Sunday, 14 June 2026

ਭਾਰਤ ਸਰਕਾਰ ਨੇ ਨਵੇਂ ਦਿਸ਼ਾ-ਨਿਰਦੇਸ਼ ਕੀਤੇ ਜਾਰੀ

ਨਵੀਂ ਦਿੱਲੀ/ਬਿਊਰੋ ਨਿਊਜ਼ 

ਭਾਰਤ ਸਰਕਾਰ ਨੇ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਸੰਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਗ੍ਰਹਿ ਮੰਤਰਾਲੇ ਦੇ ਹੁਕਮਾਂ ਅਨੁਸਾਰ ਵੰਦੇ ਮਾਤਰਮ ਹੁਣ ਸਰਕਾਰੀ ਸਮਾਗਮਾਂ, ਸਰਕਾਰੀ ਸਕੂਲ ਸਮਾਗਮਾਂ ਅਤੇ ਹੋਰ ਰਸਮੀ ਇਕੱਠਾਂ ਵਿਚ ਚਲਾਇਆ ਜਾਵੇਗਾ। ਇਸ ਸਮੇਂ ਦੌਰਾਨ ਸਾਰਿਆਂ ਲਈ ਸਤਿਕਾਰ ਵਿਚ ਖੜ੍ਹੇ ਹੋਣਾ ਲਾਜ਼ਮੀ ਹੋਵੇਗਾ। ਮੀਡੀਆ ਰਿਪੋਰਟਾਂ ਅਨੁਸਾਰ ਜੇਕਰ ਰਾਸ਼ਟਰੀ ਗੀਤ ‘ਜਨ ਗਣ ਮਨ’ ਅਤੇ ਰਾਸ਼ਟਰੀ ਗਾਣ ਇਕੋ ਸਮੇਂ ਚਲਾਇਆ ਜਾਂਦਾ ਹੈ, ਤਾਂ ਪਹਿਲਾਂ ਵੰਦੇ ਮਾਤਰਮ ਚਲਾਇਆ ਜਾਵੇਗਾ ਅਤੇ ਗਾਉਣ ਜਾਂ ਸੁਣਨ ਵਾਲਿਆਂ ਨੂੰ ਇਸ ਸਮੇਂ ਦੌਰਾਨ ਧਿਆਨ ਨਾਲ ਖੜ੍ਹੇ ਹੋ ਕੇ ਸਤਿਕਾਰ ਅਤੇ ਰਾਸ਼ਟਰੀ ਭਾਵਨਾ ਦਾ ਸਪੱਸ਼ਟ ਸੰਦੇਸ਼ ਦੇਣਾ ਪਵੇਗਾ। ਨਵੇਂ ਨਿਯਮਾਂ ਅਨੁਸਾਰ ਛੇ ਹਿੱਸਿਆਂ ਵਾਲਾ ਵੰਦੇ ਮਾਤਰਮ ਦਾ ਪੂਰਾ ਸੰਸਕਰਣ ਹੁਣ 3 ਮਿੰਟ ਅਤੇ 10 ਸਕਿੰਟ ਲਈ ਵਜਾਇਆ ਜਾਵੇਗਾ। ਇਸ ਵਿਚ ਦੁਰਗਾ ਸਮੇਤ ਤਿੰਨ ਹਿੰਦੂ ਦੇਵੀ-ਦੇਵਤਿਆਂ ਦਾ ਜ਼ਿਕਰ ਹੈ। ਹੁਣ ਤੱਕ ਮੂਲ ਵੰਦੇ ਮਾਤਰਮ ਗੀਤ ਦੇ ਛੇ ਪੈਰਿਆਂ ਵਿਚੋਂ ਸਿਰਫ ਪਹਿਲੇ ਦੋ ਹੀ ਗਾਏ ਜਾਂਦੇ ਸਨ। 

