Sunday, 14 June 2026

ਕਿਹਾ : ਅਮਰੀਕਾ ਦੀ ਗੱਲ ਨਾ ਮੰਨੀ ਤਾਂ ਮਾਦੁਰੋ ਤੋਂ ਵੀ ਬੁਰਾ ਹਾਲ ਹੋਵੇਗਾ

ਵਾਸ਼ਿੰਗਟਨ/ਬਿਊਰੋ ਨਿਊਜ਼ 

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੈਨਜੂਏਲਾ ਦੀ ਅੰਤਰਿਮ ਰਾਸ਼ਟਰਪਤੀ ਡੈਲਸੀ ਰੌਡਰਿਗਜ਼ ਨੂੰ ਵੀ ਧਮਕੀ ਦਿੱਤੀ ਹੈ। ਟਰੰਪ ਨੇ ਕਿਹਾ ਕਿ ਜੇਕਰ ਉਨ੍ਹਾਂ ਨੇ ਅਮਰੀਕਾ ਦੇ ਹੁਕਮਾਂ ਦੀ ਪਾਲਣਾ ਨਾ ਕੀਤੀ ਤਾਂ ਉਨ੍ਹਾਂ ਦਾ ਹਸ਼ਰ ਰਾਸ਼ਟਰਪਤੀ ਨਿਕੋਲਸ ਮਾਦੁਰੋ ਤੋਂ ਵੀ ਬੁਰਾ ਹੋਵੇਗਾ। ਅਮਰੀਕੀ ਰਾਸ਼ਟਰਪਤੀ ਨੇ ਇਹ ਗੱਲ ਇਕ ਮੈਗਜ਼ੀਨ ਨੂੰ ਦਿੱਤੀ ਇੰਟਰਵਿਊ ਦੌਰਾਨ ਕਹੀ ਹੈ। ਇਸ ਤੋਂ ਇਕ ਦਿਨ ਪਹਿਲਾਂ ਟਰੰਪ ਨੇ ਕਿਹਾ ਸੀ ਕਿ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਡੈਲਸੀ ਨਾਲ ਗੱਲਬਾਤ ਕੀਤੀ ਹੈ ਤੇ ਉਹ ਵੈਨਜੂਏਲਾ ਵਾਸੀਆਂ ਦੀ ਹਾਲਤ ਸੁਧਾਰਨ ਲਈ ਅਮਰੀਕਾ ਅਨੁਸਾਰ ਕੰਮ ਕਰਨ ਲਈ ਤਿਆਰ ਹੈ। ਪਰ ਇਸ ਤੋਂ ਬਾਅਦ ਹੀ ਅੰਤਰਿਮ ਰਾਸ਼ਟਰਪਤੀ ਡੈਲਸੀ ਨੇ ਟੀਵੀ ਤੋਂ ਸੰਬੋਧਨ ਕਰਦਿਆਂ ਕਿਹਾ ਸੀ ਕਿ ਵੈਨਜੂਏਲਾ ਦਾ ਰਾਸ਼ਟਰਪਤੀ ਨਿਕੋਲਸ ਮਾਦੁਰੋ ਹੀ ਹੈ ਅਤੇ ਉਨ੍ਹਾਂ ਅਮਰੀਕਾ ਵਲੋਂ ਨਿਕੋਲਸ ਨੂੰ ਗਿ੍ਰਫਤਾਰ ਕਰਨ ਦੀ ਵੀ ਨਿਖੇਧੀ ਕੀਤੀ ਸੀ। ਇਸੇ ਦੌਰਾਨ ਟਰੰਪ ਨੇ ਇਹ ਵੀ ਕਿਹਾ ਕਿ ਜੇ ਡੈਲਸੀ ਅਮਰੀਕਾ ਅਨੁਸਾਰ ਕੰਮ ਕਰੇਗੀ ਤਾਂ ਵੈਨਜੂਏਲਾ ਵਿਚ ਅਮਰੀਕੀ ਫੌਜੀ ਤਾਇਨਾਤ ਨਹੀਂ ਕੀਤੇ ਜਾਣਗੇ। ਦੱਸਣਯੋਗ ਹੈ ਕਿ ਵੈਨਜੂਏਲਾ ’ਤੇ ਹਮਲਾ ਕਰਕੇ ਉਥੋਂ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਗਿ੍ਰਫਤਾਰ ਕਰ ਲਿਆ ਸੀ। ਟਰੰਪ ਨੇ ਇਲਜ਼ਾਮ ਲਾਇਆ ਕਿ ਨਿਕੋਲਸ ਨੇ ਜੇਲ੍ਹਾਂ ਦੇ ਕੈਦੀਆਂ ਅਤੇ ਡਰੱਗ ਮਾਫੀਆ ਨੂੰ ਦੇਸ਼ ਤੋਂ ਬਾਹਰ ਭੇਜਿਆ, ਜੋ ਮੁਆਫੀਯੋਗ ਨਹੀਂ ਹੈ। ਇਸ ਕਰਕੇ ਹੀ ਅਮਰੀਕਾ ਨੇ ਫੌਜੀ ਕਾਰਵਾਈ ਕੀਤੀ ਹੈ। 

