Monday, 15 June 2026

ਨਵੀਂ ਦਿੱਲੀ/ਬਿਊਰੋ ਨਿਊਜ਼  
ਭਾਰਤ ’ਚ ਤੇਲ ਕੰਪਨੀਆਂ ਨੇ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਫਿਰ ਤੋਂ ਵਾਧਾ ਕੀਤਾ ਹੈ। ਇਸੇ ਦੌਰਾਨ ਕਮਰਸ਼ੀਅਲ ਐੱਲ.ਪੀ.ਜੀ. ਸਿਲੰਡਰ 42 ਰੁਪਏ ਮਹਿੰਗਾ ਹੋ ਗਿਆ ਹੈ। ਵਧੀਆਂ ਕੀਮਤਾਂ ਅੱਜ 1 ਜੂਨ ਤੋਂ ਹੀ ਲਾਗੂ ਹੋ ਗਈਆਂ ਹਨ। ਇਸ ਤੋਂ ਇਲਾਵਾ ਛੋਟੂ ਐਫ.ਐੱਲ.ਟੀ. ਸਿਲੰਡਰ ਵੀ 5 ਰੁਪਏ ਮਹਿੰਗਾ ਹੋ ਗਿਆ ਹੈ। ਹਾਲਾਂਕਿ ਘਰੇਲੂ ਐੱਲ.ਪੀ.ਜੀ. ਸਿਲੰਡਰ ਦੀਆਂ ਕੀਮਤਾਂ ਵਿਚ ਕੋਈ ਵਾਧਾ ਨਹੀਂ ਹੋਇਆ। ਦਿਨੋਂ ਦਿਨ ਮਹਿੰਗੀ ਹੁੰਦੀ ਜਾ ਰਹੀ ਐਲ.ਪੀ.ਜੀ. ਕਾਰਨ ਢਾਬਿਆਂ ਅਤੇ ਹੋਟਲਾਂ ’ਤੇ ਖਾਣਾ  ਮਹਿੰਗਾ ਹੋ ਜਾਵੇਗਾ। ਇਸਦੇ ਚੱਲਦਿਆਂ ਦਿੱਲੀ ਵਿਚ ਹੁਣ ਕਮਰਸ਼ੀਅਲ ਐੱਲ.ਪੀ.ਜੀ. ਸਿਲੰਡਰ 3113 ਰੁਪਏ 50 ਪੈਸੇ ਦਾ ਹੋ ਗਿਆ ਹੈ, ਜਦਕਿ ਕੋਲਕਾਤਾ ਵਿਚ ਇਸਦੀ ਕੀਮਤ 53 ਰੁਪਏ 50 ਪੈਸੇ ਵਧ ਕੇ 3255 ਰੁਪਏ 50 ਪੈਸੇ ਪ੍ਰਤੀ ਸਿਲੰਡਰ ਹੋ ਗਈ ਹੈ। ਇਸਦੇ ਚੱਲਦਿਆਂ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੀ ਸੰਯੁਕਤ ਸਕੱਤਰ ਸੁਜਾਤਾ ਸ਼ਰਮਾ ਨੇ ਇਕ ਅੰਤਰ-ਮੰਤਰਾਲਾ ਮੀਟਿੰਗ ਦੌਰਾਨ ਦੱਸਿਆ ਕਿ ਸਰਕਾਰ ਪੱਛਮੀ ਏਸ਼ੀਆ ਦੇ ਸੰਕਟ ਦਰਮਿਆਨ ਬਾਲਣ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਰਣਨੀਤਕ ਭੰਡਾਰਾਂ ’ਤੇ ਕੰਮ ਕਰ ਰਹੀ ਹੈ। ਉਨ੍ਹਾਂ ਭਾਰਤ ਵਾਸੀਆਂ ਨੂੰ ਇਹ ਵੀ ਭਰੋਸਾ ਦਿੱਤਾ ਕਿ ਦੇਸ਼ ਵਿਚ ਪੈਟਰੋਲ, ਡੀਜ਼ਲ ਅਤੇ ਗੈਸ ਦਾ ਕੋਈ ਸੰਕਟ ਨਹੀਂ ਹੈ।  

ਲੁਧਿਆਣਾ/ਬਿਊਰੋ ਨਿਊਜ਼
ਲੁਧਿਆਣਾ ਜ਼ਿਲ੍ਹੇ ਵਿਚ ਹਲਵਾਰਾ ਏਅਰਪੋਰਟ ਤੋਂ ਭਾਵੇਂ ਸ਼ੁਰੂਆਤੀ ਦੌਰ ਵਿਚ ਦਿੱਲੀ ਆਉਣ-ਜਾਣ ਲਈ ਦੋ ਫਲਾਈਟਾਂ ਸ਼ੁਰੂ ਕੀਤੀਆਂ ਗਈਆਂ ਹਨ, ਪਰ 15 ਦਿਨਾਂ ਤੋਂ ਵੀ ਘੱਟ ਸਮੇਂ ਦੇ ਅੰਦਰ ਹਲਵਾਰਾ ਏਅਰਪੋਰਟ ਨੂੰ ਇੰਟਰਨੈਸ਼ਨਲ ਕਨੈਕਟੀਵਿਟੀ ਮਿਲ ਗਈ ਹੈ। ਇਸ ਸਬੰਧ ਵਿਚ ਏਅਰ ਇੰਡੀਆ ਵਲੋਂ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ, ਜਿਸ ਵਿਚ ਲੁਧਿਆਣਾ ਤੋਂ ਦਿੱਲੀ ਤੱਕ ਆਉਣ-ਜਾਣ ਵਾਲੀ ਫਲਾਈਟ ਦੇ ਨਾਲ 23 ਡੋਮੈਸਟਿਕ ਲੋਕੇਸ਼ਨਾਂ ਦਾ ਲਿੰਕ ਵੀ ਸਾਂਝਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਏਅਰ ਇੰਡੀਆ ਵਲੋਂ ਹਲਵਾਰਾ ਏਅਰਪੋਰਟ ਤੋਂ ਹੀ ਇੰਟਰਨੈਸ਼ਨਲ ਕਨੈਕਟੀਵਿਟੀ ਲਈ ਵੀ ਸ਼ਡਿਊਲ ਜਾਰੀ ਕੀਤਾ ਗਿਆ ਹੈ, ਜਿਸ ਤਹਿਤ ਲੋਕ ਲੁਧਿਆਣਾ ਤੋਂ ਸਿੱਧੇ 21 ਦੇਸ਼ਾਂ ਲਈ ਉਡਾਣ ਭਰ ਸਕਦੇ ਹਨ, ਹਾਲਾਂਕਿ ਇਸਦੇ ਲਈ ਦਿੱਲੀ ਏਅਰਪੋਰਟ ਦਾ ਕਨੈਕਟਿਡ ਲਿੰਕ ਦਿੱਤਾ ਗਿਆ ਹੈ। ਇਸ ਨਾਲ ਉਨ੍ਹਾਂ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ, ਜੋ ਹੁਣ ਤੱਕ ਵਿਦੇਸ਼ਾਂ ਵਿਚ ਹਵਾਈ ਯਾਤਰਾ ਲਈ ਚੰਡੀਗੜ੍ਹ, ਅੰਮਿ੍ਰਤਸਰ ਜਾਂ ਦਿੱਲੀ ਦਾ ਬਦਲ ਅਪਣਾ ਰਹੇ ਸਨ।  

ਚੰਡੀਗੜ੍ਹ : ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਅੱਜ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਹੜ੍ਹ ਰੋਕੂ ਕਾਰਜਾਂ ਲਈ ਅਤੇ ਸੂਬੇ ਭਰ ਵਿੱਚ ਕਿਸੇ ਵੀ ਕੁਦਰਤੀ ਆਫ਼ਤ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਅਗਾਊਂ 146 ਕਰੋੜ ਰੁਪਏ ਜਾਰੀ ਕੀਤੇ ਹਨ।

ਕੈਬਨਿਟ ਮੰਤਰੀ ਨੇ ਕਿਹਾ ਕਿ ਆਗਾਮੀ ਮਾਨਸੂਨ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਹੜ੍ਹਾਂ ਜਿਹੀ ਕਿਸੇ ਵੀ ਸੰਭਾਵੀ ਆਫ਼ਤ ਵਾਲੀ ਸਥਿਤੀ ਨਾਲ ਤੁਰੰਤ ਨਜਿੱਠਣ ਲਈ ਸਰਕਾਰ ਵੱਲੋਂ ਅਗਾਊਂ ਯੋਜਨਾਬੰਦੀ ਕੀਤੀ ਗਈ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਲੋੜੀਂਦੇ ਵਿੱਤੀ ਸਰੋਤਾਂ ਨਾਲ ਲੈਸ ਕੀਤਾ ਜਾ ਰਿਹਾ ਹੈ ਤਾਂ ਜੋ ਆਫ਼ਤ ਪ੍ਰਬੰਧਨ ਲਈ ਨਜਿੱਠਣ ਦੇ ਨਾਲ-ਨਾਲ ਸੰਭਾਵੀ ਹੜ੍ਹਾਂ ਦੇ ਨੁਕਸਾਨ ਨੂੰ ਸਮਾਂ ਰਹਿੰਦਿਆਂ ਘਟਾਇਆ ਜਾ ਸਕੇ।

ਇਸ ਸਬੰਧੀ ਹੋਰ ਵੇਰਵੇ ਦਿੰਦਿਆਂ ਸ. ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਵਿੱਤੀ ਸਾਲ 2026-27 ਲਈ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨੂੰ 100 ਕਰੋੜ ਰੁਪਏ ਦੇ ਫ਼ੰਡ ਜਾਰੀ ਕੀਤੇ ਜਾ ਚੁੱਕੇ ਹਨ ਤਾਂ ਜੋ ਜ਼ਿਲ੍ਹਾ ਪ੍ਰਸ਼ਾਸਨ ਕਿਸੇ ਵੀ ਸੰਭਾਵੀ ਕੁਦਰਤੀ ਆਫ਼ਤ ਤੋਂ ਪੈਦਾ ਹੋਣ ਵਾਲੀਆਂ ਸਥਿਤੀਆਂ ਨਾਲ ਬਿਨਾਂ ਕਿਸੇ ਦੇਰੀ ਦੇ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠ ਸਕਣ।

ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਕਿਸ਼ਤੀਆਂ, ਹੜ੍ਹ ਰੋਕੂ ਸਮੱਗਰੀ ਅਤੇ ਹੋਰ ਜ਼ਰੂਰੀ ਸਾਜ਼ੋ-ਸਾਮਾਨ ਦੀ ਉਪਲਬਧਤਾ ਯਕੀਨੀ ਬਣਾਉਣ ਵਾਸਤੇ ਵਾਧੂ 46 ਕਰੋੜ ਰੁਪਏ ਵੀ ਜਾਰੀ ਕੀਤੇ ਗਏ ਹਨ। ਇਸ ਤਹਿਤ ਹਰ ਜ਼ਿਲ੍ਹੇ ਨੂੰ 2 ਕਰੋੜ ਰੁਪਏ ਦੀ ਰਾਸ਼ੀ ਮੁਹੱਈਆ ਕਰਵਾਈ ਗਈ ਹੈ ਤਾਂ ਜੋ ਕਿਸੇ ਵੀ ਐਮਰਜੈਂਸੀ ਸਥਿਤੀ ਦੌਰਾਨ ਤੁਰੰਤ ਕਾਰਵਾਈ ਕੀਤੀ ਜਾ ਸਕੇ।

ਆਫ਼ਤ ਪ੍ਰਬੰਧਨ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਰੇ ਜ਼ਿਲ੍ਹਿਆਂ ਦੀ ਤਿਆਰੀ ਦਾ ਨਿਰੰਤਰ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਸਮੂਹ ਸਬੰਧਤ ਅਧਿਕਾਰੀਆਂ ਨੂੰ ਮਾਨਸੂਨ ਸੀਜ਼ਨ ਤੋਂ ਪਹਿਲਾਂ ਸਾਰੇ ਜ਼ਰੂਰੀ ਪ੍ਰਬੰਧ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਫ਼ੰਡ ਜਾਰੀ ਹੋਣ ਨਾਲ ਜ਼ਿਲ੍ਹਾ ਪ੍ਰਸ਼ਾਸਨਾਂ ਦੀ ਆਫ਼ਤਾਂ ਨਾਲ ਨਜਿੱਠਣ ਦੀ ਸਮਰੱਥਾ ਹੋਰ ਮਜ਼ਬੂਤ ਹੋਵੇਗੀ।

ਸ. ਹਰਦੀਪ ਸਿੰਘ ਮੁੰਡੀਆਂ ਨੇ ਦੁਹਰਾਇਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਆਫ਼ਤ ਪ੍ਰਬੰਧਨ, ਸੂਬਾ ਵਾਸੀਆਂ ਦੀ ਹਿਫ਼ਾਜ਼ਤ ਅਤੇ ਬੁਨਿਆਦੀ ਢਾਂਚੇ ਦੀ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦੇ ਰਹੀ ਹੈ ਅਤੇ ਸੂਬਾ ਵਾਸੀਆਂ ਦੀ ਰਾਖੀ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ।

ਐਸ.ਸੀ. ਕਮਿਸ਼ਨ ਸਖਤ - ਸੰਗਰੂਰ ਦੇ ਐਸਐਸਪੀ ਕੋਲੋਂ 1 ਜੂਨ ਤੱਕ ਮੰਗੀ ਰਿਪੋਰਟ
ਜਲੰਧਰ/ਬਿਊਰੋ ਨਿਊਜ਼
ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਭਾਜਪਾ ਆਗੂ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਖਿਲਾਫ ਸਖਤ ਰੁਖ ਅਪਣਾਇਆ ਹੈ। ਬਿੱਟੂ ਵਲੋਂ ਆਪਣੇ ਧੂਰੀ ਦੌਰੇ ਦੌਰਾਨ ਕਥਿਤ ਤੌਰ ’ਤੇ ਜਾਤੀਸੂਚਕ ਸ਼ਬਦਾਂ ਦਾ ਇਸਤੇਮਾਲ ਕਰਨ ਦੇ ਮਾਮਲੇ ਵਿਚ ਐਸ.ਸੀ. ਕਮਿਸ਼ਨ ਨੇ ਨੋਟਿਸ ਲਿਆ ਹੈ। ਇਸ ਗੰਭੀਰ ਮਾਮਲੇ ਨੂੰ ਲੈ ਕੇ ਕਮਿਸ਼ਨ ਨੇ ਸੰਗਰੂਰ ਦੇ ਐਸ.ਐਸ.ਪੀ. ਕੋਲੋਂ ਆਉਂਦੀ 1 ਜੂਨ ਤੱਕ ਰਿਪੋਰਟ ਮੰਗੀ ਹੈ ਅਤੇ ਜਾਂਚ ਦੇ ਨਿਰਦੇਸ਼ ਦਿੱਤੇ ਹਨ। ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਇਸ ਕਾਰਵਾਈ ਦੀ ਪੁਸ਼ਟੀ ਕੀਤੀ ਹੈ। ਗੜ੍ਹੀ ਨੇ ਦੱਸਿਆ ਕਿ ਸ਼ੋਸ਼ਲ ਮੀਡੀਆ ਦੇ ਮਾਧਿਅਮ ਨਾਲ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਸੀ। ਜ਼ਿਕਰਯੋਗ ਹੈ ਕਿ ਇਹ ਪੂਰਾ ਵਿਵਾਦ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਧੂਰੀ ਦੌਰੇ ਨਾਲ ਜੁੜਿਆ ਹੋਇਆ ਹੈ। ਬਿੱਟੂ ’ਤੇ ਇਲਜ਼ਾਮ ਹਨ ਕਿ ਉਨ੍ਹਾਂ ਨੇ ਕੁਝ ਅਜਿਹੇ ਬੋਲਾਂ ਦਾ ਇਸਤੇਮਾਲ ਕੀਤਾ, ਜੋ ਅਨੁਸੂਚਿਤ ਜਾਤੀ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਅਤੇ ਜਾਤੀਸੂਚਕ ਸਨ। ਸ਼ੋਸ਼ਲ ਮੀਡੀਆ ’ਤੇ ਇਹ ਮਾਮਲਾ ਗਰਮਾਉਣ ਤੋਂ ਬਾਅਦ ਐਸ.ਸੀ. ਕਮਿਸ਼ਨ ਨੇ ਤੁਰੰਤ ਇਸ ’ਤੇ ਐਕਸ਼ਨ ਲਿਆ ਹੈ।

