Sunday, 14 June 2026

ਭਾਰਤੀ ਚੋਣ ਕਮਿਸ਼ਨ ’ਤੇ ਚੁੱਕੇ ਸਵਾਲ

ਨਵੀਂ ਦਿੱਲੀ/ਬਿਊਰੋ ਨਿਊਜ਼

ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਅਮਰੀਕਾ ਦੇ ਬਾਸਟਨ ਵਿਚ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਵਾਲ ਚੁੱਕੇ ਹਨ। ਉਨ੍ਹਾਂ ਭਾਰਤੀ ਪਰਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਪੂਰੀ ਤਰ੍ਹਾਂ ਸਾਫ ਹੈ ਕਿ ਭਾਰਤੀ ਚੋਣ ਕਮਿਸ਼ਨ ਸਮਝੌਤਾ ਕਰ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਸ ਸਿਸਟਮ ਵਿਚ ਕੁਝ ਗੜਬੜੀ ਜ਼ਰੂਰ ਹੈ। ਉਨ੍ਹਾਂ ਦੱਸਿਆ ਕਿ ਮਹਾਰਾਸ਼ਟਰ ਵਿਚ ਜਿੰਨੇ ਬਾਲਗ ਵੋਟਰ ਹਨ, ਉਸ ਤੋਂ ਕਿਤੇ ਜ਼ਿਆਦਾ ਵੋਟਿੰਗ ਹੋਈ ਹੈ। ਉਨ੍ਹਾਂ ਕਿਹਾ ਕਿ ਸ਼ਾਮ ਸਾਢੇ 5 ਵਜੇ ਤੋਂ ਲੈ ਕੇ ਸਾਢੇ 7 ਵਜੇ ਤੱਕ ਦੋ ਘੰਟਿਆਂ ’ਚ 65 ਲੱਖ ਵੋਟਿੰਗ ਕਿਸ ਤਰ੍ਹਾਂ ਪੋਲ ਹੋ ਗਈ। ਰਾਹੁਲ ਨੇ ਕਿਹਾ ਕਿ ਜਦੋਂ ਅਸੀਂ ਇਸ ਚੋਣ ਦੀ ਵੀਡੀਓਗ੍ਰਾਫੀ ਮੰਗੀ ਤਾਂ ਕਮਿਸ਼ਨ ਨੇ ਸਾਫ ਮਨਾ ਕਰ ਦਿੱਤਾ ਸੀ। ਉਧਰ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਆਗੂ ਸੰਬਿਤ ਪਾਤਰਾ ਨੇ ਵੀ ਰਾਹੁਲ ਗਾਂਧੀ ’ਤੇ ਗੰਭੀਰ ਆਰੋਪ ਲਗਾਏ ਹਨ। 

 

ਟਰੰਪ ਨੇ 2 ਅਪਰੈਲ 2025 ਦੇ ਦਿਨ ਨੂੰ ਮੁਕਤੀ ਦਿਵਸ ਦੱਸਿਆ

ਵਾਸ਼ਿੰਗਟਨ/ਬਿਊਰੋ ਨਿਊਜ਼ 

ਅਮਰੀਕਾ ਨੇ ਭਾਰਤ ’ਤੇ 27 ਫੀਸਦ ਜਵਾਬੀ ਟੈਕਸ ਲਗਾਉਣ ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਡੋਨਲਡ ਟਰੰਪ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਅਮਰੀਕੀ ਵਸਤਾਂ ’ਤੇ ਭਾਰਤ ਉੱਚ ਦਰਾਮਦ ਟੈਕਸ ਵਸੂਲਦਾ ਹੈ, ਅਜਿਹੇ ਮੌਕੇ ਦੇਸ਼ ਦੇ ਵਪਾਰ ਘਾਟੇ ਨੂੰ ਘੱਟ ਕਰਨ ਤੇ ਉਤਪਾਦਨ ਨੂੰ ਹੱਲਾਸ਼ੇਰੀ ਦੇਣ ਲਈ ਇਹ ਪੇਸ਼ਕਦਮੀ ਜ਼ਰੂਰੀ ਸੀ। ਉਂਝ ਇਸ ਪੇਸ਼ਕਦਮੀ ਨਾਲ ਅਮਰੀਕਾ ਨੇ ਭਾਰਤ ਦੀ ਬਰਾਮਦ ਉੱਤੇ ਅਸਰ ਪੈਣ ਦੀ ਸੰਭਾਵਨਾ ਜਤਾਈ ਹੈ। ਹਾਲਾਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ ਆਪਣੇ ਰਵਾਇਤੀ ਵਿਰੋਧੀਆਂ ਦੇ ਮੁਕਾਬਲੇ ਬਿਹਤਰ ਸਥਿਤੀ ਵਿਚ ਹੈ, ਜਿਨ੍ਹਾਂ ਨੂੰ ਉਸ ਤੋਂ ਵੱਧ ਟੈਕਸ ਦਾ ਸਾਹਮਣਾ ਕਰਨਾ ਪਏਗਾ। ਟਰੰਪ ਨੇ ਵ੍ਹਾਈਟ ਹਾਊਸ ਦੇ ਰੋਜ਼ ਗਾਰਡਨ ਤੋਂ ਵੱਖ-ਵੱਖ ਮੁਲਕਾਂ ਨੂੰ ਟੈਕਸ ਲਗਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਮੁਕਤੀ ਦਿਹਾੜਾ ਹੈ, ਜਿਸ ਦੀ ਲੰਮੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ।   