ਵਾਸ਼ਿੰਗਟਨ ਡੀਸੀ/ਬਿਊਰੋ ਨਿਊਜ਼ 

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜੇਕਰ ਈਰਾਨ ਦੁਬਾਰਾ ਆਪਣੇ ਪ੍ਰਮਾਣੂ ਹਥਿਆਰ ਪ੍ਰੋਗਰਾਮ ਨੂੰ ਸ਼ੁਰੂ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਅਮਰੀਕਾ ਉਸ ’ਤੇ ਇਕ ਵੱਡਾ ਹਮਲਾ ਕਰ ਸਕਦਾ ਹੈ। ਇਸਦੇ ਨਾਲ ਹੀ ਟਰੰਪ ਨੇ ਫਲਸਤੀਨੀ ਸੰਗਠਨ ਹਮਾਸ ਨੂੰ ਵੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਸ ਨੇ ਹਥਿਆਰ ਨਹੀਂ ਸੁੱਟੇ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਡੋਨਾਲਡ ਟਰੰਪ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਮੁਲਾਕਾਤ ਦੇ ਦੌਰਾਨ ਮੀਡੀਆ ਨੂੰ ਵੀ ਸੰਬੋਧਨ ਕੀਤਾ। ਟਰੰਪ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਜੂਨ ਵਿਚ ਕੀਤੇ ਗਏ ਵੱਡੇ ਅਮਰੀਕੀ ਹਮਲੇ ਤੋਂ ਬਾਅਦ ਈਰਾਨ ਆਪਣੇ ਹਥਿਆਰ ਪ੍ਰੋਗਰਾਮ ਨੂੰ ਫਿਰ ਤੋਂ ਖੜ੍ਹਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਟਰੰਪ ਨੇ ਦਾਅਵਾ ਵੀ ਕੀਤਾ ਕਿ ਮੀਡੀਆ ਰਿਪੋਰਟਾਂ ’ਚ ਇਸ ਤਰ੍ਹਾਂ ਦੇ ਸੰਕੇਤ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਪੂਰੀ ਜਾਣਕਾਰੀ ਹੈ ਕਿ ਉਹ ਕਿੱਥੇ ਜਾ ਰਹੇ ਹਨ ਅਤੇ ਕੀ ਕਰ ਰਹੇ ਹਨ।

 

