Sunday, 14 June 2026

ਨਵੀਂ ਦਿੱਲੀ/ਬਿਊਰੋ ਨਿਊਜ਼

ਸੰਯੁਕਤ ਰਾਜ ਅਮਰੀਕਾ ਵਿੱਚ ਕੰਮ ਕਰਨ ਦਾ ਸੁਪਨਾ ਦੇਖਣ ਵਾਲੇ ਸਾਫਟਵੇਅਰ ਪੇਸ਼ੇਵਰਾਂ ਨੂੰ ਧਿਆਨ ਦੇਣ ਦੀ ਲੋੜ ਹੈ ਕਿ ਉੱਥੇ ਵੀਜ਼ਾ ਫੀਸ ਵਿੱਚ ਵੱਡਾ ਵਾਧਾ ਹੋਣ ਜਾ ਰਿਹਾ ਹੈ। ਇਸ ਦਾ ਸਿੱਧਾ ਅਸਰ ਭਾਰਤ ਦੀਆਂ ਵੱਡੀਆਂ ਆਈਟੀ ਕੰਪਨੀਆਂ ’ਤੇ ਪਵੇਗਾ। ਮੂਡੀਜ਼ ਰੇਟਿੰਗਜ਼ ਮੁਤਾਬਕ, ਇਸ ਵਾਧੇ ਕਾਰਨ ਇਨ੍ਹਾਂ ਕੰਪਨੀਆਂ ਦਾ ਖਰਚਾ 100 ਮਿਲੀਅਨ ਡਾਲਰ ਤੋਂ 250 ਮਿਲੀਅਨ ਡਾਲਰ ਤੱਕ ਵਧ ਸਕਦਾ ਹੈ। ਅਮਰੀਕਾ ਦੇ ਐਚ-1ਬੀ ਵੀਜ਼ਾ ਦੀ ਵਧੀ ਹੋਈ ਫੀਸ ਅਗਲੇ ਮਹੀਨੇ, ਯਾਨੀ ਮਾਰਚ 2026 ਤੋਂ ਲਾਗੂ ਹੋ ਜਾਵੇਗੀ। ਮੂਡੀਜ਼ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਨਾਲ ਭਾਰਤ ਦੇ ਸਰਵਿਸ ਸੈਕਟਰ ਦੇ ਨਿਰਯਾਤ ਦੀ ਗਤੀ ਹੌਲੀ ਹੋ ਸਕਦੀ ਹੈ ਅਤੇ ਸਾਫਟਵੇਅਰ ਨਿਰਯਾਤਕਾਂ ਦੀ ਓਪਰੇਸ਼ਨਲ ਲਾਗਤ ਵਧ ਜਾਵੇਗੀ।

ਸ੍ਰੀਲੰਕਾ ਦੇ ਰਾਸ਼ਟਰਪਤੀ ਨਾਲ ਗੱਲਬਾਤ ਤੋਂ ਬਾਅਦ ਮੰਨੀ ਪਾਕਿ ਸਰਕਾਰ
ਨਵੀਂ ਦਿੱਲੀ/ਬਿਊਰੋ ਨਿਊਜ਼
ਟੀ-20 ਕ੍ਰਿਕਟ ਵਿਸ਼ਵ ਕੱਪ ਦੌਰਾਨ ਆਉਂਦੀ 15 ਫਰਵਰੀ ਨੂੰ ਸ੍ਰੀਲੰਕਾ ਵਿਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੁਕਾਬਲਾ ਹੋਵੇਗਾ। ਪਾਕਿਸਤਾਨ ਸਰਕਾਰ ਨੇ ਆਪਣੇ ਐਕਸ ਅਕਾਊਂਟ ’ਤੇ ਪੋਸਟ ਕਰਕੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਇਸ ਪੋਸਟ ਵਿਚ ਦੱਸਿਆ ਗਿਆ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਸ੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰਾ ਨੇ ਫੋਨ ਕਰਕੇ ਭਾਰਤੀ ਟੀਮ ਨਾਲ ਕ੍ਰਿਕਟ ਮੈਚ ਖੇਡਣ ਲਈ ਕਿਹਾ ਸੀ। ਇਸ ਤੋਂ ਇਲਾਵਾ ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਪ੍ਰਧਾਨ ਅਮੀਨੁਲ ਇਸਲਾਮ ਨੇ ਵੀ ਪਾਕਿਸਤਾਨ ਕ੍ਰਿਕਟ ਬੋਰਡ ਨਾਲ ਮੁਕਾਬਲਾ ਖੇਡਣ ਦੀ ਸਿਫਾਰਸ਼ ਕੀਤੀ ਸੀ। ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਨੂੰ ਟੀ-20 ਕ੍ਰਿਕਟ ਵਰਲਡ ਕੱਪ ਵਿਚੋਂ ਬਾਹਰ ਕੀਤੇ ਜਾਣ ਦੇ ਵਿਰੋਧ ਵਿਚ ਪਾਕਿਸਤਾਨ ਨੇ ਭਾਰਤ ਦੇ ਖਿਲਾਫ ਮੈਚ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਸੀ। ਹਾਲਾਂਕਿ ਉਸ ਨੇ ਟੂਰਨਾਮੈਂਟ ਦੇ ਬਾਕੀ ਮੁਕਾਬਲੇ ਖੇਡਣ ’ਤੇ ਸਹਿਮਤੀ ਪ੍ਰਗਟਾ ਦਿੱਤੀ ਸੀ। ਦੱਸਣਯੋਗ ਹੈ ਕਿ ਟੀ-20 ਕ੍ਰਿਕਟ ਵਿਸ਼ਵ ਕੱਪ ਦੇ ਮੈਚ ਲੰਘੀ 7 ਫਰਵਰੀ ਤੋਂ ਸ਼ੁਰੂ ਹੋ ਚੁੱਕੇ ਹਨ ਅਤੇ 8 ਮਾਰਚ ਨੂੰ ਫਾਈਨਲ ਮੈਚ ਖੇਡਿਆ ਜਾਵੇਗਾ। ਇਹ ਮੈਚ  ਭਾਰਤ ਅਤੇ ਸ੍ਰੀਲੰਕਾ ਵਿਚ ਖੇਡੇ ਜਾਣੇ ਹਨ।  

