Sunday, 14 June 2026

ਕਿਹਾ : ਕਾਰਪੋਰੇਟਾਂ ਨੂੰ ਲੱਖਾਂ ਕਰੋੜਾਂ ਦੀ ਰਾਹਤ, ਕਿਸਾਨਾਂ ਨੂੰ ਸਿਰਫ ਦਿਲਾਸੇ
ਨਵੀਂ ਦਿੱਲੀ/ਬਿਊਰੋ ਨਿਊਜ਼
ਵਾਤਾਵਰਨ ਪ੍ਰੇਮੀ ਅਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਪਾਰਲੀਮੈਂਟ ਵਿਚ ਕਿਸਾਨਾਂ ਦੇ ਹੱਕ ਵਿਚ ਮੁੱਦਾ ਚੁੱਕਿਆ ਗਿਆ ਹੈ। ਸੀਚੇਵਾਲ ਨੇ ਕਿਹਾ ਕਿ ਬਜਟ ਵਿਚ ਨਰਿੰਦਰ ਮੋਦੀ ਸਰਕਾਰ ਵਲੋਂ ਪੇਸ਼ ਕੀਤੇ ਗਏ ਅੰਕੜੇ ਕਿਸਾਨ ਵਿਰੋਧੀ ਅਤੇ ਕਾਰਪੋਰੇਟ-ਪੱਖੀ ਨੀਤੀ ਨੂੰ ਸਪੱਸ਼ਟ ਤੌਰ ’ਤੇ ਬੇਨਕਾਬ ਕਰਦੇ ਹਨ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਜਦੋਂ ਵੱਡੇ ਕਾਰਪੋਰੇਟ ਹਜ਼ਾਰਾਂ ਕਰੋੜ ਰੁਪਏ ਦਾ ਕਰਜ਼ਾ ਨਹੀਂ ਚੁਕਾਉਂਦੇ ਤਾਂ ਉਸ ਨੂੰ ਨੀਤੀ ਦੇ ਨਾਂਅ ’ਤੇ ‘ਰਿਟਨ-ਆਫ’ ਕਰ ਦਿੱਤਾ ਜਾਂਦਾ ਹੈ। ਪਰ ਜਦੋਂ ਕਿਸਾਨ ਮੌਸਮ ਦੀ ਮਾਰ, ਫਸਲਾਂ ਦੇ ਨੁਕਸਾਨ ਅਤੇ ਘੱਟ ਸਮਰਥਨ ਮੁੱਲ ਕਾਰਨ ਕਰਜ਼ੇ ਦੇ ਬੋਝ ਹੇਠ ਦੱਬਦਾ ਹੈ, ਤਾਂ ਉਸ ਨੂੰ ਕਰਜ਼ਾ ਮੁਆਫੀ ਨਹੀਂ ਮਿਲਦੀ, ਸਗੋਂ ਸਵਾਲਾਂ ਅਤੇ ਸ਼ਰਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜ਼ਿਕਰਯੋਗ ਹੈ ਕਿ ਰਾਜ ਸਭਾ ਵਿਚ ਕੇਂਦਰੀ ਮੰਤਰੀ ਪੰਕਜ ਚੌਧਰੀ ਵਲੋਂ ਪੇਸ਼ ਕੀਤੇ ਸਰਕਾਰੀ ਅੰਕੜਿਆਂ ਅਨੁਸਾਰ 2014 ਤੋਂ ਲੈ ਕੇ 30 ਸਤੰਬਰ 2025 ਤੱਕ ਸਿਰਫ ਵੱਡੇ ਉਦਯੋਗਾਂ ਦੇ ਲਗਭਗ 7.21 ਲੱਖ ਕਰੋੜ ਰੁਪਏ ਦੇ ਕਰਜ਼ੇ ‘ਰਿਟਨ-ਆਫ’ ਕੀਤੇ ਗਏ ਹਨ। ਸੀਚੇਵਾਲ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਹੈ ਕਿ ਇਸਦੇ ਮੁਕਾਬਲੇ ਖੇਤੀਬਾੜੀ ਖੇਤਰ ਲਈ ਕਰਜ਼ਾ ਮੁਆਫੀ ਦੀ ਰਕਮ ਬਹੁਤ ਘੱਟ ਹੈ।

