Sunday, 14 June 2026

ਨਵੀਂ ਦਿੱਲੀ/ਬਿਊਰੋ ਨਿਊਜ਼
ਮਿਡਲ ਈਸਟ ਵਿੱਚ ਚੱਲ ਰਹੀ ਤਣਾਅਪੂਰਨ ਸਥਿਤੀ ਦੇ ਦਰਮਿਆਨ ਰੂਸ ਭਾਰਤ ਨੂੰ ਕੱਚਾ ਤੇਲ ਸਪਲਾਈ ਕਰਨ ਲਈ ਤਿਆਰ ਹੋ ਗਿਆ ਹੈ। ਜਾਣਕਾਰੀ ਮੁਤਾਬਕ ਕਰੀਬ 95 ਲੱਖ ਬੈਰਲ ਰੂਸੀ ਕੱਚਾ ਤੇਲ ਭਾਰਤੀ ਜਲਖੇਤਰ ਦੇ ਨੇੜੇ ਜਹਾਜ਼ਾਂ ਵਿੱਚ ਮੌਜੂਦ ਹੈ ਅਤੇ ਇਹ ਕੁਝ ਹਫਤਿਆਂ ਵਿੱਚ ਭਾਰਤ ਪਹੁੰਚ ਸਕਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਦਯੋਗ ਨਾਲ ਜੁੜੇ ਇੱਕ ਸੂਤਰ ਦਾ ਕਹਿਣਾ ਸੀ ਕਿ ਇਹ ਤੇਲ ਜਲਦੀ ਹੀ ਭਾਰਤ ਪਹੁੰਚਾਇਆ ਜਾ ਸਕਦਾ ਹੈ, ਜਿਸ ਨਾਲ ਦੇਸ਼ ਦੀਆਂ ਰਿਫ਼ਾਈਨਰੀਆਂ ਨੂੰ ਤੁਰੰਤ ਰਾਹਤ ਮਿਲੇਗੀ। ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਵਿੱਚ ਭਾਰਤ ਕੋਲ ਕੱਚੇ ਤੇਲ ਦਾ ਭੰਡਾਰ ਕਰੀਬ 25 ਦਿਨਾਂ ਦੀ ਮੰਗ ਨੂੰ ਪੂਰਾ ਕਰਨ ਦੇ ਯੋਗ ਹੀ ਬਚਿਆ ਹੋਇਆ ਹੈ।  

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਹਮਲੇ ਨੂੰ ਸ਼ਾਂਤੀ ਲਈ ਦੱਸਿਆ ਜ਼ਰੂਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਵਿਰੁੱਧ ਜੰਗ ਹਫਤਿਆਂ ਵਿਚ ਖਤਮ ਹੋਣ ਦੀ ਉਮੀਦ ਜਤਾਈ ਹੈ, ਜਦੋਂ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਹਮਲ ਦੇ ਫੈਸਲੇ ਨੂੰ ਸਹੀ ਠਹਿਰਾਉਂਦਿਆਂ ਇਸ ਨੂੰ ਸਥਾਈ ਸ਼ਾਂਤੀ ਦਾ ਰਾਹ ਦੱਸਿਆ। ਨੇਤਨਯਾਹੂ ਨੇ ਇਰਾਨ ਵਿਰੁੱਧ ਜਾਰੀ ਜੰਗ ਬਾਰੇ ਅਹਿਮ ਬਿਆਨ ਦਿੰਦਿਆਂ ਦੱਸਿਆ ਕਿ ਭਾਵੇਂ ਇਸ ਸੰਘਰਸ਼ ਵਿਚ ਕੁਝ ਸਮਾਂ ਲੱਗ ਸਕਦਾ ਹੈ, ਪਰ ਇਹ ਕਈ ਸਾਲਾਂ ਤੱਕ ਚੱਲਣ ਵਾਲੀ ਨਹੀਂ ਹੋਵੇਗੀ। ਨੇਤਨਯਾਹੂ ਨੇ ਉਮੀਦ ਜਤਾਈ ਕਿ ਇਹ ਜੰਗ ਮੱਧ ਪੂਰਬ ਵਿਚ ਸਥਾਈ ਸ਼ਾਂਤੀ ਦਾ ਰਾਹ ਪੱਧਰਾ ਕਰੇਗੀ, ਜਿਸ ਵਿਚ ਇਜ਼ਰਾਈਲ ਅਤੇ ਸਾਊਦੀ ਅਰਬ ਦੇ ਸਬੰਧਾਂ ਵਿਚ ਸੁਧਾਰ ਵੀ ਸ਼ਾਮਲ ਹੈ। ਉਧਰ ਦੂਜੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੇਹੱਦ ਸਖਤ ਰੁਖ ਅਖਤਿਆਰ ਕਰ ਲਿਆ ਹੈ। ਟਰੰਪ ਨੇ ਕਿਹਾ ਕਿ ਅਮਰੀਕਾ ਆਪਣੇ ਉਦੇਸ਼ਾਂ ਦੀ ਪ੍ਰਾਪਤੀ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੈ। ਇਸਦੇ ਚੱਲਦਿਆਂ ਦੁਬਈ ਤੋਂ 149 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਨਵੀਂ ਦਿੱਲੀ ਪਹੁੰਚ ਗਿਆ ਹੈ। ਇਹ ਮੱਧ ਪੂਰਬ ਵਿਚ ਚੱਲ ਰਹੀ ਸਥਿਤੀ ਦੇ ਵਿਚਕਾਰ ਯਾਤਰੀਆਂ ਦੀ ਘਰ ਵਾਪਸੀ ਲਈ ਕਿਸੇ ਵੀ ਭਾਰਤੀ ਕੈਰੀਅਰ ਦੁਆਰਾ ਚਲਾਈ ਗਈ ਪਹਿਲੀ ਉਡਾਣ ਹੈ।


ਖਾਮੇਨੇਈ ਦੀ ਹੱਤਿਆ ਸਬੰਧੀ ਮੋਦੀ ਸਰਕਾਰ ਦੀ ਚੁੱਪ ’ਤੇ ਸੋਨੀਆ ਗਾਂਧੀ ਨੇ ਚੁੱਕੇ ਸਵਾਲ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਇਰਾਨ ਦੇ ਸੁਪਰੀਮ ਲੀਡਰ ਖਾਮੇਨੇਈ ਦੀ ਨਿਸ਼ਾਨਾ ਬਣਾ ਕੇ ਹੋਈ ਹੱਤਿਆ ਸਬੰਧੀ ਨਰਿੰਦਰ ਮੋਦੀ ਸਰਕਾਰ ਦੀ ਚੁੱਪ ’ਤੇ ਸਵਾਲ ਚੁੱਕੇ ਹਨ। ਜ਼ਿਕਰਯੋਗ ਹੈ ਕਿ ਖਾਮੇਨੇਈ ਦੀ ਪਿਛਲੇ ਦਿਨ ਅਮਰੀਕਾ ਅਤੇ ਇਜ਼ਰਾਈਲ ਵਲੋਂ ਕੀਤੇ ਗਏ ਨਿਸ਼ਾਨਾ ਹਮਲਿਆਂ ਵਿਚ ਹੱਤਿਆ ਕਰ ਦਿੱਤੀ ਗਈ ਸੀ।   ਸੋਨੀਆ ਗਾਂਧੀ ਨੇ ਕਿਹਾ ਕਿ ਸਰਕਾਰ ਦੀ ਚੁੱਪ ਨਿਰਪੱਖਤਾ ਨਹੀਂ, ਸਗੋਂ ਜ਼ਿੰਮੇਵਾਰੀ ਤੋਂ ਭੱਜਣਾ ਹੈ। ਸੋਨੀਆ ਗਾਂਧੀ ਨੇ ਕਿਹਾ ਕਿ ਇਹ ਭਾਰਤ ਦੀ ਵਿਦੇਸ਼ ਨੀਤੀ ਦੀ ਦਿਸ਼ਾ ਅਤੇ ਭਰੋਸੇਯੋਗਤਾ ’ਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਕਾਂਗਰਸ ਪਾਰਟੀ ਨੇ ਇਰਾਨੀ ਧਰਤੀ ’ਤੇ ਹੋਏ ਬੰਬ ਧਮਾਕਿਆਂ ਅਤੇ ਹੱਤਿਆਵਾਂ ਦੀ ਨਿੰਦਾ ਵੀ ਕੀਤੀ ਹੈ।

ਨਵੀਂ ਦਿੱਲੀ/ਬਿਊਰੋ ਨਿਊਜ਼
ਦੁਨੀਆ ਦੀ ਮਸ਼ਹੂਰ ਇਨਵੈਸਟਮੈਂਟ ਬੈਂਕਿੰਗ ਕੰਪਨੀ ਮੋਰਗਨ ਸਟੈਨਲੀ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਬੈਂਕ ਨੇ ਆਪਣੇ ਗਲੋਬਲ ਵਰਕਫੋਰਸ ਵਿਚੋਂ ਕਰੀਬ 2500 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਆਮ ਤੌਰ ’ਤੇ ਕੰਪਨੀਆਂ ਟੈਕਨੋਲੋਜੀ ਜਾਂ ਆਰਟੀਫ਼ੀਸ਼ਲ ਇੰਟੈਲੀਜੈਂਸ ਦੇ ਆਉਣ ਤੋਂ ਬਾਅਦ ਕਰਮਚਾਰੀਆਂ ਦੀ ਗਿਣਤੀ ਘਟਾਉਂਦੀਆਂ ਹਨ, ਪਰ ਮੋਰਗਨ ਸਟੈਨਲੀ ਨੇ ਇਹ ਫੈਸਲਾ ਕੰਪਨੀ ਦੀ ਬਿਜ਼ਨਸ ਰਣਨੀਤੀ ਅਤੇ ਵਿਅਕਤੀਗਤ ਪ੍ਰਦਰਸ਼ਨ ਦੇ ਆਧਾਰ ’ਤੇ ਲਿਆ ਗਿਆ ਹੈ। ਬੈਂਕ ਆਪਣੀ ਲੋਕੇਸ਼ਨ ਸਟ੍ਰੈਟੇਜੀ ਵਿੱਚ ਤਬਦੀਲੀ ਕਰ ਰਿਹਾ ਹੈ ਅਤੇ ਕੁਝ ਪੁਰਾਣੀਆਂ ਭੂਮਿਕਾਵਾਂ ਨੂੰ ਖਤਮ ਕਰਕੇ ਉਨ੍ਹਾਂ ਯੂਨਿਟਾਂ ਵਿੱਚ ਨਵੀਆਂ ਭਰਤੀਆਂ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜਿੱਥੇ ਵਿਕਾਸ ਦੀ ਸੰਭਾਵਨਾ ਵੱਧ ਹੈ।