10 ਕਰੋੜ ਤੋਂ ਜ਼ਿਆਦਾ ਉਪਭੋਗਤਾ ਹੋਏ ਪ੍ਰਭਾਵਿਤ

ਨਵੀਂ ਦਿੱਲੀ/ਬਿਊਰੋ ਨਿਊਜ਼

ਰੂਸ ਦੀ ਵਲਾਦੀਮੀਰ ਪੂਤਿਨ ਸਰਕਾਰ ਨੇ ਦੇਸ਼ ਵਿਚ ਡਿਜ਼ੀਟਲ ਸੁਰੱਖਿਆ ਅਤੇ ਸਥਾਨਕ ਤਕਨਾਲੋਜੀ ਨੂੰ ਉਤਸ਼ਾਹਿਤ ਕਰਨ ਦੇ ਨਾਮ ’ਤੇ ਵਟਸਐਪ, ਇੰਸਟਾਗ੍ਰਾਮ ਅਤੇ ਯੂਟਿਊਬ ਵਰਗੇ ਵੱਡੇ ਵਿਦੇਸ਼ੀ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਇਸ ਫੈਸਲੇ ਨੇ ਕਰੀਬ 10 ਕਰੋੜ ਰੂਸੀ ਉਪਭੋਗਤਾਵਾਂ ਦੇ ਖਾਤਿਆਂ ਨੂੰ ਪ੍ਰਭਾਵਿਤ ਕੀਤਾ ਹੈ। ਇਨ੍ਹਾਂ ਨੂੰ ਹੁਣ ਇਨ੍ਹਾਂ ਸੇਵਾਵਾਂ ਤੱਕ ਪਹੁੰਚਣ ਵਿਚ ਮੁਸ਼ਕਲ ਆ ਰਹੀ ਹੈ, ਕਿਉਂਕਿ ਇਨ੍ਹਾਂ ਦੇ ਡੋਮੇਨ ਨੂੰ ਰਾਸ਼ਟਰੀ ਡੋਮੇਨ ਨੇ ਸਿਸਟਮ ਤੋਂ ਹਟਾ ਦਿੱਤਾ ਹੈ। ਰੂਸ ਦੀ ਸਰਕਾਰ ਦਾ ਮੁੱਖ ਉਦੇਸ਼ ਨਿੱਜੀ ਡੇਟਾ ਦੀ ਸੁਰੱਖਿਆ ਕਰਨਾ ਅਤੇ ਵਿਦੇਸ਼ੀ ਕੰਪਨੀਆਂ ਦੇ ਪ੍ਰਭਾਵ ਨੂੰ ਘਟਾਉਣਾ ਹੈ, ਜਿਸਦੇ ਬਦਲ ਵਜੋਂ ਰੂਸ ਨੇ ਆਪਣਾ ਸਥਾਨਕ ਸੋਸ਼ਲ ਨੈਟ ਵਰਕਿੰਗ ਐਪ ‘ਮੈਕਸ’ ਲਾਂਚ ਕੀਤਾ ਹੈ। ਇਹ ਨਵੀਂ ਐਪ ਸਵਦੇਸ਼ੀ ਤਕਨਾਲੋਜੀ ’ਤੇ ਅਧਾਰਿਤ ਹੈ ਅਤੇ ਇਸ ਨੂੰ ਵਧੇਰੇ ਸੁਰੱਖਿਅਤ ਦੱਸਿਆ ਜਾ ਰਿਹਾ ਹੈ, ਹਾਲਾਂਕਿ ਆਲੋਚਕ ਇਸ ਨੂੰ ਸਰਕਾਰੀ ਨਿਗਰਾਨੀ ਦਾ ਇਕ ਸਾਧਨ ਮੰਨ ਰਹੇ ਹਨ। 