 

 

 

ਚਾਰ ਦਿਨ ਭਾਰਤ ’ਚ ਰਹਿਣਗੇ ਜੇ.ਡੀ. ਵੈਂਸ

ਨਵੀਂ ਦਿੱਲੀ/ਬਿਊਰੋ ਨਿਊਜ਼

ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਅੱਜ ਸੋਮਵਾਰ ਨੂੰ ਆਪਣੀ ਪਤਨੀ ਤੇ ਬੱਚਿਆਂ ਨਾਲ ਭਾਰਤ ਦੌਰੇ ’ਤੇ ਦਿੱਲੀ ਪਹੁੰਚ ਗਏ ਹਨ। ਉਪ ਰਾਸ਼ਟਰਪਤੀ ਬਣਨ ਤੋਂ ਬਾਅਦ ਇਹ ਜੇ.ਡੀ. ਵੈਂਸ ਦਾ ਪਹਿਲਾ ਅਧਿਕਾਰਤ ਭਾਰਤ ਦੌਰਾ ਹੈ ਅਤੇ ਉਹ ਚਾਰ ਦਿਨ ਭਾਰਤ ’ਚ ਰਹਿਣਗੇ। ਵੈਂਸ ਦਾ ਜਹਾਜ਼ ਸਵੇਰੇ 9 ਵੱਜ ਕੇ 45 ਮਿੰਟ ’ਤੇ ਦਿੱਲੀ ਪਹੰੁਚਿਆ ਅਤੇ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਉਨ੍ਹਾਂ ਦਾ ਸਵਾਗਤ ਕੀਤਾ। ਏਅਰਪੋਰਟ ’ਤੇ ਜੇ.ਡੀ. ਵੈਂਸ ਨੂੰ ਗਾਰਡ ਆਫ ਆਨਰ ਵੀ ਦਿੱਤਾ ਗਿਆ। ਅਮਰੀਕਾ ਦੇ ਉਪ ਰਾਸ਼ਟਰਪਤੀ ਵੈਂਸ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਐਸ. ਜੈਸ਼ੰਕਰ, ਅਜੀਤ ਡੋਭਾਲ, ਵਿਦੇਸ਼ ਸਕੱਤਰ ਵਿਕਰਮ ਮਿਸਤਰੀ ਅਤੇ ਅਮਰੀਕਾ ਵਿਚ ਭਾਰਤੀ ਰਾਜਦੂਤ ਵਿਨੇ ਮੋਹਨ ਕਵਾਤਰਾ ਵੀ ਮੁਲਾਕਾਤ ਕਰਨਗੇ। ਵੈਂਸ ਜੋੜੇ ਦੀ ਆਮਦ ਤੋਂ ਪਹਿਲਾਂ ਪੂਰੀ ਦਿੱਲੀ ਵਿਚ ਸੁਰੱਖਿਆ ਵਧਾ ਦਿੱਤੀ ਗਈ ਸੀ। ਵੈਂਸ ਜੋੜਾ ਆਪਣੇ ਤਿੰਨ ਬੱਚਿਆਂ ਇਵਾਨ, ਵਿਵੇਕ ਤੇ ਮੀਰਾਬੇਲ ਨਾਲ ਦਿੱਲੀ ਪਹੁੰਚਿਆ ਹੈ।

