Sunday, 14 June 2026

ਇੰਗਲਿਸ਼ ਸਪੀਕਿੰਗ ਟੈਸਟ ਕੀਤਾ ਗਿਆ ਲਾਜ਼ਮੀ

ਨਵੀਂ ਦਿੱਲੀ/ਬਿਊਰੋ ਨਿਊਜ਼

ਅਮਰੀਕਾ ਵਿਚ ਡਰਾਈਵਿੰਗ ਸਕਿਲ ਦੇ ਅਧਾਰ ’ਤੇ ਨੌਕਰੀ ਦੀ ਤਲਾਸ਼ ਵਿਚ ਗਏ ਪੰਜਾਬੀ ਨੌਜਵਾਨਾਂ ’ਤੇ ਡੋਨਾਲਡ ਟਰੰਪ ਸਰਕਾਰ ਨੇ ਸਖਤੀ ਕਰ ਦਿੱਤੀ ਹੈ। ਅਮਰੀਕਾ ਵਿਚ ਟਰੱਕ ਚਲਾਉਣ ਵਾਲੇ ਨੌਜਵਾਨਾਂ ਲਈ ਇੰਗਲਿਸ਼ ਸਪੀਕਿੰਗ ਟੈਸਟ ਜ਼ਰੂਰੀ ਕਰ ਦਿੱਤਾ ਗਿਆ ਹੈ ਅਤੇ ਇਸਦੇ ਲਈ ਹੁਣ ਟੈਸਟ ਵੀ ਲਏ ਜਾ ਰਹੇ ਹਨ। ਪੰਜਾਬ ਦੇ ਟਰੱਕ ਡਰਾਈਵਰਾਂ ਕੋਲੋਂ ਹੋਏ ਹਾਦਸਿਆਂ ਤੋਂ ਬਾਅਦ ਟਰੰਪ ਸਰਕਾਰ ਨੇ ਨਵਾਂ ਨਿਯਮ ਲਾਗੂ ਕਰ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਔਨ ਰੋਡ ਟਰੱਕ ਡਰਾਈਵਰਾਂ ਨੂੰ ਰੋਕ ਕੇ ਵੀ ਇੰਗਲਿਸ਼ ਸਪੀਕਿੰਗ ਟੈਸਟ ਲੈ ਰਹੀ ਹੈ। ਇਸ ਟੈਸਟ ਵਿਚ ਹੁਣ ਤੱਕ ਗੈਰ-ਅਮਰੀਕੀ 7 ਹਜ਼ਾਰ ਤੋਂ ਜ਼ਿਆਦਾ ਟਰੱਕ ਡਰਾਈਵਰ ਫੇਲ੍ਹ ਵੀ ਹੋ ਚੁੱਕੇ ਹਨ ਅਤੇ ਇਨ੍ਹਾਂ ਦੇ ਲਾਇਸੈਂਸ ਵੀ ਰੱਦ ਕਰ ਦਿੱਤੇ ਗਏ ਹਨ। ਇਸ ਸਬੰਧੀ ਅਮਰੀਕਾ ਦੇ ਟਰਾਂਸਪੋਰਟ ਸੈਕਟਰੀ ਸੀਨ ਡਫੀ ਦਾ ਕਹਿਣਾ ਹੈ ਕਿ ਅਮਰੀਕੀ ਟਰਾਂਸਪੋਰਟ ਲਾਅ ਵਿਚ ਸਾਰੇ ਟਰੱਕ ਡਰਾਈਵਰਾਂ ਦੇ ਲਈ ਅੰਗਰੇਜ਼ੀ ਵਿਚ ਟਰੈਫਿਕ ਸਾਈਨ ਪੜ੍ਹਨਾ ਅਤੇ ਅੰਗਰੇਜ਼ੀ ਬੋਲਣਾ ਜ਼ਰੂਰੀ ਹੈ। ਦੱਸਣਯੋਗ ਹੈ ਕਿ ਇਸ ਸਮੇਂ ਅਮਰੀਕਾ ਵਿਚ ਡੇਢ ਲੱਖ ਦੇ ਕਰੀਬ ਪੰਜਾਬੀ ਡਰਾਈਵਰ ਹਨ।   

