Thursday, 11 June 2026

ਡੀ.ਜੀ.ਸੀ.ਏ. ਜਲਦ ਲਿਆ ਸਕਦਾ ਹੈ ਹਵਾਈ ਯਾਤਰਾ ਦੇ ਨਵੇਂ ਨਿਯਮ

ਨਵੀਂ ਦਿੱਲੀ/ਬਿਊਰੋ ਨਿਊਜ਼ 

ਹਵਾਈ ਯਾਤਰੀ ਹੁਣ ਟਿਕਟ ਬੁਕਿੰਗ ਦੇ 48 ਘੰਟਿਆਂ ਦੇ ਅੰਦਰ-ਅੰਦਰ ਬਿਨਾ ਕਿਸੇ ਵਾਧੂ ਖਰਚੇ ਦੇ ਆਪਣੀਆਂ ਟਿਕਟਾਂ ਰੱਦ ਕਰਾ ਸਕਣਗੇ ਅਤੇ ਟਿਕਟ ਬਦਲ ਵੀ ਸਕਣਗੇ। ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਇਨ੍ਹਾਂ ਨਿਯਮਾਂ ਨੂੰ ਪੇਸ਼ ਕਰਨ ਲਈ ਇਕ ਖਰੜਾ ਜਾਰੀ ਕੀਤਾ ਹੈ। ਡੀਜੀਸੀਏ ਨੇ ਇਸ ਸਬੰਧੀ ਲੋਕਾਂ ਕੋਲੋਂ ਸੁਝਾਅ ਮੰਗੇ ਹਨ ਅਤੇ ਜੇਕਰ ਸਭ ਠੀਕ ਰਿਹਾ ਤਾਂ ਜਲਦ ਹੀ ਇਸ ਸਬੰਧੀ ਨਿਯਮ ਬਣ ਜਾਵੇਗਾ। ਇਹ ਨਿਯਮ ਕਦੋਂ ਤੋਂ ਲਾਗੂ ਹੋਣਗੇ, ਇਸ ਸਬੰਧੀ ਅਜੇ ਤੱਕ ਤੈਅ ਨਹੀਂ ਹੋਇਆ ਹੈ। ਧਿਆਨ ਰਹੇ ਕਿ ਫਿਲਹਾਲ ਭਾਰਤ ਵਿਚ ਏਅਰ ਟਿਕਟ ਕੈਂਸੀਲੇਸ਼ਨ ਦੇ ਲਈ ਕੋਈ ਵੀ ਸਟੈਂਡਰਡ 48 ਘੰਟੇ ਦਾ ਗਰੇਸ ਪੀਰੀਅਡ ਨਹੀਂ ਹੈ। ਜ਼ਿਆਦਾਤਰ ਏਅਰਲਾਈਨਜ਼ ਆਪਣੀ ਪਾਲਿਸੀ ਮੁਤਾਬਕ ਹੀ ਫੀਸ ਲਗਾਉਂਦੀਆਂ ਹਨ। ਇਨ੍ਹਾਂ ਕੰਪਨੀਆਂ ਦਾ ਰਿਫੰਡ ਪ੍ਰੋਸੈਸ ਵੀ ਧੀਮਾ ਹੈ ਅਤੇ ਇਸ ਨਾਲ ਯਾਤਰੀਆਂ ਨੂੰ ਪਰੇਸ਼ਾਨੀ ਹੁੰਦੀ ਹੈ। 