ਟੈਕਸ ਆਰਜ਼ੀ ਹਨ ਜੋ 2 ਅਪਰੈਲ ਤੋਂ ਲਾਗੂ ਹੋਣਗੇ : ਡੋਨਾਲਡ ਟਰੰਪ

ਨਿਊਯਾਰਕ/ਬਿਊਰੋ ਨਿਊਜ਼

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਭਾਰਤ ਤੇ ਹੋਰ ਦੇਸ਼ਾਂ ਵੱਲੋਂ ਅਮਰੀਕੀ ਖੇਤੀਬਾੜੀ ਉਤਪਾਦਾਂ ’ਤੇ 100% ਟੈਕਸ ਲਾਏ ਜਾਂਦੇ ਹਨ, ਜਿਸ ਕਾਰਨ ਅਮਰੀਕਾ ਵਲੋਂ ਇਨ੍ਹਾਂ ਦੇਸ਼ਾਂ ਵਿਚ ਬਰਾਮਦ ਕਰਨਾ ਅਸੰਭਵ ਹੋ ਜਾਂਦਾ ਹੈ। ਜਿਸ ਕਰਕੇ ਅਮਰੀਕਾ ਵਲੋਂ ਵੀ ਭਾਰਤ ਦੇ ਖੇਤੀਬਾੜੀ ਉਤਪਾਦਾਂ ’ਤੇ 100% ਟੈਕਸ ਲਾਇਆ ਜਾਵੇਗਾ, ਜੋ 2 ਅਪਰੈਲ ਤੋਂ ਲਾਗੂ ਹੋ ਜਾਵੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਟੈਕਸ ਆਰਜ਼ੀ ਤੌਰ ’ਤੇ ਲਾਏ ਗਏ ਹਨ। ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਭਾਰਤ ਵਲੋਂ ਲਾਏ ਜਾਂਦੇ ਟੈਕਸਾਂ ਦੇ ਇਵਜ਼ ਵਿਚ 2 ਅਪਰੈਲ ਤੋਂ ਖੇਤੀਬਾੜੀ ਉਤਪਾਦਾਂ ’ਤੇ ਅਜਿਹਾ 100% ਟੈਕਸ ਲਾਉਣ ਦੀ ਯੋਜਨਾ ਬਣਾ ਰਹੇ ਹਨ ਤਾਂ ਕਿ ਅਮਰੀਕੀ ਵਸਤਾਂ ਦੀ ਬਰਾਮਦ ਨੂੰ ਮਾਰਕੀਟ ਵਿਚ ਟਿਕੇ ਰਹਿਣ ਲਈ ਯਕੀਨੀ ਬਣਾਇਆ ਜਾ ਸਕੇ। 

 

ਹਾਵਰਡ ਨੇ ਇਸ ਨੂੰ ਗੈਰਕਾਨੂੰਨੀ ਅਤੇ ਅਸੰਵਿਧਾਨਕ ਦੱਸਿਆ

ਵਾਸ਼ਿੰਗਟਨ/ਬਿਊਰੋ ਨਿਊਜ਼ 

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਰਵਰਡ ਯੂਨੀਵਰਸਿਟੀ ਦੀ 2.2 ਅਰਬ ਡਾਲਰ, ਯਾਨੀ ਕਿ ਕਰੀਬ 18 ਹਜ਼ਾਰ ਕਰੋੜ ਰੁਪਏ ਦੀ ਫੰਡਿੰਗ ਰੋਕ ਦਿੱਤੀ ਹੈ। ਇਹ ਕਾਰਵਾਈ ਇਸ ਲਈ ਹੋਈ ਹੈ, ਕਿਉਂਕਿ ਹਾਵਰਡ ਨੇ ਵਾਈਟ ਹਾਊਸ ਦੀਆਂ ਉਨ੍ਹਾਂ ਮੰਗਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ, ਜਿਨ੍ਹਾਂ ਦਾ ਮਕਸਦ ਕੈਂਪਸ ’ਚ ਯਹੂਦੀ ਵਿਰੋਧੀ ਗਤੀਵਿਧੀਆਂ ’ਤੇ ਸਖਤੀ ਕਰਨਾ ਸੀ। ਟਰੰਪ ਪ੍ਰਸ਼ਾਸਨ ਨੇ ਲੰਘੀ 3 ਅਪ੍ਰੈਲ ਨੂੰ ਯੂਨੀਵਰਸਿਟੀ ਦੇ ਸਾਹਮਣੇ ਮੰਗ ਰੱਖੀ ਸੀ ਕਿ ਯੂਨੀਵਰਸਿਟੀ ਦੇ ਗਵਰਨੈਂਸ, ਐਡਮਿਸ਼ਨ ਅਤੇ ਹਾਇਰਿੰਗ ਪ੍ਰੋਸੈਸ ’ਤੇ ਸਰਕਾਰ ਨੂੰ ਕੰਟਰੋਲ ਦਿੱਤਾ ਜਾਏ ਅਤੇ ਇਨ੍ਹਾਂ ਵਿਚ ਵੱਡਾ ਬਦਲਾਅ ਕੀਤਾ ਜਾਏ। ਹਾਵਰਡ ਨੇ ਇਨ੍ਹਾਂ ਮੰਗਾਂ ਨੂੰ ਗੈਰਕਾਨੂੰਨੀ ਅਤੇ ਅਸੰਵਿਧਾਨਕ ਦੱਸਦੇ ਹੋਏ ਖਾਰਜ ਕਰ ਦਿੱਤਾ ਸੀ। ਇਸ ਤੋਂ ਬਾਅਦ ਟਰੰਪ ਪ੍ਰਸ਼ਾਸਨ ਨੇ ਹਾਰਵਰਡ ਨੂੰ ਦੱਸਿਆ ਕਿ ਉਸਦੀ 2 ਅਰਬ ਡਾਲਰ ਤੋਂ ਜ਼ਿਆਦਾ ਦੀ ਫੈਡਰਲ ਫੰਡਿੰਗ ਨੂੰ ਰੋਕਿਆ ਜਾ ਰਿਹਾ ਹੈ। ਉਧਰ ਦੂਜੇ ਪਾਸੇ ਹਾਵਰਡ ਦੇ ਪ੍ਰਧਾਨ ਐਲਨ ਗਾਰਬਰ ਨੇ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਲਿਖੇ ਪੱਤਰ ਵਿਚ ਕਿਹਾ ਹੈ ਕਿ ਯੂਨੀਵਰਸਿਟੀ ਸਰਕਾਰ ਦੇ ਅੱਗੇ ਨਹੀਂ ਝੁਕੇਗੀ ਅਤੇ ਆਪਣੀ ਆਜ਼ਾਦੀ ਅਤੇ ਸੰਵਿਧਾਨਕ ਅਧਿਕਾਰਾਂ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਕਰੇਗੀ।

