Sunday, 14 June 2026

ਨਵੀਂ ਦਿੱਲੀ/ਬਿਊਰੋ ਨਿਊਜ਼
ਆਨਲਾਈਨ ਭੁਗਤਾਨ ਵਿਚ ਹੋਣ ਵਾਲੀ ਧੋਖਾਧੜੀ ’ਤੇ ਸ਼ਿਕੰਜਾ ਕੱਸਣ ਲਈ ਰਿਜ਼ਰਵ ਬੈਂਕ ਆਫ ਇੰਡੀਆ ਨੇ ਇਕ ਵੱਡਾ ਫੈਸਲਾ ਲਿਆ ਹੈ। ਹੁਣ ਯੂਪੀਆਈ ਸਣੇ ਸਾਰੇ ਡਿਜ਼ੀਟਲ ਪਲੇਟਫਾਰਮਾਂ ਤੋਂ ਹੋਣ ਵਾਲੇ ਲੈਣ-ਦੇਣ ਲਈ ਦੋ-ਪੜਾਵੀ ਪ੍ਰਮਾਣੀਕਰਨ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸਦਾ ਮਤਲਬ ਇਹ ਹੈ ਕਿ ਹੁਣ ਸਿਰਫ ਯੂਪੀਆਈ ਪਿੰਨ ਪਾਉਣ ਨਾਲ ਤੁਹਾਡੀ ਪੇਮੈਂਟ ਪੂਰੀ ਨਹੀਂ ਹੋਵੇਗੀ। ਹੁਣ ਪੈਸੇ ਭੇਜਣ ਵੇਲੇ ਪਿੰਨ ਪਾਉਣ ਤੋਂ ਇਲਾਵਾ ਓਟੀਪੀ, ਫਿੰਗਰਪਿ੍ਰੰਟ ਜਾਂ ਫੇਸ ਆਈਡੀ ਵਰਗੇ ਸੁਰੱਖਿਆ ਸਟੈਪ ਵੀ ਪੂਰੇ ਕਰਨੇ ਹੋਣਗੇ। ਜੇਕਰ ਕਿਸੇ ਕਾਰਨ ਤੁਹਾਡਾ ਯੂਪੀਆਈ ਪਿੰਨ ਲੀਕ ਵੀ ਹੋ ਜਾਂਦਾ ਹੈ ਤਾਂ ਵੀ ਕੋਈ ਹੋਰ ਵਿਅਕਤੀ ਤੁਹਾਡੇ ਖਾਤੇ ਵਿਚੋਂ ਪੈਸੇ ਨਹੀਂ ਕੱਢ ਸਕੇਗਾ, ਕਿਉਂਕਿ ਦੂਜਾ ਸੁਰੱਖਿਆ ਸਟੈਪ ਸਿਰਫ ਤੁਹਾਡੇ ਹੱਥ ਵਿਚ ਹੈ।  

ਭਾਜਪਾ ਵਿਧਾਇਕਾਂ ਨੇ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ
ਸ਼ਿਮਲਾ/ਬਿਊਰੋ ਨਿਊਜ਼
ਹਿਮਾਚਲ ਪ੍ਰਦੇਸ਼ ਦੇ ਕਾਂਗਰਸੀ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਹੈ ਕਿ ਉਹ ਹਿਮਾਚਲ ਪ੍ਰਦੇਸ਼ ਵਿਚ ਦਾਖਲ ਹੋਣ ਵਾਲੇ ਵਾਹਨਾਂ ’ਤੇ ਵਧਾਏ ਗਏ ਐਂਟਰੀ ਟੈਕਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲ ਕਰਨਗੇ। ਇਸਦੇ ਚੱਲਦਿਆਂ ਹਿਮਾਚਲ ’ਚ ਭਾਜਪਾ ਵਿਧਾਇਕ ਰਣਧੀਰ ਸ਼ਰਮਾ ਨੇ ‘ਪੁਆਇੰਟ ਆਫ ਆਰਡਰ’ ਰਾਹੀਂ ਕਿਹਾ ਹੈ ਕਿ ਅੱਜ ਅੱਧੀ ਰਾਤ ਤੋਂ ਨਵੀਆਂ ਐਂਟਰੀ ਟੈਕਸ ਦਰਾਂ ਲਾਗੂ ਹੋਣ ਤੋਂ ਬਾਅਦ ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜ ਸਕਦੀ ਹੈ। ਸ਼ਰਮਾ ਨੇ ਕਿਹਾ ਕਿ ਪੰਜਾਬ ਵਿਚ ਲੋਕਾਂ ਨੇ ਵਧੇ ਹੋਏ ਐਂਟਰੀ ਟੈਕਸ ਵਿਰੁੱਧ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਹਨ ਅਤੇ ਧਮਕੀ ਦਿੱਤੀ ਹੈ ਕਿ ਭਲਕੇ ਤੋਂ ਹਿਮਾਚਲ ਦੇ ਵਾਹਨਾਂ ਨੂੰ ਪੰਜਾਬ ਵਿਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਕਿ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸਦਨ ਨੂੰ ਇਸ ਮਾਮਲੇ ’ਤੇ ਗੌਰ ਕਰਨ ਦਾ ਭਰੋਸਾ ਦਿੱਤਾ ਸੀ, ਪਰ ਇਸ ਨਾਜ਼ੁਕ ਸਥਿਤੀ ਨੂੰ ਸੁਲਝਾਉਣ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਗਏ ਹਨ। ਇਸਦੇ ਚੱਲਦਿਆਂ ਸੀਐਮ ਸੁੱਖੂ ਨੇ ਕਿਹਾ ਕਿ ਸਰਕਾਰ ਕੋਲ ਐਂਟਰੀ ਟੈਕਸ ਨੂੰ ਲੈ ਕੇ ਸਰਹੱਦੀ ਖੇਤਰਾਂ ਵਿਚ ਕਿਸੇ ਅਸ਼ਾਂਤੀ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸੇ ਦੌਰਾਨ ਭਾਜਪਾ ਵਿਧਾਇਕਾਂ ਨੇ ਅੱਜ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਇਸ ਮੁੱਦੇ ’ਤੇ ਵਿਰੋਧ ਪ੍ਰਦਰਸ਼ਨ ਵੀ ਕੀਤਾ।  

ਚੱਢਾ ਦੀ ਥਾਂ ਰਾਜ ਸਭਾ ਵਿਚ ਡਿਪਟੀ ਲੀਡਰ ਬਣੇ ਅਸ਼ੋਕ ਮਿੱਤਲ
ਜਲੰਧਰ/ਬਿਊਰੋ ਨਿਊਜ਼  
ਆਮ ਆਦਮੀ ਪਾਰਟੀ ਨੇ ਰਾਘਵ ਚੱਢਾ ਨੂੰ ਰਾਜ ਸਭਾ ਵਿਚ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਰਾਘਵ ਚੱਢਾ ਦੀ ਥਾਂ ਆਮ ਆਦਮੀ ਪਾਰਟੀ ਨੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਨੂੰ ਡਿਪਟੀ ਲੀਡਰ ਬਣਾ ਦਿੱਤਾ ਹੈ। ਇਸ ਸਬੰਧੀ ਆਮ ਆਦਮੀ ਪਾਰਟੀ ਨੇ ਰਾਜ ਸਭਾ ਸਕੱਤਰੇਤ ਨੂੰ ਇਕ ਪੱਤਰ ਵੀ ਸੌਂਪ ਦਿੱਤਾ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਸਦਨ ਵਿਚ ਪਾਰਟੀ ਵਲੋਂ ਬੋਲਣ ਦਾ ਸਮਾਂ ਨਹੀਂ ਦਿੱਤਾ ਜਾਣਾ ਚਾਹੀਦਾ। ਰਾਘਵ ਚੱਢਾ 2022 ਤੋਂ ਪੰਜਾਬ ਤੋਂ ਰਾਜ ਸਭਾ ਦੇ ਸੰਸਦ ਮੈਂਬਰ ਹਨ ਅਤੇ ਉਨ੍ਹਾਂ ਦਾ ਕਾਰਜਕਾਲ 2028 ਵਿਚ ਸਮਾਪਤ ਹੋ ਰਿਹਾ ਹੈ। ਆਮ ਆਦਮੀ ਪਾਰਟੀ ਨੇ ਇਸ ਫੈਸਲੇ ਦਾ ਅਜੇ ਤੱਕ ਕੋਈ ਕਾਰਨ ਨਹੀਂ ਦੱਸਿਆ। ਉਧਰ ਦੂਜੇ ਪਾਸੇ ਨਵੇਂ ਲਗਾਏ ਗਏ ਡਿਪਟੀ ਲੀਡਰ ਅਸ਼ੋਕ ਮਿੱਤਲ ਪੰਜਾਬ ਤੋਂ ‘ਆਪ’ ਦੇ ਰਾਜ ਸਭਾ ਮੈਂਬਰ ਹਨ ਅਤੇ ਉਹ ਜਲੰਧਰ ਨਾਲ ਸਬੰਧਤ ਹਨ। ਅਸ਼ੋਕ ਮਿੱਤਲ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸੰਸਥਾਪਕ ਅਤੇ ਚਾਂਸਲਰ ਵੀ ਹਨ। ਉਹ 2022 ਵਿਚ ਰਾਜ ਸਭਾ ਦੇ ਮੈਂਬਰ ਬਣੇ ਸਨ।

ਆਰ.ਬੀ.ਆਈ. ਦੇ ਨਵੇਂ ਨਿਯਮ 1 ਅਪ੍ਰੈਲ ਤੋਂ ਹੋਣਗੇ ਲਾਗੂ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਆਈ ਕਮੀ ਹੁਣ ਸਿਰਫ ਨਿਵੇਸ਼ਕਾਂ ਲਈ ਹੀ ਨਹੀਂ, ਸਗੋਂ ਗੋਲਡ ਕਰਜ਼ ਕੰਪਨੀਆਂ ਲਈ ਵੀ ਵੱਡੀ ਚਿੰਤਾ ਦਾ ਕਾਰਨ ਬਣ ਰਹੀਆਂ ਹਨ। ਫਿੱਚ ਰੇਟਿੰਗ ਦੀ ਤਾਜ਼ਾ ਰਿਪੋਰਟ ਨੇ ਇਸ ਗੱਲ ਵੱਲ ਇਸ਼ਾਰਾ ਕੀਤਾ ਹੈ ਕਿ ਜੇਕਰ ਇਹ ਗਿਰਾਵਟ ਲੰਬੇ ਸਮੇਂ ਤੱਕ ਜਾਰੀ ਰਹੀ, ਤਾਂ ਕੰਪਨੀਆਂ ਲਈ ਰਿਸਕ ਨੂੰ ਸੰਭਾਲਣਾ ਮੁਸ਼ਕਲ ਹੋ ਸਕਦਾ ਹੈ। ਇਸ ਨਾਲ ਉਨ੍ਹਾਂ ਦੀ ਆਮਦਨੀ ਅਤੇ ਕਰਜ਼ ਵਾਪਸੀ ’ਤੇ ਵੀ ਨਕਾਰਾਤਮਕ ਅਸਰ ਪੈ ਸਕਦਾ ਹੈ। ਖਾਸ ਕਰਕੇ ਉਹ ਕਰਜ਼, ਜੋ ਉੱਚੀਆਂ ਕੀਮਤਾਂ ’ਤੇ ਦਿੱਤੇ ਗਏ ਸਨ, ਹੁਣ ਸਭ ਤੋਂ ਵੱਧ ਖਤਰੇ ਵਿੱਚ ਦਿੱਖ ਰਹੇ ਹਨ। ਇੱਕ ਅਪ੍ਰੈਲ ਤੋਂ ਆਰ.ਬੀ.ਆਈ.  ਦੇ ਨਵੇਂ ਨਿਯਮ ਵੀ ਲਾਗੂ ਹੋਣ ਜਾ ਰਹੇ ਹਨ, ਜਿਸ ਨਾਲ ਇਸ ਸੈਕਟਰ ’ਤੇ ਹੋਰ ਦਬਾਅ ਬਣ ਸਕਦਾ ਹੈ। 

ਕੰਪਨੀ ਦੇ ਸ਼ੇਅਰਾਂ ਨੇ ਨਿਵੇਸ਼ਕਾਂ ਨੂੰ ਕਰੋੜਪਤੀ ਬਣਾਇਆ
ਨਵੀਂ ਦਿੱਲੀ/ਬਿਊਰੋ ਨਿਊਜ਼  
ਦੁਨੀਆ ਦੀਆਂ ਸਭ ਤੋਂ ਕੀਮਤੀ ਕੰਪਨੀਆਂ ਵਿੱਚ ਸ਼ਾਮਲ ਐਪਲ ਅੱਜ, ਯਾਨੀ 1 ਅਪ੍ਰੈਲ ਨੂੰ 50 ਸਾਲ ਦੀ ਹੋ ਗਈ ਹੈ।  1 ਅਪ੍ਰੈਲ 1976 ਨੂੰ ਅਮਰੀਕਾ ਵਿੱਚ ਇਸਦੀ ਸ਼ੁਰੂਆਤ ਹੋਈ ਸੀ। ਆਈਫੋਨ ਬਣਾਉਣ ਵਾਲੀ ਇਸ ਕੰਪਨੀ ਦਾ 50 ਸਾਲਾਂ ਦਾ ਸਫਰ ਕਾਫੀ ਉਤਾਰ-ਚੜ੍ਹਾਵਾਂ ਨਾਲ ਭਰਿਆ ਰਿਹਾ ਹੈ। ਇਸਦੀ ਸ਼ੁਰੂਆਤ ਇੱਕ ਗੈਰੇਜ ਤੋਂ ਹੋਈ ਸੀ ਅਤੇ ਅੱਜ ਇਸਦੇ ਭਾਰਤ ਸਮੇਤ ਦੁਨੀਆ ਭਰ ਵਿੱਚ ਵੱਡੇ-ਵੱਡੇ ਦਫ਼ਤਰ ਹਨ। ਕੰਪਨੀ ਦੇ ਸ਼ੇਅਰਾਂ ਨੇ ਵੀ ਨਿਵੇਸ਼ਕਾਂ ਨੂੰ ਕਰੋੜਪਤੀ ਬਣਾ ਦਿੱਤਾ ਹੈ।

