Sunday, 14 June 2026

ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕਾ, ਇਜ਼ਰਾਇਲ ਅਤੇ ਇਰਾਨ ਵਿਚਕਾਰ ਚੱਲ ਰਹੇ ਤਣਾਅ ਅਤੇ ਜੰਗੀ ਹਾਲਾਤ ਦਾ ਅਸਰ ਹੁਣ ਮੁੰਬਈ ਦੇ ਰੀਅਲ ਐਸਟੇਟ ਬਾਜ਼ਾਰ ’ਤੇ ਵੀ ਦਿੱਸਣ ਲੱਗ ਪਿਆ ਹੈ। ਪਿਛਲੇ ਕਰੀਬ 10 ਦਿਨਾਂ ਤੋਂ ਕੁਝ ਘਰ ਖਰੀਦਦਾਰ ‘‘ਵੇਖੋ ਅਤੇ ਇੰਤਜ਼ਾਰ ਕਰੋ’’ ਵਾਲੀ ਨੀਤੀ ਅਪਣਾ ਰਹੇ ਹਨ। ਰੀਅਲ ਐਸਟੇਟ ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੇ ਮਾਹੌਲ ਕਾਰਨ ਕੁਝ ਖਰੀਦਦਾਰਾਂ ਨੇ ਫਿਲਹਾਲ ਘਰਾਂ ਦੀ ਬੁਕਿੰਗ ਰੋਕ ਦਿੱਤੀ ਹੈ ਅਤੇ ਕਈ ਸੌਦਿਆਂ ਨੂੰ ਅੰਤਿਮ ਰੂਪ ਦੇਣ ਵਿੱਚ ਵੀ ਦੇਰੀ ਕਰ ਰਹੇ ਹਨ। ਹਾਲਾਂਕਿ ਬਾਜ਼ਾਰ ਪੂਰੀ ਤਰ੍ਹਾਂ ਰੁਕਿਆ ਨਹੀਂ ਹੈ। ਮਾਹਿਰਾਂ ਦੇ ਮੁਤਾਬਕ ਇਸਦਾ ਸਭ ਤੋਂ ਵੱਧ ਅਸਰ 10 ਕਰੋੜ ਰੁਪਏ ਤੋਂ ਉੱਪਰ ਵਾਲੇ ਲਗਜ਼ਰੀ ਫਲੈਟਾਂ ਦੇ ਬਾਜ਼ਾਰ ’ਤੇ ਪਿਆ ਹੈ।  

 

 

ਨਵੀਂ ਦਿੱਲੀ/ਬਿਊਰੋ ਨਿਊਜ਼
ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਕਰਨ ਵਾਲਿਆਂ ਲਈ ਹਫ਼ਤੇ ਦਾ ਪਹਿਲਾ ਕਾਰੋਬਾਰੀ ਦਿਨ ਸੋਮਵਾਰ ਬਹੁਤ ਮਾੜਾ ਸਾਬਤ ਹੋਇਆ। ਸੈਂਸੈਕਸ ਅਤੇ ਨਿਫ਼ਟੀ ਦੋਵੇਂ ਇੰਡੈਕਸ ਖੁਲ੍ਹਦੇ ਹੀ ਭਾਰੀ ਗਿਰਾਵਟ ਦਾ ਸ਼ਿਕਾਰ ਹੋ ਗਏ। ਬੀਐਸਈ ਦਾ ਸੈਂਸੈਕਸ ਜਿੱਥੇ 2400 ਅੰਕਾਂ ਤੋਂ ਵੱਧ ਡਿੱਗ ਗਿਆ, ਉੱਥੇ ਨਿਫ਼ਟੀ ਵਿੱਚ ਵੀ 700 ਅੰਕਾਂ ਤੋਂ ਜ਼ਿਆਦਾ ਦੀ ਗਿਰਾਵਟ ਦੇਖਣ ਨੂੰ ਮਿਲੀ। ਇਸ ਕ੍ਰੈਸ਼ ਕਾਰਨ ਬਾਜ਼ਾਰ ਖੁਲ੍ਹਣ ਤੋਂ ਕੇਵਲ ਪੰਜ ਮਿੰਟਾਂ ਵਿੱਚ ਹੀ ਨਿਵੇਸ਼ਕਾਂ ਦੇ 13 ਲੱਖ ਕਰੋੜ ਰੁਪਏ ਤੋਂ ਵੱਧ ਡੁੱਬ ਗਏ। ਬੰਬੇ ਸਟਾਕ ਐਕਸਚੇਂਜ ’ਤੇ ਲਿਸਟਡ ਕੰਪਨੀਆਂ ਦੀ ਮਾਰਕੀਟ ਕੈਪੀਟਲਾਈਜ਼ੇਸ਼ਨ ਘਟ ਕੇ ਕਰੀਬ 436 ਲੱਖ ਕਰੋੜ ਰੁਪਏ ਰਹਿ ਗਈ।

