੀ ਸ਼ਾਂਤੀ ਦਾ ਇੱਕੋ-ਇੱਕ ਰਸਤਾ ਹੈ। ਲੰਘੀ 28 ਫਰਵਰੀ ਨੂੰ ਅਮਰੀਕਾ-ਇਜ਼ਰਾਈਲ ਅਤੇ ਇਰਾਨ ਵਿਚਾਲੇ ਸ਼ੁਰੂ ਹੋਈ ਜੰਗ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਉੱਚ ਆਗੂਆਂ ਵਿਚਾਲੇ ਇਹ ਪਹਿਲੀ ਸਿੱਧੀ ਗੱਲਬਾਤ ਹੈ। ਪੀਐਮ ਮੋਦੀ ਨੇ ਗੱਲਬਾਤ ਦੌਰਾਨ ਇਰਾਨ ਵਿੱਚ ਮੌਜੂਦ ਕਰੀਬ 9 ਹਜ਼ਾਰ ਭਾਰਤੀ ਨਾਗਰਿਕਾਂ, ਜਿਨ੍ਹਾਂ ਵਿੱਚ ਜ਼ਿਆਦਾਤਰ ਮੈਡੀਕਲ ਵਿਦਿਆਰਥੀ ਹਨ, ਉਨ੍ਹਾਂ ਦੀ ਸੁਰੱਖਿਆ ਦਾ ਮੁੱਦਾ ਵੀ ਪ੍ਰਮੁੱਖਤਾ ਨਾਲ ਉਠਾਇਆ। ਉਨ੍ਹਾਂ ਕਿਹਾ ਕਿ ਭਾਰਤੀਆਂ ਦੀ ਭਲਾਈ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ। ਭਾਰਤੀ ਦੂਤਾਵਾਸ ਵੱਲੋਂ ਵਿਦਿਆਰਥੀਆਂ ਨੂੰ ਅਰਮੀਨੀਆ ਅਤੇ ਅਜ਼ਰਬਾਈਜਾਨ ਦੇ ਰਸਤੇ ਸੁਰੱਖਿਅਤ ਵਾਪਸ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ।

ਸੋਸ਼ਲ ਮੀਡੀਆ ਦੀ ਵਧਦੀ ਵਰਤੋਂ ਕਾਰਨ ਨੌਜਵਾਨਾਂ ਦੀ ਮਾਨਸਿਕ ਸਿਹਤ ’ਚ ਗਿਰਾਵਟ
ਹੈਲਸਿੰਕੀ/ਬਿਊਰੋ ਨਿਊਜ਼  
‘ਵਰਲਡ ਹੈਪੀਨੈਸ ਰਿਪੋਰਟ 2026’ ਵਿੱਚ ਫਿਨਲੈਂਡ ਨੇ ਇੱਕ ਵਾਰ ਫਿਰ ਬਾਜ਼ੀ ਮਾਰਦਿਆਂ ਲਗਾਤਾਰ ਨੌਵੇਂ ਸਾਲ ਦੁਨੀਆ ਦੇ ਸਭ ਤੋਂ ਖੁਸ਼ਹਾਲ ਦੇਸ਼ ਦਾ ਖਿਤਾਬ ਹਾਸਲ ਕੀਤਾ ਹੈ। ਆਕਸਫੋਰਡ ਯੂਨੀਵਰਸਿਟੀ ਦੇ ‘ਵੈਲਬੀਇੰਗ ਰਿਸਰਚ ਸੈਂਟਰ’ ਵੱਲੋਂ ਤਿਆਰ ਕੀਤੀ ਇਸ ਸਾਲਾਨਾ ਰਿਪੋਰਟ ਵਿੱਚ ਆਈਸਲੈਂਡ, ਡੈਨਮਾਰਕ, ਸਵੀਡਨ ਅਤੇ ਨਾਰਵੇ ਵਰਗੇ ਨੌਰਡਿਕ ਦੇਸ਼ ਵੀ ਚੋਟੀ ਦੇ 10 ਸਥਾਨਾਂ ਵਿੱਚ ਸ਼ਾਮਲ ਹਨ। ਰਿਪੋਰਟ ਮੁਤਾਬਕ ਇਨ੍ਹਾਂ ਦੇਸ਼ਾਂ ਵਿੱਚ ਸਮਾਜਿਕ ਸੁਰੱਖਿਆ ਅਤੇ ਜੀਵਨ ਪੱਧਰ ਬਿਹਤਰ ਹੋਣ ਕਾਰਨ ਲੋਕ ਵਧੇਰੇ ਸੰਤੁਸ਼ਟ ਹਨ। ਹਾਲਾਂਕਿ, ਇਸ ਰਿਪੋਰਟ ਵਿੱਚ ਨੌਜਵਾਨਾਂ ਦੀ ਮਾਨਸਿਕ ਸਥਿਤੀ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟਾਈ ਗਈ ਹੈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਅਮਰੀਕਾ, ਕੈਨੇਡਾ, ਆਸਟਰੇਲੀਆ ਅਤੇ ਪੱਛਮੀ ਯੂਰਪ ਦੇ ਦੇਸ਼ਾਂ ਵਿੱਚ 25 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਦੀ ਖੁਸ਼ਹਾਲੀ ਵਿੱਚ ਭਾਰੀ ਗਿਰਾਵਟ ਆਈ ਹੈ। ਇਸ ਦਾ ਮੁੱਖ ਕਾਰਨ ਸੋਸ਼ਲ ਮੀਡੀਆ ’ਤੇ ਬਿਤਾਇਆ ਜਾਣ ਵਾਲਾ ਲੰਬਾ ਸਮਾਂ ਮੰਨਿਆ ਜਾ ਰਿਹਾ ਹੈ।

ਭਾਰਤ ਵਾਂਗ ਹੋਰ ਦੇਸ਼ ਵੀ ਖਰੀਦ ਸਕਣਗੇ ਰੂਸੀ ਤੇਲ
ਵਾਸ਼ਿੰਗਟਨ/ਬਿਊਰੋ ਨਿਊਜ਼
ਤੇਲ ਦੀਆਂ ਵਧਦੀਆਂ ਕੀਮਤਾਂ ਦੇ ਵਿਚਕਾਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਨਡ ਟਰੰਪ ਦੀ ਅਗਵਾਈ ਵਾਲੇ ਅਮਰੀਕੀ ਪ੍ਰਸ਼ਾਸ਼ਨ ਨੇ ਸਮੁੰਦਰ ਵਿਚ ਫਸੇ ਦੂਜੇ ਦੇਸ਼ਾਂ ਨੂੰ ਰੂੁਸੀ ਤੇਲ ਖਰੀਦਣ ਲਈ ਅਸਥਾਈ ਇਜ਼ਾਜ਼ਤ ਦੇਣ ਦਾ ਐਲਾਨ ਕੀਤਾ ਹੈ। ਇਹ ਐਲਾਨ ਇਰਾਨ ਵਿਰੁੱਧ ਅਮਰੀਕਾ-ਇਜ਼ਰਾਈਲ ਜੰਗ ਦੇ ਖਤਮ ਹੋਣ ਦੇ ਕੋਈ ਤੁਰੰਤ ਸੰਕੇਤ ਨਾ ਮਿਲਣ ਦੇ ਦੌਰਾਨ ਆਇਆ। ਅਮਰੀਕਾ ਨੇ ਪਹਿਲਾਂ ਭਾਰਤ ਨੂੰ ਰੂਸੀ ਤੇਲ ਖਰੀਦਣ ਦੀ ਇਜ਼ਾਜ਼ਤ ਦੇਣ ਲਈ ਪਾਬੰਦੀਆਂ ਤੋਂ ਇਸੇ ਤਰ੍ਹਾਂ ਦੀ ਛੋਟ ਦਿੱਤੀ ਸੀ। ਇਹ ਕਦਮ ਲੰਘੀ 28 ਫਰਵਰੀ ਨੂੰ ਯੁੱਧ ਸ਼ੁਰੂ ਹੋਣ ਤੋਂ ਬਾਅਦ ਵਧ ਰਹੀਆਂ ਤੇਲ ਦੀਆਂ ਕੀਮਤਾਂ ਨੂੰ ਘਟਾਉਣ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਚੁੱਕਿਆ ਗਿਆ ਸੀ। ਅਮਰੀਕਾ ਦੇ ਖਜ਼ਾਨਾ ਮੰਤਰੀ ਸਕਾਟ ਬੇਸੈਂਟ ਨੇ ਸ਼ੋਸ਼ਲ ਮੀਡੀਆ ਪਲੇਟਫਾਰਮ ’ਤੇ ਇਕ ਪੋਸਟ ਵਿਚ ਇਹ ਜਾਣਕਾਰੀ ਦਿੱਤੀ ਹੈ। ਬੇਸੈਂਟ ਨੇ ਕਿਹਾ ਕਿ ਮੌਜੂਦਾ ਸਪਲਾਈ ਤੱਕ ਗਲੋਬਲ ਪਹੁੰਚ ਨੂੰ ਵਧਾਉਣ ਲਈ ਅਮਰੀਕੀ ਵਿੱਤ ਮੰਤਰਾਲਾ ਇਹ ਅਸਥਾਈ ਛੋਟ ਦੇ ਰਿਹਾ ਹੈ ਤਾਂ ਜੋ ਦੇਸ਼ ਇਸ ਸਮੇਂ ਸਮੁੰਦਰ ਵਿਚ ਫਸੇ ਹੋਏ ਰੂਸੀ ਤੇਲ ਨੂੰ ਖਰੀਦ ਸਕਣ।

ਇਰਾਨ ਨੇ ਇਜ਼ਰਾਈਲ ਨੂੰ ਨਤੀਜੇ ਭੁਗਤਣ ਦੀ ਦਿੱਤੀ ਚਿਤਾਵਨੀ
ਨਵੀਂ ਦਿੱਲੀ/ਬਿਊਰੋ ਨਿਊਜ਼
ਇਜ਼ਰਾਈਲ ਅਤੇ ਇਰਾਨ ਵਿਚਾਲੇ ਚੱਲ ਰਹੀ ਭਿਆਨਕ ਜੰਗ ਨੇ ਹੁਣ ਪੂਰੀ ਦੁਨੀਆ ਦੇ ਊਰਜਾ ਬਾਜ਼ਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਜ਼ਰਾਈਲ ਵੱਲੋਂ ਇਰਾਨ ਦੇ ਖੁਫੀਆ ਮੰਤਰੀ ਦੀ ਹੱਤਿਆ ਅਤੇ ਦੁਨੀਆ ਦੇ ਸਭ ਤੋਂ ਵੱਡੇ ‘ਸਾਊਥ ਪਾਰਸ’ ਕੁਦਰਤੀ ਗੈਸ ਫੀਲਡ ’ਤੇ ਕੀਤੇ ਗਏ ਹਮਲੇ ਤੋਂ ਬਾਅਦ ਇਰਾਨ ਨੇ ਵੱਡੀ ਜਵਾਬੀ ਕਾਰਵਾਈ ਕੀਤੀ ਹੈ। ਇਰਾਨੀ ਮਿਜ਼ਾਈਲਾਂ ਨੇ ਕਤਰ ਦੇ ‘ਰਾਸ ਲਫਾਨ’ ਐਲ.ਐਨ.ਜੀ. ਪਲਾਂਟ ਅਤੇ ਸੰਯੁਕਤ ਅਰਬ ਅਮੀਰਾਤ ਦੇ ‘ਹਬਸ਼ਾਨ’ ਗੈਸ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ, ਜਿਸ ਕਾਰਨ ਉੱਥੇ ਭਿਆਨਕ ਅੱਗ ਲੱਗ ਗਈ ਅਤੇ ਉਤਪਾਦਨ ਪੂਰੀ ਤਰ੍ਹਾਂ ਠੱਪ ਹੋ ਗਿਆ। ਇਸ ਤਣਾਅ ਕਾਰਨ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ ਵਧ ਕੇ 108 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ ਹੈ। ਇਸੇ ਦੌਰਾਨ ਇਰਾਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਹਮਲੇ ਨਾ ਰੁਕੇ ਤਾਂ ਇਸਦੇ ਨਤੀਜੇ ਪੂਰੀ ਦੁਨੀਆ ਨੂੰ ਭੁਗਤਣੇ ਪੈਣਗੇ। ਉਧਰ ਦੂਜੇ ਪਾਸੇ ਜੰਗ ਦੇ ਮੈਦਾਨ ਵਿੱਚ ਇਜ਼ਰਾਈਲ ਨੇ ਇਰਾਨੀ ਲੀਡਰਸ਼ਿਪ ’ਤੇ ਹਮਲੇ ਤੇਜ਼ ਕਰ ਦਿੱਤੇ ਹਨ।

