Sunday, 14 June 2026

ਕੀ ਮਹਿੰਗਾ ਹੋਇਆ ਅਤੇ ਕੀ ਸਸਤਾ ਹੋਇਆ  

ਭਾਰਤ ’ਚ ਭਾਜਪਾ ਦੀ ਅਗਵਾਈ ਵਾਲੀ ਨਰਿੰਦਰ ਮੋਦੀ ਸਰਕਾਰ ਦਾ ਬਜਟ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਐਤਵਾਰ ਨੂੰ ਪੇਸ਼ ਕੀਤਾ ਗਿਆ। ਇਸ ਬਜਟ ਵਿਚ ਕੋਈ ਨਵਾਂ ਟੈਕਸ ਨਹੀਂ ਲਗਾਇਆ ਗਿਆ ਅਤੇ ਨਾ ਹੀ ਇਨਕਮ ਟੈਕਸ ਵਿਚ ਕੋਈ ਬਦਲਾਅ ਕੀਤਾ ਗਿਆ। ਵਿੱਤ ਮੰਤਰੀ ਵਲੋਂ 53.5 ਲੱਖ ਕਰੋੜ ਰੁਪਏ ਦੇ ਪੇਸ਼ ਕੀਤੇ ਗਏ ਬਜਟ ਦੀ ਕੇਂਦਰ ਸਰਕਾਰ ਨੇ ਸ਼ਲਾਘਾ ਕੀਤੀ ਹੈ। ਉਧਰ ਦੂਜੇ ਪਾਸੇ ਵਿਰੋਧੀ ਸਿਆਸੀ ਪਾਰਟੀਆਂ ਕਾਂਗਰਸ, ਆਮ ਆਦਮੀ ਪਾਰਟੀ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਆਗੂਆਂ ਨੇ ਬਜਟ ਦੀ ਜੰਮ ਕੇ ਆਲੋਚਨਾ ਕੀਤੀ ਹੈ। ਲੋਕ ਸਭਾ ’ਚ ਲਗਾਤਾਰ 9ਵਾਂ ਬਜਟ ਪੇਸ਼ ਕਰਦਿਆਂ ਵਿੱਤ ਮੰਤਰੀ ਸੀਤਾਰਮਨ ਨੇ ਕਰੀਬ 90 ਮਿੰਟ ਦੇ ਭਾਸ਼ਣ ਵਿਚ ‘ਵਿਕਸਿਤ ਭਾਰਤ’ ਬਣਾਉਣ ਲਈ ਪ੍ਰਮੁੱਖ ਯੋਜਨਾਵਾਂ ਦਾ ਐਲਾਨ ਕੀਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਬਜਟ ਨੂੰ ਇਤਿਹਾਸਕ ਦੱਸਿਆ ਅਤੇ ਕਿਹਾ ਕਿ ਨਿਰਮਲਾ ਸੀਤਾਰਮਨ ਨੇ ਲਗਾਤਾਰ ਨੌਵੀਂ ਵਾਰ ਦੇਸ਼ ਦਾ ਬਜਟ ਪੇਸ਼ ਕਰਕੇ ਨਵਾਂ ਰਿਕਾਰਡ ਬਣਾਇਆ ਹੈ। ਭਾਰਤੀ ਉਦਯੋਗ ਜਗਤ ਨੇ ਕੇਂਦਰੀ ਬਜਟ ਨੂੰ ਆਰਥਿਕਤਾ ਨੂੰ ਹੁਲਾਰਾ ਦੇਣ ਵਾਲਾ ਕਰਾਰ ਦਿੰਦਿਆਂ ਵਿੱਤ ਮੰਤਰੀ  ਸੀਤਾਰਮਨ ਵਲੋਂ ਐਲਾਨੇ ਕਦਮਾਂ ਦਾ ਸਵਾਗਤ ਕੀਤਾ ਹੈ। ਅਪਰੇਸ਼ਨ ਸਿੰਧੂਰ ਤੋਂ ਬਾਅਦ ਰੱਖਿਆ ਬਜਟ ਵਿਚ 15 ਫੀਸਦੀ ਦਾ ਵਾਧਾ ਕੀਤਾ ਗਿਆ ਹੈ।
ਇਸੇ ਤਰ੍ਹਾਂ ਹੁਣ ਵਿਦੇਸ਼ ਯਾਤਰਾ ਲਈ ‘ਟੂਰ ਪੈਕੇਜ’ ਬੁੱਕ ਕਰਨਾ ਸਸਤਾ ਹੋ ਜਾਵੇਗਾ। ਪਹਿਲਾਂ 10 ਲੱਖ ਰੁਪਏ ਤੱਕ ਦੇ ਖਰਚ ’ਤੇ 5 ਫੀਸਦੀ ਅਤੇ ਉਸ ਤੋਂ ਜ਼ਿਆਦਾ ’ਤੇ 20 ਫੀਸਦੀ ਟੈਕਸ ਲੱਗਦਾ ਸੀ। ਇਸ ਨੂੰ ਘਟਾ ਕੇ ਹੁਣ ਸਿੱਧਾ 2 ਫੀਸਦੀ ਕਰ ਦਿੱਤਾ ਗਿਆ ਹੈ। ਹੁਣ ਇਸ ਵਿਚ ਰਕਮ ਦੀ ਕੋਈ ਲਿਮਟ ਵੀ ਨਹੀਂ ਹੈ।

