Monday, 15 June 2026

ਜਾਂਚ ਪੂਰੀ ਹੋਣ ਤੱਕ ਨਹੀਂ ਕਢਵਾਏ ਜਾ ਸਕਣਗੇ ਪੈਸੇ
ਚੰਡੀਗੜ੍ਹ/ਬਿਊਰੋ ਨਿਊਜ਼
ਰਿਸ਼ਵਤ ਦੇ ਮਾਮਲੇ ਵਿਚ ਫਸੇ ਪੰਜਾਬ ਪੁਲਿਸ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਮੁਸ਼ਕਲਾਂ ਹੋਰ ਵਧਦੀਆਂ ਜਾ ਰਹੀਆਂ ਹਨ। ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਨਿਰਦੇਸ਼ ਦਿੱਤਾ ਹੈ ਕਿ ਜਦੋਂ ਤੱਕ ਜਾਂਚ ਪੂਰੀ ਨਹੀਂ ਹੁੰਦੀ, ਉਦੋਂ ਤੱਕ ਭੁੱਲਰ ਨਾਲ ਜੁੜੇ ਸਾਰੇ 26 ਬੈਂਕ ਖਾਤੇ ਫਰੀਜ਼ ਰਹਿਣਗੇ। ਇਸ ਤੋਂ ਇਲਾਵਾ ਸੀਬੀਆਈ ਵਲੋਂ ਮਾਮਲੇ ਦੀ ਰੋਜ਼ਾਨਾ ਸੁਣਵਾਈ ਦੀ ਮੰਗ ਵਾਲੀ ਪਟੀਸ਼ਨ ਪਹਿਲਾਂ ਹੀ ਖਾਰਜ ਕੀਤੀ ਜਾ ਚੁੱਕੀ ਹੈ। ਇਸੇ ਕੇਸ ਵਿਚ ਸਹਿ-ਦੋਸ਼ੀ ਕ੍ਰਿਸ਼ਨੂ ਸ਼ਾਰਦਾ ਦੀਆਂ ਮੁਸ਼ਕਲਾਂ ਵੀ ਵਧਦੀਆਂ ਦਿਸ ਰਹੀਆਂ ਹਨ; ਕਿਉਂਕਿ ਹੁਣ ਸੀਬੀਆਈ ਦੇ ਨਾਲ ਇਨਫੋਰਸਮੈਂਟ ਡਾਇਰੈਟੋਰੇਟ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸੇ ਦੌਰਾਨ ਭੁੱਲਰ ਦੇ ਚੰਡੀਗੜ੍ਹ ਸਥਿਤ ਘਰ ਸਣੇ ਕੁੱਲ 11 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ ਸੀ। ਦੱਸਣਯੋਗ ਹੈ ਕਿ ਰਿਸ਼ਵਤਖੋਰੀ ਦੇ ਮਾਮਲੇ ਵਿਚ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਚੰਡੀਗੜ੍ਹ ਸਥਿਤ ਘਰ ਵਿਚੋਂ ਕਰੋੜਾਂ ਰੁਪਏ ਦੀ ਨਗਦੀ ਅਤੇ ਗਹਿਣੇ ਬਰਾਮਦ ਹੋਏ ਸਨ।

ਚੰਡੀਗੜ੍ਹ, 27 ਮਈ: ਮਹਿੰਦਰ ਚੌਧਰੀ ਜ਼ੂਆਲੋਜੀਕਲ ਪਾਰਕ, ਛੱਤਬੀੜ ਵਿਖੇ ਸੈਲਾਨੀਆਂ ਦੀ ਆਮਦ ਵਿੱਚ ਲਗਾਤਾਰ ਹੋ ਰਹੇ ਵਾਧਾ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜੰਗਲੀ ਜੀਵ ਸੰਭਾਲ ਅਤੇ ਲੋਕ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਦੇ ਨਿਰੰਤਰ ਯਤਨਾਂ ਦੇ ਪ੍ਰਤੱਖ ਨਤੀਜੇ ਦਿਖਾਈ ਦੇ ਰਹੇ ਹਨ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਜੰਗਲਾਤ ਅਤੇ ਜੰਗਲੀ ਜੀਵ ਸੰਭਾਲ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਮੌਜੂਦਾ ਸਾਲ ਦੇ ਪਹਿਲੇ ਪੰਜ ਮਹੀਨਿਆਂ ਵਿੱਚ ਛੱਤਬੀੜ ਚਿੜੀਆਘਰ ਵਿਖੇ 2,31,930 ਸੈਲਾਨੀਆਂ ਦੀ ਆਮਦ ਦਰਜ ਕੀਤੀ ਗਈ ਹੈ, ਜੋ ਸੂਬਾ ਸਰਕਾਰ ਦੇ ਜੰਗਲੀ ਜੀਵ ਸੰਭਾਲ ਦੀ ਦਿਸ਼ਾ ਵਿੱਚ ਕੀਤੇ ਗਏ ਯਤਨਾਂ ਨੂੰ ਦਰਸਾਉਂਦਾ ਹੈ।

ਇਸ ਸਬੰਧੀ ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵ ਸੰਭਾਲ ਬਾਰੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ, ਸਾਡੀ ਸਰਕਾਰ ਨੇ ਲੋਕਾਂ ਨੂੰ ਜੰਗਲੀ ਜੀਵਾਂ ਦੇ ਪਾਲਣ-ਪੋਸ਼ਣ ਅਤੇ ਸੰਭਾਲ ਪ੍ਰਤੀ ਜਾਗਰੂਕ ਕਰਨ ਲਈ ਲਗਾਤਾਰ ਕੰਮ ਕੀਤਾ ਹੈ ਅਤੇ ਲੋਕਾਂ ਵੱਲੋਂ ਮਿਲਿਆ ਹੁੰਗਾਰਾ ਬਹੁਤ ਉਤਸ਼ਾਹਜਨਕ ਰਿਹਾ ਹੈ।”

ਜੰਗਲਾਤ ਅਤੇ ਜੰਗਲੀ ਜੀਵ ਸੰਭਾਲ ਬਾਰੇ ਕੈਬਨਿਟ ਮੰਤਰੀ ਨੇ ਦੱਸਿਆ, “ਛੱਤਬੀੜ ਚਿੜੀਆਘਰ ਵਿਖੇ ਸਿਰਫ਼ ਜਨਵਰੀ ਵਿੱਚ ਹੀ 48,719 ਸੈਲਾਨੀ ਆਏ, ਜਦੋਂ ਕਿ ਫਰਵਰੀ ਵਿੱਚ 54216, ਮਾਰਚ ਵਿੱਚ 66377, ਅਪ੍ਰੈਲ ਵਿੱਚ 40168 ਅਤੇ ਮਈ ਵਿੱਚ 22450 ਸੈਲਾਨੀਆਂ ਨੇ ਇਸ ਚਿੜੀਆਘਰ ਦੇ ਸੁਚੱਜੇ ਅਤੇ ਬਿਹਤਰੀਨ ਢੰਗ ਨਾਲ
ਮੇਨਟੇਂਨ ਰੱਖੇ ਗਏ ਮਾਹੌਲ ਵਿੱਚ ਪੰਛੀਆਂ ਅਤੇ ਜਾਨਵਰਾਂ ਦੀਆਂ ਵਿਭਿੰਨ ਪ੍ਰਜਾਤੀਆਂ ਨੂੰ ਦੇਖਿਆ।”

ਚਿੜੀਆਘਰ ਵਿਖੇ ਕੀਤੀਆਂ ਗਈਆਂ ਜੰਗਲਾਤ ਤੇ ਜੰਗਲੀ ਜੀਵ ਸੰਭਾਲ-ਕੇਂਦ੍ਰਿਤ ਪਹਿਲਕਦਮੀਆਂ ਨੂੰ ਉਜਾਗਰ ਕਰਦਿਆਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ, “ਜੰਗਲੀ ਜੀਵਾਂ ਦੀ ਸੰਭਾਲ ਅਤੇ ਸੁਰੱਖਿਆ ਪ੍ਰਤੀ ਸਾਡੀ ਵਚਨਬੱਧਤਾ ਦੇ ਹਿੱਸੇ ਵਜੋਂ ਛੱਤਬੀੜ ਚਿੜੀਆਘਰ ਵਿਖੇ ਕਈ ਮਹੱਤਵਪੂਰਨ ਪਹਿਲਕਦਮੀਆਂ
 ਕੀਤੀਆਂ ਗਈਆਂ ਹਨ।” ਉਨ੍ਹਾਂ ਅੱਗੇ ਕਿਹਾ, "ਦੇਸ਼ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਲੰਬਾ ਵਾਕ-ਇਨ ਐਵੀਅਰੀ (ਪੰਛੀਘਰ) ਆਕਰਸ਼ਣ ਦਾ ਇੱਕ ਵੱਡਾ ਕੇਂਦਰ ਬਣ ਗਿਆ ਹੈ। ਇਸ ਦੇ ਨਾਲ ਹੀ ਸੈਲਾਨੀਆਂ ਦੇ ਵਿਦਿਅਕ ਅਤੇ ਮਨੋਰੰਜਨ ਅਨੁਭਵ ਨੂੰ ਵਧਾਉਣ ਲਈ ਇੱਕ ਅਤਿ-ਆਧੁਨਿਕ ਡਾਇਨਾਸੌਰ ਪਾਰਕ ਵੀ ਸਥਾਪਤ ਕੀਤਾ ਗਿਆ ਹੈ।"

ਗਰਮੀ ਨੇ ਵੀ ਲੋਕਾਂ ਦੇ ਕੱਢੇ ਵੱਟ ਅਤੇ ਬਿਜਲੀ ਦੀ ਮੰਗ ਵੀ ਵਧੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਅਤੇ ਚੰਡੀਗੜ੍ਹ ਵਿਚ ਮੌਸਮ ਬਦਲ ਗਿਆ ਹੈ ਅਤੇ ਅੱਜ ਸਵੇਰੇ ਪੰਜਾਬ ਦੇ ਕੁਝ ਕੁ ਥਾਵਾਂ ’ਤੇ ਹਲਕੀ ਬੂੰਦਾਬਾਂਦੀ ਹੋਈ। ਪੰਜਾਬ ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦਾ ਕਹਿਣਾ ਹੈ ਕਿ ਅਗਲੇ ਤਿੰਨ ਦਿਨਾਂ ਦੌਰਾਨ ਪੰਜਾਬ, ਚੰਡੀਗੜ੍ਹ ਅਤੇ ਨੇੜਲੇ ਇਲਾਕਿਆਂ ’ਚ ਭਰਵਾਂ ਮੀਂਹ ਪੈ ਸਕਦਾ ਹੈ ਅਤੇ 60 ਤੋਂ 70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਸਖਤ ਗਰਮੀ ਪੈ ਰਹੀ ਹੈ ਅਤੇ ਇਸੇ ਦੌਰਾਨ ਫਰੀਦਕੋਟ ’ਚ ਤਾਪਮਾਨ ਵੀ 46 ਡਿਗਰੀ ਤੱਕ ਪਹੁੰਚ ਗਿਆ ਅਤੇ ਚੰਡੀਗੜ੍ਹ ਵਿਚ ਵੀ ਤਾਪਮਾਨ 43.1 ਡਿਗਰੀ ਦਰਜ ਕੀਤਾ ਗਿਆ। ਵੱਧ ਗਰਮੀ ਦੇ ਚੱਲਦਿਆਂ ਬਿਜਲੀ ਦੀ ਮੰਗ ਵੀ ਵਧੀ ਹੈ। ਇਸੇ ਦੌਰਾਨ ਲੰਘੇ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੇਸ਼ ਵਾਸੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣ ਦੀ ਸਲਾਹ ਦਿੱਤੀ ਸੀ।

ਚੰਡੀਗੜ੍ਹ, 27 ਮਈ: ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ, ਪੰਜਾਬ ਦੇ ਲੀਗਲ ਮੈਟਰੋਲੋਜੀ ਵਿੰਗ ਵਲੋਂ ਇਸ ਸਾਲ ਜਨਵਰੀ ਤੋਂ ਅਪ੍ਰੈਲ ਤੱਕ ਇਕੱਤਰ ਕੀਤੀ ਗਈ ਕੰਪਾਊਂਡਿੰਗ ਫੀਸ, ਨਿਰੀਖਣ ਅਤੇ ਤਸਦੀਕ ਵਰਗੇ ਵੱਖ-ਵੱਖ ਮਾਪਦੰਡਾਂ ਤਹਿਤ ਮਿਸਾਲੀ ਕਾਰਗੁਜ਼ਾਰੀ ਦਿਖਾਈ ਗਈ ਹੈ।

ਕੰਪਾਊਂਡਿੰਗ ਫੀਸਾਂ ਦੇ ਮਾਮਲੇ ਵਿੱਚ, ਲੀਗਲ ਮੈਟਰੋਲੋਜੀ ਵਿੰਗ ਨੇ ਜਨਵਰੀ ਤੋਂ ਅਪ੍ਰੈਲ 2026 ਤੱਕ 39.58 ਲੱਖ ਰੁਪਏ ਇਕੱਤਕ ਕੀਤੇ। ਵਿੰਗ ਨੇ ਇਸੇ ਸਮੇਂ ਦੌਰਾਨ 8864 ਨਿਰੀਖਣ ਕੀਤੇ। ਇਸ ਦੇ ਨਾਲ ਹੀ 870 ਚਲਾਨ ਕੀਤੇ ਗਏ।

ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਹੋਰ ਵੀ ਜੋਸ਼ ਅਤੇ ਤਨਦੇਹੀ ਨਾਲ ਕੰਮ ਕਰਨ ਲਈ ਕਿਹਾ।

ਜ਼ਿਕਰਯੋਗ ਹੈ ਕਿ ਵਿੰਗ ਕੋਲ ਅੰਮ੍ਰਿਤਸਰ, ਲੁਧਿਆਣਾ, ਜਲੰਧਰ ਅਤੇ ਪਟਿਆਲਾ ਵਿਖੇ ਵਿਭਾਗ ਦੀ ਮਲਕੀਅਤ ਵਾਲੀਆਂ ਮਿਆਰੀ ਲੈਬਾਂ ਹਨ ਜਦੋਂ ਕਿ ਸਰਹਿੰਦ ਅਤੇ ਖੰਨਾ ਵਿਖੇ ਨਵੀਆਂ ਲੈਬਾਂ ਸਥਾਪਤ ਕੀਤੀਆਂ ਜਾਣਗੀਆਂ।

ਲੀਗਲ ਮੈਟਰੋਲੋਜੀ ਵਿੰਗ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾ ਕੇ ਖਪਤਕਾਰਾਂ ਦੇ ਹਿੱਤਾਂ ਦੀ ਰਾਖੀ ਕਰਨਾ ਹੈ ਕਿ ਵੇਚਿਆ ਅਤੇ ਖਰੀਦਿਆ ਗਿਆ ਸਾਮਾਨ ਦਾਅਵੇ ਮੁਤਾਬਕ ਸੁਚੱਜੀ ਮਾਤਰਾ ਅਤੇ ਗੁਣਵੱਤਾ ਅਨੁਸਾਰ ਹੋਵੇ।

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਭਾਰਤੀ ਖੇਡ ਪ੍ਰਸ਼ਾਸਕ ਅਤੇ ਏਸ਼ੀਆਈ ਖੇਡਾਂ ਵਿੱਚ ਨਿਸ਼ਾਨੇਬਾਜ਼ੀ 'ਚ ਭਾਰਤ ਲਈ ਪਹਿਲਾ ਗੋਲਡ ਮੈਡਲ ਜਿੱਤਣ ਵਾਲੇ ਮਹਾਨ ਖਿਡਾਰੀ ਰਾਜਾ ਰਣਧੀਰ ਸਿੰਘ ਦੇ ਦੇਹਾਂਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਖੇਡਾਂ ਦੀ ਦੁਨੀਆ ਵਿੱਚ ਉਨ੍ਹਾਂ ਦਾ ਯੋਗਦਾਨ ਹਮੇਸ਼ਾ ਯਾਦ ਰੱਖਿਆ ਜਾਵੇਗਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ।

ਸਪੀਕਰ ਸੰਧਵਾਂ ਨੇ ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਬੇਹੱਦ ਦੁੱਖ ਮਹਿਸੂਸ ਕੀਤਾ ਅਤੇ ਉਨ੍ਹਾਂ ਨੇ ਪ੍ਰਮਾਤਮਾ ਅੱਗੇ ਵਿਛੜੀ ਰੂਹ ਦੀ ਸ਼ਾਂਤੀ ਅਤੇ ਇਸ ਦੁੱਖ ਦੀ ਘੜੀ ਵਿੱਚ ਦੁਖੀ ਪਰਿਵਾਰ ਨੂੰ ਇਸ ਨਾ ਪੂਰਾ ਹੋਣ ਵਾਲੇ ਘਾਟੇ ਨੂੰ ਸਹਿਣ ਕਰਨ ਦਾ ਬਲ ਬਖ਼ਸ਼ਣ ਦੀ ਅਰਦਾਸ ਕੀਤੀ।

ਕਿਹਾ : ਰਵਨੀਤ ਬਿੱਟੂ ਖਿਲਾਫ ਕਾਰਵਾਈ ਦਾ ਫੈਸਲਾ ਮੁੱਖ ਮੰਤਰੀ ਮਾਨ ਕਰਨਗੇ
ਚੰਡੀਗੜ੍ਹ/ਬਿਊਰੋ ਨਿਊਜ਼  
ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਭਾਜਪਾ ਆਗੂ ਅਤੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਖਿਲਾਫ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਹਨ। ਇਸਦੇ ਚੱਲਦਿਆਂ ਨਗਰ ਨਿਗਮ ਚੋਣਾਂ ਦੌਰਾਨ ਰਵਨੀਤ ਬਿੱਟੂ ਵਲੋਂ ਕੀਤੀ ਧੱਕੇਸ਼ਾਹੀ ਨੂੰ ਅਮਨ ਅਰੋੜਾ ਨੇ ਗੁੰਡਾਗਰਦੀ ਕਰਾਰ ਦਿੱਤਾ ਹੈ। ਅਰੋੜਾ ਨੇ ਕਿਹਾ ਕਿ ਭਾਜਪਾ ਆਗੂ ਉਂਕਾਰ ਸਿੰਘ ਚੋਣ ਪ੍ਰਚਾਰ ਬੰਦ ਹੋਣ ਤੋਂ ਬਾਅਦ ਵੀ ਪ੍ਰਚਾਰ ਕਰ ਰਹੇ ਸੀ, ਜਿਸ ਨੂੰ ਪੁਲਿਸ ਨੇ ਕਾਬੂ ਕੀਤਾ। ਪਰ ਰਵਨੀਤ ਬਿੱਟੂ ਨੇ ਉਂਕਾਰ ਨੂੰ ਛੁਡਾਉਣ ਲਈ ਹੰਗਾਮਾ ਕੀਤਾ ਅਤੇ ਕਾਨੂੰਨ ਦੀ ਉਲੰਘਣਾ ਕੀਤੀ ਹੈ। ਅਰੋੜਾ ਨੇ ਕਿਹਾ ਕਿ ਰਵਨੀਤ ਬਿੱਟੂ ਨੇ ਮਹਿਲਾਵਾਂ ਦਾ ਵੀ ਅਪਮਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਰਵਨੀਤ ਬਿੱਟੂ ਖਿਲਾਫ ਕਾਰਵਾਈ ਦਾ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ। ਇਸੇ ਦੌਰਾਨ ਅਮਨ ਅਰੋੜਾ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਰਵਾਈ ਜਾ ਰਹੀ ਐਸ.ਆਈ.ਆਰ. ਦੌਰਾਨ ਸੁਚੇਤ ਰਹਿਣ ਦੀ ਲੋੜ ਹੈ ਤਾਂ ਜੋ ਲੋਕਾਂ ਦੀਆਂ ਜਬਰੀ ਵੋਟਾਂ ਨਾ ਕੱਟੀਆਂ ਜਾਣ।