ਕਿਹਾ : ਮੈਂ ਕਦੇ ਐਪਸਟੀਨ ਦੀ ਪਾਰਟੀ ਵਿਚ ਨਹੀਂ ਗਿਆ
ਚੰਡੀਗੜ੍ਹ/ਬਿਊੁਰੋ ਨਿਊਜ਼  
ਟੈਸਲਾ ਦੇ ਮਾਲਕ ਐਲਨ ਮਸਕ ਵੱਲੋਂ ਜੈਫਰੀ ਐਪਸਟੀਨ ਦੀ ਕਿਸੇ ਵੀ ਪਾਰਟੀ ਵਿੱਚ ਸ਼ਾਮਲ ਨਾ ਹੋਣ ਦੇ ਕੀਤੇ ਗਏ ਦਾਅਵਿਆਂ ’ਤੇ ਹੁਣ ਸਵਾਲ ਖੜ੍ਹੇ ਹੋ ਗਏ ਹਨ। ਹਾਲ ਹੀ ਵਿੱਚ ਜਾਰੀ ਹੋਈਆਂ ਐਪਸਟੀਨ ਨਾਲ ਸਬੰਧਤ ਫਾਈਲਾਂ ਵਿੱਚ ਇੱਕ ਅਜਿਹੀ ਤਸਵੀਰ ਸਾਹਮਣੇ ਆਈ ਸੀ ਜਿਸ ਵਿੱਚ ਐਲਨ ਮਸਕ ਅਤੇ ਮੇਟਾ (ਫੇਸਬੁੱਕ) ਦੇ ਸੀਈਓ ਮਾਰਕ ਜ਼ਕਰਬਰਗ ਸਾਲ 2015 ਵਿੱਚ ਕੈਲੀਫੋਰਨੀਆ ਵਿੱਚ ਇੱਕ ਰਾਤ ਦੀ ਪਾਰਟੀ ਵਿਚ ਇਕੱਠੇ ਬੈਠੇ ਦਿਖਾਈ ਦੇ ਰਹੇ ਸਨ। ਇਹ ਤਸਵੀਰ ਖ਼ੁਦ ਐਪਸਟੀਨ ਨੇ ਖਿੱਚੀ ਸੀ ਅਤੇ ਉਸ ਨੇ ਨਿੱਜੀ ਈਮੇਲਾਂ ਵਿੱਚ ਇਸ ਪਾਰਟੀ ਨੂੰ ਵਾਈਲਡ ਪਾਰਟੀ ਦੱਸਿਆ ਸੀ। ਮੀਡੀਆ ਰਿਪੋਰਟਾਂ ਅਨੁਸਾਰ ਇਹ ਪਾਰਟੀ 3 ਅਗਸਤ 2015 ਨੂੰ ਹੋਈ ਸੀ, ਜੋ ਕਿ ਐਪਸਟੀਨ ਨੂੰ ਨਾਬਾਲਗਾਂ ਦੀ ਤਸਕਰੀ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਕਈ ਸਾਲਾਂ ਬਾਅਦ ਦੀ ਹੈ। ਐਪਸਟੀਨ ਨੇ ਆਪਣੇ ਕੁਝ ਖ਼ਾਸ ਦੋਸਤਾਂ ਨੂੰ ਭੇਜੀਆਂ ਈਮੇਲਾਂ ਵਿੱਚ ਲਿਖਿਆ ਸੀ ਕਿ ਉਸਨੇ ਮਸਕ, ਜ਼ਕਰਬਰਗ, ਪੀਟਰ ਥੀਲ ਅਤੇ ਰੀਡ ਹਾਫਮੈਨ ਵਰਗੀਆਂ ਦਿੱਗਜ਼ ਹਸਤੀਆਂ ਨਾਲ ਡਿਨਰ ਕੀਤਾ ਹੈ।

