Sunday, 14 June 2026

ਸੀਐਮ ਭਗਵੰਤ ਮਾਨ ਨੇ ਕਿਹਾ : ਹਰਿਆਣਾ ਹੈ ਸਾਡਾ ਭਰਾ 

ਚੰਡੀਗੜ੍ਹ/ਬਿਊਰੋ ਨਿਊਜ਼

ਸਤਲੁਜ ਯਮੁਨਾ ਲਿੰਕ (ਐਸ.ਵਾਈ.ਐਲ.) ਦੇ ਮੁੱਦੇ ’ਤੇ ਅੱਜ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਚੰਡੀਗੜ੍ਹ ਵਿਚ ਬੈਠਕ ਹੋਈ ਹੈ। ਇਸ ਬੈਠਕ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਾਂਝੀ ਪ੍ਰੈਸ ਕਾਨਫਰੰਸ ਕੀਤੀ। ਇਸ ਸਾਂਝੀ ਪ੍ਰੈਸ ਕਾਨਫਰੰਸ ਵਿਚ ਸੰਬੋਧਨ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੀਟਿੰਗ ਬਹੁਤ ਵਧੀਆ ਮਾਹੌਲ ਵਿਚ ਹੋਈ ਹੈ ਅਤੇ ਮੈਂ ਆਪਣਾ ਪੱਖ ਰੱਖਿਆ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਪੁਰਾਣਾ ਮੁੱਦਾ ਹੈ ਤੇ ਕੇਂਦਰ ਸਰਕਾਰ ਤੇ ਸੁਪਰੀਮ ਕੋਰਟ ਨੇ ਸਾਨੂੰ ਇਕੱਠੇ ਬੈਠ ਕੇ ਹੱਲ ਕੱਢਣ ਲਈ ਕਿਹਾ ਸੀ, ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ’ਤੇ ਅਸੀਂ ਮੀਟਿੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਾਡਾ ਦੁਸ਼ਮਣ ਨਹੀਂ, ਸਗੋਂ ਸਾਡਾ ਭਰਾ ਹੈ। ਸੀਐਮ ਨੇ ਕਿਹਾ ਕਿ ਕਿਸੇ ਦਾ ਵੀ ਹੱਕ ਨਹੀਂ ਮਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਪਾਣੀ ਤੈਅ ਹੋ ਜਾਵੇ, ਨਹਿਰ ਵੀ ਬਣਾ ਲਵਾਂਗੇ। ਇਸੇ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਐਸ.ਵਾਈ.ਐਲ. ਦੇ ਮੁੱਦੇ ਸਬੰਧੀ ਗੱਲਬਾਤ ਬਹੁਤ ਹੀ ਸਾਰਥਿਕ ਮਾਹੌਲ ਵਿਚ ਹੋਈ ਹੈ। ਉਨ੍ਹਾਂ ਕਿਹਾ ਕਿ ਦੋਵਾਂ ਸੂਬਿਆਂ ਦੇ ਅਧਿਕਾਰੀ ਹੀ ਹੁਣ ਹੋਰ ਚਰਚਾ ਕਰਨਗੇ ਅਤੇ ਮੁੱਖ ਮੰਤਰੀ ਪੱਧਰ ਦੀਆਂ ਮੀਟਿੰਗਾਂ ਹੁਣ ਨਹੀਂ ਹੋਣਗੀਆਂ।