ਨਵੀਂ ਦਿੱਲੀ ’ਚ ਦੋਵਾਂ ਪ੍ਰਧਾਨ ਮੰਤਰੀਆਂ ਨੇ ਸਾਂਝੀ ਪ੍ਰੈਸ ਕਾਨਫਰੰਸ ਨੂੰ ਕੀਤਾ ਸੰਬੋਧਨ
ਨਵੀਂ ਦਿੱਲੀ/ਬਿਊਰੋ ਨਿਊਜ਼  
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅੱਜ ਸੋਮਵਾਰ ਸਵੇਰੇ ਨਵੀਂ ਦਿੱਲੀ ’ਚ ਹੈਦਰਾਬਾਦ ਹਾਊਸ ਵਿਖੇ ਮੁਲਾਕਾਤ ਕੀਤੀ। ਇਸ ਤੋਂ ਬਾਅਦ ਇਕ ਸਾਂਝੀ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਅਤੇ ਕੈਨੇਡਾ ਵਿਚਕਾਰ ਨਿਵੇਸ਼ ਅਤੇ ਵਪਾਰ ਸਮਝੌਤੇ ’ਤੇ ਚਰਚਾ ਹੋਈ ਹੈ। ਦੋਵਾਂ ਦੇਸ਼ਾਂ ਵਿਚਕਾਰ ਕਈ ਖੇਤਰਾਂ ਨੂੰ ਕਵਰ ਕਰਨ ਵਾਲੇ ਸਮਝੌਤਿਆਂ ’ਤੇ ਦਸਤਖਤ ਕੀਤੇ ਗਏ ਹਨ। ਇਸ ਨਾਲ ਦੋਵਾਂ ਦੇਸ਼ਾਂ ਵਿਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਪੱਛਮੀ ਏਸ਼ੀਆ ਵਿਚ ਈਰਾਨ ਯੁੱਧ ਬਾਰੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਪੱਛਮੀ ਏਸ਼ੀਆ ਵਿਚ ਤਣਾਅ ਬਾਰੇ ਚਿੰਤਤ ਹੈ। ਭਾਰਤ ਦੁਨੀਆ ਵਿਚ ਸ਼ਾਂਤੀ ਅਤੇ ਸਥਿਰਤਾ ਚਾਹੁੰਦਾ ਹੈ ਅਤੇ ਹਰ ਸਮੱਸਿਆ ਦਾ ਹੱਲ ਗੱਲਬਾਤ ਰਾਹੀਂ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਿਵਲ ਪਰਮਾਣੂ ਊਰਜਾ ਵਿਚ, ਅਸੀਂ ਯੂਰੇਨੀਅਮ ਦੀ ਲੰਬੇ ਸਮੇਂ ਦੀ ਸਪਲਾਈ ਲਈ ਇਕ ਇਤਿਹਾਸਕ ਸਮਝੌਤੇ ’ਤੇ ਦਸਤਖਤ ਕੀਤੇ ਹਨ। ਉਨ੍ਹਾਂ ਕਿਹਾ ਕਿ ਭਾਰਤ-ਕੈਨੇਡਾ ਪਲਸ ਪ੍ਰੋਟੀਨ ਸੈਂਟਰ ਆਫ਼ ਐਕਸੀਲੈਂਸ ਭਾਰਤ ਵਿੱਚ ਸਥਾਪਿਤ ਕੀਤਾ ਜਾਵੇਗਾ।



ਭਾਰਤ-ਕੈਨੇਡਾ ਵੱਲੋਂ 50 ਬਿਲੀਅਨ ਡਾਲਰ ਦੇ ਵਪਾਰ ਦਾ ਟੀਚਾ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਜੇ. ਕਾਰਨੀ ਦੀ ਅਗਵਾਈ ਹੇਠ ਕੈਨੇਡਾ ਨਾਲ ਸਬੰਧਾਂ ਦੇ ਵਾਧੇ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ 2030 ਤੱਕ ਵਪਾਰ ਵਿੱਚ 50 ਬਿਲੀਅਨ ਅਮਰੀਕੀ ਡਾਲਰ ਨੂੰ ਛੂਹਣ ਦੇ ਟੀਚੇ ਨਾਲ ਆਪਣੇ ਆਰਥਿਕ ਸਹਿਯੋਗ ਨੂੰ ਹੋਰ ਡੂੰਘਾ ਕਰਨ ਦਾ ਇਰਾਦਾ ਰੱਖਦੇ ਹਨ। ਇਸ ਸਬੰਧ ਵਿੱਚ ਉਨ੍ਹਾਂ ਅੱਗੇ ਕਿਹਾ ਕਿ ਓਟਵਾ ਅਤੇ ਨਵੀਂ ਦਿੱਲੀ ਨੇ ਨੇੜਲੇ ਭਵਿੱਖ ਵਿੱਚ ਇੱਕ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਨੂੰ ਅੰਤਿਮ ਰੂਪ ਦੇਣ ਦਾ ਫੈਸਲਾ ਕੀਤਾ ਹੈ। ਪੀਐਮ ਮੋਦੀ ਨੇ ਮਾਰਕ ਕਾਰਨੀ ਦੀ ਭਾਰਤ ਯਾਤਰਾ ਨੂੰ ਇੱਕ ਮਹੱਤਵਪੂਰਨ ਮੀਲ ਪੱਥਰ ਦੱਸਿਆ। ਦੋਵਾਂ ਪ੍ਰਧਾਨ ਮੰਤਰੀਆਂ ਦੀ ਮੌਜੂਦਗੀ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਕਈ ਸਮਝੌਤਿਆਂ ਦਾ ਤਬਾਦਲਾ ਵੀ ਹੋਇਆ ਹੈ।

