Sunday, 14 June 2026

ਲਿਸਟ ਵਿਚ ਸੁੰਦਰ ਪਿਚਾਈ ਅਤੇ ਸੱਤਿਆ ਨਡੇਲਾ ਵਰਗੇ 6 ਭਾਰਤਵੰਸ਼ੀ ਵੀ ਸ਼ਾਮਲ

ਵਾਸ਼ਿੰਗਟਨ/ਬਿਊਰੋ ਨਿਊਜ਼

ਅਮਰੀਕਾ ਵਿਚ ਡੋਨਾਲਡ ਟਰੰਪ ਦੇ ਦੂਜੀ ਵਾਰ ਰਾਸ਼ਟਰਪਤੀ ਬਣਨ ਤੋਂ ਬਾਅਦ ਉਨ੍ਹਾਂ ਦੀ ਟੀਮ ਨੇ ਵੱਡੇ ਪੈਮਾਨੇ ’ਤੇ ਚੰਦਾ ਇਕੱਠਾ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਚੋਣਾਂ ਤੋਂ ਬਾਅਦ ਟਰੰਪ ਅਤੇ ਉਨ੍ਹਾਂ ਦੇ ਕਰੀਬੀਆਂ ਨੇ 18 ਹਜ਼ਾਰ ਕਰੋੜ ਰੁਪਏ ਤੋਂ ਵੀ ਜ਼ਿਆਦਾ ਦੇ ਫੰਡ ਵੱਖ-ਵੱਖ ਯੋਜਨਾਵਾਂ ਦੇ ਲਈ ਇਕੱਠੇ ਕੀਤੇ ਹਨ। ਇਹ ਰਕਮ ਉਨ੍ਹਾਂ ਦੀ ਇਲੈਕਸ਼ਨ ਕੰਪੇਨ ਦੇ ਲਈ ਇਕੱਠੀ ਕੀਤੀ ਗਈ ਰਾਸ਼ੀ ਤੋਂ ਵੀ ਜ਼ਿਆਦਾ ਹੈ। ਜਿਨ੍ਹਾਂ ਵਿਅਕਤੀਆਂ ਨੇ ਟਰੰਪ ਨੂੰ ਵੱਡਾ ਫੰਡ ਦਿੱਤਾ ਹੈ ਉਨ੍ਹਾਂ ਵਿਚ ਸੁੰਦਰ ਪਿਚਾਈ ਅਤੇ ਸੱਤਿਆ ਨਡੇਲਾ ਵਰਗੇ 6 ਭਾਰਤਵੰਸ਼ੀ ਵੀ ਸ਼ਾਮਲ ਹਨ। ਮੀਡੀਆ ਰਿਪੋਰਟਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਵਿਅਕਤੀਆਂ ਨੇ ਟਰੰਪ ਨੂੰ ਫੰਡ ਦਿੱਤਾ ਹੈ, ਉਨ੍ਹਾਂ ਨੂੰ ਵੀ ਕਈ ਤਰ੍ਹਾਂ ਦੇ ਫਾਇਦੇ ਮਿਲੇ ਹਨ।  

