Thursday, 11 June 2026

ਇਸਲਾਮਾਬਾਦ/ਬਿਊਰੋ ਨਿਊਜ਼ 

ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ ਇਕ ਸਥਾਨਕ ਅਦਾਲਤ ਦੇ ਬਾਹਰ ਆਤਮਘਾਤੀ ਬੰਬ ਧਮਾਕਾ ਹੋਇਆ। ਇਸ ਧਮਾਕੇ ਵਿਚ 12 ਵਿਅਕਤੀਆਂ ਦੀ ਮੌਤ ਹੋ ਗਈ ਅਤੇ 30 ਦੇ ਕਰੀਬ ਵਿਅਕਤੀ ਜ਼ਖ਼ਮੀ ਦੱਸੇ ਜਾ ਰਹੇ ਹਨ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਧਮਾਕਾ ਇਸਲਾਮਾਬਾਦ ਜ਼ਿਲ੍ਹਾ ਅਦਾਲਤ ਦੇ ਐਂਟਰੀ ਪੁਆਇੰਟ ਨੇੜੇ ਹੋਇਆ, ਜਿੱਥੇ ਆਮ ਤੌਰ ’ਤੇ ਵੱਡੀ ਗਿਣਤੀ ਵਿਚ ਲੋਕਾਂ ਦੀ ਭੀੜ ਰਹਿੰਦੀ ਹੈ। ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਧਮਾਕਾ ਅਦਾਲਤ ਦੀ ਪਾਰਕਿੰਗ ਵਿਚ ਖੜ੍ਹੀ ਗੱਡੀ ਵਿਚ ਹੋਇਆ ਹੈ। ਇਸ ਧਮਾਕੇ ਨਾਲ ਕਈ ਵਾਹਨ ਨੁਕਸਾਨੇ ਗਏ ਹਨ। ਪੁਲਿਸ ਨੇ ਇਸ ਨੂੰ ਆਤਮਘਾਤੀ ਹਮਲਾ ਦੱਸਿਆ ਹੈ। ਪਾਕਿਸਤਾਨ ਪੁਲਿਸ ਇਸ ਆਤਮਘਾਤੀ ਹਮਲੇ ਦੀ ਜਾਂਚ ਕਰ ਰਹੀ ਹੈ। 

ਸਿਆਸੀ ਵਿਰੋਧੀਆਂ ਨੇ ਘੇਰੀ ਪੰਜਾਬ ਸਰਕਾਰ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ, ਜੋ ਲੰਘੇ ਸਤੰਬਰ ਮਹੀਨੇ ਤੋਂ ਫਰਾਰ ਸੀ, ਉਹ ਆਸਟਰੇਲੀਆ ਦੇ ਐਡੀਲੇਡ ਤੋਂ ਸਾਹਮਣੇ ਆਇਆ ਹੈ। ਧਿਆਨ ਰਹੇ ਕਿ ਪੰਜਾਬ ਪੁਲਿਸ ਵਲੋਂ ਪਠਾਨਮਾਜਰਾ ਦੀ ਜਬਰ ਜਨਾਹ ਅਤੇ ਧੋਖਾਧੜੀ ਦੇ ਮਾਮਲੇ ਵਿਚ ਭਾਲ ਕੀਤੀ ਜਾ ਰਹੀ ਹੈ। ਪਠਾਨਮਾਜਰਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ’ਤੇ ਲੱਗੇ ਇਲਜ਼ਾਮ ਇਕ ਸਿਆਸੀ ਸਾਜਿਸ਼ ਦਾ ਹਿੱਸਾ ਹਨ। ਪਠਾਨਮਾਜਰਾ ਨੇ ਕਿਹਾ ਕਿ ਉਹ ਜ਼ਮਾਨਤ ਮਿਲਣ ਤੋਂ ਬਾਅਦ ਭਾਰਤ ਵਾਪਸ ਪਰਤ ਆਉਣਗੇ। ਦੱਸਣਯੋਗ ਹੈ ਕਿ ਪੁਲਿਸ 2 ਸਤੰਬਰ ਤੋਂ ਪਠਾਨਮਾਜਰਾ ਦੀ ਭਾਲ ਕਰ ਰਹੀ ਹੈ। ਅਦਾਲਤ ਵਿਚ ਪੇਸ਼ ਨਾ ਹੋਣ ਤੋਂ ਬਾਅਦ ਪਟਿਆਲਾ ਦੀ ਇਕ ਅਦਾਲਤ ਨੇ ਪਠਾਨਮਾਜਰਾ ਨੂੰ ਭਗੌੜਾ ਕਰਾਰ ਦਿੱਤਾ ਹੋਇਆ ਹੈ। ਆਸਟਰੇਲੀਆ ਵਿਚ ਪਠਾਨਮਾਜਰਾ ਦੀ ਮੌਜੂਦਗੀ ਨੇ ਸਿਆਸੀ ਵਿਰੋਧੀ ਪਾਰਟੀਆਂ ਨੂੰ ਸਵਾਲ ਚੁੱਕਣ ਲਈ ਨਵਾਂ ਮੁੱਦਾ ਦੇ ਦਿੱਤਾ ਹੈ। ਇਸੇ ਦੌਰਾਨ ਵਿਰੋਧੀ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਵੀ ਵਿਧਾਇਕ ਪਠਾਨਮਾਜਰਾ ਦੀ ਰਾਖੀ ਕਰਨ ਦਾ ਆਰੋਪ ਲਗਾਇਆ ਹੈ।

