Sunday, 14 June 2026

ਅਮਰੀਕਾ ਜਾਣ ਵਾਲੇ ਵਿਦਿਆਰਖੀਆਂ ਦੇ ਸ਼ੋਸ਼ਲ ਮੀਡੀਆ ਦੀ ਹੋਵੇਗੀ ਜਾਂਚ

ਵਾਸ਼ਿੰਗਟਨ/ਬਿਊਰੋ ਨਿਊਜ਼ 

ਅਮਰੀਕਾ ’ਚ ਡੋਨਾਲਡ ਟਰੰਪ ਦੀ ਸਰਕਾਰ ਨੇ ਵਿਦੇਸ਼ੀ ਵਿਦਿਆਰਥੀਆਂ ਦੇ ਲਈ ਨਵੀਂ ਵੀਜ਼ਾ ਇੰਟਰਵਿਊ ’ਤੇ ਰੋਕ ਲਗਾ ਦਿੱਤੀ ਹੈ। ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਇਸ ਨੂੰ ਲੈ ਕੇ ਨਿਰਦੇਸ਼ ਜਾਰੀ ਕੀਤਾ ਹੈ। ਇਸ ਨਿਰਦੇਸ਼ ਦਾ ਮਕਸਦ ਦੇਸ਼ ਦੀਆਂ ਯੂਨੀਵਰਸਿਟੀਆਂ ਵਿਚ ਯਹੂਦੀ ਵਿਰੋਧ ਅਤੇ ਵਿਰੋਧੀ ਵਿਚਾਰਾਂ ਨੂੰ ਰੋਕਣਾ ਹੈ। ਰੂਬੀਓ ਨੇ ਦੁਨੀਆ ਭਰ ਵਿਚ ਅਮਰੀਕੀ ਦੂਤਾਵਾਸਾਂ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਉਹ ਸਟੂਡੈਂਟ ਵੀਜ਼ਾ ਲਈ ਨਵੀਆਂ ਇੰਟਰਵਿਊ ਨਾ ਕਰਨ। ਉਹ ਇਸ ਲਈ ਹੈ ਕਿ ਡੋਨਾਲਡ ਟਰੰਪ ਸਰਕਾਰ ਅਮਰੀਕਾ ’ਚ ਆਉਣ-ਜਾਣ ਵਾਲੇ ਵਿਦਿਆਰਥੀਆਂ ਦੀ ਸ਼ੋਸ਼ਲ ਮੀਡੀਆ ਪ੍ਰੋਫਾਈਲ ਦੀ ਜਾਂਚ ਨੂੰ ਸਖਤ ਕਰਨ ਜਾ ਰਹੀ ਹੈ। ਹਾਲਾਂਕਿ ਇਸ ਨਿਰਦੇਸ਼ ਵਿਚ ਇਹ ਨਹੀਂ ਦੱਸਿਆ ਗਿਆ ਕਿ ਭਵਿੱਖ ਵਿਚ ਸ਼ੋਸ਼ਲ ਮੀਡੀਆ ਜਾਂਚ ਵਿਚ ਕੀ ਦੇਖਿਆ ਜਾਵੇਗਾ। ਪਹਿਲਾਂ, ਸੋਸ਼ਲ ਮੀਡੀਆ ਜਾਂਚ ਕੇਵਲ ਉਨ੍ਹਾਂ ਵਿਦਿਆਰਥੀਆਂ ਦੇ ਲਈ ਲਾਗੂ ਸੀ, ਜੋ ਫਲਸਤੀਨ ਸਮਰਥਕ ਪ੍ਰਦਰਸ਼ਨਾਂ ਵਿਚ ਸ਼ਾਮਲ ਸਨ।  

 