ਅਗਲੇ ਪੰਜ ਸਾਲਾਂ ’ਚ ਭਾਰਤ ਅਮਰੀਕਾ ਤੋਂ ਖਰੀਦੇਗਾ 500 ਅਰਬ ਡਾਲਰ ਦਾ ਸਮਾਨ

ਵਾਸ਼ਿੰਗਟਨ/ਬਿਊਰੋ ਨਿਊਜ਼ 

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਨਾਲ ਹੋਏ ਤਾਜ਼ਾ ਵਪਾਰਕ ਸਮਝੌਤੇ ਨੂੰ ਇਤਿਹਾਸਕ ਕਰਾਰ ਦਿੱਤਾ ਹੈ। ‘ਚੈਂਪੀਅਨ ਆਫ ਕੋਲ’ ਪ੍ਰੋਗਰਾਮ ਦੌਰਾਨ ਬੋਲਦਿਆਂ ਟਰੰਪ ਨੇ ਐਲਾਨ ਕੀਤਾ ਕਿ ਇਸ ਡੀਲ ਤਹਿਤ ਅਮਰੀਕਾ ਤੋਂ ਭਾਰਤ ਨੂੰ ਕੋਲੇ ਦੀ ਬਰਾਮਦ ਵਿਚ ਭਾਰੀ ਵਾਧਾ ਕੀਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਅਮਰੀਕੀ ਕੋਲਾ ਦੁਨੀਆ ਵਿਚ ਸਭ ਤੋਂ ਉਤਮ ਹੈ ਅਤੇ ਹੁਣ ਭਾਰਤ ਵਰਗੇ ਵੱਡੇ ਬਜ਼ਾਰ ਇਸਦੀ ਵਰਤੋਂ ਕਰਨਗੇ। ਇਸ ਸਮਝੌਤੇ ਦੇ ਫਰੇਮਵਰਕ ਮੁਤਾਬਕ, ਭਾਰਤ ਅਗਲੇ ਪੰਜ ਸਾਲਾਂ ’ਚ ਅਮਰੀਕਾ ਤੋਂ 500 ਅਰਬ ਡਾਲਰ ਦੇ ਊਰਜਾ ਉਤਪਾਦ, ਹਵਾਈ ਜਹਾਜ਼, ਕੀਮਤੀ ਧਾਤਾਂ ਅਤੇ ਤਕਨਾਲੋਜੀ ਦਾ ਸਮਾਨ ਖਰੀਦਣ ਦੀ ਤਿਆਰੀ ਵਿਚ ਹੈ। ਇਸ ਅੰਤਰਿਮ ਸਮਝੌਤੇ ਤਹਿਤ ਭਾਰਤ ਅਮਰੀਕੀ ਉਦਯੋਗਿਕ ਵਸਤੂਆਂ ਅਤੇ ਖੇਤੀਬਾੜੀ ਉਤਪਾਦਾਂ ’ਤੇ ਲੱਗਣ ਵਾਲੀਆਂ ਦਰਾਮਦ ਡਿਊਟੀਆਂ ਨੂੰ ਜਾਂ ਤਾਂ ਖਤਮ ਕਰ ਦੇਵੇਗਾ ਜਾਂ ਕਾਫੀ ਹੱਦ ਤੱਕ ਘਟਾ ਦੇਵੇਗਾ। 

ਕਾਰੋਬਾਰੀਆਂ ਨੂੰ 40 ਹਜ਼ਾਰ ਕਰੋੜ ਰੁਪਏ ਦੀ ਮਿਲੇਗੀ ਰਾਹਤ

ਨਵੀਂ ਦਿੱਲੀ/ਬਿਊਰੋ ਨਿਊਜ਼

ਅਮਰੀਕਾ ਨਾਲ ਹੋਈ ਟਰੇਡ ਡੀਲ ਵਿਚ ਭਾਰਤ ਨੂੰ ਇਕ ਵੱਡੀ ਰਾਹਤ ਮਿਲੀ ਹੈ। ਅਮਰੀਕੀ ਪ੍ਰਸ਼ਾਸ਼ਨ ਨੇ ਨਾ ਸਿਰਫ ਟੈਰਿਫ ਦਰ ਨੂੰ 50 ਫੀਸਦੀ ਘਟਾ ਕੇ 18 ਫੀਸਦੀ ਕਰ ਦਿੱਤਾ, ਬਲਕਿ ਰੂਸ ਤੋਂ ਤੇਲ ਇਮਪੋਰਟ ਦੇ ਕਾਰਨ ਪੈਨਲਟੀ ਦੇ ਰੂਪ ਵਿਚ ਲਗਾਏ 25 ਫੀਸਦੀ ਟੈਰਿਫ ਨੂੰ ਵਾਪਸ ਕਰਨ ਦਾ ਵੀ ਫੈਸਲਾ ਲਿਆ ਹੈ। ਇਸ ਫੈਸਲੇ ਨਾਲ ਭਾਰਤੀ ਕਾਰੋਬਾਰੀਆਂ ਨੂੰ 40 ਹਜ਼ਾਰ ਕਰੋੜ ਰੁਪਏ ਦੀ ਰਾਹਤ ਮਿਲਣ ਦੀ ਉਮੀਦ ਹੈ। ਵਾਈਟ ਹਾਊਸ ਤੋਂ ਜਾਰੀ ਹੋਈ ਜਾਣਕਾਰੀ ਮੁਤਾਬਕ 27 ਅਗਸਤ 2025 ਤੋਂ ਲੈ ਕੇ 6 ਫਰਵਰੀ 2026 ਦੇ ਵਿਚਕਾਰ ਅਮਰੀਕਾ ਵਲੋਂ ਕੀਤੇ ਗਏ ਜਿਹੜੇ ਇਮਪੋਰਟ ’ਤੇ ਇਹ ਪੈਨਲਟੀ ਲੱਗੀ ਸੀ, ਉਹ ਰਿਫੰਡ ਕਰ ਦਿੱਤੀ ਜਾਵੇਗੀ। ਇਹ ਰਿਫੰਡ ਅਮਰੀਕਾ ਦੇ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਕਾਨੂੰਨ ਦੇ ਤਹਿਤ ਜਾਰੀ ਕੀਤਾ ਜਾਵੇਗਾ। ਭਾਰਤੀ ਨਿਵੇਸ਼ਕਾਂ ਨੂੰ ਕਿੰਨਾ ਰਿਫੰਡ ਮਿਲੇਗਾ, ਇਹ ਅਜੇ ਤੱਕ ਤੈਅ ਨਹੀਂ ਹੋਇਆ ਹੈ। 

 