ਟਰੰਪ ਨੇ ਇਰਾਨ ’ਤੇ ਹੋਰ ਹਮਲੇ ਕਰਨ ਦੀ ਦਿੱਤੀ ਚਿਤਾਵਨੀ
ਨਵੀਂ ਦਿੱਲੀ/ਬਿਊਰੋ ਨਿਊਜ਼  
ਅਮਰੀਕੀ ਫੌਜ ਨੇ ਖਾੜੀ ਖੇਤਰ ਵਿੱਚ ਇਰਾਨ ਦੀਆਂ ਕਈ ਸਮੁੰਦਰੀ ਕਿਸ਼ਤੀਆਂ ਨੂੰ ਨਿਸ਼ਾਨਾ ਬਣਾ ਕੇ ਤਬਾਹ ਕਰ ਦਿੱਤਾ ਹੈ। ਇਹ ਕਾਰਵਾਈ ਉਸ ਸਮੇਂ ਹੋਈ ਜਦੋਂ ਇਰਾਨ ਨੇ ਖੇਤਰ ਦੇ ਤੇਲ ਦੀ ਬਰਾਮਦਗੀ ਨੂੰ ਰੋਕਣ ਦੀ ਧਮਕੀ ਦਿੱਤੀ ਸੀ। ਅਮਰੀਕਾ ਨੇ ਇਰਾਨ ਦੀਆਂ ਉਨ੍ਹਾਂ 16 ਕਿਸ਼ਤੀਆਂ ਨੂੰ ਨਸ਼ਟ ਕਰ ਦਿੱਤਾ ਹੈ, ਜੋ ਸਮੁੰਦਰ ਵਿੱਚ ਬਾਰੂਦੀ ਸੁਰੰਗਾਂ ਵਿਛਾਉਣ ਦਾ ਕੰਮ ਕਰ ਰਹੀਆਂ ਸਨ। ਹਾਲਾਂਕਿ, ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ਰਾਹੀਂ ਸਪੱਸ਼ਟ ਕੀਤਾ ਕਿ ਫਿਲਹਾਲ ‘ਸਟਰੇਟ ਆਫ ਹਾਰਮੁਜ਼’ ਵਿੱਚ ਕਿਸੇ ਵੀ ਬਾਰੂਦੀ ਸੁਰੰਗ ਦੇ ਫਟਣ ਜਾਂ ਲੱਗੇ ਹੋਣ ਦੀ ਪੁਸ਼ਟੀ ਨਹੀਂ ਹੋਈ ਹੈ, ਪਰ ਅਮਰੀਕਾ ਕਿਸੇ ਵੀ ਖਤਰੇ ਨੂੰ ਰੋਕਣ ਲਈ ਪਹਿਲਾਂ ਹੀ ਕਾਰਵਾਈ ਕਰ ਰਿਹਾ ਹੈ। ਜੰਗ ਦੇ ਅੱਜ 12ਵੇਂ ਦਿਨ ਦੋਵਾਂ ਦੇਸ਼ਾਂ ਦੇ ਤੇਵਰ ਹੋਰ ਤਿੱਖੇ ਹੋ ਗਏ ਹਨ। ਰਾਸ਼ਟਰਪਤੀ ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਰਾਨ ਨੇ ਸਮੁੰਦਰੀ ਰਸਤੇ ਵਿੱਚ ਕੋਈ ਵੀ ਰੁਕਾਵਟ ਪਾਈ, ਤਾਂ ਉਸ ’ਤੇ ਅਜਿਹਾ ਹਮਲਾ ਕੀਤਾ ਜਾਵੇਗਾ ਜੋ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਦੇਖਿਆ ਗਿਆ।

ਅਮਰੀਕਾ, ਇਜ਼ਰਾਈਲ ਅਤੇ ਇਰਾਨ ਵਿਚਕਾਰ ਚੱਲ ਰਹੀ ਜੰਗ ਨੂੰ ਹੋਏ 19 ਦਿਨ
ਤਹਿਰਾਨ/ਬਿਊਰੋ ਨਿਊਜ਼  