ਭਾਰਤ ’ਤੇ ਲੱਗ ਸਦਕਾ ਹੈ 50 ਨਹੀਂ 15 ਫੀਸਦੀ ਅਮਰੀਕੀ ਟੈਰਿਫ

ਨਵੀਂ ਦਿੱਲੀ/ਬਿਊਰੋ ਨਿਊਜ਼ 

ਭਾਰਤ ਅਤੇ ਅਮਰੀਕਾ ਵਿਚਾਲੇ ਜਲਦ ਹੀ ਟਰੇਡ ਡੀਲ ਹੋਣ ਦੇ ਆਸਾਰ ਹਨ। ਮੀਡੀਆ ਰਿਪੋਰਟਾਂ ਮੁਤਾਬਕ ਭਾਰਤ ਦੀਆਂ ਚੋਣਵੀਆਂ ਵਸਤੂਆਂ ’ਤੇ ਲੱਗਣ ਵਾਲਾ 50 ਫੀਸਦੀ ਟੈਰਿਫ ਘਟ ਕੇ 15 ਫੀਸਦੀ ਹੋ ਸਕਦਾ ਹੈ। ਅਮਰੀਕੀ ਮਾਹਿਰ ਦਾਅਵਾ ਕਰ ਰਹੇ ਹਨ ਕਿ ਭਾਰਤ ਹੌਲੀ-ਹੌਲੀ ਰੂਸੀ ਕੱਚੇ ਤੇਲ ਦੀ ਖਰੀਦ ਵਿਚ ਕਮੀ ਲਿਆ ਸਕਦਾ ਹੈ। ਨਾਲ ਹੀ, ਅਮਰੀਕਾ ਨੌਨ ਜੈਨੇਟਿਕਲੀ ਮੌਡੀਫਾਈਡ ਮੱਕਾ ਅਤੇ ਸੋਇਆਮੀਲ ਲਈ ਵੀ ਬਜ਼ਾਰ ਨੂੰ ਖੋਲ੍ਹ ਸਕਦਾ ਹੈ। ਇਸੇ ਦੌਰਾਨ ਭਾਰਤ ਦਾ ਮੰਨਣਾ ਹੈ ਕਿ ਤੇਜ਼ੀ ਨਾਲ ਵਧੀ ਘਰੇਲੂ ਪੋਲਟਰੀ, ਡਾਇਰੀ ਅਤੇ ਐਥੇਨਾਲ ਇੰਡਸਟਰੀ ਵਿਚ ਅਮਰੀਕੀ ਉਤਪਾਦ ਖਪ ਜਾਣਗੇ। ਇਸ ਨਾਲ ਭਾਰਤੀ ਕਿਸਾਨਾਂ ਦੇ ਹਿੱਤ ਵੀ ਪ੍ਰਭਾਵਿਤ ਨਹੀਂ ਹੋਣਗੇ। ਇਸ ਸਮੇਂ ਭਾਰਤ ਸਲਾਨਾ ਕਰੀਬ 5 ਲੱਖ ਟਨ ਮੱਕਾ ਅਮਰੀਕਾ ਤੋਂ ਆਯਾਤ ਕਰਦਾ ਹੈ।

ਹਫਤੇ ਵਿਚ ਤਿੰਨ ਦਿਨ ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਨੂੰ ਚਲੇਗੀ ਇਹ ਉਡਾਨ

ਅੰਮਿ੍ਰਤਸਰ/ਬਿਊਰੋ ਨਿਊਜ਼

ਕਰੀਬ ਪੰਜ ਮਹੀਨਿਆਂ ਦੇ ਵਕਫੇ ਤੋਂ ਬਾਅਦ ਅੰਮਿ੍ਰਤਸਰ ਨੇ ਇਕ ਵਾਰ ਫਿਰ ਯੂਨਾਈਟਿਡ ਕਿੰਗਡਮ ਨਾਲ ਸਿੱਧੀ ਹਵਾਈ ਕਨੈਕਟੀਵਿਟੀ ਹਾਸਲ ਕਰ ਲਈ ਹੈ। ਏਅਰ ਇੰਡੀਆ ਨੇ ਆਪਣੀ ਅੰਮਿ੍ਰਤਸਰ-ਲੰਡਨ ਗੈਟਵਿਕ ਸੇਵਾ ਮੁੜ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਇਹ ਸੇਵਾ 12 ਜੂਨ ਨੂੰ ਅਹਿਮਦਾਬਾਦ ਵਿਚ ਹੋਏ ਏਅਰ ਇੰਡੀਆ ਦੇ ਦੁਖਦਾਈ ਹਾਦਸੇ ਤੋਂ ਬਾਅਦ ਮੁਅੱਤਲ ਕਰ ਦਿੱਤੀ ਗਈ ਸੀ। ਇਹ ਉਡਾਣ ਪੰਜਾਬ ਅਤੇ ਯੂਕੇ ਵਿਚ ਵਸਦੇ ਪਰਵਾਸੀ ਭਾਈਚਾਰੇ ਵਿਚਕਾਰ ਨਵੇਂ ਸਿਰੇ ਤੋਂ ਸਬੰਧਾਂ ਦਾ ਪ੍ਰਤੀਕ ਹੈ। ਅੰਮਿ੍ਰਤਸਰ-ਲੰਡਨ ਗੈਟਵਿਕ ਉਡਾਣ ਹਫਤੇ ਵਿਚ ਤਿੰਨ ਦਿਨ ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਨੂੰ ਚਲੇਗੀ। ਇਹ ਵੀ ਦੱਸਿਆ ਗਿਆ ਹੈ ਕਿ ਏਅਰ ਇੰਡੀਆ ਹਫਤੇ ਵਿਚ ਤਿੰਨ ਦਿਨ ਆਪਣੀ ਅੰਮਿ੍ਰਤਸਰ-ਬਰਮਿੰਘਮ ਸੇਵਾ ਵੀ ਜਾਰੀ ਰੱਖੇਗੀ, ਜਿਸ ਨਾਲ ਪੰਜਾਬ ਅਤੇ ਯੂਨਾਈਟਿਡ ਕਿੰਗਡਮ ਵਿਚਾਲੇ ਹਵਾਈ ਕਨੈਕਟੀਵਿਟੀ ਹੋਰ ਮਜ਼ਬੂਤ ਹੋਵੇਗੀ। 