ਇੰਗਲਿਸ਼ ਸਪੀਕਿੰਗ ਟੈਸਟ ਕੀਤਾ ਗਿਆ ਲਾਜ਼ਮੀ

ਨਵੀਂ ਦਿੱਲੀ/ਬਿਊਰੋ ਨਿਊਜ਼

ਅਮਰੀਕਾ ਵਿਚ ਡਰਾਈਵਿੰਗ ਸਕਿਲ ਦੇ ਅਧਾਰ ’ਤੇ ਨੌਕਰੀ ਦੀ ਤਲਾਸ਼ ਵਿਚ ਗਏ ਪੰਜਾਬੀ ਨੌਜਵਾਨਾਂ ’ਤੇ ਡੋਨਾਲਡ ਟਰੰਪ ਸਰਕਾਰ ਨੇ ਸਖਤੀ ਕਰ ਦਿੱਤੀ ਹੈ। ਅਮਰੀਕਾ ਵਿਚ ਟਰੱਕ ਚਲਾਉਣ ਵਾਲੇ ਨੌਜਵਾਨਾਂ ਲਈ ਇੰਗਲਿਸ਼ ਸਪੀਕਿੰਗ ਟੈਸਟ ਜ਼ਰੂਰੀ ਕਰ ਦਿੱਤਾ ਗਿਆ ਹੈ ਅਤੇ ਇਸਦੇ ਲਈ ਹੁਣ ਟੈਸਟ ਵੀ ਲਏ ਜਾ ਰਹੇ ਹਨ। ਪੰਜਾਬ ਦੇ ਟਰੱਕ ਡਰਾਈਵਰਾਂ ਕੋਲੋਂ ਹੋਏ ਹਾਦਸਿਆਂ ਤੋਂ ਬਾਅਦ ਟਰੰਪ ਸਰਕਾਰ ਨੇ ਨਵਾਂ ਨਿਯਮ ਲਾਗੂ ਕਰ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਔਨ ਰੋਡ ਟਰੱਕ ਡਰਾਈਵਰਾਂ ਨੂੰ ਰੋਕ ਕੇ ਵੀ ਇੰਗਲਿਸ਼ ਸਪੀਕਿੰਗ ਟੈਸਟ ਲੈ ਰਹੀ ਹੈ। ਇਸ ਟੈਸਟ ਵਿਚ ਹੁਣ ਤੱਕ ਗੈਰ-ਅਮਰੀਕੀ 7 ਹਜ਼ਾਰ ਤੋਂ ਜ਼ਿਆਦਾ ਟਰੱਕ ਡਰਾਈਵਰ ਫੇਲ੍ਹ ਵੀ ਹੋ ਚੁੱਕੇ ਹਨ ਅਤੇ ਇਨ੍ਹਾਂ ਦੇ ਲਾਇਸੈਂਸ ਵੀ ਰੱਦ ਕਰ ਦਿੱਤੇ ਗਏ ਹਨ। ਇਸ ਸਬੰਧੀ ਅਮਰੀਕਾ ਦੇ ਟਰਾਂਸਪੋਰਟ ਸੈਕਟਰੀ ਸੀਨ ਡਫੀ ਦਾ ਕਹਿਣਾ ਹੈ ਕਿ ਅਮਰੀਕੀ ਟਰਾਂਸਪੋਰਟ ਲਾਅ ਵਿਚ ਸਾਰੇ ਟਰੱਕ ਡਰਾਈਵਰਾਂ ਦੇ ਲਈ ਅੰਗਰੇਜ਼ੀ ਵਿਚ ਟਰੈਫਿਕ ਸਾਈਨ ਪੜ੍ਹਨਾ ਅਤੇ ਅੰਗਰੇਜ਼ੀ ਬੋਲਣਾ ਜ਼ਰੂਰੀ ਹੈ। ਦੱਸਣਯੋਗ ਹੈ ਕਿ ਇਸ ਸਮੇਂ ਅਮਰੀਕਾ ਵਿਚ ਡੇਢ ਲੱਖ ਦੇ ਕਰੀਬ ਪੰਜਾਬੀ ਡਰਾਈਵਰ ਹਨ।   

ਹਫਤੇ ਵਿਚ ਤਿੰਨ ਦਿਨ ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਨੂੰ ਚਲੇਗੀ ਇਹ ਉਡਾਨ