ਇਸ ਬਜਟ ਵਿਚ ਜਿਹੜੀਆਂ ਚੀਜ਼ਾਂ ਮਹਿੰਗੀਆਂ ਹੋਈਆਂ ਹਨ, ਉਹ ਇਹ ਹਨ -

ਘੱਟ ਕੀਮਤ ਵਾਲੀਆਂ ਦਰਾਮਦ ਛਤਰੀਆਂ
ਪੋਟਾਸ਼ੀਅਮ ਹਾਈਡਰੋਕਸਾਈਡ
ਏਟੀਐਮ/ਕੈਸ਼ ਡਿਸਪੈਂਸਰ ਮਸ਼ੀਨ ਦੇ ਪੁਰਜੇ
ਵਿਦੇਸ਼ੀਆਂ ਲਈ ਫਿਲਮਾਂ ਤੇ ਪ੍ਰਸਾਰਨ ਉਪਕਰਨ
ਚਿੜੀਆਘਰ ’ਚ ਬਾਹਰੋਂ ਜਾਨਵਰ ਜਾਂ ਪੰਛੀ ਲਿਆਉਣਾ
ਅਮੋਨੀਅਮ ਫਾਸਫੇਟ/ਨਾਈਟ੍ਰੋ-ਫਾਸਫੇਟ ਖਾਦ ਅਤੇ ਨੈਫਥਾ ਜਿਹੀਆਂ ਖਾਦਾਂ ਵੀ ਮਹਿੰਗੀਆਂ ਹੋਣਗੀਆਂ।


ਇਸੇ ਤਰ੍ਹਾਂ ਜਿਹੜੀਆਂ ਚੀਜ਼ਾਂ ਬਜਟ ਦੌਰਾਨ ਸਸਤੀਆਂ ਕੀਤੀਆਂ ਗਈਆਂ ਹਨ, ਉਹ ਇਹ ਹਨ

ਕੈਂਸਰ ਦੀਆਂ ਦਵਾਈਆਂ
ਨਿੱਜੀ ਵਰਤੋਂ ਲਈ ਦਰਾਮਦ ਦਵਾਈਆਂ
ਮਾਈਕਰੋਵੇਵ ਓਵਨ ਦੇ ਪੁਰਜ਼ੇ
ਜਹਾਜ਼ ਦੇ ਇੰਜਣ ਸਮੇਤ ਪੁਰਜ਼ੇ
ਸੋਲਰ ਗਲਾਸ ਦੇ ਪੁਰਜ਼ੇ
ਪਰਮਾਣੂ ਪ੍ਰਾਜੈਕਟਾਂ ਲਈ ਦਰਾਮਦ ਸਮਾਨ ਅਤੇ
ਅਹਿਮ ਖਣਿਜਾਂ ਵਾਲੀਆਂ ਵਸਤਾਂ ਸਸਤੀਆਂ ਹੋਣਗੀਆਂ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਜਟ ਦੀ ਸਖਤ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਪੇਸ਼ ਕੀਤੇ ਬਜਟ ਵਿਚ ਪੰਜਾਬ ਦੇ ਹੱਥ ਖਾਲੀ ਹਨ। ਇਨ੍ਹਾਂ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਕੇਂਦਰ ਤੋਂ ਵਿਸ਼ੇਸ਼ ਪੈਕੇਜ ਦੀ ਉਮੀਦ ਸੀ, ਜਿਸ ਨੂੰ ਬੂਰ ਨਹੀਂ ਪਿਆ। ਸੀਐਮ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬਾ ਸਰਕਾਰ ਨੇ ਕੇਂਦਰ ਸਰਕਾਰ ਕੋਲੋਂ ਵਿਸ਼ੇਸ਼ ਮੰਗਿਆ ਗਿਆ ਸੀ, ਪਰ ਪੰਜਾਬ ਦੇ ਪੱਲੇ ਕੁਝ ਵੀ ਨਹੀਂ ਪਿਆ।

ਇਸੇ ਤਰ੍ਹਾਂ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸੂਬੇ ਦੇ ਹੱਕਾਂ ਲਈ ਢੰਗ ਨਾਲ ਵਕਾਲਤ ਨਹੀਂ ਕੀਤੀ ਗਈ ਅਤੇ ਕੇਂਦਰੀ ਬਜਟ ਵਿਚ ਪੰਜਾਬ ਦੇ ਹਿੱਸੇ ਕੁਝ ਵੀ ਨਹੀਂ ਆਇਆ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਨੂੰ ਨਾ ਤਾਂ ਕੋਈ ਵਿਸ਼ੇਸ਼ ਪੈਕੇਜ ਮਿਲਿਆ ਅਤੇ ਨਾ ਹੀ ਕੋਈ ਵੱਡਾ ਨਵਾਂ ਪ੍ਰਾਜੈਕਟ ਹੀ ਮਿਲਿਆ ਹੈ।

ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਗੋਲਡ ਲੋਨ ਦਾ ਬਿਜਨਸ ਤੇਜ਼ੀ ਨਾਲ ਵਧ ਰਿਹਾ ਹੈ। ਨਵੰਬਰ 2025 ਤੱਕ ਕੁੱਲ ਗੋਲਡ ਲੋਨ 15.6 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ ਸੀ। ਇਹ ਪਿਛਲੇ ਸਾਲ ਦੇ 11 ਲੱਖ ਕਰੋੜ ਤੋਂ 42 ਫੀਸਦੀ ਜ਼ਿਆਦਾ ਹੈ।  ਸੀ.ਆਰ.ਆਈ.ਐਫ. ਹਾਈ ਮਾਰਕ ਦੀ ਨਵੀਂ ਰਿਪੋਰਟ ਵਿਚ ਇਹ ਗੱਲ ਸਾਹਮਣੇ ਆਈ ਹੈ। ਅਸਾਨ ਭਾਸ਼ਾ ਵਿਚ ਸਮਝੀਏ ਤਾਂ ਗੋਲਡ ਲੋਨ ਹੁਣ ਦੇਸ਼ ਦੇ ਕੁੱਲ ਰਿਟੇਲ ਲੋਨ ਦਾ 9.7 ਫੀਸਦੀ ਹਿੱਸਾ ਬਣ ਚੁੱਕਾ ਹੈ, ਜੋ ਕਿ ਪਿਛਲੇ ਸਾਲ 8.1 ਫੀਸਦੀ ਸੀ। ਰਿਟੇਲ ਲੋਨ ਵਿਚ ਸਭ ਤੋਂ ਤੇਜ਼ ਵਾਧਾ ਗੋਲਡ ਲੋਨ ਵਿਚ ਹੋਇਆ ਹੈ। ਇਸ ਸਮੇਂ 902 ਲੱਖ ਤੋਂ ਜ਼ਿਆਦਾ ਲੋਕ ਗੋਲਡ ਲੋਨ ਲੈ ਰਹੇ ਹਨ, ਜੋ ਕਿ ਪਿਛਲੇ ਸਾਲ ਤੋਂ 10 ਫੀਸਦੀ ਜ਼ਿਆਦਾ ਹੈ।

ਮਿਡ ਡੇਅ ਮੀਲ ਦੇ ਭੋਜਨ ਦੀ ਗੁਣਵੱਤਾ ਨੂੰ ਲੈ ਕੇ ਵਧੀ ਚਿੰਤਾ

ਨਵੀਂ ਦਿੱਲੀ/ਬਿਊਰੋ ਨਿਊਜ਼

ਤਿਲੰਗਾਨਾ ਅਤੇ ਤਾਮਿਲਨਾਡੂ ਵਿਚ ਸਰਕਾਰੀ ਸਕੂਲ ’ਚ ਮਿਡ ਡੇਅ ਮੀਲ ਖਾਣ ਕਾਰਨ 55 ਵਿਦਿਆਰਥੀ ਬਿਮਾਰ ਹੋ ਗਏ ਅਤੇ ਇਨ੍ਹਾਂ ਵਿਦਿਆਰਥੀਆਂ ਨੂੰ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਤਿਲੰਗਾਨਾ ਦੇ ਸੰਗਾਰੇਡੀ ਜ਼ਿਲ੍ਹੇ ਦੇ ਇਕ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਮਿਡ ਡੇਅ ਮੀਲ ਖਾਣ ਨਾਲ 22 ਵਿਦਿਆਰਥੀ ਬਿਮਾਰ ਹੋ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਮਿਡ ਡੇਅ ਮੀਲ ਖਾਣ ਤੋਂ ਬਾਅਦ ਕਈ ਵਿਦਿਆਰਥੀਆਂ ਦੇ ਪੇਟ ਵਿਚ ਦਰਦ ਹੋਣਾ ਸ਼ੁਰੂੁ ਹੋ ਗਿਆ ਸੀ। ਇਸੇ ਦੌਰਾਨ ਇਕ ਵੱਖਰੀ ਘਟਨਾ ਤਾਮਿਲਨਾਡੂ ਦੇ ਕੋਇੰਬਟੂਰ ਨੇੇੜੇ ਇਕ ਸਰਕਾਰੀ ਸਕੂਲ ਵਿਚ ਵਾਪਰੀ ਹੈ, ਜਿੱਥੇ ਮਿਡ ਡੇਅ ਮੀਲ ਖਾਣ ਨਾਲ 33 ਬੱਚਿਆਂ ਦੀ ਸਿਹਤ ਖਰਾਬ ਹੋ ਗਈ। ਇਨ੍ਹਾਂ ਘਟਨਾਵਾਂ ਨੇ ਸਰਕਾਰੀ ਸਕੂਲਾਂ ਵਿਚ ਮਿਡ ਡੇਅ ਮੀਲ ਸਕੀਮ ਦੀ ਨਿਗਰਾਨੀ ਅਤੇ ਭੋਜਨ ਦੀ ਗੁਣਵੱਤਾ ਨੂੰ ਲੈ ਕੇ ਮੁੜ ਚਿੰਤਾਵਾਂ ਪੈਦਾ ਹੋ ਗਈਆਂ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅਜੀਤ ਪਵਾਰ ਦੀ ਮੌਤ ’ਤੇ ਦੁੱਖ ਪ੍ਰਗਟ

