Sunday, 14 June 2026

ਕਿਹਾ : ਮੁਫਤ ਬਿਜਲੀ ਅਤੇ ਹੋਰ ਸੌਗਾਤਾਂ ਦੇਣ ਦੀ ਬਜਾਏ ਰੁਜ਼ਗਾਰ ਦੇ ਰਾਹ ਖੋਲ੍ਹਣ ਸੂਬੇ
ਨਵੀਂ ਦਿੱਲੀ/ਬਿਊਰੋ ਨਿਊਜ਼
ਸੁਪਰੀਮ ਕੋਰਟ ਨੇ ਮੁਫਤਖੋਰੀ ਦੇ ਸੱਭਿਆਚਾਰ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਅਜਿਹੀਆਂ ਨੀਤੀਆਂ ’ਤੇ ਮੁੜ ਵਿਚਾਰ ਕਰਨ ਦਾ ਸਹੀ ਸਮਾਂ ਆ ਗਿਆ ਹੈ ਜੋ ਦੇਸ਼ ਦੇ ਆਰਥਿਕ ਵਿਕਾਸ ਵਿੱਚ ਰੁਕਾਵਟ ਪਾਉਂਦੀਆਂ ਹਨ। ਅਦਾਲਤ ਨੇ ਤਾਮਿਲਨਾਡੂ ਪਾਵਰ ਡਿਸਟ੍ਰੀਬਿਊਸ਼ਨ ਕਾਰਪੋਰੇਸ਼ਨ ਲਿਮਟਿਡ ਦੀ ਉਸ ਪਟੀਸ਼ਨ ਦਾ ਨੋਟਿਸ ਲਿਆ, ਜਿਸ ਵਿੱਚ ਖਪਤਕਾਰਾਂ ਦੀ ਵਿੱਤੀ ਸਥਿਤੀ ਦੀ ਪਰਵਾਹ ਕੀਤੇ ਬਿਨਾਂ ਸਾਰਿਆਂ ਨੂੰ ਮੁਫ਼ਤ ਬਿਜਲੀ ਦੇਣ ਦੀ ਤਜਵੀਜ਼ ਰੱਖੀ ਗਈ ਸੀ। ਸਰਬਉੱਚ ਅਦਾਲਤ ਨੇ ਇਹ ਵੀ ਕਿਹਾ ਕਿ ਜੇਕਰ ਸੂਬੇ ਗਰੀਬਾਂ ਦੀ ਮਦਦ ਕਰਦੇ ਹਨ ਤਾਂ ਇਹ ਗੱਲ ਸਮਝ ਵਿੱਚ ਆਉਂਦੀ ਹੈ। ਮਾਨਯੋਗ ਚੀਫ ਜਸਟਿਸ ਸੂਰਿਆ ਕਾਂਤ, ਜਸਟਿਸ ਜੋਏਮਾਲਿਆ ਬਾਗਚੀ ਅਤੇ ਜਸਟਿਸ ਵਿਪੁਲ ਐੱਮ ਪੰਚੋਲੀ ਦੇ ਬੈਂਚ ਨੇ ਕਿਹਾ ਕਿ ਦੇਸ਼ ਦੇ ਜ਼ਿਆਦਾਤਰ ਸੂਬੇ ਮਾਲੀਆ ਘਾਟੇ ਵਾਲੇ ਰਾਜ ਹਨ ਅਤੇ ਫਿਰ ਵੀ ਉਹ ਵਿਕਾਸ ਨੂੰ ਅਣਗੌਲਿਆ ਕਰਕੇ ਅਜਿਹੀਆਂ ਮੁਫਤ ਸਹੂਲਤਾਂ ਦੀ ਪੇਸ਼ਕਸ਼ ਕਰ ਰਹੇ ਹਨ। ਚੀਫ ਜਸਟਿਸ ਨੇ ਕਿਹਾ ਕਿ ਸੂਬਿਆਂ ਨੂੰ ਰੁਜ਼ਗਾਰ ਦੇ ਰਾਹ ਖੋਲ੍ਹਣ ਲਈ ਕੰਮ ਕਰਨਾ ਚਾਹੀਦਾ ਹੈ।

ਨਵੀਂ ਦਿੱਲੀ/ਬਿਊਰੋ ਨਿਊਜ਼ 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਨਾਲ ਮੁਲਾਕਾਤ ਕੀਤੀ ਹੈ। ਇਸ ਸੰਬੰਧੀ ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦਿੱਲੀ ਵਿਚ ਏ.ਆਈ. ਇਮਪੈਕਟ ਸਮਿਟ ਦੇ ਮੌਕੇ ’ਤੇ ਸੁੰਦਰ ਪਿਚਾਈ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਮੁਲਾਕਾਤ ਦੌਰਾਨ, ਭਾਰਤ ਏ.ਆਈ. ਵਿਚ ਕਿਵੇਂ ਕੰਮ ਕਰ ਰਿਹਾ ਹੈ ਅਤੇ ਗੂਗਲ ਇਸ ਖੇਤਰ ਵਿਚ ਸਾਡੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਨਾਲ ਕਿਵੇਂ ਕੰਮ ਕਰ ਸਕਦਾ ਹੈ, ਇਸ ਸਬੰਧੀ ਗੱਲਬਾਤ ਕੀਤੀ ਗਈ ਹੈ।