ਹੁਣ ਤੱਕ 39 ਦੇਸ਼ ਇਸ ਲਿਸਟ ’ਚ ਹੋਏ ਸ਼ਾਮਲ

ਵਾਸ਼ਿੰਗਟਨ/ਬਿਊਰੋ ਨਿਊਜ਼ 

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 7 ਹੋਰ ਦੇਸ਼ਾਂ ਦੇ ਲੋਕਾਂ ਦੇ ਅਮਰੀਕਾ ’ਚ ਦਾਖਲ ਹੋਣ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਇਸਦੇ ਨਾਲ ਹੀ ਫਲਸਤੀਨੀਆ ’ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਇਹ ਫੈਸਲਾ ਪਿਛਲੇ ਮਹੀਨੇ ਵਾਈਟ ਹਾਊਸ ਦੇ ਨੇੜੇ ਨੈਸ਼ਨਲ ਗਾਰਡਜ਼ ’ਤੇ ਇਕ ਅਫਗਾਨ ਸ਼ਰਨਾਰਥੀ ਵਲੋਂ ਕੀਤੀ ਗਈ ਗੋਲੀਬਾਰੀ ਤੋਂ ਬਾਅਦ ਲਿਆ ਗਿਆ ਹੈ। ਇਸਦੇ ਚੱਲਦਿਆਂ 15 ਦੂਸਰੇ ਦੇਸ਼ਾਂ ’ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ। ਟਰੰਪ ਨੇ ਇਸਦੇ ਲਈ ਐਲਾਨ ਪੱਤਰ ’ਤੇ ਦਸਤਖਤ ਕਰ ਦਿੱਤੇ ਹਨ। ਇਸਦੇ ਚੱਲਦਿਆਂ ਜਿਨ੍ਹਾਂ ਦੇਸ਼ਾਂ ਦੇ ਵਿਅਕਤੀਆਂ ਦੇ ਅਮਰੀਕਾ ਵਿਚ ਦਾਖਲ ਹੋਣ ’ਤੇ ਪਾਬੰਦੀ ਲਗਾਈ ਗਈ ਹੈ, ਉਨ੍ਹਾਂ ਦੀ ਗਿਣਤੀ 39 ਹੋ ਗਈ ਹੈ। ਇਹ ਕਦਮ ਰਾਸ਼ਟਰੀ ਸੁਰੱਖਿਆ, ਜਨਤਕ ਸੁਰੱਖਿਆ ਅਤੇ ਵੀਜ਼ਾ ਖਤਮ ਹੋਣ ਤੋਂ ਬਾਅਦ ਵੀ ਰੁਕਣਾ ਆਦਿ ਨੂੰ ਲੈ ਕੇ ਚੁੱਕਿਆ ਗਿਆ ਹੈ। ਇਹ ਪਾਬੰਦੀਆਂ ਆਉਂਦੀ 1 ਜਨਵਰੀ 2026 ਤੋਂ ਲਾਗੂ ਹੋ ਜਾਣਗੀਆਂ।  

ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਆਪਸ ’ਚ ਕੀਤੀ ਗੱਲਬਾਤ

ਨਵੀਂ ਦਿੱਲੀ/ਬਿਊਰੋ ਨਿਊਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨਾਲ ਟੈਲੀਫੋਨ ’ਤੇ ਗੱਲਬਾਤ ਕੀਤੀ ਹੈ। ਇਨ੍ਹਾਂ ਦੋਵਾਂ ਆਗੂਆਂ ਨੇ ਭਾਰਤ-ਨਿਊਜ਼ੀਲੈਂਡ ਵਿਚਾਲੇ ਇਕ ਇਤਿਹਾਸਕ ਮੁਕਤ ਵਪਾਰਕ ਸਮਝੌਤੇ ਦਾ ਸਾਂਝੇ ਰੂਪ ਵਿਚ ਐਲਾਨ ਕੀਤਾ। ਦੋਵੇਂ ਆਗੂੁਆਂ ਨੇ ਸਹਿਮਤੀ ਪ੍ਰਗਟਾਈ ਹੈ ਕਿ ਇਹ ਸਮਝੌਤਾ ਦੋਵੇਂ ਦੇਸ਼ਾਂ ਵਿਚਾਲੇ ਵਪਾਰ, ਨਿਵੇਸ਼ ਅਤੇ ਸਾਂਝੇ ਮੌਕਿਆਂ ਨੂੰ ਉਤਸ਼ਾਹਿਤ ਕਰੇਗਾ। ਇਨ੍ਹਾਂ ਆਗੂਆਂ ਨੇ ਰੱਖਿਆ, ਖੇਡ, ਸਿੱਖਿਆ ਅਤੇ ਲੋਕਾਂ ਵਿਚਾਲੇ ਸੰਪਰਕ ਸਹਿਤ ਦੁਵੱਲੇ ਸਹਿਯੋਗ ਸਬੰਧੀ ਹੋਰ ਖੇਤਰਾਂ ਵਿਚ ਹੋਈ ਪ੍ਰਗਤੀ ਦਾ ਵੀ ਸਵਾਗਤ ਕੀਤਾ। ਦੱਸਣਯੋਗ ਹੈ ਕਿ ਇਨ੍ਹਾਂ ਦੋਵਾਂ ਦੇਸ਼ਾਂ ਵਿਚਕਾਰ ਗੱਲਬਾਤ 2010 ਵਿਚ ਸ਼ੁਰੂ ਹੋਈ ਸੀ ਅਤੇ ਫਿਰ 9 ਦੌਰਾਂ ਤੋਂ ਬਾਅਦ ਇਹ ਗੱਲਬਾਤ ਬੰਦ ਹੋ ਗਈ ਸੀ ਤੇ ਇਸ ਸਾਲ ਇਹ ਗੱਲਬਾਤ ਦੁਬਾਰਾ ਸ਼ੁਰੂ ਹੋਈ ਸੀ। 