ਅਮਰੀਕਾ, ਇਜ਼ਰਾਈਲ ਅਤੇ ਇਰਾਨ ਵਿਚਕਾਰ ਚੱਲ ਰਹੀ ਜੰਗ ਦਾ ਅੱਜ 19ਵਾਂ ਦਿਨ ਹੈ। ਜ਼ਿਕਰਯੋਗ ਹੈ ਕਿ ਇਰਾਨ ਦੇ ਸੁਰੱਖਿਆ ਮੁਖੀ ਅਲੀ ਲਾਰੀਜਾਨੀ ਅਤੇ ਉਨ੍ਹਾਂ ਦੇ ਪੁੱਤਰ ਦੀ ਲੰਘੇ ਕੱਲ੍ਹ ਇਜ਼ਰਾਈਲੀ ਹਮਲੇ ਵਿਚ ਮੌਤ ਹੋ ਗਈ। ਇਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਨੇ ਇਸਦੀ ਪੁਸ਼ਟੀ ਕੀਤੀ ਹੈ। ਇਸੇ ਦੌਰਾਨ ਰੈਵੋਲਿਊਸ਼ਨਰੀ ਗਾਰਡ ਕੋਰ ਨੇ ਇਜ਼ਰਾਈਲ ਦੀ ਰਾਜਧਾਨੀ ਤੇਲ ਅਵੀਵ ਵਿਚ 100 ਤੋਂ ਵੱਧ ਥਾਵਾਂ ’ਤੇ ਮਿਜ਼ਾਈਲ ਹਮਲੇ ਕੀਤੇ। ਇਰਾਨ ਦਾ ਦਾਅਵਾ ਹੈ ਕਿ ਇਹ ਹਮਲੇ ਲਾਰੀਜਾਨੀ, ਉਨ੍ਹਾਂ ਦੇ ਪੁੱਤਰ ਅਤੇ ਬਾਸੀਜ ਅਰਧ ਸੈਨਿਕ ਬਲ ਦੇ ਕਮਾਂਡਰ ਘੋਲਮਰੇਜ਼ਾ ਸੁਲੇਮਾਨੀ ਦੀ ਹੱਤਿਆ ਦਾ ਬਦਲਾ ਲੈਣ ਲਈ ਕੀਤੇ ਗਏ ਸਨ। ਇਰਾਨ ਨੇ ਇਹ ਵੀ ਦਾਅਵਾ ਕੀਤਾ ਕਿ ਇਜ਼ਰਾਈਲ ਦੀ ਮਜ਼ਬੂਤ ਰੱਖਿਆ ਪ੍ਰਣਾਲੀ ਵੀ ਇਨ੍ਹਾਂ ਹਮਲਿਆਂ ਨੂੰ ਰੋਕਣ ਵਿਚ ਅਸਫਲ ਰਹੀ। ਇਜ਼ਰਾਈਲ ਦਾ ਕਹਿਣਾ ਹੈ ਕਿ ਮਿਜ਼ਾਈਲ ਦੇ ਮਲਬੇ ਕਾਰਨ ਇਕ ਮਹਿਲਾ ਦੀ ਮੌਤ ਵੀ ਹੋ ਗਈ ਹੈ।

ਇਸਲਾਮਾਬਾਦ/ਬਿਊਰੋ ਨਿਊਜ਼
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਦੇਸ਼ ਵਿਚ ਵਧਦੀਆਂ ਤੇਲ ਕੀਮਤਾਂ ਨੂੰ ਦੇਖਦਿਆਂ ਖਰਚਿਆਂ ਵਿਚ ਕਟੌਤੀ ਯੋਜਨਾ ਦਾ ਐਲਾਨ ਕੀਤਾ ਹੈ। ਇਸਦੇ ਤਹਿਤ ਸਰਕਾਰੀ ਦਫਤਰ ਹਫਤੇ ’ਚ ਸਿਰਫ ਚਾਰ ਦਿਨ ਖੁੱਲ੍ਹਣਗੇ ਅਤੇ ਅੱਧੇ ਕਰਮਚਾਰੀ ਵਰਕ ਫਰੌਮ ਹੋਮ ਕਰਨਗੇ ਅਤੇ ਸਕੂਲ ਵੀ ਦੋ ਹਫਤਿਆਂ ਲਈ ਬੰਦ ਕਰ ਦਿੱਤੇ ਗਏ ਹਨ। ਮੀਡੀਆ ਤੋਂ ਮਿਲ ਰਹੀ ਜਾਣਕਾਰੀ ਮੁਤਾਬਕ ਪਾਕਿਸਤਾਨ ਵਿਚ ਮੰਤਰੀਆਂ ਅਤੇ ਸਲਾਹਕਾਰਾਂ ਦੇ ਵਿਦੇਸ਼ ਦੌਰੇ ਰੋਕ ਦਿੱਤੇ ਗਏ ਹਨ। ਇਹ ਵੀ ਕਿਹਾ ਗਿਆ ਹੈ ਕਿ ਮੰਤਰੀ ਦੋ ਮਹੀਨੇ ਤੱਕ ਤਨਖਾਹ ਨਹੀਂ ਲੈਣਗੇ ਅਤੇ ਸੰਸਦ ਮੈਂਬਰਾਂ ਦੀ ਤਨਖਾਹ ਵਿਚ ਵੀ 