ਮਹਿੰਗਾਈ ਖਿਲਾਫ ਲੋਕ ਸੜਕਾਂ ’ਤੇ ਉਤਰੇ 

ਨਵੀਂ ਦਿੱਲੀ/ਬਿਊਰੋ ਨਿਊਜ਼

ਇਰਾਨ ਵਿਚ ਮਹਿੰਗਾਈ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਲਗਾਤਾਰ ਪੰਜਵੇਂ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਕਰਮੀਆਂ ਵਿਚਾਲੇ ਹਿੰਸਕ ਝੜਪਾਂ ਵੀ ਹੋਈਆਂ, ਜਿਸ ਵਿਚ 5 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇਕ ਸੁਰੱਖਿਆ ਕਰਮੀ ਦੀ ਜਾਨ ਵੀ ਚਲੇ ਗਈ। ਇਸ ਤੋਂ ਪਹਿਲਾਂ ਲੰਘੀ 31 ਦਸੰਬਰ ਨੂੰ ਵੀ ਇਕ ਵਿਅਕਤੀ ਦੀ ਰੋਸ ਪ੍ਰਦਰਸ਼ਨ ਦੇ ਦੌਰਾਨ ਗੋਲੀਬਾਰੀ ’ਚ ਮੌਤ ਹੋ ਗਈ ਸੀ। ਇਸ ਰੋਸ ਪ੍ਰਦਰਸ਼ਨ ਦੌਰਾਨ ਹੁਣ ਤੱਕ 6 ਆਮ ਨਾਗਰਿਕ ਅਤੇ 1 ਸੁਰੱਖਿਆ ਕਰਮੀ ਦੀ ਜਾਨ ਜਾ ਚੁੱਕੀ ਹੈ। ਇਹ ਵੀ ਦੱਸਣਯੋਗ ਹੈ ਕਿ ਇਰਾਨ ਵਿਚ ਰੋਸ ਪ੍ਰਦਰਸ਼ਨ ਦੀ ਸ਼ੁਰੂਆਤ ਲੰਘੀ 28 ਦਸੰਬਰ ਨੂੰ ਹੋਈ ਸੀ ਅਤੇ ਰਾਜਧਾਨੀ ਤਹਿਰਾਨ ਵਿਚ ਵਪਾਰੀਆਂ ਨੇ ਇਸਦੀ ਸ਼ੁਰੂਆਤ ਕੀਤੀ ਸੀ। ਹਾਲਾਂਕਿ ਇਹ ਪ੍ਰਦਰਸ਼ਨ ਅਜੇ ਪੂਰੇ ਦੇਸ਼ ਵਿਚ ਉਸ ਪੱਧਰ ’ਤੇ ਤਿੱਖੇ ਨਹੀਂ ਹੋਏ, ਜਿੰਨੇ ਹਿਜ਼ਾਬ ਵਿਰੋਧੀ ਅੰਦੋਲਨ ਦੌਰਾਨ ਸਨ।  

ਪਾਮ ਬੀਚ/ਬਿਊਰੋ ਨਿਊਜ਼   

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਯੂਕਰੇਨ ਅਤੇ ਰੂਸ ਇਕ ਇਤਿਹਾਸਕ ਸ਼ਾਂਤੀ ਸਮਝੌਤੇ ਦੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਨੇੜੇ ਹਨ। ਫਲੋਰੀਡਾ ਸਥਿਤ ਟਰੰਪ ਦੇ ਰਿਜ਼ੋਰਟ ਵਿਚ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਉਨ੍ਹਾਂ ਦੀ ਢਾਈ ਘੰਟੇ ਗੱਲਬਾਤ ਹੋਈ ਹੈ ਅਤੇ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਪੂਤਿਨ ਜੰਗ ਖਤਮ ਕਰਨਾ ਚਾਹੁੰਦੇ ਹਨ। ਜੇਲੈਂਸਕੀ ਨੇ ਟਰੰਪ ਦੀਆਂ ਕੋਸ਼ਿਸ਼ਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਯੂਕਰੇਨ ਸ਼ਾਂਤੀ ਲਈ ਤਿਆਰ ਹੈ, ਪਰ ਰੂਸ ਨਾਲ ਕਈ ਮੁੱਦਿਆਂ ’ਤੇ ਵੱਖੋ-ਵੱਖਰੇ ਵਿਚਾਰ ਹਨ।  

ਕਰਾਂਸ ਮੋਂਟਾਨਾ ਸ਼ਹਿਰ ਨੂੰ ਨੋ-ਫਲਾਈ ਜ਼ੋਨ ਐਲਾਨਿਆ

ਨਵੀਂ ਦਿੱਲੀ/ਬਿਊਰੋ ਨਿਊਜ਼ 

ਸਵਿੱਜ਼ਰਲੈਂਡ ਦੇ ਕਰਾਂਸ ਮੋਂਟਾਨਾ ਸ਼ਹਿਰ ਦੇ ‘ਅਲਪਾਈਟ ਸਕੀ ਰਿਜੌਰਟ’ ਵਿਚ ਰਾਤ ਸਮੇਂ ਨਵੇਂ ਸਾਲ ਦੇ ਜਸ਼ਨਾਂ ਦੌਰਾਨ ਧਮਾਕਾ ਹੋ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਇਸ ਧਮਾਕੇ ਦੌਰਾਨ 40 ਵਿਅਕਤੀਆਂ ਦੀ ਮੌਤ ਦੀ ਖਬਰ ਹੈ ਅਤੇ ਮੌਤਾਂ ਦੀ ਗਿਣਤੀ ਹੋਰ ਵੀ ਵਧਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਇਸ ਧਮਾਕੇ ਕਾਰਨ 100 ਤੋਂ ਜ਼ਿਆਦਾ ਵਿਅਕਤੀ ਜ਼ਖ਼ਮੀ ਵੀ ਦੱਸੇ ਜਾ ਰਹੇ ਹਨ। ਫਿਲਹਾਲ ਕਰਾਂਸ ਮੋਂਟਾਨਾ ਸ਼ਹਿਰ ਨੂੰ ਨੋ ਫਲਾਈ ਜ਼ੋਨ ਐਲਾਨਿਆ ਗਿਆ ਹੈ। ਪੁਲਿਸ ਅਤੇ ਐਮਰਜੈਂਸੀ ਟੀਮਾਂ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜਾਂ ਵਿਚ ਜੁਟ ਗਈਆਂ ਸਨ। ਇਹ ਵੀ ਦੱਸਿਆ ਗਿਆ ਹੈ ਕਿ ਨੇੜਲੇ ਹਸਪਤਾਲ ਮਰੀਜ਼ਾਂ ਨਾਲ ਭਰ ਗਏ ਹਨ ਅਤੇ ਡਾਕਟਰਾਂ ਦਾ ਕਹਿਣਾ ਹੈ ਕਿ ਕਈ ਜ਼ਖ਼ਮੀਆਂ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਹੈ। 