ਰਾਹੁਲ ਗਾਂਧੀ ਵਲੋਂ ਸਪੀਕਰ ’ਤੇ ਵਾਅਦਾ ਖਿਲਾਫੀ ਦੇ ਇਲਜ਼ਾਮ

ਨਵੀਂ ਦਿੱਲੀ/ਬਿਊਰੋ ਨਿਊਜ਼

ਲੋਕ ਸਭਾ ਵਿਚ ਵਿਰੋਧੀ ਧਿਰ ਦੇ ਭਾਰੀ ਹੰਗਾਮੇ ਤੋਂ ਬਾਅਦ ਸਦਨ ਦੀ ਕਾਰਵਾਈ ਭਲਕੇ ਮੰਗਲਵਾਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਸਿਆਸੀ ਵਿਰੋਧੀ ਧਿਰਾਂ ਦੇ ਸੰਸਦ ਮੈਂਬਰ ਭਾਰਤ-ਅਮਰੀਕਾ ਅੰਤਰਿਮ ਵਪਾਰ ਢਾਂਚੇ ’ਤੇ ਚਰਚਾ ਦੀ ਮੰਗ ਕਰ ਰਹੇ ਸਨ। ਸਦਨ ਦੀ ਕਾਰਵਾਈ ਅੱਜ ਸੋਮਵਾਰ ਨੂੰ ਸਵੇਰੇ 11 ਵਜੇ ਸ਼ੁਰੂ ਹੋਣ ਤੋਂ ਬਾਅਦ ਤਿੰਨ ਵਾਰ ਮੁਲਤਵੀ ਕਰਨੀ ਪਈ। ਵਿਰੋਧੀ ਧਿਰਾਂ ਦੇ ਹੰਗਾਮੇ ਦੇ ਚੱਲਦਿਆਂ ਸਦਨ ਦੀ ਕਾਰਵਾਈ ਨੂੰ ਅਗਲੇ ਦਿਨ ਤੱਕ ਰੋਕ ਦਿੱਤਾ ਗਿਆ। ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਅਤੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਨਿੱਜੀ ਤੌਰ ’ਤੇ ਭਰੋਸਾ ਦਿੱਤਾ ਗਿਆ ਸੀ ਕਿ ਬਜਟ ’ਤੇ ਚਰਚਾ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਮਿਲੇਗਾ, ਪਰ ਹੁਣ ਸਦਨ ਦੇ ਚੇਅਰਮੈਨ ਆਪਣੇ ਵਾਅਦੇ ਤੋਂ ਪਿੱਛੇ ਹਟ ਰਹੇ ਹਨ। ਉਧਰ ਦੂਜੇ ਪਾਸੇ ਰਾਜ ਸਭਾ ਵਿਚ ਵੀ ਵਿਰੋਧੀ ਧਿਰ ਦੇ ਆਗੂ ਮਲਿਕ ਅਰਜੁਨ ਖੜਗੇ ਨੂੰ ਬੋਲਣ ਦੀ ਆਗਿਆ ਨਾ ਦੇਣ ਦੇ ਮਾਮਲੇ ’ਤੇ ਰੋਸ ਪ੍ਰਗਟਾਉਂਦਿਆਂ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਸਦਨ ਵਿਚੋਂ ਵਾਕ ਆਊਟ ਕਰ ਦਿੱਤਾ।

ਈਪੀਐਫਓ ਲਿਆ ਰਿਹਾ ਨਵਾਂ ਮੋਬਾਇਲ ਐਪ

ਨਵੀਂ ਦਿੱਲੀ/ਬਿਊਰੋ ਨਿਊਜ਼

ਕਰਮਚਾਰੀ ਭਵਿੱਖੀ ਨਿਧੀ ਸੰਗਠਨ (ਈਪੀਐਫਓ) ਆਪਣੇ ਮੈਂਬਰਾਂ ਲਈ ਇਕ ਵੱਡੀ ਖੁਸ਼ਖਬਰੀ ਲੈ ਕੇ ਆ ਰਿਹਾ ਹੈ। ਹੁਣ ਪੀ.ਐਫ. ਖਾਤੇ ਵਿਚੋਂ ਪੈਸਾ ਕੱਢਣਾ ਪਹਿਲਾਂ ਨਾਲੋਂ ਕਾਫੀ ਅਸਾਨ ਹੋ ਜਾਵੇਗਾ। ਇਸ ਲਈ ਈਪੀਐਫਓ ਇਕ ਨਵਾਂ ਮੋਬਾਇਲ ਐਪ ਤਿਆਰ ਕਰ ਰਿਹਾ ਹੈ। ਇਸ ਐਪ ਦੇ ਜ਼ਰੀਏ ਤੁਸੀਂ ਯੂਪੀਆਈ ਦੀ ਮੱਦਦ ਨਾਲ ਆਪਣੇ ਪੀਐਫ ਵਿਚੋਂ ਕੁਝ ਪੈਸਾ ਤੁਰੰਤ ਕੱਢ ਸਕੋਗੇ। ਇਹ ਐਪ ਅਪ੍ਰੈਲ ਦੇ ਆਸ-ਪਾਸ ਲਾਂਚ ਹੋ ਸਕਦਾ ਹੈ। ਇਹ ਨਵਾਂ ਐਪ ਈਪੀਐਫਓ ਦੀਆਂ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਦੀ ਕੋਸ਼ਿਸ਼ ਦਾ ਹਿੱਸਾ ਹੈ। ਇਸਦਾ ਮਕਸਦ ਦਾਅਵਿਆਂ ਨੂੰ ਨਿਪਟਾਉਣ ਵਿਚ ਲੱਗਣ ਵਾਲਾ ਸਮਾਂ ਘਟਾਉਣਾ ਅਤੇ ਡਿਜ਼ੀਟਲ ਸੇਵਾਵਾਂ ਨੂੰ ਹੋਰ ਸੌਖਾ ਬਣਾਉਣਾ ਹੈ।  