ਨਵੀਂ ਦਿੱਲੀ/ਬਿਊਰੋ ਨਿਊਜ਼ 

ਕੇਰਲਾ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਘੜਨ ਲਈ ਅੱਜ ਸ਼ੁੱਕਰਵਾਰ ਨੂੰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਨੇ ਸੂਬੇ ਦੇ ਸੀਨੀਅਰ ਆਗੂਆਂ ਨਾਲ ਅਹਿਮ ਬੈਠਕ ਕੀਤੀ ਹੈ। ਇਸ ਬੈਠਕ ਵਿਚ ਕਾਂਗਰਸੀ ਲੋਕ ਸਭਾ ਮੈਂਬਰ ਸ਼ਸ਼ੀ ਥਰੂਰ ਸ਼ਾਮਲ ਨਹੀਂ ਹੋਏ। ਨਵੀਂ ਦਿੱਲੀ ’ਚ ਖੜਗੇ ਦੀ ਰਿਹਾਇਸ਼ ’ਤੇ ਹੋਈ ਇਸ ਬੈਠਕ ਵਿਚ ਕੇ.ਸੀ. ਵੇਣੂਗੋਪਾਲ, ਕੇਰਲਾ ਕਾਂਗਰਸ ਦੇ ਪ੍ਰਧਾਨ ਸੰਨੀ ਜੋਸਫ ਅਤੇ ਹੋਰ ਦਿੱਗਜ਼ ਆਗੂ ਸ਼ਾਮਲ ਹੋਏ। ਇਸੇ ਦੌਰਾਨ ਥਰੂਰ ਦੀ ਨਰਾਜ਼ਗੀ ਦਾ ਅਸਲ ਕਾਰਨ ਰਾਹੁਲ ਗਾਂਧੀ ਅਤੇ ਸੂਬਾਈ ਲੀਡਰਸ਼ਿਪ ਦਾ ਵਤੀਰਾ ਦੱਸਿਆ ਜਾ ਰਿਹਾ ਹੈ। ਮਾਰਚ-ਅਪ੍ਰੈਲ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦੇ ਅੰਦਰੂਨੀ ਕਲੇਸ਼ ਨੇ ਕਾਂਗਰਸ ਲਈ ਨਵੀਂ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਲੰਘੇ ਕੱਲ੍ਹ ਵੀਰਵਾਰ ਨੂੰ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਨੂੰ ਵੀ ਦਿੱਲੀ ਬੁਲਾ ਕੇ ਮੀਟਿੰਗ ਕੀਤੀ ਗਈ ਸੀ। 

 

ਪ੍ਰਸ਼ਾਸ਼ਨ ਨੇ ਅਜਿਹਾ ਫਰਮਾਨ ਜਾਰੀ ਕਰਨ ਵਾਲਿਆਂ ਖਿਲਾਫ ਕਾਰਵਾਈ ਦੇ ਦਿੱਤੇ ਹੁਕਮ

ਨਵੀਂ ਦਿੱਲੀ/ਬਿਊਰੋ ਨਿਊਜ਼

ਮੱਧ ਪ੍ਰਦੇਸ਼ ਦੇ ਰਤਨਾਮ ਜ਼ਿਲ੍ਹੇ ਦੇ ਪਿੰਡ ਪੰਚੇਵਾ ਦੇ ਵਸਨੀਕਾਂ ਨੇ ਘਰੋਂ ਭੱਜ ਕੇ ਵਿਆਹ ਕਰਵਾਉਣ ਵਾਲੇ ਜੋੜਿਆਂ ਦੇ ਸਮਾਜਿਕ ਬਾਈਕਾਟ ਦਾ ਐਲਾਨ ਕੀਤਾ ਹੈ। ਇਸ ਸਬੰਧੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪਿੰਡ ਵਾਸੀਆਂ ਨੇ ਦਾਅਵਾ ਕੀਤਾ ਕਿ ਪਿਛਲੇ ਛੇ ਮਹੀਨਿਆਂ ਵਿਚ ਪਿੰਡ ਦੇ 8 ਜੋੜਿਆਂ ਵਲੋਂ ਭੱਜ ਕੇ ਵਿਆਹ ਕਰਵਾਉਣ ਤੋਂ ਬਾਅਦ ਇਨ੍ਹਾਂ ਦੇ ਸਮਾਜਿਕ ਬਾਈਕਾਟ ਦਾ ਫੈਸਲਾ ਲਿਆ ਗਿਆ ਹੈ। ਇਹ ਵੀ ਕਿਹਾ ਗਿਆ ਹੈ ਕਿ ਅਜਿਹੇ ਵਿਅਕਤੀਆਂ ਦੀ ਮੱਦਦ ਕਰਨ ਵਾਲਿਆਂ ਨੂੰ ਵੀ ਅਜਿਹੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਉਧਰ ਦੂਜੇ ਪਾਸੇ ਪ੍ਰਸ਼ਾਸਨ ਨੇ ਅਜਿਹਾ ਫਰਮਾਨ ਜਾਰੀ ਕਰਨ ਵਾਲਿਆਂ ਖਿਲਾਫ ਕਾਰਵਾਈ ਦੇ ਹੁਕਮ ਦੇ ਦਿੱਤੇ ਹਨ। ਕਲੈਕਟਰ ਮਿਸ਼ਾ ਸਿੰਘ ਵਲੋਂ ਦੱਸਿਆ ਗਿਆ ਕਿ ਪ੍ਰੇਮ ਵਿਆਹਾਂ ਦੇ ਖਿਲਾਫ ਫੈਸਲਾ ਗਰਾਮ ਸਭਾ ਵਲੋਂ ਨਹੀਂ, ਬਲਕਿ ਪਿੰਡ ਵਾਸੀਆਂ ਨੇ ਖੁਦ ਲਿਆ ਸੀ। ਇਸੇ ਦੌਰਾਨ ਪੁਲਿਸ ਅਧਿਕਾਰੀਆਂ ਵਲੋਂ ਕਿਹਾ ਗਿਆ ਕਿ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। 