ਚੰਡੀਗੜ੍ਹ/ਮੂਨਕ : ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਸਿਵਲ ਹਸਪਤਾਲ ਮੂਨਕ ਪਹੁੰਚ ਕੇ, ਪਿਛਲੇ ਦਿਨੀਂ ਇੱਕ ਵਿਆਹ ਸਮਾਗਮ ਦੌਰਾਨ ਖਾਣਾ ਖਾਣ ਪਿੱਛੋਂ ਬਿਮਾਰ ਹੋਏ ਵਿਅਕਤੀਆਂ ਨੂੰ ਦਿੱਤੇ ਜਾ ਰਹੇ ਇਲਾਜ ਦਾ ਜਾਇਜ਼ਾ ਲਿਆ। ਮੰਤਰੀ ਨੇ ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਸਿਹਤ ਦਾ ਹਾਲ ਜਾਣਿਆ ਅਤੇ ਅਧਿਕਾਰੀਆਂ ਨੂੰ ਸਾਰੇ ਪ੍ਰਭਾਵਿਤ ਵਿਅਕਤੀਆਂ ਲਈ ਨਿਰੰਤਰ ਮੈਡੀਕਲ ਸਹੂਲਤਾਂ ਅਤੇ ਤੁਰੰਤ ਇਲਾਜ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।

ਦੱਸ ਦੇਈਏ ਕਿ ਪਿਛਲੇ ਦਿਨੀਂ ਮੂਨਕ ਵਿਖੇ ਇੱਕ ਵਿਆਹ ਸਮਾਗਮ ਦੌਰਾਨ ਖਾਣਾ ਖਾਣ ਤੋਂ ਬਾਅਦ ਕਈ ਵਿਅਕਤੀਆਂ, ਜਿਨ੍ਹਾਂ ਵਿੱਚ ਮਹਿਲਾਵਾਂ, ਮਰਦ, ਬੱਚੇ ਅਤੇ ਬਜ਼ੁਰਗ ਸ਼ਾਮਲ ਸਨ, ਦੀ ਅਚਾਨਕ ਤਬੀਅਤ ਵਿਗੜ ਜਾਣ ਤੋਂ ਬਾਅਦ ਉਨ੍ਹਾਂ ਨੂੰ ਮੂਨਕ ਦੇ ਸਿਵਲ ਹਸਪਤਾਲ ਅਤੇ ਕੁਝ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ, ਜੋ ਅੱਜ ਵੀ ਹਸਪਤਾਲ ਵਿੱਚ ਜੇਰੇ ਇਲਾਜ ਹਨ।

ਕੈਬਿਨਟ ਮੰਤਰੀ ਐਡਵੋਕੇਟ ਬਰਿੰਦਰ ਕੁਮਾਰ ਗੋਇਲ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਿਵਲ ਸਰਜਨ ਸੰਗਰੂਰ, ਐਸ.ਡੀ.ਐਮ ਅਤੇ ਹੋਰ ਅਧਿਕਾਰੀਆਂ ਨੂੰ ਤੁਰੰਤ ਹਸਪਤਾਲ ਪਹੁੰਚ ਕੇ ਮਰੀਜ਼ਾਂ ਦਾ ਸਹੀ ਇਲਾਜ ਕਰਵਾਉਣ ਅਤੇ ਹਰ ਤਰ੍ਹਾਂ ਦੀਆਂ ਸਹੂਲਤਾਂ ਉਪਲਬਧ ਕਰਨ ਦੇ ਸਖ਼ਤ ਦਿਸ਼ਾ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਜਦੋਂ ਤੱਕ ਪੂਰਾ ਇਲਾਜ ਨਹੀਂ ਹੋ ਜਾਂਦਾ, ਉਦੋਂ ਤੱਕ ਸਾਰੇ ਸਿਹਤ ਵਿਭਾਗ ਅਤੇ ਪ੍ਰਸ਼ਾਸਨਿਕ ਅਧਿਕਾਰੀ 24 ਘੰਟੇ ਸਥਿਤੀ 'ਤੇ ਨਜ਼ਰ ਰੱਖਣਗੇ, ਜਿਸ ਤਹਿਤ ਸਿਹਤ ਵਿਭਾਗ ਦੇ ਨਾਲ-ਨਾਲ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਹਸਪਤਾਲ ਪਹੁੰਚ ਕੇ ਮਰੀਜ਼ਾਂ ਦੀ ਇਲਾਜ ਪ੍ਰਕਿਰਿਆ ਅਤੇ ਸਹੂਲਤਾਂ ਨੂੰ ਦੇਖਿਆ। ਮਰੀਜ਼ਾਂ ਦੇ ਇਲਾਜ ਵਿੱਚ ਤੇਜ਼ੀ ਲਿਆਂਦੀ ਗਈ ਅਤੇ ਵੱਖ-ਵੱਖ ਸ਼ਹਿਰਾਂ ਤੋਂ ਡਾਕਟਰਾਂ ਦੀਆਂ ਟੀਮਾਂ ਨੂੰ ਬੁਲਾ ਕੇ ਹਰ ਤਰ੍ਹਾਂ ਦੀਆਂ ਸਹੂਲਤਾਂ ਉਪਲਬਧ ਕਰਵਾਈਆਂ ਗਈਆਂ। ਕੁਝ ਮਰੀਜ਼ਾਂ ਨੂੰ ਸੰਗਰੂਰ ਰੈਫਰ ਵੀ ਕੀਤਾ ਗਿਆ।

ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਕੁਮਾਰ ਗੋਇਲ ਨੇ ਸਿਵਲ ਹਸਪਤਾਲ ਮੂਨਕ ਪਹੁੰਚ ਕੇ ਮਰੀਜ਼ਾਂ ਦਾ ਹਾਲ ਜਾਣਿਆ ਤੇ ਪ੍ਰਬੰਧਾਂ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਉਨ੍ਹਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ, ਡਾਕਟਰਾਂ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਤੋਂ ਸਾਰੇ ਘਟਨਾਕ੍ਰਮ ਦੀ ਪੂਰੀ ਜਾਣਕਾਰੀ ਵੀ ਹਾਸਿਲ ਕੀਤੀ।