ਰਾਹੁਲ ਨੇ ਬਿੱਟੂ ਨੂੰ ਗੱਦਾਰ ਕਿਹਾ ਅਤੇ ਬਿੱਟੂ ਨੇ ਰਾਹੁਲ ਨੂੰ ਦੇਸ਼ ਦਾ ਦੁਸ਼ਮਣ ਕਹਿ ਦਿੱਤਾ

ਨਵੀਂ ਦਿੱਲੀ/ਬਿਊਰੋ ਨਿਊਜ਼  

ਨਵੀਂ ਦਿੱਲੀ ਵਿਚ ਚੱਲ ਰਹੇ ਬਜਟ ਇਜਲਾਸ ਦੌਰਾਨ ਸੰਸਦ ਭਵਨ ਦੇ ਬਾਹਰ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸੰਸਦ ਮੈਂਬਰ ਰਾਹੁਲ ਗਾਂਧੀ ਅਤੇ ਨਰਿੰਦਰ ਮੋਦੀ ਸਰਕਾਰ ਵਿਚ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਆਹਮੋ ਸਾਹਮਣੇ ਹੋ ਗਏ। ਇਸੇ ਦੌਰਾਨ ਰਾਹੁਲ ਨੇ ਬਿੱਟੂ ਨੂੰ ਗੱਦਾਰ ਕਹਿ ਦਿੱਤਾ ਅਤੇ ਬਿੱਟੂ ਨੇ ਵੀ ਰਾਹੁਲ ਨੂੰ ਮੋੜਵਾਂ ਜਵਾਬ ਦਿੰਦਿਆਂ ਦੇਸ਼ ਦਾ ਦੁਸ਼ਮਣ ਕਹਿ ਦਿੱਤਾ। ਇਸ ਮੌਕੇ ਇਨ੍ਹਾਂ ਦੋਵਾਂ ਆਗੂਆਂ ਵਿਚਾਲੇ ਤਿੱਖੀ ਬਹਿਸ ਵੀ ਹੋ ਗਈ। ਇਸ ਮੌਕੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਜਦੋਂ ਮਕਰ ਦੁਆਰ ਵਿਖੇ ਰੋਸ ਪ੍ਰਦਰਸ਼ਨ ਕਰ ਰਹੇ ਕਾਂਗਰਸੀਆਂ ਦੇ ਕੋਲੋਂ ਲੰਘੇ ਤਾਂ ਰਾਹੁਲ ਗਾਂਧੀ ਨੇ ਕਿਹਾ ਕਿ ਦੇਖੋ ਇਕ ਗੱਦਾਰ ਲੰਘ ਰਿਹਾ ਹੈ, ਉਸਦੇ ਚਿਹਰੇ ਵੱਲ ਦੇਖੋ। ਇਸੇ ਦੌਰਾਨ ਰਾਹੁਲ ਗਾਂਧੀ ਨੇ ਬਿੱਟੂ ਨਾਲ ਹੱਥ ਮਿਲਾਉਣ ਦੀ ਪੇਸ਼ਕਸ਼ ਕਰਦੇ ਹੋਏ ਕਿਹਾ ਕਿ ਹੈਲੋ ਭਰਾ, ਮੇਰੇ ਗੱਦਾਰ ਦੋਸਤ। ਚਿੰਤਾ ਨਾ ਕਰੋ ਤੁਸੀਂ ਕਾਂਗਰਸ ਪਾਰਟੀ ਵਿਚ ਵਾਪਸ ਆ ਜਾਓਗੇ। ਧਿਆਨ ਰਹੇ ਕਿ ਰਵਨੀਤ ਸਿੰਘ ਬਿੱਟੂ ਸ਼ੁਰੂ ਤੋਂ ਕਾਂਗਰਸ ਪਾਰਟੀ ਵਿਚ ਰਹੇ ਹਨ। ਇਸ ਤੋਂ ਬਾਅਦ ਬਿੱਟੂ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ ਸਨ ਅਤੇ ਭਾਜਪਾ ਨੇ ਬਿੱਟੂ ਨੂੰ ਕੇਂਦਰ ਸਰਕਾਰ ਵਿਚ ਰਾਜ ਮੰਤਰੀ ਦਾ ਅਹੁਦਾ ਦਿੱਤਾ ਹੋਇਆ ਹੈ।