ਕਿਹਾ : ਅਮਰੀਕਾ ਨੇ ਪਾਕਿਸਤਾਨ ਨੂੰ ‘ਟਾਇਲਟ ਪੇਪਰ’ ਵਾਂਗ ਵਰਤਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਆਸਿਫ ਨੇ ਸਵੀਕਾਰ ਕੀਤਾ ਹੈ ਕਿ ਦੇਸ਼ ਨੇ ਅਤੀਤ ਵਿਚ ਖਾਸ ਕਰਕੇ ਅਫਗਾਨ ਜੰਗਾਂ ਦੌਰਾਨ ਸੰਯੁਕਤ ਰਾਜ ਅਮਰੀਕਾ ਦੇ ਨਾਲ ਖੜ੍ਹੇ ਹੋ ਕੇ ਗੰਭੀਰ ਗਲਤੀਆਂ ਕੀਤੀਆਂ ਹਨ। ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿਚ ਬੋਲਦਿਆਂ ਆਸਿਫ ਨੇ ਕਿਹਾ ਹੈ ਕਿ ਅਮਰੀਕਾ ਨੇ ਪਾਕਿਸਤਾਨ ਨੂੰ ਆਪਣੀਆਂ ਰਣਨੀਤਕ ਲੋੜਾਂ ਲਈ ਵਰਤਿਆ ਅਤੇ ਆਪਣੇ ਟੀਚੇ ਹਾਸਲ ਕਰਨ ਤੋਂ ਬਾਅਦ ਉਸ ਨੂੰ ਬੇਸਹਾਰਾ ਛੱਡ ਦਿੱਤਾ। ਪਾਕਿਸਤਾਨ ਦੇ ਰੱਖਿਆ ਮੰਤਰੀ ਆਸਿਫ ਨੇ ਕਿਹਾ ਹੈ ਕਿ ਪਾਕਿਸਤਾਨ ਨਾਲ ‘ਟਾਇਲਟ ਪੇਪਰ ਦੇ ਟੁਕੜੇ ਨਾਲੋਂ ਵੀ ਮਾੜਾ’ ਸਲੂਕ ਕੀਤਾ ਗਿਆ। ਉਨ੍ਹਾਂ ਨੇ ਦੋ ਅਫਗਾਨ ਜੰਗਾਂ ਵਿਚ ਪਾਕਿਸਤਾਨ ਦੀ ਸ਼ਮੂਲੀਅਤ ਨੂੰ ਇਕ ਗਲਤੀ ਦੱਸਿਆ। ਆਸਿਫ ਨੇ ਇਲਜ਼ਾਮ ਲਗਾਇਆ ਕਿ ਅਮਰੀਕਾ ਨੇ ਪਾਕਿਸਤਾਨ ਨੂੰ ਆਪਣੀਆਂ ਰਣਨੀਤਕ ਲੋੜਾਂ ਲਈ ਵਰਤਿਆ ਅਤੇ ਆਪਣੇ ਟੀਚੇ ਹਾਸਲ ਕਰਨ ਤੋਂ ਬਾਅਦ ਉਸ ਨੂੰ ਬੇਸਹਾਰਾ ਛੱਡ ਦਿੱਤਾ।

ਕਿਹਾ- ਰੂਸੀ ਤੇਲ ਦੀ ਖਰੀਦ ਦੋਵਾਂ ਦੇਸ਼ਾਂ ਦੇ ਹਿੱਤ ਵਿੱਚ
ਮਾਸਕੋ/ਬਿਊਰੋ ਨਿਊਜ਼
ਰੂਸ ਨੇ ਸਪੱਸ਼ਟ ਕੀਤਾ ਕਿ ਭਾਰਤ ਆਪਣੀਆਂ ਤੇਲ ਲੋੜਾਂ ਲਈ ਕਿਸੇ ਵੀ ਸਪਲਾਇਰ ਦੀ ਚੋਣ ਕਰਨ ਲਈ ਪੂਰੀ ਤਰ੍ਹਾਂ ਆਜ਼ਾਦ ਹੈ ਅਤੇ ਇਸ ਵਿੱਚ ਕੁਝ ਵੀ ਨਵਾਂ ਨਹੀਂ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਦਾਅਵਾ ਕੀਤਾ ਗਿਆ ਸੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸੀ ਤੇਲ ਛੱਡ ਕੇ ਅਮਰੀਕਾ ਤੋਂ ਤੇਲ ਖਰੀਦਣ ਲਈ ਸਹਿਮਤ ਹੋ ਗਏ ਸਨ। ਹੁਣ ਟਰੰਪ ਦੇ ਦਾਅਵੇ ’ਤੇ ਕ੍ਰੈਮਲਿਨ ਦੇ ਬੁਲਾਰੇ ਦਿਮਿਤਰੀ ਪੈੱਸਕੋਵ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਪੈਸੋਕੋਵ ਨੇ ਕਿਹਾ ਹੈ ਕਿ ਰੂਸ ਭਾਰਤ ਲਈ ਤੇਲ ਦਾ ਇਕਲੌਤਾ ਸਰੋਤ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਭਾਰਤ ਹਮੇਸ਼ਾ ਹੋਰਨਾਂ ਦੇਸ਼ਾਂ ਤੋਂ ਤੇਲ ਖਰੀਦਦਾ ਰਿਹਾ ਹੈ, ਇਸ ਲਈ ਸਪਲਾਇਰਾਂ ਵਿੱਚ ਵਿਭਿੰਨਤਾ ਲਿਆਉਣਾ ਇੱਕ ਆਮ ਪ੍ਰਕਿਰਿਆ ਹੈ। ਇਸੇ ਦੌਰਾਨ ਊਰਜਾ ਮਾਹਿਰਾਂ ਦਾ ਮੰਨਣਾ ਹੈ ਕਿ ਭਾਰਤ ਲਈ ਰੂਸੀ ਤੇਲ ਦੀ ਦਰਾਮਦ ਨੂੰ ਪੂਰੀ ਤਰ੍ਹਾਂ ਬੰਦ ਕਰਨਾ ਤਕਨੀਕੀ ਤੌਰ ’ਤੇ ਸੰਭਵ ਨਹੀਂ ਹੈ। ਰੂਸ ਦੇ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਭਾਰਤ ਵੱਲੋਂ ਤੇਲ ਖਰੀਦ ਬੰਦ ਕਰਨ ਬਾਰੇ ਅਜੇ ਤੱਕ ਕੋਈ ਅਧਿਕਾਰਤ ਸੂਚਨਾ ਨਹੀਂ ਮਿਲੀ।