ਨਵੀਂ ਦਿੱਲੀ/ਬਿਊਰੋ ਨਿਊਜ਼
ਮਿਡਲ ਈਸਟ ਵਿੱਚ ਵਧ ਰਹੇ ਭੂ-ਰਾਜਨੀਤਿਕ ਤਣਾਅ ਦਾ ਅਸਰ ਹੁਣ ਭਾਰਤ ਦੀ ਗੈਸ ਸਪਲਾਈ ਚੇਨ ’ਤੇ ਵੀ ਨਜ਼ਰ ਆਉਣ ਲੱਗ ਪਿਆ ਹੈ। ਅਡਾਨੀ ਟੋਟਲ ਗੈਸ  ਨੇ ਦੱਸਿਆ ਹੈ ਕਿ ਉਸਦੇ ਕੁਝ ਗੈਸ ਸਪਲਾਇਰਾਂ ਨੇ ਸਪਲਾਈ ਵਿੱਚ ਕਟੌਤੀ ਕਰ ਦਿੱਤੀ ਹੈ, ਜਿਸ ਕਾਰਨ ਕੰਪਨੀ ਦੇ ਉਦਯੋਗਿਕ ਗਾਹਕਾਂ ਲਈ ਗੈਸ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਕੰਪਨੀ ਨੇ ਸਟਾਕ ਐਕਸਚੇਂਜ ਨੂੰ ਦਿੱਤੀ ਜਾਣਕਾਰੀ ਵਿੱਚ ਕਿਹਾ ਕਿ ਹਾਲੀਆ ਭੂ-ਰਾਜਨੀਤਿਕ ਘਟਨਾਕ੍ਰਮ ਕਾਰਨ ਕੁਝ ਸਪਲਾਇਰਾਂ ਵੱਲੋਂ ਗੈਸ ਦੀ ਸਪਲਾਈ ਘਟਾ ਦਿੱਤੀ ਗਈ ਹੈ। ਇਸਦੇ ਨਤੀਜੇ ਵਜੋਂ ਉਦਯੋਗਿਕ ਗਾਹਕਾਂ ਨੂੰ ਦਿੱਤੀ ਜਾਣ ਵਾਲੀ ਗੈਸ ਸਪਲਾਈ ’ਤੇ ਅਸਰ ਪਿਆ ਹੈ।

ਡਾਲਰ ਦੇ ਮੁਕਾਬਲੇ 92.31 ਤੱਕ ਡਿੱਗਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਰੁਪਇਆ ਅੱਜ ਸੋਮਵਾਰ 9 ਮਾਰਚ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਪਹਿਲੀ ਵਾਰ 92.31 ਦੇ ਰਿਕਾਰਡ ਨੀਵੇਂ ਪੱਧਰ ਤੱਕ ਡਿੱਗ ਗਿਆ। ਸਵੇਰੇ ਬਾਜ਼ਾਰ ਖੁਲ੍ਹਦੇ ਹੀ ਰੁਪਇਆ ਕਮਜ਼ੋਰ ਨਜ਼ਰ ਆਇਆ ਅਤੇ ਇਹ 92.20 ਪ੍ਰਤੀ ਡਾਲਰ ’ਤੇ ਖੁਲ੍ਹਿਆ, ਜਦਕਿ ਪਿਛਲੇ ਸੈਸ਼ਨ ਵਿੱਚ ਇਹ 91.74 ’ਤੇ ਬੰਦ ਹੋਇਆ ਸੀ। ਸ਼ੁਰੂਆਤੀ ਕਾਰੋਬਾਰ ਦੌਰਾਨ ਇਹ ਹੋਰ ਖਿਸਕ ਕੇ 92.31 ਤੱਕ ਪਹੁੰਚ ਗਿਆ, ਜੋ ਹੁਣ ਤੱਕ ਦਾ ਸਭ ਤੋਂ ਨੀਵਾਂ ਪੱਧਰ ਹੈ। ਸ਼ੁੱਕਰਵਾਰ ਦੇ ਬੰਦ ਭਾਅ ਨਾਲ ਤੁਲਨਾ ਕਰਨ ’ਤੇ ਰੁਪਏ ਵਿੱਚ 50 ਪੈਸੇ ਤੋਂ ਵੱਧ ਦੀ ਗਿਰਾਵਟ ਆਈ ਹੈ, ਜੋ ਪਿਛਲੇ ਕਈ ਮਹੀਨਿਆਂ ਵਿੱਚ ਇੱਕ ਦਿਨ ਦੀ ਸਭ ਤੋਂ ਵੱਡੀਆਂ ਗਿਰਾਵਟਾਂ ਵਿੱਚੋਂ ਇੱਕ ਮੰਨੀ ਜਾ ਰਹੀ ਹੈ।