ਅਮਰੀਕੀ ਰਾਸ਼ਟਰਪਤੀ ਦੀ 6 ਜਨਵਰੀ ਦੀ ਤਕਰੀਰ ਦੀ ਸੰਪਾਦਨਾ ਦਾ ਮਾਮਲਾ

ਵਾਸ਼ਿੰਗਟਨ/ਬਿਊਰੋ ਨਿਊਜ਼

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀ.ਬੀ.ਸੀ. ਖਿਲਾਫ਼ ਦਾਇਰ ਮਾਣਹਾਨੀ ਮੁਕੱਦਮੇ ਵਿਚ 10 ਅਰਬ ਡਾਲਰ ਦੇ ਹਰਜਾਨੇ ਦੀ ਮੰਗ ਕੀਤੀ ਹੈ। ਟਰੰਪ ਨੇ ਬਿ੍ਰਟਿਸ਼ ਪ੍ਰਸਾਰਕ ’ਤੇ ਮਾਣਹਾਨੀ ਦੇ ਨਾਲ-ਨਾਲ ਧੋਖੇਬਾਜ਼ ਅਤੇ ਗੈਰਵਾਜਬ ਵਪਾਰਕ ਅਭਿਆਸਾਂ ਦਾ ਇਲਜ਼ਾਮ ਲਗਾਇਆ ਹੈ। ਬੀਬੀਸੀ ’ਤੇ ਰਾਸ਼ਟਰਪਤੀ ਟਰੰਪ ਵਲੋਂ ‘ਝੂਠੇ, ਅਪਮਾਨਜਨਕ, ਭੜਕਾਊ ਅਤੇ ਦੁਰਾਚਾਰੀ’ ਵਜੋਂ ਪੇਸ਼ ਕਰਨ ਦਾ ਇਲਜ਼ਾਮ ਵੀ ਲਗਾਇਆ ਗਿਆ। ਮੀਡੀਆ ਰਿਪੋਰਟਾਂ ਅਨੁਸਾਰ ਬੀਬੀਸੀ ਦੀ ਰਿਪੋਰਟ ਨੂੰ 2024 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਦਖਲਅੰਦਾਜ਼ੀ ਅਤੇ ਪ੍ਰਭਾਵਿਤ ਕਰਨ ਦੀ ਇੱਕ ਬੇਸ਼ਰਮੀ ਭਰੀ ਕੋਸ਼ਿਸ਼ ਕਰਾਰ ਦਿੱਤਾ ਗਿਆ ਹੈ। ਇਸ ਵਿਚ ਬੀਬੀਸੀ ’ਤੇ ‘ਰਾਸ਼ਟਰਪਤੀ ਟਰੰਪ ਦੇ 6 ਜਨਵਰੀ 2021 ਦੇ ਭਾਸ਼ਣ ਦੇ ਵੱਖ-ਵੱਖ ਹਿੱਸਿਆਂ ਨੂੰ ਜੋੜਨ’ ਦਾ ਇਲਜ਼ਾਮ ਲਗਾਇਆ ਗਿਆ ਹੈ ਤਾਂ ਕਿ ਰਾਸ਼ਟਰਪਤੀ ਟਰੰਪ ਨੇ ਜੋ ਕੁਝ ਕਿਹਾ, ਉਸ ਦੇ ਭਾਵ ਨੂੰ ਗਿਣਮਿੱਥ ਕੇ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਜਾ ਸਕੇ।