ਵਾਸ਼ਿੰਗਟਨ/ਬਿਊਰੋ ਨਿਊਜ਼  

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਈਟ ਹਾਊਸ ਵਿਚ ਦੀਵਾਲੀ ਮਨਾਈ ਹੈ। ਉਨ੍ਹਾਂ ਨੇ ਭਾਰਤ ਸਣੇ ਦੁਨੀਆ ਭਰ ’ਚ ਰਹਿਣ ਵਾਲੇ ਭਾਰਤੀਆਂ ਨੂੰ ਸ਼ੁਭ ਕਾਮਨਾਵਾਂ  ਦਿੱਤੀਆਂ। ਇਸ ਮੌਕੇ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫੋਨ ਕਰਕੇ ਦੀਵਾਲੀ ਦੀ ਵਧਾਈ ਵੀ ਦਿੱਤੀ। ਵਾਈਟ ਹਾਊਸ ’ਚ ਦੀਵਾਲੀ ਦੇ ਸਮਾਗਮ ਦੌਰਾਨ ਟਰੰਪ ਨੇ ਪੀਐਮ ਮੋਦੀ ਦੀ ਤਾਰੀਫ ਕਰਦਿਆਂ ਉਨ੍ਹਾਂ ਨੂੰ ਮਹਾਨ ਵਿਅਕਤੀ ਅਤੇ ਬਿਹਤਰੀਨ ਦੋਸਤ ਦੱਸਿਆ। ਟਰੰਪ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਮੋਦੀ ਮੇਰੇ ਚੰਗੇ ਦੋਸਤ ਬਣ ਗਏ ਹਨ। ਦੀਵਾਲੀ ਦੇ ਸਮਾਗਮ ਵਿਚ ਅਮਰੀਕੀ ਪ੍ਰਸ਼ਾਸਨ ਦੇ ਕਈ ਸੀਨੀਅਰ ਅਧਿਕਾਰੀ ਹਾਜ਼ਰ ਸਨ। ਇਨ੍ਹਾਂ ਵਿਚ ਐਫ.ਬੀ.ਆਈ. ਦੇ ਡਾਇਰੈਕਟਰ ਕਾਸ਼ ਪਟੇਲ, ਇੰਟੈਲੀਜੈਂਸ ਡਾਇਰੈਕਟਰ ਤੁਲਸੀ ਗਾਬਾਰਡ, ਵਾਈਟ ਹਾਊਸ ਦੇ ਡਿਪਟੀ ਪ੍ਰੈਸ ਸੈਕਟਰੀ ਕੁਸ਼ ਦੇਸਾਈ ਅਤੇ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਵਿਨੇ ਮੋਹਨ ਕਵਾਤਰਾ ਵੀ ਸ਼ਾਮਲ ਸਨ। ਇਸੇ ਦੌਰਾਨ ਟਰੰਪ ਨੇ ਦੱਸਿਆ ਕਿ ਅਮਰੀਕਾ ਅਤੇ ਭਾਰਤ ਕੁਝ ਵੱਡੇ ਸਮਝੌਤਿਆਂ ’ਤੇ ਕੰਮ ਕਰ ਰਹੇ ਹਨ। 

 