ਚੰਡੀਗੜ੍ਹ / ਦਿੜ੍ਹਬਾ / ਲਹਿਰਾਗਾਗਾ : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਲਹਿਰਾਗਾਗਾ ਖੇਤਰ ਵਿੱਚ 18.76 ਕਰੋੜ ਰੁਪਏ ਤੋਂ ਵੱਧ ਦੇ ਸੜਕੀ ਬੁਨਿਆਦੀ ਢਾਂਚੇ ਅਤੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਅਤੇ ਨੀਂਹ ਪੱਥਰ ਰੱਖੇ। ਇਹ ਪ੍ਰੋਜੈਕਟ ਪੇਂਡੂ ਸੰਪਰਕ ਨੂੰ ਮਜ਼ਬੂਤ ਕਰਨ ਅਤੇ ਸਥਾਨਕ ਆਰਥਿਕਤਾ ਨੂੰ ਹੁਲਾਰਾ ਦੇਣ ਵਿੱਚ ਅਹਿਮ ਸਾਬਤ ਹੋਣਗੇ। ਇਨ੍ਹਾਂ ਪ੍ਰੋਜੈਕਟਾਂ ਦਾ ਉਦੇਸ਼ ਸੁਰੱਖਿਆ ਖ਼ਤਰਿਆਂ ਨੂੰ ਖ਼ਤਮ ਕਰਨਾ, ਪੇਂਡੂ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨਾ ਅਤੇ ਹਜ਼ਾਰਾਂ ਪਿੰਡ ਵਾਸੀਆਂ ਲਈ ਹਰ ਮੌਸਮ ਵਿੱਚ ਆਵਾਜਾਈ ਨੂੰ ਸੁਖਾਲਾ ਬਣਾਉਣਾ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵਿਜ਼ਨ ਬਾਰੇ ਚਾਨਣਾ ਪਾਉਂਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਸੂਬੇ ਭਰ ਵਿੱਚ ਲਗਭਗ 40,000 ਕਿਲੋਮੀਟਰ ਸੜਕਾਂ ਨੂੰ ਮਜ਼ਬੂਤ ਕਰਕੇ ਪੇਂਡੂ ਪੰਜਾਬ ਦੀ ਨੁਹਾਰ ਬਦਲ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਪਿੰਡਾਂ ਨੂੰ ਬਿਹਤਰ ਸੰਪਰਕ ਅਤੇ ਬੁਨਿਆਦੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਜੋ ਦਹਾਕਿਆਂ ਤੋਂ ਅਣਗੌਲੇ ਸਨ।

ਪਿੰਡ ਡਸਕਾ ਵਿਖੇ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਛੂਆਣਾ ਤੋਂ ਬਰੇਟਾ (ਵਾਇਆ ਦਸਕਾ ਅਤੇ ਬਹਾਦਰਪੁਰ) ਨੂੰ ਜੋੜਨ ਵਾਲੀ 10.5 ਕਿਲੋਮੀਟਰ ਲੰਬੀ ਸੜਕ ਲੋਕਾਂ ਨੂੰ ਸਮਰਪਿਤ ਕੀਤੀ। ਇਸ ਸੜਕ ਨੂੰ 7.15 ਕਰੋੜ ਰੁਪਏ ਦੀ ਲਾਗਤ ਨਾਲ 12 ਫੁੱਟ ਤੋਂ ਵਧਾ ਕੇ 18 ਫੁੱਟ ਚੌੜਾ ਕੀਤਾ ਗਿਆ ਹੈ। ਸੜਕ ਦੇ ਚੌੜਾ ਹੋਣ ਨਾਲ ਪੁਰਾਣੀ ਖਸਤਾ ਹਾਲਤ ਅਤੇ ਤੰਗ ਰਸਤੇ ਕਾਰਨ ਪੈਦਾ ਹੋਣ ਵਾਲੀਆਂ ਟਰੈਫਿਕ ਸਮੱਸਿਆਵਾਂ ਅਤੇ ਸੁਰੱਖਿਆ ਚਿੰਤਾਵਾਂ ਦੂਰ ਹੋਣ ਦੀ ਉਮੀਦ ਹੈ।

ਵਿੱਤ ਮੰਤਰੀ ਨੇ 1.27 ਕਰੋੜ ਰੁਪਏ ਦੀ ਲਾਗਤ ਨਾਲ ਡਸਕਾ ਅਤੇ ਖੱਤਰੀਵਾਲਾ ਨੂੰ ਜੋੜਨ ਵਾਲੀ ਨਵੀਂ ਬਣੀ 4 ਕਿਲੋਮੀਟਰ ਪੱਕੀ ਸੜਕ ਵੀ ਲੋਕ ਅਰਪਣ ਕੀਤੀ, ਜਿਸ ਨਾਲ ਲੰਬੇ ਸਮੇਂ ਤੋਂ ਬਣੇ ਕੱਚੇ ਰਸਤੇ ਨੂੰ ਹਰ ਮੌਸਮ ਦੇ ਅਨੁਕੂਲ ਸੜਕ ਵਿੱਚ ਬਦਲ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਡਸਕਾ-ਬਹਾਦਰਪੁਰ ਰਸਤੇ 'ਤੇ ਡੇਰਾ ਬਾਬਾ ਧੌਲਾ ਪੀਰ ਨੂੰ ਜਾਣ ਵਾਲੀ 1 ਕਿਲੋਮੀਟਰ ਲਿੰਕ ਸੜਕ 34.50 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤੀ ਗਈ ਹੈ, ਜਿਸ ਨਾਲ ਸ਼ਰਧਾਲੂਆਂ ਅਤੇ ਸਥਾਨਕ ਨਿਵਾਸੀਆਂ ਦੀ ਆਵਾਜਾਈ ਸੁਖਾਲੀ ਹੋਵੇਗੀ।

ਬਾਘਰੌਲ ਅਤੇ ਨੇੜਲੇ ਪਿੰਡਾਂ ਵਿੱਚ ਵਿਕਾਸ ਦੇ ਘੇਰੇ ਨੂੰ ਵਧਾਉਂਦੇ ਹੋਏ ਹਰਪਾਲ ਸਿੰਘ ਚੀਮਾ ਨੇ ਲਗਭਗ 10 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਅਤੇ ਨੀਂਹ ਪੱਥਰ ਰੱਖੇ। ਪਿੰਡਾਂ ਦੇ ਸਰਪੰਚਾਂ, ਪੰਚਾਇਤ ਮੈਂਬਰਾਂ ਅਤੇ ਸਥਾਨਕ ਨਿਵਾਸੀਆਂ ਦੀ ਮੌਜੂਦਗੀ ਵਿੱਚ ਉਨ੍ਹਾਂ ਨੇ ਬਾਘਰੌਲ ਤੋਂ ਬੁਜਰਕ ਤੱਕ 1.10 ਕਰੋੜ ਰੁਪਏ ਦੀ ਲਾਗਤ ਨਾਲ 3 ਕਿਲੋਮੀਟਰ ਸੜਕ ਅਤੇ ਬਾਘਰੌਲ ਨੂੰ ਬੁਰਜ ਟਿੱਲਾ ਤੇ ਖੇੜੀ ਨਗਾਈਆਂ ਨਾਲ ਜੋੜਨ ਵਾਲੀ 2.35 ਕਿਲੋਮੀਟਰ ਸੜਕ (ਲਾਗਤ 1 ਕਰੋੜ ਰੁਪਏ ਤੋਂ ਵੱਧ) ਦੀ ਉਸਾਰੀ ਦਾ ਐਲਾਨ ਕੀਤਾ।

ਉਨ੍ਹਾਂ ਅੱਗੇ ਦੱਸਿਆ ਕਿ ਬਾਘਰੌਲ ਅਤੇ ਬਲਮਗੜ੍ਹ ਨੂੰ ਜੋੜਨ ਵਾਲੀ 2.75 ਕਿਲੋਮੀਟਰ ਸੜਕ ਦੀ ਉਸਾਰੀ 'ਤੇ 1.16 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਲਾਕੇ ਵਿੱਚ ਕੀਤੇ ਗਏ ਵੱਡੇ ਉਪਰਾਲਿਆਂ ਵਿੱਚ ਲਗਭਗ 12 ਕਿਲੋਮੀਟਰ ਕੱਚੀਆਂ ਸੜਕਾਂ ਨੂੰ ਪੱਕਾ ਕਰਨਾ ਸ਼ਾਮਲ ਹੈ, ਜੋ ਪਿਛਲੇ 70 ਤੋਂ 80 ਸਾਲਾਂ ਤੋਂ ਅਣਗੌਲੀਆਂ ਸਨ। ਇਨ੍ਹਾਂ ਸੜਕਾਂ ਨੂੰ 5.25 ਕਰੋੜ ਰੁਪਏ ਦੀ ਲਾਗਤ ਨਾਲ ਪੱਕੇ ਸੜਕੀ ਨੈੱਟਵਰਕ ਵਿੱਚ ਬਦਲਿਆ ਜਾ ਰਿਹਾ ਹੈ।

ਵਿੱਤ ਮੰਤਰੀ ਨੇ ਇੱਕ ਨਵੇਂ ਬਣੇ ਪੁਲ ਦਾ ਉਦਘਾਟਨ ਵੀ ਕੀਤਾ ਜਿਸ ਨੇ ਦੋ ਪ੍ਰਮੁੱਖ ਪਿੰਡਾਂ ਵਿਚਕਾਰ ਆਵਾਜਾਈ ਦੇ ਸਬੰਧਾਂ ਨੂੰ ਮਜ਼ਬੂਤ ਕੀਤਾ ਹੈ।

ਚੱਲ ਰਹੇ ਬੁਨਿਆਦੀ ਢਾਂਚੇ ਦੇ ਕੰਮਾਂ ਬਾਰੇ ਦੱਸਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ, "ਬਾਘਰੌਲ ਤੋਂ ਖੇੜੀ ਦਗਾਈਆਂ ਤੱਕ ਪਿੰਡ ਦੀ ਫਿਰਨੀ ਸਮੇਤ ਲਗਭਗ 4 ਕਿਲੋਮੀਟਰ ਸੜਕ 1.83 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾ ਰਹੀ ਹੈ। ਇਸ ਦੇ ਨਾਲ ਹੀ ਬਾਘਰੌਲ ਨੂੰ ਕੰਗਰੌੜੀ ਅਤੇ ਕਮਾਲਪੁਰ ਨਾਲ ਜੋੜਨ ਵਾਲੀਆਂ ਸੜਕਾਂ ਨੂੰ ਚੌੜਾ ਕਰਨ ਦਾ ਕੰਮ 4.50 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਚੱਲ ਰਿਹਾ ਹੈ।"

ਕੁੱਲ ਮਿਲਾ ਕੇ ਬਾਘਰੌਲ ਖੇਤਰ ਦੇ ਆਲੇ-ਦੁਆਲੇ ਲਗਭਗ 19 ਕਿਲੋਮੀਟਰ ਸੜਕਾਂ ਦੀ ਉਸਾਰੀ ਅਤੇ ਵਿਸਥਾਰ ਦਾ ਕੰਮ ਜਾਰੀ ਹੈ, ਜਿਸ ਨਾਲ ਖੇਤੀਬਾੜੀ ਗਤੀਵਿਧੀਆਂ ਅਤੇ ਆਰਥਿਕ ਗਤੀਸ਼ੀਲਤਾ ਵਿੱਚ ਆ ਰਹੀਆਂ ਦਹਾਕਿਆਂ ਪੁਰਾਣੀਆਂ ਰੁਕਾਵਟਾਂ ਦੂਰ ਹੋਣ ਦੀ ਉਮੀਦ ਹੈ।

ਸੰਤੁਲਿਤ ਵਿਕਾਸ ਪ੍ਰਤੀ ਭਗਵੰਤ ਮਾਨ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੰਤਰੀ ਚੀਮਾ ਨੇ ਕਿਹਾ, "ਸਾਡੀ ਸਰਕਾਰ ਸ਼ਹਿਰੀ ਅਤੇ ਪੇਂਡੂ ਬੁਨਿਆਦੀ ਢਾਂਚੇ ਦੇ ਪਾੜੇ ਨੂੰ ਪੂਰਨ ਲਈ ਪੇਂਡੂ ਵਿਕਾਸ ਨੂੰ ਤਰਜੀਹ ਦੇ ਰਹੀ ਹੈ। ਜਿੱਥੇ ਪੇਂਡੂ ਸੜਕਾਂ ਦਾ ਨੈੱਟਵਰਕ ਦਹਾਕਿਆਂ ਤੋਂ ਅਣਗਹਿਲੀ ਦਾ ਸ਼ਿਕਾਰ ਸੀ, ਉੱਥੇ ਹੀ ਸਾਡੀ ਸਰਕਾਰ ਹਰ ਪਿੰਡ ਨੂੰ ਮਿਆਰੀ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨਾ ਆਪਣੀ ਮੁੱਖ ਜ਼ਿੰਮੇਵਾਰੀ ਸਮਝਦੀ ਹੈ।"

ਇਸ ਮੌਕੇ ਵੱਡੀ ਗਿਣਤੀ ਵਿੱਚ ਸਥਾਨਕ ਨਿਵਾਸੀਆਂ, ਪ੍ਰਸ਼ਾਸਨਿਕ ਅਧਿਕਾਰੀਆਂ, ਸਥਾਨਕ ਆਗੂਆਂ ਅਤੇ ਪੰਚਾਇਤੀ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ ਅਤੇ ਇਨ੍ਹਾਂ ਪ੍ਰੋਜੈਕਟਾਂ ਦਾ ਸਵਾਗਤ ਕੀਤਾ।

ਕੇਵਲ ਸਿੰਘ ਢਿੱਲੋਂ, ਮੀਤ ਹੇਅਰ ਅਤੇ ਰਾਜਿੰਦਰ ਗੁਪਤਾ ਦੀ ਤਿੱਕੜੀ ਦਾ ਦਬਦਬਾ
ਬਰਨਾਲਾ/ਬਿਊਰੋ ਨਿਊਜ਼
ਭਾਰਤੀ ਜਨਤਾ ਪਾਰਟੀ ਵਲੋਂ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਦਾ ਨਵਾਂ ਪ੍ਰਧਾਨ ਨਿਯੁੁਕਤ ਕਰਨ ਤੋਂ ਬਾਅਦ ਬਰਨਾਲਾ ਜ਼ਿਲ੍ਹਾ ਸੂਬੇ ਦੀ ਰਾਜਨੀਤੀ ਦਾ ਨਵਾਂ ‘ਪਾਵਰ ਸੈਂਟਰ’ ਬਣ ਗਿਆ ਹੈ। ਸਿਆਸੀ ਗਲਿਆਰਿਆਂ ਵਿਚ ਇਸ ਨੂੰ ਬਰਨਾਲਾ ਦੇ ਸਿਆਸੀ ਪੁਨਰ ਉਥਾਨ ਦੇ ਤੌਰ ’ਤੇ ਦੇਖਿਆ ਜਾ ਰਿਹਾ ਹੈ। ਇਥੋਂ ਕੇਵਲ ਸਿੰਘ ਢਿੱਲੋਂ, ਗੁਰਮੀਤ ਸਿੰਘ ਮੀਤ ਹੇਅਰ ਅਤੇ ਰਾਜਿੰਦਰ ਗੁਪਤਾ ਦੀ ਤਿੱਕੜੀ ਦਾ ਪ੍ਰਭਾਵ ਵਧਦਾ ਨਜ਼ਰ ਆ ਰਿਹਾ ਹੈ। ਇਹ ਸਥਿਤੀ 80 ਦੇ ਦਹਾਕੇ ਦੀ ਯਾਦ ਦਿਵਾਉਂਦੀ ਹੈ, ਜਦੋਂ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਪੰਜਾਬ ਦੇ ਸਭ ਤੋਂ ਪ੍ਰਭਾਵਸ਼ਾਲੀ ਆਗੂਆਂ ਵਿਚ ਸ਼ਾਮਲ ਸਨ ਅਤੇ ਸੂਬੇ ਦੀ ਸੱਤਾ ਦਾ ਕੇਂਦਰ ਬਰਨਾਲਾ ਹੁੰਦਾ ਸੀ। ਕਰੀਬ ਚਾਰ ਦਹਾਕਿਆਂ ਬਾਅਦ ਬਰਨਾਲਾ ਦਾ ਸਿਆਸੀ ਪ੍ਰਭਾਵ ਇਕ ਵਾਰ ਫਿਰ ਪੰਜਾਬ ਦੀ ਰਾਜਨੀਤੀ ਵਿਚ ਡੂੰਘਾ ਹੁੰਦਾ ਜਾਪਦਾ ਹੈ।