ਨਵੀਂ ਦਿੱਲੀ/ਬਿਊਰੋ ਨਿਊਜ਼

ਮਹਾਰਾਸ਼ਟਰ ਦੇ ਮੌਜੂਦਾ ਡਿਪਟੀ ਮੁੱਖ ਮੰਤਰੀ ਅਜੀਤ ਪਵਾਰ ਅਤੇ ਚਾਰ ਹੋਰ ਵਿਅਕਤੀਆਂ ਦੀ ਅੱਜ ਬੁੱਧਵਾਰ ਸਵੇਰੇ ਪੁਣੇ ਜ਼ਿਲ੍ਹੇ ਵਿਚ ਜਹਾਜ਼ ਹਾਦਸੇ ਦੌਰਾਨ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਅਜੀਤ ਪਵਾਰ ਦਾ ਜਹਾਜ਼ ਪੁਣੇ ਦੇ ਬਾਰਾਮਤੀ ਇਲਾਕੇ ਵਿਚ ਲੈਂਡ ਕਰ ਰਿਹਾ ਸੀ। ਮਿਲ ਰਹੀਆਂ ਖਬਰਾਂ ਮੁਤਾਬਕ ਅਜੀਤ ਪਵਾਰ ਉਸ ਜਹਾਜ਼ ਵਿਚ ਸਵਾਰ ਹੋ ਕੇ ਕਿਸੇ ਪ੍ਰੋਗਰਾਮ ਲਈ ਬਾਰਾਮਤੀ ਜਾ ਰਹੇ ਸਨ। ਇਸ ਜਹਾਜ਼ ਵਿਚ ਕੁੱਲ 5 ਵਿਅਕਤੀ ਸਵਾਰ ਸਨ ਅਤੇ ਇਨ੍ਹਾਂ ਸਾਰੇ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਸਣੇ ਹੋਰ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਅਜੀਤ ਪਵਾਰ ਦੇ ਦਿਹਾਂਤ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। 

13 ਲੱਖ ਰੁਪਏ ਦੀ ਕਮਾਈ ਹੋ ਸਕਦੀ ਹੈ ਟੈਕਸ ਫਰੀ

ਨਵੀਂ ਦਿੱਲੀ/ਬਿਊਰੋ ਨਿਊਜ਼

ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦਾ 1 ਫਰਵਰੀ ਨੂੰ ਬਜਟ ਪੇਸ਼ ਹੋਣ ਜਾ ਰਿਹਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਪੇਸ਼ ਕੀਤੇ ਜਾ ਰਹੇ ਇਸ ਬਜਟ ਤੋਂ ਲੋਕਾਂ ਨੂੰ ਕਾਫੀ ਉਮੀਦਾਂ ਹਨ। ਇਸ ਬਜਟ ਦੌਰਾਨ ਸਲਾਨਾ 13 ਲੱਖ ਰੁਪਏ ਦੀ ਕਮਾਈ ਟੈਕਸ ਫਰੀ ਹੋ ਸਕਦੀ ਹੈ।  ਇਨਕਮ ਟੈਕਸ ਦੀ ਨਵੀਂ ਰਿਜ਼ੀਮ ਵਿਚ ਮਿਆਰੀ ਕਟੌਤੀ 75 ਹਜ਼ਾਰ ਤੋਂ ਵਧਾ ਕੇ 1 ਲੱਖ ਰੁਪਏ ਕੀਤੀ ਜਾ ਸਕਦੀ ਹੈ। ਸਟੈਂਡਰਡ ਕਟੌਤੀ ਨਾਲ ਤਨਖਾਹਦਾਰ ਵਿਅਕਤੀਆਂ ਦੀ 13 ਲੱਖ ਰੁਪਏ ਤੱਕ ਦੀ ਆਮਦਨ ਟੈਕਸ ਫਰੀ ਹੋ ਜਾਵੇਗੀ। ਇਸ ਸਮੇਂ 12 ਲੱਖ 75 ਹਜ਼ਾਰ ਰੁਪਏ ਤੱਕ ਦੀ ਆਮਦਨ ਟੈਕਸ ਫਰੀ ਹੈ। ਕੇਂਦਰ ਸਰਕਾਰ ਪੁਰਾਣੀ ਟੈਕਸ ਰਿਜ਼ੀਮ ਨੂੰ ਨਵੀਂ ਟੈਕਸ ਰਿਜੀਮ ਨਾਲ ਬਦਲਣਾ ਚਾਹੁੰਦੀ ਹੈ। ਇਸਦੇ ਲਈ ਨਵੀਂ ਟੈਕਸ ਰਿਜ਼ੀਮ ਨੂੰ ਫਾਇਦੇਮੰਦ ਬਣਾਈ ਰੱਖਣਾ ਜ਼ਰੂਰੀ ਹੈ।

ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਭਰ ਵਿਚ ਜਨਰਲ ਕੈਟੇਗਰੀ ਦੇ ਵਿਦਿਆਰਥੀਆਂ ਅਤੇ ਉਚ ਜਾਤੀ ਦੇ ਵਿਦਿਆਰਥੀਆਂ ਦਾ ਯੂਨੀਵਰਸਿਟੀ ਗਰਾਂਟਸ ਕਮਿਸ਼ਨ (ਯੂਜੀਸੀ) ਦੇ ਨਵੇਂ ਨਿਯਮਾਂ ਨੂੰ ਲੈ ਕੇ ਵਿਰੋਧ ਤੇਜ਼ ਹੋ ਗਿਆ ਹੈ। ਇਸ ਨੂੰ ਦੇਖਦਿਆਂ ਨਵੀਂ ਦਿੱਲੀ ਵਿਚ ਯੂਜੀਸੀ ਹੈਡ ਕੁਆਰਟਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ। ਪ੍ਰਦਰਸ਼ਨਕਾਰੀਆਂ ਨੂੰ ਕੈਂਪਸ ਦੇ ਅੰਦਰ ਦਾਖਲ ਹੋਣ ਤੋਂ ਰੋਕਣ ਲਈ ਬੈਰੀਕੇਡਿੰਗ ਕਰ ਦਿੱਤੀ ਗਈ ਹੈ। ਉਤਰ ਪ੍ਰਦੇਸ਼ ਦੇ ਲਖਨਊ, ਰਾਏਬਰੇਲੀ, ਵਾਰਾਣਸੀ, ਮੇਰਠ ਅਤੇ ਸੀਤਾਪੁਰ ਵਿਚ ਵਿਦਿਆਰਥੀਆਂ, ਨੌਜਵਾਨਾਂ ਅਤੇ ਕਈ ਹੋਰ ਸੰਗਠਨਾਂ ਨੇ ਥਾਂ-ਥਾਂ ਪ੍ਰਦਰਸ਼ਨਾਂ ਵਿਚ ਹਿੱਸਾ ਲਿਆ। ਇਸਦੇ ਚੱਲਦਿਆਂ ਬਰੇਲੀ ਦੇ ਸਿਟੀ ਮੈਜਿਸਟਰੇਟ ਅਲੰਕਾਰ ਅਗਨੀਹੋਤਰੀ ਨੇ ਨਵੇਂ ਨਿਯਮਾਂ ਦੇ ਵਿਰੋਧ ਵਿਚ ਅਹੁਦੇ ਤੋਂ ਅਸਤੀਫਾ ਵੀ ਦਿੱਤਾ ਹੈ। ਇਸੇ ਦੌਰਾਨ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਇਸ ਮਾਮਲੇ ’ਤੇ ਕਿਹਾ ਕਿ ਕਿਸੇ ਨੂੰ ਵੀ ਇਸਦਾ ਗਲਤ ਇਸਤੇਮਾਲ ਕਰਨ ਦਾ ਅਧਿਕਾਰ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿਸੇ ਨਾਲ ਵੀ ਕੋਈ ਭੇਦਭਾਵ ਨਹੀਂ ਹੋਵੇਗਾ।

ਸੋਨਾ ਇਕ ਦਿਨ ਵਿਚ ਪ੍ਰਤੀ ਤੋਲਾ 6865 ਰੁਪਏ ਅਤੇ ਚਾਂਦੀ ਪ੍ਰਤੀ ਕਿਲੋ 22 ਹਜ਼ਾਰ 825 ਰੁਪਏ ਸਸਤੀ ਹੋਈ 

ਨਵੀਂ ਦਿੱਲੀ/ਬਿਊਰੋ ਨਿਊਜ਼

ਭਾਰਤ ਵਿਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਲਗਾਤਾਰ ਚਾਰ ਦਿਨ ਆਲ ਟਾਈਮ ਹਾਈ ’ਤੇ ਰਹਿਣ ਤੋਂ ਬਾਅਦ ਅੱਜ 30 ਜਨਵਰੀ ਨੂੰ ਵੱਡੀ ਗਿਰਾਵਟ ਆਈ ਹੈ। ਮਾਹਿਰਾਂ ਦੇ ਮੁਤਾਬਕ ਇਸਦਾ ਮੁੱਖ ਕਾਰਨ ਮਾਰਕੀਟ ਵਿਚ ਮੁਨਾਫਾ ਵਸੂਲੀ ਹੈ। ਇਸਦੇ ਚੱਲਦਿਆਂ ਸੋਨਾ ਇਕ ਦਿਨ ਵਿਚ ਪ੍ਰਤੀ ਤੋਲਾ 6865 ਰੁਪਏ ਅਤੇ ਚਾਂਦੀ ਪ੍ਰਤੀ ਕਿਲੋ 22 ਹਜ਼ਾਰ 825 ਰੁਪਏ ਸਸਤੀ ਹੋਈ ਹੈ। ਇੰਡੀਆ ਬੂਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੇ ਅਨੁਸਾਰ 10 ਗਰਾਮ 24 ਕੈਰੇਟ ਸੋਨੇ ਦੀ ਕੀਮਤ 1 ਲੱਖ 68 ਹਜ਼ਾਰ 475 ਰੁਪਏ ’ਤੇ ਆ ਗਈ ਹੈ। ਇਸ ਤੋਂ ਪਹਿਲਾਂ ਸੋਨੇ ਦਾ ਭਾਅ 1 ਲੱਖ 75 ਹਜ਼ਾਰ 340 ਰੁਪਏ ਪ੍ਰਤੀ 10 ਗਰਾਮ ਹੋ ਗਿਆ ਸੀ।  

 