ਨਵੀਂ ਦਿੱਲੀ/ਬਿਊਰੋ ਨਿਊਜ਼
ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਐਕਸਪ੍ਰੈਸ-ਵੇਅ ’ਤੇ ਟੋਲ ਦਰਾਂ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਵਾਧਾ ਕਰੀਬ 5 ਫੀਸਦੀ ਦੇ ਕਰੀਬ ਹੈ ਅਤੇ ਇਹ ਨਵੀਆਂ ਦਰਾਂ ਆਉਂਦੀ 1 ਅਪ੍ਰੈਲ ਦੀ ਅੱਧੀ ਰਾਤ ਤੋਂ ਲਾਗੂ ਹੋ ਜਾਣਗੀਆਂ। ਅਧਿਕਾਰੀਆਂ ਦੇ ਮੁਤਾਬਕ ਹੁਣ ਟੋਲ ਭੁਗਤਾਨ ਲਈ ਨਕਦ ਪ੍ਰਣਾਲੀ ਨੂੰ ਖਤਮ ਕਰ ਦਿੱਤਾ ਗਿਆ ਹੈ। ਯਾਤਰੀ ਹੁਣ ਸਿਰਫ ਫਾਸਟੈਗ ਜਾਂ ਯੂਪੀਆਈ ਰਾਹੀਂ ਹੀ ਟੋਲ ਦਾ ਭੁਗਤਾਨ ਕਰ ਸਕਣਗੇ।

ਨਵੀਂ ਦਿੱਲੀ/ਬਿਊਰੋ ਨਿਊਜ਼
ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚ.ਐਸ. ਫੂਲਕਾ ਅੱਜ ਨਵੀਂ ਦਿੱਲੀ ਵਿਖੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਫੂਲਕਾ ਭਾਜਪਾ ਦੇ ਮੁੱਖ ਦਫਤਰ ਵਿਖੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ, ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਅਤੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੀ ਮੌਜੂਦਗੀ ਵਿਚ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਏ ਹਨ। ਇਸ ਮੌਕੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਫੂਲਕਾ ਦਾ ਭਾਜਪਾ ਵਿਚ ਸ਼ਾਮਲ ਹੋਣਾ, ਬਹੁਤ ਖੁਸ਼ੀ ਦੀ ਗੱਲ ਹੈ। ਪੁਰੀ ਨੇ ਕਿਹਾ ਕਿ ਐਚ.ਐਸ. ਫੂਲਕਾ ਦਾ ਨਾਮ ਪੂਰੀ ਦੁਨੀਆ ਵਿਚ ਜਾਣਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਫੂਲਕਾ ਨੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਵਿਧਾਇਕ ਦੀ ਚੋਣ ਵੀ ਜਿੱਤੀ ਸੀ ਅਤੇ 2019 ਵਿਚ ਉਨ੍ਹਾਂ ਨੇ ਆਮ ਆਦਮੀ ਪਾਰਟੀ ਵਿਚੋਂ ਅਸਤੀਫਾ ਦੇ ਦਿੱਤਾ ਸੀ। ਫੂਲਕਾ ਦੇ ਭਾਜਪਾ ਵਿਚ ਸ਼ਾਮਲ ਹੋਣ ਨਾਲ ਸਿਆਸੀ ਹਲਕਿਆਂ ਵਿਚ ਚਰਚਾਵਾਂ ਤੇਜ਼ ਹੋ ਗਈਆਂ ਹਨ, ਕਿਉਂਕਿ ਪੰਜਾਬ ਵਿਚ 2027 ’ਚ ਵਿਧਾਨ ਸਭਾ ਚੋਣਾਂ ਵੀ ਹੋਣੀਆਂ ਹਨ।