ਕਿਹਾ : ਤਕਨਾਲੋਜੀ ਬਣਾਉਣਾ ਅਤੇ ਅਪਨਾਉਣਾ ਦੋਵੇਂ ਭਾਰਤ ਦੇ ਡੀਐਨਏ ’ਚ
ਨਵੀਂ ਦਿੱਲੀ/ਬਿਊਰੋ ਨਿਊਜ਼
ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਚ ਭਵਿੱਖ ਦੀ ਅਜਿਹੀ ਤਸਵੀਰ ਦੇਖਣ ਨੂੰ ਮਿਲੀ, ਜਿੱਥੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਦਿਸ਼ਾ ਅਤੇ ਕਿਸਮਤ ਨਿਰਧਾਰਤ ਕੀਤੀ ਜਾ ਰਹੀ ਹੈ। ‘ਇੰਡੀਆ ਏ.ਆਈ. ਇਮਪੈਕਟ ਸਮਿਟ 2026’ ਦੇ ਅੱਜ ਵੀਰਵਾਰ ਨੂੰ ਚੌਥੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਨੀਆ ਨੂੰ ਇਕ ਸਪੱਸ਼ਟ ਸੰਦੇਸ਼ ਦਿੱਤਾ ਕਿ ਭਾਰਤ ਹੁਣ ਸਿਰਫ ਤਕਨਾਲੋਜੀ ਦਾ ਖਪਤਕਾਰ ਨਹੀਂ ਹੈ, ਸਗੋਂ ਇਕ ਪ੍ਰਮੁੱਖ ਉਤਪਾਦਕ ਵਜੋਂ ਉਭਰਿਆ ਹੈ। ਇਸ ਸਮਿਟ ਨੇ ਸਾਬਤ ਕਰ ਦਿੱਤਾ ਹੈ ਕਿ ਵਿਸ਼ਵ ਪੱਧਰ ’ਤੇ ਏ.ਆਈ. ਉਤੇ ਚਰਚਾ ਭਾਰਤ ਤੋਂ ਬਿਨਾ ਅਧੂਰੀ ਹੈ। ਪੀਐਮ ਮੋਦੀ ਨੇ ਕਿਹਾ ਕਿ ਸਾਨੂੰ ਏ.ਆਈ. ਨੂੰ ਖੁੱਲ੍ਹੀ ਛੋਟ ਦੇਣੀ ਚਾਹੀਦੀ ਹੈ, ਪਰ ਸਾਨੂੰ ਇਸਦੀ ਲਗਾਮ ਆਪਣੇ ਹੱਥਾਂ ਵਿਚ ਰੱਖਣੀ ਚਾਹੀਦੀ ਹੈ। ਮੋਦੀ ਨੇ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਮਨੁੱਖੀ ਇਤਿਹਾਸ ਦਾ ਇਕ ਅਜਿਹਾ ਪਰਿਵਰਤਨ ਹੈ, ਜੋ ਅੱਜ ਅਸੀਂ ਦੇਖ ਰਹੇ ਹਾਂ, ਭਵਿੱਖਬਾਣੀ ਕਰ ਰਹੇ ਹਾਂ, ਉਹ ਇਸਦੇ ਪ੍ਰਭਾਵ ਦੀ ਸ਼ੁਰੂਆਤ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨਾ ਸਿਰਫ ਤਕਨਾਲੋਜੀ ਦਾ ਨਿਰਮਾਣ ਕਰਦਾ ਹੈ, ਬਲਕਿ ਇਸ ਨੂੰ ਬੇਮਿਸਾਲ ਰਫਤਾਰ ਨਾਲ ਅਪਣਾਉਂਦਾ ਵੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਆਪਣਾ ਭਾਸ਼ਣ ਸ਼ੁਭ ਕਾਮਨਾਵਾਂ ਨਾਲ ਸਮਾਪਤ ਕੀਤਾ ਅਤੇ ਸਾਰਿਆਂ ਦਾ ਧੰਨਵਾਦ ਕੀਤਾ।  

ਮਹਾਰਾਸ਼ਟਰ ’ਚ ਸਭ ਤੋਂ ਜ਼ਿਆਦਾ 7 ਸੀਟਾਂ ’ਤੇ ਹੋਣੀ ਹੈ ਚੋਣ

ਨਵੀਂ ਦਿੱਲੀ/ਬਿਊਰੋ ਨਿਊਜ਼ 

ਭਾਰਤ ਦੇ ਚੋਣ ਕਮਿਸ਼ਨ ਨੇ ਅੱਜ ਬੁੱਧਵਾਰ ਨੂੰ ਦੇਸ਼ ਦੇ 10 ਸੂਬਿਆਂ ਦੀਆਂ 37 ਰਾਜ ਸਭਾ ਸੀਟਾਂ ’ਤੇ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਵਿਚ ਸਭ ਤੋਂ ਜ਼ਿਆਦਾ ਮਹਾਰਾਸ਼ਟਰ ਦੀਆਂ 7 ਸੀਟਾਂ, ਤਾਮਿਲਨਾਡੂ ਦੀਆਂ 6 ਸੀਟਾਂ, ਪੱਛਮੀ ਬੰਗਾਲ ਤੇ ਬਿਹਾਰ ਦੀਆਂ 5-5 ਸੀਟਾਂ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਸ਼ਰਦ ਪਵਾਰ, ਰਾਮਦਾਸ ਅਠਾਵਲੇ, ਕਨੀਮੋਝੀ, ਤਿਰੁਚੀ ਸ਼ਿਵਾ, ਰਾਜ ਸਭਾ ਦੇ ਉਪ ਸਭਾਪਤੀ ਹਰਿਬੰਸ਼ ਦਾ ਕਾਰਜਕਾਲ 2 ਅਪ੍ਰੈਲ ਨੂੰ ਸਮਾਪਤ ਹੋ ਰਿਹਾ ਹੈ। ਇਸਦੇ ਚੱਲਦਿਆਂ 16 ਮਾਰਚ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਿੰਗ ਹੋਵੇਗੀ ਅਤੇ ਉਸੇ ਦਿਨ ਸ਼ਾਮ 5 ਵਜੇ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਇਨ੍ਹਾਂ ਚੋਣਾਂ ਵਿੱਚ ਉੱਤਰੀ ਭਾਰਤ ਦੇ ਦੋ ਅਹਿਮ ਸੁੂਬਿਆਂ ਹਰਿਆਣਾ ਦੀਆਂ ਦੋ ਅਤੇ ਹਿਮਾਚਲ ਪ੍ਰਦੇਸ਼ ਦੀ ਇੱਕ ਸੀਟ ’ਤੇ ਵੀ ਵੋਟਿੰਗ ਹੋਵੇਗੀ, ਜਿਸ ਕਾਰਨ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਇਨ੍ਹਾਂ ਚੋਣਾਂ ਦੇ ਘੇਰੇ ਵਿੱਚ ਆਉਣ ਵਾਲੇ ਪ੍ਰਮੁੱਖ ਸੂਬਿਆਂ ਵਿੱਚ ਮਹਾਰਾਸ਼ਟਰ, ਉੜੀਸਾ, ਤੇਲੰਗਾਨਾ, ਤਾਮਿਲਨਾਡੂ, ਛੱਤੀਸਗੜ੍ਹ, ਪੱਛਮੀ ਬੰਗਾਲ, ਅਸਾਮ ਅਤੇ ਬਿਹਾਰ ਸ਼ਾਮਲ ਹਨ।

