Sunday, 14 June 2026

ਆਈ.ਸੀ.ਸੀ. ਨੇ ਨਿਊਟਰਲ ਵੈਨਯੂ ਦੁਬਈ ਚੁਣਿਆ

ਨਵੀਂ ਦਿੱਲੀ/ਬਿਊਰੋ ਨਿਊਜ਼ 

ਚੈਂਪੀਅਨਜ਼ ਟਰਾਫੀ ਵਿਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਮੈਚ 23 ਫਰਵਰੀ ਨੂੰ ਖੇਡਿਆ ਜਾਵੇਗਾ। ਇਹ ਮਹਾ ਮੁਕਾਬਲਾ ਦੁਬਈ ਦੇ ਇੰਟਰਨੈਸ਼ਨਲ ਸਟੇਡੀਅਮ ਵਿਚ ਖੇਡਿਆ ਜਾਵੇਗਾ। ਪਾਕਿਸਤਾਨ ਕ੍ਰਿਕਟ ਬੋਰਡ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਚੈਂਪੀਅਨਜ਼ ਟਰਾਫੀ 2025 ਵਿਚ ਭਾਰਤ ਦੇ ਮੈਚਾਂ ਦੀ ਮੇਜ਼ਬਾਨੀ ਦੇ ਲਈ ਸੰਯੁਕਤ ਅਰਬ ਅਮੀਰਾਤ ਦੇ ਦੁਬਈ ਸ਼ਹਿਰ ਨੂੰ ਨਿਊਟਰਲ ਵੈਨਯੂ ਦੇ ਰੂਪ ਵਿਚ ਚੁਣਿਆ ਗਿਆ ਹੈ। ਇਸ ਟੂਰਨਾਮੈਂਟ ਦਾ ਪਹਿਲਾ ਮੁਕਾਬਲਾ 19 ਫਰਵਰੀ ਨੂੰ ਮੇਜ਼ਬਾਨ ਪਾਕਿਸਤਾਨ ਅਤੇ ਨਿਊਜ਼ੀਲੈਂਡ ਦੇ ਵਿਚਾਲੇ ਕਰਾਚੀ ਵਿਚ ਖੇਡਿਆ ਜਾਵੇਗਾ। ਉਧਰ ਦੂਜੇ ਪਾਸੇ ਭਾਰਤੀ ਕ੍ਰਿਕਟਰ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਟੀ-20 ਮੈਚਾਂ ’ਚੋਂ ਸੰਨਿਆਸ ਲੈ ਲਿਆ ਹੈ। ਇਸੇ ਤਰ੍ਹਾਂ ਆਰ. ਅਸ਼ਵਿਨ ਅਤੇ ਦਿਨੇਸ਼ ਕਾਰਤਿਕ ਨੇ ਵੀ ਕ੍ਰਿਕਟ ਦੇ ਸਾਰੇ ਫਾਰਮਿਟਾਂ ਵਿਚੋਂ ਸੰਨਿਆਸ ਲੈ ਲਿਆ ਹੈ। 

 

 

ਅਮਰੀਕਾ ਨੇ ਕਿਹਾ : ਸਰਕਾਰ ਮਨੁੱਖੀ ਅਧਿਕਾਰਾਂ ਦਾ ਕਰੇ ਸਨਮਾਨ
ਇਸਲਾਮਾਬਾਦ/ਬਿਊਰੋ ਨਿਊਜ਼ 
ਪਾਕਿਸਤਾਨ ਵਿਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਐਤਵਾਰ ਨੂੰ ਸ਼ੁਰੂ ਹੋਇਆ ਪ੍ਰਦਰਸ਼ਨ ਹਿੰਸਕ ਹੋ ਗਿਆ ਹੈ। ਪਾਕਿਸਤਾਨ ਦੇ ਮੀਡੀਆ ਮੁਤਾਬਕ ਇਮਰਾਨ ਖਾਨ ਦੇ ਸੈਂਕੜੇ ਸਮਰਥਕ ਇਸਲਾਮਾਬਾਦ ਵਿਚ ਡੀ ਚੌਕ ’ਤੇ ਪਹੁੰਚ ਗਏ ਹਨ। ਪੁਲਿਸ ਵਲੋਂ ਇਮਰਾਨ ਖਾਨ ਦੇ ਸਮਰਥਕਾਂ ਨੂੰ ਰੋਕਣ ਲਈ ਅੱਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਹਨ। ਇਸ ਦੇ ਜਵਾਬ ਵਿਚ ਪ੍ਰਦਰਸ਼ਨਕਾਰੀ ਵੀ ਪੁਲਿਸ ਅਤੇ ਫੌਜ ’ਤੇ ਪੱਧਰ ਸੁੱਟ ਰਹੇ ਹਨ। ਜ਼ਿਕਰਯੋਗ ਹੈ ਕਿ ਡੀ ਚੌਕ ਇਸਲਾਮਾਬਾਦ ਦਾ ਸਭ ਤੋਂ ਹਾਈਪ੍ਰੋਫਾਈਲ ਇਲਾਕਾ ਹੈ। ਰਾਸ਼ਟਰਪਤੀ ਭਵਨ, ਪੀਐਮ ਆਫਿਸ, ਸੰਸਦ ਭਵਨ ਅਤੇ ਸੁਪਰੀਮ ਕੋਰਟ ਇਸੇ ਇਲਾਕੇ ਵਿਚ ਹਨ। ਇਸਦੇ ਚੱਲਦਿਆਂ ਅਮਰੀਕਾ ਨੇ ਪਾਕਿਸਤਾਨ ਸਰਕਾਰ ਨੂੰ ਮਨੁੱਖੀ ਅਧਿਕਾਰਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ।

