Thursday, 11 June 2026

ਭਾਰਤ-ਅਮਰੀਕਾ ਵਿਚਾਲੇ ਵਪਾਰਕ ਸਮਝੌਤਾ ਜਲਦੀ ਸਿਰੇ ਚੜ੍ਹਨ ਦਾ ਦਿੱਤਾ ਸੰਕੇਤ

ਨਵੀਂ ਦਿੱਲੀ/ਬਿਊਰੋ ਨਿਊਜ਼     

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਸਭ ਤੋਂ ਵਧੀਆ ਦਿੱਖ ਵਾਲਾ ਅਤੇ ਮਜ਼ਬੂਤ ਵਿਅਕਤੀ ਦੱਸਿਆ ਹੈ। ਟਰੰਪ ਨੇ ਮੋਦੀ ਨੂੰ ‘ਕੀਲਣ ਵਾਲਾ’ ਅਤੇ ‘ਸਖਤ’ ਆਗੂ ਵੀ ਕਿਹਾ। ਟਰੰਪ ਨੇ ਦੋਵਾਂ ਮੁਲਕਾਂ ਭਾਰਤ ਅਤੇ ਅਮਰੀਕਾ ਦਰਮਿਆਨ ਜਲਦੀ ਹੀ ਇਕ ਵਪਾਰਕ ਸਮਝੌਤਾ ਸਿਰੇ ਚੜ੍ਹਨ ਦਾ ਸੰਕੇਤ ਵੀ ਦਿੱਤਾ। ਟਰੰਪ ਦੱਖਣੀ ਕੋਰੀਆ ’ਚ ਏਸ਼ੀਆ ਪੈਸੇਫਿਕ ਇਕਨੌਮਿਕ ਕੋਆਪਰੇਸ਼ਨ ਦੇ ਸੀ.ਈ.ਓਜ਼. ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਟਰੰਪ ਨੇ ਮੁੜ ਦਾਅਵਾ ਕੀਤਾ ਕਿ ਉਨ੍ਹਾਂ ਨੇ ਇਸੇ ਸਾਲ ਮਈ ਮਹੀਨੇ ਦੌਰਾਨ ਭਾਰਤ ਤੇ ਪਾਕਿਸਤਾਨ ਵਿਚਾਲੇ ਪ੍ਰਮਾਣੂ ਜੰਗ ਟਾਲਣ ਲਈ ਖੁਦ ਨਿੱਜੀ ਤੌਰ ’ਤੇ ਦਖ਼ਲ ਦਿੱਤਾ ਤੇ ਦੋਵਾਂ ਮੁਲਕਾਂ ਨੂੰ ਵਪਾਰ ਸਮਝੌਤੇ ਦੀ ਘੁਰਕੀ ਦਿੱਤੀ। ਟਰੰਪ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੇ ਨਿੱਜੀ ਦਖਲ ਨੇ ਦੋ ਪ੍ਰਮਾਣੂ  ਹਥਿਆਰਬੰਦ ਮੁਲਕਾਂ ਦਰਮਿਆਨ ਤਣਾਅ ਘਟਾਉਣ ਵਿੱਚ ਮਦਦ ਕੀਤੀ।

 