ਦਾਲ ਅਤੇ 500 ਅਰਬ ਡਾਲਰ ਦੀ ਖਰੀਦ ਵੀ ਜ਼ਰੂਰੀ ਨਹੀਂ

ਵਾਸ਼ਿੰਗਟਨ/ਬਿਊਰੋ ਨਿਊਜ਼ 

ਅਮਰੀਕਾ ਨੇ ਭਾਰਤ ਦੇ ਨਾਲ ਹੋਈ ਹਾਲੀਆ ਟਰੇਡ ਡੀਲ ’ਤੇ ਜਾਰੀ ਆਪਣੀ ਫੈਕਟ ਸ਼ੀਟ ਵਿਚ ਕਈ ਵੱਡੇ ਬਦਲਾਅ ਕੀਤੇ ਹਨ। ਪਹਿਲਾਂ ਜਿਨ੍ਹਾਂ ਗੱਲਾਂ ਦਾ ਸਾਫ ਜ਼ਿਕਰ ਸੀ, ਹੁਣ ਉਨ੍ਹਾਂ ਨੂੰ ਜਾਂ ਤਾਂ ਹਟਾ ਦਿੱਤਾ ਗਿਆ ਹੈ ਜਾਂ ਉਨ੍ਹਾਂ ਦੀ ਭਾਸ਼ਾ ਬਦਲੀ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਦੋਵਾਂ ਦੇਸ਼ਾਂ ਨੇ ਟਰੇਡ ਡੀਲ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਵਾਈਟ ਹਾਊਸ ਨੇ ਇਕ ਫੈਕਟ ਸ਼ੀਟ ਜਾਰੀ ਕਰਕੇ ਭਵਿੱਖ ਦੀ ਰੂਪ-ਰੇਖਾ ਦੱਸੀ ਸੀ, ਪਰ ਹੁਣ ਉਸੇ ਦਸਤਾਵੇਜ਼ ਦਾ ਨਵਾਂ ਵਰਜਨ ਜਾਰੀ ਹੋਇਆ ਹੈ। ਸਭ ਤੋਂ ਵੱਡਾ ਬਦਲਾਅ ਦਾਲ ਨੂੰ ਲੈ ਕੇ ਹੈ। ਪਹਿਲਾਂ ਕਿਹਾ ਗਿਆ ਸੀ ਕਿ ਭਾਰਤ ਅਮਰੀਕੀ ਉਦਯੋਗਿਕ ਅਤੇ ਖੇਤੀ ਉਤਪਾਦਾਂ ’ਤੇ ਟੈਰਿਫ ਘੱਟ ਜਾਂ ਖਤਮ ਕਰੇਗਾ, ਜਿਸ ਵਿਚ ਦਾਲ ਵੀ ਸ਼ਾਮਲ ਸੀ। ਹੁਣ ਨਵੇਂ ਦਸਤਾਵੇਜ਼ ਤੋਂ ਦਾਲ ਦਾ ਜ਼ਿਕਰ ਹਟਾ ਲਿਆ ਗਿਆ ਹੈ। ਇਸੇ ਤਰ੍ਹਾਂ 500 ਅਰਬ ਡਾਲਰ ਦੀ ਖਰੀਦ ਨੂੰ ਲੈ ਕੇ ਵੀ ਭਾਸ਼ਾ ਬਦਲੀ ਗਈ ਹੈ। ਪਹਿਲਾਂ ਲਿਖਿਆ ਸੀ ਕਿ ਭਾਰਤ, ਅਮਰੀਕਾ ਤੋਂ 500 ਅਰਬ ਡਾਲਰ ਦਾ ਸਮਾਨ ਖਰੀਦਣ ਲਈ ‘ਕਮਿਟਿਡ’ ਹੈ। ਹੁਣ ਇਸ ਨੂੰ ਬਦਲ ਕੇ ‘ਇਰਾਦਾ ਰੱਖਦਾ ਹੈ’ ਕਰ ਦਿੱਤਾ ਗਿਆ ਹੈ। 