ਦੋਵਾਂ ਦੇਸ਼ਾਂ ਨੇ ਘਟਾਇਆ ਟੈਰਿਫ

ਜੇਨੇਵਾ/ਬਿਊਰੋ ਨਿਊਜ਼

ਜੇਨੇਵਾ ਵਿਚ ਅਮਰੀਕਾ ਅਤੇ ਚੀਨ ਵਿਚਕਾਰ ਇਕ ਵਪਾਰਕ ਸਮਝੌਤਾ ਹੋਇਆ ਹੈ। ਦੋਵਾਂ ਦੇਸ਼ਾਂ ਨੇ ਟੈਰਿਫ ਵਿਚ ਕਟੌਤੀ ਦਾ ਐਲਾਨ ਕੀਤਾ ਹੈ। ਜੇਨੇਵਾ ਵਿਚ ਦੋਵਾਂ ਦੇਸ਼ਾਂ ਵਿਚਕਾਰ ਹੋਏ ਸਮਝੌਤੇ ਦੇ ਅਨੁਸਾਰ, ਅਮਰੀਕਾ ਚੀਨੀ ਸਮਾਨ ’ਤੇ 30 ਪ੍ਰਤੀਸ਼ਤ ਟੈਰਿਫ ਲਗਾਏਗਾ। ਇਸਦੇ ਨਾਲ ਹੀ, ਚੀਨ ਅਮਰੀਕੀ ਸਾਮਾਨ ’ਤੇ 10 ਪ੍ਰਤੀਸ਼ਤ ਟੈਰਿਫ ਲਗਾਏਗਾ। ਦੋਵਾਂ ਦੇਸ਼ਾਂ ਵਿਚਕਾਰ ਟੈਰਿਫ ਵਿਚ ਇਹ ਕਟੌਤੀ ਫਿਲਹਾਲ 90 ਦਿਨਾਂ ਲਈ ਹੈ। ਇਹ ਸਮਝੌਤਾ ਜੇਨੇਵਾ ਵਿਚ ਦੋ ਦਿਨਾਂ ਦੀ ਗੱਲਬਾਤ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਹੋਇਆ ਹੈ। ਅਮਰੀਕੀ ਅਧਿਕਾਰੀਆਂ ਨੇ ਇਸ ਨੂੰ ਵਪਾਰਕ ਘਾਟੇ ਨੂੰ ਘਟਾਉਣ ਲਈ ਇਕ ਸੌਦਾ ਦੱਸਿਆ, ਜਦੋਂ ਕਿ ਚੀਨੀ ਅਧਿਕਾਰੀਆਂ ਨੇ ਕਿਹਾ ਕਿ ਦੋਵਾਂ ਧਿਰਾਂ ਵਿਚਕਾਰ ਇਕ ਮਹੱਤਵਪੂਰਨ ਸਹਿਮਤੀ ਬਣ ਗਈ ਹੈ ਅਤੇ ਉਹ ਇਕ ਨਵੀਂ ਆਰਥਿਕ ਗੱਲਬਾਤ ਸ਼ੁਰੂ ਕਰਨ ਲਈ ਸਹਿਮਤ ਹੋਏ ਹਨ।  

ਹਾਰਵਰਡ ਨੇ ਇਸ ਫੈਸਲੇ ਨੂੰ ਗਲਤ ਦੱਸਦਿਆਂ ਵਿਦੇਸ਼ੀ ਵਿਦਿਆਰਥੀਆਂ ਦੇ ਸਮਰਥਨ ਦਾ ਕੀਤਾ ਵਾਅਦਾ  

ਬੋਸਟਨ/ਬਿਊਰੋ ਨਿਊਜ਼

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਪ੍ਰਸ਼ਾਸਨ ਨੇ ਹਾਰਵਰਡ ਯੂਨੀਵਰਸਿਟੀ ਵਿੱਚ ਹੋਰ ਦੇਸ਼ਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਦੇ ਦਾਖਲੇ ’ਤੇ ਰੋਕ ਲਗਾ ਦਿੱਤੀ ਹੈ। ਟਰੰਪ ਪ੍ਰਸ਼ਾਸਨ ਵੱਲੋਂ ਇਸ ਯੂਨੀਵਰਸਿਟੀ ਵਿਚ ਪੜ੍ਹਦੇ ਵਿਦੇਸ਼ੀ ਵਿਦਿਆਰਥੀਆਂ ਨੂੰ ਦੂਜੇ ਸਕੂਲਾਂ ਵਿੱਚ ਤਬਦੀਲ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ ਜਾਂ ਇਨ੍ਹਾਂ ਵਿਦਿਆਰਥੀਆਂ ਨੂੰ ਕਾਨੂੰਨੀ ਸਥਿਤੀ ਦਾ ਦਰਜਾ ਨਾ ਮਿਲਣ ਬਾਰੇ ਕਿਹਾ ਜਾ ਰਿਹਾ ਹੈ। ਇਸ ਤੋਂ ਇਲਾਵਾ ਹੋਰ ਕਾਲਜਾਂ ਵਿੱਚ ਵੀ ਅਜਿਹਾ ਕਰਨ ਦੀ ਚਿਤਾਵਨੀ ਦਿੱਤੀ ਜਾ ਰਹੀ ਹੈ। ਉਧਰ ਦੂਜੇ ਪਾਸੇ ਹਾਰਵਰਡ ਯੂਨੀਵਰਸਿਟੀ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਦਾ ਇਹ ਕਦਮ ਹਜ਼ਾਰਾਂ ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਅਤੇ ਇਹ ਬਦਲੇ ਦੀ ਭਾਵਨਾ ਨਾਲ ਲਿਆ ਗਿਆ ਫੈਸਲਾ ਹੈ। ਹਾਰਵਰਡ ਯੂਨੀਵਰਸਿਟੀ ਨੇ ਵਿਦੇਸ਼ੀ ਵਿਦਿਆਰਥੀਆਂ ਦੇ ਸਮਰਥਨ ਦਾ ਵਾਅਦਾ ਵੀ ਕੀਤਾ ਹੈ। 