ਮਨੀ ਲਾਂਡਰਿੰਗ ਦੇ ਮਾਮਲੇ ’ਚ ਹੋਣੀ ਹੈ ਪੁੱਛਗਿੱਛ
ਨਵੀਂ ਦਿੱਲੀ/ਬਿਊਰੋ ਨਿਊਜ਼
ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਨੂੰ ਇਸ ਹਫਤੇ ਪੇਸ਼ ਨਾ ਹੋਣ ਤੋਂ ਬਾਅਦ 26 ਫਰਵਰੀ ਨੂੰ ਪੁੱਛਗਿੱਛ ਵਾਸਤੇ ਪੇਸ਼ ਹੋਣ ਲਈ ਤਾਜ਼ਾ ਸੰਮਨ ਜਾਰੀ ਕੀਤੇ ਹਨ। ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਇਹ ਜਾਣਕਾਰੀ ਸਰਕਾਰੀ ਅਧਿਕਾਰੀ ਵਲੋਂ ਦਿੱਤੀ ਗਈ। ਅਨਿਲ ਅੰਬਾਨੀ ਦੀ ਪਤਨੀ ਅਤੇ ਸਾਬਕਾ ਅਦਾਕਾਰਾ ਟੀਨਾ ਅੰਬਾਨੀ ਨੇ ਵੀ ਦੋ ਵਾਰ ਪੇਸ਼ੀ ਅੱਗੇ ਪਾਉਣ ਦੀ ਮੰਗ ਕੀਤੀ ਹੈ ਅਤੇ ਉਹ 10 ਫਰਵਰੀ ਅਤੇ 17 ਫਰਵਰੀ ਦੀਆਂ ਆਪਣੀਆਂ ਨਿਰਧਾਰਤ ਤਰੀਕਾਂ ’ਤੇ ਈਡੀ ਸਾਹਮਣੇ ਪੇਸ਼ ਨਹੀਂ ਹੋਏ। ਇਹ ਸਪੱਸ਼ਟ ਨਹੀਂ ਹੈ ਕਿ ਈਡੀ ਵੱਲੋਂ ਉਨ੍ਹਾਂ ਨੂੰ ਵੀ ਕੋਈ ਨਵੀਂ ਤਰੀਕ ਦਿੱਤੀ ਗਈ ਹੈ ਜਾਂ ਨਹੀਂ। ਈਡੀ ਅਧਿਕਾਰੀਆਂ ਨੇ ਦੱਸਿਆ ਸੀ ਕਿ ਏਜੰਸੀ ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਜੋੜੇ ਦੇ ਵੱਖ-ਵੱਖ ਬਿਆਨ ਦਰਜ ਕਰਨ ਲਈ ਉਨ੍ਹਾਂ ਨੂੰ ਤਲਬ ਕੀਤਾ ਹੈ। ਅਨਿਲ ਅੰਬਾਨੀ ਅਗਸਤ 2025 ਵਿੱਚ ਇੱਕ ਵਾਰ ਈਡੀ ਸਾਹਮਣੇ ਪੇਸ਼ ਹੋਏ ਸਨ। ਸਮਝਿਆ ਜਾਂਦਾ ਹੈ ਕਿ ਟੀਨਾ ਅੰਬਾਨੀ ਨੂੰ ਨਿਊਯਾਰਕ ਦੇ ਮੈਨਹਟਨ ਵਿੱਚ ਇੱਕ ਲਗਜ਼ਰੀ ਕੰਡੋਮੀਨੀਅਮ ਦੀ ਖਰੀਦ ਨਾਲ ਜੁੜੇ ਪੈਸੇ ਦੇ ਲੈਣ-ਦੇਣ ਦੇ ਸਬੰਧ ਵਿੱਚ ਪੁੱਛਗਿੱਛ ਲਈ ਬੁਲਾਇਆ ਗਿਆ ਹੈ।

