Sunday, 14 June 2026

ਰਾਹੁਲ ਗਾਂਧੀ ਨੇ ਕਿਹਾ : ਅਮਰੀਕੀ ਰਾਸ਼ਟਰਪਤੀ ਤੋਂ ਡਰਦੇ ਹਨ ਪੀਐਮ ਮੋਦੀ

ਨਵੀਂ ਦਿੱਲੀ/ਬਿਊਰੋ ਨਿਊਜ਼ 

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਭਾਰਤ ਹੁਣ ਰੂਸ ਤੋਂ ਤੇਲ ਨਹੀਂ ਖਰੀਦੇਗਾ। ਵਾਈਟ ਹਾਊਸ ਵਿਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੇਰੇ ਚੰਗੇ ਦੋਸਤ ਹਨ ਅਤੇ ਸਾਡੇ ਸਬੰਧ ਵੀ ਬਹੁਤ ਵਧੀਆ ਹਨ। ਟਰੰਪ ਨੇ ਕਿਹਾ ਕਿ ਭਾਰਤ ਵਲੋਂ ਰੂਸ ਤੋਂ ਤੇਲ ਖਰੀਦਣ ਕਰਕੇ ਮੈਨੂੰ ਖੁਸ਼ੀ ਨਹੀਂ ਸੀ, ਪਰ ਹੁਣ ਪੀਐਮ ਮੋਦੀ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਰੂਸ ਤੋਂ ਤੇਲ ਨਹੀਂ ਖਰੀਦਣਗੇ। ਧਿਆਨ ਰਹੇ ਕਿ ਅਮਰੀਕਾ ਨੇ ਭਾਰਤ ’ਤੇ ਰੂਸ ਕੋਲੋਂ ਤੇਲ ਖਰੀਦਣ ਕਰਕੇ 25 ਫੀਸਦੀ ਵਾਧੂ ਟੈਰਿਫ ਲਗਾ ਦਿੱਤਾ ਸੀ। ਇਸਦੇ ਚੱਲਦਿਆਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਡਰਦੇ ਹਨ। ਰਾਹੁਲ ਨੇ ਕਿਹਾ ਕਿ ਮੋਦੀ ਨੇ ਟਰੰਪ ਨੂੰ ਇਹ ਫੈਸਲਾ ਲੈਣ ਅਤੇ ਐਲਾਨ ਕਰਨ ਦੀ ਖੁੱਲ੍ਹ ਦਿੱਤੀ ਕਿ ਭਾਰਤ ਰੂਸ ਕੋਲੋਂ ਤੇਲ ਨਹੀਂ ਖਰੀਦੇਗਾ। ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਹੋਰ ਵੀ ਕਈ ਤਰ੍ਹਾਂ ਦੇ ਸਿਆਸੀ ਸਵਾਲ ਚੁੱਕੇ ਹਨ।

ਨਵੀਂ ਦਿੱਲੀ/ਬਿਊਰੋ ਨਿਊਜ਼

ਦੱਖਣੀ ਫਿਲੀਪੀਨ ਦੇ ਇਕ ਸੂਬੇ ਵਿਚ ਅੱਜ ਸ਼ੁੱਕਰਵਾਰ ਸਵੇਰੇ 7.6 ਦੀ ਗਤੀ ਦਾ ਭੂੁਚਾਲ ਆਇਆ ਅਤੇ ਅੱਧੇ ਘੰਟੇ ਤੱਕ 5.9 ਅਤੇ 5.6 ਦੀ ਗਤੀ ਵਾਲੇ ਇਕ ਤੋਂ ਬਾਅਦ ਇਕ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਇਨ੍ਹਾਂ ਝਟਕਿਆਂ ਨੂੰ ਦੇਖਦਿਆਂ ਲੋਕ ਘਰਾਂ ਵਿਚੋਂ ਨਿਕਲ ਕੇ ਸੜਕਾਂ ’ਤੇ ਪਹੁੰਚ ਗਏ ਸਨ। ਇਸਦੇ ਚੱਲਦਿਆਂ ਸੁਨਾਮੀ ਸਬੰਧੀ ਚਿਤਾਵਨੀ ਵੀ ਜਾਰੀ ਕਰ ਦਿੱਤੀ ਗਈ ਸੀ, ਪਰ ਸੁਨਾਮੀ ਦਾ ਖਤਰਾ ਟਲ ਗਿਆ। ਫਿਲੀਪੀਨਜ਼ ਦੀ ਭੂਚਾਲ ਸਬੰਧੀ ਵਿਗਿਆਨ ਏਜੰਸੀ ਨੇ ਭੂਚਾਲ ਦੇ ਹੋਰ ਝਟਕਿਆਂ ਦੀ ਵੀ ਚਿਤਾਵਨੀ ਦਿੱਤੀ ਸੀ। ਮੀਡੀਆ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਮੱਧ ਅਤੇ ਦੱਖਣੀ ਫਿਲੀਪੀਨਜ਼ ਦੇ ਤੱਟੀ ਸ਼ਹਿਰਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਉਚੀਆਂ ਥਾਵਾਂ ’ਤੇ ਜਾਣ ਲਈ ਕਿਹਾ ਗਿਆ ਸੀ। ਫਿਲਹਾਲ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਜਾਣਕਾਰੀ ਨਹੀਂ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਲੰਘੀ 30 ਸਤੰਬਰ ਨੂੰ ਫਿਲੀਪੀਨਜ਼ ਦੇ ਸੇਬੂ ਸੂਬੇ ਵਿਚ 6.9 ਦੀ ਗਤੀ ਦਾ ਭੂਚਾਲ ਆਇਆ ਸੀ ਅਤੇ ਇਸ ਨਾਲ 69 ਵਿਅਕਤੀਆਂ ਦੀ ਜਾਨ ਚਲੇ ਗਈ ਸੀ ਅਤੇ ਕਈ ਜ਼ਖ਼ਮੀ ਵੀ ਹੋ ਗਏ ਸਨ। 