ਪੰਜਾਬ ਦੀ ਝਾਕੀ ਖਿੱਚੇਗੀ ਸਭ ਦਾ ਧਿਆਨ

ਨਵੀਂ ਦਿੱਲੀ/ਬਿਊਰੋ ਨਿਊਜ਼ 

26 ਜਨਵਰੀ ਨੂੰ ਹੋਣ ਵਾਲੀ 77ਵੀਂ ਗਣਤੰਤਰ ਦਿਵਸ ਪਰੇਡ ਵਿੱਚ ਪੰਜਾਬ ਸਰਕਾਰ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਵਿਸ਼ੇਸ਼ ਝਾਕੀ ਪੇਸ਼ ਕੀਤੀ ਜਾਵੇਗੀ। ਰੱਖਿਆ ਮੰਤਰਾਲੇ ਅਨੁਸਾਰ ਇਸ ਵਾਰ ਕਰਤੱਵ ਪੱਥ ’ਤੇ ਕੁੱਲ 30 ਝਾਕੀਆਂ ਕੱਢੀਆਂ ਜਾਣਗੀਆਂ, ਜਿਨ੍ਹਾਂ ਵਿੱਚੋਂ 17 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਅਤੇ 13 ਵੱਖ-ਵੱਖ ਮੰਤਰਾਲਿਆਂ ਦੀਆਂ ਹੋਣਗੀਆਂ। ਇਸ ਵਾਰ ਦੀ ਪਰੇਡ ਦਾ ਮੁੱਖ ਥੀਮ ‘ਵੰਦੇ ਮਾਤਰਮ’ ਦੇ 150 ਸਾਲ ਅਤੇ ‘ਆਤਮ-ਨਿਰਭਰ ਭਾਰਤ’ ਰਾਹੀਂ ਦੇਸ਼ ਦੀ ਤਰੱਕੀ ਨੂੰ ਦਰਸਾਉਣਾ ਹੈ। ਇਸ ਸਾਲ ਹਵਾਈ ਸੈਨਾ ਵੱਲੋਂ ‘ਸਿੰਧੂਰ’ ਨਾਮਕ ਇੱਕ ਵਿਸ਼ੇਸ਼ ਫਾਰਮੇਸ਼ਨ ਬਣਾਈ ਜਾਵੇਗੀ, ਜੋ ਪਿਛਲੇ ਸਾਲ ਮਈ ਵਿੱਚ ਪਾਕਿਸਤਾਨ ਵਿਰੁੱਧ ਕੀਤੇ ਗਏ ‘ਆਪਰੇਸ਼ਨ ਸਿੰਧੂਰ’ ਦੀ ਯਾਦ ਦਿਵਾਏਗੀ।

ਚਾਂਦੀ 35,815 ਰੁਪਏ ਵਧ ਕੇ 3 ਲੱਖ 17 ਹਜ਼ਾਰ ਰੁਪਏ ਪ੍ਰਤੀ ਕਿਲੋ ’ਤੇ ਪਹੁੰਚੀ

ਨਵੀਂ ਦਿੱਲੀ/ਬਿਊਰੋ ਨਿਊਜ਼ 

ਇਸ ਹਫਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਵਾਧਾ ਲਗਾਤਾਰ ਜਾਰੀ ਰਿਹਾ। ਇਸਦੇ ਚੱਲਦਿਆਂ ਸੋਨਾ 12 ਹਜ਼ਾਰ 717 ਰੁਪਏ ਵਧ ਕੇ 1 ਲੱਖ 54 ਹਜ਼ਾਰ 310 ਰੁਪਏ ਪ੍ਰਤੀ 10 ਗਰਾਮ ’ਤੇ ਪਹੁੰਚ ਗਿਆ। ਇਸ ਤੋਂ ਪਹਿਲਾਂ ਇਹ ਲੰਘੀ 16 ਜਨਵਰੀ ਨੂੰ 1 ਲੱਖ 41 ਹਜ਼ਾਰ 593 ਰੁਪਏ ਸੀ। ਇਸੇ ਤਰ੍ਹਾਂ ਚਾਂਦੀ 2 ਲੱਖ 81 ਹਜ਼ਾਰ 890 ਰੁਪਏ ਤੋਂ ਵਧ ਕੇ 3 ਲੱਖ 17 ਹਜ਼ਾਰ 705 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਯਾਨੀ ਕਿ ਇਸਦੀ ਕੀਮਤ 35 ਹਜ਼ਾਰ 815 ਰੁਪਏ ਵਧੀ ਹੈ। ਲੰਘੇ 23 ਦਿਨਾਂ ਵਿਚ ਸੋਨਾ 21 ਹਜ਼ਾਰ 115 ਰੁਪਏ ਅਤੇ ਚਾਂਦੀ 81 ਹਜ਼ਾਰ 285 ਰੁਪਏ ਮਹਿੰਗੀ ਹੋਈ ਹੈ। 