ਚੰਡੀਗੜ੍ਹ/ਨਵੀਂ ਦਿੱਲੀ :  ਭਾਸ਼ਾ ਵਿਭਾਗ ਪੰਜਾਬ ਵੱਲੋਂ ਪਿਛਲੇ ਸਾਲ ਤੋਂ ਦਿੱਲੀ ਸਥਿਤ ਪੰਜਾਬ ਭਵਨ ਵਿੱਚ ਪੰਜਾਬੀ ਦਾਨਸ਼ਵਰਾਂ ਦੀਆਂ ਤਸਵੀਰਾਂ ਸਥਾਪਿਤ ਕਰਨ ਦਾ ਕੰਮ ਆਰੰਭ ਕੀਤਾ ਗਿਆ ਸੀ। ਹੁਣ ਤੱਕ ਪਹਿਲਾਂ ਲਗਾਈਆਂ ਗਈਆਂ ਲਗਭਗ 40 ਤਸਵੀਰਾਂ ਤੋਂ ਬਾਅਦ ਅੱਜ 20 ਹੋਰ ਸਵਰਗੀ ਲੇਖਕਾਂ ਅਤੇ ਵਿਦਵਾਨਾਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਜਿਨਾਂ ਵਿੱਚ ਪ੍ਰਿੰਸੀਪਲ ਤੇਜਾ ਸਿੰਘ, ਗਿਆਨੀ ਸੋਹਣ ਸਿੰਘ ਸੀਤਲ, ਡਾ. ਦੀਵਾਨ ਸਿੰਘ ਕਾਲੇਪਾਣੀ, ਪ੍ਰਿੰਸੀਪਲ ਸੁਜਾਨ ਸਿੰਘ, ਸ. ਜਸਵੰਤ ਸਿੰਘ ਕੰਵਲ, ਸ. ਨਾਨਕ ਸਿੰਘ, ਡਾ. ਹਰਭਜਨ ਸਿੰਘ, ਸ੍ਰੀਮਤੀ ਦਲੀਪ ਕੌਰ ਟਿਵਾਣਾ, ਸ੍ਰੀ ਬਲਰਾਜ ਸਾਹਨੀ, ਬਾਵਾ ਬੁੱਧ ਸਿੰਘ, ਸ਼੍ਰੀਮਤੀ ਸੁਖਵੰਤ ਕੌਰ ਮਾਨ, ਸ. ਮਹਿੰਦਰ ਸਿੰਘ ਸਰਨਾ, ਜਨਾਬ ਦੀਪਕ ਜੈਤੋਈ, ਮਹਿੰਦਰ ਕੌਰ ਗਿੱਲ, ਸ਼੍ਰੀ ਰਾਮ ਸਰੂਪ ਅਣਖੀ, ਡਾ. ਰਤਨ ਸਿੰਘ ਜੱਗੀ, ਸ਼੍ਰੀ ਮੋਹਨਜੀਤ, ਸ਼੍ਰੀ ਪਰਮਿੰਦਰਜੀਤ  ਅਤੇ ਪ੍ਰੋ. ਅਜਮੇਰ ਔਲਖ ਸ਼ਾਮਿਲ ਹਨ।

ਇਹ ਤਸਵੀਰਾਂ ਪੰਜਾਬ ਭਵਨ ਦੇ ਬੀ ਬਲਾਕ ਦੀ ਡਿਓੜੀ ਅਤੇ ਉੱਪਰਲੀਆਂ ਮੰਜ਼ਿਲਾਂ ਦੇ ਵਰਾਂਡਿਆਂ ਵਿੱਚ ਲਗਾਈਆਂ ਗਈਆਂ। ਸ੍ਰੀ ਰਜਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਭਵਨ ਦੇ ਕਰਮਚਾਰੀਆਂ ਵੱਲੋਂ  ਇਹ ਕਾਰਜ ਭਾਸ਼ਾ ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਅਤੇ ਡਿਪਟੀ ਡਾਇਰੈਕਟਰ ਸ੍ਰੀ ਆਲੋਕ ਚਾਵਲਾ ਦੀ ਨਿਗਰਾਨੀ ਵਿਚ ਕੀਤਾ ਗਿਆ। ਇਸ ਤੋਂ ਪਹਿਲਾਂ ਵਿਭਾਗ ਦੇ ਅਧਿਕਾਰੀਆਂ ਵੱਲੋਂ ਪ੍ਰਿੰਸੀਪਲ ਰੈਜੀਡੈਂਟ ਕਮਿਸ਼ਨਰ ਡਾ. ਐਸ ਕਰੁਣਾ ਰਾਜੂ ਨਾਲ ਮੁਲਾਕਾਤ ਕਰਕੇ ਪੰਜਾਬ ਭਵਨ ਵਿੱਚ ਪੰਜਾਬੀਅਤ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਦਰਸ਼ਿਤ ਕਰਨ ਲਈ ਵਿਚਾਰਾਂ ਕੀਤੀਆਂ ਗਈਆਂ। ਡਿਪਟੀ ਰੈਜੀਡੈਂਟ ਕਮਿਸ਼ਨਰ ਸ੍ਰੀਮਤੀ ਆਸਿਤਾ ਸ਼ਰਮਾ ਨੇ ਕਿਹਾ ਕਿ ਆਉਂਣ ਵਾਲੇ ਸਮੇਂ ਵਿੱਚ ਭਾਸ਼ਾ ਵਿਭਾਗ ਦੀ ਸਥਾਨਕ ਲਾਇਬਰੇਰੀ ਦੀ ਮੁਰੰਮਤ ਦਾ ਕੰਮ ਮੁਕੰਮਲ  ਕਰਾ ਕੇ ਇਸ ਨੂੰ ਇਥੇ ਆਉਣ ਅਤੇ ਠਹਿਰਨ ਵਾਲੀਆਂ ਸ਼ਖ਼ਸੀਅਤਾਂ ਲਈ ਆਕਰਸ਼ਕ ਬਣਾਇਆ ਜਾਵੇਗਾ।

United States of America ਦੀ ਮਸ਼ਹੂਰ ਦੋਪਹੀਆ ਨਿਰਮਾਤਾ ਕੰਪਨੀ Harley-Davidson Motor Company ਨੇ ਅਮਰੀਕਾ ਵਿੱਚ 9,401 ਮੋਟਰਸਾਈਕਲਾਂ ਨੂੰ ਰੀਕਾਲ ਕਰਨ ਦਾ ਐਲਾਨ ਕੀਤਾ ਹੈ।

ਇਹ ਜਾਣਕਾਰੀ ਅਮਰੀਕੀ ਸੜਕ ਸੁਰੱਖਿਆ ਏਜੰਸੀ National Highway Traffic Safety Administration (NHTSA) ਕੋਲ ਦਾਖਲ ਕੀਤੇ ਗਏ ਰੀਕਾਲ ਨੋਟਿਸ ਵਿੱਚ ਦਿੱਤੀ ਗਈ ਹੈ।

ਇਹ ਰੀਕਾਲ 2021 ਤੋਂ 2026 ਦੇ ਵਿਚਕਾਰ ਬਣੀਆਂ RH1250S (Sportster-S) ਮਾਡਲ ਦੀਆਂ ਕੁਝ ਮੋਟਰਸਾਈਕਲਾਂ ’ਤੇ ਲਾਗੂ ਹੋਵੇਗਾ।

