Sunday, 14 June 2026

ਅਮਰੀਕਾ ਪ੍ਰਸ਼ਾਸਨ ਟਰਾਂਸਜੈਂਡਰਾਂ ਬਾਰੇ ਵੀ ਲੈਣ ਲੱਗਾ ਫੈਸਲੇ

ਵਾਸ਼ਿੰਗਟਨ/ਬਿਊਰੋ ਨਿਊਜ਼ 

ਅਮਰੀਕਾ ਵਿੱਚ ਸਮਾਜਿਕ ਸੁਰੱਖਿਆ ਪ੍ਰਸ਼ਾਸਨ ਕੁੱਲ 60,000 ਕਰਮਚਾਰੀਆਂ ਵਿੱਚੋਂ ਘੱਟ ਤੋਂ ਘੱਟ 7,000 ਦੀ ਛਾਂਟੀ ਕਰਨ ਦੀ ਤਿਆਰੀ ਕਰ ਰਿਹਾ ਹੈ। ਮੀਡੀਆ ਤੋਂ ਮਿਲ ਰਹੀਆਂ ਰਿਪੋਰਟਾਂ ਮੁਤਾਬਕ ਕਰਮਚਾਰੀਆਂ ਦੀ ਇਹ ਛਾਂਟੀ 50 ਫੀਸਦੀ ਤੱਕ ਪਹੁੰਚ ਸਕਦੀ ਹੈ। ਇਸ ਸਬੰਧੀ ਇਕ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਕਰਮਚਾਰੀਆਂ ਦੀ ਗਿਣਤੀ ’ਚ ਕਟੌਤੀ ਸਮੇਤ ਵੱਖ-ਵੱਖ ਯੋਜਨਾਵਾਂ ਦੀ ਰੂਪ ਰੇਖਾ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਰਾਂਸਜੈਂਡਰਾਂ ਬਾਰੇ ਵੀ ਫੈਸਲੇ ਲਏ ਹਨ। ਟਰੰਪ ਨੇ ਕਿਹਾ ਕਿ ਇਕ ਆਦਮੀ ਜੋ ਆਪਣੀ ਪਛਾਣ ਔਰਤ ਵਜੋਂ ਦੱਸਦਾ ਹੈ, ਉਹ ਸਿਪਾਹੀ ਨਹੀਂ ਬਣ ਸਕਦਾ। ਕਿਹਾ ਗਿਆ ਕਿ ਹੁਣ ਟਰਾਂਸਜੈਂਡਰ ਵਿਅਕਤੀਆਂ ਨੂੰ ਅਮਰੀਕੀ ਫੌਜ ਵਿਚ ਸ਼ਾਮਲ ਹੋਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ। ਮੀਡੀਆ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਅਮਰੀਕੀ ਫੌਜ ਵਿਚ 15 ਹਜ਼ਾਰ ਤੋਂ ਵੱਧ ਟਰਾਂਸਜੈਂਡਰ ਸੇਵਾਵਾਂ ਨਿਭਾਉਂਦੇ ਹਨ।     

 