ਰਾਏਪੁਰ/ਬਿਊਰੋ ਨਿਊਜ਼

ਛੱਤੀਸਗੜ੍ਹ ਦੇ ਭਾਟਾਪਾੜਾ ਜ਼ਿਲ੍ਹੇ ਦੇ ਬਲੋਦਾਬਾਜ਼ਾਰ ਵਿਚ ਇਕ ਸਟੀਲ ਪਲਾਂਟ ’ਚ ਵੱਡਾ ਹਾਦਸਾ ਵਾਪਰ ਗਿਆ। ਕਲੀਨਿਕਲ ਫਰਨੇਸ ਦੌਰਾਨ ਹੋਏ ਧਮਾਕੇ ਵਿਚ 6 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 5 ਹੋਰ ਗੰਭੀਰ ਜ਼ਖਮੀ ਹੋ ਗਏ। ਜ਼ਖਮੀ ਮਜ਼ਦੂਰਾਂ ਨੂੰ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਇਸ ਹਾਦਸੇ ਕਾਰਨ ਭਾਟਾਪਾੜਾ ਪੇਂਡੂ ਪੁਲਿਸ ਸਟੇਸ਼ਨ ਅਧੀਨ ਆਉਂਦੇ ਪਿੰਡ ਬਕੁਲਾਹੀ ਵਿਚ ਸਥਿਤ ਪਲਾਂਟ ਵਿਚ ਦਹਿਸ਼ਤ ਅਤੇ ਹਫੜਾ-ਦਫੜੀ ਮਚ ਗਈ। ਪੁਲਿਸ ਦੀ ਟੀਮ ਮੌਕੇ ’ਤੇ ਹਾਦਸੇ ਵਾਲੀ ਥਾਂ ’ਤੇ ਪਹੁੰਚੀ ਅਤੇ ਬਚਾਅ ਤੇ ਰਾਹਤ ਕਾਰਜ ਸ਼ੁਰੂ ਕੀਤੇ। ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।  

ਸੰਤ ਨਿਰੰਜਣ ਦਾਸ ਬੱਲਾਂ ਵਾਲੇ ਅਤੇ ਕ੍ਰਿਕਟਰ ਹਰਮਨਦੀਪ ਕੌਰ ਨੂੰ ਵੀ ਦਿੱਤਾ ਜਾਵੇਗਾ ਪਦਮਸ੍ਰੀ ਪੁਰਸਕਾਰ