ਡੋਨਾਲਡ ਟਰੰਪ ਨੇ ਕਰ ਦਿੱਤਾ ਐਲਾਨ
ਵਾਸ਼ਿੰਗਟਨ/ਬਿਊਰੋ ਨਿਊਜ਼
ਵਿਸ਼ਵ ਦੀ ਰਾਜਨੀਤੀ ਵਿਚ ਇਕ ਵੱਡਾ ਭੂਚਾਲ ਆ ਗਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਪੇਨ ਦੇ ਖਿਲਾਫ ਸਭ ਤੋਂ ਸਖਤ ਰੁਖ ਅਖਤਿਆਰ ਕਰਦਿਆਂ ਐਲਾਨ ਕੀਤਾ ਹੈ ਕਿ ਅਮਰੀਕਾ ਹੁਣ ਸਪੇਨ ਨਾਲੋਂ ਸਾਰੇ ਵਪਾਰਕ ਰਿਸ਼ਤੇ ਖਤਮ ਕਰਨ ਜਾ ਰਿਹਾ ਹੈ। ਇਹ ਤਣਾਅ ਉਦੋਂ ਸਿਖਰ ’ਤੇ ਪਹੁੰਚ ਗਿਆ, ਜਦੋਂ ਸਪੇਨ ਦੀ ਸਮਾਜਵਾਦੀ ਸਰਕਾਰ ਨੇ ਇਰਾਨ ਵਿਰੁੱਧ ਜੰਗੀ ਮਿਸ਼ਨਾਂ ਲਈ ਅਮਰੀਕੀ ਫੌਜ ਨੂੰ ਆਪਣੇ ਫੌਜੀ ਠਿਕਾਣਿਆਂ ਦੀ ਵਰਤੋਂ ਕਰਨ ਤੋਂ ਸਾਫ ਮਨਾ ਕਰ ਦਿੱਤਾ। ਟਰੰਪ ਨੇ ਤਿੱਖੇ ਸ਼ਬਦਾਂ ਵਿਚ ਕਿਹਾ ਕਿ ਸਪੇਨ ਦਾ ਵਤੀਰਾ ਬਹੁਤ ਭਿਆਨਕ ਰਿਹਾ ਹੈ। ਉਨ੍ਹਾਂ ਨੇ ਖਜ਼ਾਨਾ ਸਕੱਤਰ ਸਕਾਟ ਬੇਸੈਂਟ ਨੂੰ ਨਿਰਦੇਸ਼ ਦਿੱਤੇ ਹਨ ਕਿ ਸਪੇਨ ਨਾਲ ਹਰ ਤਰ੍ਹਾਂ ਦੇ ਲੈਣ-ਦੇਣ ’ਤੇ ਰੋਕ ਲਗਾਈ ਜਾਵੇ। ਟਰੰਪ ਨੇ ਸਪੱਸ਼ਟ ਕੀਤਾ ਕਿ ਜੇਕਰ ਕੋਈ ਦੇਸ਼ ਮੁਸ਼ਕਲ ਸਮੇਂ ਦੌਰਾਨ ਅਮਰੀਕਾ ਦਾ ਸਾਥ ਨਹੀਂ ਦੇ ਸਕਦਾ ਤਾਂ ਅਮਰੀਕਾ ਉਸ ਨਾਲ ਕੋਈ ਵਪਾਰਕ ਸਾਂਝ ਨਹੀਂ ਰੱਖੇਗਾ।  

ਖਾੜੀ ਦੇਸ਼ਾਂ ਵਿਚ ਤਣਾਅ ਵਧਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕਾ ਅਤੇ ਇਜ਼ਰਾਈਲ ਨੇ ਇਰਾਨ ਦੇ ਕਈ ਟਿਕਾਣਿਆਂ ’ਤੇ ਬੰਬਾਰੀ ਕੀਤੀ ਹੈ, ਜਿਸ ਵਿਚ ਇਰਾਨ ਦੇ ਬੈਲਿਸਟਿਕ ਮਿਜ਼ਾਈਲ ਕੇਂਦਰਾਂ ਅਤੇ ਜੰਗੀ ਬੇੜਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇਰਾਨੀ ਆਗੂਆਂ ਅਨੁਸਾਰ, ਇਨ੍ਹਾਂ ਹਮਲਿਆਂ ਵਿਚ ਹੁਣ ਤੱਕ 200 ਤੋਂ ਵੱਧ ਜਾਨਾਂ ਜਾ ਚੁੱਕੀਆਂ ਹਨ। ਇਹ ਕਾਰਵਾਈ ਇਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੀ ਦੀ ਹੱਤਿਆ ਤੋਂ ਬਾਅਦ ਹੋਈ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਇਰਾਨ ਦੇ 9 ਜੰਗੀ ਬੇੜੇ ਡੁਬੋ ਦਿੱਤੇ ਗਏ ਹਨ। ਇਸਦੇ ਨਾਲ ਹੀ ਟਰੰਪ ਨੇ ਸੰਕੇਤ ਦਿੱਤਾ ਹੈ ਕਿ ਉਹ ਇਰਾਨ ਦੀ ਨਵੀਂ ਲੀਡਰਸ਼ਿਪ ਨਾਲ ਗੱਲਬਾਤ ਕਰਨ ਲਈ ਤਿਆਰ ਹਨ। ਇਹ ਸੰਘਰਸ਼ ਹੁਣ ਸਿਰਫ ਅਮਰੀਕਾ, ਇਜ਼ਰਾਈਲ ਅਤੇ ਇਰਾਨ ਤੱਕ ਸੀਮਤ ਨਹੀਂ ਰਿਹਾ। ਇਸਦੇ ਚੱਲਦਿਆਂ ਖਾੜੀ ਦੇਸ਼ਾਂ ਵਿਚ ਵੀ ਤਣਾਅ ਵਧ ਗਿਆ ਅਤੇ ਯੂਏਈ, ਕੁਵੈਤ ਅਤੇ ਬਹਿਰੀਨ ਵਿਚ ਵੀ ਇਰਾਨੀ ਮਿਜ਼ਾਈਲਾਂ ਡਿੱਗਣ ਕਾਰਨ ਨੁਕਸਾਨ ਹੋਇਆ ਹੈ। ਇਸੇ ਦੌਰਾਨ ਬਿ੍ਰਟੇਨ, ਫਰਾਂਸ ਅਤੇ ਜਰਮਨੀ ਵਰਗੀਆਂ ਯੂਰਪੀ ਸ਼ਕਤੀਆਂ ਨੇ ਵੀ ਅਮਰੀਕਾ ਦਾ ਸਾਥ ਦੇਣ ਦੀ ਪੇਸ਼ਕਸ਼ ਕੀਤੀ ਹੈ।