ਚੰਡੀਗੜ੍ਹ: ਪੰਜਾਬ ਦੇ ਸਿੱਖਿਆ ਢਾਂਚੇ ਵਿੱਚ ਇਨਕਲਾਬੀ ਬਦਲਾਅ ਲਿਆਉਣ ਦੇ ਚਾਰ ਸਾਲਾਂ ਬਾਅਦ ਭਗਵੰਤ ਮਾਨ ਸਰਕਾਰ ਹੁਣ ਵੱਡੇ ਟੀਚੇ 'ਤੇ ਨਜ਼ਰਾਂ ਟਿਕਾਈ ਬੈਠੀ ਹੈ। ਇਸ ਟੀਚੇ ਤਹਿਤ ਪੰਜਾਬ ਨੂੰ ਦੇਸ਼ ਦਾ ਮੋਹਰੀ ਸਿੱਖਿਆ ਕੇਂਦਰ ਬਣਾਉਣਾ ਅਤੇ ਇਸ ਪੁਰਾਤਨ ਧਾਰਨਾ ਨੂੰ ਬਦਲਣਾ ਦੇਣਾ ਹੈ ਕਿ ਮਿਆਰੀ ਸਿੱਖਿਆ ਸਿਰਫ਼ ਵਿਦੇਸ਼ਾਂ ਵਿੱਚ ਹੀ ਮਿਲ ਸਕਦੀ ਹੈ।
ਕੌਮੀ ਸਿੱਖਿਆ ਰੈਂਕਿੰਗ ਵਿੱਚ ਕੇਰਲ ਨੂੰ ਪਛਾੜ ਕੇ ਪੰਜਾਬ ਵੱਲੋਂ ਵੱਡੀ ਪੁਲਾਂਘ ਪੁੱਟਣ, ਬੋਰਡ ਟੌਪਰਾਂ ਵਿੱਚ ਲੜਕੀਆਂ ਦੇ ਵਧਦੇ ਦਬਦਬੇ ਅਤੇ ਜੇ.ਈ.ਈ. ਮੇਨ ਵਿੱਚ ਸਰਕਾਰੀ ਸਕੂਲਾਂ ਦੇ 359 ਵਿਦਿਆਰਥੀਆਂ ਦੀ ਸਫਲਤਾ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਦੀ 'ਸਿੱਖਿਆ ਕ੍ਰਾਂਤੀ' ਦੇ ਜ਼ਮੀਨੀ ਪੱਧਰ 'ਤੇ ਸਾਰਥਕ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ।
ਅੱਜ ਇੱਥੇ ਟੈਗੋਰ ਥੀਏਟਰ ਵਿਖੇ 'ਸਿਤਾਰੇ ਜ਼ਮੀਨ ਤੇ' ਪ੍ਰੋਗਰਾਮ ਦੌਰਾਨ 8ਵੀਂ, 10ਵੀਂ ਅਤੇ 12ਵੀਂ ਜਮਾਤ ਵਿੱਚ ਸਾਰੇ ਜ਼ਿਲ੍ਹਿਆਂ ਵਿੱਚੋਂ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲ ਹੁਣ ਪਛਾਣ ਲਈ ਸੰਘਰਸ਼ ਨਹੀਂ ਕਰ ਰਹੇ, ਸਗੋਂ ਦੇਸ਼ ਭਰ ਵਿੱਚ ਉੱਤਮਤਾ, ਆਤਮ-ਵਿਸ਼ਵਾਸ ਅਤੇ ਮੌਕਿਆਂ ਦੇ ਨਵੇਂ ਮਾਪਦੰਡ ਸਥਾਪਤ ਕਰ ਰਹੇ ਹਨ।
ਇਸ ਇਕੱਠ ਦੀਆਂ ਕੁਝ ਝਲਕੀਆਂ 'ਐਕਸ' 'ਤੇ ਸਾਂਝੀਆਂ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਿਖਿਆ, “ਅੱਜ ਚੰਡੀਗੜ੍ਹ ਵਿਖੇ ‘ਸਿਤਾਰੇ ਜ਼ਮੀਨ ’ਤੇ’ ਪ੍ਰੋਗਰਾਮ ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਦੇ 8ਵੀਂ, 10ਵੀਂ ਅਤੇ 12ਵੀਂ ਜਮਾਤ ਦੇ ਹੋਣਹਾਰ ਟੌਪਰਾਂ ਨੂੰ ਸਨਮਾਨਿਤ ਕਰਨ ਦਾ ਮਾਣ ਹਾਸਲ ਹੋਇਆ। ਇਸ ਮੌਕੇ ਮੈਂ ਸਿੱਖਿਆ ਵਿਭਾਗ ਨੂੰ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਕਿ ਜਨਮ ਮਿਤੀ ਦੇ ਆਧਾਰ 'ਤੇ ਰੈਂਕ ਤੈਅ ਕਰਨ ਦੀ ਬਜਾਏ ਬਰਾਬਰ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਾਂਝੇ ਰੂਪ ਵਿੱਚ ਪਹਿਲਾ ਸਥਾਨ ਦਿੱਤਾ ਜਾਵੇ। ਅੱਜ ਤੁਹਾਡੀ ਸਰਕਾਰ ਦੇ ਸੁਹਿਰਦ ਯਤਨਾਂ ਸਦਕਾ ਪੰਜਾਬ ਦੇ ਸਰਕਾਰੀ ਸਕੂਲ ਸਿੱਖਿਆ ਦੇ ਖੇਤਰ ਵਿੱਚ ਕੇਰਲ ਨੂੰ ਵੀ ਪਛਾੜ ਰਹੇ ਹਨ।”
ਮੁੱਖ ਮੰਤਰੀ ਨੇ ਪੋਸਟ ਦੇ ਅੰਤ ਵਿੱਚ ਕਿਹਾ, “ਵਿਦਿਆਰਥੀਆਂ ਲਈ ਮੇਰਾ ਸੰਦੇਸ਼ ਸਾਫ ਤੇ ਸਪੱਸ਼ਟ ਹੈ ਕਿ ਜ਼ਿੰਦਗੀ ਵਿੱਚ ਤੁਸੀਂ ਭਾਵੇਂ ਕਿੰਨੇ ਵੀ ਸਫਲ ਹੋ ਜਾਓ, ਹਮੇਸ਼ਾ ਜ਼ਮੀਨ ਨਾਲ ਜੁੜੇ ਰਹੋ। ਆਪਣੇ ਅਧਿਆਪਕਾਂ ਅਤੇ ਮਾਪਿਆਂ ਦਾ ਹਮੇਸ਼ਾ ਸਤਿਕਾਰ ਕਰੋ, ਕਿਉਂਕਿ ਇੱਕ ਜੇਤੂ ਨੂੰ ਵੀ ਮੈਡਲ ਲੈਣ ਲਈ ਝੁਕਣਾ ਪੈਂਦਾ ਹੈ। ਤੁਹਾਡੇ ਸਾਰਿਆਂ ਦੇ ਰੌਸ਼ਨ ਅਤੇ ਸਫਲ ਭਵਿੱਖ ਲਈ ਮੇਰੀਆਂ ਦਿਲੋਂ ਸ਼ੁਭਕਾਮਨਾਵਾਂ।”
ਪੰਜਾਬ ਭਰ ਦੇ ਜ਼ਿਲ੍ਹਿਆਂ ਦੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਕਰਵਾਏ ‘ਸਿਤਾਰੇ ਜ਼ਮੀਨ ਤੇ’ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਦੀ ‘ਸਿੱਖਿਆ ਕ੍ਰਾਂਤੀ’ ਨੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀਆਂ ਇੱਛਾਵਾਂ ਨੂੰ ਬਦਲ ਦਿੱਤਾ ਹੈ ਅਤੇ ਉਨ੍ਹਾਂ ਲਈ ਮੌਕਿਆਂ ਦੇ ਨਵੇਂ ਰਾਹ ਖੋਲ੍ਹੇ ਹਨ।
ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਵਧਾਈ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਮੈਂ ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦਾ ਹਾਂ ਜਿਨ੍ਹਾਂ ਨੇ ਆਪਣੀ ਮਿਹਨਤ ਅਤੇ ਲਗਨ ਸਦਕਾ ਆਪਣੇ ਮਾਪਿਆਂ, ਅਧਿਆਪਕਾਂ ਅਤੇ ਸਮਾਜ ਦਾ ਨਾਂ ਰੌਸ਼ਨ ਕੀਤਾ ਹੈ। ਅਤੀਤ ਵਿੱਚ ਅਜਿਹੇ ਸਮਾਗਮ ਕਦੇ ਨਹੀਂ ਕਰਵਾਏ ਗਏ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਸਿੱਖਿਆ, ਖਾਸ ਕਰਕੇ ਸਰਕਾਰੀ ਸਕੂਲਾਂ ਵੱਲ ਕਦੇ ਧਿਆਨ ਨਹੀਂ ਦਿੱਤਾ। ਪਹਿਲਾਂ ਇਨ੍ਹਾਂ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀ ਅਕਸਰ ਪ੍ਰੀਖਿਆਵਾਂ ਵਿੱਚ ਮੁਕਾਬਲਾ ਕਰਨ ਤੋਂ ਝਿਜਕਦੇ ਅਤੇ ਅਸੁਰੱਖਿਅਤ ਮਹਿਸੂਸ ਕਰਦੇ ਸਨ, ਪਰ ਅੱਜ ਉਹ ਪੂਰੇ ਆਤਮ-ਵਿਸ਼ਵਾਸ ਨਾਲ ਮੱਲਾਂ ਮਾਰ ਰਹੇ ਹਨ ਅਤੇ ਆਪਣੀ ਕਾਬਲੀਅਤ ਸਾਬਤ ਕਰ ਰਹੇ ਹਨ।”
ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਲਈ ਪੰਜਾਬ ਸਰਕਾਰ ਦੇ ਯਤਨਾਂ 'ਤੇ ਚਾਨਣਾ ਪਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸਾਡੇ ਅਧਿਆਪਕਾਂ ਨੂੰ ਵਿਸ਼ੇਸ਼ ਸਿਖਲਾਈ ਲਈ ਵਿਦੇਸ਼ ਭੇਜਿਆ ਜਾ ਰਿਹਾ ਹੈ ਜਿੱਥੇ ਉਹ ਆਧੁਨਿਕ ਅਧਿਆਪਨ ਪ੍ਰਣਾਲੀਆਂ ਸਿੱਖਦੇ ਹਨ। ਵਾਪਸ ਆਉਣ ਤੋਂ ਬਾਅਦ ਉਹ ਇਸ ਗਿਆਨ ਨੂੰ ਵਿਦਿਆਰਥੀਆਂ ਅਤੇ ਸਾਥੀ ਅਧਿਆਪਕਾਂ ਨਾਲ ਸਾਂਝਾ ਕਰਦੇ ਹਨ, ਜਿਸ ਨਾਲ ਇਹ ਯਕੀਨੀ ਹੁੰਦਾ ਹੈ ਕਿ ਸਿੱਖਿਆ ਦਾ ਵਿਸ਼ਵ ਪੱਧਰੀ ਮਿਆਰ ਪੰਜਾਬ ਦੇ ਕੋਨੇ-ਕੋਨੇ ਦੇ ਕਲਾਸਰੂਮਾਂ ਤੱਕ ਪਹੁੰਚੇ। ਇਹ ਨਵੀਨਤਮ ਪਹਿਲਕਦਮੀ ਸਿੱਖਿਆ ਪ੍ਰਣਾਲੀ ਨੂੰ ਮੁੜ ਸੁਰਜੀਤ ਕਰ ਰਹੀ ਹੈ ਅਤੇ ਗੁਣਾਤਮਕ ਤਬਦੀਲੀਆਂ ਲਿਆ ਰਹੀ ਹੈ ਜਿਸ ਦਾ ਸਿੱਧਾ ਫਾਇਦਾ ਵਿਦਿਆਰਥੀਆਂ ਨੂੰ ਹੋ ਰਿਹਾ ਹੈ। ਇਹ ਅਧਿਆਪਕ ਬਦਲਾਅ ਦੇ ਦੂਤ ਵਜੋਂ ਕੰਮ ਕਰ ਰਹੇ ਹਨ ਅਤੇ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਨੂੰ ਮਜ਼ਬੂਤ ਕਰ ਰਹੇ ਹਨ।”
ਉਨ੍ਹਾਂ ਨੇ ਅੱਗੇ ਕਿਹਾ, “ਇਹ ਪਹਿਲਕਦਮੀ ਅਧਿਆਪਕਾਂ ਦੀ ਮੁਹਾਰਤ ਨੂੰ ਨਿਖਾਰਦੀ ਹੈ ਅਤੇ ਉਨ੍ਹਾਂ ਨੂੰ ਆਧੁਨਿਕ ਵਿਧੀਆਂ ਨਾਲ ਲੈਸ ਕਰਦੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਅਤੇ ਕੌਮਾਂਤਰੀ ਮੁਕਾਬਲਿਆਂ ਲਈ ਤਿਆਰ ਕੀਤਾ ਜਾ ਸਕੇ। ਨਤੀਜੇ ਅੱਜ ਦਿਖਾਈ ਦੇ ਰਹੇ ਹਨ ਕਿਉਂਕਿ ਪੰਜਾਬ ਦੇ ਵਿਦਿਆਰਥੀ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ ਅਤੇ ਆਪਣੇ ਪਰਿਵਾਰਾਂ ਦਾ ਨਾਂ ਰੌਸ਼ਨ ਕਰ ਰਹੇ ਹਨ। ਮੌਜੂਦਾ ਯੁੱਗ ਹੁਨਰ ਦਾ ਹੈ, ਸਾਡੀ ਸਰਕਾਰ ਨੌਜਵਾਨਾਂ ਨੂੰ ਹੁਨਰ ਸਿਖਲਾਈ ਪ੍ਰਦਾਨ ਕਰਨ 'ਤੇ ਵਿਸ਼ੇਸ਼ ਜ਼ੋਰ ਦੇ ਰਹੀ ਹੈ।”
ਵਿਦਿਆਰਥੀਆਂ ਨੂੰ ਜ਼ਮੀਨ ਨਾਲ ਜੁੜੇ ਰਹਿਣ ਅਤੇ ਮਿਹਨਤ ਕਰਦੇ ਰਹਿਣ ਲਈ ਪ੍ਰੇਰਿਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਤੁਹਾਨੂੰ ਜ਼ਿੰਦਗੀ ਵਿੱਚ ਗ੍ਰਾਸ-ਰੂਟਸ (ਜ਼ਮੀਨੀ ਨਾਲ ਜੁੜਨ) ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਨਾ ਕਿ ਪੈਰਾਸ਼ੂਟਰ ਬਣਨ ਦੀ। ਗ੍ਰਾਸ-ਰੂਟਸ ਮਿਹਨਤ ਤੇ ਦ੍ਰਿੜ ਇਰਾਦੇ ਨਾਲ ਜ਼ਮੀਨ ਤੋਂ ਉੱਠਦੇ ਹਨ ਅਤੇ ਦੁਨੀਆ ਨੂੰ ਜਿੱਤਣ ਲਈ ਅੱਗੇ ਵਧਦੇ ਹਨ। ਅਜਿਹੇ ਮਿਹਨਤੀ ਵਿਅਕਤੀਆਂ ਲਈ ਅਸੀਮ ਮੌਕੇ ਹੁੰਦੇ ਹਨ। ਦੂਜੇ ਪਾਸੇ ਪੈਰਾਸ਼ੂਟਰਜ਼ ਅਸਮਾਨ ਤੋਂ ਹੇਠਾਂ ਉਤਰਦੇ ਹਨ ਅਤੇ ਉਨ੍ਹਾਂ ਦਾ ਦੇਰ-ਸਵੇਰ ਡਿੱਗਣਾ ਤੈਅ ਹੁੰਦਾ ਹੈ। ਤੁਹਾਡਾ ਧਿਆਨ ਹਮੇਸ਼ਾ ਬੁਲੰਦੀ ਛੂਹਣ 'ਤੇ ਹੋਣਾ ਚਾਹੀਦਾ ਹੈ ਅਤੇ ਸਾਡੀ ਸਰਕਾਰ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗੀ।”
ਹਵਾਬਾਜ਼ੀ ਨਾਲ ਤੁਲਨਾ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਜਿਸ ਤਰ੍ਹਾਂ ਇੱਕ ਰਨਵੇ ਹਵਾਈ ਜਹਾਜ਼ ਨੂੰ ਸੁਚਾਰੂ ਢੰਗ ਨਾਲ ਉਡਾਣ ਭਰਨ ਦੇ ਸਮਰੱਥ ਬਣਾਉਂਦਾ ਹੈ, ਪੰਜਾਬ ਸਰਕਾਰ ਵਿਦਿਆਰਥੀਆਂ ਨੂੰ ਅਜਿਹੇ ਮੌਕਿਆਂ ਲਈ ਤਿਆਰ ਕਰ ਰਹੀ ਹੈ ਤਾਂ ਜੋ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਮਦਦ ਮਿਲੇ। ਸਾਡੇ ਨੌਜਵਾਨਾਂ ਦੇ ਵਿਚਾਰਾਂ ਨੂੰ ਉਡਾਰੀ ਮਾਰਨ ਲਈ ਖੰਭ ਦੇਣ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸ ਨੇਕ ਕਾਰਜ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ। ਮੈਂ ਹਰ ਨੌਜਵਾਨ ਨੂੰ ਮਿਹਨਤ ਅਤੇ ਲਗਨ ਰਾਹੀਂ ਵੱਖਰੀ ਪਛਾਣ ਬਣਾਉਣ ਦੀ ਅਪੀਲ ਕਰਦਾ ਹਾਂ ਕਿਉਂਕਿ ਤੁਸੀਂ ਜੋ ਕੁਝ ਹਾਸਲ ਕਰ ਸਕਦੇ ਹੋ ਉਸ ਦੀ ਕੋਈ ਸੀਮਾ ਨਹੀਂ ਹੈ।”