ਇਸ ਉਪਰੰਤ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਵਿਆਹ ਵਿੱਚ ਖਾਣਾ ਖਾਣ ਤੋਂ ਬਾਅਦ 72 ਦੇ ਕਰੀਬ ਵਿਅਕਤੀਆਂ ਨੂੰ ਸਰਕਾਰੀ ਹਸਪਤਾਲ ਅਤੇ ਕੁਝ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਰਮਾਤਮਾ ਦਾ ਸ਼ੁਕਰ ਹੈ ਕਿ ਸਾਰੇ ਖਤਰੇ ਤੋਂ ਬਾਹਰ ਹਨ। ਉਨ੍ਹਾਂ ਦੱਸਿਆ ਕਿ ਕੌਹਰੀਆਂ, ਸੰਗਰੂਰ, ਭਵਾਨੀਗੜ੍ਹ ਅਤੇ ਲਹਿਰਾਗਾਗਾ ਤੋਂ ਡਾਕਟਰਾਂ ਦੀਆਂ ਟੀਮਾਂ ਮਰੀਜ਼ਾਂ ਦਾ ਇਲਾਜ ਕਰ ਰਹੀਆਂ ਹਨ।

ਪਟਿਆਲਾ ਤੋਂ ਵੀ ਮਾਹਿਰ ਡਾਕਟਰਾਂ ਦੀ ਇੱਕ ਟੀਮ ਮੂਨਕ ਹਸਪਤਾਲ ਪਹੁੰਚ ਰਹੀ ਹੈ। ਸਿਵਲ ਸਰਜਨ ਸੰਗਰੂਰ ਖੁਦ ਸਾਰੇ ਮਿਸ਼ਨ ਦੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਡਾਇਰੈਕਟਰ ਹੈਲਥ ਨਾਲ ਵੀ ਗੱਲਬਾਤ ਹੋ ਚੁੱਕੀ ਹੈ ਤਾਂ ਜੋ ਮਰੀਜ਼ਾਂ ਦੇ ਇਲਾਜ ਵਿੱਚ ਕੋਈ ਕਮੀ ਨਾ ਰਹਿ ਜਾਵੇ। ਉਨ੍ਹਾਂ ਕਿਹਾ ਕਿ ਮਰੀਜ਼ਾਂ ਦੇ ਇਲਾਜ ਵਿੱਚ ਕੋਈ ਕਮੀ ਜਾਂ ਢਿਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਲਈ ਤਿੰਨ ਐਬੂਲੈਂਸਾਂ ਨੂੰ ਮੌਕੇ 'ਤੇ ਤਿਆਰ ਰੱਖਿਆ ਗਿਆ ਹੈ। ਸਾਰੇ ਮਰੀਜ਼ਾਂ ਨੇ ਹਸਪਤਾਲ ਵਿੱਚ ਮਿਲ ਰਹੀਆਂ ਮੈਡੀਕਲ ਸਹੂਲਤਾਂ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ।

ਇਸ ਦੌਰਾਨ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਦੁੱਧ ਅਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਵਿੱਚ ਮਿਲਾਵਟਖੋਰੀ ਵਿਰੁੱਧ ਕੇਂਦਰ ਸਰਕਾਰ ਨੂੰ ਸਮੁੱਚੇ ਦੇਸ਼ ਅੰਦਰ ਸਖ਼ਤ ਕਾਨੂੰਨ ਬਣਾਉਣਾ ਚਾਹੀਦਾ ਹੈ ਤਾਂ ਜੋ ਮਿਲਾਵਟਖੋਰੀ ਕਾਰਨ ਹੋਣ ਵਾਲੇ ਹਾਦਸਿਆਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਇਸ 'ਤੇ ਯੋਗ ਕਾਰਵਾਈ ਕਰੇਗੀ।

ਕਿਹਾ : ਪ੍ਰਚਾਰ ਡਿਫੈਂਡਰਾਂ ’ਤੇ ਅਤੇ ਵੋਟ ਪਾਉਣ ਰੇਹੜਿਆਂ ’ਤੇ
ਚੰਡੀਗੜ੍ਹ/ਬਿਊਰੋ ਨਿਊਜ਼
ਨਗਰ ਨਿਗਮ ਅਤੇ ਕੌਂਸਲ ਚੋਣਾਂ ਦੌਰਾਨ ਜਿੱਥੇ ਮਾਹੌਲ ਗਰਮਾਇਆ ਰਿਹਾ, ਉਥੇ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਉਨ੍ਹਾਂ ਦੀ ਪਤਨੀ ਅੰਮਿ੍ਰਤਾ ਵੜਿੰਗ ਵਲੋਂ ਚੋਣ ਪ੍ਰਚਾਰ ਦੌਰਾਨ ਕੀਤੀ ਗਈ ਬੈਲ ਗੱਡੀ ਦੀ ਸਵਾਰੀ ਸਿਆਸੀ ਚਰਚਾ ਦਾ ਵਿਸ਼ਾ ਬਣ ਗਈ ਹੈ। ਇਸ ਘਟਨਾ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਾਂਗਰਸੀ ਆਗੂਆਂ ’ਤੇ ਤਨਜ਼ ਕਸਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸੀ ਆਗੂਆਂ ਦੇ ਪ੍ਰਚਾਰ ਦੇ ਤਰੀਕਿਆਂ ’ਤੇ ਚੁਟਕੀ ਲੈਂਦਿਆਂ ਕਿਹਾ ਕਿ ‘‘ਮਾੜੇ ਦਿਨਾਂ ਦੀ ਨਿਸ਼ਾਨੀ ਕੰਮਾਂ ਕਿਹੜਿਆਂ ’ਤੇ ਆ ਗਏ - ਪ੍ਰਚਾਰ ਡਿਫੈਂਡਰਾਂ ’ਤੇ ਅਤੇ ਵੋਟ ਪਾਉਣ ਰੇਹੜਿਆਂ ’ਤੇ ਆ ਗਏ।’’ ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਨਗਰ ਨਿਗਮ ਚੋਣਾਂ ਦੌਰਾਨ ਰਾਜਾ ਵੜਿੰਗ ਅਤੇ ਉਨ੍ਹਾਂ ਪਤਨੀ ਅੰਮਿ੍ਰਤਾ ਵੜਿੰਗ ਇਕ ਰੇਹੜੇ ’ਤੇ ਬੈਠ ਕੇ ਵੋਟ ਪਾਉਣ ਪਹੁੰਚੇ ਸਨ। ਉਧਰ ਦੂਜੇ ਪਾਸੇ ਰਾਜਾ ਵੜਿੰਗ ਨੇ ਵੀ ਮੁੱਖ ਮੰਤਰੀ ਮਾਨ ’ਤੇ ਭਾਜਪਾ ਨਾਲ ਸਿਆਸੀ ਸਮਝੌਤੇ ਅਤੇ ਧੂਰੀ ਵਿਚ ਪੁਲਿਸ ਦੇ ਮਸਲਿਆਂ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ।