ਕਿਹਾ : ਸਿੱਖ ਕਦੇ ਵੀ ਗੱਦਾਰ ਨਹੀਂ ਹੋ ਸਕਦਾ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਦੀ ਭਾਜਪਾ ਸਰਕਾਰ ਵਿਚ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਰਾਹੁਲ ਗਾਂਧੀ ਵਲੋਂ ਰਵਨੀਤ ਸਿੰਘ ਬਿੱਟੂ ਖਿਲਾਫ ਕੀਤੀ ਗਈ ਟਿੱਪਣੀ ਦੀ ਸਖਤ ਨਿੰਦਾ ਕੀਤੀ ਹੈ। ਰਾਹੁਲ ਗਾਂਧੀ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਗੱਦਾਰ ਕਿਹਾ ਹੈ ਅਤੇ ਮਨਜਿੰਦਰ ਸਿੰਘ ਸਿਰਸਾ ਨੇ ਬਿੱਟੂ ਦਾ ਪੱਖ ਲੈਂਦਿਆਂ ਇਸ ਨੂੰ ਬਹੁਤ ਹੀ ਸ਼ਰਮਨਾਕ ਦੱਸਿਆ। ਸਿਰਸਾ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਇਕ ਸਿੱਖ ਹੈ ਅਤੇ ਸਿੱਖ ਕਦੇ ਵੀ ਗੱਦਾਰ ਨਹੀਂ ਹੋ ਸਕਦਾ। ਸਿਰਸਾ ਨੇ ਕਿਹਾ ਕਿ ਜੇ ਕੋਈ ਗੱਦਾਰ ਹੈ ਅਤੇ ਉਹ ਗਾਂਧੀ ਪਰਿਵਾਰ ਹੈ, ਜਿਸ ਨੇ ਸ੍ਰੀ ਹਰਿਮੰਦਰ ਸਾਹਿਬ ਉਤੇ ਤੋਪਾਂ ਅਤੇ ਟੈਂਕਾਂ ਨਾਲ ਹਮਲਾ ਕੀਤਾ ਸੀ। ਮੰਤਰੀ ਸਿਰਸਾ ਨੇ ਕਿਹਾ ਕਿ ਮੈਂ ਮਾਨਯੋਗ ਸਪੀਕਰ ਨੂੰ ਬੇਨਤੀ ਕਰਦਾ ਹਾਂ ਕਿ ਰਾਹੁਲ ਗਾਂਧੀ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ। ਦੱਸਣਯੋਗ ਹੈ ਕਿ ਰਵਨੀਤ ਸਿੰਘ ਬਿੱਟੂ ਅਤੇ ਰਾਹੁਲ ਗਾਂਧੀ ਵਿਚਾਲੇ ਹੋਈ ਤਿੱਖੀ ਬਹਿਸ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਏਸ਼ੀਆ ਦੀ ਸਭ ਤੋਂ ਕਮਜ਼ੋਰ ਕਰੰਸੀ ਬਣ ਗਿਆ ਸੀ ਰੁਪਇਆ

ਨਵੀਂ ਦਿੱਲੀ/ਬਿਊਰੋ ਨਿਊਜ਼

ਭਾਰਤੀ ਰੁਪਇਆ ਅੱਜ ਮੰਗਲਵਾਰ 3 ਫਰਵਰੀ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ 3 ਸਾਲ ਦੇ ਸਭ ਤੋਂ ਵੱਡੇ ਵਾਧੇ ਨਾਲ 92.20 ਦੇ ਪੱਧਰ ’ਤੇ ਪਹੁੰਚ ਗਿਆ। ਇਹ ਤੇਜ਼ੀ ਅਮਰੀਕਾ ਅਤੇ ਭਾਰਤ ਵਿਚਾਲੇ ਟਰੇਡ ਡੀਲ ਦੇ ਐਲਾਨ ਦੇ ਕਾਰਨ ਹੋਈ ਹੈ, ਜਿਸ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਸਮਾਨ ’ਤੇ ਟੈਰਿਫ ਨੂੰ 50 ਫੀਸਦੀ ਤੋਂ ਘਟਾ ਕੇ 18 ਫੀਸਦੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ 2025 ਵਿਚ ਰੁਪਇਆ ਕਰੀਬ 5 ਫੀਸਦੀ ਤੱਕ ਟੁੱਟ ਕੇ ਏਸ਼ੀਆ ਦੀ ਸਭ ਤੋਂ ਕਮਜ਼ੋਰ ਕਰੰਸੀ ਬਣ ਗਿਆ ਸੀ। ਲੰਘੇ ਮਹੀਨੇ ਜਨਵਰੀ ਵਿਚ ਇਸ ’ਚ 2 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ। ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਦੀ ਲਗਾਤਾਰ ਨਿਕਾਸੀ ਨੇ ਰੁਪਏ ’ਤੇ ਦਬਾਅ ਬਣਾ ਕੇ ਰੱਖਿਆ ਹੋਇਆ ਸੀ। ਹਾਲਾਂਕਿ ਅੱਜ ਮੰਗਲਵਾਰ ਨੂੰ ਰੁਪਏ ਨੇ ਵਾਪਸੀ ਕਰਦੇ ਹੋਏ 91.49 ਦੇ ਪਿਛਲੇ ਕਲੋਜ ਦੇ ਮੁਕਾਬਲੇ 130 ਪੈਸੇ ਦੀ ਮਜ਼ਬੂਤੀ ਦਰਜ ਕੀਤੀ ਹੈ। 