ਸਫਲਤਾ ਦੇ ਬਾਵਜੂਦ ਵਿਦਿਆਰਥੀਆਂ ਨੂੰ ਨਿਮਰ ਰਹਿਣ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਤੁਹਾਨੂੰ ਆਪਣੀਆਂ ਪ੍ਰਾਪਤੀਆਂ ਕਰਕੇ ਕਦੇ ਵੀ ਹੰਕਾਰੀ ਨਹੀਂ ਹੋਣਾ ਚਾਹੀਦਾ। ਆਤਮ-ਵਿਸ਼ਵਾਸ ਅਤੇ ਸਕਾਰਾਤਮਕ ਰਹਿਣਾ ਜ਼ਰੂਰੀ ਗੁਣ ਹੁੰਦੇ ਹਨ, ਪਰ ਹੰਕਾਰ ਕਦੇ ਵੀ ਸਫਲਤਾ ਦੇ ਨਾਲ ਨਹੀਂ ਆਉਣਾ ਚਾਹੀਦਾ। ਨਿਮਰਤਾ, ਮਿਹਨਤ ਅਤੇ ਦ੍ਰਿੜਤਾ ਨਿਰੰਤਰ ਸਫਲਤਾ ਦੀਆਂ ਅਸਲ ਕੁੰਜੀਆਂ ਹਨ ਅਤੇ ਇਹ ਕਦਰਾਂ-ਕੀਮਤਾਂ ਹਮੇਸ਼ਾ ਤੁਹਾਡੇ ਸਫ਼ਰ ਦਾ ਮਾਰਗਦਰਸ਼ਨ ਕਰਦੀਆਂ ਹੋਣ।”
ਪੰਜਾਬ ਦੀ ਸ਼ਾਨਦਾਰ ਵਿਰਾਸਤ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਨਾ ਸਿਰਫ਼ ਦੇਸ਼ ਨੂੰ ਅਨਾਜ ਦਿੰਦਾ ਹੈ ਸਗੋਂ ਦੇਸ਼ ਦੀ  ਖੜਗਭੁਜਾ ਵੀ ਹੈ। ਪੰਜਾਬ ਦੇ ਲੋਕ ਆਪਣੀ ਬਹਾਦਰੀ, ਮਿਹਨਤ ਅਤੇ ਉੱਦਮੀ ਭਾਵਨਾ ਲਈ ਪੂਰੀ ਦੁਨੀਆ ਵਿੱਚ ਜਾਣੇ ਜਾਂਦੇ ਹਨ। ਇਸ ਪਵਿੱਤਰ ਧਰਤੀ ਦਾ ਇਕ-ਇਕ ਇੰਚ ਮਹਾਨ ਗੁਰੂਆਂ, ਸੰਤਾਂ, ਪੀਰਾਂ-ਪੈਗੰਬਰਾਂ ਅਤੇ ਸ਼ਹੀਦਾਂ ਦੀ ਮਹਾਨ ਵਿਰਾਸਤ ਨੂੰ ਪ੍ਰਣਾਇਆ ਹੋਇਆ ਹੈ ਜਿਨ੍ਹਾਂ ਨੇ ਸਾਨੂੰ ਬੇਇਨਸਾਫ਼ੀ, ਜ਼ੁਲਮ ਅਤੇ ਜਬਰ ਦੇ ਵਿਰੁੱਧ ਖੜ੍ਹੇ ਹੋਣਾ ਸਿਖਾਇਆ। ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਨਿੱਘੀ ਮਹਿਮਾਨਨਿਵਾਜ਼ੀ ਨੂੰ ਵਿਸ਼ਵ ਪੱਧਰ 'ਤੇ ਮਾਨਤਾ ਪ੍ਰਾਪਤ ਹੈ।”
ਉਨ੍ਹਾਂ ਨੇ ਅੱਗੇ ਜੋੜਿਆ, “ਪੰਜਾਬੀ ਕੁਦਰਤ ਵੱਲੋਂ ਹੀ ਮੋਹਰੀ ਰਹਿਣ ਦੇ ਸੁਭਾਅ ਦੇ ਮਾਲਕ ਹਨ ਅਤੇ ਉਨ੍ਹਾਂ ਨੇ ਹਮੇਸ਼ਾ ਹਰ ਖੇਤਰ ਵਿੱਚ ਬੁਲੰਦੀ ਹਾਸਲ ਕੀਤੀ ਹੈ। ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਪੰਜਾਬੀਆਂ ਨੇ ਮੋਹਰੀ ਭੂਮਿਕਾ ਨਿਭਾਈ ਅਤੇ ਦੇਸ਼ ਲਈ ਬੇਮਿਸਾਲ ਕੁਰਬਾਨੀਆਂ ਦਿੱਤੀਆਂ।”
ਇਕੱਠ ਨੂੰ ਸੰਬੋਧਨ ਕਰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ, “ਜਦੋਂ ਮੈਂ ਅਹੁਦਾ ਸੰਭਾਲਿਆ ਸੀ ਤਾਂ ਪੰਜਾਬ ਵਿੱਚ ਲਗਭਗ ਚਾਰ ਲੱਖ ਬੱਚੇ ਫਰਸ਼ 'ਤੇ ਬੈਠ ਕੇ ਪੜ੍ਹ ਰਹੇ ਸਨ। ਅੱਜ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਇੱਕ ਵੀ ਬੱਚਾ ਫਰਸ਼ 'ਤੇ ਬੈਠ ਕੇ ਪੜ੍ਹਨ ਲਈ ਮਜਬੂਰ ਨਹੀਂ ਹੈ। ਪੰਜਾਬ ਹੁਣ ਸਿੱਖਿਆ ਖੇਤਰ ਨਾਲ ਸਬੰਧਤ ਲਗਭਗ ਹਰ ਰਾਸ਼ਟਰੀ ਰਿਪੋਰਟ ਵਿੱਚ ਸਿਖਰਲੇ ਦਰਜੇ ਹਾਸਲ ਕਰ ਰਿਹਾ ਹੈ।
ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਨੇ ਦੇਸ਼ ਦੀ ਪ੍ਰੀਖਿਆ ਪ੍ਰਣਾਲੀ ਵਿੱਚ ਵਿਆਪਕ ਸੁਧਾਰਾਂ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, “ਦੇਸ਼ ਵਿੱਚ ਪੁਰਾਣੀ ਪ੍ਰੀਖਿਆ ਪ੍ਰਣਾਲੀ ਨੂੰ ਬਦਲਣਾ ਚਾਹੀਦਾ ਹੈ। ਨੀਟ ਵਰਗੀਆਂ ਪ੍ਰੀਖਿਆਵਾਂ ਦੇ ਲੀਕ ਹੋਣ ਵਰਗੀਆਂ ਘਟਨਾਵਾਂ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਨੂੰ ਬਰਬਾਦ ਕਰ ਰਹੀਆਂ ਹਨ। 19ਵੀਂ ਸਦੀ ਦੇ ਸਿਸਟਮ 'ਤੇ ਭਰੋਸਾ ਕਰਨ ਦੀ ਬਜਾਏ ਪ੍ਰੀਖਿਆਵਾਂ, ਵਿਦਿਆਰਥੀਆਂ ਦੀ ਸਮੁੱਚੀ ਯੋਗਤਾ ਅਤੇ ਸਮਰੱਥਾਵਾਂ ਦਾ ਮੁਲਾਂਕਣ ਕਰਨ ਵਾਲੀਆਂ ਹੋਣੀਆਂ ਚਾਹੀਦੀਆਂ ਹਨ ਨਾ ਕਿ ਤਿੰਨ ਘੰਟੇ ਦੀ ਪ੍ਰੀਖਿਆ ਤੱਕ ਸੀਮਤ ਹੋਣ।
ਮਨੀਸ਼ ਸਿਸੋਦੀਆ ਨੇ ਅੱਗੇ ਕਿਹਾ, “ਪ੍ਰੀਖਿਆ ਪ੍ਰਣਾਲੀ ਨੂੰ 21ਵੀਂ ਸਦੀ ਦੇ ਵਿਦਿਆਰਥੀਆਂ ਦੀਆਂ ਲੋੜਾਂ ਅਤੇ ਯੋਗਤਾਵਾਂ ਮੁਤਾਬਕ ਢਾਲਿਆ ਜਾਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੀ ਸਮੁੱਚੀ ਸ਼ਖਸੀਅਤ ਅਤੇ ਸਮਰੱਥਾ ਦਾ ਵਿਕਾਸ ਹੋ ਸਕੇ। ਇਸ ਤਬਦੀਲੀ ਲਈ ਸਾਨੂੰ ਸਿੱਖਿਆ ਨੂੰ ਤਰਜੀਹ ਦੇਣ ਵਾਲੀਆਂ ਅਤੇ ਸਿੱਖਿਆ 'ਚ ਨਿਵੇਸ਼ ਕਰਨ ਵਾਲੀਆਂ ਸਰਕਾਰਾਂ ਚੁਣਨੀਆਂ ਚਾਹੀਦੀਆਂ ਹਨ।
ਇਸ ਮੌਕੇ ਵਿਦਿਆਰਥੀਆਂ ਨੇ ਵਿਚਾਰ ਸਾਂਝੇ ਕੀਤੇ ਕਿ ਪੰਜਾਬ ਦੀ 'ਸਿੱਖਿਆ ਕ੍ਰਾਂਤੀ' ਉਨ੍ਹਾਂ ਦੇ ਸਕੂਲਾਂ, ਵਿਸ਼ਵਾਸ ਅਤੇ ਖਾਹਿਸ਼ਾਂ ਨੂੰ ਕਿਵੇਂ ਨਵਾਂ ਰੂਪ ਦੇ ਰਹੀ ਹੈ।
ਇਸ ਸਮਾਗਮ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੇ ਸਿੱਖਿਆ ਨੂੰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਦੇ ਯਤਨਾਂ ਦੀ ਰੱਜ ਕੇ ਪ੍ਰਸ਼ੰਸਾ ਕੀਤੀ। ਫਰੀਦਕੋਟ ਜ਼ਿਲ੍ਹੇ ਦੇ ਜੈਤੋ ਤੋਂ ਹਰਲੀਨ ਸ਼ਰਮਾ ਨੇ ਵਿਦਿਆਰਥੀਆਂ ਨੂੰ ਲਗਾਤਾਰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਨੂੰ ਉੱਤਮਤਾ ਹਾਸਲ ਕਰਨ ਲਈ ਹੱਲਾਸ਼ੇਰੀ ਦੇਣ ਵਾਸਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਸਰਕਾਰੀ ਸਕੂਲ ਰੁਪਾਣਾ ਦੇ ਵਿਦਿਆਰਥੀ ਨਿਖਿਲ ਪਾਂਡੇ ਨੇ ਆਪਣੇ ਅਧਿਆਪਕਾਂ ਨੂੰ ਸਮਰਪਿਤ ਇੱਕ ਕਵਿਤਾ ਪੇਸ਼ ਕੀਤੀ ਅਤੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਵੱਡੇ ਸੁਪਨੇ ਵੇਖਣ ਅਤੇ ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਕੋਸ਼ਿਸ਼ ਕਰਨ ਵਾਸਤੇ ਪ੍ਰੇਰਿਤ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ।
ਲੁਧਿਆਣਾ ਤੋਂ ਸੁਹਾਨੀ ਚੌਹਾਨ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਸਿੱਖਿਆ ਪਹਿਲਕਦਮੀਆਂ ਨੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਵਿਸ਼ਵਾਸ ਨੂੰ ਮਜ਼ਬੂਤ ਕੀਤਾ ਹੈ ਅਤੇ ਉਸ ਨੇ ਵਿਦਿਆਰਥੀਆਂ ਨੂੰ ਜਨਤਕ ਪਲੇਟਫਾਰਮਾਂ 'ਤੇ ਬੋਲਣ ਅਤੇ ਵਿਚਾਰ ਪੇਸ਼ ਕਰਨ ਲਈ ਉਤਸ਼ਾਹਿਤ ਕਰਨ ਵਾਸਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸ਼ਲਾਘਾ ਕੀਤੀ। ਜ਼ੀਰਾ ਦੇ ਇੱਕ ਸਰਕਾਰੀ ਸਕੂਲ ਦੀ ਗਿਆਰ੍ਹਵੀਂ ਜਮਾਤ ਦੀ ਵਿਦਿਆਰਥਣ ਅਨਮੋਲਪ੍ਰੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕੁੜੀਆਂ ਲਈ ਆਵਾਜਾਈ ਦੀਆਂ ਸਹੂਲਤਾਂ ਪ੍ਰਦਾਨ ਕਰਕੇ ਸਿੱਖਿਆ ਨੂੰ ਵਧੇਰੇ ਪਹੁੰਚਯੋਗ ਬਣਾਇਆ ਹੈ। ਉਸ ਨੇ ਆਪਣੇ ਸਕੂਲ ਵਿੱਚ ਇੱਕ ਲਿਫਟ ਦੀ ਸਥਾਪਨਾ 'ਤੇ ਵੀ ਚਾਨਣਾ ਪਾਇਆ ਅਤੇ ਸਾਂਝਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਜਲਦੀ ਹੀ ਸਕੂਲ ਦਾ ਦੌਰਾ ਕਰਨਗੇ।
*ਭਗਵੰਤ ਮਾਨ ਸਰਕਾਰ ਦੀ ਸਿੱਖਿਆ ਕ੍ਰਾਂਤੀ ਨੇ ਸ਼ਾਨਦਾਰ ਨਤੀਜੇ ਦਿੱਤੇ*
ਪੰਜਾਬ ਦੀ ਸਿੱਖਿਆ ਕ੍ਰਾਂਤੀ ਨੇ ਸਮੁੱਚੇ ਸੂਬੇ ਵਿੱਚ ਸ਼ਾਨਦਾਰ ਨਤੀਜੇ ਦੇਣੇ ਸ਼ੁਰੂ ਕਰ ਦਿੱਤੇ ਹਨ। ਨੀਤੀ ਆਯੋਗ ਦੇ ਸਕੂਲ ਸਿੱਖਿਆ ਦੇ ਮੁਲਾਂਕਣ ਵਿੱਚ, ਪੰਜਾਬ ਦੇ ਸਰਕਾਰੀ ਸਕੂਲਾਂ ਨੇ ਰਵਾਇਤੀ ਤੌਰ 'ਤੇ ਬਿਹਤਰ ਪ੍ਰਦਰਸ਼ਨ ਵਾਲੇ ਕਈ ਸੂਬਿਆਂ ਨੂੰ ਪਛਾੜ ਦੇਸ਼ ਭਰ ਵਿੱਚ ਸਿਖਰਲਾ ਸਥਾਨ ਪ੍ਰਾਪਤ ਕੀਤਾ ਹੈ। ਇਸ ਸਾਲ ਸਕੂਲ ਆਫ਼ ਐਮੀਨੈਂਸ ਅਤੇ ਹੋਰ ਸਰਕਾਰੀ ਸਕੂਲਾਂ ਦੇ 359 ਵਿਦਿਆਰਥੀਆਂ ਨੇ ਜੇ.ਈ.ਈ. ਮੇਨ ਲਈ ਕੁਆਲੀਫਾਈ ਕੀਤਾ ਹੈ, ਜਦੋਂ ਕਿ ਸਰਕਾਰ ਨੇ ਜੇਈਈ ਅਤੇ ਨੀਟ ਵਰਗੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਮੁਫ਼ਤ ਕੋਚਿੰਗ ਦੇਣ ਲਈ ਕੋਚਿੰਗ ਸੰਸਥਾ ‘ਫਿਜ਼ਿਕਸ ਵਾਲਾ’ ਨਾਲ ਵੀ ਭਾਈਵਾਲੀ ਕੀਤੀ ਹੈ।
ਭਗਵੰਤ ਮਾਨ ਸਰਕਾਰ ਨੇ ਲਗਭਗ 19,000 ਸਰਕਾਰੀ ਸਕੂਲਾਂ ਵਿੱਚ ਮਾਪੇ-ਅਧਿਆਪਕ ਮਿਲਣੀ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਹੈ, ਜਿਸਨੇ ਵਿਦਿਆਰਥੀਆਂ ਦੇ ਵਿਕਾਸ 'ਤੇ ਧਿਆਨ ਕੇਂਦਰਿਤ ਕਰਨ ਲਈ ਲਗਭਗ 25 ਲੱਖ ਮਾਪਿਆਂ ਅਤੇ 1.8 ਲੱਖ ਤੋਂ ਵੱਧ ਸਕੂਲ ਸਟਾਫ਼ ਨੂੰ ਮਿਲਣੀਆਂ ਕਰਨ ਦਾ ਮੌਕਾ ਦਿੱਤਾ। ਹੋਰ ਮੁੱਖ ਸੁਧਾਰਾਂ ਵਿੱਚ ਫਿਨਲੈਂਡ ਅਤੇ ਸਿੰਗਾਪੁਰ ਵਿੱਚ ਅਧਿਆਪਕਾਂ ਲਈ ਵਿਦੇਸ਼ੀ ਸਿਖਲਾਈ ਪ੍ਰੋਗਰਾਮ, ਵਿਦਿਆਰਥਣਾਂ ਲਈ ਆਵਾਜਾਈ ਸਹੂਲਤਾਂ ਅਤੇ ਪੰਜਾਬ ਦੇ ਬੱਚਿਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸਕੂਲ ਆਫ਼ ਐਮੀਨੈਂਸ ਦਾ ਵਿਸਥਾਰ ਸ਼ਾਮਲ ਹੈ।