ਵੀ. ਕੇ. ਸਕਸੈਨਾ ਨੂੰ ਲੱਦਾਖ ਭੇਜਿਆ ਗਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਦੇ ਨਵ-ਨਿਯੁਕਤ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਲੋਕ ਨਿਵਾਸ ਵਿਖੇ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁੱਕ ਲਈ ਹੈ। ਦਿੱਲੀ ਹਾਈਕੋਰਟ ਦੇ ਚੀਫ ਜਸਟਿਸ ਦੇਵੇਂਦਰ ਕੁਮਾਰ ਉਪਾਧਿਆਏ ਨੇ ਤਰਨਜੀਤ ਸਿੰਘ ਸੰਧੂ ਨੂੰ ਅਹੁਦੇ ਦੀ ਸਹੁੰ ਚੁਕਾਈ। ਜ਼ਿਕਰਯੋਗ ਹੈ ਕਿ ਤਰਨਜੀਤ ਸੰਧੂ ਨੂੰ ਵੀ. ਕੇ. ਸਕਸੈਨਾ ਦੀ ਥਾਂ ਉਪ ਰਾਜਪਾਲ ਵੱਜੋਂ ਨਿਯੁਕਤ ਕੀਤਾ ਗਿਆ ਹੈ ਅਤੇ ਵੀ.ਕੇ. ਸਕਸੈਨਾ ਨੂੰ ਲੱਦਾਖ ਭੇਜਿਆ ਗਿਆ ਹੈ। ਸੰਧੂ ਵੱਲੋਂ ਆਪਣੀ ਵਿਦੇਸ਼ਾਂ ਵਿੱਚ ਨੌਕਰੀ ਦੌਰਾਨ ਕਈ ਅਹਿਮ ਜ਼ਿੰਮੇਵਾਰੀਆਂ ਨਿਭਾਈਆਂ ਗਈਆਂ ਹਨ। ਉਨ੍ਹਾਂ ਦੀ ਉਪ ਰਾਜਪਾਲ ਵੱਜੋਂ ਦਿੱਲੀ ਵਿੱਚ ਕੀਤੀ ਗਈ ਨਿਯੁਕਤੀ ਤੋਂ ਕੌਮੀ ਰਾਜਧਾਨੀ ਦੇ ਸਿੱਖ ਹਲਕਿਆਂ ਵਿੱਚ ਉਤਸ਼ਾਹ ਪਾਇਆ ਗਿਆ। ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਤਰਨਜੀਤ ਸੰਧੂ ਨੇ ਕਿਹਾ ਕਿ ਦਿੱਲੀ ਉਨ੍ਹਾਂ ਦੀ ‘ਕਰਮ ਭੂਮੀ’ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡਾ ਫਰਜ਼ ਹੈ ਕਿ ਅਸੀਂ ਦਿੱਲੀ ਦੇ ਵਿਕਾਸ ਲਈ ਕੰਮ ਕਰੀਏ। ਧਿਆਨ ਰਹੇ ਕਿ ਸੰਧੂ ਫਰਵਰੀ 2020 ਤੋਂ ਜਨਵਰੀ 2024 ਤੱਕ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਵੀ ਰਹੇ ਹਨ।  