ਡੋਨਾਲਡ ਟਰੰਪ ਨੇ ਗੈਰਕਾਨੂੰਨੀ ਪਰਵਾਸੀਆਂ ਖਿਲਾਫ ਸ਼ੁਰੂ ਕੀਤੀ ਕਾਰਵਾਈ

ਨਵੀਂ ਦਿੱਲੀ/ਬਿਊਰੋ ਨਿਊਜ਼ 

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗੈਰਕਾਨੂੰਨੀ ਪਰਵਾਸੀਆਂ ਦੇ ਖਿਲਾਫ ਕਾਰਵਾਈ ਤੇਜ਼ ਕਰ ਦਿੱਤੀ ਹੈ। ਇਸਦੇ ਚੱਲਦਿਆਂ ਅਮਰੀਕਾ ਤੋਂ 205 ਭਾਰਤੀਆਂ ਨੂੰ ਵਾਪਸ ਭੇਜ ਦਿੱਤਾ ਹੈ ਅਤੇ ਦੱਸਿਆ ਗਿਆ ਇਹ ਸਾਰੇ 205 ਵਿਅਕਤੀ ਗੈਰਕਾਨੂੰਨੀ ਤੌਰ ’ਤੇ ਅਮਰੀਕਾ ਵਿਚ ਰਹਿ ਰਹੇ ਸਨ। ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਯੂਐਸ ਏਅਰਫੋਰਸ ਦਾ ਜਹਾਜ਼ ਗੈਰਕਾਨੂੰਨੀ ਪਰਵਾਸੀਆਂ ਨੂੰ ਲੈ ਕੇ ਭਾਰਤ ਲਈ ਰਵਾਨਾ ਵੀ ਹੋ ਚੁੱਕਾ ਹੈ ਅਤੇ ਇਸ ਜਹਾਜ਼ ਵਿਚ 205 ਵਿਅਕਤੀ ਸਵਾਰ ਹਨ। ਇਸ ਵਾਪਸੀ ਦੀ ਪ੍ਰਕਿਰਿਆ ਵਿਚ ਭਾਰਤ ਵੀ ਸ਼ਾਮਲ ਰਿਹਾ ਹੈ। ਦੱਸਣਯੋਗ ਹੈ ਕਿ ਡੋਨਾਲਡ ਟਰੰਪ ਨੇ ਅਮਰੀਕਾ ਵਿਚੋਂ ਗੈਰਕਾਨੂੰਨੀ ਪਰਵਾਸੀਆਂ ਨੂੰ ਬਾਹਰ ਕੱਢਣ ਦਾ ਦੇਸ਼ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ। ਟਰੰਪ ਪ੍ਰਸ਼ਾਸਨ ਗੈਰਕਾਨੂੰਨੀ ਪਰਵਾਸੀਆਂ ਬਾਰੇ ਸ਼ਹਿਣਸ਼ੀਲਤਾ ਦੀ ਨੀਤੀ ਅਪਣਾ ਰਿਹਾ ਹੈ, ਜਿਸ ਨਾਲ ਭਵਿੱਖ ਵਿਚ ਹੋਰ ਪਰਵਾਸੀਆਂ ਨੂੰ ਡਿਪੋਰਟ ਕੀਤੇ ਜਾਣ ਦੀ ਸੰਭਾਵਨਾ ਜਤਾਈ ਗਈ ਹੈ।

ਅਮਰੀਕਾ ਤੋਂ ਪਨਾਮਾ ਰਸਤੇ ਹੋਰ 4 ਪੰਜਾਬੀ ਕੀਤੇ ਗਏ ਡਿਪੋਰਟ

ਨਵੀਂ ਦਿੱਲੀ/ਬਿਊਰੋ ਨਿਊਜ਼ 

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਗੈਰਕਾਨੂੰਨੀ ਵਿਦੇਸ਼ੀ ਨਾਗਰਿਕਾਂ ਨੂੰ ਵੱਡੇ ਪੱਧਰ ’ਤੇ ਕੱਢਣ ਦੇ ਆਪਣੇ ਫੈਸਲੇ ਨੂੰ ਸਹੀ ਠਹਿਰਾਇਆ ਹੈ। ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਭਿ੍ਰਸ਼ਟਾਚਾਰ ਖਤਮ ਕਰਕੇ ਧੋਖੇਬਾਜ਼ਾਂ, ਠੱਗਾਂ ਤੇ ‘ਡੀਪ ਸਟੇਟ’ ਨੌਕਰਸ਼ਾਹਾਂ ਨੂੰ ਘਰ ਭੇਜ ਰਿਹਾ ਹੈ। ਟਰੰਪ ਨੇ ਗੈਰਕਾਨੂੰਨੀ ਪਰਵਾਸੀਆਂ ਨੂੰ ਵੱਡੇ ਪੱਧਰ ’ਤੇ ਕੱਢਣ ਨੂੰ ਆਪਣੀ ਪ੍ਰਮੁੱਖ ਨੀਤੀ ਬਣਾ ਲਿਆ ਹੈ। ਇਸੇ ਦੌਰਾਨ ਅਮਰੀਕਾ ਸਰਕਾਰ ਵੱਲੋਂ 4 ਹੋਰ ਪੰਜਾਬੀਆਂ ਨੂੰ ਪਨਾਮਾ ਰਸਤਿਓਂ ਵਾਪਸ ਭੇਜਿਆ ਗਿਆ ਹੈ। ਅਮਰੀਕਾ ਤੋਂ ਵਾਪਸ ਭੇਜੇ ਗਏ 4 ਵਿਅਕਤੀਆਂ ਵਿੱਚ ਪਟਿਆਲਾ ਦਾ ਇਕ, ਜਲੰਧਰ ਦਾ ਇਕ ਅਤੇ ਗੁਰਦਾਸਪੁਰ ਦੇ ਦੋ ਵਿਅਕਤੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ 12 ਵਿਅਕਤੀਆਂ ਨੂੰ ਅਮਰੀਕਾ ਤੋਂ ਵਾਪਸ ਭੇਜਿਆ ਗਿਆ ਸੀ ਜਿਨ੍ਹਾਂ ਵਿੱਚ ਇਹ ਚਾਰ ਪੰਜਾਬੀ ਵੀ ਸ਼ਾਮਿਲ ਹਨ। ਇਹ ਸਾਰੇ ਪਨਾਮਾ ਤੋਂ ਇਸਤਾਂਬੁਲ ਰਸਤੇ ਦਿੱਲੀ ਪੁੱਜੇ ਹਨ ਅਤੇ ਦਿੱਲੀ ਹਵਾਈ ਅੱਡੇ ਤੋਂ ਪੰਜਾਬ ਨਾਲ ਸਬੰਧਤ ਇਨ੍ਹਾਂ ਚਾਰ ਵਿਅਕਤੀਆਂ ਨੂੰ ਇੱਕ ਘਰੇਲੂ ਉਡਾਣ ਰਾਹੀਂ ਅੰਮਿ੍ਰਤਸਰ ਭੇਜਿਆ ਗਿਆ ਹੈ।