ਅਜਿਹੇ ਗੰਭੀਰ ਮੁੱਦਿਆਂ ਦਾ ਨਹੀਂ ਹੋਣਾ ਚਾਹੀਦਾ ਰਾਜਨੀਤੀਕਰਨ
ਨਵੀਂ ਦਿੱਲੀ/ਬਿਊਰੋ ਨਿਊਜ਼
ਪੱਛਮੀ ਏਸ਼ੀਆ ਵਿਚ ਚੱਲ ਰਹੇ ਤਣਾਅ ਦੇ ਵਿਚਕਾਰ ਕਾਂਗਰਸੀ ਸੰਸਦ ਮੈਂਬਰ ਪਿ੍ਰਅੰਕਾ ਗਾਂਧੀ ਵਾਡਰਾ ਨੇ ਇਕ ਮਹੱਤਵਪੂਰਨ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਯੁੱਧ ਵਰਗੇ ਗੰਭੀਰ ਮੁੱਦਿਆਂ ਦਾ ਰਾਜਨੀਤੀਕਰਨ ਕਰਨਾ ਅਣ-ਉਚਿਤ ਹੈ ਅਤੇ ਦੇਸ਼ ਨੂੰ ਇਸ ਮੁੱਦੇ ’ਤੇ ਇਕਜੁੱਟ ਰਹਿਣਾ ਚਾਹੀਦਾ ਹੈ। ਪਿ੍ਰਅੰਕਾ ਗਾਂਧੀ ਨੇ ਸਪੱਸ਼ਟ ਕੀਤਾ ਕਿ ਪੂਰਾ ਦੇਸ਼ ਇਸ ਮੁੱਦੇ ’ਤੇ ਇਕਜੁੱਟ ਹੈ, ਪਰ ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸਰਕਾਰ ਮੌਜੂਦਾ ਚੁਣੌਤੀਆਂ ਦੇ ਠੋਸ ਹੱਲ ਪੇਸ਼ ਕਰੇ। ਉਨ੍ਹਾਂ ਕਿਹਾ ਕਿ ਇਸੇ ਲਈ ਵਿਰੋਧੀ ਧਿਰ ਸੰਸਦ ਵਿਚ ਇਸ ਮੁੱਦੇ ’ਤੇ ਵਿਸਤਿ੍ਰਤ ਚਰਚਾ ਚਾਹੁੰਦੀ ਹੈ ਤਾਂ ਜੋ ਸਾਰੀਆਂ ਪਾਰਟੀਆਂ ਮਿਲ ਕੇ ਹੱਲ ਲੱਭ ਸਕਣ। ਪਿ੍ਰਅੰਕਾ ਗਾਂਧੀ ਵਾਡਰਾ ਨੇ ਆਮ ਲੋਕਾਂ ਨਾਲ ਸੰਬੰਧਿਤ ਮੁੱਦੇ ਵੀ ਚੁੱਕੇ। ਉਨ੍ਹਾਂ ਕਿਹਾ ਕਿ ਐਲ.ਪੀ.ਜੀ. ਸਿਲੰਡਰਾਂ ਦੀਆਂ ਕੀਮਤਾਂ ਇੰਨੀਆਂ ਵਧ ਗਈਆਂ ਹਨ ਕਿ ਆਮ ਲੋਕਾਂ ਲਈ ਉਨ੍ਹਾਂ ਨੂੰ ਖਰੀਦਣਾ ਮੁਸ਼ਕਿਲ ਹੋ ਗਿਆ ਹੈ। ਪਿ੍ਰਅੰਕਾ ਗਾਂਧੀ ਨੇ ਕਿਹਾ ਕਿ ਜੇਕਰ ਸਾਰੀਆਂ ਪਾਰਟੀਆਂ ਮਿਲ ਕੇ ਵਿਚਾਰ-ਵਟਾਂਦਰਾ ਕਰਨ ਤਾਂ ਬਿਹਤਰ ਹੱਲ ਲੱਭੇ ਜਾ ਸਕਦੇ ਹਨ।

ਨਵੇਂ ਵਿੱਤੀ ਵਰ੍ਹੇ ਦੀ ਸ਼ੁਰੂਆਤ ਮੌਕੇ ਸਰਕਾਰ ਨੇ ਕਈ ਨਿਯਮ ਬਦਲੇ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਅੱਜ ਯਾਨੀ 1 ਅਪ੍ਰੈਲ ਤੋਂ ਨਵੇਂ ਵਿੱਤੀ ਵਰ੍ਹੇ ਦੀ ਸ਼ੁਰੂਆਤ ਕਮਰਸ਼ੀਅਲ ਗੈਸ ਸਿਲੰਡਰ ਮਹਿੰਗਾ ਹੋਣ ਨਾਲ ਹੋਈ ਹੈ। ਸਰਕਾਰੀ ਤੇਲ ਕੰਪਨੀਆਂ ਨੇ ਪ੍ਰਤੀ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 218 ਰੁਪਏ ਵਧਾ ਦਿੱਤੀ ਹੈ। ਇਸਦੇ ਚੱਲਦਿਆਂ ਦਿੱਲੀ ਵਿਚ ਹੁਣ ਇਹ ਸਿਲੰਡਰ 2078 ਰੁਪਏ ਦਾ ਮਿਲੇਗਾ। ਇਸੇ ਦੌਰਾਨ 5 ਕਿਲੋਗਰਾਮ ਵਾਲੇ ਸਿਲੰਡਰ ਦੀ ਕੀਮਤ ਵੀ ਅੱਜ ਤੋਂ 549 ਰੁਪਏ ਪ੍ਰਤੀ ਰੀਫਿਲ ਹੋ ਗਈ ਹੈ। ਇਸ ਤੋਂ ਇਲਾਵਾ ਹੁਣ ਰੇਲ ਟਿਕਟ 8 ਘੰਟੇ ਪਹਿਲਾਂ ਤੱਕ ਹੀ ਕੈਂਸਲ ਪਰ ਸਕੋਗੇ। ਅੱਜ 1 ਅਪ੍ਰੈਲ ਤੋਂ ਫਾਸਟੈਗ, ਟੋਲ ਪਲਾਜ਼ਾ ਦੇ ਨਾਲ-ਨਾਲ ਇਨਕਮ ਟੈਕਸ ਨਾਲ ਜੁੜੇ ਨਿਯਮ ਮਿਲਾ ਕੇ ਕੁੱਲ 15 ਬਦਲਾਅ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਪੱਛਮੀ ਏਸ਼ੀਆ ਦੇ ਵਧਦੇ ਸੰਘਰਸ਼ ਕਾਰਨ ਆਲਮੀ ਪੱਧਰ ’ਤੇ ਤੇਲ ਕੀਮਤਾਂ ਵਿੱਚ ਉਛਾਲ ਦੇ ਕਾਰਨ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਧੀਆਂ ਹਨ। ਇਸੇ ਦੌਰਾਨ ਗੈਸ ਦੀਆਂ ਵਧਦੀਆਂ ਕੀਮਤਾਂ ਦਰਮਿਆਨ ਡਿਸਟ੍ਰੀਬਿਊਟਰਾਂ ਨੇ ਸੁਰੱਖਿਆ ਦੀ ਮੰਗ ਕੀਤੀ ਹੈ।

ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਆਮ ਲੋਕਾਂ ਦੀ ਜੇਬ ’ਤੇ ਮਹਿੰਗਾਈ ਦੀ ਇਕ ਹੋਰ ਮਾਰ ਪੈਣ ਵਾਲੀ ਹੈ। ਦੇਸ਼ ਵਿਚ 1 ਅਪ੍ਰੈਲ 2026 ਤੋਂ 767 ਜ਼ਰੂਰੀ ਦਵਾਈਆਂ ਦੀਆਂ ਕੀਮਤਾਂ ਵਿਚ ਵਾਧਾ ਹੋਣ ਜਾ ਰਿਹਾ ਹੈ। ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ ਨੇ ਇਸ ਸਬੰਧੀ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਅਥਾਰਿਟੀ ਅਨੁਸਾਰ ਦਵਾਈ ਨਿਰਮਾਤਾਵਾਂ ਨੂੰ ਥੋਕ ਮੁੱਲ ਸੂਚਕ ਅੰਕ ਦੇ ਅਧਾਰ ’ਤੇ ਕੀਮਤਾਂ ਵਿਚ 0.64 ਫੀਸਦੀ ਤੱਕ ਵਾਧਾ ਕਰਨ ਦੀ ਇਜਾਜ਼ਤ ਮਿਲ ਗਈ ਹੈ। ਇਹ ਵਾਧਾ ਨਿਰਧਾਰਤ ਦਵਾਈਆਂ ਦੇ ਅਧਿਕਤਮ ਪ੍ਰਚੂਨ ਮੁੱਲ ’ਤੇ ਲਾਗੂ ਹੋਵੇਗਾ। ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਵਧੀਆਂ ਹੋਈਆਂ ਕੀਮਤਾਂ ਵਿਚ ਜੀਐਸਟੀ ਸ਼ਾਮਲ ਨਹੀਂ ਹੋਵੇਗਾ। ਇਸ ਤੋਂ ਇਲਾਵਾ ਕੋਈ ਵੀ ਨਿਰਮਾਤਾ, ਥੋਕ ਵਿਕਰੇਤਾ ਜਾਂ ਪ੍ਰਚੂਨ ਵਿਕਰੇਤਾ ਤੈਅ ਕੀਤੀ ਗਈ ਵੱਧ ਤੋਂ ਵੱਧ ਕੀਮਤ ਤੋਂ ਉਪਰ ਦਵਾਈਆਂ ਨਹੀਂ ਵੇਚ ਸਕੇਗਾ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਹੋ ਸਕਦੀ ਹੈ।