ਨਵੀਂ ਦਿੱਲੀ/ਬਿਊਰੋ ਨਿਊਜ਼
ਨਾਈਟ ਫਰੈਂਕ ਦੀ ਇੰਡੀਆ ਇੰਡਸਟਰੀਅਲ ਐਂਡ ਵੇਅਰਹਾਊਸਿੰਗ ਮਾਰਕੀਟ ਰਿਪੋਰਟ 2025 ਮੁਤਾਬਕ ਭਾਰਤ ਦੇ ਅੱਠ ਮੁੱਖ ਬਾਜ਼ਾਰਾਂ ਵਿੱਚ ਵੇਅਰਹਾਊਸਿੰਗ ਦੀ ਮੰਗ ਸਾਲ-ਦਰ-ਸਾਲ ਦੇ ਅਧਾਰ ’ਤੇ 29 ਫੀਸਦੀ ਵਧੀ ਹੈ। ਹੁਣ ਇਹ ਵਧ ਕੇ 72.5 ਮਿਲੀਅਨ ਵਰਗ ਫੁੱਟ ਤੱਕ ਪਹੁੰਚ ਗਈ ਹੈ। ਕੋਰੋਨਾ ਮਹਾਮਾਰੀ ਤੋਂ ਬਾਅਦ ਦੇ ਸਮੇਂ ਵਿੱਚ ਇਸ ਪੱਧਰ ਦਾ ਵਾਧਾ ਦਰਜ ਹੋਣ ਵਾਲਾ ਇਹ ਪਹਿਲਾ ਸਾਲ ਹੈ। ਲੰਘੇ ਸਾਲ ਦੀ ਚੌਥੀ ਤਿਮਾਹੀ, ਸਾਲ ਦੀ ਸਭ ਤੋਂ ਮਜ਼ਬੂਤ ਤਿਮਾਹੀ ਰਹੀ, ਜਿਸ ਦੌਰਾਨ 23.4 ਮਿਲੀਅਨ ਦਾ ਟਰਾਂਜ਼ੈਕਸ਼ਨ ਹੋਇਆ।  

ਭਾਰਤ ਭਰ ’ਚ ਇਸ ਤਰ੍ਹਾਂ ਦਾ ਇਹ ਪਹਿਲਾ ਮਾਮਲਾ
ਨਵੀਂ ਦਿੱਲੀ/ਬਿਊਰੋ ਨਿਊਜ਼
ਸੁਪਰੀਮ ਕੋਰਟ ਨੇ ਅੱਜ ਬੁੱਧਵਾਰ ਨੂੰ ‘ਇੱਛਾ ਮੌਤ’ ਦੇ ਮਾਮਲੇ ਵਿਚ ਇਕ ਇਤਿਹਾਸਕ ਫੈਸਲਾ ਸੁਣਾਇਆ ਹੈ। ਭਾਰਤ ਭਰ ਵਿਚ ਇਸ ਤਰ੍ਹਾਂ ਦਾ ਇਹ ਪਹਿਲਾ ਮਾਮਲਾ ਹੈ। ਅਦਾਲਤ  ਨੇ 13 ਸਾਲਾਂ ਤੋਂ ਕੋਮਾ ’ਚ ਰਹਿ ਰਹੇ 31 ਸਾਲਾਂ ਦੇ ਨੌਜਵਾਨ ਹਰੀਸ਼ ਰਾਣਾ ਲਈ ਇੱਛਾ ਮੌਤ ਦੀ ਮਨਜੂਰੀ ਦੇ ਦਿੱਤੀ ਹੈ। ਗਾਜ਼ੀਆਬਾਦ ਦਾ ਰਹਿਣ ਵਾਲਾ ਹਰੀਸ਼ ਰਾਣਾ ਲਾਈਫ ਸਪੋਰਟ ਸਿਸਟਮ ’ਤੇ ਹੈ। ਮਾਨਯੋਗ ਜਸਟਿਸ ਜੇ.ਬੀ. ਪਾਰਦੀਵਾਲਾ ਅਤੇ ਜਸਟਿਸ ਕੇ.ਵੀ. ਵਿਸ਼ਵਨਾਥਨ ਦੀ ਬੈਂਚ ਨੇ ਏਮਜ਼ ਨੂੰ ਨਿਰਦੇਸ਼ ਦਿੱਤਾ ਹੈ ਕਿ ਹਰੀਸ਼ ਦੇ ਲਾਈਫ ਸਪੋਰਟ ਸਿਸਟਮ ਨੂੰ ਪੜਾਅਵਾਰ ਤਰੀਕੇ ਨਾਲ ਹਟਾ ਦਿੱਤਾ ਜਾਵੇ। ਇਹ ਪ੍ਰਕਿਰਿਆ ਇਸ ਤਰੀਕੇ ਨਾਲ ਕੀਤੀ ਜਾਣੀ ਚਾਹੀਦੀ ਹੈ ਕਿ ਜਿਸ ਨਾਲ ਮਰੀਜ਼ ਦੀ ਇੱਜ਼ਤ ਬਣੀ ਰਹੇ। ਸੁਪਰੀਮ ਕੋਰਟ ਦਾ ਇਹ ਫੈਸਲਾ ਹਰੀਸ਼ ਦੀ ਮਾਂ ਨਿਰਮਲਾ ਰਾਣਾ ਅਤੇ ਪਿਤਾ ਅਸ਼ੋਕ ਰਾਣਾ ਵਲੋਂ ਆਪਣੇ ਪੁੱਤਰ ਲਈ ‘ਇਛਾ ਮੌਤ’ ਸਬੰਧੀ ਪਾਈ ਅਰਜ਼ੀ ’ਤੇ ਆਇਆ ਹੈ। ਹਰੀਸ਼ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਸ ਨੂੰ ਅਜਿਹੀ ਹਾਲਤ ਵਿਚ ਦੇਖਣਾ ਮਾਨਸਿਕ ਰੂਪ ’ਚ ਬੇਹੱਦ ਕਠਿਨ ਹੋ ਗਿਆ ਹੈ।  