 

ਚੰਦਰਿਕਾ ਟੰਡਨ ਨੇ ਸੰਗੀਤ ਨੂੰ ਪ੍ਰੇਮ, ਆਸ਼ਾ ਦੀ ਕਿਰਨ ਤੇ ਹਾਸਾ ਦੱਸਿਆ

ਲਾਸ ਏਂਜਲਸ/ਬਿਊਰੋ ਨਿਊਜ਼ 

ਚੇਨਈ ਵਿਚ ਜਨਮੀ ਭਾਰਤੀ-ਅਮਰੀਕੀ ਕਾਰੋਬਾਰੀ ਅਤੇ ਸੰਗੀਤਕਾਰ ਚੰਦਰਿਕਾ ਟੰਡਨ ਨੇ 67ਵੇਂ ਸਾਲਾਨਾ ਗ੍ਰੈਮੀ ਪੁਰਸਕਾਰਾਂ ਵਿਚ ਗ੍ਰੈਮੀ ਪੁਰਸਕਾਰ ਜਿੱਤਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ 71 ਸਾਲਾ ਟੰਡਨ ਨੇ ਆਪਣੀ ਐਲਬਮ ‘ਤਿ੍ਰਵੇਣੀ’ ਲਈ ਸਰਵੋਤਮ ਨਵੇਂ ਯੁੱਗ, ਅੰਬੀਐਂਟ ਜਾਂ ਚੈਂਟ ਐਲਬਮ ਸ਼੍ਰੇਣੀ ਵਿਚ ਇਹ ਪੁਰਸਕਾਰ ਜਿੱਤਿਆ, ਜੋ ਕਿ ਪ੍ਰਾਚੀਨ ਮੰਤਰਾਂ ਅਤੇ ਵਿਸ਼ਵ ਸੰਗੀਤ ਦਾ ਮਨਮੋਹਕ ਮਿਸ਼ਰਣ ਹੈ। ਚੰਦਰਿਕਾ ਟੰਡਨ, ਪੈਪਸਿਕੋ ਦੀ ਸਾਬਕਾ ਸੀਈਓ ਇੰਦਰਾ ਨੂਈ ਦੀ ਵੱਡੀ ਭੈਣ ਹੈ। ਰਿਕਾਰਡਿੰਗ ਅਕੈਡਮੀ ਵਲੋਂ ਕਰਵਾਏ ਸਭ ਤੋਂ ਵੱਡੇ ਸੰਗੀਤ ਪੁਰਸਕਾਰ ਸਮਾਗਮ ਦਾ 67ਵਾਂ ਐਡੀਸ਼ਨ ਲਾਸ ਏਂਜਲਸ ਦੇ ਕ੍ਰਿਪਟੋਡਾਟਕੌਮ ਏਰੀਨਾ ਵਿਚ ਕਰਵਾਇਆ ਗਿਆ ਸੀ। ਚੰਦਰਿਕਾ ਟੰਡਨ ਨੇ ਪੁਰਸਕਾਰ ਲੈਣ ਮੌਕੇ ਆਪਣੀ ਤਕਰੀਰ ਵਿਚ ਕਿਹਾ ਕਿ ਸੰਗੀਤ ਪ੍ਰੇਮ ਹੈ, ਸੰਗੀਤ ਆਸ਼ਾ ਦੀ ਕਿਰਨ ਹੈ ਤੇ ਸੰਗੀਤ ਹਾਸਾ ਹੈ। ਆਓ ਅਸੀਂ ਸਾਰੇ ਪ੍ਰੇਮ, ਪ੍ਰਕਾਸ਼ ਤੇ ਹਾਸੇ ਵਿਚ ਘਿਰੇ ਰਹੀਏ। 