 

ਚੀਨ ਨੇ ਦੋਵੇਂ ਦੇਸ਼ਾਂ ਨੂੰ ਸੰਜਮ ਵਰਤਣ ਦੀ ਦਿੱਤੀ ਸਲਾਹ

ਨਵੀਂ ਦਿੱਲੀ/ਬਿਊਰੋ ਨਿਊਜ਼ 

ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਨੇ ਕਿਹਾ ਹੈ ਕਿ ਭਾਰਤ ਤੇ ਪਾਕਿਸਤਾਨ ਵਿਚ ਜਾਰੀ ਟਕਰਾਅ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦੋਵਾਂ ਮੁਲਕਾਂ ਨੂੰ ਰਿਸ਼ਤਿਆਂ ਵਿਚਲੀ ਕੜਵਾਹਟ ਘਟਾਉਣ ਲਈ ਅਪੀਲ ਕਰਦਾ ਹੈ ਅਤੇ ਕਰਦਾ ਰਹੇਗਾ। ਉਧਰ ਦੂਜੇ ਪਾਸੇ ਚੀਨ ਨੇ ਦੋਵਾਂ ਮੁਲਕਾਂ ਨੂੰ ਸੰਜਮ ਵਰਤਣ ਸਲਾਹ ਦਿੱਤੀ ਹੈ ਅਤੇ ਅਜਿਹੀ ਕਾਰਵਾਈ ਕਰਨ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਹੈ, ਜੋ ਹਾਲਾਤ ਨੂੰ ਹੋਰ ਪੇਚੀਦਾ ਬਣਾਉਂਦੀ ਹੋਵੇ। ਚੀਨ ਵਲੋਂ ਇਹ ਵੀ ਕਿਹਾ ਗਿਆ ਹੈ ਕਿ ਉਹ ਹਰ ਤਰ੍ਹਾਂ ਦੇ ਅੱਤਵਾਦ ਦਾ ਵਿਰੋਧ ਕਰਦਾ ਹੈ। ਚੀਨ ਦੇ ਅਧਿਕਾਰੀ ਲਿਣ ਜਿਆਨ ਵਲੋਂ ਕਿਹਾ ਗਿਆ ਕਿ ਭਾਰਤ ਅਤੇ ਪਾਕਿਸਤਾਨ ਇਕ ਦੂਜੇ ਦੇ ਗੁਆਂਢੀ ਹਨ ਅਤੇ ਹਮੇਸ਼ਾ ਰਹਿਣਗੇ। ਉਨ੍ਹਾਂ ਕਿਹਾ ਕਿ ਭਾਰਤ-ਪਾਕਿ ਵਿਚਾਲੇ ਤਣਾਅ ਨੂੰ ਘੱਟ ਕਰਨ ਲਈ ਅਸੀਂ ਕੌਮਾਂਤਰੀ ਭਾਈਚਾਰੇ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹਾਂ। 

 

ਸਿੰਧੂ ਨਦੀ ਦਾ ਪਾਣੀ ਡਾਈਵਰਟ ਕਰਨ ਦੀ ਸਕੀਮ ਦੇ ਖਿਲਾਫ ਪ੍ਰਦਰਸ਼ਨ

ਨਵੀਂ ਦਿੱਲੀ/ਬਿਊਰੋ ਨਿਊਜ਼

ਪਾਕਿਸਤਾਨ ਵਿਚ ਪ੍ਰਦਰਸ਼ਨਕਾਰੀਆਂ ਨੇ ਸਿੰਧ ਦੇ ਗ੍ਰਹਿ ਮੰਤਰੀ ਜਿਯਾਤਲ ਹਸਨ ਲੰਜਰ ਦਾ ਘਰ ਸਾੜ ਦਿੱਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਪ੍ਰਦਰਸ਼ਨਕਾਰੀਆਂ ਨੇ ਘਰ ਦੀ ਸੁਰੱਖਿਆ ਵਿਚ ਤਾਇਨਾਤ ਗਾਰਡਾਂ ਨੂੰ ਵੀ ਕੁੱਟਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਿੰਧ ਦੇ ਨੌਸ਼ਹਿਰੋ ਫਿਰੋਜ਼ ਜ਼ਿਲ੍ਹੇ ਵਿਚ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਝੜਪ ਹੋਈ। ਇਸਦੇ ਚੱਲਦਿਆਂ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੁਲਿਸ ਨੇ ਲਾਠੀਚਾਰਜ ਵੀ ਕੀਤਾ ਅਤੇ ਗੋਲੀਆਂ ਵੀ ਚਲਾਈਆਂ। ਦੱਸਿਆ ਗਿਆ ਹੈ ਕਿ ਪੁਲਿਸ ਦੇ ਲਾਠੀਚਾਰਜ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਵੀ ਹੋਏ ਹਨ।  

ਕਿਹਾ : ਅਮਰੀਕਾ ਛੱਡਣ ਵਾਲੇ ਗੈਰਕਾਨੂੰਨੀ ਪਰਵਾਸੀਆਂ ਨੂੰ ਦਿਆਂਗੇ 1000 ਡਾਲਰ

ਵਾਸ਼ਿੰਗਟਨ/ਬਿਊਰੋ ਨਿਊਜ਼ 

ਡੋਨਲਡ ਟਰੰਪ ਪ੍ਰਸ਼ਾਸਨ ਨੇ ਐਲਾਨ ਕੀਤਾ ਹੈ ਕਿ ਉਹ ਅਮਰੀਕਾ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਉਨ੍ਹਾਂ ਪਰਵਾਸੀਆਂ ਨੂੰ 1,000 ਡਾਲਰ ਦੀ ਰਕਮ ਦੇਣਗੇ, ਜੋ ਆਪਣੇ-ਆਪ ਆਪਣੇ ਦੇਸ਼ ਵਾਪਸ ਜਾਣਾ ਚਾਹੁੰਦੇ ਹਨ। ਇਹ ਐਲਾਨ ਉਸ ਸਮੇਂ ਆਇਆ ਹੈ ਜਦੋਂ ਪ੍ਰਸ਼ਾਸਨ ਸਮੂਹਿਕ ਨਿਕਾਸੀ ਦੇ ਏਜੰਡੇ ਨੂੰ ਅੱਗੇ ਵਧਾ ਰਿਹਾ ਹੈ। ਹੋਮਲੈਂਡ ਸੁਰੱਖਿਆ ਵਿਭਾਗ ਨੇ ਕਿਹਾ ਕਿ ਉਹ ਯਾਤਰਾ ਸਹਾਇਤਾ ਲਈ ਵੀ ਭੁਗਤਾਨ ਕਰ ਰਿਹਾ ਹੈ। ਇਸਦੇ ਚੱਲਦਿਆਂ ਜੋ ਵਿਅਕਤੀ ਸੀਬੀਪੀ ਹੋਮ ਐਪ ਦੀ ਵਰਤੋਂ ਕਰਕੇ ਸਰਕਾਰ ਨੂੰ ਦੱਸਦੇ ਹਨ ਕਿ ਉਹ ਘਰ ਵਾਪਸ ਜਾਣ ਦੀ ਯੋਜਨਾ ਬਣਾ ਰਹੇ ਹਨ, ਉਨ੍ਹਾਂ ਨੂੰ ਇਮੀਗ੍ਰੇਸ਼ਨ ਇਨਫੋਰਸਮੈਂਟ ਦੁਆਰਾ ਗਿ੍ਰਫਤਾਰੀ ਅਤੇ ਨਿਕਾਸੀ ਲਈ ਤਰਜੀਹ ਸੂਚੀ ਤੋਂ ਹਟਾ ਦਿੱਤਾ ਜਾਵੇਗਾ।  