ਨਵੀਂ ਦਿੱਲੀ/ਬਿਊਰੋ ਨਿਊਜ਼

ਆਰ.ਬੀ.ਆਈ. ਦੀ ਮੁਦਰਾ ਨੀਤੀ ਕਮੇਟੀ (ਐਮ.ਪੀ.ਸੀ.) ਦੀ ਬੈਠਕ ਤੋਂ ਬਾਅਦ ਐਮ.ਐਸ.ਐਮ.ਈ. ਸੈਕਟਰ ਲਈ ਵੱਡੀ ਰਾਹਤ ਦੀ ਖਬਰ ਸਾਹਮਣੇ ਆਈ ਹੈ। ਹੁਣ ਬਿਨਾ ਗਾਰੰਟੀ ਵਾਲੇ ਕਰਜ਼ੇ ਦੀ ਸੀਮਾ ਦੁੱਗਣੀ ਕਰਕੇ 20 ਲੱਖ ਰੁਪਏ ਕਰਨ ਦਾ ਪ੍ਰਸਤਾਵ ਦਿੱਤਾ ਗਿਆ ਹੈ। ਪਹਿਲਾਂ ਇਹ ਸੀਮਾ 10 ਲੱਖ ਰੁਪਏ ਸੀ। ਇਸ ਫੈਸਲੇ ਨਾਲ ਛੋਟੇ ਕਾਰੋਬਾਰੀਆਂ ਨੂੰ ਵਰਕਿੰਗ ਕੈਪੀਟਲ, ਮਸ਼ੀਨਰੀ ਖਰੀਦਣ ਅਤੇ ਬਿਜਨਸ ਵਧਾਉਣ ਲਈ ਅਸਾਨ ਫੰਡਿੰਗ ਮਿਲੇਗੀ। ਨਾਲ ਹੀ ਬੈਂਕਾਂ ਨੂੰ ਵੀ ਵਧੇਰੇ ਭਰੋਸੇ ਨਾਲ ਕਰਜ਼ਾ ਦੇਣ ਦਾ ਮੌਕਾ ਮਿਲੇਗਾ। ਇਸ ਨਾਲ ਦੇਸ਼ ਦੀ ਅਰਥ ਵਿਵਸਥਾ ਅਤੇ ਰੋਜ਼ਗਾਰ ’ਤੇ ਵੀ ਸਕਾਰਾਤਮਕ ਅਸਰ ਪਵੇਗਾ।

ਇਸ ਨਾਲ ਸ਼ੇਅਰ ਬਜ਼ਾਰ ਦੇ ਨਿਵੇਸ਼ਕ ਹਾਰ ਜਾਣਗੇ ਹੌਸਲਾ

ਨਵੀਂ ਦਿੱਲੀ/ਬਿਊਰੋ ਨਿਊਜ਼  

ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸੰਸਦ ਵਿਚ ਆਪਣੇ ਭਾਸ਼ਣ ਦੌਰਾਨ ਸਰਕਾਰ ਕੋਲੋਂ ਸ਼ੇਅਰ ਬਜ਼ਾਰ ਵਿਚ ਨਿਵੇਸ਼ ਕਰਨ ਵਾਲੇ ਆਮ ਨਿਵੇਸ਼ਕਾਂ ਲਈ ਲਾਂਗ ਟਰਮ ਕੈਪੀਟਲ ਗੇਨਜ਼ ਟੈਕਸ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਮੰਗ ਕੀਤੀ ਹੈ। ਇਹ ਮੰਗ ਉਨ੍ਹਾਂ ਨੇ ਬਜਟ 2026-27 ’ਤੇ ਚਰਚਾ ਦੌਰਾਨ ਰੱਖੀ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਲਾਂਗ ਟਰਮ ਕੈਪੀਟਲ ਗੇਨਜ਼ ਟੈਕਸ ਖਤਮ ਕਰ ਦਿੱਤਾ ਜਾਵੇ ਤਾਂ ਲੋਕਾਂ ਦੀ ਦੌਲਤ ਵਿਚ ਵਾਧਾ ਹੋਵੇਗਾ ਅਤੇ ਲੋਕ ਸੋਨੇ-ਚਾਂਦੀ ਅਤੇ ਜਾਇਦਾਦ ਵਿਚ ਪੈਸਾ ਲਗਾਉਣ ਦੀ ਬਜਾਏ ਸ਼ੇਅਰ ਬਜ਼ਾਰ ਵਰਗੇ ਵੱਧ ਲਾਭਦਾਇਕ ਖੇਤਰਾਂ ਵਿਚ ਨਿਵੇਸ਼ ਕਰਨਗੇ। ਰਾਘਵ ਚੱਢਾ ਨੇ ਕਿਹਾ ਕਿ ਸਾਡੇ ਦੇਸ਼ ਵਿਚ ਆਮ ਨਿਵੇਸ਼ਕਾਂ ਲਈ ਇਕੁਇਟੀ ’ਤੇ ਲੱਗਣ ਵਾਲਾ ਲਾਂਗ ਟਰਮ ਕੈਪੀਟਲ ਗੇਨਜ਼ ਟੈਕਸ ਜ਼ੀਰੋ ਕਰ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਬਜਟ ਵਿਚ ਸਕਿਉਰਿਟੀਜ਼ ਟਰਾਂਜੈਕਸ਼ਨ ਟੈਕਸ ਵਿਚ ਵਾਧਾ ਕੀਤਾ ਗਿਆ ਹੈ, ਜਿਸਦਾ ਦੂਰਗਾਮੀ ਅਸਰ ਪਵੇਗਾ। ਰਾਘਵ ਚੱਢਾ ਨੇ ਕਿਹਾ ਕਿ ਸਕਿਉਰਿਟੀਜ਼ ਟਰਾਂਜੈਕਸ਼ਨ ਟੈਕਸ ਅਸਲ ਵਿਚ ਲਾਂਗ ਟਰਮ ਕੈਪੀਟਲ ਗੇਨਜ਼ ਟੈਕਸ ਦੀ ਥਾਂ ’ਤੇ ਲਿਆਂਦਾ ਗਿਆ ਸੀ। 