ਅਮਰੀਕੀ ਸੀਨੇਟ ਨੇ ਕਾਸ਼ ਪਟੇਲ ਦੀ ਨਿਯੁਕਤੀ ਨੂੰ ਦਿੱਤੀ ਮਨਜੂਰੀ

ਵਾਸ਼ਿੰਗਟਨ/ਬਿਊਰੋ ਨਿਊਜ਼

ਭਾਰਤੀ ਮੂਲ ਦੇ ਕਸ਼ਿਅਪ ਪਟੇਲ, ਅਮਰੀਕੀ ਜਾਂਚ ਏਜੰਸੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐਫ.ਬੀ.ਆਈ.) ਦੇ ਡਾਇਰੈਕਟਰ ਬਣ ਗਏ ਹਨ। ਅਮਰੀਕੀ ਸੰਸਦ ਦੇ ਉਪਰਲੇ ਸਦਨ ਸੀਨੇਟ ਨੇ ਕਾਸ਼ ਪਟੇਲ ਦੀ ਨਿਯੁਕਤੀ ਨੂੰ ਮਨਜੂਰੀ ਦੇ ਦਿੱਤੀ ਹੈ। ਵੋਟਿੰਗ ਦੇ ਦੌਰਾਨ ਕਾਸ਼ ਪਟੇਲ ਨੂੰ 51-49 ਦੇ ਮਾਮੂਲੀ ਬਹੁਮਤ ਨਾਲ ਇਸ ਅਹੁਦੇ ਲਈ ਚੁਣਿਆ ਗਿਆ ਹੈ। ਪਟੇਲ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਧੰਨਵਾਦ ਵੀ ਕੀਤਾ ਹੈ। ਕਾਸ਼ ਪਟੇਲ ਨੇ ਕਿਹਾ ਕਿ ਐਫ.ਬੀ.ਆਈ. ਅਮਰੀਕੀਆਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਦਾ ਦੇਸ਼ ਦੇ ਹਰ ਕੋਨੇ ਵਿਚ ਪਿੱਛਾ ਕਰੇਗੀ। ਉਨ੍ਹਾਂ ਨੇ ਇਸ ਗੱਲ ਨੂੰ ਚਿਤਾਵਨੀ ਵਾਂਗ ਲੈਣ ਲਈ ਕਿਹਾ ਹੈ। ਧਿਆਨ ਰਹੇ ਕਿ ਕਸ਼ਿਅਪ ਕਾਸ਼ ਪਟੇਲ ਭਾਰਤੀ ਪਰਵਾਸੀ ਦੇ ਪੁੱਤਰ ਹਨ ਅਤੇ ਉਨ੍ਹਾਂ ਦਾ ਜਨਮ ਇਕ ਗੁਜਰਾਤੀ ਪਰਿਵਾਰ ਵਿਚ ਹੋਇਆ ਹੈ। ਕਾਸ਼ ਪਟੇਲ 2019 ਵਿਚ ਟਰੰਪ ਪ੍ਰਸ਼ਾਸਨ ਨਾਲ ਜੁੜਨ ਤੋਂ ਬਾਅਦ ਤਰੱਕੀ ਦੀਆਂ ਪੌੜੀਆਂ ਚੜ੍ਹਦੇ ਗਏ ਹਨ।  

 

ਗੈਰਕਾਨੂੰਨੀ ਪਰਵਾਸੀਆਂ ਨੂੰ ਸੁਣਵਾਈ ਤੋਂ ਪਹਿਲਾਂ ਹਿਰਾਸਤ ’ਚ ਰੱਖਿਆ ਜਾ ਸਕੇਗਾ

ਵਾਸ਼ਿੰਗਟਨ/ਬਿਊਰੋ ਨਿਊਜ਼

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਗੈਰਕਾਨੂੰਨੀ ਪਰਵਾਸੀਆਂ ਦੀ ਸੁਣਵਾਈ ਤੋਂ ਪਹਿਲਾਂ ਹਿਰਾਸਤ ਦੀ ਆਗਿਆ ਦੇਣ ਵਾਲੇ ਕਾਨੂੰਨ ’ਤੇ ਦਸਤਖਤ ਕਰ ਦਿੱਤੇ ਹਨ। ਇਹ ਕਾਨੂੰਨ ਚੋਰੀ ਜਾਂ ਹੋਰ ਅਪਰਾਧਾਂ ’ਚ ਸ਼ਾਮਲ ਗੈਰਕਾਨੂੰਨੀ ਪਰਵਾਸੀਆਂ ਨੂੰ ਸੁਣਵਾਈ ਤੋਂ ਪਹਿਲਾਂ ਹਿਰਾਸਤ ’ਚ ਰੱਖਣ ਦੀ ਆਗਿਆ ਦਿੰਦਾ ਹੈ। ਟਰੰਪ ਨੇ 20 ਜਨਵਰੀ ਨੂੰ ਕਾਰਜਭਾਰ ਸੰਭਾਲਣ ਮਗਰੋਂ ਪਹਿਲਾਂ ਬਿੱਲ ਵਜੋਂ ਇਸ ’ਤੇ ਦਸਤਖਤ ਕੀਤੇ ਸਨ। ਟਰੰਪ ਨੇ ਕਿਹਾ ਕਿ ਇਸ ਕਾਨੂੰਨ ਤਹਿਤ ਗ੍ਰਹਿ ਸੁਰੱਖਿਆ ਵਿਭਾਗ ਨੂੰ ਉਨ੍ਹਾਂ ਸਾਰੇ ਗੈਰਕਾਨੂੰਨੀ ਪਰਵਾਸੀਆਂ ਨੂੰ ਹਿਰਾਸਤ ’ਚ ਲੈਣ ਦਾ ਅਧਿਕਾਰ ਹੋਵੇਗਾ ਜਿਹੜੇ ਚੋਰੀ, ਸੰਨ੍ਹ ਲਾਉਣ, ਡਕੈਤੀ, ਪੁਲਿਸ ਅਧਿਕਾਰੀ ’ਤੇ ਹਮਲਾ, ਹੱਤਿਆ ਜਾਂ ਗੰਭੀਰ ਸੱਟ ਨਾਲ ਸਬੰਧਤ ਅਪਰਾਧਾਂ ਲਈ ਗਿ੍ਰਫਤਾਰ ਕੀਤੇ ਗਏ ਹਨ। ਧਿਆਨ ਰਹੇ ਕਿ ਇਹ ਕਾਨੂੰਨ ਜੌਰਜੀਆ ਦੀ 22 ਵਰ੍ਹਿਆਂ ਦੀ ਨਰਸਿੰਗ ਦੀ ਵਿਦਿਆਰਥਣ ਲੇਕਨ ਰਾਇਲੀ ਦੇ ਨਾਮ ’ਤੇ ਰੱਖਿਆ ਗਿਆ ਹੈ, ਜਿਸ ਦੀ ਇੱਕ ਗੈਰਕਾਨੂੰਨੀ ਪਰਵਾਸੀ ਨੇ ਹੱਤਿਆ ਕਰ ਦਿੱਤੀ ਸੀ।