ਈਰਾਨ ਨੇ ਵੀ ਜਵਾਬ ’ਚ ਮਿਜ਼ਾਈਲਾਂ ਕੀਤੀਆਂ ਤੈਨਾਤ 

ਵਾਸ਼ਿੰਗਟਨ/ਬਿਊਰੋ ਨਿਊਜ਼

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਹ ਆਪਣੇ ਨਿਊਕਲੀਅਰ ਪ੍ਰੋਗਰਾਮ ’ਤੇ ਕਿਸੇ ਸਮਝੌਤੇ ’ਤੇ ਨਹੀਂ ਪਹੁੰਚਦਾ ਤਾਂ ਅਮਰੀਕਾ ਉਸ ’ਤੇ ਬੰਬਾਰੀ ਕਰ ਸਕਦਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਟਰੰਪ ਨੇ ਈਰਾਨ ’ਤੇ ਸੈਕੰਡਰੀ ਟੈਰਿਫ ਲਗਾਉਣ ਦੀ ਵੀ ਧਮਕੀ ਦਿੱਤੀ ਹੈ। ਟਰੰਪ ਨੇ ਅੱਗੇ ਕਿਹਾ ਕਿ ਈਰਾਨ ਕੋਲ ਇਕ ਮੌਕਾ ਹੈ, ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਮੈਂ ਉਨ੍ਹਾਂ ’ਤੇ ਚਾਰ ਸਾਲ ਪਹਿਲਾਂ ਵਾਂਗ ਸੈਕੰਡਰੀ ਟੈਰਿਫ ਲਗਾਵਾਂਗਾ। ਨਿਊਕਲੀਅਰ ਪ੍ਰੋਗਰਾਮ ’ਤੇ ਅਮਰੀਕੀ ਅਤੇ ਈਰਾਨੀ ਅਧਿਕਾਰੀ ਗੱਲਬਾਤ ਕਰ ਰਹੇ ਹਨ। ਹਾਲਾਂਕਿ, ਉਨ੍ਹਾਂ ਨੇ ਇਸ ਬਾਰੇ ਵਿਸਥਾਰ ਵਿਚ ਨਹੀਂ ਦੱਸਿਆ। ਇਸ ਦੌਰਾਨ ਈਰਾਨ ਦੀ ਫੌਜ ਨੇ ਕਿਸੇ ਵੀ ਅਮਰੀਕੀ ਹਮਲੇ ਦਾ ਜਵਾਬ ਦੇਣ ਦੇ ਲਈ ਆਪਣੀਆਂ ਮਿਜ਼ਾਈਲਾਂ ਨੂੰ ਤੈਨਾਤ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਟਰੰਪ ਨੇ ਨਿਊਕਲੀਅਰ ਪ੍ਰੋਗਰਾਮ ਨੂੰ ਲੈ ਕੇ ਈਰਾਨ ਨੂੰ ਸਿੱਧੀ ਗੱਲਬਾਤ ਕਰਨ ਲਈ ਇਕ ਚਿੱਠੀ ਵੀ ਲਿਖੀ ਸੀ।  