25 ਫੀਸਦੀ ਕਟੌਤੀ ਹੋਵੇਗੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕਿਹਾ ਕਿ ਅਮਰੀਕਾ-ਇਜਰਾਈਲ ਅਤੇ ਇਰਾਨ ਸੰਘਰਸ਼ ਕਰਕੇ ਕੱਚੇ ਤੇਲ ਦੀ ਕੀਮਤ 60 ਡਾਲਰ ਤੋਂ ਵਧ ਕੇ 100 ਡਾਲਰ ਪ੍ਰਤੀ ਬੈਰਲ ਤੋਂ ਜ਼ਿਆਦਾ ਹੋ ਗਈ ਹੈ। ਇਸ ਕਰਕੇ ਇਹ ਫੈਸਲਾ ਲਿਆ ਗਿਆ ਹੈ। ਉਧਰ ਦੂਜੇ ਪਾਸੇ ਭਾਰਤ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਦੇ ਫਿਲਹਾਰ ਅਸਾਰ ਨਹੀਂ ਹਨ।

30 ਅਰਬ ਸਾਲ ਵਿਚ ਸਿਰਫ 1 ਸੈਕਿੰਡ ਦੀ ਹੋਵੇਗੀ ਗਲਤੀ
ਨਵੀਂ ਦਿੱਲੀ/ਬਿਊਰੋ ਨਿਊਜ਼
ਚੀਨ ਦੇ ਵਿਗਿਆਨਕਾਂ ਨੇ ਦੁਨੀਆ ਦੀ ਸਭ ਤੋਂ ਸਟੀਕ ਆਪਟੀਕਲ ਘੜੀਆਂ ਵਿਚੋਂ ਇਕ ਵਿਕਸਿਤ ਕੀਤੀ ਹੈ। ਇਹ ਘੜੀ ਏਨੀ ਸਟੀਕ ਹੈ ਕਿ ਕਰੀਬ 30 ਅਰਬ ਸਾਲ ਵਿਚ ਇਸ ਵਿਚ ਸਿਰਫ 1 ਸੈਕਿੰਡ ਦੀ ਗਲਤੀ ਹੋਵੇਗੀ। ਵਿਗਿਆਨਕਾਂ ਦਾ ਮੰਨਣਾ ਹੈ ਕਿ ਇਹ ਤਕਨੀਕ ਭਵਿੱਖ ਵਿਚ ਸਮੇਂ ਦੀ ਸਭ ਤੋਂ ਛੋਟੀ ਇਕਾਈ ‘ਸੈਕਿੰਡ’ ਦੀ ਨਵੀਂ ਪਰਿਭਾਸ਼ਾ ਤੈਅ ਕਰਨ ਵਿਚ ਮੱਦਦ ਕਰ ਸਕਦੀ ਹੈ। ਏਨੀ ਸਟੀਕ ਘੜੀ ਨਾਲ ਸੈਟੇਲਾਈਟ, ਨੈਵੀਗੇਸ਼ਨ, ਟੈਲੀਕੌਮ ਅਤੇ ਵਿਗਿਆਨਕ ਮਾਪ ਵਿਚ ਵੱਡੀ ਮੱਦਦ ਮਿਲ ਸਕਦੀ ਹੈ। ਵਿਗਿਆਨਕਾਂ ਦਾ ਮੰਨਣਾ ਹੈ ਕਿ ਜੇਕਰ ਦੁਨੀਆ ਦੀਆਂ ਵੱਖ-ਵੱਖ ਸੰਸਥਾਵਾਂ ਵਿਚ ਅਜਿਹੀਆਂ ਘੱਟ ਤੋਂ ਘੱਟ ਤਿੰਨ ਘੜੀਆਂ ਇਕੋ ਜਿਹੀ ਸਟੀਕਤਾ ਨਾਲ ਕੰਮ ਕਰਨ ਲੱਗ ਜਾਣ ਤਾਂ ਭਵਿੱਖ ਵਿਚ ਸੈਕਿੰਡ ਦੀ ਪਰਿਭਾਸ਼ਾ ਨੂੰ ਦੋਬਾਰਾ ਤੈਅ ਕੀਤਾ ਜਾ ਸਕਦਾ ਹੈ।

ਨਵੀਂ ਦਿੱਲੀ/ਬਿਊਰੋ ਨਿਊਜ਼