ਭਾਰਤ ਨਾਲ ਰਣਨੀਤਕ ਸਾਂਝ ਹੋਵੇਗੀ ਹੋਰ ਮਜ਼ਬੂਤ

ਵਾਸ਼ਿੰਗਟਨ/ਬਿਊਰੋ ਨਿਊਜ਼     

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਲਾਨਾ ਰੱਖਿਆ ਨੀਤੀ ਬਿੱਲ-2026 ’ਤੇ ਦਸਤਖਤ ਕਰਕੇ ਇਸ ਨੂੰ ਕਾਨੂੰਨ ਵਜੋਂ ਮਾਨਤਾ ਦੇ ਦਿੱਤੀ ਹੈ। ਇਹ ਨਵਾਂ ਕਾਨੂੰਨ ਭਾਰਤ ਅਤੇ ਅਮਰੀਕਾ ਦੇ ਰਿਸ਼ਤਿਆਂ ਵਿੱਚ ਇੱਕ ਨਵਾਂ ਮੀਲ ਪੱਥਰ ਸਾਬਤ ਹੋਵੇਗਾ ਅਤੇ ਇਸ ਵਿੱਚ ਭਾਰਤ ਨਾਲ ਰੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ਅਤੇ ਵੱਡਾ ਕਰਨ ਉਤੇ ਜ਼ੋਰ ਦਿੱਤਾ ਗਿਆ ਹੈ। ਇਸ ਕਾਨੂੰਨ ਤਹਿਤ ‘ਕੁਆਡ’ ਦੇਸ਼ਾਂ ਰਾਹੀਂ ਹਿੰਦ-ਪ੍ਰਸ਼ਾਂਤ ਖੇਤਰ ਨੂੰ ਮੁਕਤ ਅਤੇ ਖੁੱਲ੍ਹਾ ਰੱਖਣ ਦੇ ਸਾਂਝੇ ਉਦੇਸ਼ ਨੂੰ ਅੱਗੇ ਵਧਾਇਆ ਜਾਵੇਗਾ ਤਾਂ ਜੋ ਚੀਨ ਵੱਲੋਂ ਪੇਸ਼ ਕੀਤੀਆਂ ਜਾ ਰਹੀਆਂ ਚੁਣੌਤੀਆਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਸਾਹਮਣਾ ਕੀਤਾ ਜਾ ਸਕੇ। ਇਸ ਕਾਨੂੰਨ ਵਿੱਚ ਭਾਰਤ ਨੂੰ ਇੱਕ ਅਹਿਮ ਭਾਈਵਾਲ ਵਜੋਂ ਮਾਨਤਾ ਦਿੱਤੀ ਗਈ ਹੈ ਅਤੇ ਸਾਂਝੇ ਫੌਜੀ ਅਭਿਆਸਾਂ ਤੇ ਸਮੁੰਦਰੀ ਸੁਰੱਖਿਆ ਵਿੱਚ ਸਹਿਯੋਗ ਵਧਾਉਣ ਦੀ ਗੱਲ ਵੀ ਕਹੀ ਗਈ ਹੈ। ਇਸ ਕਾਨੂੰਨ ਬਾਰੇ ਦੱਸਿਆ ਗਿਆ ਹੈ ਕਿ ਇਹ ਕਾਨੂੰਨ ਗਲੋਬਲ ਸੁਰੱਖਿਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।     

 

 

 

  

ਆਸਟਰੇਲੀਆ ਦੇ ਪੀਐਮ ਅਲਬਨੀਜ਼ ਨੇ ਇਸ ਨੂੰ ਦਹਿਸ਼ਤੀ ਕਾਰਵਾਈ ਦੱਸਿਆ

ਸਿਡਨੀ/ਬਿਊਰੋ ਨਿਊਜ਼

ਆਸਟਰੇਲੀਆ ਦੀ ਰਾਜਧਾਨੀ ਸਿਡਨੀ ਵਿਚ ਯਹੂਦੀਆਂ ਦੇ ਇਕ ਸਮਾਗਮ ’ਚ ਬੰਦੂਕਧਾਰੀ ਪਿਓ-ਪੁੱਤ ਵਲੋਂ ਚਲਾਈਆਂ ਗੋਲੀਆਂ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 16 ਹੋ ਗਈ ਹੈ। ਇਸ ਗੋਲੀਬਾਰੀ ਦੌਰਾਨ ਮਰਨ ਵਾਲਿਆਂ ’ਚ ਇਕ 10 ਸਾਲਾਂ ਦੀ ਬੱਚੀ ਅਤੇ ਇਕ ਸ਼ੂਟਰ ਵੀ ਸ਼ਾਮਲ ਹੈ। ਇਸੇ ਦੌਰਾਨ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਇਸ ਘਟਨਾ ਨੂੰ ਯਹੂਦੀ ਭਾਈਚਾਰੇ ਵਿਰੁੱਧ ਦਹਿਸ਼ਤੀ ਕਾਰਵਾਈ ਕਰਾਰ ਦਿੱਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਗੋਲੀਬਾਰੀ ਕਰਨ ਵਾਲੇ ਪਿਉ-ਪੁੱਤ ਸਨ। ਪੁਲਿਸ ਨੇ ਦੱਸਿਆ ਕਿ ਬੌਂਡੀ ਬੀਚ ਤੋਂ ਦੂਰ ਇਕ ਛੋਟੇ ਜਿਹੇ ਪਾਰਕ ਵਿਚ ਆਯੋਜਿਤ ਯਹੂਦੀ ਸਮਾਗਮ ਵਿਚ ਇਕ ਹਜ਼ਾਰ ਦੇ ਕਰੀਬ ਵਿਅਕਤੀ ਮੌਜੂਦ ਸਨ। ਮੀਡੀਆ ਦੀ ਰਿਪੋਰਟ ਮੁਤਾਬਕ ਬੰਦੂਕਧਾਰੀ ਪਿਓ-ਪੁੱਤ ਦੀ ਪਛਾਣ ਪਾਕਿਸਤਾਨੀ ਮੂਲ ਦੇ ਸਾਜਿਦ ਅਕਰਮ ਅਤੇ ਨਾਵੀਦ ਅਕਰਮ ਵਜੋਂ ਹੋਈ ਹੈ। ਇਹ ਵੀ ਦੱਸਿਆ ਗਿਆ ਕਿ ਸਾਜਿਦ ਅਕਰਮ ਦੀ ਪੁਲਿਸ ਦੀ ਜਵਾਬੀ ਕਾਰਵਾਈ ਵਿਚ ਮੌਤ ਹੋ ਗਈ, ਜਦੋਂ ਕਿ ਨਾਵੀਦ ਅਕਰਮ ਜ਼ਖ਼ਮੀ ਹੋ ਗਿਆ ਸੀ ਅਤੇ ਉਹ ਹਸਪਤਾਲ ਵਿਚ ਜ਼ੇਰੇ ਇਲਾਜ ਹੈ।   