ਜ਼ੀਰਕਪੁਰ/ਚੰਡੀਗੜ੍ਹ : ਜਾਗਰੂਕਤਾ ਅਤੇ ਆਪਸੀ ਸਹਿਯੋਗ ਰਾਹੀਂ ਵਾਤਾਵਰਣ ਸਬੰਧੀ ਨਿਯਮਾਂ ਦੀ ਪਾਲਣਾ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਇੱਕ ਅਹਿਮ ਪਹਿਲਕਦਮੀ ਕਰਦਿਆਂ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ (ਪੀ.ਪੀ.ਸੀ.ਬੀ.), ਖੇਤਰੀ ਦਫ਼ਤਰ ਐਸ.ਏ.ਐਸ. ਨਗਰ ਵੱਲੋਂ ਜ਼ੀਰਕਪੁਰ ਵਿਖੇ ਬਿਲਡਰ ਵੈਲਫੇਅਰ ਐਸੋਸੀਏਸ਼ਨ ਨਾਲ ਇੱਕ ਵਿਚਾਰ-ਵਟਾਂਦਰਾ ਮੀਟਿੰਗ ਕੀਤੀ ਗਈ।

ਇਸ ਸੈਸ਼ਨ ਦਾ ਆਯੋਜਨ ਸੁਪਰਡੈਂਟਿੰਗ ਐਨਵਾਇਰਨਮੈਂਟਲ ਇੰਜੀਨੀਅਰ (ਐਸ.ਈ.ਈ.) ਇੰਜੀ. ਗੁਰਸ਼ਰਨ ਦਾਸ ਗਰਗ ਅਤੇ ਐਗਜ਼ੀਕਿਊਟਿਵ ਇੰਜੀਨੀਅਰ (ਈ.ਈ.) ਇੰਜੀ. ਕੰਵਲਦੀਪ ਕੌਰ ਦੀ ਅਗਵਾਈ ਹੇਠ ਕੀਤਾ ਗਿਆ।

ਇਸ ਮੀਟਿੰਗ ਦਾ ਮੁੱਖ ਉਦੇਸ਼ ਵਾਤਾਵਰਣ ਸਬੰਧੀ ਨਿਯਮਾਂ ਨੂੰ ਸਰਲ ਬਣਾਉਣਾ ਅਤੇ ਬਿਲਡਰਾਂ ਨੂੰ ਉਸਾਰੀ ਅਤੇ ਹਾਊਸਿੰਗ ਪ੍ਰੋਜੈਕਟਾਂ ਨਾਲ ਸਬੰਧਤ ਕਾਨੂੰਨੀ ਨਿਯਮਾਂ ਬਾਰੇ ਸੇਧ ਦੇਣਾ ਸੀ।

ਅਧਿਕਾਰੀਆਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਬੋਰਡ ਦਾ ਮਕਸਦ ਸਿਰਫ਼ ਕਾਨੂੰਨ ਲਾਗੂ ਕਰਨਾ ਹੀ ਨਹੀਂ ਹੈ, ਸਗੋਂ ਬਿਹਤਰ ਤਾਲਮੇਲ ਅਤੇ ਪਾਰਦਰਸ਼ਤਾ ਰਾਹੀਂ ਵਾਤਾਵਰਣ ਪੱਖੀ ਅਤੇ ਟਿਕਾਊ ਸ਼ਹਿਰੀ ਵਿਕਾਸ ਵਿੱਚ ਮਦਦ ਕਰਨਾ ਹੈ।

ਮੀਟਿੰਗ ਦੌਰਾਨ, ਐਸ.ਈ.ਈ. ਨੇ ਪ੍ਰੋਜੈਕਟਾਂ ਦੀ ਉਸਾਰੀ ਅਤੇ ਉਹਨਾਂ ਦੇ ਚੱਲਣ (ਆਪ੍ਰੇਸ਼ਨਲ) ਦੋਵਾਂ ਪੜਾਵਾਂ ਦੌਰਾਨ ਵਾਤਾਵਰਣ ਕਲੀਅਰੈਂਸ (ਈ.ਸੀ.) ਦੀਆਂ ਸ਼ਰਤਾਂ ਦੀ ਪਾਲਣਾ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਸਲਾਹ ਦਿੱਤੀ ਕਿ ਉਸਾਰੀ ਦੇ ਪੜਾਅ ਦੌਰਾਨ ਵਾਤਾਵਰਣ ਦੇ ਨਿਯਮਾਂ ਨੂੰ ਵੱਡੇ ਬੋਰਡਾਂ 'ਤੇ ਪ੍ਰਦਰਸ਼ਿਤ ਕੀਤਾ ਜਾਵੇ ਤਾਂ ਜੋ ਉੱਥੇ ਕੰਮ ਕਰ ਰਹੇ ਸਟਾਫ਼ ਅਤੇ ਮਜ਼ਦੂਰਾਂ ਨੂੰ ਇਨ੍ਹਾਂ ਨਿਯਮਾਂ ਨੂੰ ਲਾਗੂ ਕਰਨ ਬਾਰੇ ਲਗਾਤਾਰ ਯਾਦ ਰਹੇ। ਬਿਲਡਰਾਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਉਹ ਕਿਸੇ ਤੀਜੀ ਧਿਰ (ਏਜੰਟਾਂ) 'ਤੇ ਪੂਰੀ ਤਰ੍ਹਾਂ ਨਿਰਭਰ ਰਹਿਣ ਦੀ ਬਜਾਏ, ਅਰਜ਼ੀ ਫਾਰਮਾਂ ਨੂੰ ਖੁਦ ਪੜ੍ਹਨ, ਸਮਝਣ ਅਤੇ ਸਹੀ ਤਰੀਕੇ ਨਾਲ ਭਰਨ, ਤਾਂ ਜੋ ਆਪਸੀ ਤਾਲਮੇਲ ਬਿਹਤਰ ਹੋ ਸਕੇ ਅਤੇ ਨਿਯਮਾਂ ਦੀ ਪਾਲਣਾ ਦੀ ਪ੍ਰਕਿਰਿਆ ਸੁਖਾਲੀ ਹੋਵੇ।
ਆਉਣ ਵਾਲੇ ਮਾਨਸੂਨ ਦੇ ਸੀਜ਼ਨ ਦੀਆਂ ਤਿਆਰੀਆਂ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਬਿਲਡਰਾਂ ਨੂੰ ਸਲਾਹ ਦਿੱਤੀ ਗਈ ਕਿ ਉਹ ਮੀਂਹ ਦੇ ਪਾਣੀ ਨੂੰ ਸੰਭਾਲਣ ਵਾਲੇ ਪਿਟਸ (ਰੇਨਵਾਟਰ ਹਾਰਵੈਸਟਿੰਗ ਪਿਟਸ) ਦੀ ਸਫਾਈ ਕਰਵਾਉਣ ਅਤੇ ਇਹ ਯਕੀਨੀ ਬਣਾਉਣ ਕਿ ਧਰਤੀ ਹੇਠਲੇ ਪਾਣੀ ਦੀ ਗੁਣਵੱਤਾ ਨੂੰ ਬਚਾਉਣ ਲਈ ਰੀਚਾਰਜ ਪ੍ਰਣਾਲੀਆਂ ਵਿੱਚ ਸਿਰਫ ਸਤਹ ਦਾ ਸਾਫ਼ ਪਾਣੀ ਹੀ ਜਾਵੇ। ਬੋਰਡ ਨੇ ਸੀਵੇਜ ਟ੍ਰੀਟਮੈਂਟ ਪਲਾਂਟਾਂ (ਐਸ.ਟੀ.ਪੀਜ਼) ਨੂੰ ਸਹੀ ਤਰੀਕੇ ਨਾਲ ਚਲਾਉਣ, ਸੋਧੇ ਹੋਏ (ਟ੍ਰੀਟ ਕੀਤੇ) ਪਾਣੀ ਦੀ ਡੁਅਲ ਪਲੰਬਿੰਗ ਅਤੇ ਬਾਗਬਾਨੀ ਵਿੱਚ ਵਰਤੋਂ ਕਰਨ, ਅਤੇ ਘਰੇਲੂ ਗੰਦੇ ਪਾਣੀ ਨੂੰ ਬਿਨਾਂ ਮਨਜ਼ੂਰੀ ਦੇ ਬਾਹਰ ਸੁੱਟਣ ਤੋਂ ਸਖ਼ਤੀ ਨਾਲ ਬਚਣ ਲਈ ਵੀ ਕਿਹਾ।

ਅਧਿਕਾਰੀਆਂ ਨੇ ਰਿਹਾਇਸ਼ੀ ਸੁਸਾਇਟੀਆਂ ਦੇ ਅੰਦਰ ਅਤੇ ਆਲੇ-ਦੁਆਲੇ ਵੱਡੇ ਪੱਧਰ 'ਤੇ ਪੌਦੇ ਲਗਾਉਣ ਦੀ ਮੁਹਿੰਮ ਚਲਾਉਣ ਲਈ ਪ੍ਰੇਰਿਤ ਕੀਤਾ। ਨਾਲ ਹੀ, ਵਾਤਾਵਰਣ-ਪੱਖੀ ਸਮੱਗਰੀ ਅਤੇ ਟਿਕਾਊ ਜੀਵਨ ਸ਼ੈਲੀ ਅਪਣਾ ਕੇ ਠੋਸ ਕੂੜੇ (ਸਾਲਿਡ ਵੇਸਟ) ਦੀ ਪੈਦਾਵਾਰ ਨੂੰ ਘਟਾਉਣ ਦੀ ਵਕਾਲਤ ਕੀਤੀ।

ਮੀਟਿੰਗ ਵਿੱਚ ਸ਼ਾਮਲ ਬਿਲਡਰਾਂ ਨੇ ਬੋਰਡ ਦੇ ਇਸ ਪਾਰਦਰਸ਼ੀ ਅਤੇ ਦੋਸਤਾਨਾ ਗੱਲਬਾਤ ਦੇ ਤਰੀਕੇ ਦੀ ਸ਼ਲਾਘਾ ਕੀਤੀ।

ਬਿਲਡਰਜ਼ ਐਸੋਸੀਏਸ਼ਨ, ਜ਼ੀਰਕਪੁਰ ਦੇ ਪ੍ਰਧਾਨ ਸ਼੍ਰੀ ਹਰੀਸ਼ ਗੁਪਤਾ ਨੇ ਬਿਲਡਰ ਭਾਈਚਾਰੇ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਅਤੇ ਅਜਿਹੀਆਂ ਮੀਟਿੰਗਾਂ ਲਗਾਤਾਰ ਕਰਵਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਜ਼ੀਰਕਪੁਰ ਦੇ ਟਿਕਾਊ ਸ਼ਹਿਰੀ ਵਿਸਤਾਰ ਲਈ ਇਲਾਕੇ ਵਿੱਚ ਹੋਰ ਐਸ.ਟੀ.ਪੀਜ਼ ਦੀ ਵੱਧ ਰਹੀ ਲੋੜ ਬਾਰੇ ਵੀ ਦੱਸਿਆ।

ਇਸ ਮੌਕੇ ਬੋਰਡ ਦੀ ਚੇਅਰਪਰਸਨ ਰੀਨਾ ਗੁਪਤਾ ਨੇ ਕਿਹਾ, "ਵਾਤਾਵਰਣ ਦੀ ਸੰਭਾਲ ਉਦੋਂ ਹੀ ਸੱਚਮੁੱਚ ਪ੍ਰਭਾਵਸ਼ਾਲੀ ਹੁੰਦੀ ਹੈ ਜਦੋਂ ਰੈਗੂਲੇਟਰ (ਪ੍ਰਸ਼ਾਸਨ) ਅਤੇ ਹਿੱਸੇਦਾਰ (ਸਟੇਕਹੋਲਡਰ) ਆਪਸੀ ਵਿਸ਼ਵਾਸ ਅਤੇ ਸਾਂਝੀ ਜ਼ਿੰਮੇਵਾਰੀ ਨਾਲ ਮਿਲ ਕੇ ਕੰਮ ਕਰਦੇ ਹਨ। ਸਾਡਾ ਮਕਸਦ ਜਾਗਰੂਕਤਾ, ਪਾਰਦਰਸ਼ਤਾ ਅਤੇ ਅਮਲੀ ਸੇਧ ਰਾਹੀਂ ਵਾਤਾਵਰਣ ਨਿਯਮਾਂ ਦੀ ਪਾਲਣਾ ਦੇ ਸੱਭਿਆਚਾਰ ਨੂੰ ਵਿਕਸਤ ਕਰਨਾ ਹੈ, ਤਾਂ ਜੋ ਪੰਜਾਬ ਦਾ ਸ਼ਹਿਰੀ ਵਿਕਾਸ ਟਿਕਾਊ, ਮਜ਼ਬੂਤ ਅਤੇ ਨਾਗਰਿਕ-ਪੱਖੀ ਰਹੇ। ਆਪਸੀ ਤਾਲਮੇਲ ਦੀ ਕਮੀ ਨੂੰ ਦੂਰ ਕਰਨ ਅਤੇ ਲੰਬੇ ਸਮੇਂ ਲਈ ਵਾਤਾਵਰਣ ਦੀ ਰਾਖੀ ਦੇ ਨਵੇਂ ਰਾਹ ਖੋਲ੍ਹਣ ਲਈ ਅਜਿਹੀਆਂ ਗੱਲਬਾਤਾਂ ਬਹੁਤ ਜ਼ਰੂਰੀ ਹਨ।"

ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਹਰੀਸ਼ ਗੁਪਤਾ ਨੇ ਕਿਹਾ, "ਇਹ ਬਿਲਡਰਾਂ ਲਈ ਸੱਚਮੁੱਚ ਇੱਕ ਬਹੁਤ ਹੀ ਸਿੱਖਿਆਦਾਇਕ ਸੈਸ਼ਨ ਸੀ ਅਤੇ ਮੈਨੂੰ ਉਮੀਦ ਹੈ ਕਿ ਇਸ ਨਾਲ ਇਲਾਕੇ ਦੇ ਵਾਤਾਵਰਣ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲੇਗੀ। ਅਸੀਂ ਦੂਰਅੰਦੇਸ਼ੀ ਸੋਚ ਵਾਲੇ ਮਾਨਯੋਗ ਚੇਅਰਪਰਸਨ ਮੈਡਮ ਦੇ ਵੀ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਅਤੇ ਬਿਲਡਰਾਂ ਵਿਚਕਾਰ ਤਾਲਮੇਲ ਦੀ ਕਮੀ ਨੂੰ ਦੂਰ ਕਰਨ ਲਈ ਇਹ ਪਹਿਲ ਕੀਤੀ।"
ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਸਾਂਝੇ ਸ਼ਾਸਨ (ਪਾਰਟੀਸਿਪੇਟਰੀ ਗਵਰਨੈਂਸ) ਅਤੇ ਵਾਤਾਵਰਣ ਪ੍ਰਤੀ ਜਾਗਰੂਕ ਵਿਕਾਸ ਕਾਰਜਾਂ ਨੂੰ ਉਤਸ਼ਾਹਿਤ ਕਰਨ ਲਈ ਪੂਰੇ ਪੰਜਾਬ ਵਿੱਚ ਅਜਿਹੀਆਂ ਮੁਹਿੰਮਾਂ ਲਗਾਤਾਰ ਜਾਰੀ ਰੱਖਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ।

ਵਿਰੋਧੀ ਸਿਆਸੀ ਪਾਰਟੀਆਂ ਨੇ ਭਗਵੰਤ ਮਾਨ ਸਰਕਾਰ ’ਤੇ ਲਗਾਏ ਧੱਕੇਸ਼ਾਹੀ ਦੇ ਇਲਜ਼ਾਮ
ਚੰਡੀਗੜ੍ਹ/ਬਿਊਰੋ ਨਿਊਜ਼  
ਪੰਜਾਬ ਵਿਚ ਲੰਘੀ 26 ਮਈ ਨੂੰ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਲਈ ਵੋਟਾਂ ਪਈਆਂ ਸਨ। ਇਨ੍ਹਾਂ ਵੋਟਾਂ ਦੇ ਨਤੀਜੇ ਅੱਜ 29 ਮਈ ਦਿਨ ਸ਼ੁੱਕਰਵਾਰ ਨੂੰ ਆ ਗਏ ਹਨ। ਇਨ੍ਹਾਂ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਝੰਡੀ ਰਹੀ ਹੈ। ਇਸੇ ਦੌਰਾਨ ਕਾਂਗਰਸ, ਸ਼ੋ੍ਰਮਣੀ ਅਕਾਲੀ ਦਲ, ਭਾਜਪਾ ਅਤੇ ਆਜ਼ਾਦ ਉਮੀਦਵਾਰਾਂ ਨੇ ਵੀ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਕਈ ਵਾਰਡਾਂ ਵਿਚ ਸਖਤ ਟੱਕਰ ਦਿੱਤੀ ਹੈ। ਕਾਂਗਰਸ ਪਾਰਟੀ ਨੇ ਕਪੂਰਥਲਾ ਨਗਰ ਨਿਗਮ ਵਿਚ ਬਹੁਮਤ ਹਾਸਲ ਕੀਤਾ ਹੈ। ਇਸਦੇ ਚੱਲਦਿਆਂ ਵਿਰੋਧੀ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਪੰਜਾਬ ਦੀ ਸੱਤਾਧਾਰੀ ਪਾਰਟੀ ’ਤੇ ਧੱਕੇਸ਼ਾਹੀ ਦੇ ਇਲਜ਼ਾਮ ਵੀ ਲਗਾਏ ਹਨ। ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ’ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਇਨ੍ਹਾਂ ਵੋਟਾਂ ਦੌਰਾਨ ਲੋਕਤੰਤਰ ਦਾ ਘਾਣ ਹੋਇਆ ਹੈ ਅਤੇ ਸੱਤਾਧਾਰੀ ਧਿਰ ਨੇ ਧੱਕੇਸ਼ਾਹੀ ਕੀਤੀ ਹੈ। ਦੱਸਣਯੋਗ ਹੈ ਕਿ ਇਨ੍ਹਾਂ ਵੋਟਾਂ ਦੇ ਨਤੀਜਿਆਂ ਨੂੰ ਅਗਲੇ ਸਾਲ ਯਾਨੀ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਸੈਮੀਫਾਈਨਲ ਵਜੋਂ ਦੇਖਿਆ ਜਾ ਰਿਹਾ ਹੈ।  