ਜਲਦ ਹੀ ਇਕ ਹੋਰ ਵੈਕਸੀਨ ਦਾ ਐਲਾਨ ਕਰੇਗਾ ਰੂਸ

ਨਵੀਂ ਦਿੱਲੀ/ਬਿਊਰੋ ਨਿਊਜ਼

ਰੂਸ ਦੇ ਕੈਂਸਰ ਵੈਕਸੀਨ ਦੇ ਐਲਾਨ ਤੋਂ ਬਾਅਦ ਦੁਨੀਆ ਭਰ ਦੇ ਕੈਂਸਰ ਮਰੀਜ਼ਾਂ ਵਿਚ ਇਕ ਉਮੀਦ ਜਾਗੀ ਹੈ। ਰੂਸ ਦੇ ਸਿਹਤ ਮੰਤਰਾਲੇ ਦੇ ਰੇਡੀਓਲੌਜੀ ਮੈਡੀਕਲ ਰਿਸਰਚ ਸੈਂਟਰ ਦੇ ਡਾਇਰੈਕਟਰ ਆਂਦ੍ਰੇਈ ਕਾਪਰਿਨ ਦੇ ਮੁਤਾਬਕ, ਰੂਸ ਦੀ ਇਸ ਕੈਂਸਰ ਵੈਕਸੀਨ ਨੂੰ ਵੱਖ-ਵੱਖ ਤਰ੍ਹਾਂ ਦੇ ਮਰੀਜ਼ਾਂ ਦੇ ਲਈ ਵੱਖ-ਵੱਖ ਬਣਾਇਆ ਜਾਏਗਾ। ਇਸ ਖਾਸੀਅਤ ਦੀ ਵਜ੍ਹਾ ਕਰਕੇ ਇਸ ਵੈਕਸੀਨ ਦੀ ਕੀਮਤ ਢਾਈ ਲੱਖ ਰੁਪਏ ਹੋਵੇਗੀ, ਪਰ ਰੂਸ ਦੇ ਨਾਗਰਿਕਾਂ ਨੂੰ ਇਹ ਵੈਕਸੀਨ ਮੁਫਤ ਮਿਲੇਗੀ। ਹਾਲਾਂਕਿ ਦੁਨੀਆਂ ਦੇ ਬਾਕੀ ਦੇਸ਼ਾਂ ਨੂੰ ਇਹ ਵੈਕਸੀਨ ਕਦੋਂ ਮਿਲੇਗੀ, ਇਸਦੇ ਬਾਰੇ ਵਿਚ ਕਾਪਰਿਨ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਮੀਡੀਆ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਰੂਸ ਜਲਦ ਹੀ ਇਕ ਹੋਰ ਵੈਕਸੀਨ ਦਾ ਐਲਾਨ ਵੀ ਕਰੇਗਾ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਕੈਂਸਰ ਵੈਕਸੀਨ 2025 ਤੋਂ ਰੂਸ ਦੇ ਨਾਗਰਿਕਾਂ ਲਈ ਮੁਫਤ ਵਿਚ ਉਪਲਬਧ ਕਰਵਾਈ ਜਾਵੇਗੀ।  

ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ

ਨਵੀਂ ਦਿੱਲੀ/ਬਿਊਰੋ ਨਿਊਜ਼

ਯੂਕਰੇਨ ’ਤੇ ਮਿਜ਼ਾਈਲ ਹਮਲੇ ਦੇ ਕੁਝ ਹੀ ਘੰਟਿਆਂ ਬਾਅਦ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅਚਾਨਕ ਹੀ ਦੇਸ਼ ਦੇ ਨਾਮ ਸੰਬੋਧਨ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੂਤਿਨ ਨੇ ਕਿਹਾ ਕਿ ਪੱਛਮੀ ਹਮਲੇ ਦੇ ਜਵਾਬ ਵਿਚ ਰੂਸ ਨੇ ਨਵੀਂ ਇੰਟਰਮੀਡੀਏਟ ਰੇਂਜ ਬੈਲਿਸਟਿਕ ਮਿਜ਼ਾਈਲ ਦੀ ਟੈਸਟਿੰਗ ਕੀਤੀ ਹੈ। ਵਲਾਦੀਮੀਰ ਪੂਤਿਨ ਨੇ ਕਿਹਾ ਕਿ ਸਾਨੂੰ ਉਨ੍ਹਾਂ ਦੇ ਖਿਲਾਫ ਹਮਲਾ ਕਰਨ ਦਾ ਅਧਿਕਾਰ ਹੈ, ਜੋ ਸਾਡੇ ’ਤੇ ਹਮਲਾ ਕਰਦੇ ਹਨ। ਪੂਤਿਨ ਨੇ ਪੱਛਮੀ ਦੇਸ਼ਾਂ ਨੂੰ ਵੀ ਚਿਤਾਵਨੀ ਦਿੱਤੀ ਹੈ ਕਿ ਮਾਸਕੋ-ਯੂਕਰੇਨ ਦੀ ਮੱਦਦ ਕਰਨ ਵਾਲੇ ਕਿਸੇ ਵੀ ਦੇਸ਼ ਦੇ ਫੌਜੀ ਟਿਕਾਣਿਆਂ ’ਤੇ ਅਸੀਂ ਹਮਲਾ ਕਰ ਸਕਦੇ ਹਾਂ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਰੂਸ ਨੇ ਯੂਕਰੇਨ ਦੇ ਨਿਪਰੋ ਸ਼ਹਿਰ ’ਤੇ ਘਾਤਕ ਮਿਜ਼ਾਈਲ ਨਾਲ ਹਮਲਾ ਕੀਤਾ ਸੀ।

 

ਪੂਤਿਨ ਸਰਕਾਰ ਦਾ ਦਾਅਵਾ : 2025 ’ਚ ਮੁਫਤ ਲਗਾਵਾਂਗੇ ਵੈਕਸੀਨ

ਨਵੀਂ ਦਿੱਲੀ/ਬਿਊਰੋ ਨਿਊਜ਼

ਰੂਸ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਅਸੀਂ ਕੈਂਸਰ ਦੀ ਵੈਕਸੀਨ ਬਣਾਉਣ ਵਿਚ ਸਫਲਤਾ ਹਾਸਲ ਕਰ ਲਈ ਹੈ। ਇਸਦੀ ਜਾਣਕਾਰੀ ਰੂਸ ਦੇ ਸਿਹਤ ਮੰਤਰਾਲੇ ਦੇ ਰੇਡੀਓਲੌਜੀ ਮੈਡੀਕਲ ਰਿਸਰਚ ਸੈਂਟਰ ਦੇ ਡਾਇਰੈਕਟਰ ਆਂਦ੍ਰੇਈ ਕੁਪਰਿਨ ਨੇ ਰੇਡੀਓ ’ਤੇ ਦਿੱਤੀ ਹੈ। ਰੂਸ ਦੀ ਨਿਊਜ਼ ਏਜੰਸੀ ਦੇ ਮੁਤਾਬਕ ਇਹ ਵੈਕਸੀਨ ਅਗਲੇ ਸਾਲ ਯਾਨੀ ਕਿ 2025 ਤੋਂ ਰੂਸ ਦੇ ਨਾਗਰਿਕਾਂ ਨੂੰ ਮੁਫਤ ਵਿਚ ਲਗਾਈ ਜਾਵੇਗੀ। ਡਾਇਰੈਕਟਰ ਆਂਦ੍ਰੇਈ ਨੇ ਦੱਸਿਆ ਕਿ ਰੂਸ ਨੇ ਕੈਂਸਰ ਦੇ ਖਿਲਾਫ ਆਪਣੀ ਵੈਕਸੀਨ ਵਿਕਸਿਤ ਕਰ ਲਈ ਹੈ। ਰੂਸ ਦੀ ਇਸ ਖੋਜ ਨੂੰ ਸਦੀ ਦੀ ਸਭ ਤੋਂ ਵੱਡੀ ਖੋਜ ਮੰਨਿਆ ਜਾ ਰਿਹਾ ਹੈ। ਦੱਸਿਆ ਗਿਆ ਹੈ ਕਿ ਵੈਕਸੀਨ ਦੇ ਕਲੀਨੀਕਲ ਟਰਾਇਲ ਤੋਂ ਪਤਾ ਲੱਗਿਆ ਹੈ ਕਿ ਇਸ ਨਾਲ ਟਿਊਮਰ ਦੇ ਵਿਕਾਸ ਨੂੰ ਰੋਕਣ ਵਿਚ ਮੱਦਦ ਮਿਲਦੀ ਹੈ। ਧਿਆਨ ਰਹੇ ਕਿ ਇਸ ਸਾਲ ਦੇ ਸ਼ੁਰੂਆਤ ਵਿਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਦੱਸਿਆ ਸੀ ਕਿ ਰੂਸ ਕੈਂਸਰ ਦੀ ਵੈਕਸੀਨ ਬਣਾਉਣ ਦੇ ਨੇੜੇ ਹੈ।  