 

ਢਾਕਾ/ਬਿਊਰੋ ਨਿਊਜ਼

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਵਿਰੋਧੀ ਨੇਤਾ ਉਸਮਾਨ ਹਾਦੀ ਦੀ ਵੀਰਵਾਰ ਰਾਤ ਨੂੰ ਮੌਤ ਹੋ ਗਈ। ਉਸਮਾਨ ਹਾਦੀ ਦੀ ਮੌਤ ਤੋਂ ਬਾਅਦ ਬੰਗਲਾਦੇਸ਼ ਵਿਚ ਹਾਲਾਤ ਵਿਗੜ ਗਏ ਹਨ ਅਤੇ ਕਈ ਥਾਵਾਂ ’ਤੇ ਹਿੰਸਾ ਵੀ ਹੋਈ ਹੈ। ਪ੍ਰਦਰਸ਼ਨਕਾਰੀਆਂ ਨੇ ਦੇਸ਼ ਦੇ ਵੱਡੇ ਅਖਬਾਰਾਂ ਦੇ ਦਫਤਰਾਂ ਵਿਚ ਦਾਖਲ ਹੋ ਕੇ ਭੰਨਤੋੜ ਕੀਤੀ ਅਤੇ ਕਈ ਥਾਵਾਂ ’ਤੇ ਅਗਜ਼ਨੀ ਦੀਆਂ ਘਟਨਾਵਾਂ ਵੀ ਵਾਪਰੀਆਂ ਹਨ। ਜ਼ਿਕਰਯੋਗ ਹੈ ਕਿ ਹਾਦੀ 12 ਫਰਵਰੀ 2026 ਨੂੰ ਹੋਣ ਵਾਲੀਆਂ ਆਮ ਚੋਣਾਂ ਵਿਚ ਉਮੀਦਵਾਰ ਵੀ ਸੀ। ਪਿਛਲੇ ਹਫਤੇ ਢਾਕਾ ਦੇ ਬਿਜੋਏਨਗਰ ਇਲਾਕੇ ਵਿਚ ਚੋਣ ਪ੍ਰਚਾਰ ਦੌਰਾਨ ਹਮਲਾਵਰਾਂ ਨੇ ਉਸਦੇ ਸਿਰ ਵਿਚ ਗੋਲੀ ਮਾਰ ਦਿੱਤੀ ਸੀ ਅਤੇ ਹਸਪਤਾਲ ਵਿਚ ਇਲਾਜ ਦੌਰਾਨ ਉਸਦੀ ਮੌਤ ਹੋ ਗਈ ਹੈ। ਹਾਦੀ 2024 ਦੇ ਵਿਦਿਆਰਥੀ ਅੰਦੋਲਨ ਦੇ ਪ੍ਰਮੁੱਖ ਆਗੂਆਂ ਵਿਚੋਂ ਇਕ ਸੀ। 

 