 

ਪੀਐਨਬੀ ਨਾਲ 14,500 ਕਰੋੜ ਦੇ ਫਰਾਡ ਦਾ ਆਰੋਪ

ਨਵੀਂ ਦਿੱਲੀ/ਬਿਊਰੋ ਨਿਊਜ਼

ਪੰਜਾਬ ਨੈਸ਼ਨਲ ਬੈਂਕ ਘੁਟਾਲਾ ਮਾਮਲੇ ਵਿਚ ਮੁੱਖ ਆਰੋਪੀ ਭਗੌੜੇ ਨੀਰਵ ਮੋਦੀ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਗਈ ਹੈ। ਲੰਡਨ ਦੀ ਕਿੰਗਜ਼ ਬੈਂਚ ਡਿਵੀਜ਼ਨ ਹਾਈਕੋਰਟ ਨੇ ਸੁਣਵਾਈ ਤੋਂ ਬਾਅਦ ਇਸ ਨੂੰ ਖਾਰਜ ਕੀਤਾ। ਭਾਰਤ ਵਲੋਂ ਸੀਬੀਆਈ ਦੇ ਵਕੀਲ ਨੇ ਨੀਰਵ ਮੋਦੀ ਦੀਆਂ ਦਲੀਲਾਂ ਦਾ ਵਿਰੋਧ ਕੀਤਾ ਸੀ। ਨੀਰਵ ਮੋਦੀ ’ਤੇ ਪੰਜਾਬ ਨੈਸ਼ਨਲ ਬੈਂਕ ਕੋਲੋਂ ਕਰਜ਼ਾ ਲੈ ਕੇ ਕਰੀਬ 14,500 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਆਰੋਪ ਹੈ। ਘੁਟਾਲਾ ਸਾਹਮਣੇ ਆਉਣ ਤੋਂ ਬਾਅਦ ਉਹ ਜਨਵਰੀ 2018 ਵਿਚ ਦੇਸ਼ ਛੱਡ ਕੇ ਫਰਾਰ ਹੋ ਗਿਆ ਸੀ। ਨੀਰਵ ਮੋਦੀ ਨੂੰ ਸਾਊਥ-ਵੈਸਟ ਲੰਡਨ ਤੋਂ 19 ਮਾਰਚ, 2019 ਨੂੰ ਗਿ੍ਰਫਤਾਰ ਕੀਤਾ ਗਿਆ ਸੀ ਅਤੇ ਉਦੋਂ ਤੋਂ ਹੀ ਉਹ ਜੇਲ੍ਹ ਵਿਚ ਬੰਦ ਹੈ। ਦੱਸਣਯੋਗ ਹੈ ਕਿ ਭਾਰਤ ਵਿਚ ਨੀਰਵ ਮੋਦੀ ਖਿਲਾਫ ਧੋਖਾਧੜੀ ਦੇ ਤਿੰਨ ਕੇਸ ਦਰਜ ਹਨ।    

 

ਨਵੀਂ ਦਿੱਲੀ/ਬਿਊਰੋ ਨਿਊਜ਼ 

ਭਾਰਤ ਨੇ ਜੰਮੂ ਕਸ਼ਮੀਰ ਵਿਚ ਚਿਨਾਬ ’ਤੇ ਬਣੇ ਸਿਆਲ ਅਤੇ ਬਗਲਿਹਾਰ ਬੰਨ ਦੇ ਗੇਟ ਬੰਦ ਕਰ ਦਿੱਤੇ ਹਨ। ਇਸਦੇ ਚੱਲਦਿਆਂ ਪਾਕਿਸਤਾਨ ਜਾਣ ਵਾਲਾ ਚਿਨਾਬ ਦਾ ਪਾਣੀ ਰੁਕ ਗਿਆ ਹੈ ਅਤੇ ਵਾਟਰ ਲੈਵਲ ਘਟ ਕੇ 15 ਫੁੱਟ ਰਹਿ ਗਿਆ ਹੈ। ਪਾਕਿਸਤਾਨ ’ਚ ਚਿਨਾਬ ਦਾ ਪਾਣੀ 22 ਫੁੱਟ ਸੀ ਜੋ 24 ਘੰਟੇ ਵਿਚ 7 ਫੁੱਟ ਘਟ ਗਿਆ। ਚਿਨਾਬ ਦੇ ਲਗਾਤਾਰ ਸੁੰਗੜਨ ਨਾਲ 4 ਦਿਨ ਬਾਅਦ ਪੰਜਾਬ ਦੇ 24 ਅਹਿਮ ਸ਼ਹਿਰਾਂ ਵਿਚ 3 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਪੀਣ ਵਾਲੇ ਪਾਣੀ ਦੇ ਲਈ ਤਰਸਣਾ ਪੈ ਸਕਦਾ ਹੈ। ਪਾਕਿਸਤਾਨ ਦੇ ਫੈਸਲਾਬਾਦ ਅਤੇ ਹਾਫਿਜਾਬਾਦ ਜਿਹੇ ਸੰਘਣੀ ਅਬਾਦੀ ਵਾਲੇ ਸ਼ਹਿਰਾਂ ਦੀ 80 ਫੀਸਦੀ ਆਬਾਦੀ ਪੀਣ ਵਾਲੇ ਪਾਣੀ ਲਈ ਚਿਨਾਬ ਦੇ ਸਤਹੀ ਪਾਣੀ ’ਤੇ ਨਿਰਭਰ ਕਰਦੀ ਹੈ।