ਡੋਨਾਲਡ ਟਰੰਪ ਨੇ ਸ਼ੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਦਿੱਤੀ ਜਾਣਕਾਰੀ

ਵਾਸ਼ਿੰਗਟਨ/ਬਿਊਰੋ ਨਿਊਜ਼

ਅਮਰੀਕਾ ਨੇ ਨਾਈਜੀਰੀਆ ਵਿਚ ਦਹਿਸ਼ਤੀ ਸੰਗਠਨ ਆਈ.ਐਸ. ਆਈ.ਐਸ. ਦੇ ਟਿਕਾਣਿਆਂ ’ਤੇ ਏਅਰ ਸਟਰਾਈਕ ਕੀਤੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਟਰੰਪ ਦਾ ਇਲਜ਼ਾਮ ਹੈ ਕਿ ਆਈ.ਐਸ.ਆਈ.ਐਸ., ਇਸਾਈਆਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਦੀ ਬੇਰਹਿਮੀ ਨਾਲ ਹੱਤਿਆ ਕਰ ਰਿਹਾ ਹੈ। ਟਰੰਪ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਅਮਰੀਕਾ ਕੱਟੜ ਇਸਲਾਮੀ ਦਹਿਸ਼ਤਵਾਦ ਨੂੰ ਉਠਣ ਨਹੀਂ ਦੇਵੇਗਾ। ਮੀਡੀਆ ਰਿਪੋਰਟਾਂ ਮੁਤਾਬਕ ਟਰੰਪ ਦਾ ਕਹਿਣਾ ਹੈ ਕਿ ਜੇਕਰ ਇਸਾਈਆਂ ਦੀ ਹੱਤਿਆਵਾਂ ਜਾਰੀ ਰਹਿੰਦੀਆਂ ਹਨ ਤਾਂ ਹੋਰ ਵੀ ਦਹਿਸ਼ਤਗਰਦ ਮਾਰੇ ਜਾਣਗੇ। ਡੋਨਾਲਡ ਟਰੰਪ ਨੇ ਰੱਖਿਆ ਮੰਤਰਾਲੇ ਨੂੰ ‘ਡਿਪਾਰਟਮੈਂਟ ਆਫ ਵਾਰ’ ਕਹਿੰਦੇ ਹੋਏ ਫੌਜ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਅਜਿਹੀ ਸਟੀਕ ਕਾਰਵਾਈ ਸਿਰਫ ਅਮਰੀਕਾ ਹੀ ਕਰ ਸਕਦਾ ਹੈ।