ਅਮਰੀਕੀ ਬਜ਼ਾਰ ਵਿਚ ਭਾਰਤ ਦੀ ਬਰਾਮਦ ਵਧਣ ਦਾ ਦਾਅਵਾ
ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕਾ ਅਤੇ ਭਾਰਤ ਵਿਚਾਲੇ ਹੋਏ ਸਮਝੌਤੇ ਸਬੰਧੀ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਸੰਸਦ ਵਿਚ ਗੱਲਬਾਤ ਕੀਤੀ ਹੈ। ਪੀਯੂਸ਼ ਗੋਇਲ ਨੇ ਕਿਹਾ ਕਿ ਫਰਵਰੀ 2025 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਤੋਂ ਬਾਅਦ ਦੋਵੇਂ ਦੇਸ਼ ਇਸ ਸਮਝੌਤੇ ਨੂੰ ਪੂਰਾ ਕਰਨ ਲਈ ਲਗਾਤਾਰ ਚਰਚਾ ਕਰ ਰਹੇ ਹਨ। ਦੋਵੇਂ ਪਾਸਿਆਂ ਦੇ ਵਾਰਤਾਕਾਰਾਂ ਨੇ ਵੱਖ-ਵੱਖ ਪੱਧਰਾਂ ’ਤੇ ਵਿਚਾਰ ਵਟਾਂਦਰਾ ਕੀਤਾ ਹੈ। ਗੋਇਲ ਨੇ ਕਿਹਾ ਕਿ ਇਹ ਸਮਝੌਤਾ ਇਤਿਹਾਸਕ ਹੈ ਅਤੇ ਅਮਰੀਕੀ ਬਜ਼ਾਰ ਵਿਚ ਭਾਰਤ ਦੀ ਬਰਾਮਦ ਵਧੇਗੀ। ਉਨ੍ਹਾਂ ਕਿਹਾ ਕਿ ਅਸੀਂ ਖੇਤੀਬਾੜੀ ਖੇਤਰ ਦੀ ਰੱਖਿਆ ਕਰਨ ਵਿਚ ਸਫਲ ਰਹੇ ਹਾਂ। ਕੇਂਦਰੀ ਮੰਤਰੀ ਨੇ ਸਪੱਸ਼ਟ ਕੀਤਾ ਕਿ ਇਹ ਸਾਂਝੇਦਾਰੀ ਉਦਯੋਗਾਂ, ਛੋਟੇ ਤੇ ਵੱਡੇ ਕਾਰੋਬਾਰਾਂ ਲਈ ਲਾਭਦਾਇਕ ਸਾਬਤ ਹੋਵੇਗੀ। ਧਿਆਨ ਰਹੇ ਕਿ ਜਦੋਂ ਕੇਂਦਰੀ ਮੰਤਰੀ ਗੋਇਲ ਅਮਰੀਕਾ ਤੇ ਭਾਰਤ ਵਿਚਾਲੇ ਹੋਈ ਡੀਲ ਸਬੰਧੀ ਸੰਸਦ ’ਚ ਗੱਲ ਕਰ ਰਹੇ ਸਨ ਤਾਂ ਵਿਰੋਧੀ ਧਿਰਾਂ ਵਲੋਂ ਹੰਗਾਮਾ ਕੀਤਾ ਜਾ ਰਿਹਾ ਸੀ।

ਨਿਯਮਾਂ ’ਚ ਹੋ ਗਿਆ ਵੱਡਾ ਬਦਲਾਅ

ਨਵੀਂ ਦਿੱਲੀ/ਬਿਊਰੋ ਨਿਊਜ਼

ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਲਈ ਖੁਸ਼ੀ ਦਾ ਸਮਾਨ ਥੋੜ੍ਹਾ ਭਾਰੀ ਹੋਣ ਵਾਲਾ ਹੈ। ਸਰਕਾਰ ਨੇ 2016 ਦੇ ਪੁਰਾਣੇ ਨਿਯਮਾਂ ਦੀ ਥਾਂ ਹਵਾਈ ਅਤੇ ਸਮੁੰਦਰੀ ਰਸਤੇ ਭਾਰਤ ਆਉਣ ਵਾਲੇ ਯਾਤਰੀਆਂ ਲਈ ‘ਬੈਗੇਜ ਨਿਯਮ 2026’ ਲਾਗੂ ਕੀਤਾ ਹੈ। ਇਹ ਨਿਯਮ, ਲੰਘੇ ਕੱਲ੍ਹ 2 ਫਰਵਰੀ ਨੂੰ ਲਾਗੂ ਹੋਏ ਹਨ। ਯਾਤਰੀਆਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਮਹਿੰਗੀਆਂ ਚੀਜ਼ਾਂ ਡਿਊਟੀ ਮੁਕਤ ਘਰ ਲਿਆਉਣ ਦੀ ਆਗਿਆ ਦਿੰਦੇ ਹਨ। ਨਵੇਂ ਨਿਯਮਾਂ ਤਹਿਤ, ਭਾਰਤ ਨਿਵਾਸੀ ਜਾਂ ਵੈਧ ਵੀਜ਼ਾ ਵਾਲੇ ਵਿਦੇਸ਼ੀ ਨਾਗਰਿਕ ਹੁਣ 75 ਹਜ਼ਾਰ ਰੁਪਏ ਤੱਕ ਦਾ ਸਮਾਨ ਡਿਊਟੀ ਮੁਕਤ ਲਿਆ ਸਕਦੇ ਹਨ, ਜੋ ਪਿਛਲੀ ਸੀਮਾ 50 ਹਜ਼ਾਰ ਸੀ। ਇਸਦਾ ਮਤਲਬ ਹੈ ਕਿ ਤੁਹਾਨੂੰ ਹੁਣ ਹਵਾਈ ਅੱਡੇ ’ਤੇ ਛੋਟੀਆਂ ਖਰੀਦਾਂ ਲਈ ਪੈਸੇ ਖਰਚਣ ਜਾਂ ਟੈਕਸ ਅਦਾ ਕਰਨ ਦੀ ਚਿੰਤਾ ਨਹੀਂ ਕਰਨੀ ਪਵੇਗੀ।  