ਨਵੀਂ ਦਿੱਲੀ/ਬਿਊਰੋ ਨਿਊਜ਼  

ਭਾਰਤ ਦੇ ਗ੍ਰਹਿ ਮੰਤਰਾਲੇ ਨੇ ਗਣਤੰਤਰ ਦਿਵਸ ਮੌਕੇ ਸਾਲ 2026 ਲਈ 131 ਪਦਮ ਪੁਰਸਕਾਰਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ’ਚ ਪੰਜ ਪਦਮ ਵਿਭੂਸ਼ਣ, 13 ਪਦਮ ਭੂਸ਼ਣ ਅਤੇ 113 ਪਦਮਸ੍ਰੀ ਸ਼ਾਮਲ ਹਨ। ਅਦਾਕਾਰ ਧਰਮਿੰਦਰ ਅਤੇ ਕੇਰਲਾ ਦੇ ਸਾਬਕਾ ਮੁੱਖ ਮੰਤਰੀ ਤੇ ਉੱਘੇ ਖੱਬੇ ਪੱਖੀ ਆਗੂ ਵੀ.ਐੱਸ. ਅਛੂਤਾਨੰਦਨ ਨੂੰ ਮਰਨ ਉਪਰੰਤ ਪਦਮ ਵਿਭੂਸ਼ਣ ਦੇਣ ਦਾ ਐਲਾਨ ਕੀਤਾ ਗਿਆ ਹੈ। ਸੁਪਰੀਮ ਕੋਰਟ ਦੇ ਸਾਬਕਾ ਜੱਜ ਕੇ.ਟੀ. ਥੌਮਸ, ਹਿੰਦੁਸਤਾਨੀ ਸ਼ਾਸਤਰੀ ਸੰਗੀਤਕਾਰ ਤੇ ਵਾਇਲਨ ਵਾਦਕ ਐੱਨ ਰਾਜਮ ਅਤੇ ਉੱਘੇ ਮਲਿਆਲਮ ਪੱਤਰਕਾਰ ਪੀ ਨਰਾਇਣਨ ਨੂੰ ਵੀ ਪਦਮ ਵਿਭੂਸ਼ਣ ਮਿਲੇਗਾ। ਇਸੇ ਤਰ੍ਹਾਂ ਸੰਤ ਨਿਰੰਜਣ ਦਾਸ ਬੱਲਾਂ ਵਾਲੇ ਅਤੇ ਮਹਿਲਾ ਕਿ੍ਰਕਟ ਟੀਮ ਦੀ ਕਪਤਾਨ ਮੋਗੇ ਦੀ ਹਰਮਨਪ੍ਰੀਤ ਕੌਰ, ਸਾਬਕਾ ਡੀ.ਆਈ.ਜੀ. ਇੰਦਰਜੀਤ ਸਿੰਘ ਸਿੱਧੂ (ਚੰਡੀਗੜ੍ਹ) ਨੂੰ ਪਦਮਸ੍ਰੀ ਦੇਣ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਪਿੱਠਵਰਤੀ ਗਾਇਕਾ ਅਲਕਾ ਯਾਗਨਿਕ ਨੂੰ ਵੀ ਪਦਮਸ੍ਰੀ ਦੇਣ ਦਾ ਐਲਾਨ ਕੀਤਾ ਗਿਆ ਹੈ। ਕਿ੍ਰਕਟਰ ਰੋਹਿਤ ਸ਼ਰਮਾ ਅਤੇ ਹਾਕੀ ਖਿਡਾਰਨ ਸਵਿਤਾ ਪੂਨੀਆ ਨੂੰ ਵੀ ਪਦਮਸ੍ਰੀ ਮਿਲੇਗਾ। 

ਸੱਜਣ ਕੁਮਾਰ ਨੂੰ ਫਿਰ ਵੀ ਰਹਿਣਾ ਪਵੇਗਾ ਜੇਲ੍ਹ ’ਚ

ਨਵੀਂ ਦਿੱਲੀ/ਬਿਊਰੋ ਨਿਊਜ਼

1984 ਦੇ ਸਿੱਖ ਵਿਰੋਧੀ ਕਤਲੇਆਮ ਨਾਲ ਸੰਬੰਧਿਤ ਇਕ ਮਾਮਲੇ ਵਿਚ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਰਾਹਤ ਮਿਲ ਗਈ ਹੈ। ਦਿੱਲੀ ਦੀ ਇਕ ਅਦਾਲਤ ਨੇ ਸੱਜਣ ਕੁਮਾਰ ਨੂੰ ਉਸ ਮਾਮਲੇ ਵਿਚੋਂ ਬਰੀ ਕਰ ਦਿੱਤਾ ਹੈ, ਜਿਸ ਵਿਚ ਸੱਜਣ ਕੁਮਾਰ ’ਤੇ ਦਿੱਲੀ ਦੇ ਜਨਕਪੁਰੀ ਅਤੇ ਵਿਕਾਸਪੁਰੀ ਵਿਚ ਹਿੰਸਾ ਭੜਕਾਉਣ ਦਾ ਦੋਸ਼ ਸੀ। ਇਸ ਹਿੰਸਾ ਵਿਚ ਤਿੰਨ ਸਿੱਖ ਵਿਅਕਤੀਆਂ ਦੀ ਜਾਨ ਚਲੇ ਗਈ ਸੀ। ਇਹ ਫੈਸਲਾ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਸੁਣਾਇਆ ਹੈ। ਇਹ ਵੀ ਦੱਸਣਯੋਗ ਹੈ ਕਿ ਸੱਜਣ ਕੁਮਾਰ ਨੂੰ ਅਜੇ ਜੇਲ੍ਹ ਵਿਚ ਹੀ ਰਹਿਣਾ ਪਵੇਗਾ, ਕਿਉਂਕਿ ਉਸ ਨੂੰ ਦੋ ਮਾਮਲਿਆਂ ਵਿਚ ਉਮਰ ਕੈਦ ਦੀ ਸਜ਼ਾ ਵੀ ਮਿਲੀ ਹੋਈ ਹੈ। ਉਧਰ ਦੂਜੇ ਪਾਸੇ ਇਸ ਮਾਮਲੇ ਵਿਚ ਇਨਸਾਫ ਲਈ ਲੜ ਰਹੀ ਪੀੜਤ ਪਰਿਵਾਰ ਦੀ ਮੈਂਬਰ ਫੈਸਲਾ ਸੁਣ ਕੇ ਰੋ ਪਈ। ਉਸ ਨੇ ਕਿਹਾ ਕਿ ਸਾਨੂੰ ਇਨਸਾਫ ਕਿਉਂ ਨਹੀਂ ਮਿਲ ਰਿਹਾ?