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ ਦੌਰਾਨ, ਪੁਲਿਸ ਥਾਣਾ ਡਿਵੀਜ਼ਨ ਨੰਬਰ 8, ਲੁਧਿਆਣਾ ਵਿਖੇ ਤਾਇਨਾਤ ਸਹਾਇਕ ਸਬ-ਇੰਸਪੈਕਟਰ ਹਰਦੀਪ ਸਿੰਘ ਨੂੰ 14,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

ਅੱਜ ਇੱਥੇ ਇਸ ਬਾਰੇ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਗੋਪਾਲ ਨਗਰ, ਹੈਬੋਵਾਲ ਕਲਾਂ ਲੁਧਿਆਣਾ ਦੇ ਇੱਕ ਨਿਵਾਸੀ ਦੁਆਰਾ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਦੇ ਕਹਿਣ ਅਨੁਸਾਰ ਉਸਦੀ ਧੀ, ਜਿਸਦੀ ਉਮਰ ਤਕਰੀਬਨ 22 ਸਾਲ ਹੈ, ਨੇ ਸਰਕਾਰੀ ਆਈਟੀਆਈ ਲੁਧਿਆਣਾ ਤੋਂ ਟੇਲਰਿੰਗ ਦਾ ਕੋਰਸ ਪਾਸ ਕੀਤਾ ਸੀ। ਉਹ ਆਪਣਾ ਰਿਜ਼ਲਟ ਲੈਣ ਲਈ ਸਰਕਾਰੀ ਆਈਟੀਆਈ ਘੁਮਾਰ ਮੰਡੀ ਗਈ ਸੀ, ਪਰ ਉਹ ਸ਼ਾਮ ਤੱਕ ਘਰ ਨਹੀਂ ਪਰਤੀ। ਸ਼ਿਕਾਇਤਕਰਤਾ ਨੇ ਆਪਣੇ ਪੱਧਰ 'ਤੇ ਉਸਦੀ ਭਾਲ ਕੀਤੀ, ਪਰ ਉਸਦੀ ਧੀ ਨਹੀਂ ਮਿਲੀ, ਜਿਸ ਦੇ ਚਲਦਿਆਂ ਸ਼ਿਕਾਇਤਕਰਤਾ ਨੇ ਆਪਣੀ ਧੀ ਦੇ ਗੁੰਮ ਹੋਣ ਸਬੰਧੀ ਪੁਲਿਸ ਥਾਣਾ ਡਿਵੀਜ਼ਨ ਨੰਬਰ-8 ਲੁਧਿਆਣਾ ਵਿਖੇ ਡਿਊਟੀ ਅਫ਼ਸਰ ਏ.ਐਸ.ਆਈ. ਹਰਦੀਪ ਸਿੰਘ ਕੋਲ ਰਿਪੋਰਟ ਦਰਜ ਕਰਵਾਈ। ਮੁਲਜ਼ਮ ਏਐਸਆਈ ਹਰਦੀਪ ਸਿੰਘ ਨੇ ਸ਼ਿਕਾਇਤਕਰਤਾ ਨੂੰ ਥਾਣੇ ਬੁਲਾਇਆ ਅਤੇ ਉਸਦੀ ਦਰਖ਼ਾਸਤ 'ਤੇ ਕਾਰਵਾਈ ਕਰਨ ਲਈ 20,000 ਰੁਪਏ ਰਿਸ਼ਵਤ ਮੰਗੀ ਅਤੇ ਮੌਕੇ 'ਤੇ ਹੀ ਉਸਤੋਂ 6000 ਰੁਪਏ ਵੀ ਲੈ ਲਏ।

ਬੁਲਾਰੇ ਨੇ ਅੱਗੇ ਦੱਸਿਆ ਕਿ ਸੀਨੀਅਰ ਅਧਿਕਾਰੀਆਂ ਦੇ ਹੁਕਮਾਂ ਤੋਂ ਬਾਅਦ, ਪੁਲਿਸ ਥਾਣਾ ਡਿਵੀਜ਼ਨ ਨੰਬਰ-08, ਲੁਧਿਆਣਾ ਵਿਖੇ ਐਫਆਈਆਰ ਦਰਜ ਕੀਤੀ ਗਈ। ਮੁਲਜ਼ਮ ਏਐਸਆਈ ਹਰਦੀਪ ਸਿੰਘ ਨੇ ਸ਼ਿਕਾਇਤਕਰਤਾ ਐਫਆਈਆਰ ਦੀ ਕਾਪੀ ਦੇਣ ਅਤੇ ਇਸ 'ਤੇ ਅਗਲੀ ਕਾਰਵਾਈ ਕਰਨ ਲਈ ਸ਼ਿਕਾਇਤਕਰਤਾ ਤੋਂ ਬਾਕੀ ਰਹਿੰਦੇ 14,000 ਦੇਣ ਲਈ ਕਿਹਾ।

ਰਿਸ਼ਵਤ ਦੇਣ ਲਈ ਰਾਜ਼ੀ ਨਾ ਹੋਣ ਕਰਕੇ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਰੇਂਜ ਲੁਧਿਆਣਾ ਨਾਲ ਸੰਪਰਕ ਕੀਤਾ ਅਤੇ ਉਸਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਜਿਸ ਦੌਰਾਨ ਦੋਸ਼ੀ ਏਐਸਆਈ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 14,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਗਿਆ।

ਇਸ ਸਬੰਧ ਵਿੱਚ ਮੁਲਜ਼ਮ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਓਰੋ ਦੇ ਲੁਧਿਆਣਾ ਪੁਲਿਸ ਥਾਣਾ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਇਸਦੀ ਅਗਲੇਰੀ ਜਾਂਚ ਜਾਰੀ ਹੈ।

ਚੰਡੀਗੜ੍ਹ : ਸਥਾਨਕ ਸਰਕਾਰਾਂ ਵਿਭਾਗ, ਪੰਜਾਬ ਦੁਆਰਾ ਪੰਜਾਬ ਮਿਊਂਸੀਪਲ ਐਕਟ, 1911 ਦੀ ਧਾਰਾ 13-ਏ ਅਧੀਨ ਜਾਰੀ ਨੋਟੀਫਿਕੇਸ਼ਨ ਨੰਬਰ 03/01/ਈਲੈਕਸ਼ਨਸ(ਐਸ-2)/ਐਮਈਬੀ/2026/78 ਮਿਤੀ 21.05.2026 ਅਨੁਸਾਰ ਰਾਜ ਚੋਣ ਕਮਿਸ਼ਨ ਪੰਜਾਬ ਨੇ ਨਗਰ ਕੌਂਸਲ ਦੀਨਾਨਗਰ, ਨਗਰ ਕੌਂਸਲ ਗੁਰਦਾਸਪੁਰ, ਨਗਰ ਕੌਂਸਲ ਕਾਦੀਆਂ ਅਤੇ ਨਗਰ ਕੌਂਸਲ ਸ਼ਾਮ ਚੌਰਾਸੀ ਦੇ ਮੈਂਬਰਾਂ ਦੀ ਚੋਣ ਲਈ ਆਮ ਚੋਣਾਂ ਕਰਵਾਉਣ ਦੀਆਂ ਤਰੀਕਾਂ ਦਾ ਐਲਾਨ ਕੀਤਾ ਹੈ।

ਚੋਣ ਸ਼ਡਿਊਲ ਅਨੁਸਾਰ, ਨਾਮਜ਼ਦਗੀ ਪੱਤਰ 30.05.2026 (ਸ਼ਨੀਵਾਰ) ਨੂੰ ਸਵੇਰੇ 11:00 ਵਜੇ ਤੋਂ ਦੁਪਹਿਰ 03:00 ਵਜੇ ਤੱਕ ਸਬੰਧਤ ਰਿਟਰਨਿੰਗ ਅਫਸਰ ਦੇ ਦਫ਼ਤਰ ਵਿਖੇ ਦਾਖਲ ਕੀਤੇ ਜਾਣੇ ਸ਼ੁਰੂ ਹੋਣਗੇ ਅਤੇ ਆਖਰੀ ਮਿਤੀ 03.06.2026 (ਬੁੱਧਵਾਰ) ਦੁਪਹਿਰ 03:00 ਵਜੇ ਤੱਕ ਦਾਖਲ ਕੀਤੇ ਜਾ ਸਕਦੇ ਹਨ। ਨਾਮਜ਼ਦਗੀਆਂ ਦੀ ਜਾਂਚ 04.06.2026 (ਵੀਰਵਾਰ) ਨੂੰ ਹੋਵੇਗੀ। ਨਾਮਜ਼ਦਗੀਆਂ ਵਾਪਸ ਲੈਣ ਦੀ ਮਿਤੀ 05.06.2026 (ਸ਼ੁੱਕਰਵਾਰ) ਦੁਪਹਿਰ 03:00 ਵਜੇ ਤੱਕ ਹੋਵੇਗੀ। ਇਨ੍ਹਾਂ ਨਗਰ ਕੌਂਸਲਾਂ ਦੀਆਂ ਚੋਣਾਂ 13.06.2026 (ਸ਼ਨੀਵਾਰ) ਨੂੰ ਸਵੇਰੇ 08:00 ਵਜੇ ਤੋਂ ਸ਼ਾਮ 04:00 ਵਜੇ ਤੱਕ ਹੋਣਗੀਆਂ। ਵੋਟਾਂ ਦੀ ਗਿਣਤੀ ਵੋਟਾਂ ਪੈਣ ਤੋਂ ਤੁਰੰਤ ਬਾਅਦ ਉਸੇ ਦਿਨ ਕੀਤੀ ਜਾਵੇਗੀ।

ਕਮਿਸ਼ਨ ਨੇ ਇਨ੍ਹਾਂ ਚੋਣਾਂ ਨੂੰ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ।

ਚੋਣ ਸ਼ਡਿਊਲ ਦੇ ਐਲਾਨ ਨਾਲ, ਇਨ੍ਹਾਂ ਨਗਰ ਕੌਂਸਲਾਂ ਦੇ ਅਧਿਕਾਰ ਖੇਤਰ ਵਿੱਚ, ਜਿੱਥੇ ਚੋਣਾਂ ਹੋਣੀਆਂ ਹਨ, ਆਦਰਸ਼ ਚੋਣ ਜ਼ਾਬਤਾ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ ਅਤੇ ਇਹ ਚੋਣ ਪ੍ਰਕਿਰਿਆ ਦੇ ਮੁਕੰਮਲ ਹੋਣ ਤੱਕ ਲਾਗੂ ਰਹੇਗਾ।

ਚੰਡੀਗੜ੍ਹ, 27 ਮਈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਅਤੇ ਮੁੜ ਵਸੇਬੇ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ।

ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਨੇ ਅਧਿਕਾਰੀਆਂ ਨੂੰ ਪੰਜਾਬ ਐਕਸ-ਸਰਵਿਸਮੈਨ ਕਾਰਪੋਰੇਸ਼ਨ (ਪੈਸਕੋ) ਨੂੰ ਹੋਰ ਮਜ਼ਬੂਤ ਕਰਨ ਲਈ ਠੋਸ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਰੁਜ਼ਗਾਰ ਦੇ ਬਿਹਤਰ ਮੌਕੇ ਅਤੇ ਭਲਾਈ ਸਕੀਮਾਂ ਦੇ ਲਾਭ ਪ੍ਰਦਾਨ ਕੀਤੇ ਜਾ ਸਕਣ।

ਪੰਜਾਬ ਸਿਵਲ ਸਕੱਤਰੇਤ ਵਿਖੇ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ, ਕੈਬਨਿਟ ਮੰਤਰੀ ਨੇ ਪੈਸਕੋ ਦੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਸਾਬਕਾ ਸੈਨਿਕਾਂ ਦੇ ਹਿੱਤਾਂ ਲਈ ਵਧੇਰੇ ਕੁਸ਼ਲਤਾ ਤੇ ਤਨਦੇਹੀ ਨਾਲ ਕੰਮ ਕਰਨ ਅਤੇ ਭਲਾਈ ਸਕੀਮਾਂ ਨੂੰ ਸਮੇਂ ਸਿਰ ਲਾਗੂ ਕਰਨ 'ਤੇ ਜ਼ੋਰ ਦਿੱਤਾ।