ਕੈਰੇਬੀਅਨ ਦੇਸ਼ ਡੋਮਿਨਿਕਾ ਵਲੋਂ ਵੀ ਮੋਦੀ ‘ਦ ਡੋਮਿਨਿਕਾ ਐਵਾਰਡ ਆਫ ਆਨਰ’ ਨਾਲ ਸਨਮਾਨਿਤ

ਨਵੀਂ ਦਿੱਲੀ/ਬਿਊਰੋ ਨਿਊਜ਼

ਗੁਆਨਾ ਦੇ ਰਾਸ਼ਟਰਪਤੀ ਡਾ. ਇਰਫਾਨ ਅਲੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਰਜਟਾਊਨ ’ਚ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ‘ਆਰਡਰ ਆਫ ਐਕਸੀਲੈਂਸ’ ਨਾਲ ਸਨਮਾਨਿਤ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਨੂੰ ਗੁਆਨਾ ਦੇ ਸਰਵਉੱਚ ਪੁਰਸਕਾਰ ਨਾਲ ਸਨਮਾਨਿਤ ਕਰਨ ਲਈ ਮੈਂ ਆਪਣੇ ਦੋਸਤ ਰਾਸ਼ਟਰਪਤੀ ਇਰਫਾਨ ਅਲੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਉਨ੍ਹਾਂ ਕਿਹਾ ਕਿ ਇਹ ਸਨਮਾਨ ਸਿਰਫ ਮੇਰਾ ਹੀ ਨਹੀਂ, ਭਾਰਤ ਦੇ 140 ਕਰੋੜ ਲੋਕਾਂ ਦਾ ਸਨਮਾਨ ਹੈ। ਇਹ ਸਾਡੇ ਰਿਸ਼ਤੇ ਪ੍ਰਤੀ ਤੁਹਾਡੀ ਡੂੰਘੀ ਵਚਨਬੱਧਤਾ ਦਾ ਜਿਉਂਦਾ ਜਾਗਦਾ ਸਬੂਤ ਹੈ, ਜੋ ਸਾਨੂੰ ਹਰ ਖੇਤਰ ਵਿਚ ਅੱਗੇ ਵਧਣ ਦੀ ਪ੍ਰੇਰਨਾ ਦਿੰਦਾ ਰਹੇਗਾ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗੁਆਨਾ ਵਿਚ ਕੈਰੇਬੀਅਨ ਦੇਸ਼ ਡੋਮਿਨਿਕਾ ਵਲੋਂ ਵੀ ‘ਦ ਡੋਮਿਨਿਕਾ ਐਵਾਰਡ ਆਫ ਆਨਰ’ ਨਾਲ ਸਨਮਾਨਿਤ ਕੀਤਾ ਗਿਆ ਹੈ। ਡੋਮਿਨਿਕਾ ਦੀ ਰਾਸ਼ਟਰਪਤੀ ਸਿਲਵੇਨੀ ਬਰਟਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇਹ ਐਵਾਰਡ ਦਿੱਤਾ ਹੈ। ਜ਼ਿਕਰਯੋਗ ਹੈ ਕਿ ਗੁਆਨਾ ਦੀ ਆਪਣੀ ਦੋ ਦਿਨਾਂ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕੈਰੇਬੀਅਨ ਦੇਸ਼ਾਂ ਦੇ ਪ੍ਰਤੀਨਿਧਾਂ ਨਾਲ ਭਾਰਤ-ਕੈਰੀਕਾਮ ਸੰਮੇਲਨ ਵਿਚ ਵੀ ਹਿੱਸਾ ਲਿਆ।  

 