ਕੈਲੀਫੋਰਨੀਆ/ਬਿਊਰੋ ਨਿਊੁਜ਼ 

ਕੈਲੀਫੋਰਨੀਆਂ ’ਚ 17 ਹਜ਼ਾਰ ਟਰੱਕ ਡਰਾਈਵਰਾਂ ਦੇ ਲਾਇਸੈਂਸ ਰੱਦ ਕਰਨ ’ਤੇ ਰੋਕ ਲਗਾ ਦਿੱਤੀ ਗਈ ਹੈ। ਕੈਲੀਫੋਰਨੀਆ ਦੇ ਡਿਪਾਰਟਮੈਂਟ ਆਫ ਮੋਟਰ ਵਹੀਕਲ ਵਿਰੁੱਧ ਪਰਵਾਸੀ ਟਰੱਕ ਡਰਾਈਵਰਾਂ ਦੇ ਇਕ ਸਮੂਹ ਵਲੋਂ ਕੇਸ ਕੀਤੇ ਜਾਣ ਦੇ ਇਕ ਹਫਤੇ ਬਾਅਦ ਇਹ ਕਾਰਵਾਈ ਹੋਈ ਹੈ। ਅਮਰੀਕੀ ਰਾਜ ਨੇ ਕਿਹਾ ਹੈ ਕਿ ਉਹ 17 ਹਜ਼ਾਰ ਵਪਾਰਕ ਡਰਾਈਵਿੰਗ ਲਾਇਸੈਂਸਾਂ ਨੂੰ ਰੱਦ ਕਰਨ ਦੀ ਪ੍ਰਕਿਰਿਆ ਮਾਰਚ ਮਹੀਨੇ ਤੱਕ ਮੁਲਤਵੀ ਕਰ ਦੇਵੇਗਾ। ਮੀਡੀਆ ਰਿਪੋਰਟਾਂ ਮੁਤਾਬਕ ਦੱਸਿਆ ਗਿਆ ਹੈ ਕਿ ਅਮਰੀਕੀ ਟਰਾਂਸਪੋਰਟੇਸ਼ਨ ਸਕੱਤਰ ਸੀਨ ਡਫੀ ਨੇ ਕਿਹਾ ਕਿ ਜੇਕਰ ਰਾਜ 5 ਜਨਵਰੀ ਤੱਕ ਲਾਇਸੈਂਸ ਰੱਦ ਕਰਨ ਦੀ ਸਮਾਂ ਸੀਮਾ ਪੂਰੀ ਕਰਨ ਵਿਚ ਅਸਫਲ ਰਹਿੰਦਾ ਹੈ ਤਾਂ ਉਸ ਨੂੰ 160 ਮਿਲੀਅਨ ਡਾਲਰ ਦੀ ਸੰਘੀ ਫੰਡਿੰਗ ਦਾ ਨੁਕਸਾਨ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਪਰਵਾਸੀ ਟਰੱਕ ਡਰਾਈਵਰਾਂ ਬਾਰੇ ਚਿੰਤਾਵਾਂ ਉਸ ਸਮੇਂ ਵਧੀਆਂ ਸਨ, ਜਦੋਂ ਫਲੋਰੀਡਾ ਵਿਚ ਅਗਸਤ ਮਹੀਨੇ ਦੌਰਾਨ ਇਕ ਹਾਦਸੇ ਵਿਚ ਤਿੰਨ ਵਿਅਕਤੀਆਂ ਦੀ ਜਾਨ ਚਲੀ ਗਈ ਸੀ। 

ਕਿਹਾ : ਟੈਰਿਫ 50 ਫੀਸਦੀ ਤੋਂ ਘਟਾ ਕੇ 15 ਫੀਸਦੀ ਕਰੋ

ਨਵੀਂ ਦਿੱਲੀ/ਬਿਊਰੋ ਨਿਊਜ਼ 

ਭਾਰਤ ਨੇ ਅਮਰੀਕਾ ਦੇ ਸਾਹਮਣੇ ਟਰੇਡ ਸਬੰਧੀ ਗੱਲਬਾਤ ਵਿਚ ਆਪਣਾ ਆਖਰੀ ਸੁਝਾਅ ਰੱਖ ਦਿੱਤਾ ਹੈ। ਭਾਰਤ ਚਾਹੁੰਦਾ ਹੈ ਕਿ ਉਸ ’ਤੇ ਲਗਾਏ ਗਏ ਕੁੱਲ 50 ਫੀਸਦੀ ਟੈਰਿਫ ਨੂੰ ਘਟਾ ਕੇ 15 ਫੀਸਦੀ ਕੀਤਾ ਜਾਏ ਅਤੇ ਰੂਸ ਕੋਲੋਂ ਕੱਚਾ ਤੇਲ ਖਰੀਦਣ ’ਤੇ ਜੋ ਵਾਧੂ 25 ਫੀਸਦੀ ਪੈਨਾਲਟੀ ਲਗਾਈ ਹੈ, ਉਸ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾਵੇ। ਅਮਰੀਕਾ ਅਤੇ ਭਾਰਤ ਵਿਚਾਲੇ ਚੱਲ ਰਹੀ ਇਸ ਗੱਲਬਾਤ ਨਾਲ ਨਵੇਂ ਸਾਲ ’ਚ ਕੋਈ ਠੋਸ ਹੱਲ ਨਿਕਲਣ ਦੀ ਉਮੀਦ ਹੈ। ਦੋਵੇਂ ਦੇਸ਼ਾਂ ਵਿਚਾਲੇ ਦੁਵੱਲੇ ਵਪਾਰਕ ਸਮਝੌਤੇ ’ਤੇ ਗੱਲਬਾਤ ਚੱਲ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਭਾਰਤ ਅਤੇ ਅਮਰੀਕਾ ਦੀਆਂ ਵਪਾਰਕ ਟੀਮਾਂ ਵਿਚਾਲੇ ਦਿੱਲੀ ’ਚ ਬੈਠਕ ਹੋਈ ਸੀ। ਭਾਰਤ ਦੇ ਵਣਜ ਸਕੱਤਰ ਰਾਜੇਸ਼ ਅਗਰਵਾਲ ਨੇ ਕਿਹਾ ਕਿ ਇਸ ਸਬੰਧੀ ਸਮਝੌਤਾ ਜਲਦੀ ਹੀ ਸਿਰੇ ਚੜ੍ਹ ਸਕਦਾ ਹੈ, ਹਾਲਾਂਕਿ ਉਨ੍ਹਾਂ ਨੇ ਇਸ ਨੂੰ ਲੈ ਕੇ ਕੋਈ ਤੈਅ ਸਮਾਂ ਸੀਮਾ ਨਹੀਂ ਦੱਸੀ। 