 

ਕਿਹਾ : ਐਪਲ ਦੇ ਭਾਰਤ ’ਚ ਵਿਸਥਾਰ ਨਾਲ ਅਮਰੀਕਾ ਵਿੱਚ ਨੌਕਰੀਆਂ ਘਟਣਗੀਆਂ

ਨਵੀਂ ਦਿੱਲੀ/ਬਿਊਰੋ ਨਿਊਜ਼

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਤਰ ਦੀ ਰਾਜਧਾਨੀ ਦੋਹਾ ਵਿੱਚ ਵਪਾਰਕ ਗੋਲਮੇਜ਼ ਸਮਾਗਮ ਦੌਰਾਨ ਭਾਰਤ ਵਿਚ ਐਪਲ ਦੇ ਵਧਦੇ ਉਤਪਾਦਨ ’ਤੇ ਇਤਰਾਜ਼ ਜਤਾਇਆ ਹੈ। ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਐਪਲ ਦੇ ਸੀਈਓ ਟਿਮ ਕੁੱਕ ਨੂੰ ਸਪਸ਼ਟ ਸ਼ਬਦਾਂ ਵਿਚ ਕਿਹਾ ਕਿ ਉਹ ਭਾਰਤ ਵਿਚ ਆਪਣੇ ਨਿਰਮਾਣ ਕਾਰਜਾਂ ਦਾ ਵਿਸਥਾਰ ਨਾ ਕਰਨ, ਇਸ ਨਾਲ ਅਮਰੀਕਾ ਵਿਚ ਨੌਕਰੀਆਂ ’ਤੇ ਅਸਰ ਪਵੇਗਾ। ਟਰੰਪ ਨੇ ਦੱਸਿਆ ਕਿ ਮੈਂ ਟਿਮ ਕੁੱਕ ਨੂੰ ਕਿਹਾ ਕਿ ਉਹ ਭਾਰਤ ਵਿਚ ਵਿਸਥਾਰ ਕਰਨ ਜਾ ਰਹੇ ਹਨ ਤੇ ਅਮਰੀਕਾ ਨੂੰ ਲਗਦਾ ਹੈ ਕਿ ਇਸਦੀ ਕੋਈ ਲੋੜ ਨਹੀਂ। ਟਰੰਪ ਦਾ ਇਹ ਬਿਆਨ ਉਸ ਵੇਲੇ ਆਇਆ ਹੈ ਜਦੋਂ ਐਪਲ ਦੇ ਸੀਈਓ ਟਿਮ ਕੁੱਕ ਨੇ ਹਾਲ ਹੀ ਵਿਚ ਕਿਹਾ ਸੀ ਕਿ ਹੁਣ ਅਮਰੀਕਾ ਵਿਚ ਵਿਕਣ ਵਾਲੇ ਪੰਜਾਹ ਫੀਸਦੀ ਆਈਫੋਨ ਭਾਰਤ ਵਿਚ ਬਣਾਏ ਜਾ ਰਹੇ ਹਨ।  