 

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਰਹੀ ਪੰਜਾਬ ਦੀ ਝਾਕੀ

ਨਵੀਂ ਦਿੱਲੀ/ਬਿਊਰੋ ਨਿਊਜ਼

ਭਾਰਤ ਦੇ 77ਵੇਂ ਗਣਤੰਤਰ ਦਿਵਸ ਮੌਕੇ ਦਿੱਲੀ ਦੇ ਕਰਤੱਵਯਾ ਪੱਥ ’ਤੇ ਪੰਜਾਬ ਦੀ ਝਾਕੀ ਖਿੱਚ ਦਾ ਕੇਂਦਰ ਰਹੀ, ਜੋ ਕਿ ਮਨੁੱਖਤਾ ਦੇ ਰਹਿਬਰ ਨੌਵੇਂ ਸਿੱਖ ਗੁਰੂ, ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਨੂੰ ਸਮਰਪਿਤ ਸੀ। ਝਾਕੀ ਰਾਹੀਂ ਗੁਰੂ ਸਾਹਿਬ ਦੀ ਧਾਰਮਿਕ ਆਜ਼ਾਦੀ, ਨਿਆਂ ਅਤੇ ਮਨੁੱਖੀ ਅਧਿਕਾਰਾਂ ਲਈ ਦਿੱਤੀ ਗਈ ਲਾਸਾਨੀ ਕੁਰਬਾਨੀ ਨੂੰ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਨਾਲ ਪੇਸ਼ ਕੀਤਾ ਗਿਆ। ਝਾਕੀ ਦੇ ਮੂਹਰਲੇ ਹਿੱਸੇ ਵਿੱਚ ਘੁੰਮਦਾ ਹੋਇਆ ‘ਇੱਕ ਓਅੰਕਾਰ’ ਦਾ ਚਿੰਨ੍ਹ ਸੱਚ ਅਤੇ ਸਰਬ-ਸਾਂਝੀਵਾਲਤਾ ਦਾ ਸੰਦੇਸ਼ ਦੇ ਰਿਹਾ ਸੀ। ਝਾਕੀ ਦੇ ਪਿਛਲੇ ਹਿੱਸੇ ਵਿੱਚ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਸੀਸ ਗੰਜ ਸਾਹਿਬ ਦਾ ਮਾਡਲ ਬਣਾਇਆ ਗਿਆ ਸੀ, ਜਿਸਦੇ ਸਾਹਮਣੇ ਰਾਗੀ ਸਿੰਘਾਂ ਵੱਲੋਂ ਕੀਤੇ ਜਾ ਰਹੇ ਸ਼ਬਦ ਕੀਰਤਨ ਨੇ ਪੂਰੇ ਮਾਹੌਲ ਨੂੰ ਅਧਿਆਤਮਿਕ ਰੰਗ ਵਿੱਚ ਰੰਗ ਦਿੱਤਾ। ਪੰਜਾਬ ਦੀ ਇਸ ਝਾਕੀ ਨੇ ਨਾ ਸਿਰਫ ਸੂਬੇ ਦੀ ਅਮੀਰ ਅਧਿਆਤਮਿਕ ਵਿਰਾਸਤ ਨੂੰ ਦੁਨੀਆ ਸਾਹਮਣੇ ਰੱਖਿਆ, ਸਗੋਂ ਉਸ ਮਹਾਨ ਸ਼ਹੀਦੀ ਨੂੰ ਵੀ ਸਲਾਮ ਕੀਤਾ ਜੋ ਕਿਸੇ ਖਾਸ ਖੇਤਰ ਜਾਂ ਧਰਮ ਤੱਕ ਸੀਮਤ ਨਾ ਰਹਿ ਕੇ ਸਮੁੱਚੀ ਮਨੁੱਖਤਾ ਲਈ ਮਾਰਗ ਦਰਸ਼ਕ ਹੈ। ਜ਼ਿਕਰਯੋਗ ਕਿ ਗਣਤੰਤਰ ਦਿਵਸ ਪਰੇਡ ਵਿੱਚ ਪਿਛਲੇ ਦੋ ਸਾਲਾਂ ਦੌਰਾਨ ਪੰਜਾਬ ਦੀ ਝਾਕੀ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ, ਜਿਸ ਕਰਕੇ ਸੂਬਾ ਤੇ ਕੇਂਦਰ ਸਰਕਾਰ ਦਰਮਿਆਨ ਤਲਖੀ ਵੀ ਵੇਖਣ ਨੂੰ ਮਿਲੀ ਸੀ।  