ਨਵੀਂ ਦਿੱਲੀ/ਬਿਊਰੋ ਨਿਊਜ਼

ਸ਼ੇਅਰ ਬਜ਼ਾਰ ਵਿਚ ਐਫ ਐਂਡ ਓ ਰਾਹੀਂ ਕਮਾਈ ਕਰਨ ਵਾਲੇ ਰਿਟੇਲ ਨਿਵੇਸ਼ਕਾਂ ਲਈ ਸੇਬੀ ਨੇ ਇਕ ਮਹੱਤਵਪੂਰਨ ਨਿਯਮ ਵਿਚ ਬਦਲਾਅ ਕੀਤਾ ਹੈ। ਹੁਣ ਸਟਾਫ ਡੈਰੀਵੇਟਿਵਜ਼ ਵਿਚ ਐਕਸਪਾਇਰੀ ਵਾਲੇ ਦਿਨ ਕੈਲੰਡਰ ਸਪਰੈਡ ’ਤੇ ਮਿਲਣ ਵਾਲੀ ਮਾਰਜਿਨ ਛੋਟ ਖਤਮ ਕਰ ਦਿੱਤੀ ਜਾਵੇਗੀ। ਇਸ ਬਦਲਾਅ ਦਾ ਸਿੱਧਾ ਅਸਰ ਐਕਸਪਾਇਰੀ ਡੇਅ ਟ੍ਰੇਡਿੰਗ, ਮਾਰਕੀਟ ਦੀ ਲਿਕਵਿਡਿਟੀ ਅਤੇ ਛੋਟੇ ਟਰੇਡਰਾਂ ਦੀ ਰਣਨੀਤੀ ’ਤੇ ਪਵੇਗਾ। ਖਾਸ ਗੱਲ ਇਹ ਹੈ ਕਿ ਹੁਣ ਇਹ ਨਿਯਮ ਇੰਡਕੈਸ ਡੈਰੀਵੇਟਿਵਜ਼ ਵਰਗਾ ਬਣਾ ਦਿੱਤਾ ਗਿਆ ਹੈ ਅਤੇ ਇਹ ਤਿੰਨ ਮਹੀਨੇ ਬਾਅਦ ਲਾਗੂ ਕੀਤਾ ਜਾਵੇਗਾ। 

ਹੁਣ ਤੱਕ ਹੋਈਆਂ ਕੁੱਲ 126 ਗ੍ਰਿਫ਼ਤਾਰੀਆਂ ਅਤੇ 140 ਐਫ.ਆਈ.ਆਰਜ਼. ਕੀਤੀਆਂ ਦਰਜ

ਚੰਡੀਗੜ੍ਹ, 9 ਫਰਵਰੀ:


ਭਾਰਤੀ ਏਅਰਟੈੱਲ ਲਿਮਟਿਡ ਨੂੰ ਨਿਸ਼ਾਨਾ ਬਣਾਉਣ ਦੇ ਇਰਾਦੇ ਨਾਲ  4ਜੀ/5ਜੀ ਟੈਲੀਕਾਮ ਬੁਨਿਆਦੀ ਢਾਂਚੇ ਦੀ ਚੋਰੀ ’ਤੇ ਵੱਡੀ ਅਤੇ ਨਿਰੰਤਰ ਕਾਰਵਾਈ ਤਹਿਤ ਪੰਜਾਬ ਪੁਲਿਸ ਨੇ 17 ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦੇ ਨਾਲ ਸੂਬੇ ਭਰ ਵਿੱਚ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ 126 ਹੋ ਗਈ ਹੈ ਅਤੇ 140 ਐਫਆਈਆਰਜ਼ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ ਫੈਸਲਾਕੁੰਨ ਕਾਰਵਾਈਆਂ ਦੇ ਲਾਗੂ ਕਰਨ ਸਦਕਾ ਅਹਿਮ ਜਨਤਕ ਟੈਲੀਕਾਮ ਸੇਵਾਵਾਂ ਨਿਰੰਤਰ ਚੱਲ ਰਹੀਆਂ ਹਨ।

 ਜ਼ਿਕਰਯੋਗ ਹੈ ਕਿ 4ਜੀ/5ਜੀ ਬੁਨਿਆਦੀ ਢਾਂਚੇ ਨਾਲ ਸਬੰਧਤ ਚੋਰੀਆਂ ਦੀਆਂ ਰਿਪੋਰਟਾਂ ਤੋਂ ਬਾਅਦ, ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਹੁਕਮਾਂ ’ਤੇ ਇੱਕ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਕੀਤਾ ਗਿਆ ਸੀ। ਚੇਅਰਮੈਨ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਰਾਜਪਾਲ ਸਿੰਘ ਸੰਧੂ ਦੀ ਅਗਵਾਈ ਵਾਲੀ ਐਸ.ਆਈ.ਟੀ. ਨੇ ਜ਼ਿਲ੍ਹਾ ਪੁਲਿਸ ਯੂਨਿਟਾਂ ਨਾਲ ਮਿਲ ਕੇ ਕੰਮ ਕੀਤਾ ਤਾਂ ਜੋ ਮੁਲਜ਼ਮਾਂ ਨੂੰ ਫੜਿਆ ਜਾ ਸਕੇ ਅਤੇ ਚੋਰੀ ਹੋਏ ਸਾਜ਼ੋ-ਸਾਮਾਨ ਦੀ  ਬਰਾਮਦਗੀ ਕੀਤੀ ਜਾ ਸਕੇ।