ਚਾਰ ਸਾਲਾਂ ਵਿਚ ਲੱਖਾਂ ਇਮੀਗਰੈਂਟਸ ਅਮਰੀਕਾ ’ਚ ਦਾਖਲ ਹੋਏ : ਟਰੰਪ

ਵਾਸ਼ਿੰਗਟਨ/ਬਿਊਰੋ ਨਿਊਜ਼  

ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਰਸਨ ਆਫ ਦਾ ਈਅਰ ਚੁਣੇ ਜਾਣ ਤੋਂ ਬਾਅਦ ਟਾਈਮ ਮੈਗਜ਼ੀਨ ਨੂੰ ਇੰਟਰਵਿਊ ਦਿੱਤਾ ਹੈ। ਇਸ ਦੌਰਾਨ ਟਰੰਪ ਨੇ ਇਕੌਨਮੀ, ਮਿਡਲ ਈਸਟ, ਗੈਰ ਕਾਨੂੰਨੀ ਪਰਵਾਸੀ ਅਤੇ ਰੂਸ-ਯੂਕਰੇਨ ਜੰਗ ਜਿਹੇ ਮੁੱਦਿਆਂ ’ਤੇ ਗੱਲ ਕੀਤੀ ਹੈ। ਟਰੰਪ ਵਲੋਂ ਇਕ ਵਾਰ ਫਿਰ ਗੈਰ ਕਾਨੂੰਨੀ ਪਰਵਾਸੀਆਂ ਨੂੰ ਅਮਰੀਕਾ ਵਿਚੋਂ ਬਾਹਰ ਕੱਢਣ ਦੀ ਗੱਲ ਦੁਹਰਾਈ ਗਈ। ਉਨ੍ਹਾਂ ਕਿਹਾ ਕਿ ਗੈਰ ਕਾਨੂੰਨੀ ਪਰਵਾਸੀਆਂ ਨੂੰ ਅਮਰੀਕਾ ਵਿਚੋਂ ਬਾਹਰ ਕੱਢਣ ਲਈ, ਜੋ ਵੀ ਮੁਮਕਿਨ ਹੋਵੇਗਾ, ਉਹ ਕੀਤਾ ਜਾਵੇਗਾ। ਕਮਲਾ ਹੈਰਿਸ ਦੀ ਹੋਈ ਹਾਰ ਨੂੰ ਲੈ ਕੇ ਟਰੰਪ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਵਿਚ ਲੱਖਾਂ ਇਮੀਗਰੈਂਟਸ ਅਮਰੀਕਾ ਵਿਚ ਦਾਖਲ ਹੋ ਗਏ ਹਨ, ਇਸ ਕਰਕੇ ਦੇਸ਼ ਦੇ ਲੋਕਾਂ ਵਿਚ ਗੁੱਸਾ ਸੀ। ਟਰੰਪ ਨੇ ਕਿਹਾ ਕਿ ਇਹ ਸਭ ਕੁਝ ਕਮਲਾ ਹੈਰਿਸ ਦੀ ਹਾਰ ਦਾ ਕਾਰਨ ਬਣਿਆ ਹੈ।  ਉਨ੍ਹਾਂ ਕਿਹਾ ਕਿ ਓਪਨ ਬਾਰਡਰ ਜਿਹੇ ਮੁੱਦਿਆਂ ’ਤੇ ਉਨ੍ਹਾਂ ਦਾ ਕੋਈ ਵੀ ਧਿਆਨ ਨਹੀਂ ਸੀ। ਟਰੰਪ ਨੇ ਕਿਹਾ ਕਿ ਅਜਿਹਾ ਪਹਿਲਾਂ ਕਦੀ ਨਹੀਂ ਹੋਇਆ ਸੀ।   

 