ਸੀਚੇਵਾਲ (ਜਲੰਧਰ):ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੰਤ ਬਾਬਾ ਅਵਤਾਰ ਸਿੰਘ ਜੀ ਦੀ 38ਵੀਂ ਸਲਾਨਾ ਬਰਸੀ ਸਬੰਧੀ ਕਰਵਾਏ ਸਮਾਗਮ ਦੌਰਾਨ ਪਿੰਡ ਸੀਚੇਵਾਲ ਵਿਖੇ ਮੱਥਾ ਟੇਕਿਆ। ਇਸ ਮੌਕੇ ਇਕ ਪ੍ਰਗਤੀਸ਼ੀਲ ਅਤੇ ਸਵੈ-ਨਿਰਭਰ ਪੰਜਾਬ ਦਾ ਸੁਪਨਾ ਦੇਖਦਿਆਂ ਭਗਵੰਤ ਸਿੰਘ ਮਾਨ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੰਤ ਅਵਤਾਰ ਸਿੰਘ ਮੈਮੋਰੀਅਲ ਹਾਕੀ ਸਟੇਡੀਅਮ ਵਿਖੇ ਇੱਕ ਨਵੇਂ ਐਸਟ੍ਰੋਟਰਫ ਦਾ ਉਦਘਾਟਨ ਕੀਤਾ।

ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਖੇਡ ਬੁਨਿਆਦੀ ਢਾਂਚੇ, ਸਿੰਚਾਈ, ਭੂਮੀਗਤ ਪਾਣੀ ਰੀਚਾਰਜ ਅਤੇ ਲੋਕ ਭਲਾਈ ਸਬੰਧੀ ਕੀਤੇ ਉਪਰਾਲਿਆਂ ਨੂੰ ਉਜਾਗਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਰਕਾਰ ਨੇ ਖੇਤਾਂ ਤੱਕ 21,000 ਕਿਊਸਿਕ ਪਾਣੀ ਪਹੁੰਚਾਇਆ ਹੈ, ਜੋ ਦੋ ਭਾਖੜਾ ਨਹਿਰਾਂ ਦੇ ਬਰਾਬਰ ਹੈ। ਵਾਤਾਵਰਣ ਪੱਖੀ ਉਪਰਾਲਿਆਂ ਸਦਕਾ 21 ਲੱਖ ਕਿਊਬਿਕ ਮੀਟਰ ਪਾਣੀ ਧਰਤੀ ਹੇਠ ਰੀਚਾਰਜ ਕਰਨ ਵਿੱਚ ਮਦਦ ਮਿਲੀ ਹੈ ਜਿਸ ਨਾਲ ਕਈ ਖੇਤਰਾਂ ਵਿੱਚ ਪਾਣੀ ਦੇ ਪੱਧਰ ਵਿੱਚ 2 ਤੋਂ 4 ਮੀਟਰ ਦਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਸ਼ਵ ਪੱਧਰੀ ਸਰਕਾਰੀ ਸਕੂਲਾਂ, ਹਸਪਤਾਲਾਂ, ਸੜਕਾਂ ਅਤੇ ਖੇਡ ਸਹੂਲਤਾਂ ਰਾਹੀਂ ਤੇਜ਼ੀ ਨਾਲ ਪ੍ਰਗਤੀ ਕਰ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇੱਕ ਜੀਵੰਤ "ਰੰਗਲੇ ਪੰਜਾਬ" ਦੇ ਰੰਗ ਹੁਣ ਸੂਬੇ ਭਰ ਵਿੱਚ ਦਿਖਣੇ ਸ਼ੁਰੂ ਹੋ ਗਏ ਹਨ।

ਇਸ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਦੀ ਧਰਤੀ ਬਹੁਤ ਉਪਜਾਊ ਹੈ ਅਤੇ ਇੱਥੇ ਨਫ਼ਰਤ ਅਤੇ ਵੈਰ ਤੋਂ ਇਲਾਵਾ ਸਭ ਕੁਝ ਉੱਗ ਸਕਦਾ ਹੈ। ਪੰਜਾਬ ਮਹਾਨ ਗੁਰੂਆਂ, ਸੰਤਾਂ ਅਤੇ ਪੈਗੰਬਰਾਂ ਦੀ ਪਵਿੱਤਰ ਧਰਤੀ ਹੈ, ਜਿਨ੍ਹਾਂ ਨੇ ਸਾਨੂੰ ਆਪਸੀ ਪਿਆਰ ਅਤੇ ਸਹਿਣਸ਼ੀਲਤਾ ਦਾ ਰਸਤਾ ਦਿਖਾਇਆ ਹੈ। ਲੋਕਾਂ ਦਰਮਿਆਨ ਸਮਾਜਿਕ ਤੰਦਾਂ ਪਹਿਲਾਂ ਹੀ ਬਹੁਤ ਮਜ਼ਬੂਤ ਹਨ ਅਤੇ ਇਸ ਨੂੰ ਹੋਰ ਮਜ਼ਬੂਤ ਕਰਨ ਲਈ ਸਾਰਿਆਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ।”

ਉਨ੍ਹਾਂ ਕਿਹਾ, “ਇਹ ਸਹੀ ਸਮਾਂ ਹੈ ਕਿ ਪੰਜਾਬੀ ਇਕਜੁੱਟ ਹੋ ਕੇ ਫੁੱਟ ਪਾਊ ਤਾਕਤਾਂ ਨੂੰ ਢੁਕਵਾਂ ਜਵਾਬ ਦੇਣ ਜੋ ਸੂਬੇ ਦੀ ਸ਼ਾਂਤੀ, ਸਦਭਾਵਨਾ ਅਤੇ ਭਾਈਚਾਰਕ ਸਾਂਝ ਨੂੰ ਢਾਹ ਲਾਉਣਾ ਚਾਹੁੰਦੀਆਂ ਹਨ। ਜੋ ਲੋਕ ਭਾਈਚਾਰਕ ਸਦਭਾਵਨਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਪੰਜਾਬ ਦੇ ਦੁਸ਼ਮਣ ਹਨ ਕਿਉਂਕਿ ਉਹ ਸੂਬੇ ਨੂੰ ਮੁੜ ਹਨੇਰੇ ਵਿੱਚ ਧੱਕਣਾ ਚਾਹੁੰਦੇ ਹਨ। ਇਹ ਤਾਕਤਾਂ ਫਿਰਕੂ ਝਗੜਾ ਪੈਦਾ ਕਰਕੇ ਸੱਤਾ ਹਾਸਲ ਕਰਨਾ ਚਾਹੁੰਦੀਆਂ ਹਨ ਪਰ ਉਹਨਾਂ ਦੀਆਂ ਸੌੜੀਆਂ ਚਾਲਾਂ ਸਫਲ ਨਹੀਂ ਹੋਣਗੀਆਂ ਕਿਉਂਕਿ ਪੰਜਾਬ ਦੇ ਲੋਕ ਹਰ ਮੌਕੇ ਇਕਜੁੱਟ ਹੋ ਕੇ ਰਹਿੰਦੇ ਹਨ।”

ਲੋਕਾਂ ਨੂੰ ਇਕਜੁੱਟ ਰਹਿਣ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਕੁਝ ਰਾਜਨੀਤਿਕ ਪਾਰਟੀਆਂ ਧਰਮ ਦੇ ਨਾਮ 'ਤੇ ਲੋਕਾਂ ਵਿੱਚ ਫਿੱਕ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਦੀ ਰਾਜਨੀਤੀ ਭਾਈਚਾਰਿਆਂ ਵਿੱਚ ਵੰਡੀਆਂ ਪਾਉਣ ਅਤੇ ਫਿਰ ਵੋਟਾਂ ਲਈ ਦੋਵਾਂ ਧਿਰਾਂ ਨੂੰ ਡਰਾਉਣ 'ਤੇ ਕੇਂਦਰਤ ਹੈ। ਲੋਕਾਂ ਨੂੰ ਅਜਿਹੀ ਰਾਜਨੀਤੀ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਇਹ ਲੋਕ ਜਾਤ ਅਤੇ ਧਰਮ ਦੇ ਆਧਾਰ 'ਤੇ ਸਮਾਜ ਨੂੰ ਵੰਡ ਕੇ ਨਫ਼ਰਤ ਫੈਲਾਉਂਦੇ ਹਨ ਪਰ 'ਆਪ' ਅਜਿਹੀ ਰਾਜਨੀਤੀ ਵਿੱਚ ਵਿਸ਼ਵਾਸ ਨਹੀਂ ਰੱਖਦੀ।”

ਗੁਰਬਾਣੀ ਦੀ ਤੁੱਕ "ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ" ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ, “ਮਹਾਨ ਗੁਰੂਆਂ ਨੇ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਸੀ। ਗੁਰੂ ਸਾਹਿਬ ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੁਦਰਤ ਦਾ ਸਤਿਕਾਰ ਕਰਨ ਦੀ ਸਿੱਖਿਆ ਦਿੱਤੀ ਸੀ, ਪਰ ਬਦਕਿਸਮਤੀ ਨਾਲ ਮਨੁੱਖ ਕੁਦਰਤ ਨੂੰ ਸੁਰੱਖਿਅਤ ਰੱਖਣ ਵਿੱਚ ਅਸਫਲ ਰਿਹਾ ਹੈ। ਹੁਣ ਸਮਾਂ ਆ ਗਿਆ ਹੈ ਕਿ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਇਆ ਜਾਵੇ ਅਤੇ ਵਾਤਾਵਰਣ ਨੂੰ ਬਚਾਉਣ ਦਾ ਸੰਕਲਪ ਲੈ ਕੇ ਪੰਜਾਬ ਦੀ ਸ਼ਾਨ ਨੂੰ ਬਹਾਲ ਕੀਤਾ ਜਾਵੇ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸੂਬਾ ਸਰਕਾਰ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਪੌਦੇ ਲਗਾ ਕੇ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ। ਮੈਂ ਹਮੇਸ਼ਾ ਧਾਰਮਿਕ ਅਤੇ ਅਧਿਆਤਮਿਕ ਆਗੂਆਂ ਨੂੰ ਮਿਲਣ ਲਈ ਉਤਸੁਕ ਰਹਿੰਦਾ ਹਾਂ ਕਿਉਂਕਿ ਉਨ੍ਹਾਂ ਦਾ ਕੰਮ ਕਦੇ ਵੀ ਦੁਨਿਆਵੀ ਜਾਂ ਸਰਕਾਰੀ ਅਹੁਦਿਆਂ ਨਾਲ ਸਬੰਧਤ ਨਹੀਂ ਹੁੰਦਾ। ਉਹ ਧਾਰਮਿਕ ਸਥਾਨਾਂ ਨੂੰ ਜਾਣ ਵਾਲੀਆਂ ਸੜਕਾਂ ਬਣਾਉਣ, ਸੰਗਤ ਲਈ ਸ਼ੈੱਡ ਬਣਾਉਣ, ਸ਼ਰਧਾਲੂਆਂ ਲਈ ਲੰਗਰ ਦਾ ਪ੍ਰਬੰਧ ਕਰਨ, ਨਹਿਰਾਂ ਅਤੇ ਪਾਣੀ ਦੀਆਂ ਨਾਲੀਆਂ ਦੀ ਸਫਾਈ ਕਰਨ, ਵਾਤਾਵਰਣ ਦੀ ਰੱਖਿਆ ਕਰਨ ਅਤੇ ਮਨੁੱਖਤਾ ਦੀ ਨਿਰਸਵਾਰਥ ਸੇਵਾ ਕਰਨ ਬਾਰੇ ਗੱਲ ਕਰਦੇ ਹਨ। ਇਹ ਬੇਹੱਦ ਮਾਣ ਅਤੇ ਸੰਤੁਸ਼ਟੀ ਦੀ ਗੱਲ ਹੈ ਕਿ ਉੱਘੇ ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ, ‘ਸੀਚੇਵਾਲ ਮਾਡਲ' ਰਾਹੀਂ ਵੱਡਮੁੱਲਾ ਯੋਗਦਾਨ ਪਾ ਰਹੇ ਹਨ।”

ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ, “38 ਸਾਲ ਪਹਿਲਾਂ, ਇਹ ਜਗ੍ਹਾ ਰੇਤ ਦੇ ਟਿੱਬਿਆਂ ਨਾਲ ਢੱਕੀ ਹੋਈ ਸੀ ਜਿੱਥੇ ਮੂੰਗਫਲੀ ਅਤੇ ਛੋਟੀਆਂ ਫਸਲਾਂ ਉੱਗਦੀਆਂ ਸਨ। ਬਾਬਾ ਜੀ ਦੇ ਯਤਨਾਂ ਸਦਕਾ, ਇਹ ਜਗ੍ਹਾ ਹੁਣ ਇੱਕ ਹਰੇ ਭਰੇ ਵਾਤਾਵਰਣ ਵਿੱਚ ਬਦਲ ਗਈ ਹੈ। ਜਿੱਥੇ ਹਜ਼ਾਰਾਂ ਰੁੱਖ ਅਤੇ ਸੈਂਕੜੇ ਕਿਸਮਾਂ ਦੇ ਪੌਦੇ ਲਗਾਏ ਗਏ ਹਨ। ਇਹ ਰੁੱਖ ਪੂਰੇ ਫਲ ਅਤੇ ਛਾਂ ਪ੍ਰਦਾਨ ਕਰਦੇ ਹਨ ਅਤੇ ਲੋਕ ਨਰਸਰੀ ਤੋਂ ਬੂਟੇ ਲੈਣ ਲਈ ਇੱਥੇ ਆਉਂਦੇ ਹਨ।”

ਉਨ੍ਹਾਂ ਕਿਹਾ, “ਕੁਦਰਤ ਦੇ ਸੰਤੁਲਨ ਨੂੰ ਬਰਕਰਾਰ ਰੱਖਣ ਲਈ ਸਿਰਫ਼ ਕੁਝ ਸਮਰਪਿਤ ਰੂਹਾਂ ਹੀ ਯਤਨਸ਼ੀਲ ਹਨ ਅਤੇ ਪੰਜਾਬ ਖੁਸ਼ਕਿਸਮਤ ਹੈ ਕਿ ਸੰਤ ਬਾਬਾ ਬਲਬੀਰ ਸਿੰਘ ਜੀ ਉਨ੍ਹਾਂ ਵਿੱਚੋਂ ਇੱਕ ਹਨ। ਜਦੋਂ ਵੀ ਬਾਬਾ ਜੀ ਸੰਸਦ ਵਿੱਚ ਬੋਲਦੇ ਹਨ, ਕੋਈ ਵੀ ਉਨ੍ਹਾਂ ਨੂੰ ਨਹੀਂ ਰੋਕਦਾ ਕਿਉਂਕਿ ਹਰ ਕੋਈ ਜਾਣਦਾ ਹੈ ਕਿ ਉਹ ਹਮੇਸ਼ਾ ਸਮਾਜ, ਵਾਤਾਵਰਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਬੋਲਦੇ ਹਨ। ਬਹੁਤ ਘੱਟ ਲੋਕਾਂ ਨੂੰ ਅਜਿਹੀ ਵੱਡਮੁੱਲੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਅਤੇ ਬਾਬਾ ਜੀ ਨੇ ਹਮੇਸ਼ਾ ਮਨੁੱਖਤਾ, ਇਮਾਨਦਾਰੀ ਨਾਲ ਜੀਵਨ ਬਿਤਾਉਣ, ਮਿਲਜੁੱਲ ਕੇ ਰਹਿਣ ਅਤੇ ਨੇਕੀ ਦਾ ਸੰਦੇਸ਼ ਫੈਲਾਇਆ ਹੈ।”

ਮੁੱਖ ਮੰਤਰੀ ਨੇ ਕਿਹਾ, “ਹਾਲ ਹੀ ਦੇ ਸਾਲਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਸਬੰਧਤ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ। ਹਰ ਕੁਝ ਦਿਨਾਂ ਬਾਅਦ ਸੜਕਾਂ 'ਤੇ, ਕੂੜੇ ਦੇ ਢੇਰਾਂ ਵਿੱਚ ਜਾਂ ਅਪਮਾਨਜਨਕ ਸਥਿਤੀਆਂ ਵਿੱਚ ਫਟੇ ਜਾਂ ਸੜੇ ਹੋਏ ਅੰਗਾਂ ਬਾਰੇ ਦਿਲ ਦਹਿਲਾ ਦੇਣ ਵਾਲੀਆਂ ਖ਼ਬਰਾਂ ਸਾਹਮਣੇ ਆਈਆਂ। ਇਹ ਬੇਹੱਦ ਦੁਖਦਾਈ ਸੀ, ਪਰ ਦੁੱਖ ਹੋਰ ਵੀ ਡੂੰਘਾ ਹੋ ਗਿਆ ਜਦੋਂ ਦੋਸ਼ੀਆਂ ਨੂੰ ਕੋਈ ਠੋਸ ਕਾਨੂੰਨ ਨਾ ਹੋਣ ਅਤੇ ਖਾਮੀਆਂ ਕਾਰਨ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ।”