ਡੋਨਾਲਡ ਟਰੰਪ ਨੇ ਚੀਨ ’ਤੇ ਟੈਰਿਫ 10 ਫੀਸਦੀ ਘਟਾਇਆ

ਵਾਸ਼ਿੰਗਟਨ/ਬਿਊਰੋ ਨਿਊਜ਼

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਵਿਚਕਾਰ ਸਾਊਥ ਕੋਰੀਆ ਦੇ ਬੁਸਾਨ ਵਿਚ ਏਅਰਪੋਰਟ ’ਤੇ ਹੋਈ ਬੈਠਕ ਵਿਚ ਟਰੇਡ ਡੀਲ ਪੂਰੀ ਹੋ ਗਈ ਹੈ। ਹਾਲਾਂਕਿ ਇਸ ਡੀਲ ’ਤੇ ਦਸਤਖਤ ਹੋਣੇ ਬਾਕੀ ਹਨ। ਟਰੰਪ ਨੇ ਇਹ ਜਾਣਕਾਰੀ ਸਾਊਥ ਕੋਰੀਆ ਤੋਂ ਅਮਰੀਕਾ ਜਾਂਦੇ ਸਮੇਂ ਜਹਾਜ਼ ਵਿਚ ਹੀ ਮੀਡੀਆ ਨਾਲ ਗੱਲਬਾਤ ਕਰਦਿਆਂ ਦਿੱਤੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਚੀਨ ’ਤੇ 10 ਫੀਸਦੀ ਟੈਰਿਫ ਘੱਟ ਕਰ ਦਿੱਤਾ ਗਿਆ ਹੈ। ਬਦਲੇ ਵਿਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਮਰੀਕਾ ਤੋਂ ਵੱਡੀ ਮਾਤਰਾ ਵਿਚ ਸੋਇਆਬੀਨ ਖਰੀਦਣ ’ਤੇ ਤਿਆਰ ਹੋਏ ਹਨ। ਟਰੰਪ ਨੇ ਕਿਹਾ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਸਾਊਥ ਕੋਰੀਆ ਦੇ ਬੁਸਾਨ ਵਿਚ ਕਰੀਬ ਡੇਢ ਘੰਟਾ ਮੀਟਿੰਗ ਹੋਈ ਹੈ। ਮੁਲਾਕਾਤ ਦੌਰਾਨ ਟਰੰਪ ਅਤੇ ਜਿਨਪਿੰਗ ਨੇ ਹੱਥ ਮਿਲਾ ਕੇ ਇਕ ਦੂਜੇ ਦਾ ਸਵਾਗਤ ਕੀਤਾ। ਦੱਸਣਯੋਗ ਹੈ ਕਿ ਟਰੰਪ ਅਤੇ ਜਿਨਪਿੰਗ 6 ਸਾਲਾਂ ਬਾਅਦ ਮਿਲੇ ਹਨ।  ਇਸ ਤੋਂ ਪਹਿਲਾਂ ਇਨ੍ਹਾਂ ਦੋਵਾਂ ਦੀ ਮੁਲਾਕਾਤ 2019 ਵਿਚ ਹੋਈ ਸੀ। 

ਕਿਹਾ : ਸਮਝੌਤਾ ਕਰੋ ਜਾਂ 155 ਫੀਸਦੀ ਟੈਰਿਫ ਭਰੋ

ਵਾਸ਼ਿੰਗਟਨ/ਬਿਊਰੋ ਨਿਊਜ਼

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਨੂੰ ਚਿਤਾਵਨੀ ਦਿੱਤੀ ਹੈ ਕਿ ਉਸ ਨੂੰ 155 ਫੀਸਦੀ ਤੱਕ ਟੈਰਿਫ ਭਰਨਾ ਪੈ ਸਕਦਾ ਹੈ। ਟਰੰਪ ਨੇ ਚੀਨ ਨੂੰ 1 ਨਵੰਬਰ ਤੱਕ ਵਪਾਰਕ ਸਮਝੌਤਾ ਕਰਨ ਲਈ ਕਿਹਾ ਹੈ। ਟਰੰਪ ਨੇ ਇਹ ਬਿਆਨ ਵਾਈਟ ਹਾਊਸ ਵਿਚ ਆਸਟੇ੍ਰਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨਾਲ ਬੈਠਕ ਦੌਰਾਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੀਨ ਸਾਡੇ ਪ੍ਰਤੀ ਬਹੁਤ ਸਨਮਾਨਜਨਕ ਰਿਹਾ ਹੈ, ਉਹ ਸਾਨੂੰ ਟੈਰਿਫ ਦੇ ਰੂਪ ਵਿਚ 55 ਫੀਸਦੀ ਤੱਕ ਵੱਡੀ ਰਕਮ ਦੇ ਰਿਹਾ ਹੈ। ਪਰ, 1 ਨਵੰਬਰ ਤੱਕ ਸਮਝੌਤਾ ਨਾ ਹੋਇਆ ਤਾਂ ਇਹ ਟੈਫਿਰ 155 ਫੀਸਦੀ ਤੱਕ ਜਾ ਸਕਦਾ ਹੈ। ਡੋਨਾਲਡ ਟਰੰਪ ਨੇ ਕਿਹਾ ਕਿ ਪਹਿਲਾਂ ਕਈ  ਦੇਸ਼ਾਂ ਨੇ ਅਮਰੀਕਾ ਦਾ ਫਾਇਦਾ ਉਠਾਇਆ ਹੈ, ਪਰ ਹੁਣ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਟਰੰਪ ਨੇ ਇਹ ਵੀ ਕਿਹਾ ਸੀ ਕਿ ਭਾਰਤ ਰੂਸ ਕੋਲੋਂ ਤੇਲ ਨਹੀਂ ਖਰੀਦੇਗਾ। ਟਰੰਪ ਨੇ ਕਿਹਾ ਸੀ ਕਿ ਇਸ ਨੂੰ ਲੈ ਕੇ ਮੇਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਹੋਈ ਹੈ, ਪਰ ਭਾਰਤ ਇਸ ਗੱਲ ਨੂੰ ਨਕਾਰ ਚੁੱਕਾ ਹੈ। 