ਬਰਾਜ਼ੀਲ ਦੀ ਕੰਪਨੀ ਐਮਬੇਅਰ ਨਾਲ ਹੋਇਆ ਸਮਝੌਤਾ
ਨਵੀਂ ਦਿੱਲੀ/ਬਿਊਰੋ ਨਿਊਜ਼
ਅਡਾਨੀ ਗਰੁੱਪ ਹੁਣ ਭਾਰਤ ਵਿਚ ਜਹਾਜ਼ ਅਸੈਂਬਲ ਕਰਨ ਦੀ ਤਿਆਰੀ ਵਿਚ ਹੈ। ਇਸ ਗਰੁੱਪ ਦੀ ਕੰਪਨੀ ਅਡਾਨੀ ਐਰੋਸਪੇਸ ਐਂਡ ਡਿਫੈਂਸ ਨੇ ਭਾਰਤ ਵਿਚ ਕਮਰਸ਼ੀਅਲ ਜਹਾਜ਼ ਬਣਾਉਣ ਦੇ ਲਈ ਬਰਾਜ਼ੀਲ ਦੀ ਕੰਪਨੀ ਐਮਬਰੇਅਰ ਨਾਲ ਇਕ ਵੱਡਾ ਸਮਝੌਤਾ ਕੀਤਾ ਹੈ। ਇਹ ਸਮਝੌਤਾ ਭਾਰਤ ਸਰਕਾਰ ਦੇ ‘ਮੇਕ ਇਨ ਇੰਡੀਆ’ ਪ੍ਰੋਗਰਾਮ ਦੇ ਤਹਿਤ ਦੇਸ਼ ਵਿਚ ਹਵਾਈ ਜਹਾਜ਼ ਬਣਾਉਣ ਨੂੰ ਉਤਸ਼ਾਹਿਤ ਕਰੇਗਾ। ਇਸ ਨਾਲ ਭਾਰਤ ਵਿਚ ਖੇਤਰੀ ਟਰਾਂਸਪੋਰਟ ਏਅਰ ਕਰਾਫਟ ਯਾਨੀ ਛੋਟੇ ਯਾਤਰੀ ਜਹਾਜ਼ ਬਣਾਉਣ ਦਾ ਪੂਰਾ ਈਕੋ ਸਿਸਟਮ ਤਿਆਰ ਹੋਵੇਗਾ। ਹਾਲਾਂਕਿ ਐਮਬਰੇਅਰ ਦਾ ਕਹਿਣਾ ਹੈ ਕਿ ਜਹਾਜ਼ ਬਣਾਉਣ ਦੀ ਫੈਕਟਰੀ ਕਿੱਥੇ ਲੱਗੇਗੀ ਅਤੇ ਪਾਰਟਨਰਸ਼ਿਪ ਦੀ ਪੂਰੀ ਰੂਪਰੇਖਾ ਕੀ ਹੋਵੇਗੀ, ਇਹ ਅਜੇ ਤੱਕ ਤਹਿ ਹੋਣਾ ਬਾਕੀ ਹੈ। ਦੋਵੇਂ ਕੰਪਨੀਆਂ ਵਿਚ ਇਹ ਡੀਲ ਨਾਗਰਿਕ ਉਡਾਨ ਮੰਤਰਾਲੇ ਵਿਚ ਕੇਂਦਰੀ ਸਿਵਲ ਏਵੀਏਸ਼ਨ ਮੰਤਰੀ ਰਾਮ ਮੋਹਨ ਨਾਇਡੂ ਦੀ ਮੌਜੂਦਗੀ ’ਚ ਹੋਈ ਹੈ। ਜ਼ਿਕਰਯੋਗ ਹੈ ਕਿ ਏਅਰਬਸ ਅਤੇ ਬੋਇੰਗ ਤੋਂ ਬਾਅਦ ਐਮਬਰੇਅਰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਜਹਾਜ਼ ਨਿਰਮਾਤਾ ਕੰਪਨੀ ਹੈ।

1 ਤੋਲਾ ਸੋਨੇ ਦੀ ਕੀਮਤ 1 ਲੱਖ 75 ਹਜ਼ਾਰ ਤੋਂ ਵੀ ਟੱਪੀ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਅੱਜ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਭਾਰਤੀ ਸੋਨੇ ਅਤੇ ਚਾਂਦੀ ਦੇ ਵਾਅਦਾ ਬਾਜ਼ਾਰ ਦੀਆਂ ਕੀਮਤਾਂ 6 ਫੀਸਦੀ ਵਧ ਕੇ ਰਿਕਾਰਡ ਉਚਾਈ ’ਤੇ ਪਹੁੰਚ ਗਈਆਂ ਹਨ। ਇਸਦਾ ਮੁੱਖ ਕਾਰਨ ਵਿਦੇਸ਼ੀ ਕੀਮਤਾਂ ਵਿਚ ਵਾਧਾ ਅਤੇ ਰੁਪਏ ਦੀ ਕੀਮਤ ਵਿਚ ਆਈ ਭਾਰੀ ਗਿਰਾਵਟ ਹੈ, ਜੋ ਕਰੀਬ ਆਪਣੇ ਸਭ ਤੋਂ ਹੇਠਲੇ ਪੱਧਰ ’ਤੇ ਆ ਗਿਆ ਹੈ। ਘਰੇਲੂ ਸੋਨਾ ਵਾਅਦਾ 6 ਫੀਸਦੀ ਦੀ ਤੇਜ਼ੀ ਨਾਲ 1 ਲੱਖ 75 ਹਜ਼ਾਰ, 869 ਰੁਪਏ ਪ੍ਰਤੀ 10 ਗਰਾਮ ਦੇ ਰਿਕਾਰਡ ਪੱਧਰ ’ਤੇ ਜਾ ਪਹੁੰਚਿਆ। ਇਸੇ ਤਰ੍ਹਾਂ ਚਾਂਦੀ ਦਾ ਵਾਅਦਾ ਬਜ਼ਾਰ ਵੀ 6 ਫੀਸਦੀ ਉਛਾਲ ਨਾਲ 4 ਲੱਖ 7 ਹਜ਼ਾਰ 456 ਰੁਪਏ ਪ੍ਰਤੀ ਕਿਲੋਗਰਾਮ ਦੇ ਹੁਣ ਤੱਕ ਦੇ ਸਭ ਤੋਂ ਉਚੇ ਪੱਧਰ ’ਤੇ ਦਰਜ ਕੀਤਾ ਗਿਆ ਹੈ। ਸੋਨੇ ਅਤੇ ਚਾਂਦੀ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਨੇ ਹਰ ਵਰਗ ਦੇ ਲੋਕਾਂ ਨੂੰ ਸੋਚਣ ਲਈ ਮਜਬੂਰ ਕੀਤਾ ਹੈ।