ਇਕ ਦਿਨ ਵਿਚ ਹੀ 7 ਲੱਖ ਕਰੋੜ ਰੁਪਏ ਦਾ ਹੋਇਆ ਇਜ਼ਾਫਾ
ਨਵੀਂ ਦਿੱਲੀ/ਬਿਊਰੋ ਨਿਊਜ਼
ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਦੀ ਕੁੱਲ ਜਾਇਦਾਦ 850 ਬਿਲੀਅਨ ਡਾਲਰ (ਕਰੀਬ 77 ਲੱਖ ਕਰੋੜ ਰੁਪਏ) ਦਾ ਅੰਕੜਾ ਪਾਰ ਕਰ ਗਈ ਹੈ। ਇਕ ਦਿਨ ਵਿਚ ਮਸਕ ਦੀ ਕੁੱਲ ਜਾਇਦਾਦ ਵਿਚ 84 ਬਿਲੀਅਨ ਡਾਲਰ, ਕਰੀਬ 7 ਲੱਖ ਕਰੋੜ ਦਾ ਇਜ਼ਾਫਾ ਹੋਇਆ ਹੈ। ਫੋਰਬਸ ਦੇ ਮੁਤਾਬਕ ਮਸਕ ਹੁਣ ਇਤਿਹਾਸ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਮਸਕ ਦੀ ਜਾਇਦਾਦ ਵਿਚ ਇਹ ਵਾਧਾ ਉਸਦੀ ਰਾਕੇਟ ਬਣਾਉਣ ਵਾਲੀ ਕੰਪਨੀ ਜ਼ਰੀਏ ਹੋਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸਿਰਫ ਚਾਰ ਮਹੀਨਿਆਂ ਵਿਚ ਮਸਕ ਦੀ ਦੌਲਤ 70 ਫੀਸਦੀ ਵਧ ਗਈ ਹੈ। ਅਕਤੂਬਰ 2025 ਵਿਚ ਇਹ 500 ਬਿਲੀਅਨ ਡਾਲਰ ’ਤੇ ਪਹੁੰਚ ਗਈ ਸੀ। ਹੁਣ ਉਸਦੀ ਨੈਟਵਰਥ ਪਾਕਿਸਤਾਨ, ਸ੍ਰੀਲੰਕਾ ਅਤੇ ਨੇਪਾਲ ਦੀ ਜੀਡੀਪੀ ਤੋਂ ਜ਼ਿਆਦਾ ਹੈ। ਦੱਸਿਆ ਗਿਆ ਕਿ ਇਹ ਭਾਰਤ ਦੇ ਟੌਪ 40 ਸਭ ਤੋਂ ਅਮੀਰ ਵਿਅਕਤੀਆਂ ਦੀ ਕੁੱਲ ਦੌਲਤ ਤੋਂ ਵੀ ਜ਼ਿਆਦਾ ਹੈ। 