ਨਵੀਂ ਦਿੱਲੀ/ਬਿਊਰੋ ਨਿਊਜ਼  
ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅਮਰੀਕਾ ਵਿਚ ਭਾਰਤ ਦੇ ਸਾਬਕਾ ਸਫੀਰ ਤਰਨਜੀਤ ਸਿੰਘ ਸੰਧੂ ਨੂੰ ਦਿੱਲੀ ਦਾ ਨਵਾਂ ਉਪ ਰਾਜਪਾਲ ਨਿਯੁਕਤ ਕੀਤਾ ਹੈ। ਉਨ੍ਹਾਂ ਨੂੰ ਵਿਨੇ ਕੁਮਾਰ ਸਕਸੈਨਾ ਦੀ ਥਾਂ ’ਤੇ ਲਗਾਇਆ ਗਿਆ ਹੈ ਅਤੇ ਸਕਸੈਨਾ ਨੂੰ ਹੁਣ ਲੱਦਾਖ ਦਾ ਉਪ ਰਾਜਪਾਲ ਬਣਾ ਦਿੱਤਾ ਗਿਆ ਹੈ। ਤਰਨਜੀਤ ਸਿੰਘ ਸੰਧੂ ਪੰਜਾਬ ਦੇ ਜ਼ਿਲ੍ਹਾ ਅੰਮਿ੍ਰਤਸਰ ਨਾਲ ਸਬੰਧਤ ਹਨ। ਇਸੇ ਤਰ੍ਹਾਂ ਲੱਦਾਖ ਦੇ ਉਪ ਰਾਜਪਾਲ ਕਵਿੰਦਰ ਗੁਪਤਾ ਨੂੰ ਤਬਦੀਲ ਕਰਕੇ ਹਿਮਾਚਲ ਪ੍ਰਦੇਸ਼ ਦਾ ਰਾਜਪਾਲ ਬਣਾਇਆ ਗਿਆ ਹੈ। ਇਸਦੇ ਚੱਲਦਿਆਂ ਤਾਮਿਲਨਾਡੂ ਦੇ ਰਾਜਪਾਲ ਆਰ. ਐੱਨ. ਰਵੀ ਨੂੰ ਪੱਛਮੀ ਬੰਗਾਲ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਨੰਦ ਕਿਸ਼ੋਰ ਯਾਦਵ ਨੂੰ ਨਾਗਾਲੈਂਡ, ਤਿਲੰਗਾਨਾ ਦੇ ਰਾਜਪਾਲ ਜਿਸ਼ਨੂ ਦੇਵ ਵਰਮਾ ਨੂੰ ਮਹਾਰਾਸ਼ਟਰ, ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਸ਼ਿਵ ਪ੍ਰਤਾਪ ਸ਼ੁਕਲਾ ਨੂੰ ਤਿਲੰਗਾਨਾ ਅਤੇ ਲੈਫਟੀਨੈਂਟ ਜਨਰਲ (ਸੇਵਾਮੁਕਤ) ਅਤਾ ਹਸਨੈਨ ਨੂੰ ਬਿਹਾਰ ਦਾ ਰਾਜਪਾਲ ਲਗਾਇਆ ਗਿਆ ਹੈ।