ਉਨ੍ਹਾਂ ਅੱਗੇ ਕਿਹਾ, “ਇਸ ਮਾਮਲੇ 'ਤੇ ਸਮੁੱਚੇ ਸੰਤ ਸਮਾਜ ਨਾਲ ਸਲਾਹ-ਮਸ਼ਵਰਾ ਕਰਨ ਅੰਮ੍ਰਿਤਸਰ ਅਤੇ ਚੰਡੀਗੜ੍ਹ ਵਿੱਚ ਮੀਟਿੰਗਾਂ ਕਰਨ ਅਤੇ ਵਕੀਲਾਂ ਤੇ ਸੇਵਾਮੁਕਤ ਜੱਜਾਂ ਨਾਲ ਚਰਚਾ ਕਰਨ ਤੋਂ ਬਾਅਦ ਸੂਬਾ ਸਰਕਾਰ ਨੇ ਬਿਨਾਂ ਕਿਸੇ ਢਿੱਲ-ਮੱਠ ਦੇ 'ਬੇਅਦਬੀ' ਵਿਰੁੱਧ ਇੱਕ ਸਖ਼ਤ ਕਾਨੂੰਨ ਬਣਾਇਆ। ਵਾਹਿਗੁਰੂ ਨੇ ਮੈਨੂੰ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧਨਾ) ਐਕਟ 2026 ਲਾਗੂ ਕਰਕੇ ਮਨੁੱਖਤਾ ਦੀ ਸੇਵਾ ਕਰਨ ਦਾ ਬਲ ਬਖਸ਼ਿਆ, ਜਿਸ ਵਿੱਚ 'ਬੇਅਦਬੀ' ਲਈ ਸਖ਼ਤ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ। ਇਸ ਕਾਨੂੰਨ ਤਹਿਤ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਦਸ ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਕੈਦ ਦੇ ਨਾਲ-ਨਾਲ 50 ਲੱਖ ਰੁਪਏ ਦਾ ਜੁਰਮਾਨਾ ਵੀ ਹੋ ਸਕਦਾ ਹੈ।”

ਮੁੱਖ ਮੰਤਰੀ ਨੇ ਅੱਗੇ ਕਿਹਾ, “ਜੇ ਮੁਲਜ਼ਮ ਜੁਰਮਾਨਾ ਨਹੀਂ ਭਰ ਸਕਦਾ, ਤਾਂ ਉਨ੍ਹਾਂ ਦੀ ਜਾਇਦਾਦ ਜ਼ਬਤ ਕੀਤੀ ਜਾ ਸਕਦੀ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਗੁਰੂ ਸਾਹਿਬ ਦਾ ਨਿਰਾਦਰ ਕਰਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਨਤੀਜਿਆਂ ਨੂੰ ਯਾਦ ਰੱਖਣ। ਇਹ ਕਾਨੂੰਨ ਇੱਕ ਰੋਕਥਾਮ ਵਜੋਂ ਕੰਮ ਕਰੇਗਾ ਅਤੇ ਭਵਿੱਖ ਵਿੱਚ ਕੋਈ ਵੀ ਅਜਿਹਾ ਘਿਨਾਉਣਾ ਅਪਰਾਧ ਕਰਨ ਦੀ ਹਿੰਮਤ ਨਹੀਂ ਕਰੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਰ ਸਿੱਖ ਲਈ ਪਿਤਾ ਦਾ ਦਰਜਾ ਰੱਖਦੇ ਹਨ ਅਤੇ ਇਸ ਦੀ ਪਵਿੱਤਰਤਾ ਯਕੀਨੀ ਬਣਾਉਣਾ ਸਾਡਾ ਫ਼ਰਜ਼ ਹੈ ਕਿਉਂਕਿ ਜੇ ਪੰਜਾਬ ਸਰਕਾਰ ਅਜਿਹਾ ਨਹੀਂ ਕਰ ਸਕਦੀ ਤਾਂ ਕੋਈ ਹੋਰ ਵੀ ਨਹੀਂ ਕਰੇਗਾ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦੀ ਵਿਚਾਰਧਾਰਾ ਦੇ ਅਨੁਸਾਰ ਸੂਬਾ ਸਰਕਾਰ ਸਿੱਖਿਆ ਅਤੇ ਸਿਹਤ ਸੰਭਾਲ ਰਾਹੀਂ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਪੰਜਾਬ ਸਰਕਾਰ ਨੇ ਸਕੂਲਾਂ ਨੂੰ ਅਪਗ੍ਰੇਡ ਕੀਤਾ ਹੈ, ਸਕੂਲ ਆਫ਼ ਐਮੀਨੈਂਸ ਖੋਲ੍ਹੇ ਹਨ, ਕਾਲਜ ਬਣਾਏ ਹਨ ਅਤੇ ਅਧਿਆਪਕਾਂ ਨੂੰ ਸਿਖਲਾਈ ਲਈ ਵਿਦੇਸ਼ ਭੇਜਿਆ ਹੈ ਤਾਂ ਜੋ ਸਾਡੇ ਬੱਚਿਆਂ ਨੂੰ ਵਿਸ਼ਵ ਪੱਧਰੀ  ਮੁਕਾਬਲੇ ਅਨੁਸਾਰ ਤਿਆਰ ਕੀਤਾ ਜਾ ਸਕੇ। ਇਸੇ ਤਰ੍ਹਾਂ ਸੂਬੇ ਭਰ ਦੇ ਹਸਪਤਾਲਾਂ ਨੂੰ ਲਗਪਗ 1,000 ਆਮ ਆਦਮੀ ਕਲੀਨਿਕਾਂ ਵਿੱਚ ਅਪਗ੍ਰੇਡ ਕੀਤਾ ਗਿਆ ਹੈ, ਜਿੱਥੇ ਕਰੋੜਾਂ ਮਰੀਜ਼ਾਂ ਨੇ ਇਲਾਜ ਅਤੇ ਮੁਫ਼ਤ ਦਵਾਈਆਂ ਪ੍ਰਾਪਤ ਕੀਤੀਆਂ ਹਨ।”

ਮੁੱਖ ਮੰਤਰੀ ਨੇ ਦੱਸਿਆ, “ਸੂਬਾ ਸਰਕਾਰ ਬੁੱਢਾ ਦਰਿਆ ਨੂੰ ਸੁਰਜੀਤ ਕਰਨ ਅਤੇ ਉੱਥੇ ਸਾਫ਼ ਪਾਣੀ ਦੇ ਪ੍ਰਵਾਹ ਨੂੰ ਬਹਾਲ ਕਰਨ ਲਈ ਵੀ ਕੰਮ ਕਰ ਰਹੀ ਹੈ ਤਾਂ ਜੋ ਲੋਕਾਂ ਨੂੰ ਵੱਡੇ ਪੱਧਰ 'ਤੇ ਲਾਭ ਪਹੁੰਚਾਇਆ ਜਾ ਸਕੇ। ਪੰਜਾਬ ਨੇ ਇਸ ਸਾਲ ਇੱਕ ਸੁਧਰੀ ਸਿੰਚਾਈ ਪ੍ਰਣਾਲੀ ਰਾਹੀਂ 96 ਫ਼ੀਸਦੀ ਨਹਿਰੀ ਪਾਣੀ ਦੀ ਵਰਤੋਂ ਕੀਤੀ, ਜਿਸ ਨਾਲ ਕਿਸਾਨਾਂ ਨੂੰ ਬਹੁਤ ਫਾਇਦਾ ਹੋਇਆ, ਇਸ ਤੋਂ ਪਹਿਲਾਂ ਇਹ ਪਾਣੀ ਬਰਬਾਦ ਹੁੰਦਾ ਸੀ। ਪੰਜਾਬ ਸਰਕਾਰ ਨੇ ਸੂਬੇ ਭਰ ਵਿੱਚ 14,000 ਕਿਲੋਮੀਟਰ ਪਾਈਪਾਂ ਵਿਛਾਉਣ ਦੇ ਨਾਲ-ਨਾਲ ਖਾਲੇ ਸੁਰਜੀਤ ਕੀਤੇ ਹਨ ਤਾਂ ਜੋ ਸੂਬੇ ਦੇ ਹਰ ਕੋਨੇ ਤੱਕ ਪਾਣੀ ਪਹੁੰਚਾ ਕੇ ਕਿਸਾਨਾਂ ਦੀ ਮਦਦ ਕੀਤੀ ਜਾ ਸਕੇ।”

ਉਨ੍ਹਾਂ ਕਿਹਾ, “ਇਨ੍ਹਾਂ ਪਾਈਪਲਾਈਨਾਂ ਅਤੇ ਰਜਵਾਹਿਆਂ ਰਾਹੀਂ ਸਿੰਚਾਈ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕੁੱਲ 21,000 ਕਿਊਸਿਕ ਪਾਣੀ ਛੱਡਿਆ ਗਿਆ ਹੈ। ਪਾਣੀ ਦੀ ਇਹ ਮਾਤਰਾ ਦੋ ਭਾਖੜਾ ਨਹਿਰਾਂ ਨਾਲੋਂ ਵੱਧ ਹੈ ਅਤੇ ਕਿਸਾਨਾਂ ਨੂੰ ਇਸ ਦਾ ਬਹੁਤ ਲਾਭ ਹੋਇਆ ਹੈ। ਨਹਿਰਾਂ ਅਤੇ ਦਰਿਆਵਾਂ ਵਿੱਚ ਰੀਚਾਰਜ ਪੁਆਇੰਟ ਵੀ ਬਣਾਏ ਗਏ ਹਨ, ਜਿਸ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਦੋ ਤੋਂ ਚਾਰ ਮੀਟਰ ਵਧ ਗਿਆ ਹੈ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ, “ਇਹ ਫ਼ੈਸਲਾ ਆਉਣ ਵਾਲੀਆਂ ਪੀੜ੍ਹੀਆਂ ਦੀ ਭਲਾਈ ਲਈ ਲਿਆ ਗਿਆ ਹੈ ਕਿਉਂਕਿ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਪਾਣੀ ਤੋਂ ਬਿਨਾਂ ਪੰਜਾਬ ਦਾ ਕੋਈ ਵਜੂਦ ਨਹੀਂ ਹੈ। ਦਹਾਕਿਆਂ ਬਾਅਦ ਬਹੁਤ ਸਾਰੇ ਲੋਕਾਂ ਨੇ ਨਹਿਰੀ ਪਾਣੀ ਨੂੰ ਦੁਬਾਰਾ ਵਗਦੇ ਦੇਖਿਆ। ਨਹਿਰੀ ਪਾਣੀ ਨਾ ਸਿਰਫ਼ ਧਰਤੀ ਹੇਠਲੇ ਪਾਣੀ ਨੂੰ ਬਚਾਉਂਦਾ ਹੈ ਬਲਕਿ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵੀ ਵਧਾਉਂਦਾ ਹੈ। ਸੂਬਾ ਸਰਕਾਰ ਨੇ ਨਹਿਰੀ ਸਿੰਚਾਈ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਹੈ, ਜਿਸ ਨਾਲ ਕਿਸਾਨਾਂ ਨੂੰ ਭਰਪੂਰ ਲਾਭ ਹੋਇਆ ਹੈ।”

ਮੁੱਖ ਮੰਤਰੀ ਨੇ ਕਿਹਾ, “ਸੂਬਾ ਸਰਕਾਰ ਨੇ ਮਾਵਾਂ ਧੀਆਂ ਸਤਿਕਾਰ ਯੋਜਨਾ ਸ਼ੁਰੂ ਕੀਤੀ ਹੈ ਜਿਸ ਤਹਿਤ ਹਰੇਕ ਔਰਤ ਨੂੰ ਪ੍ਰਤੀ ਮਹੀਨਾ 1,000 ਰੁਪਏ ਅਤੇ ਅਨੁਸੂਚਿਤ ਜਾਤੀ ਭਾਈਚਾਰਿਆਂ ਨਾਲ ਸਬੰਧਤ ਔਰਤਾਂ ਨੂੰ ਪ੍ਰਤੀ ਮਹੀਨਾ 1,500 ਰੁਪਏ ਮਿਲਣਗੇ। ਇਹ ਰਕਮ ਸਿੱਧੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੀ ਜਾਵੇਗੀ ਅਤੇ ਪਹਿਲਾਂ ਹੀ ਸਮਾਜਿਕ ਸੁਰੱਖਿਆ ਪੈਨਸ਼ਨ ਪ੍ਰਾਪਤ ਕਰ ਰਹੀਆਂ ਔਰਤਾਂ ਵੀ ਇਸ ਯੋਜਨਾ ਦਾ ਲਾਭ ਲੈਣ ਯੋਗ ਹੋਣਗੀਆਂ। ਪੰਜਾਬ ਵਿੱਚ ਲਗਪਗ 97 ਫ਼ੀਸਦ ਔਰਤਾਂ ਨੂੰ ਲਾਭ ਹੋਣ ਦੀ ਉਮੀਦ ਹੈ ਅਤੇ ਸੂਬਾ ਸਰਕਾਰ ਨੇ ਬਜਟ ਵਿੱਚ 9,300 ਕਰੋੜ ਰੁਪਏ ਅਲਾਟ ਕੀਤੇ ਹਨ।”

ਔਰਤਾਂ ਨੂੰ ਇਸ ਯੋਜਨਾ ਲਈ ਅਰਜ਼ੀ ਦੇਣ ਦੀ ਅਪੀਲ ਕਰਦਿਆਂ ਉਨ੍ਹਾਂ ਅੱਗੇ ਕਿਹਾ, “ਇਹ ਸਹਾਇਤਾ ਔਰਤਾਂ ਨੂੰ ਵਿੱਤੀ ਆਜ਼ਾਦੀ ਦੇ ਨਾਲ-ਨਾਲ ਸਵੈ-ਮਾਣ ਦਾ ਮੌਕਾ ਵੀ ਦੇਵੇਗੀ। ਔਰਤਾਂ ਸਭ ਤੋਂ ਵੱਧ ਸਤਿਕਾਰ ਦੀਆਂ ਹੱਕਦਾਰ ਹਨ। ਮਾਵਾਂ ਅਤੇ ਭੈਣਾਂ ਦਾ ਆਸ਼ੀਰਵਾਦ ਦੁਨੀਆ ਦੀ ਹਰ ਚੁਣੌਤੀ ਨੂੰ ਦੂਰ ਕਰਨ ਵਿੱਚ ਮਦਦ ਕਰ ਸਕਦਾ ਹੈ। ਘਰ ਵਿੱਚ ਉਨ੍ਹਾਂ ਦੀ ਸਥਿਤੀ ਨੂੰ ਹੋਰ ਬਿਹਤਰ ਬਣਾਉਣ, ਲਿੰਗ ਸਮਾਨਤਾ ਨੂੰ ਉਤਸ਼ਾਹਿਤ ਕਰਨ ਅਤੇ ਸਮਾਜਿਕ ਤੇ ਆਰਥਿਕ ਫੈਸਲੇ ਲੈਣ ਵਿੱਚ ਔਰਤਾਂ ਦੀ ਭਾਗੀਦਾਰੀ ਵਧਾਉਣ ਲਈ ਔਰਤਾਂ ਦੀ ਵਿੱਤੀ ਖੁਦਮੁਖਤਿਆਰੀ ਨੂੰ ਮਜ਼ਬੂਤ ਕਰਨਾ ਲਾਜ਼ਮੀ ਹੈ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਮੁੱਖ ਮੰਤਰੀ ਸਿਹਤ ਯੋਜਨਾ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਪੰਜਾਬ ਦੇ ਸਾਰੇ 65 ਲੱਖ ਪਰਿਵਾਰਾਂ ਨੂੰ ਸਿਹਤ ਕਾਰਡ ਜਾਰੀ ਕੀਤੇ ਜਾ ਰਹੇ ਹਨ। ਇਸ ਯੋਜਨਾ ਤਹਿਤ ਹਰ ਪਰਿਵਾਰ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦਾ ਹੱਕਦਾਰ ਹੈ ਅਤੇ 30 ਲੱਖ ਤੋਂ ਵੱਧ ਲਾਭਪਾਤਰੀਆਂ ਨੂੰ ਪਹਿਲਾਂ ਹੀ ਸਿਹਤ ਕਾਰਡ ਮਿਲ ਚੁੱਕੇ ਹਨ। ਇਸ ਯੋਜਨਾ ਤਹਿਤ ਲਗਪਗ 1.65 ਲੱਖ ਲੋਕ ਪਹਿਲਾਂ ਹੀ ਮੁਫ਼ਤ ਇਲਾਜ ਕਰਵਾ ਚੁੱਕੇ ਹਨ ਅਤੇ ਲੋਕਾਂ ਨੂੰ ਇਨ੍ਹਾਂ ਕਾਰਡਾਂ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ।”

