Sunday, 14 June 2026

ਬਿਹਾਰ ਦੇ ਸਭ ਤੋਂ ਲੰਬੇ ਸਮੇਂ ਤੱਕ ਮੁੱਖ ਮੰਤਰੀ ਰਹਿਣ ਦਾ ਕਾਰਜਕਾਲ ਹੋਵੇਗਾ ਖਤਮ
ਪਟਨਾ/ਬਿਊਰੋ ਨਿਊਜ਼
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵਲੋਂ ਰਾਜ ਸਭਾ ਵਿਚ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਇਸਦੇ ਚੱਲਦਿਆਂ ਬਿਹਾਰ ਦੇ ਸਭ ਤੋਂ ਲੰਬੇ ਸਮੇਂ ਤੱਕ ਮੁੱਖ ਮੰਤਰੀ ਰਹਿਣ ਦਾ ਕਾਰਜਕਾਲ ਵੀ ਖਤਮ ਹੋ ਜਾਵੇਗਾ। ਜਨਤਾ ਦਲ (ਯੂ) ਦੇ ਆਗੂ ਨਿਤੀਸ਼ ਕੁਮਾਰ ਨੇ ਕਿਹਾ ਕਿ ਉਹ ਰਾਜ ਸਭਾ ਦੀ ਚੋਣ ਲੜਨਗੇ ਅਤੇ ਸੂਬੇ ਵਿਚ ਬਣਨ ਵਾਲੀ ਨਵੀਂ ਸਰਕਾਰ ਨੂੰ ਉਨ੍ਹਾਂ ਦਾ ਪੂਰਾ ਸਹਿਯੋਗ ਅਤੇ ਮਾਰਗ ਦਰਸ਼ਨ ਰਹੇਗਾ। ਜ਼ਿਕਰਯੋਗ ਹੈ ਕਿ ਨਿਤੀਸ਼ ਕੁਮਾਰ ਸਾਲ 2005 ਤੋਂ ਮੁੱਖ ਮੰਤਰੀ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਨਿਤੀਸ਼ ਕੁਮਾਰ ਨੇ ਬਿਹਾਰ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਤੁਸੀ ਮੇਰੇ ’ਤੇ ਲਗਾਤਾਰ ਭਰੋਸਾ ਜਤਾਇਆ ਹੈ ਅਤੇ ਇਸੇ ਭਰੋਸੇ ਦੇ ਦਮ ’ਤੇ ਅਸੀਂ ਪੂਰੀ ਤਨਦੇਹੀ ਨਾਲ ਬਿਹਾਰ ਦੀ ਸੇਵਾ ਕੀਤੀ ਹੈ। ਉਨ੍ਹਾਂ ਕਿਹਾ ਕਿ ਆਪਣੀ ਸੰਸਦੀ ਯਾਤਰਾ ਦੀ ਸ਼ੁਰੂਆਤ ਤੋਂ ਹੀ ਉਹ ਬਿਹਾਰ ਵਿਧਾਨ ਸਭਾ ਦੇ ਦੋਵਾਂ ਸਦਨਾਂ ਅਤੇ ਸੰਸਦ ਦੇ ਦੋਵਾਂ ਸਦਨਾਂ ਦਾ ਮੈਂਬਰ ਬਣਨਾ ਚਾਹੁੰਦੇ ਹਨ ਅਤੇ ਇਸੇ ਇੱਛਾ ਦੇ ਤਹਿਤ ਉਹ ਇਸ ਵਾਰ ਰਾਜ ਸਭਾ ਮੈਂਬਰ ਬਣਨਾ ਚਾਹੁੰਦੇ ਹਨ।

ਨਵੀਂ ਦਿੱਲੀ/ਬਿਊਰੋ ਨਿਊਜ਼
ਪੱਛਮੀ ਏਸ਼ੀਆ ਵਿੱਚ ਵੱਧ ਰਹੇ ਜੰਗੀ ਤਣਾਅ ਦਾ ਅਸਰ ਭਾਰਤੀ ਸ਼ੇਅਰ ਬਾਜ਼ਾਰ ’ਤੇ ਹੋਰ ਡੂੰਘਾ ਹੋ ਗਿਆ ਹੈ। ਅੱਜ 2 ਮਾਰਚ ਨੂੰ ਸੈਂਸੈਕਸ ਅਤੇ ਨਿਫਟੀ ਕਰੀਬ 1.8% ਤੱਕ ਟੁੱਟ ਗਏ, ਜਿਸ ਨਾਲ ਨਿਵੇਸ਼ਕਾਂ ਵਿੱਚ ਘਬਰਾਹਟ ਸਾਫ਼ ਨਜ਼ਰ ਆਈ। ਦੁਪਹਿਰ 12 ਵਜੇ ਸੈਂਸੈਕਸ 1600 ਅੰਕਾਂ ਦੀ ਗਿਰਾਵਟ ਨਾਲ ਕਰੀਬ 79,817 ’ਤੇ ਪਹੁੰਚ ਗਿਆ, ਜਦਕਿ ਨਿਫਟੀ 24,732 ਦੇ ਪੱਧਰ ’ਤੇ ਆ ਗਿਆ। ਬਾਜ਼ਾਰ ਵਿੱਚ ਚੌਤਰਫਾ ਬਿਕਵਾਲੀ ਦੇਖਣ ਨੂੰ ਮਿਲੀ, ਜਿੱਥੇ ਕੇਵਲ 588 ਸ਼ੇਅਰ ਚੜ੍ਹਤ ਵਿੱਚ ਰਹੇ, ਜਦਕਿ 3,295 ਸ਼ੇਅਰ ਗਿਰਾਵਟ ਵਿੱਚ ਦਰਜ ਕੀਤੇ ਗਏ।