ਸਾਬਕਾ ਮੁੱਖ ਮੰਤਰੀ ਆਤਿਸ਼ੀ ਖਿਲਾਫ ਕੇਸ ਦਰਜ ਕਰਨ ਦੀ ਮੰਗ
ਅੰਮਿ੍ਰਤਸਰ/ਬਿਊਰੋ ਨਿਊਜ਼
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫਦ ਨੇ ਅੱਜ ਦਿੱਲੀ ਦੇ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਹੈ। ਵਫਦ ਨੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੀ ਆਗੂ ਆਤਿਸ਼ੀ ਵੱਲੋਂ ਗੁਰੂ ਸਾਹਿਬਾਨ ਬਾਰੇ ਕਥਿਤ ਅਪਮਾਨਜਨਕ ਟਿੱਪਣੀਆਂ ਬਦਲੇ ਉਸ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਕਰਕੇ ਕੇਸ ਦਰਜ ਕਰਨ ਦੀ ਮੰਗ ਕੀਤੀ। ਸ਼੍ਰੋਮਣੀ ਕਮੇਟੀ ਵੱਲੋਂ ਪੁਲਿਸ ਕਮਿਸ਼ਨਰ ਨੂੰ ਮਿਲਣ ਵਾਲੇ ਵਫ਼ਦ ਵਿਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ, ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ, ਅੰਤਿ੍ਰੰਗ ਮੈਂਬਰ ਗੁਰਪ੍ਰੀਤ ਸਿੰਘ ਝੱਬਰ, ਹਰਿਆਣਾ ਸਿੱਖ ਮਿਸ਼ਨ ਦੇ ਇੰਚਾਰਜ ਸੁਖਵਿੰਦਰ ਸਿੰਘ ਅਤੇ ਦਿੱਲੀ ਸਿੱਖ ਮਿਸ਼ਨ ਦੇ ਇੰਚਾਰਜ ਮਨਵੀਤ ਸਿੰਘ ਸ਼ਾਮਲ ਸਨ। ਸ਼੍ਰੋਮਣੀ ਕਮੇਟੀ ਵਫ਼ਦ ਵੱਲੋਂ ਪੁਲਿਸ ਕਮਿਸ਼ਨਰ ਨੂੰ ਦਿੱਤੀ ਦਰਖ਼ਾਸਤ ਵਿਚ ਕਿਹਾ ਗਿਆ ਕਿ ਲੰਘੀ 6 ਜਨਵਰੀ ਨੂੰ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਨੇ ਵਿਧਾਨ ਸਭਾ ਅੰਦਰ ਗੁਰੂ ਸਾਹਿਬਾਨ ਪ੍ਰਤੀ ਅਪਮਾਨਜਨਤਕ ਸ਼ਬਦ ਵਰਤਦਿਆਂ ਸਿੱਖ ਭਾਵਨਾਵਾਂ ਨੂੰ ਗਹਿਰੀ ਸੱਟ ਮਾਰੀ ਹੈ, ਜਿਸ ਕਰਕੇ ਆਤਿਸ਼ੀ ਖਿਲਾਫ ਕੇਸ ਦਰਜ ਹੋਣਾ ਚਾਹੀਦਾ ਹੈ।

ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਦਿੱਲੀ ਦੇ ਕਰਤੱਵਯ ਪੱਥ ’ਤੇ ਲਹਿਰਾਇਆ ਤਿਰੰਗਾ 