ਭਾਰਤ-ਅਮਰੀਕਾ ਵਿਚਾਲੇ ਵਪਾਰਕ ਸਮਝੌਤਾ ਜਲਦੀ ਸਿਰੇ ਚੜ੍ਹਨ ਦਾ ਦਿੱਤਾ ਸੰਕੇਤ

ਨਵੀਂ ਦਿੱਲੀ/ਬਿਊਰੋ ਨਿਊਜ਼     

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਸਭ ਤੋਂ ਵਧੀਆ ਦਿੱਖ ਵਾਲਾ ਅਤੇ ਮਜ਼ਬੂਤ ਵਿਅਕਤੀ ਦੱਸਿਆ ਹੈ। ਟਰੰਪ ਨੇ ਮੋਦੀ ਨੂੰ ‘ਕੀਲਣ ਵਾਲਾ’ ਅਤੇ ‘ਸਖਤ’ ਆਗੂ ਵੀ ਕਿਹਾ। ਟਰੰਪ ਨੇ ਦੋਵਾਂ ਮੁਲਕਾਂ ਭਾਰਤ ਅਤੇ ਅਮਰੀਕਾ ਦਰਮਿਆਨ ਜਲਦੀ ਹੀ ਇਕ ਵਪਾਰਕ ਸਮਝੌਤਾ ਸਿਰੇ ਚੜ੍ਹਨ ਦਾ ਸੰਕੇਤ ਵੀ ਦਿੱਤਾ। ਟਰੰਪ ਦੱਖਣੀ ਕੋਰੀਆ ’ਚ ਏਸ਼ੀਆ ਪੈਸੇਫਿਕ ਇਕਨੌਮਿਕ ਕੋਆਪਰੇਸ਼ਨ ਦੇ ਸੀ.ਈ.ਓਜ਼. ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਟਰੰਪ ਨੇ ਮੁੜ ਦਾਅਵਾ ਕੀਤਾ ਕਿ ਉਨ੍ਹਾਂ ਨੇ ਇਸੇ ਸਾਲ ਮਈ ਮਹੀਨੇ ਦੌਰਾਨ ਭਾਰਤ ਤੇ ਪਾਕਿਸਤਾਨ ਵਿਚਾਲੇ ਪ੍ਰਮਾਣੂ ਜੰਗ ਟਾਲਣ ਲਈ ਖੁਦ ਨਿੱਜੀ ਤੌਰ ’ਤੇ ਦਖ਼ਲ ਦਿੱਤਾ ਤੇ ਦੋਵਾਂ ਮੁਲਕਾਂ ਨੂੰ ਵਪਾਰ ਸਮਝੌਤੇ ਦੀ ਘੁਰਕੀ ਦਿੱਤੀ। ਟਰੰਪ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੇ ਨਿੱਜੀ ਦਖਲ ਨੇ ਦੋ ਪ੍ਰਮਾਣੂ  ਹਥਿਆਰਬੰਦ ਮੁਲਕਾਂ ਦਰਮਿਆਨ ਤਣਾਅ ਘਟਾਉਣ ਵਿੱਚ ਮਦਦ ਕੀਤੀ।

 

ਟਰੰਪ ਦੇ ਦਾਅਵੇ ’ਤੇ ਕਾਂਗਰਸ ਨੇ ਕੱਸਿਆ ਤਨਜ਼

ਜੈਰਾਮ ਰਮੇਸ਼ ਨੇ ਕਿਹਾ : ਸੁੰਗੜਿਆ ਹੋਇਆ 56 ਇੰਚ ਦਾ ਸੀਨਾ ਅਜੇ ਵੀ ਚੁੱਪ

ਨਵੀਂ ਦਿੱਲੀ/ਬਿਊਰੋ ਨਿਊਜ਼ 

ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਜੈਰਾਮ ਰਮੇਸ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਨਜ਼ ਕੱਸਿਆ ਹੈ। ਜੈਰਾਮ ਰਮੇਸ਼ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਾਅਵੇ ਸਬੰਧੀ ਗੱਲ ਕਰਦਿਆਂ ਕਿਹਾ ਕਿ ਸੁੰਗੜਿਆ ਹੋਇਆ 56 ਇੰਚ ਦਾ ਸੀਨਾ ਅਜੇ ਵੀ ਚੁੱਪ ਹੈ। ਕਾਂਗਰਸ ਆਗੂ ਦੀ ਇਹ ਟਿੱਪਣੀ ਉਸ ਸਮੇਂ ਆਈ ਹੈ ਜਦੋਂ ਟਰੰਪ ਨੇ ਇਸ ਗੱਲ ਨੂੰ ਦੁਹਰਾਇਆ ਕਿ ਉਨ੍ਹਾਂ ਨੇ ਵਪਾਰ ਦੀ ਵਰਤੋਂ ਕਰਕੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਸੰਘਰਸ਼ ਨੂੰ ਰੋਕਿਆ ਸੀ। ਕਾਂਗਰਸ ਪਾਰਟੀ ਦੇ ਮੀਡੀਆ ਇੰਚਾਰਜ ਜੈਰਾਮ ਰਮੇਸ਼ ਨੇ ‘ਐਕਸ’ ’ਤੇ ਟਰੰਪ ਦੇ ਜਪਾਨ ਅਤੇ ਬਾਅਦ ਵਿਚ ਦੱਖਣੀ ਕੋਰੀਆ ਵਿਚ ਦਿੱਤੇ ਭਾਸ਼ਣਾਂ ਦੀਆਂ ਵੀਡੀਓ ਕਲਿੱਪ ਵੀ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਵਿਚ ਟਰੰਪ ਨੇ ਵਪਾਰ ਦੀ ਵਰਤੋਂ ਕਰਕੇ ਭਾਰਤ-ਪਾਕਿਸਤਾਨ ਫੌਜੀ ਸੰਘਰਸ਼ ਨੂੰ ਰੋਕਣ ਦੇ ਆਪਣੇ ਦਾਅਵੇ ਨੂੰ ਮੁੜ ਦੁਹਰਾਇਆ ਹੈ।  