ਸਿੱਖ ਜਰਨੈਲ ਦਾ ਬੁੱਤ ਸਥਾਪਤ ਹੋਣ ਦਾ ਸਿੱਖ ਜਥੇਬੰਦੀਆਂ ਵੱਲੋਂ ਸਵਾਗਤ

ਚੰਡੀਗੜ੍ਹ/ਬਿਊਰੋ ਨਿਊਜ਼

ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਲਾਂਘੇ ਦੀ ਆਰਟ ਗੈਲਰੀ ਵਿੱਚ ਮਹਾਨ ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਦਾ ਬੁੱਤ ਸਥਾਪਤ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਤੋਂ ਤਿੰਨ ਸਾਲ ਪਹਿਲਾਂ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਤੋਂ ਹਰੀ ਸਿੰਘ ਨਲੂਆ ਦਾ ਬੁੱਤ ਹਟਾ ਦਿੱਤਾ ਗਿਆ ਸੀ ਤੇ ਇਸ ਵਾਰ ਕਰਤਾਰਪੁਰ ਲਾਂਘੇ ’ਤੇ ਸਿੱਖ ਜਰਨੈਲ ਦਾ ਬੁੱਤ ਸਥਾਪਤ ਕਰਨ ਨਾਲ ਪਾਕਿ ਨੇ ਆਪਣੀ ਗਲਤੀ ਸੁਧਾਰਨ ਵੱਲ ਕਦਮ ਚੁੱਕਿਆ ਹੈ। ਇਸ ਕਦਮ ਨੂੰ ਦੁਨੀਆ ਭਰ ਦੇ ਸਿੱਖ ਸੰਗਠਨਾਂ ਵਲੋਂ ਸਿੱਖ ਇਤਿਹਾਸ ਅਤੇ ਵਿਰਾਸਤ ਨੂੰ ਮਾਨਤਾ ਦੇਣ ਵੱਲ ਇੱਕ ਸਕਾਰਾਤਮਕ ਕਦਮ ਵਜੋਂ ਦੇਖਿਆ ਜਾ ਰਿਹਾ ਹੈ। ਇਸ ਬੁੱਤ ਦਾ ਉਦਘਾਟਨ ਲੰਘੀ 1 ਫਰਵਰੀ ਨੂੰ ਕੀਤਾ ਗਿਆ ਹੈ। 

ਭਾਰਤ-ਪਾਕਿਤਸਾਨ ਵਿਚਾਲੇ ਮੈਚ ਦੇਖਣ ਲਈ ਲੋਕਾਂ ’ਚ ਉਤਸ਼ਾਹ
ਨਵੀਂ ਦਿੱਲੀ/ਬਿਊਰੋ ਨਿਊਜ਼
ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਵਿੱਚ 15 ਫਰਵਰੀ ਨੂੰ ਭਾਰਤ-ਪਾਕਿਸਤਾਨ ਟੀ-20 ਵਿਸ਼ਵ ਕੱਪ ਦਾ ਮੁਕਾਬਲਾ ਹੋਵੇਗਾ। ਇਸ ਮੁਕਾਬਲੇ ਨੇ ਕਿ੍ਰਕਟ ਪ੍ਰੇਮੀਆਂ ਵਿੱਚ ਭਾਰੀ ਉਤਸ਼ਾਹ ਪੈਦਾ ਕਰ ਦਿੱਤਾ ਹੈ। ਪਾਕਿਸਤਾਨ ਸਰਕਾਰ ਵੱਲੋਂ ਮੈਚ ਦੇ ਬਾਈਕਾਟ ਦਾ ਫੈਸਲਾ ਵਾਪਸ ਲੈਣ ਤੋਂ ਤੁਰੰਤ ਬਾਅਦ ਹਵਾਈ ਕਿਰਾਇਆਂ ਵਿੱਚ ਜ਼ਬਰਦਸਤ ਉਛਾਲ ਦੇਖਣ ਨੂੰ ਮਿਲਿਆ ਹੈ। ਮੁੰਬਈ ਤੋਂ ਕੋਲੰਬੋ ਦੀ ਆਉਣ-ਜਾਣ ਵਾਲੀ ਉਡਾਣ ਦਾ ਕਿਰਾਇਆ 10 ਹਜ਼ਾਰ ਰੁਪਏ ਤੱਕ ਵਧ ਗਿਆ ਹੈ ਅਤੇ ਹੁਣ ਪ੍ਰਤੀ ਵਿਅਕਤੀ ਰਾਊਂਡ ਟਿ੍ਰਪ ਦਾ ਖ਼ਰਚਾ ਕਰੀਬ 60 ਹਜ਼ਾਰ ਰੁਪਏ ਤੱਕ ਪਹੁੰਚ ਗਿਆ ਹੈ। ਕਿ੍ਰਕਟ ਪ੍ਰਸ਼ੰਸਕ ਇਸ ਹਾਈ-ਪ੍ਰੋਫਾਈਲ ਮੈਚ ਨੂੰ ਦੇਖਣ ਲਈ ਟਿਕਟਾਂ ਅਤੇ ਫਲਾਈਟਾਂ ਬੁੱਕ ਕਰਨ ਲਈ ਕਾਹਲੀ ਦਿਖਾ ਰਹੇ ਹਨ, ਜਿਸ ਕਾਰਨ ਇਹ ਮੰਗ ਵਧ ਗਈ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਫਲਾਈਟ ਟਿਕਟਾਂ ਦੀਆਂ ਕੀਮਤਾਂ ਹਾਲੇ ਹੋਰ ਵਧਣ ਦੀ ਸੰਭਾਵਨਾ ਹੈ ਕਿਉਂਕਿ ਮੈਚ ਦੇ ਦਿਨ ਨੇੜੇ ਆ ਰਹੇ ਹਨ ਅਤੇ ਸੀਟਾਂ ਤੇਜ਼ੀ ਨਾਲ ਭਰ ਰਹੀਆਂ ਹਨ।