ਭਾਰਤੀ ਟੀਮ ਨੇ ਨਿਊਜ਼ੀਲੈਂਡ ਦੀ ਟੀਮ ਨੂੰ ਹਰਾ ਕੇ ਜਿੱਤਿਆ ਹੈ ਖਿਤਾਬ
ਬੀਸੀਸੀਆਈ ਨੇ ਕੀਤਾ ਐਲਾਨ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੀ ਕ੍ਰਿਕਟ ਟੀਮ ਨੇ ਸੂਰਿਆ ਕੁਮਾਰ ਯਾਦਵ ਦੀ ਕਪਤਾਨੀ ਹੇਠ ਲੰਘੇ ਐਤਵਾਰ ਨੂੰ ਟੀ-20 ਵਰਲਡ ਕੱਪ 2026 ਜਿੱਤ ਲਿਆ ਸੀ। ਇਸ ਟਰਾਫੀ ਨੂੰ ਡਿਫੈਂਡ ਕਰਨ ਵਾਲੀ ਭਾਰਤੀ ਕਿ੍ਰਕਟ ਟੀਮ ਦੁਨੀਆ ਦੀ ਪਹਿਲੀ ਟੀਮ ਵੀ ਬਣ ਗਈ। ਅਹਿਮਦਾਬਾਦ ਦੇ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ ਵਿਚ ਨਿਊਜ਼ੀਲੈਂਡ ਦੀ ਟੀਮ ਨੂੰ ਹਰਾਉਣ ਤੋਂ ਬਾਅਦ, ਭਾਰਤ ਲਈ ਬੀਸੀਸੀਆਈ ਨੇ ਖਜ਼ਾਨੇ ਦਾ ਮੂੰਹ ਖੋਲ੍ਹ ਦਿੱਤਾ। ਟੀਮ ਇੰਡੀਆ ਦੇ ਖਿਡਾਰੀਆਂ ਅਤੇ ਸਪੋਰਟ ਸਟਾਫ ਲਈ 131 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਗਿਆ ਹੈ। ਜੇਕਰ ਪਿਛਲੇ ਐਡੀਸ਼ਨ ਨਾਲ ਤੁਲਣਾ ਕੀਤੀ ਜਾਵੇ ਤਾਂ 2024 ਵਿਚ ਰੋਹਿਤ ਸ਼ਰਮਾ ਦੀ ਕਪਤਾਨੀ ਵਿਚ ਹੋਈ ਜਿੱਤ ਤੋਂ ਬਾਅਦ ਬੀਸੀਸੀਆਈ ਨੇ ਭਾਰਤੀ ਟੀਮ ਨੂੰ 125 ਕਰੋੜ ਰੁਪਏ ਦਿੱਤੇ ਸਨ।  

 

 

ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਦਿੱਤੀ ਸ਼ਰਧਾਂਜਲੀ
ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕਾ-ਇਜ਼ਰਾਈਲ ਅਤੇ ਇਰਾਨ ਜੰਗ ਦਾ ਅੱਜ ਛੇਵਾਂ ਦਿਨ ਸੀ। ਇਸਦੇ ਚੱਲਦਿਆਂ ਭਾਰਤ ਨੇ ਪਹਿਲੀ ਵਾਰ ਇਰਾਨ ਦੇ ਸੁਪਰੀਮ ਲੀਡਰ ਖਾਮੇਨੇਈ ਦੀ ਮੌਤ ’ਤੇ ਅਫਸੋਸ ਜ਼ਾਹਿਰ ਕੀਤਾ ਹੈ। ਭਾਰਤ ਸਰਕਾਰ ਵਲੋਂ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਨਵੀਂ ਦਿੱਲੀ ਸਥਿਤ ਇਰਾਨ ਦੇ ਦੂਤਾਵਾਸ ਪਹੁੰਚ ਕੇ ਖਾਮੇਨੇਈ ਦੀ ਮੌਤ ’ਤੇ ਦੁੱਖ ਜ਼ਾਹਿਰ ਕੀਤਾ। ਉਨ੍ਹਾਂ ਨੇ ਕੰਡੋਲੈਂਸ ਪੁਸਤਕ ’ਤੇ ਵੀ ਦਸਤਖਤ ਕਰਕੇ ਸ਼ਰਧਾਂਜਲੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਅਮਰੀਕਾ-ਇਜ਼ਰਾਈਲ ਦੇ ਹਮਲੇ ਵਿਚ ਲੰਘੀ 28 ਫਰਵਰੀ ਨੂੰ ਖਾਮੇਨੇਈ ਦੀ ਮੌਤ ਹੋ ਗਈ ਸੀ। ਇਸੇ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਰਾਨ-ਅਮਰੀਕਾ ਜੰਗ ਦੇ ਚੱਲਦਿਆਂ ਦੁਨੀਆ ਨੂੰ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਮਸਲੇ ਦਾ ਹੱਲ ਸਿਰਫ ਫੌਜ ਨਹੀਂ ਕਰ ਸਕਦੀ। ਪੀਐਮ ਮੋਦੀ ਨੇ ਇਹ ਬਿਆਨ ਰੂਸ-ਯੂਕਰੇਨ ਅਤੇ ਇਰਾਨ-ਅਮਰੀਕਾ ਤੇ ਇਜ਼ਰਾਈਲ ਦੇ ਵਿਚਕਾਰ ਹੋ ਰਹੀ ਜੰਗ ਨੂੰ ਲੈ ਕੇ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਨਿਯਮ-ਕਾਨੂੰਨ, ਸੰਵਾਦ ਅਤੇ ਕੂਟਨੀਤੀ ਹੀ ਕਿਸੇ ਵੀ ਸੰਘਰਸ਼ ਨੂੰ ਸੁਲਝਾਉਣ ਦਾ ਸਹੀ ਰਸਤਾ ਹੈ। ਇਹ ਗੱਲ ਉਨ੍ਹਾਂ ਨੇ ਦਿੱਲੀ ਵਿੱਚ ਫਿਨਲੈਂਡ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਸਟੱਬ ਦੇ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਕਹੀ ਹੈ।

‘ਅਸੈਂਸੀਅਲ ਕਮੋਡਿਟੀ ਐਕਟ-1955’ ਕੀਤਾ ਗਿਆ ਲਾਗੂ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਸਰਕਾਰ ਵਲੋਂ ਦੇਸ਼ ਭਰ ਵਿਚ ‘ਅਸੈਂਸੀਅਲ ਕਮੋਡਿਟੀ ਐਕਟ-1955’ ਲਾਗੂ ਕਰ ਦਿੱਤਾ ਗਿਆ ਹੈ। ਹਾਮੁੱਜ ਜਲਮਾਰਗ ਦੇ ਰਸਤੇ ਹੋਣ ਵਾਲੀ ਸਪਲਾਈ ਠੱਪ ਹੋਣ ਤੋਂ ਬਾਅਦ ਸਰਕਾਰ ਨੇ ਇਹ ਕਦਮ ਚੁੱਕਿਆ ਹੈ। ਗੈਸ ਦੀ ਕਿੱਲਤ ਨੂੰ ਦੇਖਦੇ ਹੋਏ ਦਿੱਲੀ, ਮੱਧ ਪ੍ਰਦੇਸ਼, ਮਹਾਰਾਸ਼ਟਰ, ਉਤਰ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸ਼ਗੜ੍ਹ ਸਣੇ ਕਈ ਸੂਬਿਆਂ ਨੇ ਕਮਰਸ਼ੀਅਲ ਗੈਸ ਦੀ ਸਪਲਾਈ ’ਤੇ ਫਿਲਹਾਲ ਰੋਕ ਲਗਾ ਦਿੱਤੀ ਹੈ। ਇਸ ਰੋਕ ਕਰਕੇ ਰੈਸਟੋਰੈਂਟ ਅਤੇ ਹੋਟਲਾਂ ਦੇ ਬੰਦ ਹੋਣ ਦੀ ਨੌਬਤ ਆ ਗਈ ਹੈ। ਹੋਟਲ ਚਲਾਉਣ ਵਾਲਿਆਂ ਵਲੋਂ ਸਰਕਾਰ ਕੋਲੋਂ ਮੰਗ ਕੀਤੀ ਜਾ ਰਹੀ ਹੈ ਕਿ ਗੈਸ ਦੀ ਸਪਲਾਈ ਬਹਾਲ ਕੀਤੀ ਜਾਵੇ। ‘ਅਸੈਂਸੀਅਲ ਕਮੋਡਿਟੀ ਐਕਟ-1955’ ਇਕ ਅਜਿਹਾ ਕਾਨੂੰਨ ਹੈ, ਜੋ ਸਰਕਾਰ ਨੂੰ ਇਹ ਤਾਕਤ ਦਿੰਦਾ ਹੈ ਕਿ ਉਹ ਕਿਸੇ ਵੀ ਜ਼ਰੂਰੀ ਚੀਜ਼- ਜਿਵੇਂ ਅਨਾਜ, ਦਾਲਾਂ, ਦਵਾਈਆਂ ਜਾਂ ਤੇਲ ਦੀ ਸਪਲਾਈ ਅਤੇ ਕੀਮਤਾਂ ਨੂੰ ਕੰਟਰੋਲ ਕਰ ਸਕੇ। ਇਸ ਨੂੰ ਅਸਾਨ ਭਾਸ਼ਾ ਵਿਚ ‘ਜਮਾਂਖੋਰੀ ਰੋਕਣ ਵਾਲਾ ਕਾਨੂੰਨ’ ਵੀ ਕਿਹਾ ਜਾਂਦਾ ਹੈ।