ਕੰਪਨੀ ਦੇ ਮੁਤਾਬਕ, ਇਨ੍ਹਾਂ ਮੋਟਰਸਾਈਕਲਾਂ ਵਿੱਚ “ਅਪਰ ਟ੍ਰਿਪਲ ਕਲੈਂਪ” (Upper Triple Clamp) ਵਿੱਚ ਦਰਾਰ ਪੈਣ ਦੀ ਸੰਭਾਵਨਾ ਹੈ, ਜਿਸ ਕਾਰਨ ਸਟੀਅਰਿੰਗ ਸਿਸਟਮ ਪ੍ਰਭਾਵਿਤ ਹੋ ਸਕਦਾ ਹੈ। ਜੇ ਇਹ ਪੁਰਜ਼ਾ ਟੁੱਟ ਜਾਂਦਾ ਹੈ, ਤਾਂ ਵਾਹਨ ’ਤੇ ਕਾਬੂ ਖੋਣ ਦਾ ਖਤਰਾ ਵੱਧ ਸਕਦਾ ਹੈ ਅਤੇ ਹਾਦਸੇ ਦੀ ਸੰਭਾਵਨਾ ਬਣ ਸਕਦੀ ਹੈ।

ਕੰਪਨੀ ਨੇ ਪ੍ਰਭਾਵਿਤ ਗਾਹਕਾਂ ਨੂੰ ਅਧਿਕਾਰਤ ਡੀਲਰਸ਼ਿਪ ਨਾਲ ਸੰਪਰਕ ਕਰਨ ਅਤੇ ਜ਼ਰੂਰੀ ਜਾਂਚ ਜਾਂ ਮੁਰੰਮਤ ਕਰਵਾਉਣ ਦੀ ਸਲਾਹ ਦਿੱਤੀ ਹੈ।

ਜਲੰਧਰ: ਆਮ ਆਦਮੀ ਪਾਰਟੀ ਦੇ ਰਾਜ ਸਭਾ ਸਾਂਸਦ ਅਤੇ ਭਾਰਤ ਦੇ ਸਾਬਕਾ ਕ੍ਰਿਕਟਰ ਸ. ਹਰਭਜਨ ਸਿੰਘ ਨੇ ਜਲੰਧਰ ਦੇ  ਰਾਇਜ਼ਾਦਾ ਹੰਸਰਾਜ ਬੈਡਮਿੰਟਨ ਸਟੇਡਿਯਮ ਵਿੱਚ ਸੋਲਰ ਪਾਵਰ ਪਲਾਂਟ ਲਗਾਉਣ ਲਈ ਆਪਣੇ ਐਮਪੀ ਫੰਡ ਤੋਂ 13.48 ਲੱਖ ਰੁਪਏ ਦੀ ਗ੍ਰਾਂਟ ਮਨਜ਼ੂਰ ਕੀਤੀ ਹੈ।

ਸੋਲਰ ਪਾਵਰ ਪ੍ਰੋਜੈਕਟ ਦਾ ਪ੍ਰਸਤਾਵ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਲੋਕ ਨਿਰਮਾਣ ਵਿਭਾਗ ਦੇ ਅਨੁਮਾਨ ਦੇ ਨਾਲ ਭੇਜਿਆ ਗਿਆ ਸੀ। ਪੰਜਾਬ ਵਿੱਚ ਖੇਡਾਂ ਦੇ ਵਿਕਾਸ ਲਈ ਲਗਾਤਾਰ ਸਹਿਯੋਗ ਦੇਣ ਵਾਲੇ ਸਾਂਸਦ ਸ. ਹਰਭਜਨ ਸਿੰਘ ਨੇ ਇਸ ਪ੍ਰੋਜੈਕਟ ਨੂੰ ਤੁਰੰਤ ਮਨਜ਼ੂਰੀ ਦੇ ਦਿੱਤੀ। ਇਹ ਪਹਿਲੀ ਵਾਰ ਨਹੀਂ ਹੈ ਕਿ ਸਾਂਸਦ ਵੱਲੋਂ ਐਸੋਸੀਏਸ਼ਨ ਨੂੰ ਆਰਥਿਕ ਮਦਦ ਦਿੱਤੀ ਗਈ ਹੋਵੇ। ਸਾਲ 2023 ਵਿੱਚ ਉਨ੍ਹਾਂ ਨੇ ਇਸੇ ਸਟੇਡਿਯਮ ਵਿੱਚ ਜਿਮ ਦੇ ਲਈ 16.50 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਸੀ।

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਰਿਤਿਨ ਖੰਨਾ ਨੇ ਕਿਹਾ ਕਿ ਸ. ਹਰਭਜਨ ਸਿੰਘ ਨਾਲ ਮੁਲਾਕਾਤ ਹਮੇਸ਼ਾ ਵਧੀਆ ਹੁੰਦੀ ਹੈ। ਉਨ੍ਹਾਂ ਦੱਸਿਆ ਕਿ 2023 ਵਿੱਚ ਸਾਂਸਦ ਨੇ ਸਟੇਡਿਯਮ ਦੇ ਜਿਮ ਲਈ ਸਹਿਯੋਗ ਦਿੱਤਾ ਸੀ ਅਤੇ ਉਸ ਵੇਲੇ ਵੀ ਉਨ੍ਹਾਂ ਨੇ ਕਿਹਾ ਸੀ ਕਿ ਜਦੋਂ ਵੀ ਲੋੜ ਹੋਵੇ, ਸੰਪਰਕ ਕਰ ਲੈਣਾ। ਖੰਨਾ ਨੇ ਕਿਹਾ ਕਿ ਸ. ਹਰਭਜਨ ਸਿੰਘ ਦਾ ਇਸ ਸਟੇਡਿਯਮ ਨਾਲ ਖਾਸ ਲਗਾਵ ਹੈ ਕਿਉਂਕਿ ਉਨ੍ਹਾਂ ਨੇ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਇੱਥੇ ਬੈਡਮਿੰਟਨ ਖੇਡੀ ਅਤੇ ਟ੍ਰੇਨਿੰਗ ਕਿੱਤੀ ਸੀ। ਸਾਂਸਦ ਨੇ ਇਹ ਭਰੋਸਾ ਵੀ ਦਿੱਤਾ ਹੈ ਕਿ ਅਗਲੀ ਵਾਰ ਸ਼ਹਿਰ ਆਉਣ ‘ਤੇ ਉਹ ਸਟੇਡਿਯਮ ਦਾ ਦੌਰਾ ਕਰਨਗੇ।