ਨਵੀਂ ਦਿੱਲੀ/ਬਿਊਰੋ ਨਿਊਜ਼  

ਭਾਰਤ ਭਰ ਵਿਚ ਅੱਜ 26 ਜਨਵਰੀ ਨੂੰ ਗਣਤੰਤਰ ਦਿਵਸ ਧੂੁਮ ਧਾਮ ਨਾਲ ਮਨਾਇਆ ਗਿਆ। ਦਿੱਲੀ ’ਚ ਕਰਤੱਯਵ ਪੱਥ ’ਤੇ ਮੁੱਖ ਪਰੇਡ ਵਿਚ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਤਿਰੰਗਾ ਲਹਿਰਾਇਆ। ਇਸ ਮੌਕੇ ਰਾਸ਼ਟਰਪਤੀ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਗਈ। ਇਸ ਤੋਂ ਬਾਅਦ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਨੂੰ ਅਸ਼ੋਕ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਇਸ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਯੂਰਪੀ ਪਰਿਸ਼ਦ ਦੇ ਪ੍ਰਧਾਨ ਐਨਟੋਨੀਓ ਕੋਸਟਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਸਨ। ਪਰੇਡ ਵਿਚ ਵੱਖ-ਵੱਖ ਸੂਬਿਆਂ ਦੀਆਂ 30 ਝਾਕੀਆਂ ਦਿਖਾਈਆਂ ਗਈਆਂ। ਪਰੇਡ ਵਿਚ ਤਿੰਨੋਂ ਸੈਨਾਵਾਂ ਵਲੋਂ ਆਪਣੀ ਤਾਕਤ ਦਿਖਾਈ। ਸੈਨਾਵਾਂ ਵਲੋਂ ਮਿਜ਼ਾਈਲਾਂ, ਲੜਾਕੂ ਜਹਾਜ਼, ਨਵੀਂ ਬਟਾਲੀਅਨ ਅਤੇ ਅਪਰੇਸ਼ਨ ਸੰਧੂਰ ਦੇ ਦੌਰਾਨ ਇਸਤੇਮਾਲ ਘਾਤਕ ਹਥਿਆਰ ਪ੍ਰਣਾਲੀਆਂ ਦਾ ਪ੍ਰਦਰਸ਼ਨ ਕੀਤਾ।  

ਚਾਂਦੀ ਵੀ 3 ਲੱਖ 20 ਹਜ਼ਾਰ ਰੁਪਏ ਪ੍ਰਤੀ ਕਿੱਲੋ ਹੋਈ

ਨਵੀਂ ਦਿੱਲੀ/ਬਿਊਰੋ ਨਿਊਜ਼

ਭਾਰਤ ਵਿਚ ਅੱਜ ਯਾਨੀ 21 ਜਨਵਰੀ ਨੂੰ ਪ੍ਰਤੀ ਤੋਲਾ ਸੋਨੇ ਦੀ ਕੀਮਤ ਡੇਢ ਲੱਖ ਤੋਂ ਵੀ ਟੱਪ ਗਈ ਹੈ। ਇੰਡੀਅਨ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੇ ਅਨੁਸਾਰ ਸੋਨਾ ਅੱਜ ਪ੍ਰਤੀ ਤੋਲਾ 7795 ਰੁਪਏ ਵਧ ਕੇ 1 ਲੱਖ 55 ਹਜ਼ਾਰ 204 ਰੁਪਏ ਹੋ ਗਿਆ। ਲੰਘੇ ਕੱਲ੍ਹ ਸੋਨੇ ਦੀ ਕੀਮਤ 1 ਲੱਖ 47 ਹਜ਼ਾਰ 409 ਰੁਪਏ ਸੀ। ਇਹ ਵੀ ਦੱਸਣਯੋਗ ਹੈ ਕਿ 10 ਗਰਾਮ ਨੂੰ ਇਕ ਤੋਲਾ ਕਿਹਾ ਜਾਂਦਾ ਹੈ। ਇਸਦੇ ਚੱਲਦਿਆਂ 1 ਕਿੱਲੋ ਚਾਂਦੀ ਦੀ ਕੀਮਤ ਵੀ 3 ਲੱਖ, 20 ਹਜ਼ਾਰ, 75 ਰੁਪਏ ਹੋ ਗਈ ਹੈ। ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਅੱਜ ਲਗਾਤਾਰ ਤੀਜੇ ਦਿਨ ਵੀ ਵਧੀਆਂ ਹਨ। ਜੇਕਰ ਇਸੇ ਤਰ੍ਹਾਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਧਦੀਆਂ ਰਹੀਆਂ ਤਾਂ ਇਹ ਆਮ ਲੋਕਾਂ ਦੀ ਪਹੁੰਚ ਤੋਂ ਹੋਰ ਵੀ ਬਾਹਰ ਹੋ ਜਾਵੇਗਾ।

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.