ਭਾਰਤ ਦਾ ਕਹਿਣਾ : ਜੰਗਬੰਦੀ ਵਿਚ ਕਿਸੇ ਤੀਜੀ ਧਿਰ ਦਾ ਰੋਲ ਨਹੀਂ

ਨਵੀਂ ਦਿੱਲੀ/ਬਿਊਰੋ ਨਿਊਜ਼ 

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਬਾਅਦ ਹੁਣ ਚੀਨ ਨੇ ਵੀ ਇਹ ਦਾਅਵਾ ਕੀਤਾ ਹੈ ਕਿ ਉਸ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਏ ਫੌਜੀ ਤਣਾਅ ਨੂੰ ਘੱਟ ਕਰਾਉਣ ਵਿਚ ਭੂਮਿਕਾ ਨਿਭਾਈ ਸੀ। ਚੀਨ ਦੀ ਰਾਜਧਾਨੀ ਬੀਜਿੰਗ ਵਿਚ ਆਯੋਜਿਤ ਇਕ ਸਮਾਗਮ ਵਿਚ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਕਿਹਾ ਕਿ ਚੀਨ ਦੁਨੀਆ ਦੇ ਕਈ ਸੰਘਰਸ਼ਾਂ ਨੂੰ ਸੁਲਝਾਉਣ ਵਿਚ ਮੱਦਦ ਕਰਦਾ ਰਿਹਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਵਿਦੇਸ਼ ਮੰਤਰੀ ਦੇ ਇਸ ਬਿਆਨ ਨੂੰ ਸ਼ੋਸ਼ਲ ਮੀਡੀਆ ’ਤੇ ਸ਼ੇਅਰ ਵੀ ਕੀਤਾ ਹੈ। ਉਧਰ ਦੂਜੇ ਪਾਸੇ ਭਾਰਤ ਨੇ ਚੀਨ ਦੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ। ਭਾਰਤ ਨੇ ਕਿਹਾ ਹੈ ਕਿ ਪਾਕਿਸਤਾਨ ਨਾਲ ਹੋਏ ਟਕਰਾਅ ਨੂੰ ਰੁਕਵਾਉਣ ਵਿਚ ਕਿਸੇ ਵੀ ਤੀਜੀ ਧਿਰ ਦੀ ਭੂਮਿਕਾ ਨਹੀਂ ਹੈ। ਇਸ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਕਈ ਵਾਰ ਦਾਅਵਾ ਕਰ ਚੁੱਕੇ ਹਨ ਕਿ ਅਸੀਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਏ ਟਕਰਾਅ ਨੂੰ ਖਤਮ ਕਰਵਾਉਣ ਦੀ ਭੂਮਿਕਾ ਨਿਭਾਈ ਹੈ। ਭਾਰਤ ਟਰੰਪ ਦੇ ਦਾਅਵੇ ਨੂੰ ਵੀ ਖਾਰਜ ਕਰ ਚੁੱਕਾ ਹੈ। ਧਿਆਨ ਰਹੇ ਕਿ ਜੰਮੂ ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਦਹਿਸ਼ਤੀ ਹਮਲੇ ਤੋਂ ਬਾਅਦ ਭਾਰਤ ਨੇ 22 ਅਪ੍ਰੈਲ ਨੂੰ ‘ਅਪਰੇਸ਼ਨ ਸੰਧੂਰ’ ਤਹਿਤ ਪਾਕਿਸਤਾਨ ’ਤੇ ਹਮਲਾ ਕੀਤਾ ਸੀ। 