ਰਿਤਿਨ ਖੰਨਾ ਨੇ ਗ੍ਰਾਂਟ ਮਨਜ਼ੂਰ ਕਰਵਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੁ ਅਗਰਵਾਲ ਅਤੇ ਸ. ਅਮਰਜੀਤ ਸਿੰਘ ਦਾ ਧੰਨਵਾਦ ਕੀਤਾ।

ਖੰਨਾ ਨੇ ਕਿਹਾ, “ਸੋਲਰ ਪਾਵਰ ਪਲਾਂਟ ਲੱਗਣ ਨਾਲ ਬਿਜਲੀ ਦੇ ਖਰਚ ਵਿੱਚ ਕਮੀ ਆਵੇਗੀ। ਬਚਤ ਹੋਣ ਵਾਲੀ ਰਕਮ ਖਿਡਾਰੀਆਂ ਦੇ ਵਿਕਾਸ ਅਤੇ ਟ੍ਰੇਨਿੰਗ ‘ਤੇ ਖਰਚ ਕੀਤੀ ਜਾਵੇਗੀ, ਜਿਸ ਨਾਲ ਨਵੇਂ ਅਤੇ ਉਭਰਦੇ ਖਿਡਾਰੀਆਂ ਨੂੰ ਵਧੀਆ ਸੁਵਿਧਾਵਾਂ ਮਿਲਣਗੀਆਂ।”

ਰਾਇਜ਼ਾਦਾ ਹੰਸਰਾਜ ਬੈਡਮਿੰਟਨ ਸਟੇਡਿਯਮ ਦਾ ਪ੍ਰਬੰਧਨ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਕੀਤਾ ਜਾਂਦਾ ਹੈ, ਜਿਸ ਦੀ ਅਗਵਾਈ ਜਲੰਧਰ ਦੇ ਡਿਪਟੀ ਕਮਿਸ਼ਨਰ ਕਰਦੇ ਹਨ। ਸਾਲ 1963 ਵਿੱਚ ਸਥਾਪਤ ਅਤੇ ਸਵਰਗਵਾਸੀ ਰਾਇਜ਼ਾਦਾ ਹੰਸਰਾਜ ਸੋਂਧੀ ਦੇ ਨਾਮ ‘ਤੇ ਬਣਿਆ ਇਹ ਸਟੇਡਿਯਮ ਉੱਤਰ ਭਾਰਤ ਦੇ ਸਭ ਤੋਂ ਪੁਰਾਣੇ ਅਤੇ ਪ੍ਰਸਿੱਧ ਬੈਡਮਿੰਟਨ ਸਟੇਡਿਯਮਾਂ ਵਿੱਚ ਸ਼ਾਮਲ ਹੈ। ਸਾਲ 2019 ਤੋਂ ਐਸੋਸੀਏਸ਼ਨ ਦੀ ਅੰਤਰਿਮ ਕਮੇਟੀ ਸਟੇਡਿਯਮ ਦੇ ਵਿਕਾਸ ਲਈ ਲਗਾਤਾਰ ਕੰਮ ਕਰ ਰਹੀ ਹੈ। 1 ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਨਾਲ ਸਟੇਡਿਯਮ ਵਿੱਚ ਵੱਡੇ ਬਦਲਾਅ ਕੀਤੇ ਗਏ ਹਨ ਅਤੇ ਹੁਣ ਇਹ ਉੱਚ ਪੱਧਰੀ ਬੈਡਮਿੰਟਨ ਮੁਕਾਬਲਿਆਂ ਦਾ ਕੇਂਦਰ ਬਣ ਚੁੱਕਾ ਹੈ।