ਮੁੱਖ ਮੰਤਰੀ ਨੇ ਅੱਗੇ ਕਿਹਾ, “ਸਥਾਨਕ ਪਿੰਡਾਂ ਦੇ ਨੁਮਾਇੰਦਿਆਂ ਨੇ ਵੀ ਖੇਡ ਮੈਦਾਨਾਂ ਅਤੇ ਸੜਕਾਂ ਲਈ ਮੰਗਾਂ ਪੇਸ਼ ਕੀਤੀਆਂ ਹਨ ਅਤੇ ਸੂਬਾ ਸਰਕਾਰ ਇਨ੍ਹਾਂ ਮੰਗਾਂ ਨੂੰ ਪੂਰਾ ਕਰੇਗੀ। ਕੌਮਾਂਤਰੀ ਪੱਧਰ ਦੇ ਹਾਕੀ ਮੈਦਾਨ ਵਿਕਸਤ ਕੀਤੇ ਜਾਣਗੇ ਕਿਉਂਕਿ ਹਾਕੀ ਪੰਜਾਬ ਦੀ ਪ੍ਰਸਿੱਧ ਖੇਡ ਹੈ। ਇਸ ਦੇ ਨਾਲ ਹੀ ਸੜਕਾਂ ਦੀ ਉਸਾਰੀ ਅਤੇ ਮੁਰੰਮਤ ਵੀ ਕੀਤੀ ਜਾਵੇਗੀ। ਸੂਬਾ ਸਰਕਾਰ ਪੰਜਾਬ ਦੀ ਭਲਾਈ ਅਤੇ ਵਿਕਾਸ ਅਤੇ ਲੋਕਾਂ ਦੀ ਖੁਸ਼ਹਾਲੀ ਯਕੀਨੀ ਬਣਾਉਣ ਲਈ ਵਚਨਬੱਧ ਹੈ ਅਤੇ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।”

ਸੰਤ ਬਾਬਾ ਅਵਤਾਰ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਕਿਹਾ, “ਸੰਤ ਬਾਬਾ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਬੇਮਿਸਾਲ ਸੇਵਾਵਾਂ ਦਿੱਤੀਆਂ ਅਤੇ ਸਾਡੇ ਮਹਾਨ ਗੁਰੂਆਂ ਦੁਆਰਾ ਨਾ ਸਿਰਫ਼ ਪੰਜਾਬ ਵਿੱਚ ਸਗੋਂ ਦੇਸ਼ ਅਤੇ ਵਿਸ਼ਵ ਭਰ ਵਿੱਚ ਪਿਆਰ, ਦਇਆ ਅਤੇ ਭਾਈਚਾਰੇ ਦੇ ਸੰਦੇਸ਼ ਨੂੰ ਫੈਲਾਇਆ। ਬਾਬਾ ਜੀ ਇੱਕ ਮਹਾਨ ਆਤਮਾ ਸਨ, ਜਿਨ੍ਹਾਂ ਨੇ ਲੋਕਾਂ ਨੂੰ ਅਧਿਆਤਮਿਕਤਾ ਦੇ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕਰਕੇ ਮਨੁੱਖਤਾ ਨੂੰ ਦੁੱਖ ਅਤੇ ਪੀੜਾ ਤੋਂ ਮੁਕਤ ਕੀਤਾ। ਉਨ੍ਹਾਂ ਨੂੰ ਹਮੇਸ਼ਾ ਉਨ੍ਹਾਂ ਦੀ ਨਿਮਰਤਾ ਅਤੇ ਦਿਆਲਤਾ ਲਈ ਯਾਦ ਕੀਤਾ ਜਾਵੇਗਾ।”

ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਅੱਜ ਮੈਨੂੰ ਸੰਤ ਬਾਬਾ ਅਵਤਾਰ ਸਿੰਘ ਜੀ ਦੀ 38ਵੀਂ ਬਰਸੀ ਮੌਕੇ ਪਿੰਡ ਸੀਚੇਵਾਲ ਵਿਖੇ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨਾਲ ਮੈਂ ‘ਸੰਤ ਅਵਤਾਰ ਸਿੰਘ ਮੈਮੋਰੀਅਲ ਹਾਕੀ ਸਟੇਡੀਅਮ’ ਵਿਖੇ ਨਵੇਂ ਐਸਟ੍ਰੋਟਰਫ ਦਾ ਉਦਘਾਟਨ ਕੀਤਾ। ਮੈਂ ਸੰਤ ਜੀ ਦੁਆਰਾ ਵਾਤਾਵਰਣ ਸੰਭਾਲ ਲਈ ਕੀਤੀ ਜਾ ਰਹੀ ਨਿਰਸਵਾਰਥ ਸੇਵਾ ਨੂੰ ਤਹਿ ਦਿਲੋਂ ਨਮਨ ਕਰਦਾ ਹਾਂ। ‘ਆਪ’ ਸਰਕਾਰ ਪੰਜਾਬ ਦੇ ਸੂਬੇ ਦੇ ਲੋਕਾਂ ਲਈ ਇੱਕ ਸੁਰੱਖਿਅਤ ਅਤੇ ਖੁਸ਼ਹਾਲ ਜੀਵਨ ਯਕੀਨੀ ਬਣਾਉਣ ਅਤੇ ਇੱਕ ਜੀਵੰਤ ਤੇ ਖੁਸ਼ਹਾਲ ‘ਰੰਗਲਾ ਪੰਜਾਬ’ ਸਿਰਜਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।”

ਮਹਿਲਾਵਾਂ ਖਿਲਾਫ ਕੀਤੀ ਇਤਰਾਜ਼ਯੋਗ ਟਿੱਪਣੀ ਨਾਲ ਜੁੜਿਆ ਹੈ ਮਾਮਲਾ
ਚੰਡੀਗੜ੍ਹ/ਬਿਊਰੋ ਨਿਊਜ਼
ਫਿਲਮੀ ਅਦਾਕਾਰ ਯੋਗਰਾਜ ਸਿੰਘ ਨੂੰ ਮਹਿਲਾਵਾਂ ਖਿਲਾਫ ਕੀਤੀ ਇਤਰਾਜ਼ਯੋਗ ਟਿੱਪਣੀ ਦੇ ਮਾਮਲੇ ਵਿਚ ਰਾਹਤ ਮਿਲ ਗਈ ਹੈ। ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਲੋਂ ਯੋਗਰਾਜ ਦੀ ਜ਼ਮਾਨਤ ਅਰਜ਼ੀ ਖਾਰਜ ਹੋਣ ਤੋਂ ਬਾਅਦ ਉਨ੍ਹਾਂ ਨੇ ਹਾਈਕੋਰਟ ਵਿਚ ਜ਼ਮਾਨਤ ਲਈ ਪਟੀਸ਼ਨ ਦਰਜ ਕਰਵਾਈ ਸੀ। ਇਸ ਮਾਮਲੇ ਦੀ ਸੁਣਵਾਈ ਅੱਜ ਹੋਈ ਅਤੇ ਹਾਈਕੋਰਟ ਨੇ ਯੋਗਰਾਜ ਨੂੰ ਜ਼ਮਾਨਤ ਦੇ ਦਿੱਤੀ ਹੈ। ਇਹ ਮਾਮਲਾ ਵੈਬ ਸੀਰੀਜ਼ ਦੇ ਇਕ ਵਾਇਰਲ ਵੀਡੀਓ ਕਲਿੱਪ ਨਾਲ ਜੁੜਿਆ ਹੈ, ਜਿਸ ਵਿਚ ਯੋਗਰਾਜ ਸਿੰਘ ਦੇ ਕਿਰਦਾਰ ਦੁਆਰਾ ਮਹਿਲਾਵਾਂ ਦੇ ਖਿਲਾਫ ਕਥਿਤ ਰੂਪ ਵਿਚ ਇਤਰਾਜ਼ਯੋਗ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ ਸੀ। ਸ਼ਿਕਾਇਤ ਕਰਤਾ ਨੇ ਇਲਜ਼ਾਮ ਲਗਾਇਆ ਸੀ ਕਿ ਵੀਡੀਓ ਵਿਚ ਮਹਿਲਾਵਾਂ ਦੇ ਲਈ ਬੇਹੱਦ ਇਤਰਾਜ਼ਯੋਗ ਅਤੇ ਅਸ਼ਲੀਲ ਬੋਲਾਂ ਦਾ ਇਸਤੇਮਾਲ ਕੀਤਾ ਗਿਆ ਹੈ, ਜਿਸ ਨਾਲ ਪੂਰੇ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਸੀ। ਯੋਗਰਾਜ ਸਿੰਘ ਦੇ ਵਕੀਲਾਂ ਦਾ ਕਹਿਣਾ ਹੈ ਕਿ ਫਿਲਮੀ ਅਦਾਕਾਰ ਨੂੰ ਗਲਤ ਤਰੀਕੇ ਨਾਲ ਇਸ ਮਾਮਲੇ ਵਿਚ ਫਸਾਇਆ ਗਿਆ ਹੈ।

ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਕੇਵਲ ਸਿੰਘ ਢਿੱਲੋਂ ਨੂੰ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਤੋਂ ਇਲਾਵਾ ਨਿਤਿਨ ਨਬੀਨ ਨੇ ਡਾ. ਅਰਚਨਾ ਗੁਪਤਾ ਨੂੰ ਹਰਿਆਣਾ ਭਾਜਪਾ ਦੀ ਨਵੀਂ ਪ੍ਰਧਾਨ ਨਿਯੁਕਤ ਕੀਤਾ ਹੈ, ਜਦੋਂਕਿ ਹਰਸ਼ ਮਲਹੋਤਰਾ ਨੂੰ ਦਿੱਲੀ ਭਾਜਪਾ ਅਤੇ ਅਭਿਸ਼ੇਕ ਦੇਬਰਾਏ ਨੂੰ ਤਿ੍ਰਪੁਰਾ ਭਾਜਪਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀਆਂ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਈਆਂ ਹਨ। ਕੇਵਲ ਸਿੰਘ ਢਿੱਲੋਂ ਪੰਜਾਬ ਭਾਜਪਾ ਵਿਚ ਸੁਨੀਲ ਜਾਖੜ ਦੀ ਜਗ੍ਹਾ ਲੈਣਗੇ। ਇਸਦੇ ਚੱਲਦਿਆਂ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੇਵਲ ਸਿੰਘ ਢਿੱਲੋਂ ਦੀ ਨਿਯੁਕਤੀ ਕਾਫੀ ਅਹਿਮ ਮੰਨੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਦਾ ਤਿੰਨ ਸਾਲ ਦਾ ਕਾਰਜਕਾਲ ਜੁਲਾਈ ਵਿਚ ਖਤਮ ਹੋ ਰਿਹਾ ਹੈ। ਇਸੇ ਦੌਰਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪਾਰਟੀ ਮੈਨੂੰ ਜੋ ਵੀ ਜ਼ਿੰਮੇਵਾਰੀ ਦੇਵੇਗੀ, ਮੈਂ ਪੂਰੀ ਵਫ਼ਾਦਾਰੀ ਨਾਲ ਨਿਭਾਵਾਂਗਾ। ਉਨ੍ਹਾਂ ਦਾਅਵਾ ਕੀਤਾ ਕਿ 2027 ਵਿਚ ਪੰਜਾਬ ਵਿਚ ਕਮਲ ਖਿੜ੍ਹੇਗਾ ਅਤੇ ਭਾਜਪਾ ਦੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਤੋਂ ਬਾਅਦ, ਹੁਣ ਪੰਜਾਬ ਦੀ ਵਾਰੀ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕੇਵਲ ਸਿੰਘ ਢਿੱਲੋਂ ਦੋ ਵਾਰ ਕਾਂਗਰਸ ਪਾਰਟੀ ਦੀ ਟਿਕਟ ’ਤੇ ਵਿਧਾਇਕ ਬਣੇ ਸਨ ਅਤੇ ਫਿਰ ਉਹ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਬਰਨਾਲਾ ਜ਼ਿਲ੍ਹੇ ਦੇ ਪਿੰਡ ਟੱਲੇਵਾਲ ਦੇ ਜੰਮਪਲ ਕੇਵਲ ਸਿੰਘ ਢਿੱਲੋਂ ਨੂੰ ਉਸ ਵਿਅਕਤੀ ਵਜੋਂ ਜਾਣਿਆ ਜਾਂਦਾ ਹੈ, ਜੋ ਪੰਜਾਬ ਵਿਚ ਪੈਪਸੀ ਲਿਆਉਣ ਨਾਲ ਜੁੜਿਆ ਹੋਇਆ ਹੈ। ਢਿੱਲੋਂ ਗਰੁੱਪ ਰਾਹੀਂ, ਉਨ੍ਹਾਂ ਨੇ ਇਕ ਵੱਡਾ ਪੀਣ ਵਾਲੇ ਪਦਾਰਥਾਂ ਅਤੇ ਬੋਤਲਿੰਗ ਦਾ ਕਾਰੋਬਾਰ ਬਣਾਇਆ, ਜੋ ਬਾਅਦ ਵਿਚ ਪ੍ਰਾਹੁਣਾਚਾਰੀ, ਰੀਅਲ ਅਸਟੇਟ ਅਤੇ ਹੋਰ ਖੇਤਰਾਂ ਵਿਚ ਫੈਲ ਗਿਆ। ਇਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਹੋਰ ਵੀ ਕਈ ਸੀਨੀਅਰ ਆਗੂ ਭਾਜਪਾ ਵਿਚ ਸ਼ਾਮਲ ਹੋ ਗਏ ਸਨ, ਜਿਨ੍ਹਾਂ ਵਿਚ ਸਾਬਕਾ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਰਾਣਾ ਗੁਰਜੀਤ ਸਿੰਘ ਸੋਢੀ ਅਤੇ ਫਤਹਿਜੰਗ ਸਿੰਘ ਬਾਜਵਾ ਸ਼ਾਮਲ ਹਨ।


ਸੁਨੀਲ ਜਾਖੜ ਨੇ ਪ੍ਰਧਾਨਗੀ ਜਾਣ ਤੋਂ ਬਾਅਦ ਜ਼ਜ਼ਬਾਤ ਕੀਤੇ ਸਾਂਝੇ
ਨਵੇਂ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੂੰ ਵੀ ਦਿੱਤੀਆਂ ਸ਼ੁਭਕਾਮਨਾਵਾਂ
ਚੰਡੀਗੜ੍ਹ/ਬਿਊਰੋ ਨਿਊਜ਼
ਸੁਨੀਲ ਜਾਖੜ ਤਿੰਨ ਸਾਲ ਪੰਜਾਬ ਭਾਜਪਾ ਦੇ ਪ੍ਰਧਾਨ ਰਹੇ ਹਨ ਅਤੇ ਹੁਣ ਉਨ੍ਹਾਂ ਕੋਲੋਂ ਪ੍ਰਧਾਨਗੀ ਖੁੱਸ ਗਈ ਹੈ ਅਤੇ ਇਹ ਅਹੁਦਾ ਹੁਣ ਕੇਵਲ ਸਿੰਘ ਢਿੱਲੋਂ ਕੋਲ ਚਲਾ ਗਿਆ ਹੈ। ਸੁਨੀਲ ਜਾਖੜ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਉਤੇ ਇੱਕ ਭਾਵੁਕ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਵਜੋਂ ਸੇਵਾ ਕਰਨਾ ਉਨ੍ਹਾਂ ਲਈ ਬਹੁਤ ਮਾਣ ਅਤੇ ਵੱਡੀ ਜ਼ਿੰਮੇਵਾਰੀ ਵਾਲੀ ਗੱਲ ਰਹੀ ਹੈ। ਜਾਖੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕੀਤਾ। ਜਾਖੜ ਨੇ ਜੇ.ਪੀ. ਨੱਡਾ ਅਤੇ ਮੌਜੂਦਾ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਦੇ ਸਹਿਯੋਗ ਅਤੇ ਉਤਸ਼ਾਹ ਲਈ ਵੀ ਤਹਿ ਦਿਲੋਂ ਸ਼ੁਕਰਾਨਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਦੀ ਅਸਲ ਤਾਕਤ ਸੂਬੇ ਭਰ ਦੇ ਵਰਕਰ, ਆਗੂ ਅਤੇ ਸਮਰਥਕ ਹਨ। ਨਵੇਂ ਨਿਯੁਕਤ ਹੋਏ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੂੰ ਵਧਾਈ ਦਿੰਦਿਆਂ ਜਾਖੜ ਨੇ ਕਿਹਾ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਢਿੱਲੋਂ ਦੀ ਅਗਵਾਈ ਵਿੱਚ ਸੰਗਠਨ ਹੋਰ ਮਜ਼ਬੂਤ ਹੋਵੇਗਾ। ਉਨ੍ਹਾਂ ਭਰੋਸਾ ਦਿਵਾਇਆ ਕਿ ਪੰਜਾਬ ਦੀ ਸੇਵਾ ਅਤੇ ਪਾਰਟੀ ਨੂੰ ਅੱਗੇ ਵਧਾਉਣ ਲਈ ਉਹ ਹਮੇਸ਼ਾ ਹਰ ਸੰਭਵ ਸਹਿਯੋਗ ਦਿੰਦੇ ਰਹਿਣਗੇ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.