 

ਸੂਬੇ ਦੇ ਹਜ਼ਾਰਾਂ ਕਾਮਿਆਂ ਦੇ ਅਧਿਕਾਰਾਂ ਦੀ ਉਲੰਘਣਾ ਦਾ ਇਲਜ਼ਾਮ

ਕੈਲੀਫੋਰਨੀਆ/ਬਿਊਰੋ ਨਿਊਜ਼  

ਪਰਵਾਸੀ ਟਰੱਕ ਡਰਾਈਵਰਾਂ ਦੇ ਇਕ ਸਮੂਹ ਨੇ ਅਮਰੀਕਾ ਵਿਚ ਕੈਲੀਫੋਰਨੀਆ ਦੇ ਮੋਟਰ ਵਾਹਨ ਵਿਭਾਗ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਕੇਸ ਰਾਹੀਂ ਇਲਜ਼ਾਮ ਲਗਾਇਆ ਗਿਆ ਹੈ ਕਿ ਸੂਬੇ ਦੇ ਹਜ਼ਾਰਾਂ ਕਾਮਿਆਂ ਦੇ ਅਧਿਕਾਰਾਂ ਦੀ ਉਲੰਘਣਾ ਹੋਈ ਹੈ। ਕੈਲੀਫੋਰਨੀਆ ਦੇ ਅਧਿਕਾਰੀਆਂ ਨੇ ਪਿਛਲੇ ਮਹੀਨੇ ਦੱਸਿਆ ਸੀ ਕਿ ਸੂਬੇ ਦੇ ਕਰੀਬ 17 ਹਜ਼ਾਰ ਟਰੱਕ ਡਰਾਈਵਰਾਂ ਨੂੰ ਸੂਚਿਤ ਕੀਤਾ ਸੀ ਕਿ ਉਨ੍ਹਾਂ ਦੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਰੱਦ ਕਰ ਦਿੱਤੇ ਜਾਣਗੇ। ਇਹ ਵੀ ਦੱਸਿਆ ਸੀ ਕਿ ਲਾਇਸੈਂਸ ਦੀ ਮਿਆਦ ਖਤਮ ਹੋਣ ਦੀਆਂ ਤਰੀਕਾਂ ਉਸ ਸਮੇਂ ਤੋਂ ਅੱਗੇ ਨਿਕਲ ਗਈਆਂ ਹਨ, ਜਦੋਂ ਤੱਕ ਡਰਾਈਵਰਾਂ ਨੂੰ ਕਾਨੂੰਨੀ ਤੌਰ ’ਤੇ ਅਮਰੀਕਾ ਵਿਚ ਰਹਿਣ ਦੀ ਇਜਾਜ਼ਤ ਸੀ। ਇਸਦੇ ਚੱਲਦਿਆਂ ਸਿੱਖਾਂ ਦੇ ਨਾਗਰਿਕ ਅਧਿਕਾਰਾਂ ਦੀ ਰਾਖੀ ਕਰਨ ਵਾਲੇ ‘ਸਿੱਖ ਕੋਲੀਸ਼ਨ’ ਅਤੇ ਸੈਨ ਫਰਾਂਸਿਸਕੋ ਸਥਿਤ ‘ਏਸ਼ੀਅਨ ਲਾਅ ਕਾਕਸ’ ਨੇ ਕੈਲੀਫੋਰਨੀਆ ਦੇ ਡਰਾਈਵਰਾਂ ਦੀ ਤਰਫੋਂ ਇਕ ਮੁਕੱਦਮਾ ਦਾਇਰ ਕੀਤਾ ਹੈ। 