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤੀ ਵਧਾਈ

ਨਵੀਂ ਦਿੱਲੀ/ਬਿਊਰੋ ਨਿਊਜ਼ 

ਜਪਾਨ ਦੀ ਸੰਸਦ ਨੇ ਸਾਨੇ ਤਾਕਾਇਚੀ ਨੂੰ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਚੁਣ ਲਿਆ ਹੈ। ਲਿਬਰਲ ਡੈਮੋਕਰੇਟਿਕ ਪਾਰਟੀ ਦੀ ਮੁਖੀ ਤਾਕਾਇਚੀ, ਸ਼ਿਗੇਰੂ ਇਸ਼ੀਬਾ ਦੀ ਥਾਂ ਲੈਣਗੇ, ਜਿਨ੍ਹਾਂ ਨੂੰ ਦੋ ਚੋਣ ਹਾਰਾਂ ਤੋਂ ਬਾਅਦ ਅਸਤੀਫਾ ਦੇਣ ਲਈ ਮਜਬੂਰ ਕੀਤਾ ਗਿਆ ਸੀ। ਇਸੇ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਨੇ ਤਾਕਾਇਚੀ ਨੂੰ ਜਾਪਾਨ ਦੀ ਪ੍ਰਧਾਨ ਮੰਤਰੀ ਚੁਣੇ ਜਾਣ ’ਤੇ ਵਧਾਈ ਦਿੱਤੀ ਹੈ ਅਤੇ ਕਿਹਾ ਕਿ ਉਹ ਦੋਵਾਂ ਦੇਸ਼ਾਂ ਵਿਚਕਾਰ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰਨ ਦੀ ਉਮੀਦ ਕਰਦੇ ਹਨ।

ਜਪਾਨ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਕੀਤਾ ਵਾਅਦਾ

ਟੋਕੀਓ/ਬਿਊਰੋ ਨਿਊਜ਼

ਅਮਰੀਕਾ ਦੇ ਪ੍ਰਧਾਨ ਮੰਤਰੀ ਡੋਨਾਲਡ ਟਰੰਪ ਨੇ ਟੋਕੀਓ ਦੇ ਅਕਾਸਾਕਾ ਪੈਲੇਸ ਵਿਖੇ ਜਪਾਨ ਦੀ ਨਵ-ਨਿਯੁਕਤ ਪ੍ਰਧਾਨ ਮੰਤਰੀ ਸਨਾਏ ਤਾਕਾਇਚੀ ਨਾਲ ਮੁਲਾਕਾਤ ਕੀਤੀ ਹੈ। ਟਰੰਪ ਨੇ ਜਪਾਨ ਨੂੰ ਅਮਰੀਕਾ ਦਾ ਸਭ ਤੋਂ ਮਜ਼ਬੂਤ ਸਹਿਯੋਗੀ ਦੱਸਿਆ ਅਤੇ ਜਪਾਨ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਵਾਅਦਾ ਕੀਤਾ ਹੈ। ਦੱਸਣਯੋਗ ਹੈ ਕਿ ਤਾਕਾਇਚੀ ਹਾਲ ਹੀ ਵਿਚ ਜਪਾਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣੀ ਹੈ। ਮੀਟਿੰਗ ਦੌਰਾਨ ਵਪਾਰ ਅਤੇ ਸੁਰੱਖਿਆ ਦੇ ਮੁੱਦਿਆਂ ’ਤੇ ਚਰਚਾ ਕੀਤੀ ਗਈ। ਇਸ ਮੌਕੇ ਤਾਕਾਇਚੀ ਨੇ ਐਲਾਨ ਕੀਤਾ ਕਿ ਜਪਾਨ ਅਗਲੇ ਸਾਲ ਅਮਰੀਕਾ ਦੀ 250ਵੀਂ ਵਰ੍ਹੇਗੰਢ ’ਤੇ 250 ਚੈਰੀ ਦੇ ਰੁੱਖ ਤੋਹਫੇ ਵਜੋਂ ਦੇਵੇਗਾ। ਜਪਾਨ ਦੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਗਲੇ ਸਾਲ ਟਰੰਪ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਵੀ ਸਿਫਾਰਸ਼ ਕਰਾਂਗੇ।