ਬਿਹਾਰ ਦੇ ਸਭ ਤੋਂ ਲੰਬੇ ਸਮੇਂ ਤੱਕ ਮੁੱਖ ਮੰਤਰੀ ਰਹਿਣ ਦਾ ਕਾਰਜਕਾਲ ਹੋਵੇਗਾ ਖਤਮ
ਪਟਨਾ/ਬਿਊਰੋ ਨਿਊਜ਼
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਵੀਰਵਾਰ ਨੂੰ ਰਾਜ ਸਭਾ ਚੋਣਾਂ ਲਈ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਹਨ। ਜਨਤਾ ਦਲ (ਯੂਨਾਈਟਿਡ) ਦੇ ਮੁਖੀ ਨਿਤੀਸ਼ ਕੁਮਾਰ ਨੇ ਵਿਧਾਨ ਸਭਾ ਦੇ ਸਕੱਤਰ ਖਿਆਤੀ ਸਿੰਘ ਦੇ ਦਫਤਰ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ ਵਿਚ ਨਾਮਜ਼ਦਗੀ ਦਾਖਲ ਕੀਤੀ ਹੈ। ਬਿਹਾਰ ਦੇ ਸਭ ਤੋਂ ਲੰਬੇ ਸਮੇਂ ਤੱਕ ਰਹਿਣ ਵਾਲੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਸਵੇਰੇ ਆਪਣੇ ਇਰਾਦੇ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਇਹ ਇਕੋ -ਇਕ ਸਦਨ ਹੈ, ਜਿਸਦੇ ਉਹ ਹੁਣ ਤੱਕ ਮੈਂਬਰ ਨਹੀਂ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਬਿਹਾਰ ਵਿਚ ਹੁਣ ਭਾਜਪਾ ਦਾ ਆਪਣਾ ਮੁੱਖ ਮੰਤਰੀ ਹੋਵੇਗਾ ਅਤੇ ਨਿਤੀਸ਼ ਦਾ ਪੁੱਤਰ ਨਿਸ਼ਾਂਤ ਉਪ ਮੁੱਖ ਮੰਤਰੀ ਹੋਵੇਗਾ। ਜ਼ਿਕਰਯੋਗ ਹੈ ਕਿ ਨਿਤੀਸ਼ ਕੁਮਾਰ ਸਾਲ 2005 ਤੋਂ ਮੁੱਖ ਮੰਤਰੀ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਨਿਤੀਸ਼ ਕੁਮਾਰ ਨੇ ਬਿਹਾਰ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਤੁਸੀ ਮੇਰੇ ’ਤੇ ਲਗਾਤਾਰ ਭਰੋਸਾ ਜਤਾਇਆ ਹੈ ਅਤੇ ਇਸੇ ਭਰੋਸੇ ਦੇ ਦਮ ’ਤੇ ਅਸੀਂ ਪੂਰੀ ਤਨਦੇਹੀ ਨਾਲ ਬਿਹਾਰ ਦੀ ਸੇਵਾ ਕੀਤੀ ਹੈ।  

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.