Sunday, 14 June 2026

ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ : ਅਮਰੀਕਾ ’ਚੋਂ ਗੈਰਕਾਨੂੰਨੀ ਭਾਰਤੀਆਂ ਦੀ ਵਾਪਸੀ ਲਈ ਹਾਂ ਤਿਆਰ 

ਵਾਸ਼ਿੰਗਟਨ/ਬਿਊਰੋ ਨਿਊਜ਼   

ਅਮਰੀਕਾ ਵਿਚ ਗੈਰਕਾਨੂੰਨੀ ਤੌਰ ’ਤੇ ਰਹਿ ਰਹੇ 18 ਹਜ਼ਾਰ ਭਾਰਤੀਆਂ ਦੀ ਦੇਸ਼ ਵਾਪਸੀ ਹੋ ਜਾਵੇਗੀ। ਅਮਰੀਕਾ ਦੀ ਇਕ ਵੈਬਸਾਈਟ ਦੀ ਰਿਪੋਰਟ ਮੁਤਾਬਕ ਇਨ੍ਹਾਂ 18 ਹਜ਼ਾਰ ਭਾਰਤੀਆਂ ਕੋਲ ਅਮਰੀਕਾ ਦੀ ਨਾਗਰਿਕਤਾ ਨਹੀਂ ਹੈ ਅਤੇ ਨਾਗਰਿਕਤਾ ਹਾਸਲ ਕਰਨ ਦੇ ਲਈ ਸਹੀ ਦਸਤਾਵੇਜ਼ ਵੀ ਨਹੀਂ ਹਨ। ਅਮਰੀਕਾ ਵਿਚ ਪਿਛਲੇ ਮਹੀਨੇ ਗੈਰਕਾਨੂੰਨੀ ਪਰਵਾਸੀਆਂ ਨਾਲ ਡੀਲ ਕਰਨ ਵਾਲੀ ਸਰਕਾਰੀ ਸੰਸਥਾ (ਆਈ.ਸੀ.ਈ.) ਨੇ ਕਰੀਬ 15 ਲੱਖ ਵਿਅਕਤੀਆਂ ਦੀ ਇਕ ਸੂਚੀ ਬਣਾਈ ਹੈ, ਜੋ ਗੈਰਕਾਨੂੰਨੀ ਤੌਰ ’ਤੇ ਅਮਰੀਕਾ ’ਚ ਰਹਿ ਰਹੇ ਹਨ ਅਤੇ 18 ਹਜ਼ਾਰ ਭਾਰਤੀ ਵੀ ਇਸ ਸੂਚੀ ਦਾ ਹਿੱਸਾ ਹਨ। ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕਾ ਦੀ ਸਰਕਾਰ ਦੇ ਅੰਕੜਿਆਂ ਮੁਤਾਬਕ 2023 ਵਿਚ 3 ਲੱਖ 86 ਹਜ਼ਾਰ ਵਿਅਕਤੀਆਂ ਨੂੰ ਐਚ-1ਬੀ ਵੀਜ਼ਾ ਦਿੱਤਾ ਗਿਆ ਸੀ, ਜਿਨ੍ਹਾਂ ’ਚ ਕਰੀਬ ਤੀਜਾ ਹਿੱਸਾ ਭਾਰਤੀ ਨਾਗਰਿਕ ਹਨ। ਧਿਆਨ ਰਹੇ ਕਿ ਡੋਨਲਡ ਟਰੰਪ ਨੇ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਕਈ ਵੱਡੇ ਫੈਸਲੇ ਲਏ ਹਨ। ਉਧਰ ਦੂਜੇ ਪਾਸੇ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਕਿ ਅਮਰੀਕਾ ’ਚੋਂ ਗੈਰਕਾਨੂੰਨੀ ਭਾਰਤੀਆਂ ਦੀ ਵਾਪਸੀ ਲਈ ਅਸੀਂ ਤਿਆਰ ਹਾਂ।  