ਅਸੀਂ ਭਾਰਤ ਨੂੰ 182 ਕਰੋੜ ਕਿਉਂ ਦੇ ਰਹੇ ਹਾਂ : ਟਰੰਪ

ਵਾਸ਼ਿੰਗਟਨ/ਬਿਊਰੋ ਨਿਊਜ਼ 

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਵਿਚ ਵੋਟਿੰਗ ਪ੍ਰਤੀਸ਼ਤਤਾ ਵਧਾਉਣ ਲਈ ਦਿੱਤੀ ਜਾਣ ਵਾਲੀ 182 ਕਰੋੜ ਦੀ ਅਮਰੀਕੀ ਫੰਡਿੰਗ ’ਤੇ ਸਵਾਲ ਚੁੱਕੇ ਹਨ। ਟਰੰਪ ਦੇ ਸਹਿਯੋਗੀ ਐਲੋਨ ਮਸਕ ਨੇ ਭਾਰਤ ਨੂੰ ਦਿੱਤੀ ਜਾਣ ਵਾਲੀ ਇਹ ਫੰਡਿੰਗ ਰੱਦ ਕਰ ਦਿੱਤੀ ਹੈ। ਮਸਕ ਦੀ ਅਗਵਾਈ ਵਾਲੇ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸੀਐਂਸੀ ਨੇ ਇਹ ਫੈਸਲਾ ਲਿਆ ਹੈ। ਇਸ ਫੰਡਿੰਗ ਨੂੰ ਲੈ ਕੇ ਡੋਨਾਲਡ ਟਰੰਪ ਨੇ ਆਪਣੇ ਤੋਂ ਪਹਿਲੀ ਅਮਰੀਕੀ ਸਰਕਾਰ ਦੀ ਆਲੋਚਨਾ ਵੀ ਕੀਤੀ ਹੈ। ਟਰੰਪ ਨੇ ਕਿਹਾ ਕਿ ਭਾਰਤ ਕੋਲ ਪਹਿਲਾਂ ਹੀ ਬਹੁਤ ਪੈਸਾ ਹੈ ਅਤੇ ਉਹ ਦੁਨੀਆ ਦੇ ਸਭ ਤੋਂ ਵੱਧ ਟੈਕਸ ਵਾਲੇ ਦੇਸ਼ਾਂ ਵਿਚੋਂ ਇਕ ਹੈ। ਟਰੰਪ ਨੇ ਕਿਹਾ ਕਿ ਸਾਨੂੰ ਭਾਰਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਬਹੁਤ ਸਤਿਕਾਰ ਹੈ, ਪਰ ਉਨ੍ਹਾਂ ਦੀਆਂ ਚੋਣਾਂ ਵਿਚ ਵੋਟਰਾਂ ਦੀ ਭਾਗੀਦਾਰੀ ਵਧਾਉਣ ਲਈ ਫੰਡਿੰਗ ਕਿਉਂ ਦਿੱਤੀ ਜਾਵੇ।

 