ਸ਼ਿਮਲਾ/ਬਿਊਰੋ ਨਿਊਜ਼  
ਹਿਮਾਚਲ ਪ੍ਰਦੇਸ਼ ਵਿਚ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਸੁਖਵਿੰਦਰ ਸਿੰਘ ਸੁੱਖੂ ਸਰਕਾਰ ਨੇ ਗੁਆਂਢੀ ਸੂਬਿਆਂ, ਖਾਸ ਕਰਕੇ ਪੰਜਾਬ ਦੇ ਲੋਕਾਂ ਦੇ ਵਿਰੋਧ ਨੂੰ ਦੇਖਦੇ ਹੋਏ ਐਂਟਰੀ ਟੈਕਸ ਵਿਚ ਕੀਤੇ ਗਏ ਵਾਧੇ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਵਿਧਾਨ ਸਭਾ ਵਿਚ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 5 ਸੀਟਰ ਅਤੇ 6 ਤੋਂ 12 ਸੀਟਰ ਵਾਹਨਾਂ ’ਤੇ ਹੁਣ ਪਹਿਲਾਂ ਵਾਲੀਆਂ ਦਰਾਂ ਹੀ ਲਾਗੂ ਰਹਿਣਗੀਆਂ। ਸਰਕਾਰ ਦੇ ਨਵੇਂ ਫੈਸਲੇ ਮੁਤਾਬਕ 5 ਸੀਟਰ ਵਾਹਨਾਂ ਲਈ ਹੁਣ 170 ਰੁਪਏ ਦੀ ਬਜਾਏ ਪਹਿਲਾਂ ਵਾਂਗ ਸਿਰਫ 70 ਰੁਪਏ ਐਂਟਰੀ ਟੈਕਸ ਦੇਣਾ ਹੋਵੇਗਾ ਅਤੇ 7 ਤੋਂ 12 ਸੀਟਰ ਵਾਹਨਾਂ ਲਈ 130 ਰੁਪਏ ਦੀ ਬਜਾਏ ਪੁਰਾਣੀ ਦਰ 110 ਰੁਪਏ ਹੀ ਵਸੂਲੀ ਜਾਵੇਗੀ। ਜ਼ਿਕਰਯੋਗ ਹੈ ਕਿ ਹਿਮਾਚਲ ਸਰਕਾਰ ਨੇ ਐਂਟਰੀ ਟੈਕਸ ਵਿਚ 100 ਤੋਂ 280 ਰੁਪਏ ਤੱਕ ਦਾ ਵਾਧਾ ਕੀਤਾ ਸੀ, ਜਿਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਦੇ ਸਰਹੱਦੀ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਅਤੇ ਟੈਕਸੀ ਚਾਲਕਾਂ ਨੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸੀ।

ਮਾਰਚ ਮਹੀਨੇ ਵਿੱਚ 6110 ਕਰੋੜ ਰੁਪਏ ਆਏ
ਨਵੀਂ ਦਿੱਲੀ/ਬਿਊਰੋ ਨਿਊਜ਼