ਅਮਰੀਕਾ ਅਤੇ ਭਾਰਤ ਵਪਾਰਕ ਸਮਝੌਤੇ ’ਤੇ ਦਸਤਖਤ ਕਰਨ ਲਈ ਤਿਆਰ

ਨਵੀਂ ਦਿੱਲੀ/ਬਿਊਰੋ ਨਿਊਜ਼

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਫੋਨ ’ਤੇ ਗੱਲਬਾਤ ਹੋਈ ਹੈ। ਪੀਐਮ ਮੋਦੀ ਨੇ ਇਸ ਗੱਲਬਾਤ ਨੂੰ ਸਕਾਰਾਤਮਕ ਦੱਸਿਆ ਹੈ। ਇਸੇ ਦੌਰਾਨ ਸਰਕਾਰੀ ਅਧਿਕਾਰੀਆਂ ਵਲੋਂ ਵੀ ਦੱਸਿਆ ਗਿਆ ਹੈ ਕਿ ਦੋਵਾਂ ਆਗੂਆਂ ਨੇ ਵਪਾਰ, ਤਕਨਾਲੋਜੀ, ਊਰਜਾ, ਰੱਖਿਆ ਅਤੇ ਸੁਰੱਖਿਆ ਮਾਮਲਿਆਂ ਵਿਚ ਸਹਿਯੋਗ ਵਧਾਉਣ ਨੂੰ ਲੈ ਕੇ ਚਰਚਾ ਕੀਤੀ ਹੈ। ਇਨ੍ਹਾਂ ਦੋਵੇਂ ਆਗੂਆਂ ਨੇ ਸਾਂਝੀਆਂ ਚੁਣੌਤੀਆਂ ਨੂੰ ਹੱਲ ਕਰਨ ਅਤੇ ਸਾਂਝੇ ਹਿੱਤਾਂ ਨੂੰ ਅੱਗੇ ਵਧਾਉਣ ਲਈ ਕੰਮ ਕਰਨ ’ਤੇ ਵੀ ਸਹਿਮਤੀ ਪ੍ਰਗਟਾਈ। ਇਸ ਤੋਂ ਇਲਾਵਾ ਵੱਖ-ਵੱਖ ਖੇਤਰੀ ਅਤੇ ਵਿਸ਼ਵਵਿਆਪੀ ਮੁੱਦਿਆਂ ’ਤੇ ਵੀ ਚਰਚਾ ਹੋਈ ਹੈ।  ਦੱਸਣਯੋਗ ਹੈ ਕਿ ਪੀਐਮ ਮੋਦੀ ਅਤੇ ਡੋਨਾਲਡ ਟਰੰਪ ਵਿਚਾਲੇ ਇਸ ਸਾਲ ਛੇਵੀਂ ਵਾਰ ਫੋਨ ’ਤੇ ਗੱਲਬਾਤ ਹੋਈ ਹੈ। ਇਸੇ ਸਾਲ ਦੇ ਸ਼ੁਰੂ ਵਿਚ 27 ਜਨਵਰੀ ਨੂੰ ਪੀਐਮ ਮੋਦੀ ਨੇ ਟਰੰਪ ਨੂੰ ਰਾਸ਼ਟਰਪਤੀ ਬਣਨ ’ਤੇ ਵਧਾਈ ਦੇਣ ਲਈ ਫੋਨ ਕੀਤਾ ਸੀ।

ਕਿਹਾ : ਅਮਰੀਕਾ ਨੇ ਟੈਰਿਫ ਨਾਲ ਉਮੀਦ ਤੋਂ ਜ਼ਿਆਦਾ ਪੈਸਾ ਕਮਾਇਆ

ਵਾਸ਼ਿੰਗਟਨ/ਬਿਊਰੋ ਨਿਊਜ਼  

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਟੈਰਿਫ ਅੰਗਰੇਜ਼ੀ ਦਾ ਉਨ੍ਹਾਂ ਦਾ ਮਨਪਸੰਦ ਸ਼ਬਦ ਹੈ। ਟਰੰਪ ਨੇ ਦਾਅਵਾ ਕੀਤਾ ਕਿ ਇਸਦੀ ਮੱਦਦ ਨਾਲ ਉਨ੍ਹਾਂ ਨੇ ਆਪਣੇ ਕਾਰਜਕਾਲ ਦੇ ਪਹਿਲੇ 10 ਮਹੀਨਿਆਂ ਵਿਚ ਦੁਨੀਆ ਭਰ ਵਿਚ 8 ਜੰਗਾਂ ਨੂੰ ਰੋਕਿਆ ਹੈ। ਟਰੰਪ ਨੇ ਆਪਣੇ ਕਾਰਜਕਾਲ ਦੇ 11 ਮਹੀਨੇ ਪੂਰੇ ਹੋਣ ’ਤੇ ਵਾਈਟ ਹਾਊਸ ਤੋਂ ਰਾਸ਼ਟਰ ਨੂੰ ਸੰਬੋਧਨ ਕੀਤਾ। ਟਰੰਪ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੋਅ ਬਾਈਡਨ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਨੇ ਸੱਤਾ ਛੱਡਣ ਸਮੇਂ ਸਾਨੂੰ ਵੱਡਾ ਸੰਕਟ ਸੌਂਪਿਆ ਸੀ। ਡੋਨਾਲਡ ਟਰੰਪ ਨੇ ਅਮਰੀਕਾ ਵਿਚ ਮਹਿੰਗਾਈ ਦੇ ਮੁੱਦੇ ਨੂੰ ਨਜ਼ਰਅੰਦਾਜ ਕਰਦੇ ਹੋਏ ਕਿਹਾ ਕਿ ਕੈਨੇਡਾ, ਮੈਕਸੀਕੋ, ਬ੍ਰਾਜ਼ੀਲ ਅਤੇ ਭਾਰਤ ਸਣੇ ਕਈ ਦੇਸ਼ਾਂ ’ਤੇ ਲਗਾਏ ਟੈਰਿਫ ਤੋਂ ਅਮਰੀਕੀ ਅਰਥ ਵਿਵਸਥਾ ਨੂੰ ਫਾਇਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਟੈਰਿਫ ਨਾਲ ਅਮਰੀਕਾ ਨੇ ਉਮੀਦ ਤੋਂ ਜ਼ਿਆਦਾ ਪੈਸਾ ਕਮਾਇਆ ਹੈ। 

