Thursday, 11 June 2026

ਨਵੀਂ ਦਿੱਲੀ/ਬਿਊੁਰੋ ਨਿਊਜ਼

ਕਾਂਗਰਸੀ ਆਗੂ ਰਾਹੁਲ ਗਾਂਧੀ ਵਲੋਂ ਹਰਿਆਣਾ ਵਿਚ ਫਰਜ਼ੀ ਵੋਟਿੰਗ ਦੇ ਮੁੱਦੇ ’ਤੇ ਬ੍ਰਾਜ਼ੀਲ ਦੀ ਇਕ ਮਾਡਲ ਦੀ ਫੋਟੋ ਦਿਖਾਉਣ ਮਗਰੋਂ ਇਹ ਮਾਮਲਾ ਪੂਰੇ ਦੇਸ਼ ਵਿਚ ਸੁਰਖੀਆਂ ’ਚ ਹੈ। ਕਾਂਗਰਸ ਦਾ ਦਾਅਵਾ ਸੀ ਕਿ ਬ੍ਰਾਜ਼ੀਲ ਦੀ ਇਸ ਮਾਡਲ ਦੀ ਫੋਟੋ ਦੀ ਵਰਤੋਂ ਕਰਕੇ ਹਰਿਆਣਾ ਵਿਚ ਵੱਖ-ਵੱਖ ਨਾਵਾਂ ’ਤੇ 22 ਵੋਟਾਂ ਪਾਈਆਂ ਗਈਆਂ। ਇਸ ਦੇ ਚੱਲਦਿਆਂ ਹੁਣ ਆਪਣੀ ਇਸ ਫੋਟੋ ਨੂੰ ਲੈ ਕੇ ਖੁਦ ਮਾਡਲ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਬ੍ਰਾਜ਼ੀਲ ਦੀ ਇਸ ਮਾਡਲ ਦਾ ਨਾਮ ਲਾਰਿਸਾ ਹੈ। ਲਾਰਿਸਾ ਦਾ ਕਹਿਣਾ ਹੈ ਕਿ ਉਸਦੀ ਫੋਟੋ ਦਾ ਗਲਤ ਇਸਤੇਮਾਲ ਕੀਤਾ ਗਿਆ ਹੈ ਅਤੇ ਉਸਦਾ ਭਾਰਤ ਦੀ ਸਿਆਸਤ ਨਾਲ ਕੋਈ ਲਾਗਾ ਦੇਗਾ ਨਹੀਂ ਹੈ। ਉਸਨੇ ਦੱਸਿਆ ਕਿ ਵੋਟਰ ਲਿਸਟ ਵਿਚ ਮੇਰੀ ਫੋਟੋ ਦੀ ਗਲਤ ਵਰਤੋਂ ਕੀਤੀ ਗਈ ਹੈ। 

ਵੱਡੀ ਗਿਣਤੀ ਸੰਗਤ ਨੇ ਗੁਰਦੁਆਰਾ ਸਾਹਿਬਾਨਾਂ ’ਚ ਟੇਕਿਆ ਮੱਥਾ

ਅੰਮਿ੍ਰਤਸਰ/ਬਿਊਰੋ ਨਿਊਜ਼  

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਅੱਜ ਦੇਸ਼ ਅਤੇ ਵਿਦੇਸ਼ਾਂ ਵਿਚ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸੇ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਅਤੇ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਵਿਖੇ ਵੱਡੀ ਗਿਣਤੀ ਸੰਗਤ ਨੇ ਮੱਥਾ ਟੇਕ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਲਿਆ ਹੈ ਅਤੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਿਆ। ਗੁਰਪੁਰਬ ਮੌਕੇ ਗੁਰਦੁਆਰਾ ਸਾਹਿਬਾਨਾਂ ’ਚ ਸੰਗਤ ਨੇ ਗੁਰਬਾਣੀ ਕੀਰਤਨ ਸੁਣਿਆ ਅਤੇ ਆਪਣਾ ਜੀਵਨ ਸਫਲਾ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁੰਦਰ ਜਲੌਅ ਵੀ ਸਜਾਏ ਗਏ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਲਿਆ ਹੈ। 

ਪ੍ਰਕਾਸ਼ ਪੁਰਬ ਮੌਕੇ ਸ੍ਰੀ ਨਨਕਾਣਾ ਸਾਹਿਬ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ

ਨਨਕਾਣਾ ਸਾਹਿਬ/ਬਿਊਰੋ ਨਿਊਜ਼ 

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਏ ਗਏ ਇਸ ਨਗਰ ਕੀਰਤਨ ਵਿਚ ਵੱਡੀ ਗਿਣਤੀ ਸੰਗਤ ਨੇ ਹਿੱਸਾ ਲਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਤੇ ਸੂਬਾਈ ਸਿੱਖ ਮੰਤਰੀ ਰਮੇਸ਼ ਸਿੰਘ ਅਰੋੜਾ ਵੀ ਇਸ ਨਗਰ ਕੀਰਤਨ ਵਿਚ ਸ਼ਾਮਲ ਰਹੇ। ਇਹ ਨਗਰ ਕੀਰਤਨ ਵਿਸ਼ੇਸ਼ ਤੌਰ ਉਤੇ ਵਿਛਾਏ ਰੈੱਡ ਕਾਰਪੈਟ ਉਤੇ ਚਲਦਾ ਹੋਇਆ ਅਤੇ ਸ੍ਰੀ ਨਨਕਾਣਾ ਸਾਹਿਬ ਦੇ ਮੁੱਖ ਬਾਜ਼ਾਰ ਵਿਚੋਂ ਗੁਜ਼ਰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਜਨਮ ਅਸਥਾਨ ਵਿਖੇ ਪਹੁੰਚ ਕੇ ਸੰਪਨ ਹੋਇਆ। 

ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੱਡਾ ਸਿਆਸੀ ਝਟਕਾ

ਵਾਸ਼ਿੰਗਟਨ/ਬਿਊਰੋ ਨਿਊਜ਼  

ਅਮਰੀਕਾ ’ਚ ਡੈਮੋਕਰੇਟਿਕ ਪਾਰਟੀ ਦੇ ਆਗੂ ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਸਿਟੀ ਦੇ ਮੇਅਰ ਦੀ ਚੋਣ ਜਿੱਤ ਲਈ ਹੈ ਅਤੇ ਇਹ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਇਕ ਵੱਡਾ ਸਿਆਸੀ ਝਟਕਾ ਦੱਸਿਆ ਜਾ ਰਿਹਾ ਹੈ। ਭਾਰਤੀ ਮੂਲ ਦੇ ਜ਼ੋਹਰਾਨ ਮਮਦਾਨੀ ਅਮਰੀਕਾ ਦੇ ਸਭ ਤੋਂ ਵੱਡੇ ਸ਼ਹਿਰ ਦੇ ਪਹਿਲੇ ਮੁਸਲਿਮ ਮੇਅਰ ਹੋਣਗੇ। ਮਮਦਾਨੀ ਨੇ ਸਾਬਕਾ ਗਵਰਨਰ ਐਂਡਰਿਊ ਕਿਊਮੋ ਨੂੰ ਹਰਾਇਆ ਹੈ ਅਤੇ ਟਰੰਪ ਨੇ ਵੀ ਅਧਿਕਾਰਤ ਤੌਰ ’ਤੇ ਕਿਊਮੋ ਦੀ ਖੁੱਲ੍ਹ ਕੇ ਹਮਾਇਤ ਕੀਤੀ ਸੀ। ਟਰੰਪ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਜੇਕਰ ਡੈਮੋਕਰੇਟਿਕ ਉਮੀਦਵਾਰ ਮਮਦਾਨੀ ਮੇਅਰ ਦੀ ਚੋਣ ਜਿੱਤਦਾ ਹੈ ਤਾਂ ਇਹ ਨਿਊਯਾਰਕ ਲਈ ਆਰਥਿਕ ਤੇ ਸਮਾਜਿਕ ਤਬਾਹੀ ਵਰਗਾ ਹੋਵੇਗਾ ਅਤੇ ਸ਼ਹਿਰ ਦੀ ਹੋਂਦ ਲਈ ਖਤਰਾ ਖੜ੍ਹਾ ਹੋ ਜਾਵੇਗਾ। ਉਧਰ ਦੂਜੇ ਪਾਸੇ ਵਰਜੀਨੀਆ ਵਿਚ ਡੈਮਕੋਰੇਟ ਅਬੀਗੈਲ ਸਪੈਨਬਰਗ ਨੇ ਗਵਰਨਰ ਦੀ ਚੋਣ ਅਸਾਨੀ ਨਾਲ ਜਿੱਤ ਲਈ ਹੈ ਅਤੇ ਉਹ ਵਰਜੀਨੀਆ ਦੇ ਪਹਿਲੇ ਮਹਿਲਾ ਗਵਰਨਰ ਹੋਣਗੇ।