ਵਾਸ਼ਿੰਗਟਨ ਡੀਸੀ ’ਚ 20 ਜਨਵਰੀ ਨੂੰ ਹੋਵੇਗਾ ਟਰੰਪ ਦਾ ਸਹੁੰ ਚੁੱਕ ਸਮਾਗਮ

ਨਵੀਂ ਦਿੱਲੀ/ਬਿਊਰੋ ਨਿਊਜ਼

ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਆਉਂਦੀ 20 ਜਨਵਰੀ ਨੂੰ ਵਾਸ਼ਿੰਗਟਨ ਡੀਸੀ ਵਿਚ ਅਮਰੀਕਾ ਦੇ ਨਵੇਂ ਬਣਨ ਜਾ ਰਹੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਹੁੰ ਚੁੱਕ ਸਮਾਗਮ ਵਿਚ ਭਾਰਤ ਦੀ ਨੁਮਾਇੰਦਗੀ ਕਰਨਗੇ। ਧਿਆਨ ਰਹੇ ਕਿ ਟਰੰਪ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਆਪਣੀ ਇਸ ਫੇਰੀ ਦੌਰਾਨ ਜੈਸ਼ੰਕਰ ਅਗਾਮੀ ਟਰੰਪ ਪ੍ਰਸ਼ਾਸਨ ਦੇ ਨੁਮਾਇੰਦਿਆਂ ਨੂੰ ਵੀ ਮਿਲਣਗੇ। ਪਿਛਲੇ ਸਾਲ ਨਵੰਬਰ ’ਚ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਹੋਈਆਂ ਚੋਣਾਂ ’ਚ ਟਰੰਪ ਨੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਹਰਾਇਆ ਸੀ। ਜ਼ਿਕਰਯੋਗ ਹੈ ਕਿ ਟਰੰਪ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣਨਗੇ। ਇਸ ਤੋਂ ਪਹਿਲਾਂ ਉਹ ਜਨਵਰੀ 2017 ਤੋਂ ਜਨਵਰੀ 2021 ਤੱਕ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਵਜੋਂ ਕੰਮ ਕਰ ਚੁੱਕੇ ਹਨ।

ਤਿੰਨ ਰੋਜ਼ਾ 34ਵੀਂ ਵਿਸ਼ਵ ਪੰਜਾਬੀ ਕਾਨਫਰੰਸ ਲਾਹੌਰ ’ਚ ਸੰਪੰਨ

ਅੰਮਿ੍ਰਤਸਰ/ਬਿਊਰੋ ਨਿਊਜ਼ 

ਪਾਕਿਸਤਾਨ ਦੇ ਲਾਹੌਰ ਵਿਖੇ ਤਿੰਨ ਰੋਜ਼ਾ 34ਵੀਂ ਵਿਸ਼ਵ ਪੰਜਾਬੀ ਕਾਨਫਰੰਸ ਪੰਜਾਬੀ ਮਾਂ ਬੋਲੀ ਦਾ ਝੰਡਾ ਬੁਲੰਦ ਕਰਨ ਅਤੇ ਇਸਦੇ ਪ੍ਰਚਾਰ ਤੇ ਪਸਾਰ ਲਈ ਸੁਹਿਰਦ ਯਤਨ ਕਰਨ ਦੇ ਅਹਿਦ ਨਾਲ ਸੰਪੰਨ ਹੋ ਗਈ। ਕਾਨਫਰੰਸ ਦੇ ਮੁੱਖ ਪ੍ਰਬੰਧਕ ਤੇ ਸਾਬਕਾ ਵਜ਼ੀਰ ਫਖਰ ਜ਼ਮਾਨ ਨੇ ਬੁੱਧਵਾਰ ਨੂੰ ਸਮਾਪਤੀ ਸੈਸ਼ਨ ਦੌਰਾਨ ਵਫਦ ਵਿੱਚ ਸ਼ਾਮਲ ਸਾਰੇ ਮੈਂਬਰਾਂ ਨੂੰ ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ। ਫਖਰ ਜ਼ਮਾਨ, ਡਾ. ਦੀਪਕ ਮਨਮੋਹਨ ਸਿੰਘ, ਸਹਿਜਪ੍ਰੀਤ ਸਿੰਘ ਮਾਂਗਟ ਤੇ ਗੁਰਭਜਨ ਸਿੰਘ ਗਿੱਲ ਨੇ ਵਿਸ਼ਵ ਪੰਜਾਬੀ ਕਾਨਫਰੰਸਾਂ ਦੇ ਸਿਲਸਿਲੇ ਨੂੰ ਕਾਮਯਾਬ ਕਰਨ ਲਈ ਉਪਰਾਲੇ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਆਉਣ ਵਾਲੇ ਸਮੇਂ ’ਚ ਕਾਨਫਰੰਸ ਦਾ ਦਾਇਰਾ ਵਧਾਉਣ ਤੇ ਨਿਰੰਤਰ ਕਰਵਾਉਣ ’ਤੇ ਵੀ ਚਰਚਾ ਕੀਤੀ। ਸੰਗੀਤਕ ਪ੍ਰੋਗਰਾਮ ਦੌਰਾਨ ਦੋਵੇਂ ਪੰਜਾਬਾਂ ਦੇ ਫਨਕਾਰਾਂ ਅਕਰਮ ਰਾਹੀ, ਪੰਮੀ ਬਾਈ, ਡੌਲੀ ਗੁਲੇਰੀਆ, ਸੁੱਖੀ ਬਰਾੜ, ਆਰਿਫ ਲੋਹਾਰ, ਇਮਰਾਨ ਸ਼ੌਕਤ ਅਲੀ ਤੇ ਸਤਨਾਮ ਨੇ ਪੇਸ਼ਕਾਰੀਆਂ ਦਿੱਤੀਆਂ। ਸਮਾਪਤੀ ਸੈਸ਼ਨ ਦੌਰਾਨ ਲਹਿੰਦੇ ਪੰਜਾਬ ਦੀ ਸ਼ਾਇਰਾ ਬੁਸ਼ਰਾ ਏਜਾਜ਼ ਦੀ ਪੁਸਤਕ ‘ਮੈਂ ਪੂਣੀ ਕੱਤੀ ਰਾਤ ਦੀ’ ਦਾ ਗੁਰਮੁਖੀ ਐਡੀਸ਼ਨ ਵੀ ਰਿਲੀਜ਼ ਕੀਤਾ ਗਿਆ।  

10 ਹਜ਼ਾਰ ਤੋਂ ਜ਼ਿਆਦਾ ਇਮਾਰਤਾਂ ਤਬਾਹ ਅਤੇ 7 ਮੌਤਾਂ

ਵਾਸ਼ਿੰਗਟਨ/ਬਿਊਰੋ ਨਿਊਜ਼

ਅਮਰੀਕਾ ਦੇ ਸੂਬੇ ਕੈਲੀਫੋਰਨੀਆ ਵਿਚ ਲੌਸ ਏਂਜਲਸ ਦੇ ਚਾਰੋਂ ਪਾਸੇ ਲੱਗੀ ਅੱਗ ਕਾਰਨ 10 ਹਜ਼ਾਰ ਤੋਂ ਜ਼ਿਆਦਾ ਇਮਾਰਤਾਂ ਤਬਾਹ ਹੋ ਚੁੱਕੀਆਂ ਹਨ। ਲੰਘੇ ਚਾਰ ਦਿਨਾਂ ਤੋਂ ਲੱਗੀ ਅੱਗ ਕਰੀਬ 40 ਹਜ਼ਾਰ ਏਕੜ ਤੱਕ ਫੈਲ ਚੁੱਕੀ ਹੈ। ਇਸ ਅੱਗ ਕਾਰਨ 29 ਹਜ਼ਾਰ ਏਕੜ ਜ਼ਮੀਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੀ ਹੈ ਅਤੇ 7 ਵਿਅਕਤੀਆਂ ਦੀ ਜਾਨ ਵੀ ਜਾ ਚੁੱਕੀ ਹੈ। ਲੌਸ ਏਂਜਲਸ ਅਤੇ ਨੇੜਲੇ ਖੇਤਰਾਂ ਵਿਚ ਲੱਗੀ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਅੱਗ ਹੈ। ਇਸ ਅੱਗ ਨਾਲ ਲੌਸ ਏਂਜਲਸ ਸ਼ਹਿਰ ਦੇ ਪੌਸ਼ ਇਲਾਕੇ ਵਿਚ ਕਈ ਹਾਲੀਵੁੱਡ ਐਕਟਰਾਂ ਦੇ ਬੰਗਲੇ ਵੀ ਸੜ ਚੁੱਕੇ ਹਨ। ਇਸਦੇ ਚੱਲਦਿਆਂ ਕਈ ਸੈਲੀਬਿ੍ਰਟੀਜ਼ ਨੂੰ ਘਰ ਛੱਡ ਕੇ ਜਾਣਾ ਵੀ ਪਿਆ ਹੈ ਅਤੇ 50 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਤੁਰੰਤ ਘਰ ਖਾਲੀ ਕਰਨ ਨੂੰ ਕਿਹਾ ਗਿਆ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਵੀ ਕੀਤੀ ਹੈ। 

 