ਸ਼ੋ੍ਰਮਣੀ ਕਮੇਟੀ ਨੇ ਰਾਜ ਚੌਹਾਨ ਦਾ ਕੀਤਾ ਸਨਮਾਨ

ਅੰਮਿ੍ਰਤਸਰ/ਬਿਊਰੋ ਨਿਊਜ਼  

ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਬਿ੍ਰਟਿਸ਼ ਕੋਲੰਬੀਆ ਦੀ ਵਿਧਾਨ ਸਭਾ ਦੇ ਸਪੀਕਰ ਰਾਜ ਚੌਹਾਨ ਪਹੁੰਚੇ ਅਤੇ ਉਨ੍ਹਾਂ ਨੇ ਆਪਣੇ ਪਰਿਵਾਰ ਸਣੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਲਿਆ। ਇਸ ਤੋਂ ਬਾਅਦ ਰਾਜ ਚੌਹਾਨ ਨੂੰ ਸੂਚਨਾ ਕੇਂਦਰ ਵਿਖੇ ਧਰਮ ਪ੍ਰਚਾਰ ਕਮੇਟੀ ਵਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਰਾਜ ਚੌਹਾਨ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ। ਇਸੇ ਦੌਰਾਨ ਰਾਜ ਚੌਹਾਨ ਨੇ ਕਿਹਾ ਕਿ ਇਸ ਪਾਵਨ ਅਸਥਾਨ ਤੋਂ ਮਨੁੱਖਤਾ ਨੂੰ ਆਪਸੀ ਭਾਈਚਾਰੇ ਦੀ ਪ੍ਰੇਰਣਾ ਮਿਲਦੀ ਹੈ।   

ਮੋਦੀ ਨੇ ਇਥੋਪੀਆ ਦੀ ਸੰਸਦ ’ਚ ਕੀਤਾ ਸੰਬੋਧਨ

ਨਵੀਂ ਦਿੱਲੀ/ਬਿਊਰੋ ਨਿਊਜ਼  

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੋਪੀਆ ਦੀ ਸੰਸਦ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕੀਤਾ। ਜ਼ਿਕਰਯੋਗ ਹੈ ਕਿ ਇਹ ਦੁਨੀਆਂ ਦੀ 18ਵੀਂ ਸੰਸਦ ਹੈ, ਜਿੱਥੇ ਪ੍ਰਧਾਨ ਮੰਤਰੀ ਮੋਦੀ ਨੇ ਆਪਣਾ ਭਾਸ਼ਣ ਦਿੱਤਾ ਹੈ। ਪੀਐਮ ਮੋਦੀ ਨੇ ਇਥੋਪੀਆ ਨੂੰ ਸ਼ੇਰਾਂ ਦੀ ਧਰਤੀ ਦੱਸਿਆ ਅਤੇ ਕਿਹਾ ਕਿ ਇੱਥੇ ਆ ਕੇ ਮੈਨੂੰ ਬਹੁਤ ਚੰਗਾ ਲੱਗਾ ਹੈ। ਉਨ੍ਹਾਂ ਕਿਹਾ ਕਿ ਇੱਥੇ ਪਹੁੰਚ ਕੇ ਮੈਨੂੰੂ ਆਪਣੇ ਘਰ ਵਰਗਾ ਮਹਿਸੂਸ ਹੋਇਆ ਹੈ, ਕਿਉਂਕਿ ਮੇਰਾ ਗ੍ਰਹਿ ਸੂਬਾ ਗੁਜਰਾਤ ਵੀ ਸ਼ੇਰਾਂ ਦੀ ਧਰਤੀ ਹੈ। ਇਸ ਤੋਂ ਪਹਿਲਾਂ ਇਥੋਪੀਆ ਦੇ ਪ੍ਰਧਾਨ ਮੰਤਰੀ ਅਬੀ ਅਹਿਮਦ ਅਲੀ ਨੇ ਮੋਦੀ ਨੂੰ ਦੇਸ਼ ਦਾ ਸਰਵਉਚ ਸਨਮਾਨ ਦਿੱਤਾ ਸੀ। ਪੀਐਮ ਮੋਦੀ ‘ਦ ਗਰੇਟ ਆਨਰ ਨਿਸ਼ਾਂ ਆਫ ਇਥੋਪੀਆ’ ਹਾਸਲ ਕਰਨ ਵਾਲੇ ਪਹਿਲੇ ਗਲੋਬਲ ਆਗੂ ਬਣੇ ਹਨ। ਇਸ ਮੌਕੇ ਮੋਦੀ ਨੇ ਕਿਹਾ ਕਿ ਇਹ ਸਨਮਾਨ ਮੇਰੇ ਲਈ ਮਾਣ ਵਾਲੀ ਗੱਲ ਹੈ। ਦੱਸਣਯੋਗ ਹੈ ਕਿ ਪੀਐਮ ਮੋਦੀ ਮੰਗਲਵਾਰ ਨੂੰ ਇਥੋਪੀਆ ਪਹੁੰਚੇ ਸਨ ਅਤੇ ਇਥੋਪੀਆ ਉਨ੍ਹਾਂ ਦਾ ਪਹਿਲਾ ਦੌਰਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਥੋਪੀਆ ਦੇ ਪ੍ਰਧਾਨ ਮੰਤਰੀ ਨੇ ਕੁਝ ਸਮਝੌਤਿਆਂ ਨੂੰ ਲੈ ਕੇ ਬੈਠਕ ਵੀ ਕੀਤੀ। ਇਸ ਤੋਂ ਬਾਅਦ ਪੀਐਮ ਮੋਦੀ ਓਮਾਨ ਦੀ ਯਾਤਰਾ ਲਈ ਰਵਾਨਾ ਹੋ ਗਏ। 