ਸੋਲਰ ਐਨਰਜੀ ਕੰਟਰੈਕਟ ਲਈ ਭਾਰਤੀ ਅਧਿਕਾਰੀਆਂ ਨੂੰ ਕਰੋੜਾਂ ਰੁਪਏ ਦੀ ਆਫਰ

ਨਵੀਂ ਦਿੱਲੀ/ਬਿਊਰੋ ਨਿਊਜ਼

ਨਿਊਯਾਰਕ ਦੀ ਫੈਡਰਲ ਅਦਾਲਤ ਵਿਚ ਹੋਈ ਸੁਣਵਾਈ ਦੌਰਾਨ ਗੌਤਮ ਅਡਾਨੀ ਸਣੇ 8 ਵਿਅਕਤੀਆਂ ’ਤੇ ਕਰੋੜਾਂ ਦੀ ਧੋਖਾਧੜੀ ਅਤੇ ਰਿਸ਼ਵਤ ਦੇ ਆਰੋਪ ਲੱਗੇ ਹਨ। ਯੂਨਾਈਟਿਡ ਸਟੇਟਸ ਅਟਾਰਨੀ ਆਫਿਸ ਦਾ ਕਹਿਣਾ ਹੈ ਕਿ ਅਡਾਨੀ ਨੇ ਭਾਰਤ ਵਿਚ ਸੋਲਰ ਐਨਰਜੀ ਨਾਲ ਜੁੜਿਆ ਕੰਟਰੈਕਟ ਹਾਸਲ ਕਰਨ ਦੇ ਲਈ ਭਾਰਤੀ ਅਧਿਕਾਰੀਆਂ ਨੂੰ 265 ਮਿਲੀਅਨ ਡਾਲਰ (ਕਰੀਬ 2200 ਕਰੋੜ ਰੁਪਏ) ਦੀ ਰਿਸ਼ਵਤ ਦਿੱਤੀ ਹੈ ਜਾਂ ਰਿਸ਼ਵਤ ਦੇਣ ਦੀ ਯੋਜਨਾ ਬਣਾ ਰਹੇ ਹਨ। ਇਹ ਪੂਰਾ ਮਾਮਲਾ ਅਡਾਨੀ ਗਰੁੱਪ ਦੀ ਕੰਪਨੀ ਅਡਾਨੀ ਗਰੀਨ ਐਨਰਜੀ ਲਿਮਟਿਡ ਅਤੇ ਇਕ ਹੋਰ ਫਰਮ ਨਾਲ ਜੁੜਿਆ ਹੋਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ 24 ਅਕਤੂਬਰ ਨੂੰ ਇਹ ਮਾਮਲਾ ਯੂ.ਐਸ. ਅਦਾਲਤ ਵਿਚ ਦਰਜ ਕੀਤਾ ਗਿਆ ਸੀ। ਅਡਾਨੀ ’ਤੇ ਆਰੋਪ ਹੈ ਕਿ ਉਸ ਨੇ ਰਿਸ਼ਵਤ ਦੇ ਇਨ੍ਹਾਂ ਪੈਸਿਆਂ ਨੂੰ ਇਕੱਠਾ ਕਰਨ ਲਈ ਅਮਰੀਕੀ, ਵਿਦੇਸ਼ੀ ਨਿਵੇਸ਼ਕਾਂ ਅਤੇ ਬੈਂਕਾਂ ਕੋਲ ਝੂਠ ਬੋਲਿਆ। ਦੱਸਿਆ ਗਿਆ ਹੈ ਕਿ ਅਮਰੀਕਾ ਵਿਚ ਇਹ ਮਾਮਲਾ ਇਸ ਲਈ ਦਰਜ ਹੋਇਆ, ਕਿਉਂਕਿ ਪ੍ਰੋਜੈਕਟ ਵਿਚ ਅਮਰੀਕਾ ਦੇ ਨਿਵੇਸ਼ਕਾਂ ਦਾ ਪੈਸਾ ਲੱਗਾ ਸੀ ਅਤੇ ਅਮਰੀਕੀ ਕਾਨੂੰਨ ਦੇ ਤਹਿਤ ਉਸ ਪੈਸੇ ਨੂੰੂ ਰਿਸ਼ਵਤ ਦੇ ਰੂਪ ਵਿਚ ਦੇਣਾ ਅਪਰਾਧ ਹੈ।  

 

 

ਪੈਦਾ ਹੁੰਦੇ ਹੀ ਯੂਐਸ ਨਾਗਰਿਕਤਾ ਮਿਲਣ ਦਾ ਅਧਿਕਾਰ ਕਰਾਂਗਾ ਖਤਮ : ਟਰੰਪ

ਵਾਸ਼ਿੰਗਟਨ/ਬਿਊਰੋ ਨਿਊਜ਼

ਡੋਨਾਲਡ ਟਰੰਪ ਨੇ ਇਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਦੇ ਆਪਣੇ ਏਜੰਡੇ ਦਾ ਖੁਲਾਸਾ ਕੀਤਾ। ਟਰੰਪ ਨੇ ਇਕ ਵਾਰ ਫਿਰ ਅਮਰੀਕਾ ਵਿਚ ਰਹਿ ਰਹੇ ਗੈਰਕਾਨੂੰਨੀ ਪਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕਰਨ ਦਾ ਪਲਾਨ ਦੁਹਰਾਇਆ। ਨਾਲ ਹੀ ਉਨ੍ਹਾਂ ਨੇ ਡ੍ਰੀਮਰਸ ਅਪਰਵਾਸੀਆਂ ਦੀ ਸੁਰੱਖਿਆ ਦੇ ਲਈ ਕਦਮ ਉਠਾਉਣ ਦੀ ਗੱਲ ਕੀਤੀ। ਜ਼ਿਕਰਯੋਗ ਹੈ ਕਿ ਡ੍ਰੀਮਰਸ ਅਪਰਵਾਸੀ ਉਹ ਅਪਰਵਾਸੀ ਹਨ, ਜੋ ਬਚਪਨ ਵਿਚ ਅਮਰੀਕਾ ਪਹੁੰਚ ਗਏ ਸਨ ਅਤੇ ਉਨ੍ਹਾਂ ਦੇ ਕੋਲ ਕੋਈ ਡਾਕੂਮੈਂਟ ਨਹੀਂ ਹੈ। ਡੋਨਾਲਡ ਟਰੰਪ ਨੇ ਕਿਹਾ ਕਿ ਉਹ ਰਾਸ਼ਟਰਪਤੀ ਦਾ ਅਹੁਦਾ ਸੰਭਾਲਦਿਆਂ ਹੀ, ਪਹਿਲੇ ਦਿਨ ਹੀ ਪੈਦਾ ਹੁੰਦੇ ਸਾਰ ਅਮਰੀਕੀ ਨਾਗਰਿਕਤਾ ਮਿਲਣ ਦਾ ਅਧਿਕਾਰ ਖਤਮ ਕਰ ਦੇਣਗੇ। ਜ਼ਿਕਰਯੋਗ ਹੈ ਅਮਰੀਕੀ ਸੰਵਿਧਾਨ ਦੀ 14ਵੀਂ ਸੋਧ ਦੇ ਮੁਤਾਬਕ ਜੋ ਵੀ ਬੱਚਾ ਅਮਰੀਕਾ ਵਿਚ ਪੈਦਾ ਹੁੰਦਾ ਹੈ, ਉਸ ਨੂੰ ਉਸੇ ਸਮੇਂ ਹੀ ਅਮਰੀਕਾ ਦੀ ਨਾਗਰਿਕਤਾ ਮਿਲ ਜਾਂਦੀ ਹੈ। ਭਾਵੇਂ ਉਸਦੇ ਮਾਤਾ-ਪਿਤਾ ਕੋਲ ਕਿਸੇ ਵੀ ਦੇਸ਼ ਦੀ  ਨਾਗਰਿਕਤਾ ਹੋਵੇ।  