ਅਰਬ ਦੇਸ਼ਾਂ ’ਚ ਫਸੇ ਪੰਜਾਬੀਆਂ ਲਈ ਪੰਜਾਬ ਸਰਕਾਰ ਦੀ ਪਹਿਲ
ਮੁੱਖ ਮੰਤਰੀ ਭਗਵੰਤ ਮਾਨ ਨੇ ਜਾਰੀ ਕੀਤੇ ਹੈਲਪਲਾਈਨ ਨੰਬਰ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਪੋਸਟ ਸਾਂਝੀ ਕਰਕੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਰਬ ਦੇਸ਼ਾਂ ਵਿਚ ਲੜਾਈ ਲੱਗਣ ਕਰਕੇ ਬਹੁਤ ਸਾਰੇ ਪੰਜਾਬੀ ਨੌਜਵਾਨ ਇਨ੍ਹਾਂ ਮੁਲਕਾਂ ਵਿਚ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਐਨ.ਆਰ.ਆਈ. ਵਿੰਗ ਦੇ ਨੰਬਰ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜੇ ਕੋਈ ਖੁਦ ਜਾਂ ਉਨ੍ਹਾਂ ਦੇ ਪਰਿਵਾਰ ਦਾ ਮੈਂਬਰ ਇਨ੍ਹਾਂ ਮੁਲਕਾਂ ਵਿਚ ਫਸਿਆ ਹੈ ਤਾਂ ਉਹ ਤੁਰੰਤ ਸੰਪਰਕ ਕਰ ਸਕਦਾ ਹੈ। ਸੀਐਮ ਮਾਨ ਨੇ ਕਿਹਾ ਕਿ ਮੈਂ ਵਿਦੇਸ਼ ਮੰਤਰਾਲੇ ਨਾਲ ਸੰਪਰਕ ਵਿਚ ਹਾਂ ਅਤੇ ਅਸੀਂ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹਾਂ।

15 ਫੀਸਦੀ ਤੱਕ ਮਹਿੰਗੀਆਂ ਹੋ ਸਕਦੀਆਂ ਹਨ ਫਲਾਈਟ ਟਿਕਟਾਂ
ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕਾ ਅਤੇ ਈਰਾਨ ਵਿਚਕਾਰ ਜਾਰੀ ਜੰਗ ਪੱਛਮੀ ਏਸ਼ੀਆ ਸਮੇਤ ਪੂਰੀ ਦੁਨੀਆ ਲਈ ਪਰੇਸ਼ਾਨੀ ਦਾ ਕਾਰਨ ਬਣਦੀ ਜਾ ਰਹੀ ਹੈ। ਦਰਅਸਲ, ਇਸ ਯੁੱਧ ਦੇ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਉਛਾਲ ਆ ਰਿਹਾ ਹੈ ਅਤੇ ਇਹ ਮਹਿੰਗਾਈ ਵਧਣ ਦਾ ਸਭ ਤੋਂ ਵੱਡਾ ਕਾਰਨ ਹੋਵੇਗਾ। ਕੱਚੇ ਤੇਲ ਦੇ ਮਹਿੰਗੇ ਹੋਣ ਨਾਲ ਹਵਾਈ ਸਫਰ ਵੀ ਮਹਿੰਗਾ ਹੋ ਸਕਦਾ ਹੈ। ਕਿਉਂਕਿ ਗਲੋਬਲ ਆਇਲ ਦੀਆਂ ਵਧਦੀਆਂ ਕੀਮਤਾਂ ਦੇ ਚਲਦਿਆਂ ‘ਏਵੀਏਸ਼ਨ ਟਰਬਾਈਨ ਫਿਊਲ’ ਦੀ ਲਾਗਤ ਵਧ ਸਕਦੀ ਹੈ, ਜੋ ਏਅਰਲਾਈਨ ਕੰਪਨੀਆਂ ਲਈ ਸਭ ਤੋਂ ਵੱਡਾ ਖਰਚਾ ਹੈ। ਅਜਿਹੇ ਵਿੱਚ ਇਸਦਾ ਅਸਰ ਫਲਾਈਟ ਟਿਕਟਾਂ ਦੀਆਂ ਕੀਮਤਾਂ ’ਤੇ ਦੇਖਣ ਨੂੰ ਮਿਲ ਸਕਦਾ ਹੈ। ਜੇਕਰ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਛਾਲ ਜਾਰੀ ਰਹਿੰਦਾ ਹੈ ਤਾਂ ਭਾਰਤੀ ਏਅਰ ਲਾਈਨਾਂ ਨੂੰ ਲਾਗਤ ਦਾ ਕੁਝ ਹਿੱਸਾ ਯਾਤਰੀਆਂ ’ਤੇ ਪਾਉਣਾ ਪੈ ਸਕਦਾ ਹੈ, ਜਿਸ ਨਾਲ ਅੰਤਰਰਾਸ਼ਟਰੀ ਅਤੇ ਘਰੇਲੂ ਦੋਵਾਂ ਕਿਰਾਇਆਂ ਵਿੱਚ ਵਾਧਾ ਹੋ ਸਕਦਾ ਹੈ। ਇਸਦੇ ਚੱਲਦਿਆਂ ਘਰੇਲੂ ਹਵਾਈ ਕਿਰਾਏ ਵਿੱਚ ਕਰੀਬ 15 ਫੀਸਦੀ ਦਾ ਵਾਧਾ ਹੋ ਸਕਦਾ ਹੈ।