 

10 ਲੱਖ ਡਾਲਰ ਖਰਚ ਕੇ ਅਮਰੀਕਾ ’ਚ ਰਹਿਣ ਅਤੇ ਕੰਮ ਕਰਨ ਦੀ ਹੋਵੇਗੀ ਖੁੱਲ੍ਹ

ਵਾਸ਼ਿੰਗਟਨ/ਬਿਊਰੋ ਨਿਊਜ਼ 

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਅਧਿਕਾਰਤ ਤੌਰ ’ਤੇ ਆਪਣਾ ‘ਗੋਲਡ ਕਾਰਡ’ ਵੀਜ਼ਾ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਹੈ। ਇਸ ਪ੍ਰੋਗਰਾਮ ਤਹਿਤ ਗੈਰ-ਅਮਰੀਕੀ ਨਾਗਰਿਕਾਂ ਨੂੰ ਇਕ ਭਾਰੀ ਕੀਮਤ ਦੀ ਅਦਾਇਗੀ ਕਰਕੇ ਅਮਰੀਕਾ ਵਿਚ ਰਹਿਣ ਦੀ ਖੁੱਲ੍ਹ ਮਿਲੇਗੀ। ਦੱਸਿਆ ਗਿਆ ਕਿ ਪਿਛੋਕੜ ਦੀ ਜਾਂਚ ਜਾਂ ਜਾਂਚ ਅਮਲ ਵਿਚੋਂ ਲੰਘਣ ਤੋਂ ਬਾਅਦ ਬਿਨੇਕਾਰਾਂ ਨੂੰ ਵੀਜ਼ਾ ਪ੍ਰਾਪਤ ਕਰਨ ਲਈ 10 ਲੱਖ ਡਾਲਰ ਦਾ ਯੋਗਦਾਨ ਦੇਣਾ ਪਵੇਗਾ। ਵੈਬਸਾਈਟ ’ਤੇ ਅਪਲੋਡ ਜਾਣਕਾਰੀ ਵਿਚ ‘ਟਰੰਪ ਕਾਰਡ’ ਨੂੰ ਤੋਹਫਾ ਦੱਸਿਆ ਗਿਆ ਹੈ, ਜੋ ਗਰੀਨ ਕਾਰਡ ਵਾਂਗ ਹੈ ਅਤੇ ਇਹ ਅਮਰੀਕਾ ਵਿਚ ਰਹਿਣ ਅਤੇ ਕੰਮ ਕਰਨ ਦੀ ਆਗਿਆ ਦਿੰਦਾ ਹੈ। ਜ਼ਿਕਰਯੋਗ ਹੈ ਕਿ ਟਰੰਪ ਪ੍ਰਸ਼ਾਸਨ ਨੇ ਗੈਰਕਾਨੂੰਨੀ ਪਰਵਾਸ ਖਿਲਾਫ ਵੱਡੇ ਪੱਧਰ ’ਤੇ ਕਾਰਵਾਈ ਕੀਤੀ ਹੈ ਅਤੇ ਅਮਰੀਕਾ ਵਿਚ ਗੈਰਕਾਨੂੰਨੀ ਤੌਰ ’ਤੇ ਰਹਿ ਰਹੇ ਲੱਖਾਂ ਲੋਕਾਂ ਨੂੰ ਦੇਸ਼ ਨਿਕਾਲਾ ਦਿੱਤਾ ਹੈ। 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.