ਟਰੰਪ ਦੇ ਦਾਅਵੇ ’ਤੇ ਕਾਂਗਰਸ ਨੇ ਕੱਸਿਆ ਤਨਜ਼

ਜੈਰਾਮ ਰਮੇਸ਼ ਨੇ ਕਿਹਾ : ਸੁੰਗੜਿਆ ਹੋਇਆ 56 ਇੰਚ ਦਾ ਸੀਨਾ ਅਜੇ ਵੀ ਚੁੱਪ

ਨਵੀਂ ਦਿੱਲੀ/ਬਿਊਰੋ ਨਿਊਜ਼ 

ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਜੈਰਾਮ ਰਮੇਸ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਨਜ਼ ਕੱਸਿਆ ਹੈ। ਜੈਰਾਮ ਰਮੇਸ਼ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਾਅਵੇ ਸਬੰਧੀ ਗੱਲ ਕਰਦਿਆਂ ਕਿਹਾ ਕਿ ਸੁੰਗੜਿਆ ਹੋਇਆ 56 ਇੰਚ ਦਾ ਸੀਨਾ ਅਜੇ ਵੀ ਚੁੱਪ ਹੈ। ਕਾਂਗਰਸ ਆਗੂ ਦੀ ਇਹ ਟਿੱਪਣੀ ਉਸ ਸਮੇਂ ਆਈ ਹੈ ਜਦੋਂ ਟਰੰਪ ਨੇ ਇਸ ਗੱਲ ਨੂੰ ਦੁਹਰਾਇਆ ਕਿ ਉਨ੍ਹਾਂ ਨੇ ਵਪਾਰ ਦੀ ਵਰਤੋਂ ਕਰਕੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਸੰਘਰਸ਼ ਨੂੰ ਰੋਕਿਆ ਸੀ। ਕਾਂਗਰਸ ਪਾਰਟੀ ਦੇ ਮੀਡੀਆ ਇੰਚਾਰਜ ਜੈਰਾਮ ਰਮੇਸ਼ ਨੇ ‘ਐਕਸ’ ’ਤੇ ਟਰੰਪ ਦੇ ਜਪਾਨ ਅਤੇ ਬਾਅਦ ਵਿਚ ਦੱਖਣੀ ਕੋਰੀਆ ਵਿਚ ਦਿੱਤੇ ਭਾਸ਼ਣਾਂ ਦੀਆਂ ਵੀਡੀਓ ਕਲਿੱਪ ਵੀ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਵਿਚ ਟਰੰਪ ਨੇ ਵਪਾਰ ਦੀ ਵਰਤੋਂ ਕਰਕੇ ਭਾਰਤ-ਪਾਕਿਸਤਾਨ ਫੌਜੀ ਸੰਘਰਸ਼ ਨੂੰ ਰੋਕਣ ਦੇ ਆਪਣੇ ਦਾਅਵੇ ਨੂੰ ਮੁੜ ਦੁਹਰਾਇਆ ਹੈ।  

ਜਪਾਨ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਕੀਤਾ ਵਾਅਦਾ

ਟੋਕੀਓ/ਬਿਊਰੋ ਨਿਊਜ਼

ਅਮਰੀਕਾ ਦੇ ਪ੍ਰਧਾਨ ਮੰਤਰੀ ਡੋਨਾਲਡ ਟਰੰਪ ਨੇ ਟੋਕੀਓ ਦੇ ਅਕਾਸਾਕਾ ਪੈਲੇਸ ਵਿਖੇ ਜਪਾਨ ਦੀ ਨਵ-ਨਿਯੁਕਤ ਪ੍ਰਧਾਨ ਮੰਤਰੀ ਸਨਾਏ ਤਾਕਾਇਚੀ ਨਾਲ ਮੁਲਾਕਾਤ ਕੀਤੀ ਹੈ। ਟਰੰਪ ਨੇ ਜਪਾਨ ਨੂੰ ਅਮਰੀਕਾ ਦਾ ਸਭ ਤੋਂ ਮਜ਼ਬੂਤ ਸਹਿਯੋਗੀ ਦੱਸਿਆ ਅਤੇ ਜਪਾਨ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਵਾਅਦਾ ਕੀਤਾ ਹੈ। ਦੱਸਣਯੋਗ ਹੈ ਕਿ ਤਾਕਾਇਚੀ ਹਾਲ ਹੀ ਵਿਚ ਜਪਾਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣੀ ਹੈ। ਮੀਟਿੰਗ ਦੌਰਾਨ ਵਪਾਰ ਅਤੇ ਸੁਰੱਖਿਆ ਦੇ ਮੁੱਦਿਆਂ ’ਤੇ ਚਰਚਾ ਕੀਤੀ ਗਈ। ਇਸ ਮੌਕੇ ਤਾਕਾਇਚੀ ਨੇ ਐਲਾਨ ਕੀਤਾ ਕਿ ਜਪਾਨ ਅਗਲੇ ਸਾਲ ਅਮਰੀਕਾ ਦੀ 250ਵੀਂ ਵਰ੍ਹੇਗੰਢ ’ਤੇ 250 ਚੈਰੀ ਦੇ ਰੁੱਖ ਤੋਹਫੇ ਵਜੋਂ ਦੇਵੇਗਾ। ਜਪਾਨ ਦੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਗਲੇ ਸਾਲ ਟਰੰਪ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਵੀ ਸਿਫਾਰਸ਼ ਕਰਾਂਗੇ।