ਵੌਇਸ ਏ.ਆਈ. ਡਾਕਟਰ ਕਰੇਗਾ ਤੁਹਾਡਾ ਇਲਾਜ

ਨਵੀਂ ਦਿੱਲੀ/ਬਿਊਰੋ ਨਿਊਜ਼ 

ਇੰਡੀਆ ਏ.ਆਈ. ਇਮਪੈਕਟ ਸਮਿਟ ਵਿਚ ਜੀਓ ਪੈਵੀਲੀਅਨ ’ਤੇ ਪ੍ਰਦਰਸ਼ਿਤ ‘ਜੀਓ ਆਰੋਗਿਆ ਏ.ਆਈ.’ ਨੇ ਪ੍ਰਾਇਮਰੀ ਹੈਲਥ ਕੇਅਰ ਖੇਤਰ ਵਿਚ ਏ.ਆਈ.-ਅਧਾਰਿਤ ਕਲੀਨਿਕ ਮਾਡਲ ਪੇਸ਼ ਕੀਤਾ ਹੈ। ਇਹ ਏ.ਆਈ.-ਪਾਵਰਡ ਸਿਸਟਮ ਕੁਝ ਹੀ ਮਿੰਟਾਂ ਵਿਚ ਮਰੀਜ਼ ਦੇ ਮੁੱਖ ਹੈਲਥ ਪੈਰਾਮੀਟਰਾਂ ਦੀ ਸਕਰੀਨਿੰਗ ਕਰਕੇ ਉਨ੍ਹਾਂ ਦਾ ਵਿਸ਼ਲੇਸ਼ਣ ਕਰਦਾ ਹੈ, ਸੰਭਾਵਿਤ ਖਤਰਿਆਂ ਦੀ ਪਹਿਚਾਣ ਕਰਦਾ ਹੈ ਅਤੇ ਲੋੜ ਮੁਤਾਬਕ ਸਪੈਸ਼ਲਿਸਟ ਕੋਲ ਰੈਫਰ ਕਰਨ ਦੀ ਸਲਾਹ ਦਿੰਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸਦਾ ਮੁੱਖ ਮਕਸਦ ਦੇਸ਼ ਦੇ ਪ੍ਰਾਇਮਰੀ ਹੈਲਥ ਸੈਂਟਰਾਂ ਨੂੰ ਏ-ਆਈ-ਸਮਰੱਥ ਕਲੀਨਿਕਾਂ ਵਿਚ ਬਦਲਣਾ ਹੈ ਤਾਂ ਜੋ ਦੂਰ-ਦਰਾਜ ਦੇ ਇਲਾਕਿਆਂ ਵਿਚ ਵੀ ਤੇਜ਼ ਅਤੇ ਸਸਤੀਆਂ ਸਿਹਤ ਸੇਵਾਵਾਂ ਉਪਲਬਧ ਕਰਵਾਈਆਂ ਜਾ ਸਕਣ। ਇਸ ਸਿਸਟਮ ਵਿਚ ਮਰੀਜ਼ ਇਕ ਏ.ਆਈ.- ਸਮਰੱਥ ਡਾਇਗਨੋਸਟਿਕ ਡਿਵਾਈਸ, ਯਾਨੀ ਸਮਾਰਟ ਮਿਰਰ ਦੇ ਸਾਹਮਣੇ ਖੜ੍ਹਦਾ ਹੈ। ਇਹ ਸਮਾਰਟ ਮਿਰਰ ਅੱਖਾਂ, ਚਮੜੀ ਅਤੇ ਹੋਰ ਵਿਜ਼ੂਅਲ ਸੰਕੇਤਾਂ ਦੇ ਅਧਾਰ ’ਤੇ ਜ਼ਰੂਰੀ ਰੀਡਿੰਗਜ਼ ਲੈਂਦਾ ਹੈ। ਇਸ ਤੋਂ ਬਾਅਦ ਏ.ਆਈ ਇਨ੍ਹਾਂ ਅੰਕੜਿਆਂ ਦਾ ਵਿਸ਼ਲੇਸ਼ਣ ਕਰਕੇ ਪ੍ਰਾਰੰਭਿਕ ਹੈਲਥ ਅਸੈਸਮੈਂਟ ਤਿਆਰ ਕਰਦਾ ਹੈ।

ਨਵੀਂ ਦਿੱਲੀ/ਬਿਊਰੋ ਨਿਊਜ਼

ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅੱਜ ਮੰਗਲਵਾਰ ਨੂੰ ਮੁੰਬਈ ਵਿਚ ਹੋਈ ਗਲੋਬਲ ਇਕਨਾਮਿਕ ਕੋਆਪਰੇਸ਼ਨ ਕਾਨਫਰੰਸ ਵਿਚ ਸ਼ਾਮਲ ਹੋਏ ਹਨ। ਇਸ ਮੌਕੇ ’ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵੇਂਦਰ ਫਰਨਾਂਡਿਜ਼ ਵੀ ਹਾਜ਼ਰ ਸਨ। ਕਾਨਫਰੰਸ ਦੌਰਾਨ ਜੈਸ਼ੰਕਰ ਨੇ ਕਿਹਾ ਕਿ ਭਾਰਤ ਹੁਣ ਦੁਨੀਆ ਨਾਲ ਹੋਰ ਮਜ਼ਬੂਤੀ ਨਾਲ ਜੁੜ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਹੋਏ ਵਪਾਰਕ ਸਮਝੌਤੇ ਇਸ ਗੱਲ ਦਾ ਸਪਸ਼ਟ ਸਬੂਤ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਨਾਲ ਵੀ ਇੱਕ ਮਹੱਤਵਪੂਰਨ ਸਮਝੌਤਾ ਹੋਇਆ ਹੈ, ਜਿਸ ਨਾਲ ਦੋਨੋਂ ਦੇਸ਼ਾਂ ਦੇ ਸੰਬੰਧ ਹੋਰ ਮਜ਼ਬੂਤ ਹੋਏ ਹਨ। ਕੇਂਦਰੀ ਮੰਤਰੀ ਨੇ ਕਿਹਾ ਕਿ ਅੱਜਕੱਲ੍ਹ ਦੁਨੀਆ ਵਿੱਚ ਚੀਜ਼ਾਂ ਦਾ ਇਸਤੇਮਾਲ ਹਥਿਆਰ ਵਾਂਗ ਕੀਤਾ ਜਾ ਰਿਹਾ ਹੈ। ਉਤਪਾਦਨ, ਪੈਸੇ ਅਤੇ ਬਾਜ਼ਾਰ ਦੀ ਤਾਕਤ ਦਾ ਗਲਤ ਫਾਇਦਾ ਚੁੱਕਿਆ ਜਾ ਰਿਹਾ ਹੈ। ਕਈ ਦੇਸ਼ਾਂ ਨੇ ਨਿਰਯਾਤ ’ਤੇ ਵੀ ਸਖ਼ਤੀ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਹੁਣ ਮਜ਼ਬੂਤ ਸਥਿਤੀ ਵਿੱਚ ਹੈ ਅਤੇ ਵਿਸ਼ਵ ਦੇ ਦੇਸ਼ਾਂ ਨਾਲ ਵੱਧ ਤੋਂ ਵੱਧ ਜੁੜ ਰਿਹਾ ਹੈ। ਜੈ ਸ਼ੰਕਰ ਨੇ ਕਿਹਾ ਕਿ ਹਾਲੀਆ ਵਪਾਰਕ ਸਮਝੌਤੇ ਇਸਦੀ ਪੁਸ਼ਟੀ ਕਰਦੇ ਹਨ। 