ਨੌਕਰੀ ਤੋਂ ਅਸਤੀਫਾ ਦੇਣ ਵਾਲੇ ਨੂੰ 8 ਮਹੀਨੇ ਦੀ ਮਿਲੇਗੀ ਵਾਧੂ ਤਨਖਾਹ 

ਵਾਸ਼ਿੰਗਟਨ/ਬਿਊਰੋ ਨਿਊਜ਼

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਘੀ ਸਰਕਾਰ ’ਚੋਂ ਕਰਮਚਾਰੀਆਂ ਦੀ ਗਿਣਤੀ ਘਟਾਉਣ ਲਈ ਕੰਮ ਸ਼ੁਰੂ ਕਰ ਦਿੱਤਾ ਹੈ। ਟਰੰਪ ਪ੍ਰਸ਼ਾਸਨ ਨੇ ਸੰਘੀ ਕਰਮਚਾਰੀਆਂ ਨੂੰ ਬਾਏ ਆਊਟ ਕਰਨ ਯਾਨੀ ਆਪਣੇ ਆਪ ਨੌਕਰੀ ਛੱਡਣ ਦਾ ਆਫਰ ਦਿੱਤਾ ਹੈ। ਇਸਦੇ ਲਈ ਇਕ ਹਫਤੇ ਯਾਨੀ ਕਿ 6 ਫਰਵਰੀ ਤੱਕ ਦਾ ਸਮਾਂ ਵੀ ਦਿੱਤਾ ਗਿਆ ਹੈ। ਨੌਕਰੀ ਛੱਡਣ ਦੇ ਬਦਲੇ ਕਰਮਚਾਰੀਆਂ ਨੂੰ 8 ਮਹੀਨਿਆਂ ਦੀ ਵਾਧੂ ਤਨਖਾਹ ਦੇਣ ਦੀ ਗੱਲ ਕਹੀ ਗਈ ਹੈ। ਸਰਕਾਰੀ ਨੌਕਰੀਆਂ ਲਈ ਭਰਤੀ ਕਰਨ ਵਾਲੇ ਵਿਭਾਗ ਨੇ ਭਵਿੱਖ ਵਿਚ ਕਰਮਚਾਰੀਆਂ ਦੀ ਛਾਂਟੀ ਕਰਨ ਦੀ ਚਿਤਾਵਨੀ ਵੀ ਦਿੱਤੀ ਹੈ। ਲੱਖਾਂ ਕਰਮਚਾਰੀਆਂ ਨੂੰ ਭੇਜੀਆਂ ਗਈਆਂ ਈਮੇਲਜ਼ ਵਿਚ ਕਿਹਾ ਗਿਆ ਹੈ ਕਿ ਜੋ ਵਿਅਕਤੀ ਆਪਣੀ ਮਰਜ਼ੀ ਨਾਲ ਨੌਕਰੀ ਛੱਡੇਗਾ, ਉਸ ਨੂੰ 8 ਮਹੀਨਿਆਂ ਦੀ ਵਾਧੂ ਤਨਖਾਹ ਮਿਲੇਗੀ ਅਤੇ ਕਰਮਚਾਰੀਆਂ ਨੂੰ 6 ਫਰਵਰੀ ਤੱਕ ਇਸ ਸਬੰਧੀ ਫੈਸਲਾ ਲੈਣ ਲਈ ਕਿਹਾ ਗਿਆ ਹੈ। 

ਸੀਆਈਏ ਚੀਫ ਤੁਲਸੀ ਗਬਾਰਡ ਨੂੰ ਮਿਲੇ ਅਤੇ ਟਰੰਪ ਨਾਲ ਵੀ ਹੋਵੇਗੀ ਮੁਲਾਕਾਤ

ਵਾਸ਼ਿੰਗਟਨ/ਬਿਊਰੋ ਨਿਊਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਦੀ ਯਾਤਰਾ ’ਤੇ ਅਮਰੀਕਾ ਪਹੁੰਚ ਗਏ ਹਨ। ਅਮਰੀਕਾ ਪਹੁੰਚ ਕੇ ਪੀਐਮ ਮੋਦੀ ਨੇ ਅਮਰੀਕਾ ਦੀ ਨੈਸ਼ਨਲ ਇੰਟੈਲੀਜੈਂਸ ਡਾਇਰੈਕਟਰ ਤੁਲਸੀ ਗਬਾਰਡ ਨਾਲ ਮੁਲਾਕਾਤ ਕੀਤੀ। ਅਮਰੀਕੀ ਸੰਸਦ ਦੇ ਉਪਰਲੇ ਸਦਨ ਸੀਨੇਟ ਨੇ ਲੰਘੇ ਕੱਲ੍ਹ ਹੀ ਤੁਲਸੀ ਗਬਾਰਡ ਦੀ ਸੀ.ਆਈ.ਏ. ਅਤੇ ਐਨ.ਐਸ.ਏ. ਸਣੇ 18 ਖੁਫੀਆ ਏਜੰਸੀਆਂ ਦੀ ਇੰਟੈਲੀਜੈਂਸ ਡਾਇਰੈਕਟਰ ਦੇ ਰੂਪ ਵਿਚ ਨਿਯੁਕਤੀ ਦੀ ਪੁਸ਼ਟੀ ਕੀਤੀ ਹੈ। ਪੀਐਮ ਮੋਦੀ ਨੇ ਮੁਲਾਕਾਤ ਦੇ ਦੌਰਾਨ ਤੁਲਸੀ ਗਬਾਰਡ ਨੂੰ ਉਨ੍ਹਾਂ ਦੀ ਨਿਯੁਕਤੀ ਲਈ ਵਧਾਈ ਵੀ ਦਿੱਤੀ। ਇਨ੍ਹਾਂ ਦੋਵਾਂ ਨੇਤਾਵਾਂ ਨੇ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਨੂੰ ਲੈ ਕੇ ਚਰਚਾ ਕੀਤੀ। ਪੀਐਮ ਮੋਦੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਵੀ ਮੁਲਾਕਾਤ ਕਰਨਗੇ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਮੋਦੀ ਫਰਾਂਸ ਦੇ ਦੌਰੇ ’ਤੇ ਸਨ। 