ਨਰਿੰਦਰ ਮੋਦੀ ਸਰਕਾਰ ਖਿਲਾਫ ਜੰਮ ਕੇ ਹੋਈ ਨਾਅਰੇਬਾਜ਼ੀ

ਨਵੀਂ ਦਿੱਲੀ/ਬਿਊਰੋ ਨਿਊਜ਼

ਲੋਕ ਸਭਾ ਦੀ ਕਾਰਵਾਈ ਅੱਜ ਵੀ ਹੰਗਾਮਿਆਂ ਭਰਪੂਰ ਹੀ ਰਹੀ ਹੈ ਅਤੇ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੇ ਨਰਿੰਦਰ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਹੈ। ਅੱਜ ਸਵੇਰੇੇ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਸਦਨ ਵਿਚ ਬਹਿਸਬਾਜ਼ੀ ਹੋਈ, ਜਿਸ ਕਾਰਨ ਕਾਰਵਾਈ ਨੂੰ ਕਈ ਵਾਰ ਮੁਲਤਵੀ ਕਰਨਾ ਪਿਆ। ਅਸਲ ਵਿਚ ਮਾਹੌਲ ਉਸ ਸਮੇਂ ਗਰਮਾ ਗਿਆ, ਜਦੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਸਾਬਕਾ ਜਨਰਲ ਐਮ.ਐਮ. ਨਰਵਣੇ ਦੀ ਅਣ-ਪ੍ਰਕਾਸ਼ਿਤ ਕਿਤਾਬ ਬਾਰੇ ਬੋਲਣਾ ਸ਼ੁਰੂ ਕੀਤਾ। ਰਾਹੁਲ ਨੂੰ ਲੰਘੇ ਕੱਲ੍ਹ ਵਾਂਗ ਇਕ ਵਾਰ ਫਿਰ ਤੋਂ ਸਪੀਕਰ ਵਲੋਂ ਅਜਿਹਾ ਕਰਨ ਤੋਂ ਰੋਕਿਆ ਤਾਂ ਕਾਂਗਰਸ ਅਤੇ ਹੋਰ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਵਲੋਂ ਤਿੱਖੀ ਬਹਿਸਬਾਜ਼ੀ ਕੀਤੀ ਗਈ ਅਤੇ ਕੁਝ ਸੰਸਦ ਮੈਂਬਰਾਂ ਨੇ ਸਪੀਕਰ ਵੱਲ ਪੇਪਰ ਵਗ੍ਹਾ ਕੇ ਮਾਰ ਦਿੱਤੇ। ਸੰਸਦ ਵਿਚ ਹੋਈ ਘਟਨਾ ਤੋਂ ਬਾਅਦ ਭਾਜਪਾ ਦੇ ਸੰਸਦ ਮੈਂਬਰ ਅਤੇ ਮੰਤਰੀ ਕਿਰਨ ਰਿਜੀਜੂ ਨੇ ਵਿਰੋਧੀ ਧਿਰਾਂ ਦੇ ਇਨ੍ਹਾਂ ਸੰਸਦ ਮੈਂਬਰਾਂ ਨੂੰ ਸਸਪੈਂਡ ਕਰਨ ਦੀ ਮੰਗ ਕੀਤੀ। ਇਸੇ ਦੌਰਾਨ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਰਾਜਾ ਵੜਿੰਗ ਅਤੇ ਗੁਰਜੀਤ ਸਿੰਘ ਔਜਲਾ ਸਣੇ 8 ਕਾਂਗਰਸੀ ਸੰਸਦ ਮੈਂਬਰਾਂ ਨੂੰ ਇਜਲਾਸ ਦੇ ਬਾਕੀ ਰਹਿੰਦੇ ਸਮੇਂ ਲਈ ਸਸਪੈਂਡ ਕਰ ਦਿੱਤਾ ਗਿਆ।

 

ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਅੱਜ ਯਾਨੀ 4 ਫਰਵਰੀ ਨੂੰ ਫਿਰ ਵਾਧਾ ਹੋਇਆ ਹੈ। ਇੰਡੀਅਨ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੇ ਅਨੁਸਾਰ ਅੱਜ ਸਰਾਫਾ ਬਜ਼ਾਰ ਵਿਚ 10 ਗਰਾਮ 24 ਕੈਰੇਟ ਸੋਨੇ ਦਾ ਭਾਅ 6,629 ਰੁਪਏ ਵਧ ਕੇ 1 ਲੱਖ 58 ਹਜ਼ਾਰ 158 ਰੁਪਏ ਹੋ ਗਿਆ ਹੈ।  ਇਸੇ ਤਰ੍ਹਾਂ ਚਾਂਦੀ ਦੀ ਕੀਮਤ ਅੱਜ 9573 ਰੁਪਏ ਵਧ ਕੇ 2 ਲੱਖ 73 ਹਜ਼ਾਰ 538 ਰੁਪਏ ਪ੍ਰਤੀ ਕਿਲੋ ’ਤੇ ਪਹੁੰਚ ਗਈ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਕੁਝ ਗਿਰਾਵਟ ਆਈ ਸੀ ਅਤੇ ਹੁਣ ਫਿਰ ਇਨ੍ਹਾਂ ਦੀਆਂ ਕੀਮਤਾਂ ਵਿਚ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ।