ਚੰਡੀਗੜ੍ਹ/ਬਿਊਰੋ ਨਿਊਜ਼ 

ਅਮਰੀਕਾ ਦੇ ਕੈਲੀਫੋਰਨੀਆ ਵਿਖੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ 3 ਵਿਅਕਤੀਆਂ ਦੀ ਜਾਨ ਚਲੇ ਗਈ ਹੈ। ਇਸੇ ਦੌਰਾਨ ਯੂਬਾ ਸਿਟੀ ਦੇ 21 ਸਾਲਾ ਭਾਰਤੀ ਮੂਲ ਦੇ ਟਰੱਕ ਡਰਾਈਵਰ ਜਸ਼ਨਪ੍ਰੀਤ ਸਿੰਘ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ। ਇਹ ਹਾਦਸਾ ਕੈਲੀਫੋਰਨੀਆ ਦੇ 10 ਫ੍ਰੀਵੇਅ ’ਤੇ ਵਾਪਰਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਜਸ਼ਨਪ੍ਰੀਤ ਸਿੰਘ ਤੇਜ਼ ਰਫਤਾਰ ਨਾਲ ਟਰੱਕ ਚਲਾ ਰਿਹਾ ਸੀ ਅਤੇ ਉਸਦੇ ਟਰੱਕ ਦੀ ਹੋਰ ਵਾਹਨਾਂ ਨਾਲ ਟੱਕਰ ਹੋ ਗਈ। ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਫਲੋਰੀਡਾ ਵਿਚ ਵੀ ਇਕ ਪੰਜਾਬੀ ਟਰੱਕ ਡਰਾਈਵਰ ਨੇ ਗਲਤ ਯੂਟਰਨ ਲੈ ਲਿਆ ਸੀ, ਜਿਸ ਕਾਰਨ ਪਿੱਛੇ ਤੋਂ ਆ ਰਹੀ ਇਕ ਗੱਡੀ ਟਰੱਕ ਵਿਚ ਆ ਵੱਜੀ ਸੀ। ਇਸ ਹਾਦਸੇ ਵਿਚ ਵੀ 3 ਵਿਅਕਤੀਆਂ ਦੀ ਜਾਨ ਚਲੇ ਗਈ ਸੀ। ਇਹ ਹਾਦਸਾ ਅੰਤਰਰਾਸ਼ਟਰੀ ਪੱਧਰ ’ਤੇ ਵੀ ਚਰਚਾ ਦਾ ਵਿਸ਼ਾ ਬਣਿਆ ਰਿਹਾ, ਜਿਸ ਤੋਂ ਬਾਅਦ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਡਰਾਈਵਿੰਗ ਲਾਇਸੈਂਸ ਦੇਣ ਦੇ ਨਿਯਮਾਂ ਨੂੰ ਹੋਰ ਜ਼ਿਆਦਾ ਸਖਤ ਕਰ ਦਿੱਤਾ ਸੀ। 

 

ਭਾਰਤ ’ਤੇ ਲੱਗ ਸਦਕਾ ਹੈ 50 ਨਹੀਂ 15 ਫੀਸਦੀ ਅਮਰੀਕੀ ਟੈਰਿਫ

ਨਵੀਂ ਦਿੱਲੀ/ਬਿਊਰੋ ਨਿਊਜ਼ 

ਭਾਰਤ ਅਤੇ ਅਮਰੀਕਾ ਵਿਚਾਲੇ ਜਲਦ ਹੀ ਟਰੇਡ ਡੀਲ ਹੋਣ ਦੇ ਆਸਾਰ ਹਨ। ਮੀਡੀਆ ਰਿਪੋਰਟਾਂ ਮੁਤਾਬਕ ਭਾਰਤ ਦੀਆਂ ਚੋਣਵੀਆਂ ਵਸਤੂਆਂ ’ਤੇ ਲੱਗਣ ਵਾਲਾ 50 ਫੀਸਦੀ ਟੈਰਿਫ ਘਟ ਕੇ 15 ਫੀਸਦੀ ਹੋ ਸਕਦਾ ਹੈ। ਅਮਰੀਕੀ ਮਾਹਿਰ ਦਾਅਵਾ ਕਰ ਰਹੇ ਹਨ ਕਿ ਭਾਰਤ ਹੌਲੀ-ਹੌਲੀ ਰੂਸੀ ਕੱਚੇ ਤੇਲ ਦੀ ਖਰੀਦ ਵਿਚ ਕਮੀ ਲਿਆ ਸਕਦਾ ਹੈ। ਨਾਲ ਹੀ, ਅਮਰੀਕਾ ਨੌਨ ਜੈਨੇਟਿਕਲੀ ਮੌਡੀਫਾਈਡ ਮੱਕਾ ਅਤੇ ਸੋਇਆਮੀਲ ਲਈ ਵੀ ਬਜ਼ਾਰ ਨੂੰ ਖੋਲ੍ਹ ਸਕਦਾ ਹੈ। ਇਸੇ ਦੌਰਾਨ ਭਾਰਤ ਦਾ ਮੰਨਣਾ ਹੈ ਕਿ ਤੇਜ਼ੀ ਨਾਲ ਵਧੀ ਘਰੇਲੂ ਪੋਲਟਰੀ, ਡਾਇਰੀ ਅਤੇ ਐਥੇਨਾਲ ਇੰਡਸਟਰੀ ਵਿਚ ਅਮਰੀਕੀ ਉਤਪਾਦ ਖਪ ਜਾਣਗੇ। ਇਸ ਨਾਲ ਭਾਰਤੀ ਕਿਸਾਨਾਂ ਦੇ ਹਿੱਤ ਵੀ ਪ੍ਰਭਾਵਿਤ ਨਹੀਂ ਹੋਣਗੇ। ਇਸ ਸਮੇਂ ਭਾਰਤ ਸਲਾਨਾ ਕਰੀਬ 5 ਲੱਖ ਟਨ ਮੱਕਾ ਅਮਰੀਕਾ ਤੋਂ ਆਯਾਤ ਕਰਦਾ ਹੈ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.