ਰੂਸ ਗੱਲਬਾਤ ਲਈ ਤਿਆਰ ਨਾ ਹੋਇਆ ਤਾਂ ਲਗਾਵਾਂਗੇ ਪਾਬੰਦੀਆਂ : ਟਰੰਪ

ਵਾਸ਼ਿੰਗਟਨ/ਬਿਊਰੋ ਨਿਊਜ਼ 

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੂਕਰੇਨ ਜੰਗ ਦੇ ਮੁੱਦੇ ’ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਚਿਤਾਵਨੀ ਦਿੱਤੀ ਹੈ। ਟਰੰਪ ਨੇ ਕਿਹਾ ਕਿ ਜੇਕਰ ਪੂਤਿਨ ਜੰਗ ਬਾਰੇ ਗੱਲਬਾਤ ਲਈ ਤਿਆਰ ਨਹੀਂ ਹੁੰਦੇ ਤਾਂ ਅਮਰੀਕਾ ਰੂਸ ’ਤੇ ਪਾਬੰਦੀਆਂ ਲਗਾਏਗਾ। ਟਰੰਪ ਨੇ ਕਿਹਾ ਕਿ ਉਹ ਹਰ ਸਮੇਂ ਪੂਤਿਨ ਨਾਲ ਗੱਲਬਾਤ ਅਤੇ ਵਿਅਕਤੀਗਤ ਤੌਰ ’ਤੇ ਮਿਲਣ ਲਈ ਤਿਆਰ ਹਨ। ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਟਰੰਪ ਨੇ ਕਿਹਾ ਕਿ ਯੂਕਰੇਨ ਵਿਚ ਜੰਗ ਨਹੀਂ ਹੋਣੀ ਚਾਹੀਦੀ ਸੀ ਅਤੇ ਇਹ ਭਿਆਨਕ ਸਥਿਤੀ ਹੈ। ਉਨ੍ਹਾਂ ਕਿਹਾ ਕਿ ਜੰਗ ਵਿਚ ਕਈ ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ। ਡੋਨਾਲਡ ਟਰੰਪ ਨੇ ਕਿਹਾ ਕਿ ਜੇਕਰ ਅਮਰੀਕਾ ਵਿਚ ਇਕ ਸਮਰੱਥ ਰਾਸ਼ਟਰਪਤੀ ਹੁੰਦਾ ਤਾਂ ਇਹ ਜੰਗ ਕਦੀ ਨਹੀਂ ਸੀ ਹੋਣੀ। ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਕਾਰਜਕਾਲ ਵਿਚ ਰੂਸ ਨੇ ਯੂਕਰੇਨ ’ਤੇ ਹਮਲਾ ਕਰਨ ਦੀ ਹਿੰਮਤ ਨਹੀਂ ਕੀਤੀ ਸੀ।

ਕਮਲਾ ਹੈਰਿਸ ਨੇ ਰਾਸ਼ਟਰਪਤੀ ਚੋਣਾਂ ’ਚ ਟਰੰਪ ਦੀ ਜਿੱਤ ਦਾ ਕੀਤਾ ਐਲਾਨ

ਵਾਸ਼ਿੰਗਟਨ/ਬਿਊਰੋ ਨਿਊਜ਼

ਅਮਰੀਕਾ ’ਚ ਡੋਨਾਲਡ ਟਰੰਪ ਦੀ ਰਾਸ਼ਟਰਪਤੀ ਚੋਣਾਂ ਵਿਚ ਹੋਈ ਜਿੱਤ ’ਤੇ ਮੋਹਰ ਲੱਗ ਗਈ ਹੈ। ਇਲੈਕਟੋਰਲ ਵੋਟਾਂ ਦੀ ਗਿਣਤੀ ਤੋਂ ਬਾਅਦ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਟਰੰਪ ਦੀ ਜਿੱਤ ਦਾ ਐਲਾਨ ਕੀਤਾ। ਟਰੰਪ ਦੀ ਜਿੱਤ ਲੰਘੀ 6 ਨਵੰਬਰ ਨੂੰ ਹੀ ਤੈਅ ਹੋ ਗਈ ਸੀ, ਪਰ ਇਸਦਾ ਅਧਿਕਾਰਤ ਤੌਰ ’ਤੇ ਐਲਾਨ ਹੁਣ ਹੀ ਕੀਤਾ ਗਿਆ ਹੈ। ਅਮਰੀਕੀ ਸੰਸਦ ਕੈਪੀਟਲ ਹਿੱਲ ’ਚ ਕਾਂਗਰਸ ਦੇ ਦੋਵੇਂ ਸਦਨਾਂ ਦੇ ਸਾਂਝੇ ਸੈਸ਼ਨ ਵਿਚ ਇਲੈਕਟੋਰਲ ਕਾਲੇਜ ਦੇ ਵੋਟ ਗਿਣੇ ਗਏ। ਇਹ ਪ੍ਰਕਿਰਿਆ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਅਗਵਾਈ ਵਿਚ ਹੋਈ ਹੈ ਕਿਉਂਕਿ ਉਹ ਸੀਨੇਟ ਦੀ ਮੁਖੀ ਹੈ। ਧਿਆਨ ਰਹੇ ਕਿ ਡੋਨਾਲਡ ਟਰੰਪ ਹੁਣ 20 ਜਨਵਰੀ ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕ ਲੈਣਗੇ।

 