ਨਵੀਂ ਦਿੱਲੀ/ਬਿਊਰੋ ਨਿਊਜ਼  
ਸ਼ੇਅਰ ਬਜ਼ਾਰ ਵਿਚ ਅੱਜ ਮੰਗਲਵਾਰ ਨੂੰ ਸ਼ੁਰੂਆਤ ਖਰਾਬ ਰਹੀ ਅਤੇ ਦੋਵੇਂ ਇੰਡੈਕਸ ਸੈਂਸੈਕਸ-ਨਿਫਟੀ ਦੀ ਚਾਲ ਬਦਲੀ-ਬਦਲੀ ਨਜ਼ਰ ਆਈ। ਇਕ ਪਾਸੇ ਜਿੱਥੇ ਬੌਂਬੇ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 450 ਅੰਕ ਹੇਠਾਂ ਆ ਗਿਆ ਤਾਂ ਨੈਸ਼ਨਲ ਸਟਾਕ ਐਕਸਚੇਂਜ ਦੇ ਨਿਫਟੀ ਨੇ ਵੀ ਸ਼ੁਰੂਆਤ ਦੇ ਨਾਲ ਹੀ 100 ਅੰਕ ਦਾ ਗੋਤਾ ਲਗਾ ਦਿੱਤਾ ਸੀ। ਦੁਪਹਿਰ ਨੂੰ ਘੜੀ ’ਤੇ ਜਿਵੇਂ 2 ਵੱਜੇ, ਉਸੇ ਵੇਲੇ ਸ਼ੇਅਰ ਬਜ਼ਾਰ ਵਿਚ ਤੇਜ਼ ਗਿਰਾਵਟ ਆਈ। ਸੈਂਸੈਕਸ ਉਪਰਲੀ ਸਤਰ ਤੋਂ 800 ਅੰਕ ਟੁੱਟ ਗਿਆ। ਇਕ ਸਮੇਂ ਸੈਂਸੈਕਸ 81 ਹਜ਼ਾਰ 899 ਰੁਪਏ ਦੇ ਪੱਧਰ ਤੱਕ ਪਹੁੰਚ ਗਿਆ ਸੀ। ਉਥੇ ਹੀ ਹੁਣ 81 ਹਜ਼ਾਰ 88 ਰੁਪਏ ਦੇ ਪੱਧਰ ਤੱਕ ਹੇਠਾਂ ਆ ਗਿਆ ਹੈ। ਸ਼ੇਅਰ ਬਜ਼ਾਰ ’ਤੇ ਜਿੱਥੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫੈਸਲਿਆਂ ਨਾਲ ਵਧੀ ਗਲੋਬਲ ਪ੍ਰੇਸ਼ਾਨੀ ਦਾ ਡਰ ਦੇਖਣ ਨੂੰ ਮਿਲ ਰਿਹਾ ਹੈ ਤਾਂ ਭਾਰਤ-ਯੂਰਪੀਅਨ ਯੂਨੀਅਨ ਦੇ ਵਿਚਾਲੇ ਡੀਲ ਦਾ ਅਸਰ ਵੀ ਸਾਫ ਦਿਸ ਰਿਹਾ ਹੈ।