ਪੂਰਬੀ ਯੂਰਪ ਦਾ ਦੇਸ਼ ਪੋਲੈਂਡ ਇਸ ਸਮੇਂ ਆਪਣੀ ਸੁਰੱਖਿਆ ਨੂੰ ਲੈ ਕੇ ਗੰਭੀਰ ਰਣਨੀਤੀ ਤਿਆਰ ਕਰ ਰਿਹਾ ਹੈ। ਰੂਸ ਅਤੇ ਯੂਕਰੇਨ ਵਿਚਕਾਰ ਚੱਲ ਰਿਹਾ ਸੰਘਰਸ਼ ਹੁਣ ਚੌਥੇ ਸਾਲ ਵਿੱਚ ਦਾਖਲ ਹੋ ਚੁੱਕਾ ਹੈ। ਇਸਦਾ ਅਸਰ ਪੋਲੈਂਡ ਦੀ ਸੁਰੱਖਿਆ ਨੀਤੀ ’ਤੇ ਸਾਫ ਤੌਰ ’ਤੇ ਦਿਖਾਈ ਦੇ ਰਿਹਾ ਹੈ। ਇਸੇ ਕਾਰਨ ਪੋਲੈਂਡ ਹੁਣ ਆਪਣੇ ਰੱਖਿਆ ਬਜਟ ਨੂੰ ਦੋਗੁਣਾ ਕਰਨ ਦੀ ਤਿਆਰੀ ਕਰ ਰਿਹਾ ਹੈ। ਰਿਪੋਰਟਾਂ ਮੁਤਾਬਕ ਪੋਲੈਂਡ ਦਾ ਕੇਂਦਰੀ ਬੈਂਕ ਆਪਣੇ ਸੋਨੇ ਦੇ ਰਿਜ਼ਰਵ ਦਾ ਕੁਝ ਹਿੱਸਾ ਵੇਚ ਕੇ ਕਰੀਬ 13 ਅਰਬ ਡਾਲਰ ਇਕੱਠੇ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਹ ਮਤਾ ਪੋਲੈਂਡ ਦੇ ਕੇਂਦਰੀ ਬੈਂਕ ਦੇ ਗਵਰਨਰ ਐਡਮ ਗਲਾਪਿਨਸਕੀ ਵੱਲੋਂ ਦੇਸ਼ ਦੇ ਰਾਸ਼ਟਰਪਤੀ ਕਾਰੋਲ ਨਾਵਰੋਕੀ ਨਾਲ ਹੋਈ ਇਕ ਮੀਟਿੰਗ ਦੌਰਾਨ ਰੱਖਿਆ ਗਿਆ ਸੀ।

1 ਅਪ੍ਰੈਲ ਤੋਂ ਨਵਾਂ ਫਾਰਮ ਆਈ-129 ਹੋਵੇਗਾ ਲਾਗੂ
ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕਾ ਨੇ ਐਚ-1ਬੀ ਵੀਜ਼ਾ ਪ੍ਰਕਿਰਿਆ ਵਿਚ ਵੱਡਾ ਬਦਲਾਅ ਕੀਤਾ ਹੈ। ਹੁਣ ਲਾਭਪਾਤਰੀਆਂ ਦੀ ਚੋਣ ਰੈਂਡਮ ਲਾਟਰੀ ਦੀ ਬਜਾਏ ਵੇਤਨ ਦੇ ਅਧਾਰ ’ਤੇ ਹੋਵੇਗੀ। ਇਸਦੇ ਲਈ ਅਮਰੀਕੀ ਇਮੀਗਰੇਸ਼ਨ ਏਜੰਸੀ ਨੇ ਫਾਰਮ ਆਈ-129 ਦਾ ਨਵਾਂ ਸਿਸਟਮ ਬਣਾਇਆ ਹੈ, ਜਿਸ ਨੂੰ 1 ਅਪ੍ਰੈਲ 2026 ਤੋਂ ਲਾਜ਼ਮੀ ਕਰ ਦਿੱਤਾ ਜਾਵੇਗਾ। ਕੰਪਨੀਆਂ ਨੂੰ ਵਿਦੇਸ਼ੀ ਕਰਮਚਾਰੀਆਂ ਦੇ ਲਈ ਦਾਖਲ ਪਟੀਸ਼ਨ ਵਿਚ ਨੌਕਰੀ ਨਾਲ ਜੁੜੀ ਜਾਣਕਾਰੀ ਦੇਣੀ ਹੋਵੇਗੀ। ਇਸ ਤੋਂ ਪਹਿਲਾਂ ਦੀ ਤੁਲਣਾ ਵਿਚ ਜ਼ਿਆਦਾ ਅਨੁਭਵੀ ਅਤੇ ਹਾਈ ਸੈਲਰੀ ਲੈਣ ਵਾਲੇ ਪ੍ਰੋਫੈਸ਼ਨਲਜ਼ ਨੂੰ ਵੀਜ਼ਾ ਮਿਲਣ ਦੀਆਂ ਸੰਭਾਵਨਾਵਾਂ ਵਧ ਜਾਣਗੀਆਂ। ਨਵੇਂ ਸਿਸਟਮ ਵਿਚ ਬਿਨੇਕਾਰਾਂ ਨੂੰ ਚਾਰ ਵੇਤਨ ਪੱਧਰਾਂ ਵਿਚ ਵੰਡਿਆ ਜਾਵੇਗਾ। ਤਨਖਾਹ ਦਾ ਪੱਧਰ ਜਿੰਨਾ ਉਚਾ ਹੋਵੇਗਾ, ਚੋਣ ਪ੍ਰਕਿਰਿਆ ਵਿਚ ਅਹੁਦੇ ਲਈ ਓਨੇ ਹੀ ਜ਼ਿਆਦਾ ਮੌਕੇ ਹੋਣਗੇ। ਉਦਾਹਰਣ ਵਜੋਂ ਲੈਵਲ-4 ਦੇ ਉਮੀਦਵਾਰ ਨੂੰ ਚਾਰ ਮੌਕੇ ਮਿਲਣਗੇ, ਜਦੋਂ ਕਿ ਲੈਵਲ-1 ਨੂੰ ਸਿਰਫ ਇਕ ਮੌਕਾ ਹੀ ਮਿਲੇਗਾ। ਜ਼ਿਕਰਯੋਗ ਹੈ ਕਿ ਫਾਰਮ ਆਈ-129 ਦੀ ਵਰਤੋਂ ਅਸਥਾਈ ਕਾਮਿਆਂ ਨੂੰ ਅਮਰੀਕਾ ਬੁਲਾਉਣ ਦੇ ਲਈ ਕੀਤੀ ਜਾਂਦੀ ਹੈ।  

ਇਰਾਨ ਜੰਗ ਦਰਮਿਆਨ ਤੇਲ ਦੀ ਕਿੱਲਤ ਰੋਕਣ ਲਈ ਟਰੰਪ ਪ੍ਰਸ਼ਾਸਨ ਨੇ ਜਾਰੀ ਕੀਤਾ ਆਰਜ਼ੀ ਵੇਵਰ
ਨਿਊਯਾਰਕ/ਬਿਊਰੋ ਨਿਊਜ਼
ਇਰਾਨ ਨਾਲ ਵਧਦੇ ਟਕਰਾਅ ਦੇ ਮੱਦੇਨਜ਼ਰ, ਅਮਰੀਕਾ ਨੇ ਭਾਰਤੀ ਰਿਫਾਇਨਰੀਆਂ ਨੂੰ ਰੂਸੀ ਤੇਲ ਖਰੀਦਣ ਲਈ 30 ਦਿਨਾਂ ਦੀ ਆਰਜ਼ੀ ਛੋਟ ਦੇਣ ਦਾ ਐਲਾਨ ਕੀਤਾ ਹੈ। ਅਮਰੀਕੀ ਖਜ਼ਾਨਾ ਮੰਤਰੀ ਸਕੌਟ ਬੇਸੈਂਟ ਨੇ ਦੱਸਿਆ ਕਿ ਰਾਸ਼ਟਰਪਤੀ ਡੋਨਲਡ ਟਰੰਪ ਦੇ ਊਰਜਾ ਏਜੰਡੇ ਕਾਰਨ ਤੇਲ ਉਤਪਾਦਨ ਰਿਕਾਰਡ ਪੱਧਰ ’ਤੇ ਹੈ, ਪਰ ਗਲੋਬਲ ਮਾਰਕੀਟ ਵਿੱਚ ਤੇਲ ਦੀ ਸਪਲਾਈ ਨੂੰ ਨਿਰੰਤਰ ਜਾਰੀ ਰੱਖਣ ਲਈ ਇਹ ਕਦਮ ਚੁੱਕਿਆ ਗਿਆ ਹੈ। ਬੇਸੈਂਟ ਨੇ ਸਪੱਸ਼ਟ ਕੀਤਾ ਕਿ ਇਹ ਇੱਕ ਸੋਚਿਆ-ਸਮਝਿਆ ਕਦਮ ਹੈ, ਜਿਸ ਨਾਲ ਰੂਸ ਨੂੰ ਕੋਈ ਵੱਡਾ ਵਿੱਤੀ ਫਾਇਦਾ ਨਹੀਂ ਹੋਵੇਗਾ ਕਿਉਂਕਿ ਇਹ ਸਿਰਫ ਉਸ ਤੇਲ ਦੇ ਲੈਣ-ਦੇਣ ਲਈ ਹੈ, ਜੋ ਪਹਿਲਾਂ ਹੀ ਸਮੁੰਦਰੀ ਰਸਤੇ ਵਿੱਚ ਫਸਿਆ ਹੋਇਆ ਹੈ। ਅਮਰੀਕੀ ਪ੍ਰਸ਼ਾਸਨ ਨੇ ਭਾਰਤ ਨੂੰ ਇੱਕ ਮਹੱਤਵਪੂਰਨ ਸਾਂਝੇਦਾਰ ਦੱਸਦਿਆਂ ਉਮੀਦ ਜਤਾਈ ਹੈ ਕਿ ਨਵੀਂ ਦਿੱਲੀ ਆਉਣ ਵਾਲੇ ਸਮੇਂ ਵਿੱਚ ਅਮਰੀਕੀ ਤੇਲ ਦੀ ਖਰੀਦ ਵਿੱਚ ਵਾਧਾ ਕਰੇਗੀ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.