ਗੈਰਕਾਨੂੰਨੀ ਪਰਵਾਸੀਆਂ ਦੀ ਅਮਰੀਕਾ ’ਚ ਐਂਟਰੀ ਹੋਵੇਗੀ ਬੰਦ

ਵਾਸ਼ਿੰਗਟਨ/ਬਿਊਰੋ ਨਿਊਜ਼

ਡੋਨਾਲਡ ਟਰੰਪ ਨੇ ਅਮਰੀਕੀ ਸੰਸਦ ਕੈਪੀਟਲ ਹਿੱਲ ਵਿਚ 47ਵੇਂ ਰਾਸ਼ਟਰਪਤੀ ਦੇ ਤੌਰ ’ਤੇ ਅਹੁਦੇ ਦੀ ਸਹੁੰ ਚੁੱਕ ਲਈ ਹੈ। ਯੂਐਸ ਕੈਪੀਟਲ ’ਚ ਹੋਏ ਸਮਾਗਮ ਦੌਰਾਨ ਚੀਫ ਜਸਟਿਸ ਜੌਹਨ ਰੌਬਰਟਸ ਨੇ ਟਰੰਪ ਨੂੰ ਅਹੁਦੇ ਦੀ ਸਹੁੰ ਚੁਕਾਈ। ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਹਲਫ ਲੈਣ ’ਤੇ ਟਰੰਪ ਨੂੰ ਤੋਪਾਂ ਨਾਲ ਸਲਾਮੀ ਦਿੱਤੀ ਗਈ। ਅਮਰੀਕਾ ਦੇ ਸਿਖਰਲੇ ਅਹੁਦੇ ’ਤੇ ਟਰੰਪ ਦਾ ਇਹ ਦੂਜਾ ਕਾਰਜਕਾਲ ਹੈ। ਟਰੰਪ ਨੇ ਸਹੁੰ ਚੁੱਕਣ ਤੋਂ ਕੁਝ ਸਮੇਂ ਬਾਅਦ ਹੀ ਜੋਅ ਬਾਈਡਨ ਪ੍ਰਸ਼ਾਸਨ ਦੇ 78 ਫੈਸਲਿਆਂ ਨੂੰ ਪਲਟ ਦਿੱਤਾ ਹੈ। ਇਨ੍ਹਾਂ ਵਿਚ ਗੈਰਕਾਨੂੰਨੀ ਪਰਵਾਸੀਆਂ ਨੂੰ ਬਾਹਰ ਕੱਢਣ, ਬੱਚਿਆਂ ਦੀ ਨਾਗਰਿਕਤਾ ਖਤਮ ਕਰਨ, ਡਬਲਿਊ.ਐਚ.ਓ. ਅਤੇ ਪੈਰਿਸ ਜਲਵਾਯੂ ਸਮਝੌਤੇ ’ਚੋਂ ਅਮਰੀਕਾ ਨੂੰ ਬਾਹਰ ਕਰਨ ਜਿਹੇ ਫੈਸਲੇ ਸ਼ਾਮਲ ਹਨ। ਟਰੰਪ ਨੇ ਅਮਰੀਕਾ ਫਸਟ ਪਾਲਿਸੀ ਦੇ ਤਹਿਤ ਦੂਜੇ ਦੇਸ਼ਾਂ ’ਤੇ ਟੈਰਿਫ ਲਗਾਉਣ ਦੀ ਗੱਲ ਵੀ ਕਹੀ। ਉਨ੍ਹਾਂ ਨੇ ਅਮਰੀਕਾ ਵਿਚ ਸਿਰਫ ਮਹਿਲਾ ਅਤੇ ਪੁਰਸ਼ ਜੈਂਡਰ ਨੂੰ ਮਾਨਤਾ ਦੇਣ ਦਾ ਐਲਾਨ ਵੀ ਕੀਤਾ ਹੈ।  

ਫਰਨੀਚਰ ਬਣਾਉਣ ਵਾਲੀ ਬਿਲਡਿੰਗ ਦੀ ਛੱਤ ਨਾਲ ਟਕਰਾਇਆ ਜਹਾਜ਼

ਵਾਸ਼ਿੰਗਟਨ/ਬਿਊਰੋ ਨਿਊਜ਼

ਅਮਰੀਕਾ ਦੇ ਕੈਲੀਫੋਰਨੀਆ ’ਚ ਇਕ ਪ੍ਰਾਈਵੇਟ ਛੋਟਾ ਜਹਾਜ਼ ਇਕ ਬਿਲਡਿੰਗ ਨਾਲ ਟਕਰਾ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਇਸ ਹਾਦਸੇ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ 18 ਵਿਅਕਤੀ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਬਿਲਡਿੰਗ ਨੂੰ ਵੀ ਅੱਗ ਲੱਗ ਗਈ ਅਤੇ ਫਾਇਰ ਬਿ੍ਰਗੇਡ ਤੇ ਪੁਲਿਸ ਨੇ ਮੌਕੇ ’ਤੇ ਪਹੰੁਚ ਕੇ ਅੱਗ ’ਤੇ ਕਾਬੂ ਪਾਇਆ ਅਤੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਦੱਸਿਆ ਗਿਆ ਕਿ ਜਹਾਜ਼ ਜਿਸ ਬਿਲਡਿੰਗ ਨਾਲ ਟਕਰਾਇਆ, ਉਸ ਬਿਲਡਿੰਗ ਵਿਚ ਫਰਨੀਚਰ ਬਣਾਉਣ ਦਾ ਕੰਮ ਹੁੰਦਾ ਹੈ। ਇਸ ਹਾਦਸੇ ਤੋਂ ਬਾਅਦ ਨੇੜੇ ਦੀਆਂ ਇਮਾਰਤਾਂ ਨੂੰ ਵੀ ਖਾਲੀ ਕਰਵਾ ਲਿਆ ਗਿਆ ਹੈ। ਧਿਆਨ ਰਹੇ ਕਿ ਲੰਘੇ 10 ਦਿਨਾਂ ’ਚ ਇਹ ਤੀਜਾ ਅਜਿਹਾ ਹਾਦਸਾ ਹੈ। ਇਸ ਤੋਂ ਪਹਿਲਾਂ 25 ਦਸੰਬਰ ਨੂੰ ਅਜਰਬੈਜਾਨ ਤੋਂ ਰੂਸ ਜਾ ਰਿਹਾ ਜਹਾਜ਼ ਵੀ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ, ਜਿਸ ਵਿਚ 38 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ 29 ਦਸੰਬਰ ਨੂੰ ਵੀ ਸਾਊਥ ਕੋਰੀਆ ਵਿਚ ਇਕ ਅਜਿਹਾ ਹਾਦਸਾ ਹੋ ਗਿਆ ਸੀ, ਜਿਸ ਵਿਚ 179 ਵਿਅਕਤੀਆਂ ਦੀ ਜਾਨ ਚਲੇ ਗਈ ਸੀ। 