 

ਏਅਰਪੋਰਟ ’ਤੇ ਵੀ ਪੀਐਮ ਨੂੰ ਦਿੱਤਾ ਗਿਆ ਗਾਰਡ ਆਫ ਆਨਰ

ਨਵੀਂ ਦਿੱਲੀ/ਬਿਊਰੋ ਨਿਊਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬ੍ਰਾਜ਼ੀਲ ਵਿਚ ਜੀ-20 ਸੰਮੇਲਨ ਦੀ ਬੈਠਕ ਤੋਂ ਬਾਅਦ ਕੈਰੇਬਿਆਈ ਦੇਸ਼ ਗੁਆਨਾ ਪਹੁੰਚ ਗਏ। ਰਾਜਧਾਨੀ ਜਾਰਜਟਾਊਨ ਵਿਚ ਗੁਆਨਾ ਦੇ ਰਾਸ਼ਟਰਪਤੀ ਮੁਹੰਮਦ ਇਰਫਾਨ ਅਤੇ ਪ੍ਰਧਾਨ ਮੰਤਰੀ ਐਂਟਨੀ ਫਿਲਿਪਸ ਪ੍ਰੋਟੋਕਾਲ ਤੋੜ ਕੇ ਪੀਐਮ ਮੋਦੀ ਦਾ ਸਵਾਗਤ ਕਰਨ ਲਈ ਏਅਰਪੋਰਟ ਪਹੁੰਚੇ। ਉਨ੍ਹਾਂ ਦੇ ਨਾਲ ਇਕ ਦਰਜਨ ਦੇ ਕਰੀਬ ਕੈਬਨਿਟ ਮੰਤਰੀਆਂ ਨੇ ਵੀ ਮੋਦੀ ਦਾ ਸਵਾਗਤ ਕੀਤਾ। ਏਅਰਪੋਰਟ ’ਤੇ ਪੀਐਮ ਮੋਦੀ ਨੂੰ ਗਾਰਡ ਆਫ ਆਨਰ ਵੀ ਦਿੱਤਾ ਗਿਆ। ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕਰਨ ਲਈ ਭਾਰਤੀ ਭਾਈਚਾਰੇ ਦੇ ਲੋਕ ਵੀ ਵੱਡੀ ਗਿਣਤੀ ਵਿਚ ਇਕੱਠੇ ਹੋ ਗਏ ਸਨ ਅਤੇ ਉਨ੍ਹਾਂ ਜਾਰਜਟਾਊਨ ਦੇ ਇਕ ਹੋਟਲ ਵਿਚ ਪੀਐਮ ਮੋਦੀ ਦਾ ਸਵਾਗਤ ਵੀ ਕੀਤਾ।

 

 