ਚੰਡੀਗੜ੍ਹ/ਬਿਊਰੋ ਨਿਊਜ਼

ਭਾਰਤ ’ਚ ਭਾਜਪਾ ਦੀ ਅਗਵਾਈ ਵਾਲੀ ਨਰਿੰਦਰ ਮੋਦੀ ਸਰਕਾਰ ਦਾ ਬਜਟ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਐਤਵਾਰ ਨੂੰ ਪੇਸ਼ ਕੀਤਾ ਗਿਆ। ਇਸ ਬਜਟ ਵਿਚ ਕੋਈ ਨਵਾਂ ਟੈਕਸ ਨਹੀਂ ਲਗਾਇਆ ਗਿਆ ਅਤੇ ਨਾ ਹੀ ਇਨਕਮ ਟੈਕਸ ਵਿਚ ਕੋਈ ਬਦਲਾਅ ਕੀਤਾ ਗਿਆ। ਵਿੱਤ ਮੰਤਰੀ ਵਲੋਂ 53.5 ਲੱਖ ਕਰੋੜ ਰੁਪਏ ਦੇ ਪੇਸ਼ ਕੀਤੇ ਗਏ ਬਜਟ ਦੀ ਕੇਂਦਰ ਸਰਕਾਰ ਨੇ ਸ਼ਲਾਘਾ ਕੀਤੀ ਹੈ। ਉਧਰ ਦੂਜੇ ਪਾਸੇ ਵਿਰੋਧੀ ਸਿਆਸੀ ਪਾਰਟੀਆਂ ਕਾਂਗਰਸ, ਆਮ ਆਦਮੀ ਪਾਰਟੀ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਆਗੂਆਂ ਨੇ ਬਜਟ ਦੀ ਜੰਮ ਕੇ ਆਲੋਚਨਾ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਬਜਟ ਨੂੰ ਇਤਿਹਾਸਕ ਦੱਸਿਆ ਅਤੇ ਕਿਹਾ ਕਿ ਨਿਰਮਲਾ ਸੀਤਾਰਮਨ ਨੇ ਲਗਾਤਾਰ ਨੌਵੀਂ ਵਾਰ ਦੇਸ਼ ਦਾ ਬਜਟ ਪੇਸ਼ ਕਰਕੇ ਨਵਾਂ ਰਿਕਾਰਡ ਬਣਾਇਆ ਹੈ। ਭਾਰਤੀ ਉਦਯੋਗ ਜਗਤ ਨੇ ਕੇਂਦਰੀ ਬਜਟ ਨੂੰ ਆਰਥਿਕਤਾ ਨੂੰ ਹੁਲਾਰਾ ਦੇਣ ਵਾਲਾ ਕਰਾਰ ਦਿੰਦਿਆਂ ਵਿੱਤ ਮੰਤਰੀ  ਸੀਤਾਰਮਨ ਵਲੋਂ ਐਲਾਨੇ ਕਦਮਾਂ ਦਾ ਸਵਾਗਤ ਕੀਤਾ ਹੈ।  ਇਸੇ ਤਰ੍ਹਾਂ ਹੁਣ ਵਿਦੇਸ਼ ਯਾਤਰਾ ਲਈ ‘ਟੂਰ ਪੈਕੇਜ’ ਬੁੱਕ ਕਰਨਾ ਸਸਤਾ ਹੋ ਜਾਵੇਗਾ। ਪਹਿਲਾਂ 10 ਲੱਖ ਰੁਪਏ ਤੱਕ ਦੇ ਖਰਚ ’ਤੇ 5 ਫੀਸਦੀ ਅਤੇ ਉਸ ਤੋਂ ਜ਼ਿਆਦਾ ’ਤੇ 20 ਫੀਸਦੀ ਟੈਕਸ ਲੱਗਦਾ ਸੀ। ਇਸ ਨੂੰ ਘਟਾ ਕੇ ਹੁਣ ਸਿੱਧਾ 2 ਫੀਸਦੀ ਕਰ ਦਿੱਤਾ ਗਿਆ ਹੈ। ਹੁਣ ਇਸ ਵਿਚ ਰਕਮ ਦੀ ਕੋਈ ਲਿਮਟ ਵੀ ਨਹੀਂ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਜਟ ਦੀ ਸਖਤ ਆਲੋਚਨਾ ਕੀਤੀ ਹੈ।  ਇਸੇ ਤਰ੍ਹਾਂ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸੂਬੇ ਦੇ ਹੱਕਾਂ ਲਈ ਢੰਗ ਨਾਲ ਵਕਾਲਤ ਨਹੀਂ ਕੀਤੀ ਗਈ ਅਤੇ ਕੇਂਦਰੀ ਬਜਟ ਵਿਚ ਪੰਜਾਬ ਦੇ ਹਿੱਸੇ ਕੁਝ ਵੀ ਨਹੀਂ ਆਇਆ।