ਡੋਨਾਲਡ ਟਰੰਪ ਸਹੁੰ ਚੁੱਕਣ ਤੋਂ ਬਾਅਦ ਲੈਣਗੇ ਅਹਿਮ ਫੈਸਲੇ

ਵਾਸ਼ਿੰਗਟਨ/ਬਿਊਰੋ ਨਿਊਜ਼

ਚਾਈਨਜ਼ ਸ਼ਾਰਟ ਵੀਡੀਓ ਐਪ ਟਿਕਟੌਕ ’ਤੇ ਫਿਲਹਾਲ ਅਮਰੀਕਾ ਪਾਬੰਦੀ ਨਹੀਂ ਲਗਾ ਰਿਹਾ ਹੈ। ਡੋਨਾਲਡ ਟਰੰਪ ਨੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣ ਤੋਂ ਪਹਿਲਾਂ ਅਧਿਕਾਰੀਆਂ ਨੂੰ ਟਿਕਟੌਕ ਨੂੰ ਹੋਰ ਸਮਾਂ ਦੇਣ ਦਾ ਨਿਰਦੇਸ਼ ਦਿੱਤਾ ਹੈ। ਦਰਅਸਲ ਯੂ.ਐਸ. ਦੀ ਫੈਡਰਲ ਅਦਾਲਤ ਨੇ ਟਿਕਟੌਕ ਨੂੰ ਆਪਣੀ ਪੇਰੈਂਟ ਕੰਪਨੀ ਬਾਈਟਡਾਂਸ ਦੀ ਹਿੱਸੇਦਾਰੀ ਵੇਚਣ ਲਈ ਕਿਹਾ ਸੀ। ਜਿਸ ਤੋਂ ਬਾਅਦ ਅਮਰੀਕਾ ਵਿਚ ਜ਼ਿਆਦਾਤਰ ਯੂਜਰਜ਼ ਦੇ ਫੋਨ ’ਚ ਐਪ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਇਸ ਦੌਰਾਨ ਕੰਪਨੀ ਨੇ ਕਿਹਾ ਸੀ ਕਿ ਸਰਵਿਸ ਨੂੰ ਰੀਸਟੋਰ ਕੀਤਾ ਜਾ ਰਿਹਾ ਹੈ ਅਤੇ ਅਸੀਂ ਅਮਰੀਕਾ ਵਿਚ ਟਿਕਟੌਕ ਨੂੰ ਬਣਾਈ ਰੱਖਣ ਦੇ ਲਈ ਰਾਸ਼ਟਰਪਤੀ ਟਰੰਪ ਦੇ ਨਾਲ ਮਿਲ ਕੇ ਕੰਮ ਕਰਾਂਗੇ। ਇਸੇ ਦੌਰਾਨ ਟਰੰਪ ਨੇ ਆਪਣੇ ਹਲਫਦਾਰੀ ਸਮਾਗਮ ਤੋਂ ਪਹਿਲਾਂ ਆਪਣੇ ਹਮਾਇਤੀਆਂ ਅਤੇ ਅਮਰੀਕਾ ਵਾਸੀਆਂ ਨਾਲ ਵਾਅਦਾ ਕੀਤਾ ਹੈ ਕਿ ਉਹ ਦੇਸ਼ ਦੇ ਸਾਹਮਣੇ ਆਉਣ ਵਾਲੇ ਹਰ ਸੰਕਟ ਨੂੰ ਦੂਰ ਕਰਨ ਲਈ ਤੇਜ਼ੀ ਨਾਲ ਕੰਮ ਕਰਨਗੇ। 