ਮੁਲਤਾਨ ਦੇ ਹਾਮਿਦਪੁਰ ਕਨੋਰਾ ਖੇਤਰ ’ਚ ਵਾਪਰਿਆ ਹਾਦਸਾ

ਲਾਹੌਰ/ਬਿਊਰੋ ਨਿਊਜ਼

ਪਾਕਿਸਤਾਨ ਦੇ ਪੰਜਾਬ ਸੂਬੇ ਦੇ ਇੱਕ ਉਦਯੋਗਿਕ ਖੇਤਰ ਵਿੱਚ ਤਰਲ ਪੈਟਰੋਲੀਅਮ ਗੈਸ (ਐਲਪੀਜੀ) ਨਾਲ ਭਰੇ ਇੱਕ ਟੈਂਕਰ ਵਿੱਚ ਧਮਾਕਾ ਹੋ ਗਿਆ, ਜਿਸ ਕਾਰਨ ਇੱਕ ਨਾਬਾਲਗ ਲੜਕੀ ਸਮੇਤ ਛੇ ਵਿਅਕਤੀਆਂ ਦੀ ਮੌਤ ਹੋ ਗਈ ਅਤੇ 31 ਜ਼ਖਮੀ ਹੋ ਗਏ ਹਨ। ਰਾਹਤ ਕਾਰਜਾਂ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਮੁਲਤਾਨ ਦੇ ਹਾਮਿਦਪੁਰ ਕਨੋਰਾ ਖੇਤਰ ਦੇ ਇੰਡਸਟਰੀਅਲ ਅਸਟੇਟ ’ਚ ਵਾਪਰੀ। ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਐਲਪੀਜੀ ਟੈਂਕਰ ਵਿੱਚ ਹੋਏ ਧਮਾਕੇ ਨਾਲ ਭਿਆਨਕ ਅੱਗ ਲੱਗ ਗਈ ਅਤੇ ਟੁੱਟੇ ਹੋਏ ਵਾਹਨ ਦਾ ਮਲਬਾ ਨੇੜਲੇ ਰਿਹਾਇਸ਼ੀ ਖੇਤਰਾਂ ਵਿੱਚ ਜਾ ਡਿੱਗਿਆ। ਦੱਸਿਆ ਗਿਆ ਕਿ ਮਿ੍ਰਤਕਾਂ ਵਿਚ ਇਕ ਨਾਬਾਲਗ ਲੜਕੀ ਅਤੇ ਦੋ ਔਰਤਾਂ ਵੀ ਸ਼ਾਮਲ ਹਨ।   