ਭਾਰਤੀ ਏਅਰਲਾਈਨਾਂ ਵੱਲੋਂ 300 ਤੋਂ ਜ਼ਿਆਦਾ ਉਡਾਣਾਂ ਰੱਦ
ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕਾ-ਇਜ਼ਰਾਇਲ ਅਤੇ ਈਰਾਨ ਵਿਚ ਵੱਧ ਰਹੇ ਸੈਨਿਕ ਤਣਾਅ ਦਾ ਅਸਰ ਹੁਣ ਗਲੋਬਲ ਹਵਾਈ ਯਾਤਰਾ ’ਤੇ ਸਾਫ਼ ਦਿਖਾਈ ਦੇ ਰਿਹਾ ਹੈ। ਮਿਡਲ ਈਸਟ ਵਿੱਚ ਜਾਰੀ ਸੰਘਰਸ਼ ਕਾਰਨ ਪੱਛਮੀ ਏਸ਼ੀਆ ਦੇ ਕਈ ਦੇਸ਼ਾਂ ਨੇ ਆਪਣਾ ਏਅਰਸਪੇਸ ਬੰਦ ਕਰ ਦਿੱਤਾ ਹੈ, ਜਿਸ ਕਰਕੇ ਦੁਨੀਆ ਭਰ ਵਿੱਚ 1,000 ਤੋਂ ਵੱਧ ਉਡਾਣਾਂ ਰੱਦ ਜਾਂ ਡਾਈਵਰਟ ਕਰਨੀ ਪਈਆਂ ਹਨ। ਲਗਾਤਾਰ ਤੀਜੇ ਦਿਨ ਏਅਰਲਾਈਨਾਂ ਨੂੰ ਆਪਣੇ ਰੂਟ ਬਦਲਣੇ ਪਏ ਹਨ, ਜਿਸ ਨਾਲ ਯਾਤਰੀਆਂ ਨੂੰ ਦੇਰੀ ਅਤੇ ਲੰਬੇ ਸਫ਼ਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਅੰਤਰਰਾਸ਼ਟਰੀ ਅਤੇ ਭਾਰਤੀ ਏਅਰਲਾਈਨਾਂ ਨੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ 300 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਹਨ। ਮਾਹਿਰਾਂ ਦੇ ਮੁਤਾਬਕ ਜੇਕਰ ਇਲਾਕੇ ਵਿੱਚ ਤਣਾਅ ਜਾਰੀ ਰਹਿੰਦਾ ਹੈ ਤਾਂ ਹਵਾਈ ਯਾਤਰਾ ’ਤੇ ਹੋਰ ਵੀ ਅਸਰ ਪੈ ਸਕਦਾ ਹੈ ਅਤੇ ਟਿਕਟ ਕੀਮਤਾਂ ਵਿੱਚ ਵੀ ਉਛਾਲ ਦੇਖਣ ਨੂੰ ਮਿਲ ਸਕਦਾ ਹੈ।  

ਭਾਰਤ ਨੂੰ ਹੋਣ ਵਾਲੀ ਸਪਲਾਈ ਵੀ ਹੋਣ ਲੱਗੀ ਪ੍ਰਭਾਵਿਤ
ਨਵੀਂ ਦਿੱਲੀ/ਬਿਊਰੋ ਨਿਊਜ਼
ਪੱਛਮੀ ਏਸ਼ੀਆ ਵਿਚ ਚੱਲ ਰਹੀ ਜੰਗ ਦੇ ਚੱਲਦਿਆਂ ਕਤਰ ਨੇ ਆਪਣੇ ਐਲ.ਐਨ.ਜੀ. ਪਲਾਂਟਾਂ ’ਤੇ ਹੋਏ ਹਮਲਿਆਂ ਤੋਂ ਬਾਅਦ ਗੈਸ ਦਾ ਉਤਪਾਦਨ ਬੰਦ ਕਰ ਦਿੱਤਾ ਹੈ। ਇਰਾਨ ਡਰੋਨ ਹਮਲਿਆਂ ਕਾਰਨ ਦੁਨੀਆਂ ਦੇ ਸਭ ਤੋਂ ਵੱਡੇ ਗੈਸ ਪਲਾਂਟ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਜਿਸ ਕਾਰਨ ਭਾਰਤ ਨੂੰ ਗੈਸ ਦੀ ਹੋਣ ਵਾਲੀ ਸਪਲਾਈ ਪ੍ਰਭਾਵਿਤ ਹੋਈ ਹੈ। ਸਮੁੰਦਰੀ ਰਸਤੇ ਵਿਚ ਖਤਰੇ ਕਾਰਨ ਭਾਰਤੀ ਜਹਾਜ਼ ਵੀ ਕਤਰ ਨਹੀਂ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਭਾਰਤ ਆਪਣੀ ਲੋੜ ਦੀ ਕਰੀਬ 40 ਫੀਸਦੀ ਗੈਸ ਕਤਰ ਤੋਂ ਮੰਗਵਾਉਂਦਾ ਹੈ। ਇਸਦੇ ਚੱਲਦਿਆਂ ਹੁੁਣ ਗੈਸ ਦੀਆਂ ਕੀਮਤਾਂ ਵੀ ਵਧਣ ਦਾ ਖਦਸ਼ਾ ਹੈ, ਜਿਸ ਨਾਲ ਸੀ.ਐਨ.ਜੀ. ਗੱਡੀਆਂ ਚਲਾਉਣ ਵਾਲਿਆਂ ਅਤੇ ਘਰ ਵਿਚ ਪਾਈਪ ਰਾਹੀਂ ਗੈਸ ਵਰਤਣ ਵਾਲੇ ਲੋਕਾਂ ’ਤੇ ਵਿੱਤੀ ਬੋਝ ਪੈ ਸਕਦਾ ਹੈ। ਜੰਗ ਦੇ ਮਾਹੌਲ ਦੇ ਚੱਲਦਿਆਂ ਸਾਊਦੀ ਅਰਬ ਦੀ ਤੇਲ ਕੰਪਨੀ ਅਰਾਮਕੋ ’ਤੇ ਵੀ ਫਿਰ ਤੋਂ ਡਰੋਨ ਹਮਲਾ ਹੋ ਗਿਆ ਹੈ ਅਤੇ ਇਹ ਦੁਨੀਆਂ ਦੀ ਸਭ ਤੋਂ ਵੱਡੀ ਤੇਲ ਕੰਪਨੀ ਦੱਸੀ ਜਾ ਰਹੀ ਹੈ।  