ਇਸ ਸਬੰਧੀ ਵੇਰਵੇ ਸਾਂਝੇ ਕਰਦਿਆਂ ਐਸ.ਆਈ.ਟੀ. ਦੇ ਚੇਅਰਮੈਨ ਆਈ.ਜੀ.ਪੀ. ਰਾਜਪਾਲ ਸੰਧੂ ਨੇ ਕਿਹਾ ਕਿ ਮੁਲਜ਼ਮਾਂ ਨੇ ਖਾਸ ਤੌਰ ’ਤੇ ਉੱਚ-ਮੁੱਲ ਵਾਲੇ ਜੀ.ਯੂ.ਸੀ.1 ਕਾਰਡਾਂ (ਬੇਸ ਬੈਂਡ ਯੂਨਿਟਾਂ) ਨੂੰ ਨਿਸ਼ਾਨਾ ਬਣਾਇਆ, ਜੋ ਕਿ 4ਜੀ ਅਤੇ 5ਜੀ ਸਿਗਨਲਾਂ ਦੇ ਸੰਚਾਰ ਲਈ ਬਹੁਤ ਅਹਿਮ ਹੁੰਦੇ ਹਨ। ਉਨ੍ਹਾਂ ਕਿਹਾ,‘‘ ਚੋਰੀ ਦੀ ਪੂਰੀ ਕਾਰਵਾਈ ਨੂੰ ਦੋ ਮਿੰਟਾਂ ਤੋਂ ਵੀ ਘੱਟ ਸਮੇਂ ਵਿੱਚ ਅੰਜਾਮ ਦਿੱਤਾ ਗਿਆ, ਜਿਸ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ,’’। ਇਨ੍ਹਾਂ ਚੋਰੀਆਂ ਕਾਰਨ ਪ੍ਰਭਾਵਿਤ ਖੇਤਰਾਂ ਵਿੱਚ ਦੂਰਸੰਚਾਰ ਸੇਵਾਵਾਂ ਵਿੱਚ ਕਾਫ਼ੀ ਪ੍ਰਭਾਵਿਤ ਰਹੀਆਂ,ਜਿਸ ਨਾਲ ਲੋਕਾਂ  ਜ਼ਰੂਰੀ ਵਾਇਸ ਅਤੇ ਡੇਟਾ ਕਨੈਕਟੀਵਿਟੀ ਤੋਂ ਵਾਂਝੀ ਰਹੇ।

ਆਈ.ਜੀ.ਪੀ. ਨੇ ਕਿਹਾ ਕਿ ਤਕਨੀਕੀ ਨਿਗਰਾਨੀ ਅਤੇ ਮਨੁੱਖੀ ਬੌਧਿਕਤਾ ਦੀ ਵਰਤੋਂ ਕਰਦਿਆਂ ਪੰਜਾਬ ਪੁਲਿਸ ਨੇ ਇਨ੍ਹਾਂ ਚੋਰੀਆਂ ਵਿੱਚ ਸ਼ਾਮਲ ਨੈੱਟਵਰਕਾਂ ਨੂੰ ਸਫਲਤਾਪੂਰਵਕ ਬੇਅਸਰ ਕਰ ਦਿੱਤਾ ਹੈ, ਜਦੋਂ ਕਿ ਅਗਲੇਰੇ-ਪਿਛਲੇਰੇ ਸਬੰਧਾਂ ਦਾ ਪਤਾ ਲਗਾਉਣ ਅਤੇ ਪੂਰੇ ਅਪਰਾਧਿਕ ਨੈੱਟਵਰਕ ਨੂੰ ਬੇਨਕਾਬ ਕਰਨ ਲਈ ਹੋਰ ਜਾਂਚ ਜਾਰੀ ਹੈ।’’

ਪੰਜਾਬ ਪੁਲਿਸ ਨੇ ਸਾਰੇ ਸਮਾਜ ਵਿਰੋਧੀ ਤੱਤਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨੂੰ ਤੁਰੰਤ ਬੰਦ ਕਰ ਦੇਣ ਜਾਂ ਫਿਰ ਸਖ਼ਤ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ । ਜ਼ਿਲ੍ਹਾ ਪੁਲਿਸ ਬਲਾਂ ਵੱਲੋਂ ਸਮਰਪਿਤ ਵਿਸ਼ੇਸ਼ ਕਰੈਕ ਟੀਮਾਂ ਬਣਾਈਆਂ ਗਈਆਂ ਹਨ। ਅਗਲੇਰੀ ਜਾਂਚ ਕੀਤੀ ਜਾ ਰਹਹ ਹੈ ਅਤੇ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਉਮੀਦ ਹੈ।