 

ਟੌਕਸੀਕੋਲੋਜੀ ਟੈਸਟ ਤੋਂ ਬਾਅਦ ਹੋਇਆ ਖੁਲਾਸਾ  

ਸਾਨ ਫਰਾਂਸਿਸਕੋ/ਬਿਊਰੋ ਨਿਊਜ਼

ਅਮਰੀਕਾ ਦੇ ਕੈਲੀਫੋਰਨੀਆ ਵਿਚ ਪਿਛਲੇ ਦਿਨੀਂ ਵਾਪਰੇ ਭਿਆਨਕ ਸੜਕ ਹਾਦਸੇ ਨੂੰ ਲੈ ਕੇ ਇਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਯੂਬਾ ਸਿਟੀ ਦੇ 21 ਸਾਲਾ ਨਿਵਾਸੀ ਜਸ਼ਨਪ੍ਰੀਤ ਸਿੰਘ ਨੂੰ ਲੰਘੀ 21 ਅਕਤੂਬਰ ਨੂੰ ਸ਼ਰਾਬ ਪੀ ਗੱਡੀ ਚਲਾਉਣ ਦੇ ਸ਼ੱਕ ਵਿਚ ਗਿ੍ਰਫਤਾਰ ਕੀਤਾ ਗਿਆ ਸੀ। ਅਮਰੀਕੀ ਅਧਿਕਾਰੀਆਂ ਨੇ ਇਸ ਮਾਮਲੇ ਵਿਚ ਹੁਣ ਅਹਿਮ ਖੁਲਾਸਾ ਕਰਦੇ ਹੋਏ ਕਿਹਾ ਹੈ ਕਿ ਭਾਰਤੀ ਮੂਲ ਦਾ ਟਰੱਕ ਡਰਾਈਵਰ ਹਾਦਸੇ ਦੇ ਸਮੇਂ ਨਸ਼ੇ ਵਿਚ ਨਹੀਂ ਸੀ। ਟੌਕਸੀਕੋਲੋਜੀ ਰਿਪੋਰਟਾਂ ਤੋਂ ਬਾਅਦ ਜਸ਼ਨਪ੍ਰੀਤ ਸਿੰਘ ਦੇ ਖੂਨ ਵਿਚ ਜਾਂਚ ਕੀਤੇ ਗਏ ਕਿਸੇ ਵੀ ਨਸ਼ੀਲੇ ਪਦਾਰਥ ਦੀ ਪੁਸ਼ਟੀ ਨਹੀਂ ਹੋਈ। ਜ਼ਿਕਰਯੋਗ ਹੈ ਕਿ ਜਸ਼ਨਪ੍ਰੀਤ ਸਿੰਘ ਨੂੰ ਨਸ਼ੀਲੇ ਪਦਾਰਥਾਂ ਦੇ ਪ੍ਰਭਾਵ ਹੇਠ ਗੱਡੀ ਚਲਾਉਣ ਅਤੇ ਵਾਹਨ ਨਾਲ ਕਤਲ ਦੇ ਸ਼ੱਕ ਵਿਚ ਗਿ੍ਰਫਤਾਰ ਕਰਕੇ ਉਸ ’ਤੇ ਮੁਕੱਦਮਾ ਦਰਜ ਕੀਤਾ ਗਿਆ ਸੀ। ਇਸ ਹਾਦਸੇ ਵਿਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਚਾਰ ਵਿਅਕਤੀ ਜ਼ਖ਼ਮੀ ਹੋ ਗਏ ਸਨ। ਜਸ਼ਨਪ੍ਰੀਤ ਸਿੰਘ ਦੇ ਪੰਜਾਬ ਰਹਿੰਦੇ ਮਾਪਿਆਂ ਦਾ ਇਹ ਦਾਅਵਾ ਸਹੀ ਸੀ ਕਿ ਉਨ੍ਹਾਂ ਦਾ ਪੁੱਤਰ ਕੋਈ ਨਸ਼ਾ ਨਹੀ ਕਰਦਾ। 

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.