ਨਵੀਂ ਦਿੱਲੀ/ਬਿਊਰੋ ਨਿਊਜ਼
ਅਫਗਾਨਿਸਤਾਨ ਨੇ ਲੰਘੀ ਰਾਤ ਨੂੰ ਪਾਕਿਸਤਾਨ ’ਤੇ ਹਮਲਾ ਕਰ ਦਿੱਤਾ। ਮੀਡੀਆ ਰਿਪੋਰਟਾਂ ਮੁਤਾਬਕ ਅਫਗਾਨਿਸਤਾਨ ਦਾਅਵਾ ਕਰ ਰਿਹਾ ਹੈ ਕਿ ਇਸ ਹਮਲੇ ਵਿਚ ਪਾਕਿਸਤਾਨ ਦੇ 55 ਫੌਜੀ ਮਾਰੇ ਗਏ ਹਨ। ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਤਾਲਿਬਾਨੀ ਲੜਾਕਿਆਂ ਨੇ ਪਾਕਿਸਤਾਨ ਦਾ ਇਕ ਲੜਾਕੂ ਜਹਾਜ਼ ਵੀ ਡੇਗ ਲਿਆ ਹੈ। ਇਸੇ ਦੌਰਾਨ ਅਫਗਾਨਿਸਤਾਨ ਸਰਕਾਰ ਦਾ ਦਾਅਵਾ ਹੈ ਕਿ 23 ਪਾਕਿਸਤਾਨੀ ਫੌਜੀਆਂ ਦੀਆਂ ਮਿ੍ਰਤਕ ਦੇਹਾਂ ਉਨ੍ਹਾਂ ਕੋਲ ਹਨ। ਪਾਕਿਸਤਾਨੀ ਫੌਜੀਆਂ ਦੇ ਇਕ ਹੈਡ ਕੁਆਰਟਰ ਅਤੇ 19 ਚੌਕੀਆਂ ’ਤੇ ਵੀ ਕਬਜ਼ਾ ਕਰਨ ਦੀ ਗੱਲ ਕਹੀ ਗਈ ਹੈ। ਉਧਰ ਦੂਜੇ ਪਾਸੇ ਪਾਕਿਸਤਾਨੀ ਮੀਡੀਆ ਦੇ ਮੁਤਾਬਕ ਜਵਾਬੀ ਕਾਰਵਾਈ ਕਰਦੇ ਹੋਏ ਪਾਕਿਸਤਾਨ ਦੀ ਸਰਕਾਰ ਵਲੋਂ ਅਪਰੇਸ਼ਨ ‘ਗਜਬ ਲਿਲ ਹੱਕ’ ਸ਼ੁਰੂ ਕੀਤਾ ਗਿਆ ਹੈ। ਪਾਕਿਸਤਾਨ ਦੀ ਹਵਾਈ ਫੌਜ ਨੇ ਕਾਬੁਲ, ਨੰਗਰਹਾਰ ਸੂਬੇ ਸਣੇ ਕਈ ਹੋਰ ਸ਼ਹਿਰਾਂ  ’ਚ ਏਅਰ ਸਟਰਾਈਕ ਕੀਤੀ ਹੈ। ਇਸੇ ਦੌਰਾਨ ਪਾਕਿਸਤਾਨ ਵਲੋਂ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਸੀਂ ਹੁਣ ਤੱਕ 133 ਅਫਗਾਨ ਲੜਾਕਿਆਂ ਨੂੰ ਮਾਰ ਦਿੱਤਾ ਹੈ ਅਤੇ ਕਈ ਜ਼ਖ਼ਮੀ ਵੀ ਹਨ।