ਦਿਲਜੀਤ ਮੇਟ ਗਾਲਾ ਵਿਚ ਮਹਾਰਾਜਾ ਅੰਦਾਜ਼ ਵਿਚ ਨਜ਼ਰ ਆਏ

ਨਿਊਯਾਰਕ/ਬਿਊਰੋ ਨਿਊਜ਼ 

ਮੇਟ ਗਾਲਾ 2025 ਦਾ ਆਯੋਜਨ ਅਮਰੀਕਾ ਵਿਚ ਨਿਊਯਾਰਕ ਦੇ ਮੈਟਰੋਪੋਲਿਟਨ ਮਿਊਜ਼ੀਅਮ ਆਫ ਆਰਟ ਵਿਖੇ ਹੋਇਆ। ਇਸ ਸਾਲ ਇਸਦਾ ਥੀਮ ਸੁਪਰਫਾਈਨ ਟੇਲਰਿੰਗ ਬਲੈਕ ਸਟਾਈਲ ਰੱਖਿਆ ਗਿਆ ਸੀ। ਇਹ ਮੇਟ ਗਾਲਾ ਪੰਜਾਬੀਆਂ ਲਈ ਬੇਹੱਦ ਖ਼ਾਸ ਸੀ ਕਿਉਂਕਿ ਇਸ ਵਾਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਇਥੇ ਪਹਿਲੀ ਵਾਰ ਡੈਬਿਊ ਕੀਤਾ। ਉਹ ਅਜਿਹਾ ਕਰਨ ਵਾਲੇ ਪਹਿਲੇ ਪੰਜਾਬੀ ਅਦਾਕਾਰ ਬਣ ਗਏ ਹਨ। ਦਿਲਜੀਤ ਦੋਸਾਂਝ ਮੇਟ ਗਾਲਾ ਵਿਚ ਮਹਾਰਾਜਾ ਅੰਦਾਜ਼ ਵਿਚ ਨਜ਼ਰ ਆਏ। ਉਨ੍ਹਾਂ ਦਾ ਇਹ ਲੁੱਕ ਸਿੱਖ ਰਾਇਲਟੀ ਨੂੰ ਦਰਸਾ ਰਿਹਾ ਸੀ।  ਇਸ ਦੌਰਾਨ ਪੰਜਾਬੀ ਸਿੰਗਰ ਅਤੇ ਅਦਾਕਾਰ ਦਿਲਜੀਤ ਨੇ ਗਹਿਣਿਆਂ ਨਾਲ ਜੜੀ ਤਲਵਾਰ ਵੀ ਫੜੀ ਹੋਈ ਸੀ, ਜਿਸ ਦੀ ਹੱਥੀ ਸ਼ੇਰ ਦੇ ਸਿਰ ਵਾਲੀ ਸੀ। ਉਸ ਨੇ ਪੰਜਾਬ ਦੇ ਨਕਸ਼ੇ ਅਤੇ ਗੁਰਮੁਖੀ ਵਿੱਚ ਕਢਾਈ ਵਾਲੇ ਅੱਖਰਾਂ ਵਾਲਾ ਇਕ ਕੇਪ (ਕੱਪੜਾ) ਵੀ ਦਿਖਾਇਆ।

 