ਨਵੀਂ ਦਿੱਲੀ/ਬਿਊਰੋ ਨਿਊਜ਼
ਪੱਛਮੀ ਏਸ਼ੀਆ ਵਿਚ ਵਧਦੇ ਫੌਜੀ ਤਣਾਅ ਦੇ ਚੱਲਦਿਆਂ ਭਾਰਤੀ ਐਕਸਪੋਰਟਰਾਂ ਨੇ ਵਣਜ ਅਤੇ ਉਦਯੋਗ ਮੰਤਰਾਲੇ ਦੇ ਸਾਹਮਣੇ ਯੂ.ਏ.ਈ. ਨਾਲ ਵਪਾਰ ਪ੍ਰਭਾਵਿਤ ਹੋਣ ਦਾ ਖਦਸ਼ਾ ਪ੍ਰਗਟਾਇਆ ਹੈ। ਇਸਦੇ ਚੱਲਦਿਆਂ ਦਵਾਈਆਂ, ਇੰਜੀਨੀਅਰਿੰਗ, ਪਹਿਰਾਵੇ ਅਤੇ ਖੁਰਾਕ ਪਦਾਰਥ ਵਰਗੇ ਵੱਖ-ਵੱਖ ਖੇਤਰਾਂ ਨਾਲ ਜੁੜੇ ਐਕਸਪੋਰਟਰਾਂ ਦਾ ਕਹਿਣਾ ਹੈ ਕਿ ਯੂਏਈ ਭਾਰਤ ਦਾ ਵੱਡਾ ਟਰਾਂਸਸ਼ਿਪਮੈਂਟ ਹੱਬ ਬਣ ਚੁੱਕਿਆ ਹੈ ਅਤੇ ਉਥੇ ਕਿਸੇ ਵੀ ਤਰ੍ਹਾਂ ਦੀ ਅਸਥਿਰਤਾ ਨਾਲ ਐਕਸਪੋਰਟ ’ਤੇ ਸਿੱਧਾ ਅਸਰ ਪਵੇਗਾ। ਇਸੇ ਦੌਰਾਨ ਵਣਜ ਅਤੇ ਉਦਯੋਗ ਮੰਤਰਾਲੇ ਨੇ ਉਭਰਦੀ ਭੂ-ਰਾਜਨੀਤਕ ਸਥਿਤੀ ਦੀ ਸਮੀਖਿਆ ਲਈ ਹਿੱਸੇਦਾਰ ਮੰਤਰਾਲਿਆਂ, ਲੌਜਿਸਟਿਕ ਭਾਈਵਾਲਾਂ ਅਤੇ ਵਪਾਰਕ ਸੰਗਠਨਾਂ ਨਾਲ ਬੈਠਕ ਕੀਤੀ ਹੈ। ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਬੰਦਰਗਾਹਾਂ ’ਤੇ ਸੁਚਾਰੂ ਨਿਕਾਸੀ ਅਤੇ ਸਪਲਾਈ ਚੇਨ ਨੂੰ ਮਜ਼ਬੂਤ ਰੱਖਣ ਦੇ ਯਤਨ ਕੀਤੇ ਜਾ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਚਾਲੂ ਵਿੱਤੀ ਸਾਲ ਵਿਚ ਅਮਰੀਕਾ ਤੋਂ ਬਾਅਦ ਯੂਏਈ ਭਾਰਤ ਦਾ ਦੂਜਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਬਣ ਕੇ ਉਭਰਿਆ ਹੈ।  

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਦਿੱਲੀ ’ਚ ਮੁਲਾਕਾਤ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਜੇ. ਕਾਰਨੀ ਦੀ ਅਗਵਾਈ ਹੇਠ ਕੈਨੇਡਾ ਨਾਲ ਸਬੰਧਾਂ ਦੇ ਵਾਧੇ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ 2030 ਤੱਕ ਵਪਾਰ ਵਿੱਚ 50 ਬਿਲੀਅਨ ਅਮਰੀਕੀ ਡਾਲਰ ਨੂੰ ਛੂਹਣ ਦੇ ਟੀਚੇ ਨਾਲ ਆਪਣੇ ਆਰਥਿਕ ਸਹਿਯੋਗ ਨੂੰ ਹੋਰ ਡੂੰਘਾ ਕਰਨ ਦਾ ਇਰਾਦਾ ਰੱਖਦੇ ਹਨ। ਇਸ ਸਬੰਧ ਵਿੱਚ ਉਨ੍ਹਾਂ ਅੱਗੇ ਕਿਹਾ ਕਿ ਓਟਵਾ ਅਤੇ ਨਵੀਂ ਦਿੱਲੀ ਨੇ ਨੇੜਲੇ ਭਵਿੱਖ ਵਿੱਚ ਇੱਕ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਨੂੰ ਅੰਤਿਮ ਰੂਪ ਦੇਣ ਦਾ ਫੈਸਲਾ ਕੀਤਾ ਹੈ। ਪੀਐਮ ਮੋਦੀ ਨੇ ਇਹ ਟਿੱਪਣੀ ਕੌਮੀ ਰਾਜਧਾਨੀ ਦਿੱਲੀ ਵਿੱਚ ਕੈਨੇਡੀਅਨ ਪੀਐਮ ਮਾਰਕ ਕਾਰਨੀ ਨਾਲ ਸਾਂਝੇ ਪ੍ਰੈਸ ਬਿਆਨ ਦੌਰਾਨ ਕੀਤੀ। ਪੀ ਐੱਮ ਮੋਦੀ ਨੇ ਕਿਹਾ ਕਿ ਅੱਜ, ਅਸੀਂ ਇਸ ਵਿਜ਼ਨ ਨੂੰ ਅਗਲੇ ਪੱਧਰ ਦੀ ਭਾਈਵਾਲੀ ਵਿੱਚ ਬਦਲਣ ਬਾਰੇ ਚਰਚਾ ਕੀਤੀ ਅਤੇ ਸਾਡਾ ਟੀਚਾ 2030 ਤੱਕ 50 ਬਿਲੀਅਨ ਡਾਲਰ ਦੇ ਵਪਾਰ ਤੱਕ ਪਹੁੰਚਣਾ ਹੈ। ਪੀਐਮ ਮੋਦੀ ਨੇ ਮਾਰਕ ਕਾਰਨੀ ਦੀ ਭਾਰਤ ਯਾਤਰਾ ਨੂੰ ਇੱਕ ਮਹੱਤਵਪੂਰਨ ਮੀਲ ਪੱਥਰ ਦੱਸਿਆ। ਦੋਵਾਂ ਪ੍ਰਧਾਨ ਮੰਤਰੀਆਂ ਦੀ ਮੌਜੂਦਗੀ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਕਈ ਸਮਝੌਤਿਆਂ ਦਾ ਤਬਾਦਲਾ ਵੀ ਹੋਇਆ ਹੈ।

2008 ਵਿੱਚ ਦੂਆ ਨੂੰ ਪਦਮ ਭੂਸ਼ਣ ਐਵਾਰਡ ਨਾਲ ਕੀਤਾ ਗਿਆ ਸੀ  ਸਨਮਾਨਿਤ
ਚੰਡੀਗੜ੍ਹ/ਬਿਊਰੋ ਨਿਊਜ਼  
ਦਿੱਗਜ ਪੱਤਰਕਾਰ, ਡਿਪਲੋਮੈਟ ਅਤੇ ਸਾਬਕਾ ਸੰਸਦ ਮੈਂਬਰ ਐੱਚ ਕੇ ਦੂਆ ਦਾ ਅੱਜ ਬੁੱਧਵਾਰ ਨੂੰ ਦੇਹਾਂਤ ਹੋ ਗਿਆ ਹੈ। ਉਹਨਾਂ ਦੀ ਉਮਰ 88 ਸਾਲ ਦੱਸੀ ਗਈ ਹੈ। ਭਾਰਤੀ ਪੱਤਰਕਾਰਤਾ ਵਿੱਚ ਇੱਕ ਉੱਚੀ ਸ਼ਖਸੀਅਤ, ਦੂਆ ਆਪਣੀ ਸੰਪਾਦਕੀ ਅਤੇ ਡੂੰਘੀ ਸਿਆਸੀ ਸਮਝ ਲਈ ਵਿਆਪਕ ਤੌਰ ’ਤੇ ਜਾਣੇ ਜਾਂਦੇ ਸਨ। ਦੂਆ ਨੇ 2003 ਤੋਂ 2009 ਤੱਕ ‘ਦਿ ਟਿ੍ਰਬਿਊਨ’ ਦੇ ਮੁੱਖ ਸੰਪਾਦਕ ਵਜੋਂ ਸੇਵਾ ਨਿਭਾਈ, ਜਿੱਥੇ ਉਨ੍ਹਾਂ ਨੂੰ ਅਖਬਾਰ ਦੀ ਕੌਮੀ ਪਹਿਚਾਣ ਅਤੇ ਸੰਪਾਦਕੀ ਭਰੋਸੇਯੋਗਤਾ ਨੂੰ ਮਜ਼ਬੂਤ ਕਰਨ ਦਾ ਸਿਹਰਾ ਦਿੱਤਾ ਗਿਆ ਸੀ। ਦਹਾਕਿਆਂ ਤੱਕ ਫੈਲੇ ਆਪਣੇ ਸ਼ਾਨਦਾਰ ਕਰੀਅਰ ਦੌਰਾਨ ਉਨ੍ਹਾਂ ਨੇ ‘ਦ ਇੰਡੀਅਨ ਐਕਸਪ੍ਰੈਸ’, ‘ਦ ਟਾਈਮਜ਼ ਆਫ ਇੰਡੀਆ’ ਅਤੇ ‘ਦਿ ਹਿੰਦੁਸਤਾਨ ਟਾਈਮਜ਼’ ਵਿੱਚ ਵੀ ਸੀਨੀਅਰ ਸੰਪਾਦਕੀ ਭੂਮਿਕਾਵਾਂ ਨਿਭਾਈਆਂ। ਉਨ੍ਹਾਂ ਨੂੰ ਪੱਤਰਕਾਰੀ ਦੇ ਖੇਤਰ ਵਿੱਚ ਵਿਸ਼ੇਸ਼ ਸੇਵਾ ਲਈ 2008 ਵਿੱਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਦੂਆ ਨੂੰ 2009 ਵਿੱਚ ਰਾਜ ਸਭਾ ਲਈ ਵੀ ਨਾਮਜ਼ਦ ਕੀਤਾ ਗਿਆ ਸੀ। ਸਿਆਸੀ ਖੇਤਰ ਦੇ ਨੇਤਾਵਾਂ ਅਤੇ ਮੀਡੀਆ ਜਗਤ ਦੇ ਮੈਂਬਰਾਂ ਨੇ ਦੂਆ ਨੂੰ ਇੱਕ ਸਿਧਾਂਤਕ ਸੰਪਾਦਕ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਦੇ ਅਟੱਲ ਰੱਖਿਅਕ ਵਜੋਂ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ।

ਬਰੀ ਹੋਣ ਤੋਂ ਬਾਅਦ ਭਾਵੁਕ ਹੋ ਗਏ ਅਰਵਿੰਦ ਕੇਜਰੀਵਾਲ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਦੀ ਨਵੀਂ ਸ਼ਰਾਬ ਨੀਤੀ ਮਾਮਲੇ ਵਿਚ ਵਿਸ਼ੇਸ਼ ਅਦਾਲਤ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਣੇ ਹੋਰਾਂ ਨੂੰ ਬਰੀ ਕਰ ਦਿੱਤਾ ਹੈ। ਇਸ ਮਾਮਲੇ ’ਤੇ ਸੁਣਵਾਈ ਦੌਰਾਨ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਖੁਦ ਅਦਾਲਤ ਵਿਚ ਪਹੁੰਚੇ ਸਨ। ਰਾਊਜ਼ ਐਵੇਨਿਊ ਅਦਾਲਤ ਦਾ ਕਹਿਣਾ ਸੀ ਕਿ ਕਿਸੇ ਵੀ ਗਵਾਹ ਜਾਂ ਬਿਆਨਾਂ ਤੋਂ ਗੁਨਾਹ ਸਾਬਤ ਨਹੀਂ ਹੋਏ ਹਨ। ਇਸੇ ਦੌਰਾਨ ਅਰਵਿੰਦ ਕੇਜਰੀਵਾਲ ਆਬਕਾਰੀ ਮਾਮਲੇ ’ਚੋਂ ਬਰੀ ਹੋਣ ਤੋਂ ਬਾਅਦ ਭਾਵੁਕ ਵੀ ਹੋ ਗਏ। ਕੇਜਰੀਵਾਲ ਦਾ ਕਹਿਣਾ ਸੀ ਕਿ ਅਦਾਲਤ ਨੇ ਸਾਬਤ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਕੱਟੜ ਇਮਾਨਦਾਰ ਪਾਰਟੀ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਵਲੋਂ ਕੀਤੀ ਗਈ ਸੀ।



ਕੇਜਰੀਵਾਲ ਦੀ ਧਰਮ ਪਤਨੀ ਸੁਨੀਤਾ ਕੇਜਰੀਵਾਲ ਨੇ ਪ੍ਰਮਾਤਮਾ ਦਾ ਕੀਤਾ ਧੰਨਵਾਦ
ਭਗਵੰਤ ਮਾਨ ਨੇ ਕਿਹਾ : ਸੱਚਾਈ ਦੀ ਹਮੇਸ਼ਾ ਹੁੰਦੀ ਹੈ ਜਿੱਤ
ਨਵੀਂ ਦਿੱਲੀ/ਬਿਊਰੋ ਨਿਊਜ਼
ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨੂੰ ਦਿੱਲੀ ਸ਼ਰਾਬ ਘੁਟਾਲਾ ਮਾਮਲੇ ’ਚੋਂ ਬਰੀ ਹੋਣ ਤੋਂ ਬਾਅਦ ਕੇਜਰੀਵਾਲ ਦੀ ਧਰਮ ਪਤਨੀ ਸੁਨੀਤਾ ਕੇਜਰੀਵਾਲ  ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਹੈ। ਸੁਨੀਤਾ ਕੇਜਰੀਵਾਲ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਆਪਣੀ ਜ਼ਿੰਦਗੀ ਇਮਾਨਦਾਰੀ ਨਾਲ ਬਤੀਤ ਕਰ ਰਹੇ ਹਨ, ਪਰ ਭਾਜਪਾ ਨੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਸੀ। ਸੁਨੀਤਾ ਕੇਜਰੀਵਾਲ ਨੇ ਕਿਹਾ ਕਿ ਸਾਨੂੰ ਵਿਸ਼ਵਾਸ ਸੀ ਕਿ ਸੱਚਾਈ ਦੀ ਜਿੱਤ ਹੋਵੇਗੀ। ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮਾਨਯੋਗ ਅਦਾਲਤ ਦੇ ਇਸ ਫੈਸਲੇ ਨੇ ਸੱਚਾਈ ਨੂੰ ਸਾਹਮਣੇ ਲਿਆਂਦਾ ਹੈ ਅਤੇ ਸਮੇਂ ਦੇ ਨਾਲ ਹੋਰ ਸਾਰੇ ਮਾਮਲਿਆਂ ਵਿਚ ਵੀ ਸੱਚਾਈ ਸਾਹਮਣੇ ਆ ਜਾਵੇਗੀ।  

ਇਜ਼ਰਾਈਲ ਤੇ ਅਮਰੀਕਾ ਵਲੋਂ ਇਰਾਨ ਵਿਰੁੱਧ ਛੇੜੀ ਜੰਗ ਦਾ ਪੈਣ ਲੱਗਾ ਅਸਰ
ਨਵੀਂ ਦਿੱਲੀ/ਬਿਊਰੋ ਨਿਊਜਰ
ਇਜ਼ਰਾਈਲ ਅਤੇ ਅਮਰੀਕਾ ਵੱਲੋਂ ਇਰਾਨ ਵਿਰੁੱਧ ਛੇੜੀ ਗਈ ਜੰਗ ਅਜੇ ਵੀ ਜਾਰੀ ਹੈ। ਇਸ ਭਿਆਨਕ ਸੰਘਰਸ਼ ਕਾਰਨ ਵਿਸ਼ਵ ਭਰ ਦੇ ਸ਼ੇਅਰ ਬਾਜ਼ਾਰਾਂ ਵਿੱਚ ਗਿਰਾਵਟ ਆਈ ਹੈ ਅਤੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਦੇਖਿਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਜ਼ਰਾਈਲ ਦਾ ਕਹਿਣਾ ਹੈ ਕਿ ਉਸ ਨੇ ਲੰਘੇ ਕੱਲ੍ਹ ਇਰਾਨ ਦੇ ਇੱਕ ਪ੍ਰਮਾਣੂ ਖੋਜ ਕੇਂਦਰ ’ਤੇ ਹਵਾਈ ਹਮਲੇ ਕੀਤੇ ਹਨ ਅਤੇ ਜਵਾਬ ਵਿੱਚ ਇਰਾਨ ਨੇ ਵੀ ਇਜ਼ਰਾਈਲ ਅਤੇ ਖਾੜੀ ਖੇਤਰ ਵਿੱਚ ਹਮਲੇ ਕੀਤੇ। ਇਨ੍ਹਾਂ ਹਮਲਿਆਂ ਵਿੱਚ ਅਮਰੀਕੀ ਦੂਤਾਵਾਸਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਊਰਜਾ ਸਪਲਾਈ ਤੇ ਯਾਤਰਾ ਵਿੱਚ ਵਿਘਨ ਪਾਇਆ ਗਿਆ। ਇਸੇ ਦੌਰਾਨ ਸਾਊਦੀ ਅਰਬ ਵਿੱਚ ਅਮਰੀਕੀ ਦੂਤਾਵਾਸ ਅਤੇ ਸੰਯੁਕਤ ਅਰਬ ਅਮੀਰਾਤ ਵਿੱਚ ਅਮਰੀਕੀ ਕੌਂਸਲੇਟ ’ਤੇ ਡਰੋਨ ਹਮਲੇ ਹੋਏ ਹਨ। ਇਰਾਨ ਨੇ ਇਜ਼ਰਾਈਲ ’ਤੇ ਦਰਜਨਾਂ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਹਨ। ਜੰਗ ਦੇ ਵਧਦੇ ਸਰੂਪ ਨੇ ਇਹ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਇਹ ਕਦੋਂ ਅਤੇ ਕਿਵੇਂ ਖਤਮ ਹੋਵੇਗੀ।

ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦਾ ਨਿਰਮਾਣ ਖੇਤਰ ਹੁਣ ਹੋਰ ਆਧੁਨਿਕ ਹੋਵੇਗਾ ਅਤੇ ਅੰਡਾਨੀ ਸੀਮੈਂਟ ਨੇ ਨਾਰੇਡਕੋ (ਨੈਸ਼ਨਲ ਰੀਅਲ ਅਸਟੇਟ ਡਿਵੈਲਪਮੈਂਟ ਕੌਂਸਲ) ਨਾਲ ਸਮਝੌਤਾ ਕਰ ਲਿਆ ਹੈ। ਨਾਰੇਡਕੋ ਭਾਰਤ ਦੇ ਰੀਅਲ ਐਸਟੇਟ ਖੇਤਰ ਦੀ ਪ੍ਰਤੀਨਿਧਤਾ ਕਰਨ ਵਾਲਾ ਇੱਕ ਪ੍ਰਮੁੱਖ ਸੰਗਠਨ ਹੈ। ਨਾਰੇਡਕੋ ਅਤੇ ਅੰਡਾਨੀ ਸੀਮੈਂਟ ਵੱਲੋਂ ਜਾਰੀ ਸਾਂਝੇ ਬਿਆਨ ਮੁਤਾਬਕ ਇਹ ਸਮਝੌਤਾ ਭਾਰਤ ਵਿੱਚ ਤੇਜ਼ੀ ਨਾਲ ਵਧ ਰਹੀਆਂ ਨਿਰਮਾਣ ਲੋੜਾਂ ਨੂੰ ਮਜ਼ਬੂਤ ਸਮਰਥਨ ਦੇਣ ਲਈ ਕੀਤਾ ਗਿਆ ਹੈ। ਇਸ ਸਾਂਝੇ ਉਪਰਾਲੇ ਰਾਹੀਂ ਦੇਸ਼ ਦੇ ਬੁਨਿਆਦੀ ਢਾਂਚੇ ਅਤੇ ਹਾਉਸਿੰਗ ਪ੍ਰੋਜੈਕਟਾਂ ਨੂੰ ਗਤੀ ਮਿਲਣ ਦੀ ਉਮੀਦ ਹੈ। ਇਸਦੇ ਨਾਲ ਹੀ ‘ਵਿਕਸਿਤ ਭਾਰਤ 2047’ ਦੇ ਲੰਬੇ ਸਮੇਂ ਦੇ ਵਿਜ਼ਨ ਨੂੰ ਸਫਲ ਬਣਾਉਣ ਲਈ ਵੀ ਖਾਸ ਯਤਨ ਕਰਨ ਦੀ ਲੋੜ ਉਤੇ ਜ਼ੋਰ ਦਿੱਤਾ ਗਿਆ ਹੈ।

ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੋਲੀ ਦੇ ਤਿਉਹਾਰ ਦੀ ਵਧਾਈ ਦਿੱਤੀ ਹੈ। ਹੋਲੀ ਦੇ ਮੌਕੇ ’ਤੇ ਰਾਸ਼ਟਰਪਤੀ ਮੁਰਮੂ ਨੇ ਰਾਸ਼ਟਰ ਨੂੰ ਆਪਣੀਆਂ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸਾਰੇ ਨਾਗਰਿਕਾਂ ਦੀ ਖੁਸ਼ੀ ਅਤੇ ਖੁਸ਼ਹਾਲੀ ਦੀ ਉਮੀਦ ਪ੍ਰਗਟ ਕੀਤੀ। ਉਨ੍ਹਾਂ ਨੇ ਕਿਹਾ ਕਿ ਰੰਗਾਂ ਦਾ ਤਿਉਹਾਰ ਪਿਆਰ ਅਤੇ ਆਸ਼ਾਵਾਦ ਫੈਲਾਉਂਦਾ ਹੈ, ਜਦੋਂ ਕਿ ਲੋਕਾਂ ਵਿਚ ਏਕਤਾ ਅਤੇ ਭਾਈਚਾਰਾ ਮਜ਼ਬੂਤ ਕਰਦਾ ਹੈ। ਉਨ੍ਹਾਂ ਕਾਮਨਾ ਕੀਤੀ ਕਿ ਹੋਲੀ ਹਰੇਕ ਦੇ ਜੀਵਨ ਵਿਚ ਖੁਸ਼ੀ ਲਿਆਵੇ ਅਤੇ ਇਕ ਵਿਕਸਤ ਭਾਰਤ ਦੇ ਨਿਰਮਾਣ ਲਈ ਸਮੂਹਿਕ ਯਤਨਾਂ ਨੂੰ ਪ੍ਰੇਰਿਤ ਕਰੇ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਹੋਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਮਾਹੌਲ ਨੂੰ ਨਵੀਂ ਊਰਜਾ ਅਤੇ ਉਤਸ਼ਾਹ ਨਾਲ ਭਰ ਦਿੰਦਾ ਹੈ। ਪੀਐਮ ਮੋਦੀ ਨੇ ਕਿਹਾ ਕਿ ਹੋਲੀ ਦਾ ਤਿਉਹਾਰ ਪੂਰੇ ਮਾਹੌਲ ਨੂੰ ਨਵੀਂ ਊਰਜਾ ਨਾਲ ਭਰਦਾ ਹੈ।

ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਪੂੰਜੀ ਬਾਜ਼ਾਰ ਨਿਯੰਤਰਕ ਸੇਬੀ ਵੱਲੋਂ ਮਿਊਚੁਅਲ ਫੰਡ ਸਕੀਮਾਂ ਨਾਲ ਸੰਬੰਧਿਤ ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ। ਹੁਣ ਮਿਊਚੁਅਲ ਫੰਡ ਸਕੀਮਾਂ ਦੇ ਨਾਮ ਉਹਨਾਂ ਦੇ ਅਸਲ ਕੰਮ ਅਤੇ ਨਿਵੇਸ਼ ਰਣਨੀਤੀ ਦੇ ਆਧਾਰ ’ਤੇ ਰੱਖੇ ਜਾਣਗੇ, ਨਾ ਕਿ ਕਿਸੇ ਲੁਭਾਵਨੇ ਵਾਅਦੇ ਜਾਂ ਆਕਰਸ਼ਕ ਸ਼ਬਦਾਂ ਦੇ ਆਧਾਰ ’ਤੇ। ਇਸ ਕਦਮ ਦਾ ਮਕਸਦ ਨਿਵੇਸ਼ਕਾਂ ਨੂੰ ਸਪਸ਼ਟ ਅਤੇ ਸਹੀ ਜਾਣਕਾਰੀ ਮੁਹੱਈਆ ਕਰਵਾਉਣਾ ਹੈ। ਸੇਬੀ ਨੇ ਰਿਟਾਇਰਮੈਂਟ ਯੋਜਨਾਬੰਦੀ ਲਈ ‘ਲਾਈਫ ਸਾਈਕਲ ਫੰਡ’ ਦੇ ਰੂਪ ਵਿੱਚ ਇੱਕ ਨਵਾਂ ਬਦਲ ਪੇਸ਼ ਕੀਤਾ ਹੈ। ਇਸ ਕਿਸਮ ਦੇ ਫੰਡ ਵਿੱਚ ਨਿਵੇਸ਼ਕ ਦੀ ਉਮਰ ਅਤੇ ਰਿਟਾਇਰਮੈਂਟ ਸਮੇਂ ਦੇ ਅਨੁਸਾਰ ਨਿਵੇਸ਼ ਦਾ ਢਾਂਚਾ ਆਪਣੇ-ਆਪ ਬਦਲਦਾ ਰਹੇਗਾ, ਤਾਂ ਜੋ ਜੋਖਮ ਨੂੰ ਸਮੇਂ ਦੇ ਨਾਲ ਸੰਤੁਲਿਤ ਕੀਤਾ ਜਾ ਸਕੇ। ਇਸਦੇ ਨਾਲ ਹੀ ‘ਸੋਲੂਸ਼ਨ ਓਰੀਐਂਟੇਡ ਸਕੀਮ’ ਸ਼੍ਰੇਣੀ ਨੂੰ ਖਤਮ ਕਰ ਦਿੱਤਾ ਗਿਆ ਹੈ। ਸੇਬੀ ਨੇ ਨਿਵੇਸ਼ਕਾਂ ਦੀ ਸੁਰੱਖਿਆ ਅਤੇ ਪਾਰਦਰਸ਼ਤਾ ਨੂੰ ਮਜ਼ਬੂਤ ਬਣਾਉਣ ਲਈ ਡਿਸਕਲੋਜ਼ਰ ਨਿਯਮਾਂ ਨੂੰ ਹੋਰ ਸਖ਼ਤ ਕੀਤਾ ਹੈ। ਇਨ੍ਹਾਂ ਬਦਲਾਵਾਂ ਦਾ ਮੁੱਖ ਉਦੇਸ਼ ਨਿਵੇਸ਼ਕਾਂ ਦਾ ਭਰੋਸਾ ਵਧਾਉਣਾ, ਪਾਰਦਰਸ਼ਤਾ ਨੂੰ ਮਜ਼ਬੂਤ ਕਰਨਾ ਅਤੇ ਮਿਊਚੁਅਲ ਫੰਡ ਉਦਯੋਗ ਵਿੱਚ ਵੱਧ ਸਪਸ਼ਟਤਾ ਲਿਆਉਣਾ ਹੈ।

ਡੋਨਾਲਡ ਟਰੰਪ ਨਾਲੋਂ 7 ਗੁਣਾ ਵੱਧ ਸਬਸਕ੍ਰਾਈਬਰ ਹਨ ਪੀਐਮ ਮੋਦੀ ਦੇ
ਨਵੀਂ ਦਿੱਲੀ/ਬਿਊਰੋ ਨਿਊਜ਼  
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਟਿਊਬ ’ਤੇ 3 ਕਰੋੜ ਸਬਸਕ੍ਰਾਈਬਰਾਂ ਦਾ ਅਹਿਮ ਪੜਾਅ ਪਾਰ ਕਰ ਲਿਆ ਹੈ। ਜਿਸ ਨਾਲ ਪਲੇਟਫਾਰਮ ’ਤੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਵਿਸ਼ਵ ਨੇਤਾ ਵਜੋਂ ਉਨ੍ਹਾਂ ਦੀ ਸਥਿਤੀ ਹੋਰ ਮਜ਼ਬੂਤ ਹੋ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਹੀ ਉਹ ਇੰਸਟਾਗ੍ਰਾਮ ’ਤੇ ਵੀ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਵਿਸ਼ਵ ਨੇਤਾ ਬਣੇ ਸਨ। ਵਿਸ਼ਵ ਨੇਤਾਵਾਂ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਯੂਟਿਊਬ ’ਤੇ ਸਭ ਤੋਂ ਵੱਧ ਸਬਸਕ੍ਰਾਈਬਰ ਹਨ ਅਤੇ ਦਰਜਾਬੰਦੀ ਅਨੁਸਾਰ ਉਹ ਇਸ ਸ਼੍ਰੇਣੀ ਵਿੱਚ ਦੂਜਿਆਂ ਨਾਲੋਂ ਕਾਫੀ ਅੱਗੇ ਹਨ। ਦੂਜੇ ਨੰਬਰ ’ਤੇ ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਹਨ, ਜਿਨ੍ਹਾਂ ਦੇ ਸਬਸਕ੍ਰਾਈਬਰ ਪ੍ਰਧਾਨ ਮੰਤਰੀ ਮੋਦੀ ਦੇ ਮੁਕਾਬਲੇ ਸਿਰਫ ਚੌਥਾ ਹਿੱਸਾ ਹੀ ਹਨ। ਪ੍ਰਧਾਨ ਮੰਤਰੀ ਮੋਦੀ ਦੇ ਸਬਸਕ੍ਰਾਈਬਰਾਂ ਦੀ ਗਿਣਤੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲੋਂ ਸੱਤ ਗੁਣਾ ਵੱਧ ਹੈ, ਜੋ ਦੁਨੀਆ ਭਰ ਵਿੱਚ ਉਨ੍ਹਾਂ ਦੀ ਡਿਜੀਟਲ ਪਹੁੰਚ ਨੂੰ ਦਰਸਾਉਂਦੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸੋਮਵਾਰ ਨੂੰ ਹੋਵੇਗੀ ਮਾਰਕ ਕਾਰਨੀ ਦੀ ਮੁਲਾਕਾਤ
ਨਵੀਂ ਦਿੱਲੀ/ਬਿਊਰੋ ਨਿਊਜ਼  
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਭਲਕੇ ਸ਼ੁੱਕਰਵਾਰ ਤੋਂ ਚਾਰ ਦਿਨਾਂ ਲਈ ਭਾਰਤ ਦੌਰੇ ’ਤੇ ਰਹਿਣਗੇ। ਮੀਡੀਆ ਰਿਪੋਰਟਾਂ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਿਚਾਲੇ ਹੋਣ ਵਾਲੀ ਗੱਲਬਾਤ ਦੋਵਾਂ ਦੇਸ਼ਾਂ ’ਚ ਭਾਈਵਾਲੀ ਨੂੰ ਅੱਗੇ ਵਧਾਉਣ ਦਾ ਮੌਕਾ ਪ੍ਰਦਾਨ ਕਰੇਗੀ। ਮਾਰਕ ਕਾਰਨੀ ਦੀ ਪ੍ਰਧਾਨ ਮੰਤਰੀ ਵਜੋਂ ਭਾਰਤ ਦੀ ਇਹ ਪਹਿਲੀ ਯਾਤਰਾ ਹੋਵੇਗੀ। ਕਾਰਨੀ ਦੀ ਭਾਰਤ ਫੇਰੀ ਦਾ ਮੁੱਖ ਉਦੇਸ਼ ਦੁਵੱਲੇ ਸਬੰਧਾਂ ਨੂੰ ਨਵੀਂ ਗਤੀ ਪ੍ਰਦਾਨ ਕਰਨਾ ਹੋਵੇਗਾ। ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਪਹਿਲਾ ਪੜਾਅ ਮੁੰਬਈ ਹੋਵੇਗਾ, ਜਿੱਥੇ ਉਹ ਵੱਖ-ਵੱਖ ਵਪਾਰਕ ਰੁਝੇਵਿਆਂ ਵਿਚ ਹਿੱਸਾ ਲੈਣਗੇ ਅਤੇ ਚੋਟੀ ਦੇ ਭਾਰਤੀ ਤੇ ਕੈਨੇਡੀਅਨ ਕਾਰਪੋਰੇਟ ਨੇਤਾਵਾਂ, ਵਿੱਤੀ ਮਾਹਿਰਾਂ ਅਤੇ ਨਵੀਨਤਾਕਾਰਾਂ ਨਾਲ ਗੱਲਬਾਤ ਕਰਨਗੇ। ਇਸਦੇ ਚੱਲਦਿਆਂ ਕਾਰਨੀ ਐਤਵਾਰ ਨੂੰ ਨਵੀਂ ਦਿੱਲੀ ਪਹੁੰਚਣਗੇ ਅਤੇ ਦੋਵੇਂ ਪ੍ਰਧਾਨ ਮੰਤਰੀ ਸੋਮਵਾਰ ਨੂੰ ਵਿਆਪਕ ਗੱਲਬਾਤ ਕਰਨਗੇ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.