ਨੌਜਵਾਨਾਂ ਦੀ ਬਗਾਵਤ ਦੇ ਇਕ ਸਾਲ ਮਗਰੋਂ ਪੈਣਗੀਆਂ ਵੋਟਾਂ
ਕਾਠਮੰਡੂ/ਬਿਊਰੋ ਨਿਊਜ਼
ਨੇਪਾਲ ਵਿਚ ਭਲਕੇ ਵੀਰਵਾਰ ਨੂੰ ਸੰਸਦੀ ਚੋਣਾਂ ਹੋਣੀਆਂ ਹਨ। ਨੌਜਵਾਨਾਂ (ਜੈੱਨ ਜ਼ੀ) ਦੀ ਅਗਵਾਈ ਹੇਠ ਇਕ ਸਾਲ ਪਹਿਲਾਂ ਹੋਈ ਬਗਾਵਤ ਮਗਰੋਂ ਨੇਪਾਲ ’ਚ ਵੋਟਾਂ ਪੈਣੀਆਂ ਹਨ। ਚੋਣ ਕਮਿਸ਼ਨ ਮੁਤਾਬਕ ਨੇਪਾਲ ’ਚ ਕਰੀਬ 1 ਕਰੋੜ 90 ਲੱਖ ਰਜਿਸਟਰਡ ਵੋਟਰ ਹਨ ਜਿਨ੍ਹਾਂ ’ਚੋਂ ਕਰੀਬ 9 ਲੱਖ 24 ਹਜ਼ਾਰ ਔਰਤਾਂ ਹਨ। ਨਵੰਬਰ 2022 ’ਚ ਹੋਈਆਂ ਸੰਸਦੀ ਚੋਣਾਂ ਮਗਰੋਂ ਰਜਿਸਟਰਡ ਵੋਟਰਾਂ ਦੀ ਗਿਣਤੀ ਕਰੀਬ 10 ਲੱਖ ਵਧ ਗਈ ਹੈ। ਚੋਣ ਪ੍ਰਚਾਰ ਦੌਰਾਨ ਸਿਆਸੀ ਪਾਰਟੀਆਂ ਨੇ ਨੌਜਵਾਨ ਵੋਟਰਾਂ ਨੂੰ ਭਰਮਾਉਣ ਲਈ ਕਈ ਵਾਅਦੇ ਕੀਤੇ ਹਨ, ਜਿਨ੍ਹਾਂ ’ਚ ਭਿ੍ਰਸ਼ਟਾਚਾਰ ’ਤੇ ਨੱਥ ਪਾਉਣ, ਸਰਕਾਰ ਦੇ ਕੰਮਕਾਜ ’ਚ ਸੁਧਾਰ ਆਦਿ ਮੁੱਦੇ ਸ਼ਾਮਲ ਹਨ। ਸੰਸਦ ਦੇ ਤਾਕਤਵਰ ਹੇਠਲੇ ਸਦਨ ਪ੍ਰਤੀਨਿਧ ਸਭਾ ਲਈ ਵੋਟਰ 165 ਮੈਂਬਰਾਂ ਦੀ ਸਿੱਧੇ ਤੌਰ ’ਤੇ ਚੋਣ ਕਰਨਗੇ; ਬਾਕੀ 110 ਸੀਟਾਂ ਪਾਰਟੀਆਂ ਦੇ ਜੇਤੂ ਉਮੀਦਵਾਰਾਂ ਦੀ ਗਿਣਤੀ ਦੇ ਆਧਾਰ ’ਤੇ ਨਾਮਜ਼ਦਗੀ ਰਾਹੀਂ ਭਰੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਨੇਪਾਲ ’ਚ ਬੀਤੇ ਦੋ ਦਹਾਕਿਆਂ ’ਚ ਗੱਠਜੋੜ ਸਰਕਾਰਾਂ ਹੀ ਕਾਇਮ ਹੁੰਦੀਆਂ ਆਈਆਂ ਹਨ। ਨੇਪਾਲ ’ਚ ਚੋਣਾਂ ਦੇ ਮੱਦੇਨਜ਼ਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਤੇ ਦੇਸ਼ ਅੰਦਰ ਵੱਡੀ ਗਿਣਤੀ ’ਚ ਸੁਰੱਖਿਆ ਕਰਮੀ ਤਾਇਨਾਤ ਕੀਤੇ ਗਏ ਹਨ।

ਪਰਵਾਸ ਵਿਰੋਧੀ ਪ੍ਰਦਰਸ਼ਨਾਂ ਨੇ ਭਾਰਤੀਆਂ ਦੀ ਚਿੰਤਾ ਵਧਾਈ
ਬਿ੍ਰਸਬਨ/ਬਿਊਰੋ ਨਿਊਜ਼
ਆਸਟਰੇਲੀਆ ਵਿੱਚ ਵਧ ਰਹੇ ਨਸਲਵਾਦ ਅਤੇ ਪਰਵਾਸ ਵਿਰੋਧੀ ਪ੍ਰਦਰਸ਼ਨਾਂ ਨੇ ਭਾਰਤੀ, ਖਾਸਕਰ ਕੇ ਪੰਜਾਬੀ ਭਾਈਚਾਰੇ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ। ਨਿਊਜ਼ੀਲੈਂਡ ਦੇ ਜੰਮਪਲ ਕੱਟੜ ਸੱਜੇ ਪੱਖੀ ਕਾਰਕੁਨ ਥਾਮਸ ਸੇਵਲ ਨੇ ਹਾਲ ਹੀ ਵਿੱਚ ਭੜਕਾਊ ਇੰਟਰਵਿਊ ਦੌਰਾਨ ਕਿਹਾ ਸੀ ਕਿ ਇਹ ਗੋਰਿਆਂ ਦਾ ਦੇਸ਼ ਹੈ ਅਤੇ ਭਾਰਤੀਆਂ ਨੂੰ ਦੇਸ਼ ਛੱਡਣਾ ਚਾਹੀਦਾ ਹੈ। ਦੱਸਣਯੋਗ ਹੈ ਕਿ ਉਹ ‘ਮਾਰਚ ਫਾਰ ਆਸਟਰੇਲੀਆ’ ਨਾਂ ਦੇ ਪਰਵਾਸ ਵਿਰੋਧੀ ਮੁਜ਼ਾਹਰਿਆਂ ਵਿੱਚ ਵੀ ਹਾਜ਼ਰ ਰਿਹਾ, ਜਿਸ ਵਿਚ ਹਜ਼ਾਰਾਂ ਵਿਅਕਤੀ ਸ਼ਾਮਲ ਹੋਏ ਅਤੇ ਕੁਝ ਥਾਵਾਂ ’ਤੇ ਹਿੰਸਾ ਵੀ ਦੇਖਣ ਨੂੰ ਮਿਲੀ। ਹੁਣ ਭਾਰਤੀ ਅਤੇ ਖਾਸਕਰ ਪੰਜਾਬੀ ਭਾਈਚਾਰੇ ਨੇ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਈ ਹੈ। ਭਾਰਤੀ ਹਾਈ ਕਮਿਸ਼ਨ ਅਤੇ ਭਾਈਚਾਰੇ ਦੇ ਪ੍ਰਤੀਨਿਧੀਆਂ ਨੇ ਵੀ ਇਸ ਮਾਮਲੇ ’ਤੇ ਨਜ਼ਰ ਰੱਖੀ ਹੋਈ ਹੈ ਅਤੇ ਲੋਕਾਂ ਨੂੰ ਚੌਕਸ ਰਹਿਣ ਤੇ ਅਧਿਕਾਰੀਆਂ ਨੂੰ ਰਿਪੋਰਟ ਕਰਨ ਦੀ ਸਲਾਹ ਦਿੱਤੀ ਹੈ।  

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.