ਅਮਰੀਕੀ ਰਾਸ਼ਟਰਪਤੀ ਨੇ ਜੰਗਬੰਦੀ ਨੂੰ ਚੰਗੀ ਖਬਰ ਦੱਸਿਆ

ਨਵੀਂ ਦਿੱਲੀ/ਬਿਊਰੋ ਨਿਊਜ਼

ਇਜ਼ਰਾਈਲ ਦੀ ਵਾਰ ਕੈਬਨਿਟ ਨੇ ਲਿਬਨਾਨ ਵਿਚ ਇਜ਼ਰਾਈਲ ਅਤੇ ਹਿਜਬੁੱਲਾ ਵਿਚਾਲੇ 60 ਦਿਨ ਦੇ ਲਈ ਜੰਗਬੰਦੀ ਸਮਝੌਤੇ ਨੂੰ ਮਨਜੂਰੀ ਦੇ ਦਿੱਤੀ ਹੈ। ਇਸ ਨੂੰ ਲੈ ਕੇ ਲੰਘੀ ਦੇਰ ਰਾਤ ਤੱਕ ਕੈਬਨਿਟ ਦੀ ਮੀਟਿੰਗ ਹੋਈ ਸੀ ਅਤੇ ਇਸ ਨੂੰ 10-1 ਨਾਲ ਮਨਜੂਰੀ ਮਿਲ ਗਈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਪਹਿਲਾਂ ਹੀ ਜੰਗਬੰਦੀ ਦੇ ਪਲਾਨ ਨੂੰ ਮਨਜੂਰੀ ਦੇ ਚੁੱਕੇ ਹਨ। ਉਧਰ ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਇਸ ਜੰਗਬੰਦੀ ਨੂੰ ਚੰਗੀ ਖਬਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜੰਗਬੰਦੀ ਦੇ ਲਈ ਉਨ੍ਹਾਂ ਨੇ ਨੇਤਨਯਾਹੂ ਅਤੇ ਲਿਬਨਾਨ ਦੇ ਪ੍ਰਧਾਨ ਮੰਤਰੀ ਨਜੀਬ ਮਿਕਾਤੀ ਨਾਲ ਗੱਲਬਾਤ ਕੀਤੀ ਸੀ। ਇਸੇ ਦੌਰਾਨ ਜੋਅ ਬਾਈਡਨ ਨੇ ਕਿਹਾ ਕਿ ਜੰਗਬੰਦੀ ਦਾ ਮਤਲਬ ਜੰਗ ਨੂੰ ਹਮੇਸ਼ਾ ਦੇ ਲਈ ਖਤਮ ਕਰਨਾ ਹੈ। ਬਾਈਡਨ ਨੇ ਇਹ ਵੀ ਕਿਹਾ ਕਿ ਜੇਕਰ ਹਿਜਬੁੱਲਾ ਜਾਂ ਕੋਈ ਹੋਰ ਸਮਝੌਤੇ ਦੀ ਉਲੰਘਣਾ ਕਰਦਾ ਹੈ ਅਤੇ ਇਜ਼ਰਾਈਲ ਦੇ ਲਈ ਖਤਰਾ ਪੈਦਾ ਕਰਦਾ ਹੈ ਤਾਂ ਅੰਤਰਰਾਸ਼ਟਰੀ ਕਾਨੂੰਨ ਦੇ ਮੁਤਾਬਕ, ਇਜ਼ਰਾਈਲ ਨੂੰ ਆਪਣੀ ਸੁਰੱਖਿਆ ਕਰਨ ਦਾ ਅਧਿਕਾਰ ਹੋਵੇਗਾ। 

 

ਜੀ-20 ਦੌਰਾਨ ਮਾਨਸਰੋਵਰ ਯਾਤਰਾ ਫਿਰ ਸ਼ੁਰੂ ਕਰਨ ’ਤੇ ਵੀ ਗੱਲਬਾਤ

ਨਵੀਂ ਦਿੱਲੀ/ਬਿਊਰੋ ਨਿਊਜ਼ 

ਬ੍ਰਾਜ਼ੀਲ ਦੀ ਰਾਜਧਾਨੀ ਰੀਓ ਡੀ ਜੇਨੇਰਿਓ ਵਿਚ ਦੋ ਦਿਨ ਤੱਕ ਚੱਲਿਆ ਜੀ-20 ਸਮਿਟ ਸਮਾਪਤ ਹੋੋ ਗਿਆ ਹੈ। ਇਸ ਦੌਰਾਨ ਭਾਰਤ ਅਤੇ ਚੀਨ ਦੇ ਵਿਦੇਸ਼ ਮੰਤਰੀਆਂ ਵਿਚਾਲੇ ਗੱਲਬਾਤ ਵੀ ਹੋਈ। ਗੱਲਬਾਤ ਦੌਰਾਨ ਦੋਵੇਂ ਦੇਸ਼ਾਂ ਵਿਚਕਾਰ ਸਰਹੱਦੀ ਵਿਵਾਦ ’ਤੇ 5 ਸਾਲ ਬਾਅਦ ਵਿਸ਼ੇਸ਼ ਪ੍ਰਤੀਨਿਧੀਆਂ ਦੀ ਬੈਠਕ ਬੁਲਾਉਣ ’ਤੇ ਸਹਿਮਤੀ ਬਣੀ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਦੋਵੇਂ ਦੇਸ਼ਾਂ ਵਿਚਾਲੇ ਸਿੱਧੀ ਹਵਾਈ ਉਡਾਨ ਅਤੇ ਕੈਲਾਸ਼ ਮਾਨਸਰੋਵਰ ਯਾਤਰਾ ਦੁਬਾਰਾ ਸ਼ੁਰੂ ਕਰਨ ’ਤੇ ਵੀ ਚਰਚਾ ਕੀਤੀ ਹੈ। ਜ਼ਿਕਰਯੋਗ ਹੈ ਕਿ ਕੋਵਿਡ ਮਹਾਂਮਾਰੀ ਦੌਰਾਨ ਉਡਾਨਾਂ ਅਤੇ ਯਾਤਰਾ ’ਤੇ ਰੋਕ ਲਗਾ ਦਿੱਤੀ ਗਈ ਸੀ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.