 

ਭਾਰਤ ਦੀ ਹਵਾਲਗੀ ਅਪੀਲ ਤੋਂ ਬਾਅਦ ਹੋਈ ਕਾਰਵਾਈ

ਨਵੀਂ ਦਿੱਲੀ/ਬਿਊਰੋ ਨਿਊਜ਼   

ਭਗੌੜੇ ਮੇਹੁਲ ਚੌਕਸੀ ਨੂੰ ਬੈਲਜ਼ੀਅਮ ’ਚ ਗਿ੍ਰਫਤਾਰ ਕਰ ਲਿਆ ਗਿਆ ਹੈ। ਭਾਰਤ ਉਸ ਨੂੰ ਹਜ਼ਾਰਾਂ ਕਰੋੜ ਰੁਪਏ ਦੇ ਪੰਜਾਬ ਨੈਸ਼ਨਲ ਬੈਂਕ ਕਰਜ਼ਾ ਘੁਟਾਲਾ ਮਾਮਲੇ ਵਿਚ ਲੱਭ ਰਿਹਾ ਸੀ। ਬੈਲਜ਼ੀਅਮ ਨੇ ਭਾਰਤ ਦੀ ਹਵਾਲਗੀ ਦੀ ਬੇਨਤੀ ’ਤੇ ਚੌਕਸੀ ਖਿਲਾਫ ਕਾਰਵਾਈ ਕੀਤੀ ਗਈ ਹੈ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਮੇਹੁਲ ਆਪਣੀ ਪਤਨੀ ਪ੍ਰੀਤੀ ਚੌਕਸੀ ਨਾਲ ਬੈਲਜ਼ੀਅਮ ਦੇ ਐਂਟਵਰਪ ’ਚ ਰਹਿ ਸੀ। ਚੌਕਸੀ ਦੀ ਪਤਨੀ ਪ੍ਰੀਤੀ ਕੋਲ ਬੈਲਜ਼ੀਅਮ ਦੀ ਨਾਗਰਿਕਤਾ ਹੈ। ਇਸ ਦੌਰਾਨ ਉਸ ਨੇ ਬੈਲਜ਼ੀਅਮ ਦਾ ਰੈਜੀਡੈਂਸੀ ਕਾਰਡ ਵੀ ਹਾਸਲ ਕਰ ਲਿਆ ਸੀ ਅਤੇ ਇਸਦੀ ਮੱਦਦ ਨਾਲ ਉਹ ਆਪਣੀ ਪਤਨੀ ਨਾਲ ਰਹਿਣ ਲੱਗ ਪਿਆ ਸੀ। ਦੱਸਿਆ ਜਾ ਰਿਹਾ ਹੈ ਕਿ ਭਾਰਤੀ ਅਧਿਕਾਰੀਆਂ ਨੇ ਬੈਲਜ਼ੀਅਮ ਦੇ ਅਧਿਕਾਰੀਆਂ ਨੂੰ ਮੇਹੁਲ ਚੌਕਸੀ ਦੀ ਹਵਾਲਗੀ ਦੀ ਪ੍ਰਕਿਰਿਆ ਜਲਦੀ ਸ਼ੁਰੂ ਕਰਨ ਦੀ ਬੇਨਤੀ ਕੀਤੀ ਸੀ। ਇਸ ਤੋਂ ਬਾਅਦ ਉਥੋਂ ਦੇ ਪ੍ਰਸ਼ਾਸਨ ਨੇ ਚੌਕਸੀ ਨੂੰ ਹਿਰਾਸਤ ਵਿਚ ਲੈ ਲਿਆ। ਮਿਲੀ ਜਾਣਕਾਰੀ ਅਨੁਸਾਰ ਭਾਰਤ 13,500 ਕਰੋੜ ਰੁਪਏ ਦੇ ਪੀ.ਐਨ.ਬੀ. ਕਰਜ਼ਾ ਧੋਖਾਧੜੀ ਮਾਮਲੇ ਵਿਚ ਮੇਹੁਲ ਚੌਕਸੀ ਦੀ ਭਾਲ ਕਰ ਰਿਹਾ ਸੀ।  