ਹਿੰਦੀ ਅਖਬਾਰ ਦੈਨਿਕ ਭਾਸਕਰ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਰਤ ਵਿਚ ਰੁਪਏ ਦੀ ਕੀਮਤ ਘਟਣ ਨਾਲ ਪੰਜਾਬ ਵਿੱਚ ਵਿਦੇਸ਼ੀ ਪੈਸੇ ਦੀ ਆਮਦ ਵਿੱਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਇਸੇ ਮਾਰਚ ਮਹੀਨੇ ਦੌਰਾਨ ਪੰਜਾਬ ਵਿੱਚ ਕਰੀਬ 6110 ਕਰੋੜ ਰੁਪਏ ਦੇ ਡਾਲਰ ਆਏ, ਜੋ ਫਰਵਰੀ ਮਹੀਨੇ ਦੇ ਮੁਕਾਬਲੇ ਕਰੀਬ 15 ਫੀਸਦੀ ਵੱਧ ਹਨ। ਇਹ ਵਾਧਾ ਮੁੱਖ ਤੌਰ ’ਤੇ ਐਨ.ਆਰ.ਆਈ. ਭਾਈਚਾਰੇ ਵੱਲੋਂ ਭੇਜੀ ਗਈ ਰਕਮ ਕਾਰਨ ਹੋਇਆ ਹੈ, ਜਿਨ੍ਹਾਂ ਨੇ ਰੁਪਏ ਦੀ ਕਮਜ਼ੋਰੀ ਦਾ ਫਾਇਦਾ ਲੈਂਦੇ ਹੋਏ ਵੱਧ ਪੈਸਾ ਭਾਰਤ ਭੇਜਿਆ। ਰਿਪੋਰਟ ਮੁਤਾਬਕ ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਵਰਗੇ ਜ਼ਿਲ੍ਹਿਆਂ ਵਿੱਚ ਵਿਦੇਸ਼ੀ ਰਕਮ ਦੀ ਆਮਦ ਵਿੱਚ ਖਾਸ ਤੌਰ ’ਤੇ ਤੇਜ਼ੀ ਦੇਖਣ ਨੂੰ ਮਿਲੀ ਹੈ। ਬੈਂਕਾਂ ਵਿੱਚ ਐਨ.ਆਰ.ਆਈ. ਡਿਪਾਜ਼ਿਟ ਵੀ ਵੱਡੇ ਪੱਧਰ ’ਤੇ ਵਧੇ ਹਨ, ਜਿਸ ਨਾਲ ਸਥਾਨਕ ਆਰਥਿਕ ਗਤੀਵਿਧੀਆਂ ਨੂੰ ਮਜ਼ਬੂਤੀ ਮਿਲ ਰਹੀ ਹੈ। ਮਾਹਿਰਾਂ ਦੇ ਅਨੁਸਾਰ ਜਦੋਂ ਰੁਪਇਆ ਕਮਜ਼ੋਰ ਹੁੰਦਾ ਹੈ ਤਾਂ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਆਪਣੇ ਪਰਿਵਾਰਾਂ ਅਤੇ ਨਿਵੇਸ਼ ਲਈ ਵੱਧ ਰਕਮ ਭੇਜਦੇ ਹਨ, ਕਿਉਂਕਿ ਉਨ੍ਹਾਂ ਨੂੰ ਇਸਦਾ ਵਧੀਆ ਮੁੱਲ ਮਿਲਦਾ ਹੈ। ਇਸ ਤੋਂ ਇਲਾਵਾ ਵਿਆਹ ਸਮਾਗਮਾਂ, ਜਾਇਦਾਦ ਖਰੀਦ ਅਤੇ ਹੋਰ ਘਰੇਲੂ ਖਰਚਾਂ ਲਈ ਵੀ ਡਾਲਰਾਂ ਦੀ ਆਮਦ ਵਿੱਚ ਵਾਧਾ ਹੋਇਆ ਹੈ। ਬੈਂਕ ਅਧਿਕਾਰੀਆਂ ਨੇ ਦੱਸਿਆ ਕਿ ਐਨਆਰਆਈ ਖਾਤਿਆਂ ਵਿੱਚ ਪੈਸਾ ਜਮ੍ਹਾਂ ਕਰਵਾਉਣ ਦੀ ਦਰ ਵੀ ਲਗਾਤਾਰ ਵਧ ਰਹੀ ਹੈ, ਜੋ ਭਵਿੱਖ ਵਿੱਚ ਨਿਵੇਸ਼ ਦੇ ਮੌਕੇ ਵਧਾ ਸਕਦੀ ਹੈ। ਕੁੱਲ ਮਿਲਾ ਕੇ, ਰੁਪਏ ਦੀ ਕਮਜ਼ੋਰੀ ਨੇ ਪੰਜਾਬ ਵਿੱਚ ਵਿਦੇਸ਼ੀ ਮੁਦਰਾ ਦੀ ਆਮਦ ਨੂੰ ਬੜ੍ਹਾਵਾ ਦਿੱਤਾ ਹੈ, ਜਿਸ ਨਾਲ ਸੂਬੇ ਦੀ ਆਰਥਿਕਤਾ ਨੂੰ ਫਾਇਦਾ ਪਹੁੰਚ ਰਿਹਾ ਹੈ ਅਤੇ ਬੈਂਕਿੰਗ ਖੇਤਰ ਵਿੱਚ ਵੀ ਨਵੀਂ ਹਲਚਲ ਦੇਖੀ ਜਾ ਰਹੀ ਹੈ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.