ਭਾਰਤ ਵਿਰੋਧੀ ਗਤੀਵਿਧੀਆਂ ਚਲਾਉਣ ਦਾ ਆਰੋਪ

ਨਵੀਂ ਦਿੱਲੀ/ਬਿਊਰੋ ਨਿਊਜ਼

ਭਾਰਤ ਸਰਕਾਰ ਨੇ ਤੁਰਕੀ ਦੇ ਸਰਕਾਰੀ ਚੈਨਲ ਟੀ.ਆਰ.ਟੀ. ਵਰਲਡ ਅਤੇ ਚੀਨ ਦੇ ਸਰਕਾਰੀ ਮੀਡੀਆ ਗਲੋਬਲ ਟਾਈਮਜ਼ ਅਤੇ ਸਿਨਹੂਆ ਦੇ ਐਕਸ ਅਕਾਊਂਟ ਬਲੌਕ ਕਰ ਦਿੱਤੇ ਹਨ। ਇਨ੍ਹਾਂ ’ਤੇ ਭਾਰਤ ਵਿਰੋਧੀ ਗਤੀਵਿਧੀਆਂ ਚਲਾਉਣ ਅਤੇ ਫੌਜ ਦੇ ਬਾਰੇ ਵਿਚ ਗਲਤ ਖਬਰਾਂ ਫੈਲਾਉਣ ਦਾ ਆਰੋਪ ਹੈ। ਉਧਰ ਦੂਜੇ ਪਾਸੇ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਸੀਜ਼ਫਾਇਰ ਤੋਂ ਬਾਅਦ ਵੀ ਸੁਰੱਖਿਆ ਬਲਾਂ ਦਾ ਅਪਰੇਸ਼ਨ ਲਗਾਤਾਰ ਜਾਰੀ ਹੈ। ਇਸਦੇ ਚੱਲਦਿਆਂ ਜੰਮੂ ਕਸ਼ਮੀਰ ਦੇ ਸ਼ੋਪੀਆ ਜ਼ਿਲ੍ਹੇ ਦੇ ਕੇਲਰ ਖੇਤਰ ਵਿਚ ਭਾਰੀ ਮਾਤਰਾ ਵਿਚ ਹਥਿਆਰਾਂ ਦਾ ਜ਼ਖੀਰਾ ਬਰਾਮਦ ਕੀਤਾ ਗਿਆ ਹੈ। ਇੱਥੇ ਲੰਘੇ ਕੱਲ੍ਹ ਭਾਰਤੀ ਸੁਰੱਖਿਆ ਬਲਾਂ ਨੇ ਮੁਕਾਬਲੇ ਦੌਰਾਨ ਤਿੰਨ ਅੱਤਵਾਦੀਆਂ ਨੂੰ ਮਾਰ ਮੁਕਾਇਆ ਸੀ।    

 

100 ਫੀਸਦੀ ਟੈਕਸ ਲਾਉਣ ਦੀ ਦਿੱਤੀ ਧਮਕੀ

ਨਿਊਯਾਰਕ/ਬਿਊਰੋ ਨਿਊਜ਼ 

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਆਪਣੀ ਟੈਰਿਫ ਜੰਗ ਵਿੱਚ ਇੱਕ ਨਵਾਂ ਮੋਰਚਾ ਖੋਲ੍ਹ ਰਹੇ ਹਨ, ਜਿਸ ਤਹਿਤ ਉਨ੍ਹਾਂ ਅਮਰੀਕਾ ਤੋਂ ਬਾਹਰ ਬਣੀਆਂ ਫਿਲਮਾਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਹੈ। ਉਨ੍ਹਾਂ ਇਹ ਗੱਲ ਆਪਣੇ ਟਰੁੱਥ ਸੋਸ਼ਲ ਪਲੇਟਫਾਰਮ ’ਤੇ ਇੱਕ ਪੋਸਟ ਵਿੱਚ ਕਹੀ ਹੈ। ਟਰੰਪ ਨੇ ਐਲਾਨ ਕੀਤਾ ਹੈ ਕਿ ਵਿਦੇਸ਼ਾਂ ਵਿਚ ਬਣਨ ਵਾਲੀਆਂ ਫਿਲਮਾਂ ਦੇ ਅਮਰੀਕਾ ਵਿਚ ਰਿਲੀਜ਼ ਹੋਣ ’ਤੇ 100 ਫੀਸਦੀ ਟੈਰਿਫ ਲੱਗੇਗਾ। ਉਨ੍ਹਾਂ ਕਿਹਾ ਕਿ ਅਮਰੀਕੀ ਵਣਜ ਵਿਭਾਗ ਨੂੰ ਇਸ ਸਬੰਧੀ ਨਿਰਦੇਸ਼ ਦੇ ਦਿੱਤੇ ਗਏ ਹਨ। ਡੋਨਲਡ ਟਰੰਪ ਨੇ ਆਰੋਪ ਲਗਾਇਆ ਕਿ ਵਿਦੇਸ਼ਾਂ ’ਚ ਬਣੀਆਂ ਫਿਲਮਾਂ ਅਮਰੀਕਾ ਵਿਚ ਪ੍ਰਾਪੇਗੰਡਾ ਫੈਲਾ ਸਕਦੀਆਂ ਹਨ। ਉਨ੍ਹਾਂ ਨੇ ਇਸ ਨੂੰ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਦੇ ਲਈ ਖਤਰਾ ਦੱਸਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਵਿਚ 2021 ਦੇ ਮੁਕਾਬਲੇ 2023 ਤੱਕ ਫਿਲਮ ਪ੍ਰੋਡਕਸ਼ਨ ’ਚ 26 ਫੀਸਦੀ ਦੀ ਗਿਰਾਵਟ ਆਈ ਹੈ।  

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.