ਟਰੰਪ ਦਾ ਦਾਅਵਾ : ਰੂਸ ਤੋਂ ਤੇਲ ਨਹੀਂ ਖਰੀਦੇਗਾ ਭਾਰਤ

ਵਾਸ਼ਿੰਗਟਨ/ਬਿਊਰੋ ਨਿਊਜ਼ 

ਭਾਰਤ ਅਤੇ ਅਮਰੀਕਾ ਵਿਚਾਲੇ ਲੰਬੇ ਸਮੇਂ ਤੋਂ ਜਿਸ ਟਰੇਡ ਡੀਲ ਦਾ ਇੰਤਜ਼ਾਰ ਸੀ, ਉਸ ਡੀਲ ਲਈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਵੀ ਕਰ ਦਿੱਤਾ ਹੈ। ਟਰੰਪ ਨੇ ਕਿਹਾ ਕਿ ਅਮਰੀਕਾ ਨੇ ਭਾਰਤ ’ਤੇ ਟੈਰਿਫ 50 ਫੀਸਦੀ ਤੋਂ ਘਟਾ ਕੇ 18 ਫੀਸਦੀ ਕਰ ਦਿੱਤਾ ਹੈ। ਧਿਆਨ ਰਹੇ ਕਿ ਪਿਛਲੇ ਸਾਲ ਟਰੰਪ ਨੇ ਭਾਰਤ ’ਤੇ 25 ਫੀਸਦੀ ਰੈਸੀਪ੍ਰੋਕਲ ਟੈਰਿਫ ਲਗਾਇਆ ਸੀ ਅਤੇ ਫਿਰ ਰੂਸ ਤੋਂ ਤੇਲ ਖਰੀਦਣ ਦੇ ਕਾਰਨ ਭਾਰਤ ’ਤੇ 25 ਫੀਸਦੀ ਹੋਰ ਟੈਰਿਫ ਦਾ ਐਲਾਨ ਕੀਤਾ ਸੀ। ਇਸ ਨਾਲ ਭਾਰਤ ’ਤੇ ਕੁੱਲ ਟੈਰਿਫ 50 ਫੀਸਦੀ ਹੋ ਗਿਆ ਸੀ। ਹੁਣ ਵਾਈਟ ਹਾਊਸ ਦੇ ਇਕ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਭਾਰਤ ’ਤੇ ਸਿਰਫ 18 ਫੀਸਦੀ ਟੈਰਿਫ ਹੀ ਲੱਗੇਗਾ। ਅਮਰੀਕਾ, ਰੂਸੀ ਤੇਲ ਖਰੀਦਣ ਦੇ ਕਾਰਨ ਭਾਰਤ ’ਤੇ ਲੱਗਾ 25 ਫੀਸਦੀ ਟੈਰਿਫ ਬੰਦ ਕਰ ਦੇਵੇਗਾ। ਮੀਡੀਆ ਤੋਂ ਇਹ ਜਾਣਕਾਰੀ ਵੀ ਮਿਲੀ ਹੈ ਕਿ ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ’ਤੇ ਗੱਲਬਾਤ ਵੀ ਕੀਤੀ ਹੈ। ਇਸ ਤੋਂ ਬਾਅਦ ਟਰੰਪ ਨੇ ਸ਼ੋਸ਼ਲ ਮੀਡੀਆ ਪਲੇਟਫਾਰਮ ‘ਟੁਥ ਸ਼ੋਸ਼ਲ’ ’ਤੇ ਟਰੇਡ  ਡੀਲ ਦਾ ਐਲਾਨ ਕਰ ਦਿੱਤਾ। ਟਰੰਪ ਨੇ ਦਾਅਵਾ ਕੀਤਾ ਹੈ ਕਿ ਨਰਿੰਦਰ ਮੋਦੀ ਰੂਸ ਤੋਂ ਤੇਲ ਦੀ ਖਰੀਦ ਬੰਦ ਕਰਨ ਅਤੇ ਅਮਰੀਕਾ ਤੋਂ ਜ਼ਿਆਦਾ ਤੇਲ ਖਰੀਦਣ ’ਤੇ ਰਾਜ਼ੀ ਹੋ ਗਏ ਹਨ।

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.