ਰੈਪੋ ਰੇਟ ਵਿਚ ਬਦਲਾਅ ਨਹੀਂ- ਕਰਜ਼ਾ ਵੀ ਮਹਿੰਗਾ ਨਹੀਂ ਹੋਵੇਗਾ

ਨਵੀਂ ਦਿੱਲੀ/ਬਿਊਰੋ ਨਿਊਜ਼

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਵਿਆਜ਼ ਦਰ 5.25 ਫੀਸਦੀ ’ਤੇ ਬਰਕਰਾਰ ਰੱਖੀ ਹੈ। ਇਸ ਵਾਰ ਰੈਪੋ ਰੇਟ ਵਿਚ ਬਦਲਾਅ ਨਹੀਂ ਕੀਤਾ ਗਿਆ ਅਤੇ ਕਰਜ਼ੇ ਵੀ ਮਹਿੰਗੇ ਨਹੀਂ ਹੋਣਗੇ ਅਤੇ ਈ.ਐਮ.ਆਈ. ਵੀ ਨਹੀਂ ਵਧੇਗੀ। ਰਿਜ਼ਰਵ ਬੈਂਕ ਦੇ ਗਵਰਨਰ ਸੰਜੇ ਮਲਹੋਤਰਾ ਨੇ ਅੱਜ 6 ਫਰਵਰੀ ਨੂੰ ਮੌਨੀਟਰੀ ਪਾਲਿਸੀ ਕਮੇਟੀ ਦੀ ਮੀਟਿੰਗ ਵਿਚ ਲਏ ਗਏ ਫੈਸਲਿਆਂ ਸਬੰਧੀ ਜਾਣਕਾਰੀ ਦਿੱਤੀ ਹੈ। ਭਾਰਤੀ ਰਿਜ਼ਰਵ ਬੈਂਕ ਨੇ ਲੰਘੇ ਦਸੰਬਰ ਮਹੀਨੇ ਵਿਆਜ਼ ਦਰ 0.25 ਫੀਸਦੀ ਘਟਾ ਕੇ 5.25 ਫੀਸਦੀ ਕੀਤੀ ਸੀ। ਆਰਬੀਆਈ ਜਿਸ ਰੇਟ ’ਤੇ ਬੈਂਕਾਂ ਨੂੰ ਕਰਜ਼ਾ ਦਿੰਦਾ ਹੈ, ਉਸ ਨੂੰ ਰੈਪੋ ਰੇਟ ਕਹਿੰਦੇ ਹਨ। ਜਦੋਂ ਰਿਜ਼ਰਵ ਬੈਂਕ ਰੈਪੋ ਰੇਟ ਘਟਾਉਂਦਾ ਹੈ ਤਾਂ ਬੈਂਕਾਂ ਨੂੰ ਸਸਤਾ ਕਰਜ਼ਾ ਮਿਲਦਾ ਹੈ ਅਤੇ ਉਹ ਇਸ ਫਾਇਦੇ ਨੂੰ ਗ੍ਰਾਹਕਾਂ ਤੱਕ ਪਹੁੰਚਾਉਂਦੇ ਹਨ। ਜ਼ਿਕਰਯੋਗ ਹੈ ਕਿ ਰਿਜ਼ਰਵ ਬੈਂਕ ਐਮ.ਪੀ.ਸੀ. ਦੀ ਤਿੰਨ ਦਿਨਾਂ ਸਮੀਖਿਆ ਮੀਟਿੰਗ 4 ਫਰਵਰੀ ਨੂੰ ਸ਼ੁਰੂ ਹੋ ਕੇ ਅੱਜ 6 ਫਰਵਰੀ ਤੱਕ ਚੱਲੀ ਹੈ ਅਤੇ ਇਸਦੀ ਪ੍ਰਧਾਨਗੀ ਆਰਬੀਆਈ ਦੇ ਗਵਰਨਰ ਸੰਜੇ ਮਲਹੋਤਰਾ ਨੇ ਕੀਤੀ। 

ਚੰਡੀਗੜ੍ਹ/ਬਿਊਰੋ ਨਿਊਜ਼

ਭਾਰਤੀ ਰਿਜ਼ਰਵ ਬੈਂਕ ਸਾਲ 2016 ਤੋਂ ਹਰ ਸਾਲ ਇਕ ਖਾਸ ਥੀਮ ਦੇ ਅਧੀਨ ਵਿੱਤੀ ਸਾਖਰਤਾ ਹਫਤਾ ਮਨਾਉਂਦਾ ਆ ਰਿਹਾ ਹੈ, ਜਿਸਦਾ ਉਦੇਸ਼ ਸਮਾਜ ਦੇ ਵੱਖ-ਵੱਖ ਵਰਗਾਂ ਵਿਚ ਵਿੱਤੀ ਜਾਗਰੂਕਤਾ ਫੈਲਾਉਣਾ ਹੈ। ਵਿੱਤੀ ਸਾਖਰਤਾ ਹਫਤਾ 2026, 9 ਫਰਵਰੀ ਤੋਂ 13 ਫਰਵਰੀ 2026 ਤੱਕ ਮਨਾਇਆ ਜਾ ਰਿਹਾ ਹੈ, ਜੋ ਇਸ ਪਹਿਲ ਦਾ 11ਵਾਂ ਅਡੀਸ਼ਨ ਹੈ। ਵਿੱਤੀ ਸਾਖਰਤਾ ਹਫਤਾ ਮਨਾਉਣ ਦਾ ਮੁੱਖ ਮਕਸਦ ਕੇਂਦਰਿਤ ਅਭਿਆਨਾਂ ਰਾਹੀਂ ਲੋਕਾਂ ਨੂੰ ਮਹੱਤਵਪੂਰਨ ਵਿੱਤੀ ਵਿਸ਼ਿਆਂ ਬਾਰੇ ਜਾਗਰੂਕ ਕਰਨਾ ਹੈ। ਚੰਡੀਗੜ੍ਹ ਵਿਚ ਵਿੱਤੀ ਸਾਖਰਤਾ ਹਫਤਾ 2026 ਦਾ ਉਦਘਾਟਨ ਵਿਵੇਦ ਸ੍ਰੀਵਾਸਤਵ, ਖੇਤਰੀ ਨਿਰਦੇਸ਼ਕ, ਭਾਰਤੀ ਰਿਜ਼ਰਵ ਬੈਂਕ, ਚੰਡੀਗੜ੍ਹ ਵਲੋਂ ਕੀਤਾ ਗਿਆ ਹੈ।  