ਕਿਹਾ : ਅਮਰੀਕੀਆਂ ਨੂੰ ਟੈਰਿਫ ਮਾਲੀਏ ’ਚੋਂ ਦਿਆਂਗੇ ਲਾਭ

ਵਾਸ਼ਿੰਗਟਨ/ਬਿਊਰੋ ਨਿਊਜ਼ 

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਟੈਰਿਫ ਨੀਤੀ ਦਾ ਬਚਾਅ ਕਰਦੇ ਹੋਏ ਇਸਦਾ ਵਿਰੋਧ ਕਰਨ ਵਾਲਿਆਂ ਨੂੰ ‘ਮੂਰਖ’ ਦੱਸਿਆ। ਟਰੰਪ ਨੇ ਦਾਅਵਾ ਕੀਤਾ ਹੈ ਕਿ ਟੈਰਿਫ ਨੇ ਅਮਰੀਕਾ ਨੂੰ ਵਿਸ਼ਵ ਦਾ ਸਭ ਤੋਂ ਅਮੀਰ ਅਤੇ ਸਤਿਕਾਰਤ ਦੇਸ਼ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਚ ਆਮਦਨ ਵਾਲੇ ਵਿਅਕਤੀਆਂ ਨੂੰ ਛੱਡ ਕੇ ਟੈਰਿਫ ਮਾਲੀਏ ਵਿਚੋਂ ਘੱਟੋ-ਘੱਟ 2 ਹਜ਼ਾਰ ਡਾਲਰ ਅਮਰੀਕਾ ਦੇ ਹਰ ਇਕ ਵਾਸੀ ਨੂੰ ਦਿੱਤਾ ਜਾਵੇਗਾ। ਟਰੰਪ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਟੈਰਿਫ ਤੋਂ ‘ਖਰਬਾਂ’ ਡਾਲਰ ਲੈ ਰਿਹਾ ਹੈ ਅਤੇ ਅਮਰੀਕਾ ਜਲਦੀ ਹੀ ਆਪਣੇ ਵੱਡੇ ਕਰਜ਼ੇ 37 ਟਿ੍ਰਲੀਅਨ ਡਾਲਰ ਦਾ ਭੁਗਤਾਨ ਕਰਨਾ ਸ਼ੁਰੂ ਕਰ ਦੇਵੇਗਾ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਵਿਚ ਰਿਕਾਰਡ ਨਿਵੇਸ਼ ਆ ਰਿਹਾ ਹੈ ਅਤੇ ਹਰ ਥਾਂ ਪਲਾਟ ਅਤੇ ਫੈਕਟਰੀਆਂ ਵਧ ਰਹੀਆਂ ਹਨ। ਇਹ ਵੀ ਦੱਸਣਯੋਗ ਹੈ ਕਿ ਡੋਨਾਲਡ ਟਰੰਪ ਨੇ ਲੰਘੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧੀਆ ਇਨਸਾਨ ਦੱਸਿਆ ਸੀ। 

ਟਰੰਪ ਨੇ ਫਿਰ ਪੀਐਮ ਨਰਿੰਦਰ ਮੋਦੀ ਨੂੰ ਦੱਸਿਆ ਚੰਗਾ ਇਨਸਾਨ

ਵਾਸ਼ਿੰਗਟਨ/ਬਿਊਰੋ ਨਿਊਜ਼    

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਅਗਲੇ ਸਾਲ ਭਾਰਤ ਜਾ ਸਕਦੇ ਹਨ। ਟਰੰਪ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਗੱਲਬਾਤ ਬਹੁਤ ਵਧੀਆ ਚੱਲ ਰਹੀ ਹੈ ਅਤੇ ਦੋਵੇਂ ਦੇਸ਼ਾਂ ਭਾਰਤ ਅਤੇ ਅਮਰੀਕਾ ਵਿਚਾਲੇ ਵਪਾਰ ਸਮਝੌਤੇ ’ਤੇ ਚਰਚਾ ਵੀ ਅੱਗੇ ਵਧ ਰਹੀ ਹੈ। ਵਾਈਟ ਹਾਊਸ ਦੇ ਓਵਲ ਦਫਤਰ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਦੋਸਤ ਅਤੇ ਚੰਗਾ ਇਨਸਾਨ ਦੱਸਿਆ ਹੈ। ਜਦੋਂ ਮੀਡੀਆ ਨੇ ਟਰੰਪ ਕੋਲੋਂ ਪੁੱਛਿਆ ਕਿ ਕੀ ਉਹ ਅਗਲੇ ਸਾਲ ਭਾਰਤ ਜਾਣਗੇ ਤਾਂ ਟਰੰਪ ਨੇ ਹੱਸਦੇ ਹੋਏ ਕਿਹਾ ਕਿ ਹੋ ਸਕਦਾ ਹੈ। ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਨੇ ਫਿਰ ਦਾਅਵਾ ਕੀਤਾ ਕਿ ਉਨ੍ਹਾਂ ਨੇ ਭਾਰਤ-ਪਾਕਿਸਤਾਨ ਯੁੱਧ ਨੂੰ ਟੈਰਿਫ ਦਾ ਡਰ ਦਿਖਾ ਕੇ ਰੋਕ ਦਿੱਤਾ ਸੀ। ਉਨ੍ਹਾਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੋਵੇਂ ਪ੍ਰਮਾਣੂ ਦੇਸ਼ ਹਨ ਅਤੇ ਇਹ ਦੋਵੇਂ ਯੁੱਧ ਦੀ ਕਗਾਰ ’ਤੇ ਸਨ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.