7.7 ਦੀ ਗਤੀ ਵਾਲਾ ਆਇਆ ਭੂਚਾਲ

ਨਵੀਂ ਦਿੱਲੀ/ਬਿਊਰੋ ਨਿਊਜ਼

ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿਚ 7.7 ਦੀ ਗਤੀ ਵਾਲਾ ਭੂਚਾਲ ਆਇਆ ਹੈ ਅਤੇ ਇਸ ਭੂਚਾਲ ਕਾਰਨ ਬਹੁਤ ਸਾਰੀਆਂ ਇਮਾਰਤਾਂ ਨੂੰ ਨੁਕਸਾਨ ਪਹੰੁਚਿਆ ਹੈ। ਇਸ ਭੂਚਾਲ ਦਾ ਕੇਂਦਰ ਮੀਆਂਮਾਰ ਵਿਚ ਦੱਸਿਆ ਗਿਆ ਹੈ। ਦੁਪਹਿਰੇ ਡੇਢ ਵਜੇ ਦੇ ਕਰੀਬ ਆਏ ਭੂਚਾਲ ਦਾ ਅਸਰ ਭਾਰਤ, ਥਾਈਲੈਂਡ, ਬੰਗਲਾਦੇਸ਼ ਅਤੇ ਚੀਨ ਸਣੇ ਹੋਰ ਦੇਸ਼ਾਂ ਵਿਚ ਵੀ ਦੇਖਿਆ ਗਿਆ। ਮੀਡੀਆ ਰਿਪੋਰਟਾਂ ਅਨੁਸਾਰ ਇਸ ਭੂਚਾਲ ਕਾਰਨ ਥਾਈਲੈਂਡ ਵਿਚ ਮੌਤਾਂ ਦੀ ਗਿਣਤੀ 100 ਤੋਂ ਜ਼ਿਆਦਾ ਦੱਸੀ ਗਈ ਹੈ। 

 

 

 

  

ਜਿੰਨਪਿੰਗ ਬੋਲੇ - ਅਸੀਂ ਦਬਾਅ ਦੇ ਅੱਗੇ ਨਹੀਂ ਝੁਕਾਂਗੇ

ਨਵੀਂ ਦਿੱਲੀ/ਬਿਊਰੋ ਨਿਊਜ਼

ਅਮਰੀਕਾ ਅਤੇ ਚੀਨ ਵਿਚਾਲੇ ਟੈਰਿਫ ਵਿਵਾਦ ਵਧਦਾ ਹੀ ਜਾ ਰਿਹਾ ਹੈ। ਅਮਰੀਕਾ ਦੇ 145% ਟੈਰਿਫ ਦੇ ਜਵਾਬ ਵਿਚ ਹੁਣ ਚੀਨ ਨੇ 125% ਟੈਰਿਫ ਲਗਾ ਦਿੱਤਾ ਹੈ ਅਤੇ ਇਹ ਕੱਲ੍ਹ ਤੋਂ ਲਾਗੂ ਹੋ ਜਾਵੇਗਾ। ਚੀਨ ਨੇ ਕਿਹਾ ਕਿ ਹੁਣ ਉਹ ਅਮਰੀਕਾ ਵਲੋਂ ਲਗਾਏ ਜਾਣ ਵਾਲੇ ਕਿਸੇ ਵੀ ਵਾਧੂ ਟੈਰਿਫ ਦਾ ਜਵਾਬ ਨਹੀਂ ਦੇਵੇਗਾ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅਮਰੀਕਾ ਨਾਲ ਵਧਦੇ ਟੈਰਿਫ ਵਿਵਾਦ ਦੇ ਚੱਲਦਿਆਂ ਪਹਿਲਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੀਨ ਕਿਸੇ ਤੋਂ ਡਰਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਚੀਨ ਦਾ ਵਿਕਾਸ ਸਖਤ ਮਿਹਨਤ ਅਤੇ ਖੁਦ ’ਤੇ ਨਿਰਭਰ ਰਹਿਣ ਦਾ ਨਤੀਜਾ ਹੈ। ਜਿਨਪਿੰਗ ਨੇ ਕਿਹਾ ਕਿ ਅਸੀਂ ਕਿਸੇ ਵੀ ਦਬਾਅ ਦੇ ਅੱਗੇ ਨਹੀਂ ਝੁਕਾਂਗੇ।   

 

 

 

  