ਅਮਰੀਕਾ ਦੇ ਅਜਿਹੇ ਵਰਤਾਰੇ ਤੋਂ ਹਰ ਭਾਰਤੀ ਨਿਰਾਸ਼

ਨਵੀਂ ਦਿੱਲੀ/ਬਿਊਰੋ ਨਿਊਜ਼

ਅਮਰੀਕਾ ਤੋਂ ਡਿਪੋਰਟ ਕੀਤੇ ਗਏ 104 ਭਾਰਤੀਆਂ ਨੂੰ ਲੈ ਕੇ ਯੂ.ਐਸ. ਮਿਲਟਰੀ ਦਾ ਜਹਾਜ਼ ਲੰਘੇ ਕੱਲ੍ਹ 5 ਫਰਵਰੀ ਨੂੰ ਅੰਮਿ੍ਰਤਸਰ ਦੇ ਹਵਾਈ ਅੱਡੇ ’ਤੇ ਉਤਰਿਆ ਸੀ। ਇਨ੍ਹਾਂ ਸਾਰੇ 104 ਭਾਰਤੀਆਂ ਦੇ ਹੱਥਾਂ ਨੂੰ ਕੜੀਆਂ ਲਗਾਈਆਂ ਗਈਆਂ ਸਨ ਅਤੇ ਪੈਰਾਂ ਨੂੰ ਵੀ ਬੇੜੀਆਂ ਨਾਲ ਜਕੜਿਆ ਹੋਇਆ ਸੀ। ਇਸ ਸਬੰਧੀ ਵੀਡੀਓ ਵੀ ਸ਼ੋਸ਼ਲ ਮੀਡੀਆ ’ਤੇ ਚੱਲ ਰਹੇ ਹਨ। ਇਨ੍ਹਾਂ ਵੀਡੀਓਜ਼ ਵਿਚ ਇਨ੍ਹਾਂ ਡਿਪੋਰਟ ਹੋਏ 104 ਭਾਰਤੀਆਂ ਦੇ ਹੱਥ ਅਤੇ ਪੈਰ ਜਕੜੇ ਹੋਏ ਦੇਖੇ ਗਏ ਹਨ। ਅਮਰੀਕਾ ਦੇ ਟੈਕਸਾਸ ਦੇ ਸੇਂਟ ਐਨਟੋਨੀਓ ਏਅਰਪੋਰਟ ’ਤੇ ਅਮਰੀਕੀ ਫੌਜੀ ਅਧਿਕਾਰੀਆਂ ਨੇ ਇਨ੍ਹਾਂ 104 ਭਾਰਤੀਆਂ ਨੂੰ ਅਜਿਹੀ ਹਾਲਤ ਵਿਚ ਮਿਲਟਰੀ ਦੇ ਜਹਾਜ਼ ਵਿਚ ਚੜ੍ਹਾਇਆ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਭਾਰਤੀਆਂ ਨੂੰ ਬਹੁਤ ਘੱਟ ਖਾਣਾ ਦਿੱਤਾ ਗਿਆ ਅਤੇ ਇਹ ਖਾਣਾ ਵੀ ਉਨ੍ਹਾਂ ਨੇ ਹੱਥ ਬੰਨ੍ਹੇ ਹੋਏ ਹੀ ਖਾਧਾ। ਅਮਰੀਕਾ ਦੇ ਅਜਿਹੇ ਵਰਤਾਰੇ ਤੋਂ ਹਰ ਇਕ ਭਾਰਤ ਵਾਸੀ ਹੈਰਾਨ ਤੇ ਨਿਰਾਸ਼ ਹੈ।  

ਡੋਨਲਡ ਟਰੰਪ ਨੇ ਰਾਸ਼ਟਰਪਤੀ ਬਣਦਿਆਂ ਹੀ ਹੁਕਮਾਂ ’ਤੇ ਕੀਤੇ ਸਨ ਦਸਤਖਤ

ਵਾਸ਼ਿੰਗਟਨ/ਬਿਊਰੋ ਨਿਊਜ਼

ਅਮਰੀਕਾ ਦੀ ਫੈਡਰਲ ਅਦਾਲਤ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਜਨਮ ਅਧਿਕਾਰ ਨਾਗਰਿਕਤਾ ਖਤਮ ਕਰਨ ਦੇ ਫੈਸਲੇ ’ਤੇ 14 ਦਿਨਾਂ ਲਈ ਰੋਕ ਲਗਾ ਦਿੱਤੀ ਹੈ। ਫੈਡਰਲ ਅਦਾਲਤ ਦੇ ਜੱਜ ਜੌਨ ਕਫਨੌਰ ਨੇ ਵਾਸ਼ਿੰਗਟਨ, ਏਰੀਜੋਨਾ, ਇਲੀਨੋਇਸ ਅਤੇ ਓਰੇਗਨ ਸੂਬਿਆਂ ਦੀ ਪਟੀਸ਼ਨ ’ਤੇ ਇਹ ਫੈਸਲਾ ਸੁਣਾਇਆ ਹੈ। ਜ਼ਿਕਰਯੋਗ ਹੈ ਕਿ ਦੇਸ਼ ਦੇ 22 ਸੂਬਿਆਂ ਅਤੇ ਵੱਡੀ ਗਿਣਤੀ ਪਰਵਾਸੀ ਹੱਕਾਂ ਬਾਰੇ ਜਥੇਬੰਦੀਆਂ ਵਲੋਂ ਪੰਜ ਕੇਸ ਦਾਖਲ ਕੀਤੇ ਗਏ ਹਨ। ਟਰੰਪ ਵਲੋਂ ਪਿਛਲੇ ਦਿਨੀਂ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਇਨ੍ਹਾਂ ਹੁਕਮਾਂ ’ਤੇ ਦਸਤਖਤ ਕੀਤੇ ਗਏ ਸਨ, ਜੋ ਕਿ 19 ਫਰਵਰੀ ਤੋਂ ਲਾਗੂ ਹੋਣੇ ਹਨ। ਟਰੰਪ ਦੇ ਇਨ੍ਹਾਂ ਹੁਕਮਾਂ ਨਾਲ ਅਮਰੀਕਾ ਵਿਚ ਜਨਮੇ ਲੱਖਾਂ ਲੋਕਾਂ ’ਤੇ ਅਸਰ ਪੈ ਸਕਦਾ ਹੈ।  ਇਸ ਮਾਮਲੇ ’ਤੇ ਹੁਣ 5 ਫਰਵਰੀ ਨੂੰ ਸੁਣਵਾਈ ਹੋਵੇਗੀ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.