ਗਲਗੋਟੀਆਜ਼ ਯੂਨੀਵਰਸਿਟੀ ਇਕ ਵੱਡੇ ਅਤੇ ਗੰਭੀਰ ਵਿਵਾਦ ’ਚ ਘਿਰੀ

ਨਵੀਂ ਦਿੱਲੀ/ਬਿਊਰੋ ਨਿਊਜ਼ 

ਨਵੀਂ ਦਿੱਲੀ ਵਿਚ ਆਯੋਜਿਤ ਕੀਤੀ ਜਾ ਰਹੀ ‘ਇੰਡੀਆ ਏ.ਆਈ. ਇਮਪੈਕਟ ਸਮਿਟ 2026’ ਦੌਰਾਨ ਗਲਗੋਟੀਆਜ਼ ਯੂਨੀਵਰਸਿਟੀ ਇਕ ਵੱਡੇ ਅਤੇ ਗੰਭੀਰ ਵਿਵਾਦ ਦੇ ਘੇਰੇ ਵਿਚ ਆ ਗਈ ਹੈ, ਜਿਸ ਨੇ ਦੇਸ਼ ਦੇ ਤਕਨੀਕੀ ਅਤੇ ਸਿਆਸੀ ਹਲਕਿਆਂ ਵਿਚ ਹਲਚਲ ਪੈਦਾ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਇਹ ਪੂਰਾ ਮਾਮਲਾ ਇਕ ਚਾਰ ਪੈਰਾਂ ਵਾਲੇ ਰੋਬੋਟਿਕ ਕੁੱਤੇ ਕਾਰਨ ਸਾਹਮਣੇ ਆਇਆ ਹੈ, ਜਿਸ ਨੂੰ ਯੂਨੀਵਰਸਿਟੀ ਵਲੋਂ ਸੰਮੇਲਨ ਵਿਚ ਇਕ ਪ੍ਰਮੁੱਖ ਪ੍ਰਦਰਸ਼ਨੀ ਵਜੋਂ ਪੇਸ਼ ਕੀਤਾ ਗਿਆ ਸੀ। ਸ਼ੁਰੂ ਵਿਚ ਇਹ ਰੋਬੋਟ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਸੀ, ਪਰ ਜਲਦੀ ਹੀ ਇਹ ਦਾਅਵੇ ਸਾਹਮਣੇ ਆਏ ਕਿ ਇਹ ਕੋਈ ਭਾਰਤੀ ਕਾਢ ਨਹੀਂ, ਸਗੋਂ ਇਕ ਚੀਨੀ ਉਤਪਾਦ ਹੈ। ਇਸ ਖੁਲਾਸੇ ਤੋਂ ਬਾਅਦ ਸ਼ੋਸ਼ਲ ਮੀਡੀਆ ’ਤੇ ਯੂਨੀਵਰਸਿਟੀ ਵਿਰੁੱਧ ਤਿੱਖੀ ਪ੍ਰਤੀਕਿਰਿਆ ਹੋਈ ਅਤੇ ਕਾਂਗਰਸ ਸਣੇ ਹੋਰ ਵਿਰੋਧੀ ਧਿਰਾਂ ਨੇ ਨਰਿੰਦਰ ਮੋਦੀ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। 

100 ਅਰਬ ਡਾਲਰ ਦੇ ਨਿਵੇਸ਼ ਦੀ ਕਹੀ ਗੱਲ

ਨਵੀਂ ਦਿੱਲੀ/ਬਿਊਰੋ ਨਿਊਜ਼ 

ਅਡਾਨੀ ਇੰਟਰਪ੍ਰਾਈਜ਼ਿਜ਼ ਲਿਮਟਿਡ ਨੇ ਭਾਰਤ ਵਿਚ ਸੋਵਰਜਨ ਏ.ਆਈ. ਇਨਫਰਾਸਟਰੱਕਚਰ ਨੂੰ ਵਿਕਸਿਤ ਕਰਨ ਲਈ 100 ਅਰਬ ਡਾਲਰ ਦੇ ਵੱਡੇ ਨਿਵੇਸ਼ ਦਾ ਐਲਾਨ ਕੀਤਾ ਹੈ। ਕੰਪਨੀ ਦਾ ਇਹ ਕਦਮ ਭਾਰਤ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਡਿਜ਼ੀਟਲ ਇਨਫਰਾਸਟਰੱਕਚਰ ਦੇ ਖੇਤਰ ਵਿਚ ਵਿਸ਼ਵ ਪੱਧਰ ’ਤੇ ਮਜ਼ਬੂਤ ਮੁਕਾਬਲੇਦਾਰ ਬਣਾਉਣ ਵੱਲ ਇਕ ਮਹੱਤਵਪੂਰਨ ਕੋਸ਼ਿਸ਼ ਮੰਨੀ ਜਾ ਰਹੀ ਹੈ। ਕੰਪਨੀ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਹ ਈ-ਕਮਾਰਸ ਦਿੱਗਜ਼ ਫਲਿੱਪਕਾਰਟ ਨਾਲ ਆਪਣੀ ਭਾਈਚਾਰਕ ਸਾਂਝ ਨੂੰ ਹੋਰ ਵਿਸਥਾਰ ਦੇਵੇਗੀ। ਇਸ ਸਹਿਯੋਗ ਤਹਿਤ ਦੇਸ਼ ਵਿਚ ਦੂਜਾ ਹਾਈ-ਪਰਫਾਰਮੈਂਸ ਏ.ਆਈ. ਡਾਟਾ ਸੈਂਟਰ ਤਿਆਰ ਕੀਤਾ ਜਾਵੇਗਾ। ਇਹ ਨਵਾਂ ਡਾਟਾ ਸੈਂਟਰ ਵੱਡੇ ਪੱਧਰ ’ਤੇ ਡਾਟਾ ਪ੍ਰੋਸੈਸਿੰਗ ਅਤੇ ਹਾਈਪਰਸਕੇਲ ਕੰਪਿਊਟਿੰਗ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਤਿਆਰ ਕੀਤਾ ਜਾਵੇਗਾ, ਜਿਸ ਨਾਲ ਦੇਸ਼ ਵਿਚ ਏ.ਆਈ. ਟੈਕਨਾਲੋਜੀ ਦੇ ਵਿਕਾਸ ਨੂੰ ਵੱਡਾ ਬਲ ਮਿਲੇਗਾ। ਇਸ ਨਿਵੇਸ਼ ਨੂੰ ਭਾਰਤ ਦੇ ਡਿਜ਼ੀਟਲ ਭਵਿੱਖ ਲਈ ਇਕ ਮਜ਼ਬੂਤ ਕਦਮ ਵਜੋਂ ਦੇਖਿਆ ਜਾ ਰਿਹਾ ਹੈ।

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.