ਅੰਮਿ੍ਰਤਸਰ/ਬਿਊਰੋ ਨਿਊਜ਼

ਕਰੀਬ ਪੰਜ ਮਹੀਨਿਆਂ ਦੇ ਵਕਫੇ ਤੋਂ ਬਾਅਦ ਅੰਮਿ੍ਰਤਸਰ ਨੇ ਇਕ ਵਾਰ ਫਿਰ ਯੂਨਾਈਟਿਡ ਕਿੰਗਡਮ ਨਾਲ ਸਿੱਧੀ ਹਵਾਈ ਕਨੈਕਟੀਵਿਟੀ ਹਾਸਲ ਕਰ ਲਈ ਹੈ। ਏਅਰ ਇੰਡੀਆ ਨੇ ਆਪਣੀ ਅੰਮਿ੍ਰਤਸਰ-ਲੰਡਨ ਗੈਟਵਿਕ ਸੇਵਾ ਮੁੜ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਇਹ ਸੇਵਾ 12 ਜੂਨ ਨੂੰ ਅਹਿਮਦਾਬਾਦ ਵਿਚ ਹੋਏ ਏਅਰ ਇੰਡੀਆ ਦੇ ਦੁਖਦਾਈ ਹਾਦਸੇ ਤੋਂ ਬਾਅਦ ਮੁਅੱਤਲ ਕਰ ਦਿੱਤੀ ਗਈ ਸੀ। ਇਹ ਉਡਾਣ ਪੰਜਾਬ ਅਤੇ ਯੂਕੇ ਵਿਚ ਵਸਦੇ ਪਰਵਾਸੀ ਭਾਈਚਾਰੇ ਵਿਚਕਾਰ ਨਵੇਂ ਸਿਰੇ ਤੋਂ ਸਬੰਧਾਂ ਦਾ ਪ੍ਰਤੀਕ ਹੈ। ਅੰਮਿ੍ਰਤਸਰ-ਲੰਡਨ ਗੈਟਵਿਕ ਉਡਾਣ ਹਫਤੇ ਵਿਚ ਤਿੰਨ ਦਿਨ ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਨੂੰ ਚਲੇਗੀ। ਇਹ ਵੀ ਦੱਸਿਆ ਗਿਆ ਹੈ ਕਿ ਏਅਰ ਇੰਡੀਆ ਹਫਤੇ ਵਿਚ ਤਿੰਨ ਦਿਨ ਆਪਣੀ ਅੰਮਿ੍ਰਤਸਰ-ਬਰਮਿੰਘਮ ਸੇਵਾ ਵੀ ਜਾਰੀ ਰੱਖੇਗੀ, ਜਿਸ ਨਾਲ ਪੰਜਾਬ ਅਤੇ ਯੂਨਾਈਟਿਡ ਕਿੰਗਡਮ ਵਿਚਾਲੇ ਹਵਾਈ ਕਨੈਕਟੀਵਿਟੀ ਹੋਰ ਮਜ਼ਬੂਤ ਹੋਵੇਗੀ। 

ਡੋਨਾਲਡ ਟਰੰਪ ਨੇ ਚੀਨ ’ਤੇ ਟੈਰਿਫ 10 ਫੀਸਦੀ ਘਟਾਇਆ

ਵਾਸ਼ਿੰਗਟਨ/ਬਿਊਰੋ ਨਿਊਜ਼

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਵਿਚਕਾਰ ਸਾਊਥ ਕੋਰੀਆ ਦੇ ਬੁਸਾਨ ਵਿਚ ਏਅਰਪੋਰਟ ’ਤੇ ਹੋਈ ਬੈਠਕ ਵਿਚ ਟਰੇਡ ਡੀਲ ਪੂਰੀ ਹੋ ਗਈ ਹੈ। ਹਾਲਾਂਕਿ ਇਸ ਡੀਲ ’ਤੇ ਦਸਤਖਤ ਹੋਣੇ ਬਾਕੀ ਹਨ। ਟਰੰਪ ਨੇ ਇਹ ਜਾਣਕਾਰੀ ਸਾਊਥ ਕੋਰੀਆ ਤੋਂ ਅਮਰੀਕਾ ਜਾਂਦੇ ਸਮੇਂ ਜਹਾਜ਼ ਵਿਚ ਹੀ ਮੀਡੀਆ ਨਾਲ ਗੱਲਬਾਤ ਕਰਦਿਆਂ ਦਿੱਤੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਚੀਨ ’ਤੇ 10 ਫੀਸਦੀ ਟੈਰਿਫ ਘੱਟ ਕਰ ਦਿੱਤਾ ਗਿਆ ਹੈ। ਬਦਲੇ ਵਿਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਮਰੀਕਾ ਤੋਂ ਵੱਡੀ ਮਾਤਰਾ ਵਿਚ ਸੋਇਆਬੀਨ ਖਰੀਦਣ ’ਤੇ ਤਿਆਰ ਹੋਏ ਹਨ। ਟਰੰਪ ਨੇ ਕਿਹਾ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਸਾਊਥ ਕੋਰੀਆ ਦੇ ਬੁਸਾਨ ਵਿਚ ਕਰੀਬ ਡੇਢ ਘੰਟਾ ਮੀਟਿੰਗ ਹੋਈ ਹੈ। ਮੁਲਾਕਾਤ ਦੌਰਾਨ ਟਰੰਪ ਅਤੇ ਜਿਨਪਿੰਗ ਨੇ ਹੱਥ ਮਿਲਾ ਕੇ ਇਕ ਦੂਜੇ ਦਾ ਸਵਾਗਤ ਕੀਤਾ। ਦੱਸਣਯੋਗ ਹੈ ਕਿ ਟਰੰਪ ਅਤੇ ਜਿਨਪਿੰਗ 6 ਸਾਲਾਂ ਬਾਅਦ ਮਿਲੇ ਹਨ।  ਇਸ ਤੋਂ ਪਹਿਲਾਂ ਇਨ੍ਹਾਂ ਦੋਵਾਂ ਦੀ ਮੁਲਾਕਾਤ 2019 ਵਿਚ ਹੋਈ ਸੀ। 

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.