1 ਮਾਰਚ 2026 ਤੋਂ ਨਿਯਮ ਹੋ ਜਾਵੇਗਾ ਲਾਗੂ

ਸ਼ਿਮਲਾ/ਬਿਊਰੋ ਨਿਊਜ਼

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸੂਬੇ ਦੇ ਸਾਰੇ ਸਰਕਾਰੀ ਤੇ ਨਿੱਜੀ ਸਕੂਲਾਂ ’ਚ ਵਿਦਿਆਰਥੀਆਂ ਦੇ ਮੋਬਾਈਲ ਫੋਨ ਵਰਤਣ ’ਤੇ ਪੂਰੀ ਤਰ੍ਹਾਂ ਪਾਬੰਦੀ ਦਾ ਐਲਾਨ ਕੀਤਾ ਹੈ। ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਹੈ ਕਿ ਆਉਂਦੀ 1 ਮਾਰਚ 2026 ਤੋਂ ਸੂਬੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ ਵਿਦਿਆਰਥੀਆਂ ਦੇ ਮੋਬਾਇਲ ਫੋਨ ਵਰਤਣ ’ਤੇ ਮੁਕੰਮਲ ਪਾਬੰਦੀ ਹੋਵੇਗੀ। ਸੀਐਮ ਨੇ ਇਹ ਐਲਾਨ ਬਿਲਾਸਪੁਰ ਜ਼ਿਲ੍ਹੇ ਦੇ ਘੁਮਾਰਵੀਂ ਵਿਖੇ ਨੈਸ਼ਨਲ ਖੇਡਾਂ ਦੇ ਸਮਾਪਤੀ ਸਮਾਗਮ ਦੌਰਾਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਮੋਬਾਈਲ ਰੱਖਣ ਵਾਲੇ ਵਿਦਿਆਰਥੀ ਨੂੰ 500 ਰੁਪਏ ਜੁਰਮਾਨਾ ਲਾਇਆ ਜਾਵੇਗਾ ਤੇ ਮੋਬਾਈਲ ਵੀ ਜ਼ਬਤ ਕਰ ਲਿਆ ਜਾਵੇਗਾ। ਸੀਐਮ ਸੁੱਖੂ ਨੇ ਸਪੱਸ਼ਟ ਕੀਤਾ ਕਿ ਇਹ ਫੈਸਲਾ ਸਿਰਫ ਕਾਗਜ਼ਾਂ ਤੱਕ ਹੀ ਸੀਮਤ ਨਹੀਂ ਰਹੇਗਾ, ਸਗੋਂ ਇਸ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ।

 