ਸੰਸਦ ਦੀਆਂ ਸਾਰੀਆਂ 150 ਸੀਟਾਂ ਤੇ 40 ਸੈਨੇਟ ਸੰਸਦੀ ਸੀਟਾਂ ਲਈ ਪੈਣਗੀਆਂ ਵੋਟਾਂ

ਨਵੀਂ ਦਿੱਲੀ/ਬਿਊਰੋ ਨਿਊਜ਼

ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਗਵਰਨਰ-ਜਨਰਲ ਸੈਮ ਮੋਸਟਿਨ ਨੂੰ ਸੰਸਦ ਭੰਗ ਕਰਨ ਲਈ ਕਿਹਾ ਹੈ ਅਤੇ 3 ਮਈ ਨੂੰ ਪਾਰਲੀਮੈਂਟ ਚੋਣਾਂ ਦਾ ਐਲਾਨ ਕੀਤਾ ਹੈ। ਪੰਜ ਹਫਤਿਆਂ ਦੀ ਚੋਣ ਮੁਹਿੰਮ ਵਿੱਚ ਸੰਸਦ ਦੀਆਂ ਸਾਰੀਆਂ 150 ਸੀਟਾਂ ਅਤੇ 40 ਸੈਨੇਟ ਸੰਸਦੀ ਸੀਟਾਂ ਲਈ ਵੋਟਾਂ ਰਾਹੀਂ ਸਿੱਧੀ ਚੋਣ ਹੋਵੇਗੀ। ਇਸ ਦੌਰਾਨ ਸੱਤਾਧਾਰੀ ਆਸਟਰੇਲੀਅਨ ਲੇਬਰ ਪਾਰਟੀ ਅਤੇ ਮੁੱਖ ਵਿਰੋਧੀ ਧਿਰ ਲਿਬਰਲ-ਨੈਸ਼ਨਲ ਗੱਠਜੋੜ ਵਿੱਚ ਸਿੱਧਾ ਚੋਣ ਮੁਕਾਬਲਾ ਹੋਵੇਗਾ। ਆਸਟਰੇਲੀਆ ’ਚ ਲੇਬਰ ਸਰਕਾਰ ਕੋਲ ਇਸ ਵੇਲੇ ਪਾਰਲੀਮੈਂਟ ਵਿੱਚ 78 ਸੀਟਾਂ ਹਨ, ਜਦੋਂ ਕਿ ਗੱਠਜੋੜ ਕੋਲ 55 ਅਤੇ 16 ਛੋਟੀਆਂ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਦੇ ਹੱਥਾਂ ਵਿੱਚ ਹਨ। ਪਿਛਲੀਆਂ ਚੋਣਾਂ ਦੌਰਾਨ 150 ਚੋਣ ਖੇਤਰਾਂ ਵਿੱਚੋਂ 51 ਉਮੀਦਵਾਰ ਸਿਰਫ 6 ਪ੍ਰਤੀਸ਼ਤ ਤੋਂ ਘੱਟ ਵੋਟਾਂ ਦੇ ਫਰਕ ’ਤੇ ਜਿੱਤੇ ਸਨ। ਜਦੋਂ ਕਿ 10 ਸੀਟਾਂ ਜੋ ਕਿ ਸਰਕਾਰ ਬਣਾਉਣ ਦਾ ਤਵਾਜ਼ਨ ਰੱਖਦੀਆਂ ਹਨ, ਉਸਦਾ ਇਸ ਵਾਰ ਵੀ ਮਾਮੂਲੀ ਫਰਕ ਰਹਿਣ ਦੀ ਸੰਭਾਵਨਾ ਹੈ।

ਪਾਇਲਟ ਸਣੇ ਛੇ ਵਿਅਕਤੀਆਂ ਦੀ ਮੌਤ

ਨਿਊਯਾਰਕ/ਬਿਊਰੋ ਨਿਊਜ਼

ਨਿਊਯਾਰਕ ਵਿਚ ਸੈਰ-ਸਪਾਟੇ ਲਈ ਇਸਤੇਮਾਲ ਹੋਣ ਵਾਲੇ ਹੈਲੀਕਾਪਟਰ ਦੇ ਉਡਾਨ ਭਰਨ ਦੌਰਾਨ ਹਵਾ ਵਿਚ ਦੋ ਟੋਟੇ ਹੋ ਗਏ ਤੇ ਇਹ ਹੈਲੀਕਾਪਟਰ ਹਡਸਨ ਨਦੀ ਵਿਚ ਜਾ ਡਿੱਗਿਆ। ਹਾਦਸੇ ਵਿਚ ਹੈਲੀਕਾਪਟਰ ਸਵਾਰ ਪਾਇਲਟ ਤੇ ਸਪੇਨ ਦੇ ਪੰਜ ਸੈਲਾਨੀਆਂ ਦੀ ਮੌਤ ਹੋ ਗਈ। ਜਾਂਚ ਨਾਲ ਜੁੜੇ ਅਧਿਕਾਰੀਆਂ ਨੇ ਮੀਡੀਆ ਨੂੰ ਦੱਸਿਆ ਕਿ ਮਿ੍ਰਤਕਾਂ ਵਿਚ ਪਾਇਲਟ ਤੋਂ ਇਲਾਵਾ ਉੱਘੀ ਕੰਪਨੀ ਸੀਮਨਸ ਦੇ ਕਾਰਜਕਾਰੀ ਅਧਿਕਾਰੀ ਅਤੇ ਉਨ੍ਹਾਂ ਦੀ ਪਤਨੀ ਤੇ ਤਿੰਨ ਬੱਚੇ ਸ਼ਾਮਲ ਹਨ। ਹੈਲੀਕਾਪਟਰ ਨੇ ਮੈਨਹਟਨ ਦੇ ਉੱਤਰ ਵੱਲ ਤੇ ਮਗਰੋਂ ‘ਸਟੈਚੂ ਆਫ ਲਿਬਰਟੀ’ ਵੱਲ 18 ਮਿੰਟ ਤੋਂ ਵੀ ਘੱਟ ਸਮੇਂ ਲਈ ਉਡਾਨ ਭਰੀ। ਹਾਦਸੇ ਦੇ ਕੁਝ ਵੀਡੀਓ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਹੈਲੀਕਾਪਟਰ ਦੇ ਕੁਝ ਹਿੱਸੇ ਹਵਾ ਵਿਚ ਉੱਛਲ ਕੇ ਜਰਸੀ ਸਿਟੀ, ਨਿਊਜਰਸੀ ਦੇ ਸਾਹਿਲ ਕੋਲ ਪਾਣੀ ਵਿਚ ਡਿੱਗਦੇ ਦਿਖਾਈ ਦੇ ਰਹੇ ਸਨ।  

 

ਇਹ ਸਾਡੇ ’ਤੇ ਸਿੱਧਾ ਹਮਲਾ : ਮਾਰਕ ਕਾਰਨੀ 

ਵਾਸ਼ਿੰਗਟਨ/ਬਿਊਰੋ ਨਿਊਜ਼  

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਦੇਸ਼ਾਂ ਵਿਚੋਂ ਆਯਾਤ ਹੋਣ ਵਾਲੀਆਂ ਕਾਰਾਂ ’ਤੇ 25% ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਟਰੰਪ ਦਾ ਦਾਅਵਾ ਹੈ ਕਿ ਇਸ ਕਦਮ ਨਾਲ ਅਮਰੀਕਾ ਵਿਚ ਮੈਨੂਫੈਕਚਰਿੰਗ ਸੈਕਟਰ ਨੂੰ ਹੁਲਾਰਾ ਮਿਲੇਗਾ। ਵਾਈਟ ਹਾਊਸ ਨੂੰ ਉਮੀਦ ਹੈ ਕਿ ਇਸ ਨਾਲ ਮਾਲੀਏ ਵਿਚ ਸਲਾਨਾ ਕਰੀਬ 100 ਅਰਬ ਡਾਲਰ ਦਾ ਵਾਧਾ ਹੋਵੇਗਾ। ਇਹ ਟੈਰਿਫ 1 ਅਪ੍ਰੈਲ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਡੋਨਾਲਡ ਟਰੰਪ ਦਾ ਤਰਕ ਹੈ ਕਿ ਇਸ ਨਾਲ ਅਮਰੀਕਾ ਵਿਚ ਨਵੇਂ ਕਾਰਖਾਨੇ ਖੁੱਲਣਗੇ। ਕੈਨੇਡਾ ਅਤੇ ਮੈਕਸੀਕੋ ਵਿਚ ਬਣਨ ਵਾਲੇ ਵੱਖ-ਵੱਖ ਆਟੋ ਪਾਰਟਸ ਅਤੇ ਤਿਆਰ ਵਾਹਨ, ਹੁਣ ਅਮਰੀਕਾ ਵਿਚ ਹੀ ਬਣ ਸਕਣਗੇ। ਨਵੇਂ ਟੈਰਿਫ ਲਾਗੂ ਹੁੰਦੇ ਹੀ, ਇਸ ਦਾ ਭਾਰ ਗ੍ਰਾਹਕਾਂ ’ਤੇ ਪਾ ਦਿੱਤਾ ਜਾਂਦਾ ਹੈ ਅਤੇ ਇਸ ਨਾਲ ਆਯਾਤ ਹੋਣ ਵਾਲੀਆਂ ਕਾਰਾਂ ਦੀ ਕੀਮਤ ਵਿਚ ਵੀ ਵਾਧਾ ਹੋ ਜਾਵੇਗਾ।

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.