ਕਾਨੂੰਨ ਤੋੜਨ ’ਤੇ ਲੱਗੇਗਾ ਵੱਡਾ ਜੁਰਮਾਨਾ

ਨਵੀਂ ਦਿੱਲੀ/ਬਿਊਰੋ ਨਿਊਜ਼ 

ਸਵਿੱਟਜ਼ਰਲੈਂਡ ਵਿਚ ਅੱਜ ਤੋਂ ਜਨਤਕ ਥਾਵਾਂ ’ਤੇ ਮਹਿਲਾਵਾਂ ਦੇ ਹਿਜਾਬ, ਬੁਰਕਾ ਜਾਂ ਕਿਸੇ ਹੋਰ ਤਰੀਕੇ ਨਾਲ ਪੂਰੀ ਤਰ੍ਹਾਂ ਮੂੰਹ ਢੱਕਣ ’ਤੇ ਰੋਕ ਲਗਾ ਦਿੱਤੀ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਕਾਨੂੰਨ ਦਾ ਉਲੰਘਣ ਕਰਨ ’ਤੇ 1,000 ਸਵਿਸ ਫਰੈਂਕ ਜੁਰਮਾਨਾ ਲਗਾਇਆ ਜਾਵੇਗਾ। ਸਵਿੱਟਜ਼ਰਲੈਂਡ ਵਿਚ 2021 ’ਚ 51.21 ਫੀਸਦੀ ਨਾਗਰਿਕਾਂ ਨੇ ਬੁਰਕਾ ’ਤੇ ਪਾਬੰਦੀ ਲਗਾਉਣ ਦੇ ਹੱਕ ਵਿਚ ਵੋਟ ਪਾਈ ਸੀ। ਇਸ ਤੋਂ ਬਾਅਦ ਹੀ ਬੁਰਕੇ ’ਤੇ ਪਾਬੰਦੀ ਨੂੰ ਲੈ ਕੇ ਕਾਨੂੰਨ ਬਣਾਇਆ ਗਿਆ ਸੀ, ਜੋ ਅੱਜ ਯਾਨੀ 1 ਜਨਵਰੀ 2025 ਤੋਂ ਸ਼ੁਰੂ ਹੋ ਗਿਆ ਹੈ। ਧਿਆਨ ਰਹੇ ਕਿ ਸਵਿੱਟਜ਼ਰਲੈਂਡ ਤੋਂ ਪਹਿਲਾਂ ਬੈਲਜ਼ੀਅਮ, ਫਰਾਂਸ, ਡੈਨਮਾਰਕ, ਆਸਟਰੀਆ, ਨੀਦਰਲੈਂਡ ਅਤੇ ਬੁਲਗਾਰੀਆ ਵਿਚ ਵੀ ਇਸ ਨੂੰ ਲੈ ਕੇ ਕਾਨੂੰਨ ਬਣਾਇਆ ਜਾ ਚੁੱਕਾ ਹੈ। ਇਸ ਕਾਨੂੰਨ ਤੋਂ ਬਾਅਦ ਜਨਤਕ ਥਾਵਾਂ, ਜਿਵੇਂ ਕਿ ਪਬਲਿਕ ਦਫਤਰ, ਪਬਲਿਕ ਟਰਾਂਸਪੋਰਟ, ਰੇਸਤਰਾਂ, ਦੁਕਾਨਾਂ ਅਤੇ ਹੋਰ ਥਾਵਾਂ ’ਤੇ ਮਹਿਲਾਵਾਂ ਆਪਣਾ ਚਿਹਰਾ ਪੂਰੀ ਤਰ੍ਹਾਂ ਨਹੀਂ ਢੱਕ ਸਕਣਗੀਆਂ।

 