ਮਾਹਿਰਾਂ ਨੇ ਭਾਰਤ ਦੀ ਵਿਗੜ ਰਹੀ ਹਵਾ ਨੂੰ ਲੈ ਕੇ ਕੀਤਾ ਖੁਲਾਸਾ

ਚੰਡੀਗੜ੍ਹ/ਬਿਊਰੋ ਨਿਊਜ਼  

ਪੀ.ਜੀ.ਆਈ. ਚੰਡੀਗੜ੍ਹ ਅਤੇ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ ਦੇ ਮਾਹਿਰਾਂ ਨੇ ਹਾਲ ਹੀ ਵਿਚ ਉਤਰੀ ਭਾਰਤ ਦੀ ਵਿਗੜਦੀ ਹਵਾ ਨੂੰ ਲੈ ਕੇ ਖੁਲਾਸਾ ਕੀਤਾ ਹੈ।  ਮਾਹਿਰਾਂ ਦਾ ਮੰਨਣਾ ਹੈ ਕਿ ਉਤਰੀ ਭਾਰਤ ਵਿਚ ਵਿਗੜਦੀ ਹਵਾ ਦੀ ਗੁਣਵੱਤਾ ਦੇ ਕਾਰਨ ਨੂੰ ਇਕੱਲੇ ਪੰਜਾਬ, ਹਰਿਆਣਾ, ਮੱਧ ਪ੍ਰਦੇਸ਼ ਅਤੇ ਪੱਛਮੀ ਉਤਰ ਪ੍ਰਦੇਸ਼ ਵਿਚ ਖੇਤਾਂ ’ਚ ਲਗਾਈ ਜਾ ਰਹੀ ਅੱਗ ਨਾਲ ਜੋੜਿਆ ਨਹੀਂ ਜਾ ਸਕਦਾ। ਉਨ੍ਹਾਂ ਦੱਸਿਆ ਕਿ ਗੁਆਂਢੀ ਦੇਸ਼ ਪਾਕਿਸਤਾਨ ਵੀ ਇਸ ਖੇਤਰ ਵਿਚ ਹਵਾ ਦੀ ਗੁਣਵੱਤਾ ਦੇ ਵਿਗੜਨ ਵਿਚ ਯੋਗਦਾਨ ਪਾ ਰਿਹਾ ਹੈ। ਸੈਟੇਲਾਈਟ ਤਸਵੀਰਾਂ ਨੇ ਪਾਕਿਸਤਾਨ ਦੇ ਸਰਹੱਦੀ ਜ਼ਿਲ੍ਹਿਆਂ ਵਿਚ ਵੱਡੇ ਪੱਧਰ ’ਤੇ ਪਰਾਲੀ ਸਾੜਨ ਦਾ ਖੁਲਾਸਾ ਕੀਤਾ ਹੈ। ਇਸ ਦੌਰਾਨ ਪੰਜਾਬ ਵਿਚ ਤਾਇਨਾਤ ਕਰੀਬ 22 ਵਿਗਿਆਨੀਆਂ ਨੇ ਦੇਖਿਆ ਹੈ ਕਿ ਭਾਵੇਂ ਭਾਰਤੀ ਪੰਜਾਬ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿਚ ਕਮੀ ਆਈ ਹੈ, ਪਰ ਹਵਾ ਪ੍ਰਦੂਸ਼ਣ ਦੇ ਪੱਧਰ ਵਿਚ ਗਿਰਾਵਟ ਨਹੀਂ ਆਈ। ਦੱਸਣਯੋਗ ਹੈ ਕਿ ਪਿਛਲੇ ਸਾਲ ਲਾਹੌਰ ਵਿਚ ਹਵਾ ਦੀ ਗੁਣਵੱਤਾ ਸਭ ਤੋਂ ਖਰਾਬ ਹੋ ਗਈ ਸੀ ਅਤੇ ਇਸਦਾ ਜ਼ਿੰਮੇਵਾਰ ਭਾਰਤੀ ਪੰਜਾਬ ਦੇ ਕਿਸਾਨਾਂ ਨੂੰ ਠਹਿਰਾਇਆ ਗਿਆ ਸੀ।