ਨਵੀਂ ਦਿੱਲੀ/ਬਿਊਰੋ ਨਿਊਜ਼

ਦੱਖਣੀ ਕੋਰੀਆ ਦੇ ਕ੍ਰਿਪਟੋ ਐਕਸਚੇਂਜ ਬਿਥੰਬ ਵਿਚ ਇਕ ਵੱਡੀ ਗੜਗੜ ਹੋ ਗਈ। ਐਕਸਚੇਂਜ ਨੇ ਗਲਤੀ ਨਾਲ ਆਪਣੇ ਗਾਹਕਾਂ ਨੂੰ ਅਰਬਾਂ ਰੁਪਏ ਦੇ ਬਿਟਕੋਇਨ ਭੇਜ ਦਿੱਤੇ। ਅਸਲ ਵਿਚ, ਬਿਥੰਬ ਨੇ ਲੰਘੇ ਸ਼ੁੱਕਰਵਾਰ ਸ਼ਾਮ ਕਰੀਬ 7 ਵਜੇ ਇਕ ਪ੍ਰਮੋਸ਼ਨਲ ਈਵੈਂਟ ਵਿਚ ਹਿੱਸਾ ਲੈਣ ਵਾਲੇ 249 ਯੂਜ਼ਰਾਂ ਨੂੰ ਗਲਤੀ ਨਾਲ 6,20,000 ਬਿਟਕੋਇਲ ਟਰਾਂਸਫਰ ਕਰ ਦਿੱਤੇ। ਇਹ ਬਹੁਤ ਵੱਡੀ ਰਕਮ ਸੀ। ਹਰ ਯੂਜ਼ਰ ਨੂੰ ਔਸਤਨ 2490 ਬਿਟਕੋਇਨ ਮਿਲੇ, ਜਿਨ੍ਹਾਂ ਦੀ ਕੀਮਤ ਕਰੀਬ 166 ਮਿਲੀਅਨ ਡਾਲਰ (ਕਰੀਬ 1500 ਕਰੋੜ) ਸੀ। ਇਸ ਗਲਤੀ ਤੋਂ ਬਾਅਦ ਕੁਝ ਲੋਕਾਂ ਨੇ ਮਿਲੇ ਹੋਏ ਬਿਟਕੋਇਨ ਵੇਚ ਦਿੱਤੇ, ਜਿਸ ਕਾਰਨ ਬਿਟਕੋਇਨ ਦੀ ਕੀਮਤ ਵਿਚ ਅਚਾਨਕ ਗਿਰਾਵਟ ਆ ਗਈ। ਬਿਥੰਬ ਨੇ ਕਿਹਾ ਹੈ ਕਿ ਉਹ ਪ੍ਰਭਾਵਿਤ ਗਾਹਕਾਂ ਨੂੰ ਹੋਏ ਪੂਰੇ ਨੁਕਸਾਨ ਦੀ ਭਰਪਾਈ ਕਰੇਗਾ। ਇਸ ਤੋਂ ਇਲਾਵਾ ਉਨ੍ਹਾਂ ਨੂੰ 10 ਫੀਸਦੀ ਵਾਧੂ ਮੁਆਵਜ਼ਾ ਵੀ ਦਿੱਤਾ ਜਾਵੇਗਾ।  

ਖੁਦਕੁਸ਼ੀ ਕਰਨ ਵਾਲੀਆਂ ਇਹ ਤਿੰਨ ਭੈਣਾਂ ਕੋਰੀਅਨ ਪੌਪ ਸਭਿਆਚਾਰ ਤੋਂ ਸਨ ਪ੍ਰਭਾਵਿਤ
ਚੰਡੀਗੜ੍ਹ/ਬਿਊਰੋ ਨਿਊਜ਼
ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਲੰਘੇ ਕੱਲ੍ਹ ਬੁੱਧਵਾਰ ਸਵੇਰੇ ਆਪਣੇ ਅਪਾਰਟਮੈਂਟ ਦੀ ਨੌਵੀਂ ਮੰਜ਼ਿਲ ਤੋਂ ਤਿੰਨ ਨਾਬਾਲਗ ਭੈਣਾਂ ਨੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਇਨ੍ਹਾਂ ਲੜਕੀਆਂ ਦੀ ਮੌਤ ਤੋਂ ਬਾਅਦ ਪੁਲਿਸ ਸੂਤਰਾਂ ਨੇ ਕਿਹਾ ਕਿ ਇਹ ਲੜਕੀਆਂ ਕੋਰੀਆਈ ਪੌਪ ਸੱਭਿਆਚਾਰ ਤੋਂ ਬਹੁਤ ਪ੍ਰਭਾਵਿਤ ਸਨ ਅਤੇ ਉਨ੍ਹਾਂ ਨੇ ਕੋਰੀਅਨ ਨਾਂ ਦੀ ਵਰਤੋਂ ਕਰਕੇ ਸੋਸ਼ਲ ਮੀਡੀਆ ਖਾਤਾ ਬਣਾਇਆ ਹੋਇਆ ਸੀ, ਜਿਨ੍ਹਾਂ ਦੇ ਵੱਡੀ ਗਿਣਤੀ ਵਿੱਚ ਫਾਲੋਅਰਜ਼ ਹਨ। ਮੀਡੀਆ ਰਿਪੋਰਟਾਂ ਅਨੁਸਾਰ ਇਹ ਤਿੰਨੋਂ ਭੈਣਾਂ ਸਾਂਝੇ ਤੌਰ ’ਤੇ ਇੱਕ ਸੋਸ਼ਲ ਮੀਡੀਆ ਅਕਾਊਂਟ ਚਲਾਉਂਦੀਆਂ ਸਨ, ਜਿੱਥੇ ਉਹ ਆਪਣੀ ਪਛਾਣ ਕੋਰੀਆਈ ਨਾਵਾਂ ਨਾਲ ਕਰਦੀਆਂ ਸਨ ਅਤੇ ਨਿਯਮਿਤ ਤੌਰ ’ਤੇ ਕੋਰੀਆਈ ਨਾਟਕਾਂ, ਸੰਗੀਤ ਅਤੇ ਫੈਸ਼ਨ ਤੋਂ ਪ੍ਰੇਰਿਤ ਸਮੱਗਰੀ ਪੋਸਟ ਕਰਦੀਆਂ ਸਨ। ਜ਼ਿਕਰਯੋਗ ਹੈ ਕਿ ਇਨ੍ਹਾਂ ਲੜਕੀਆਂ ਦੇ ਮਾਪਿਆਂ ਨੇ ਜਦੋਂ ਇਨ੍ਹਾਂ ਨੂੰ ਫੋਨ ਚਲਾਉਣ ਤੋਂ ਰੋਕਿਆ ਤਾਂ ਇਨ੍ਹਾਂ ਨੇ ਨੌਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕਸ਼ੀ ਕਰ ਲਈ ਸੀ।  

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.