ਇਮਰਾਨ ਖਾਨ ਦੀ ਪਤਨੀ ਬੁਸ਼ਰਾ ਨੂੰ ਵੀ 7 ਸਾਲ ਦੀ ਸਜ਼ਾ

ਇਸਲਾਮਾਬਾਦ/ਬਿਊਰੋ ਨਿਊਜ਼ 

ਪਾਕਿਸਤਾਨ ਦੀ ਇਕ ਅਦਾਲਤ ਨੇ ਅੱਜ ਸ਼ੁੱਕਰਵਾਰ ਨੂੰ ਅਲ ਕਾਦਿਰ ਟਰੱਸਟ ਨਾਲ ਜੁੜੇ ਭਿ੍ਰਸ਼ਟਾਚਾਰ ਦੇ ਮਾਮਲੇ ਵਿਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਸਜ਼ਾ ਦਾ ਐਲਾਨ ਕਰ ਦਿੱਤਾ ਹੈ। ਇਮਰਾਨ ਨੂੰ 14 ਸਾਲ ਅਤੇ ਬੁਸ਼ਰਾ ਨੂੰ 7 ਸਾਲ ਦੀ ਸਜ਼ਾ ਸੁਣਾਈ ਗਈ ਹੈ। ਦੋਵਾਂ ’ਤੇ ਰਾਸ਼ਟਰੀ ਖਜ਼ਾਨੇ ਨੂੰ 50 ਅਰਬ ਪਾਕਿਸਤਾਨੀ ਰੁਪਏ ਦਾ ਨੁਕਸਾਨ ਪਹੁੰਚਾਉਣ ਦਾ ਆਰੋਪ ਹੈ। ਧਿਆਨ ਰਹੇ ਕਿ ਇਮਰਾਨ ਖਾਨ ਤੋਸ਼ਾਖਾਨਾ ਨਾਲ ਜੁੜੇ ਇਕ ਮਾਮਲੇ ਵਿਚ ਅਗਸਤ 2023 ਤੋਂ ਪਹਿਲਾਂ ਹੀ ਅਡਿਆਲਾ ਜੇਲ੍ਹ ਵਿਚ ਬੰਦ ਹਨ।

ਯੂਕਰੇਨੀ ਲੋਕਾਂ ਨੂੰ ਸ਼ਾਂਤੀ ਨਾਲ ਜੀਣ ਦਾ ਹੱਕ : ਜੋਅ ਬਾਈਡਨ

ਨਵੀਂ ਦਿੱਲੀ/ਬਿਊਰੋ ਨਿਊਜ਼

ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਯੂਕਰੇਨ ’ਤੇ ਹੋਏ ਰੂਸੀ ਮਿਜ਼ਾਈਲ ਅਤੇ ਡਰੋਨ ਹਮਲੇ ਦੀ ਨਿੰਦਾ ਕੀਤੀ ਹੈ। ਬਾਈਡਨ ਨੇ ਆਰੋਪ ਲਗਾਇਆ ਕਿ ਰੂਸ ਨੇ ਮਿਜ਼ਾਈਲ ਅਤੇ ਡਰੋਨ ਹਮਲੇ ਦੇ ਜ਼ਰੀਏ ਯੂਕਰੇਨ ਦੀ ਐਨਰਜੀ ਗਰਿਡ ਨੂੰ ਨਿਸ਼ਾਨਾ ਬਣਾਇਆ ਹੈ। ਇਸਦੇ ਜ਼ਰੀਏ ਰੂਸ ਸਰਦੀ ਦੇ ਮੌਸਮ ਵਿਚ ਯੂਕਰੇਨੀ ਲੋਕਾਂ ਦੀ ਬਿਜਲੀ ਸਪਲਾਈ ਕੱਟਣਾ ਚਾਹੁੰਦਾ ਹੈ। ਇਸਦੇ ਚੱਲਦਿਆਂ ਜੋਅ ਬਾਈਡਨ ਨੇ ਯੂਕਰੇਨ ਨੂੰ ਮੱਦਦ ਦੇਣ ਦੀ ਗੱਲ ਵੀ ਦੁਹਰਾਈ। ਬਾਈਡਨ ਦੇ ਮੁਤਾਬਕ ਅਮਰੀਕਾ ਨੇ ਪਿਛਲੇ ਕੁਝ ਮਹੀਨਿਆਂ ਵਿਚ ਯੂਕਰੇਨ ਨੂੰ ਸੈਂਕੜੇ ਮਿਜ਼ਾਈਲਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ਵਧਾਏਗਾ ਅਤੇ ਯੂਕਰੇਨ ਨੂੰ ਜਲਦ ਹੀ ਮਿਜ਼ਾਈਲਾਂ ਦੀ ਨਵੀਂ ਖੇਪ ਦਿੱਤੀ ਜਾਵੇਗੀ। ਜੋਅ ਬਾਈਡਨ ਨੇ ਕਿਹਾ ਕਿ ਇਸ ਸਭ ਲਈ ਅਮਰੀਕੀ ਰੱਖਿਆ ਵਿਭਾਗ ਨੂੰ ਮਿਜ਼ਾਈਲਾਂ ਦੀ ਸਪਲਾਈ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਨੇ ਦੁਨੀਆਂ ਦੇ ਦੂਜੇ ਦੇਸ਼ਾਂ ਨੂੰ ਵੀ ਯੂਕਰੇਨ ਦੀ ਮੱਦਦ ਕਰਨ ਲਈ ਕਿਹਾ ਹੈ। ਅਮਰੀਕੀ ਰਾਸ਼ਟਰਪਤੀ ਬਾਈਡਨ ਨੇ ਕਿਹਾ ਕਿ ਯੂਕਰੇਨ ਦੇ ਲੋਕਾਂ ਨੂੰ ਸ਼ਾਂਤੀ ਅਤੇ ਸੁਰੱਖਿਆ ਦੇ ਨਾਲ ਜੀਣ ਦਾ ਅਧਿਕਾਰ ਹੈ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.