ਨਵੀਂ ਦਿੱਲੀ/ਬਿਊਰੋ ਨਿਊਜ਼ 

ਇਕ ਕੋਰੀਅਨ ਗੇਮ ਖੇਡਣ ਤੋਂ ਰੋਕਣ ਕਾਰਨ ਤਿੰਨ ਨਾਬਾਲਗ ਭੈਣਾਂ ਨੇ ਆਪਣੀ ਅਪਾਰਟਮੈਂਟ ਇਮਾਰਤ ਦੀ 9ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇਹ ਮੰਦਭਾਗੀ ਘਟਨਾ ਗਾਜ਼ੀਆਬਾਦ ਦੀ ਰਿਹਾਇਸ਼ੀ ਟਾਊਨਸ਼ਿਪ ‘ਭਾਰਤ ਸਿਟੀ’ ਵਿਚ ਵਾਪਰੀ ਹੈ। ਪੁਲਿਸ ਦੇ ਮੁਤਾਬਕ ਇਹ ਕਦਮ 3 ਨਾਬਾਲਗ ਭੈਣਾਂ ਨੇ ਮਾਪਿਆਂ ਵਲੋਂ ਉਨ੍ਹਾਂ ਦੀਆਂ ਬਹੁਤ ਜ਼ਿਆਦਾ ਆਨਲਾਈਨ ਗੇਮਿੰਗ ਆਦਤਾਂ ’ਤੇ ਇਤਰਾਜ਼ ਕਰਨ ਤੋਂ ਬਾਅਦ ਚੁੱਕਿਆ। ਮਿ੍ਰਤਕਾਂ ਦੀ ਪਹਿਚਾਣ 12 ਸਾਲਾਂ ਦੀ ਪਾਖੀ, 14 ਸਾਲਾਂ ਦੀ ਪ੍ਰਾਚੀ ਅਤੇ 16 ਸਾਲਾਂ ਦੀ ਵਿਸ਼ਿਕਾ ਵਜੋਂ ਹੋਈ ਹੈ। ਪੁਲਿਸ ਵਲੋਂ ਦੱਸਿਆ ਗਿਆ ਹੈ ਕਿ ਇਹ ਲੜਕੀਆਂ ਕੋਵਿਡ ਮਹਾਮਾਰੀ ਦੌਰਾਨ ਆਨਲਾਈਨ ਗੇਮਿੰਗ ਦੀਆਂ ਆਦੀ ਹੋ ਗਈਆਂ ਸਨ ਅਤੇ ਆਨਲਾਈਨ ਟਾਸਕ-ਅਧਾਰਿਤ ‘ਕੋਰੀਅਨ ਲਵ ਗੇਮ’ ਖੇਡ ਰਹੀਆਂ ਸਨ। ਦੱਸਿਆ ਗਿਆ ਹੈ ਕਿ ਇਨ੍ਹਾਂ ਲੜਕੀਆਂ ਨੇ ਸਕੂਲ ਜਾਣਾ ਵੀ ਛੱਡ ਦਿੱਤਾ ਸੀ ਅਤੇ ਮਾਪਿਆਂ ਲਈ ਇਹ ਚਿੰਤਾ ਦਾ ਵਿਸ਼ਾ ਬਣ ਗਿਆ ਸੀ। ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

ਚਾਂਦੀ ਵੀ 2 ਲੱਖ 41 ਹਜ਼ਾਰ ਰੁਪਏ ਪ੍ਰਤੀ ਕਿਲੋ ਹੋਈ

ਨਵੀਂ ਦਿੱਲੀ/ਬਿਊਰੋ ਨਿਊਜ਼

ਬਜਟ ਪੇਸ਼ ਹੋਣ ਤੋਂ ਇਕ ਦਿਨ ਬਾਅਦ ਯਾਨੀ ਅੱਜ 2 ਫਰਵਰੀ ਨੂੰ ਸੋਨਾ ਅਤੇ ਚਾਂਦੀ ਬਜ਼ਾਰ ਵਿਚ ਲਗਾਤਾਰ ਤੀਜੇ ਦਿਨ ਗਿਰਾਵਟ ਆਈ ਹੈ। ਅੱਜ ਸੋਮਵਾਰ ਨੂੰ ਵਾਅਦਾ ਬਜ਼ਾਰ ਵਿਚ ਚਾਂਦੀ ਦੀ ਕੀਮਤ ਕਰੀਬ  23 ਹਜ਼ਾਰ ਰੁਪਏ ਘਟੀ ਹੈ। ਇਸਦੇ ਚੱਲਦਿਆਂ ਇਕ ਕਿਲੋ ਚਾਂਦੀ ਦੀ ਕੀਮਤ 2 ਲੱਖ 41 ਹਜ਼ਾਰ ਰੁਪਏ ਹੋ ਗਈ ਹੈ। ਇਸੇ ਤਰ੍ਹਾਂ ਸੋਨੇ ਵਿਚ ਵੀ ਕਰੀਬ 7 ਹਜ਼ਾਰ ਰੁਪਏ ਦੀ ਗਿਰਾਵਟ ਆਈ ਹੈ ਅਤੇ ਸੋਨਾ ਪ੍ਰਤੀ 10 ਗਰਾਮ 1 ਲੱਖ 40 ਹਜ਼ਾਰ ਰੁਪਏ ’ਤੇ ਆ ਗਿਆ ਹੈ।  

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.