ਮੀਟਿੰਗ ਦੌਰਾਨ, ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਸੁਮੇਰ ਸਿੰਘ ਗੁਰਜਰ, ਪੈਸਕੋ ਦੇ ਮੈਨੇਜਿੰਗ ਡਾਇਰੈਕਟਰ ਮੇਜਰ ਜਨਰਲ ਹਰਮਨਦੀਪ ਸਿੰਘ (ਸੇਵਾਮੁਕਤ) ਅਤੇ ਜਨਰਲ ਮੈਨੇਜਰ (ਪ੍ਰਸ਼ਾਸਨ) ਐਨ.ਐਸ. ਘੁੰਮਣ ਨੇ ਮੰਤਰੀ ਨੂੰ ਕਾਰਪੋਰੇਸ਼ਨ ਦੇ ਚੱਲ ਰਹੇ ਵੱਖ-ਵੱਖ ਪ੍ਰੋਗਰਾਮਾਂ ਅਤੇ ਪ੍ਰਬੰਧਕੀ ਮਾਮਲਿਆਂ ਬਾਰੇ ਜਾਣੂ ਕਰਵਾਇਆ। ਮੀਟਿੰਗ ਦੌਰਾਨ ਵਿੱਤੀ ਪ੍ਰਬੰਧਨ, ਕਰਮਚਾਰੀਆਂ ਦੇ ਬੀਮਾ ਕਵਰੇਜ, ਤਨਖਾਹਾਂ ਦੀ ਸੁਚਾਰੂ ਵੰਡ, ਸੁਰੱਖਿਆ ਗਾਰਡਾਂ ਦੀ ਸਿਖਲਾਈ, ਵਿਭਾਗੀ ਸੰਪਤੀਆਂ ਦੀ ਸਾਂਭ-ਸੰਭਾਲ, ਅਗਨੀਵੀਰਾਂ ਲਈ ਰੁਜ਼ਗਾਰ ਦੇ ਮੌਕੇ ਅਤੇ ਪੁਰਾਣੀਆਂ ਸਿਖਲਾਈ ਸੰਸਥਾਵਾਂ ਨੂੰ ਅਪਗ੍ਰੇਡ ਕਰਨ ਬਾਰੇ ਵਿਆਪਕ ਵਿਚਾਰ-ਵਟਾਂਦਰਾ ਕੀਤਾ ਗਿਆ।

ਮੰਤਰੀ ਨੇ ਅਧਿਕਾਰੀਆਂ ਨੂੰ ਸਾਰੀਆਂ ਭਲਾਈ ਸਕੀਮਾਂ ਦੀ ਪਾਰਦਰਸ਼ਤਾ, ਕੁਸ਼ਲਤਾ ਅਤੇ ਸਮੇਂ ਸਿਰ ਲਾਗੂਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸਾਬਕਾ ਸੈਨਿਕਾਂ ਨੇ ਦੇਸ਼ ਲਈ ਵੱਡਮੁੱਲੀਆਂ ਸੇਵਾਵਾਂ ਨਿਭਾਈਆਂ ਹਨ ਅਤੇ ਉਨ੍ਹਾਂ ਦੇ ਮਾਣ-ਸਨਮਾਨ, ਭਲਾਈ ਅਤੇ ਆਰਥਿਕ ਸੁਰੱਖਿਆ ਨੂੰ ਯਕੀਨੀ ਬਣਾਉਣਾ ਸੂਬਾ ਸਰਕਾਰ ਦੀ ਤਰਜੀਹ ਹੈ। ਉਨ੍ਹਾਂ ਅੱਗੇ ਕਿਹਾ ਕਿ ਪੈਸਕੋ ਨੂੰ ਅਪਗ੍ਰੇਡ ਕਰਨ ਅਤੇ ਸੂਬੇ ਭਰ ਵਿੱਚ ਸਾਬਕਾ ਸੈਨਿਕਾਂ ਲਈ ਰੁਜ਼ਗਾਰ ਦੇ ਮੌਕਿਆਂ ਵਿੱਚ ਵਾਧਾ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ।

ਚੰਡੀਗੜ੍ਹ : ਪੰਜਾਬ ਨਗਰ ਨਿਗਮ ਚੋਣਾਂ 2026 ਲਈ ਕੁੱਲ 63.94 ਫ਼ੀਸਦ ਵੋਟਾਂ ਪਈਆਂ। ਵੱਖ-ਵੱਖ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਲਈ ਪ੍ਰਤੀਨਿਧੀਆਂ ਦੀ ਚੋਣ ਲਈ ਵੋਟਿੰਗ ਕਰਵਾਈ ਗਈ।

ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸਵੇਰੇ 8:00 ਵਜੇ ਵੋਟਿੰਗ ਸ਼ੁਰੂ ਹੋਈ ਅਤੇ ਦਿਨ ਭਰ ਵੋਟਰਾਂ ਦੀ ਭੀੜ ਲੱਗੀ ਰਹੀ। ਸ਼ਹਿਰੀ ਅਤੇ ਅਰਧ-ਸ਼ਹਿਰੀ ਇਲਾਕਿਆਂ ਵਿੱਚ ਪੋਲਿੰਗ ਬੂਥਾਂ ਦੇ ਬਾਹਰ ਲੰਬੀਆਂ ਕਤਾਰਾਂ ਦੇਖੀਆਂ ਗਈਆਂ, ਜੋ ਵੱਡੀ ਗਿਣਤੀ ਵਿੱਚ ਨਾਗਰਿਕਾਂ ਦੀ ਸ਼ਮੂਲੀਅਤ ਨੂੰ ਦਰਸਾਉਂਦੀਆਂ ਹਨ।

ਰਾਜ ਚੋਣ ਕਮਿਸ਼ਨ ਨੇ ਪੁਸ਼ਟੀ ਕੀਤੀ ਕਿ ਸੂਬੇ ਭਰ ਵਿੱਚ ਵੋਟਿੰਗ ਪ੍ਰਕਿਰਿਆ ਵੱਡੇ ਪੱਧਰ 'ਤੇ ਸ਼ਾਂਤੀਪੂਰਨ ਰਹੀ।

ਰਾਜ ਚੋਣ ਕਮਿਸ਼ਨ ਨੇ ਸਥਾਨਕ ਪ੍ਰਸ਼ਾਸਨ ਨੂੰ ਮਜ਼ਬੂਤ ਕਰਨ ਵਿੱਚ ਉਤਸ਼ਾਹਜਨਕ ਭਾਗੀਦਾਰੀ ਲਈ ਪੰਜਾਬ ਦੇ ਵੋਟਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਇਸ ਲੋਕਤੰਤਰੀ ਪ੍ਰਕਿਰਿਆ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਪੋਲਿੰਗ ਸਟਾਫ, ਸੁਰੱਖਿਆ ਕਰਮੀਆਂ ਅਤੇ ਸਥਾਨਕ ਪ੍ਰਸ਼ਾਸਨ ਦੀ ਵੀ ਸ਼ਲਾਘਾ ਕੀਤੀ।

ਵੋਟਾਂ ਦੀ ਗਿਣਤੀ 29 ਮਈ 2026 ਨੂੰ ਹੋਵੇਗੀ। ਨਗਰ ਨਿਗਮ ਚੋਣਾਂ 2026 ਦਾ ਵਿਸਤ੍ਰਿਤ ਸਾਰ ਨਾਲ ਨੱਥੀ ਕੀਤਾ ਗਿਆ ਹੈ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.