ਬੰਗਲਾਦੇਸ਼ ’ਚ 3 ਦਿਨਾਂ ਦਾ ਸਰਕਾਰੀ ਸੋਗ ਅਤੇ ਭਲਕੇ ਜਨਤਕ ਛੁੱਟੀ ਦਾ ਐਲਾਨ

ਢਾਕਾ/ਬਿਊਰੋ ਨਿਊਜ਼

ਬੰਗਲਾਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਅਤੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੀ ਚੇਅਰਪਰਸਨ ਖਾਲਿਦਾ ਜ਼ਿਆ ਦਾ ਲੰਬੀ ਬਿਮਾਰੀ ਤੋਂ ਬਾਅਦ ਅੱਜ ਮੰਗਲਵਾਰ ਨੂੰ ਦਿਹਾਂਤ ਹੋ ਗਿਆ। ਬੰਗਲਾਦੇਸ਼ ਦੇ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ 80 ਸਾਲਾ ਜ਼ੀਆ ਨੇ ਢਾਕਾ ਦੇ ਐਵਰਕੇਅਰ ਹਸਪਤਾਲ ਵਿਚ ਸਵੇਰੇ ਕਰੀਬ 6 ਵਜੇ ਆਖਰੀ ਸਾਹ ਲਿਆ। ਇਸਦੀ ਪੁਸ਼ਟੀ ਵੀ ਖਾਲਿਦਾ ਜ਼ਿਆ ਦੇ ਨਿੱਜੀ ਡਾਕਟਰ ਪ੍ਰੋਫੈਸਰ ਏ.ਜੈਡ.ਐਮ. ਜ਼ਾਹਿਦ ਹੁਸੈਨ ਨੇ ਕੀਤੀ ਹੈ। ਖਾਲਿਦਾ ਜ਼ਿਆ ਦੇ ਸਨਮਾਨ ਵਿਚ ਮੁੱਖ ਸਲਾਹਕਾਰ ਮੁਹੰਮਦ ਯੂਨੁਸ ਵਲੋਂ ਬੰਗਲਾਦੇਸ਼ ਵਿਚ ਤਿੰਨ ਦਿਨਾਂ ਦੇ ਸਰਕਾਰੀ ਸੋਗ ਅਤੇ ਭਲਕੇ ਬੁੱਧਵਾਰ ਨੂੰੂ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ। ਦੱਸਣਯੋਗ ਹੈ ਕਿ ਖਾਲਿਦਾ ਜ਼ਿਆ ਤਿੰਨ ਵਾਰ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਰਹੀ ਅਤੇ ਉਨ੍ਹਾਂ ਨੂੰ ਬੰਗਲਾਦੇਸ਼ ਦੀ ਰਾਜਨੀਤੀ ਵਿਚ ਇਕ ਸ਼ਕਤੀਸ਼ਾਲੀ ਥੰਮ੍ਹ ਮੰਨਿਆ ਜਾਂਦਾ ਸੀ। 

 

ਚੀਨ, ਫਿਲਪੀਨਜ਼ ਅਤੇ ਜਪਾਨ ਤੱਕ ਮਹਿਸੂਸ ਕੀਤੇ ਗਏ ਝਟਕੇ

ਨਵੀਂ ਦਿੱਲੀ/ਬਿਊਰੋ ਨਿਊਜ਼ 

ਤਾਈਵਾਨ ਦੇ ਦੱਖਣੀ-ਪੂਰਬੀ ਇਲਾਕੇ ਵਿਚ 6.1 ਦੀ ਗਤੀ ਵਾਲਾ ਭੂਚਾਲ ਆਇਆ ਹੈ। ਇਸ ਭੂਚਾਲ ਦੇ ਝਟਕੇ ਚੀਨ, ਫਿਲਪੀਨਜ਼ ਅਤੇ ਜਪਾਨ ਤੱਕ ਮਹਿਸੂਸ ਕੀਤੇ ਗਏ। ਸੈਂਟਰਲ ਵੈਦਰ ਐਡਮਨਿਸ਼ਟ੍ਰੇਸ਼ਨ ਦੇ ਅਨੁਸਾਰ ਭੂਚਾਲ ਦਾ ਕੇਂਦਰ ਤਾਈਤੁੰਗ ਕਾਊਂਟੀ ਹਾਲ ਤੋਂ 10 ਕਿਲੋਮੀਟਰ ਉਤਰ ਵਿਚ ਸੀ ਅਤੇ ਇਸਦੀ ਡੂੰਘਾਈ ਕਰੀਬ 12 ਕਿਲੋਮੀਟਰ ਸੀ। ਇਸ ਭੂਚਾਲ ਨਾਲ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖਬਰ ਨਹੀਂ ਹੈ। ਤਾਈਵਾਨ ਵਿਚ ਭੂਚਾਲ ਦੀ ਗਤੀ ਨੂੰ 1 ਤੋਂ 7 ਦੇ ਸਕੇਲ ’ਤੇ ਮਾਪਿਆ ਜਾਂਦਾ ਹੈ।  ਜ਼ਿਕਰਯੋਗ ਹੈ ਕਿ ਤਾਈਵਾਨ ਵਿਚ ਪਿਛਲੇ ਸਾਲ 7.2 ਦੀ ਗਤੀ ਵਾਲਾ ਭੂਚਾਲ ਵੀ ਆਇਆ ਸੀ। 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.