ਚੰਡੀਗੜ੍ਹ/ਬਿਊਰੋ ਨਿਊਜ਼ 

ਅਮਰੀਕਾ ਦੇ ਕੈਲੀਫੋਰਨੀਆ ਵਿਖੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ 3 ਵਿਅਕਤੀਆਂ ਦੀ ਜਾਨ ਚਲੇ ਗਈ ਹੈ। ਇਸੇ ਦੌਰਾਨ ਯੂਬਾ ਸਿਟੀ ਦੇ 21 ਸਾਲਾ ਭਾਰਤੀ ਮੂਲ ਦੇ ਟਰੱਕ ਡਰਾਈਵਰ ਜਸ਼ਨਪ੍ਰੀਤ ਸਿੰਘ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ। ਇਹ ਹਾਦਸਾ ਕੈਲੀਫੋਰਨੀਆ ਦੇ 10 ਫ੍ਰੀਵੇਅ ’ਤੇ ਵਾਪਰਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਜਸ਼ਨਪ੍ਰੀਤ ਸਿੰਘ ਤੇਜ਼ ਰਫਤਾਰ ਨਾਲ ਟਰੱਕ ਚਲਾ ਰਿਹਾ ਸੀ ਅਤੇ ਉਸਦੇ ਟਰੱਕ ਦੀ ਹੋਰ ਵਾਹਨਾਂ ਨਾਲ ਟੱਕਰ ਹੋ ਗਈ। ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਫਲੋਰੀਡਾ ਵਿਚ ਵੀ ਇਕ ਪੰਜਾਬੀ ਟਰੱਕ ਡਰਾਈਵਰ ਨੇ ਗਲਤ ਯੂਟਰਨ ਲੈ ਲਿਆ ਸੀ, ਜਿਸ ਕਾਰਨ ਪਿੱਛੇ ਤੋਂ ਆ ਰਹੀ ਇਕ ਗੱਡੀ ਟਰੱਕ ਵਿਚ ਆ ਵੱਜੀ ਸੀ। ਇਸ ਹਾਦਸੇ ਵਿਚ ਵੀ 3 ਵਿਅਕਤੀਆਂ ਦੀ ਜਾਨ ਚਲੇ ਗਈ ਸੀ। ਇਹ ਹਾਦਸਾ ਅੰਤਰਰਾਸ਼ਟਰੀ ਪੱਧਰ ’ਤੇ ਵੀ ਚਰਚਾ ਦਾ ਵਿਸ਼ਾ ਬਣਿਆ ਰਿਹਾ, ਜਿਸ ਤੋਂ ਬਾਅਦ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਡਰਾਈਵਿੰਗ ਲਾਇਸੈਂਸ ਦੇਣ ਦੇ ਨਿਯਮਾਂ ਨੂੰ ਹੋਰ ਜ਼ਿਆਦਾ ਸਖਤ ਕਰ ਦਿੱਤਾ ਸੀ। 

 

ਕਿਹਾ : ਖੂਨ ਖਰਾਬਾ ਜਾਰੀ ਰਿਹਾ ਤਾਂ ਗਾਜ਼ਾ ਜਾ ਕੇ ਹਮਾਸ ਦਾ ਕਰਾਂਗੇ ਖਾਤਮਾ

ਵਾਸ਼ਿੰਗਟਨ/ਬਿਊਰੋ ਨਿਊਜ਼  

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਮਾਸ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਗਾਜ਼ਾ ਵਿਚ ਖੂਨ ਖਰਾਬਾ ਜਾਰੀ ਰਿਹਾ ਤਾਂ ਸਾਨੂੰ ਮਜਬੂਰ ਹੋ ਕੇ ਉਸਦਾ ਖਾਤਮਾ ਕਰਨਾ ਹੋਵੇਗਾ। ਹਮਾਸ ਨੂੰ ਚਿਤਾਵਨੀ ਦੇਣ ਤੋਂ ਬਾਅਦ ਟਰੰਪ ਨੇ ਸਪੱਸ਼ਟ ਕੀਤਾ ਕਿ ਅਮਰੀਕਾ ਆਪਣੇ ਫੌਜੀ ਗਾਜ਼ਾ ਨਹੀਂ ਭੇਜੇਗਾ। ਮੀਡੀਆ ਨਾਲ ਗੱਲਬਾਤ ਦੌਰਾਨ ਟਰੰਪ ਨੇ ਕਿਹਾ ਕਿ ਅਸੀਂ ਇਹ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ ਸਾਡੇ ਨੇੜੇ ਅਜਿਹੇ ਲੋਕ ਹਨ ਜੋ ਸਾਡੀ ਦੇਖ ਰੇਖ ਵਿਚ ਇਸ ਕੰਮ ਨੂੰ ਬਹੁਤ ਅਸਾਨੀ ਨਾਲ ਕਰ ਲੈਣਗੇ। ਇਸ ਤੋਂ ਪਹਿਲਾਂ ਟਰੰਪ ਨੇ ਕਿਹਾ ਸੀ ਕਿ ਹਮਾਸ ਨੇ ਕੁਝ ਬਹੁਤ ਬੁਰੇ ਗਿਰੋਹਾਂ ਨੂੰ ਖਤਮ ਕਰ ਦਿੱਤਾ ਹੈ। ਉਧਰ ਵਾਈਟ ਹਾਊਸ ਨੇ ਇਸ ਬਾਰੇ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਹੈ। ਇਸੇ ਦੌਰਾਨ ਡੋਨਲਡ ਟਰੰਪ ਨੇ ਯੂਕਰੇਨ ਜੰਗ ਖਤਮ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰਦੇ ਹੋਏ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਦੂੁਜੀ ਮੁਲਾਕਾਤ ਦਾ ਐਲਾਨ ਕੀਤਾ ਹੈ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.