1 ਫਰਵਰੀ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਪੇਸ਼ ਕਰਨਗੇ ਬਜਟ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੀ 18ਵੀਂ ਲੋਕ ਸਭਾ ਦੇ ਬਜਟ ਇਜਲਾਸ ਦਾ ਪਹਿਲਾ ਹਿੱਸਾ ਅੱਜ ਬੁੱਧਵਾਰ ਨੂੰ ਲੋਕ ਸਭਾ ਅਤੇ ਰਾਜ ਸਭਾ ਦੀ ਸਾਂਝੀ ਮੀਟਿੰਗ ਵਿਚ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਭਾਸ਼ਣ ਦੇ ਨਾਲ ਸ਼ੁਰੂ ਹੋ ਗਿਆ ਹੈ। ਰਾਸ਼ਟਰਪਤੀ ਨੇ ਕਿਹਾ ਕਿ ਸਰਕਾਰ ਦੇਸ਼ ਵਿਚ ਆਰਥਿਕ ਪ੍ਰਗਤੀ ਅਤੇ ਸਮਾਜਿਕ ਨਿਆਂ ਦੇ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਭਿ੍ਰਸ਼ਟਾਚਾਰ ਅਤੇ ਘੋਟਾਲਿਆਂ ਨਾਲ ਨਿਪਟਣ ਵਿਚ ਸਫਲ ਰਹੀ ਹੈ। ਰਾਸ਼ਟਰਪਤੀ ਨੇ 45 ਮਿੰਟ ਦੇ ਭਾਸ਼ਣ ਵਿਚ ‘ਵਿਕਸਤ ਭਾਰਤ-ਜੀ ਰਾਮ ਜੀ’ ਕਾਨੂੰਨ ਦਾ ਵੀ ਜ਼ਿਕਰ ਕੀਤਾ। ਇਸ ’ਤੇ ਵਿਰੋਧੀ ਧਿਰਾਂ ਨੇ ਹੰਗਾਮਾ ਕੀਤਾ ਅਤੇ ਕਾਨੂੰਨ ਵਾਪਸ ਲੈਣ ਦੇ ਨਾਅਰੇ ਵੀ ਲਗਾਏ। ਜ਼ਿਕਰਯੋਗ ਹੈ ਕਿ ਇਹ ਬਜਟ ਇਜਲਾਸ ਅੱਜ 28 ਜਨਵਰੀ ਤੋਂ 2 ਅਪ੍ਰੈਲ ਤੱਕ ਚੱਲਣਾ ਹੈ। ਇਸਦੇ ਚੱਲਦਿਆਂ 1 ਫਰਵਰੀ ਦਿਨ ਐਤਵਾਰ ਨੂੰ ਭਾਰਤ ਦੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਬਜਟ ਪੇਸ਼ ਕਰਨਗੇ।

ਹਫਤੇ ’ਚ 5 ਦਿਨ ਕੰਮ ਦੀ ਕੀਤੀ ਜਾ ਰਹੀ ਹੈ ਮੰਗ

ਚੰਡੀਗੜ੍ਹ/ਬਿਊਰੋ ਨਿਊਜ਼

ਭਾਰਤ ਭਰ ਵਿਚ ਜਨਤਕ ਖੇਤਰ ਦੇ ਬੈਂਕਾਂ ਦਾ ਕੰਮਕਾਜ ਅੱਜ 27 ਜਨਵਰੀ ਨੂੰ ਵੀ ਪ੍ਰਭਾਵਿਤ ਹੋਇਆ। ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ ਦੇ ਸੱਦੇ ’ਤੇ ਬੈਂਕਾਂ ਦੇ ਕਰਮਚਾਰੀਆਂ ਨੇ ਪੰਜ ਦਿਨਾਂ ਦੇ ਕੰਮਕਾਜੀ ਹਫਤੇ ਨੂੰ ਤੁਰੰਤ ਲਾਗੂ ਕਰਨ ਲਈ ਦਬਾਅ ਪਾਉਣ ਵਾਸਤੇ ਅੱਜ ਦੇਸ਼ ਵਿਆਪੀ ਹੜਤਾਲ ਕੀਤੀ। ਇਸਦਾ ਅਸਰ ਬੈਂਕਾਂ ਦੇ ਕੰਮ ਕਾਜ ’ਤੇ ਪਿਆ ਹੈ। ਇਸ ਦੌਰਾਨ ਆਲ ਇੰਡੀਆ ਬੈਂਕ ਆਫਿਸਰਜ਼ ਕਨਫੈਡਰੇਸ਼ਨ ਸਣੇ ਦੇਸ਼ ਦੀਆਂ ਨੌਂ ਬੈਂਕ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਗਏ ਹਨ। ਆਲ ਇੰਡੀਆ ਬੈਂਕ ਆਫ ਆਫਿਸਰਜ਼ ਕਨਫੈਡਰੇਸ਼ਨ ਦੇ ਸੀਨੀਅਰ ਆਗੂ ਰਾਜੀਵ ਸਰਹੰਦੀ ਨੇ ਕਿਹਾ ਕਿ 23 ਜਨਵਰੀ ਨੂੰ ਮੁੱਖ ਕਿਰਤ ਕਮਿਸ਼ਨਰ ਨਾਲ ਮੀਟਿੰਗ ਹੋਈ ਸੀ ਤੇ ਇਸ ਮੀਟਿੰਗ ਦੇ ਬੇਨਤੀਜਾ ਰਹਿਣ ਕਾਰਨ ਹੜਤਾਲ ਕੀਤੀ ਗਈ। ਆਗੂਆਂ ਨੇ ਕਿਹਾ ਕਿ ਬੈਂਕਿੰਗ ਖੇਤਰ ਦੇ ਮੁਲਾਜ਼ਮਾਂ ਵੱਲੋਂ ਹਫਤੇ ਵਿੱਚ ਪੰਜ ਦਿਨ ਕੰਮ ਕਰਨ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਨੂੰ ਕੇਂਦਰ ਸਰਕਾਰ ਵੱਲੋਂ ਅਗੌਲਿਆ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਮੰਗ ਨਾ ਮੰਨੀ ਤਾਂ ਭਵਿੱਖ ਵਿੱਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.