ਨਵੀਂ ਦਿੱਲੀ/ਬਿਊਰੋ ਨਿਊਜ਼  

ਕਾਮਨਵੈਲਥ ਖੇਡਾਂ ਦੇ ਕਾਰਜਕਾਰੀ ਬੋਰਡ ਨੇ ਗੁਜਰਾਤ ਦੇ ਅਹਿਮਦਾਬਾਦ ਨੂੰ 2030 ’ਚ ਕਾਮਨਵੈਲਥ ਖੇਡਾਂ ਦੀ ਮੇਜ਼ਬਾਨੀ ਲਈ ਨੌਮੀਨੇਟ ਕੀਤਾ ਹੈ। ਗਲਾਸਗੋ ਵਿਚ 26 ਨਵੰਬਰ ਨੂੰ ਹੋਣ ਵਾਲੀ ਕਾਮਨਵੈਲਥ ਖੇਡਾਂ ਸਬੰਧੀ ਬੈਠਕ ਵਿਚ ਇਸ ’ਤੇ ਅੰਤਿਮ ਫੈਸਲਾ ਲਿਆ ਜਾਵੇਗਾ। ਭਾਰਤ ਨੇ ਹੁਣ ਤੱਕ ਸਿਰਫ ਇਕ ਵਾਰ 2010 ਵਿਚ ਨਵੀਂ ਦਿੱਲੀ ਵਿਖੇ ਕਾਮਨਵੈਲਥ ਖੇਡਾਂ ਦੀ ਮੇਜ਼ਬਾਨੀ ਕੀਤੀ ਹੈ। ਭਾਰਤ ਨੂੰ ਮੇਜ਼ਬਾਨੀ ਦੇ ਲਈ ਨਾਈਜੀਰੀਆ ਦੇ ਅਬੂਜਾ ਸ਼ਹਿਰ ਕੋਲੋਂ ਚੁਣੌਤੀ ਮਿਲ ਰਹੀ ਸੀ, ਪਰ ਕਾਮਨਵੈਲਥ ਐਗਜੀਕਿਊਟਿਵ ਬੋਰਡ ਨੇ 2034 ਦੀਆਂ ਖੇਡਾਂ ਦੀ ਮੇਜ਼ਬਾਨੀ ਲਈ ਨਾਈਜੀਰੀਆ ਨੂੰ ਸਹਿਯੋਗ ਦੇਣ ਦਾ ਫੈਸਲਾ ਕੀਤਾ ਹੈ। ਇਸਦੇ ਚੱਲਦਿਆਂ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਟਵੀਟ ਕਰਕੇ ਕਿਹਾ ਕਿ ਇਹ ਭਾਰਤ ਅਤੇ ਗੁਜਰਾਤ ਲਈ ਇਕ ਮਾਣ ਵਾਲਾ ਪਲ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਅਤੇ ਖੇਡ ਭਾਵਨਾ ਨੂੰ ਉਤਸ਼ਾਹਿਤ ਕਰਨ ਦੇ ਦਿ੍ਰਸ਼ਟੀਕੋਣ ਦਾ ਪ੍ਰਮਾਣ ਹੈ।

ਬਿ੍ਰਟਿਸ਼ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਅਤੇ ਪੀਐਮ ਨਰਿੰਦਰ ਮੋਦੀ ਦੀ ਬੈਠਕ ਦੌਰਾਨ ਸਮਝੌਤਾ

ਮੁੰਬਈ/ਬਿਊਰੋ ਨਿਊਜ਼      

ਬਿ੍ਰਟੇਨ ਦੀਆਂ 9 ਯੂਨੀਵਰਸਿਟੀਆਂ ਭਾਰਤ ਵਿਚ ਕੈਂਪਸ ਖੋਲ੍ਹਣਗੀਆਂ। ਬਿ੍ਰਟਿਸ਼ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਨੇ ਮੰੁਬਈ ਵਿਚ ਇਹ ਐਲਾਨ ਕੀਤਾ ਹੈ। ਸਟਾਰਮਰ ਅਤੇ ਪੀਐਮ ਮੋਦੀ ਨੇ ਅੱਜ ਵੀਰਵਾਰ ਸਵੇਰੇ ਗੱਲਬਾਤ ਦੌਰਾਨ ਸਮਝੌਤੇ ’ਤੇ ਦਸਤਖਤ ਕੀਤੇ। ਇਸ ਤੋਂ ਬਾਅਦ ਪੀਐਮ ਮੋਦੀ ਨੇ ਕਿਹਾ ਹੈ ਕਿ ਇਸ ਸਮਝੌਤੇ ਨਾਲ ਦੋਵੇਂ ਦੇਸ਼ਾਂ ਵਿਚਾਲੇ ਦਰਾਮਦ-ਬਰਾਮਦ ਵਧੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਕਾਰੋਬਾਰ ਵਧੇਗਾ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲੇਗਾ। ਨਰਿੰਦਰ ਮੋਦੀ ਨੇ ਸਟਾਰਮਰ ਨਾਲ ਦੁਵੱਲੀ ਗੱਲਬਾਤ ਦੌਰਾਨ ਵਪਾਰਕ, ਸੁਰੱਖਿਆ, ਤਕਨੀਕ ਅਤੇ ਸਿੱਖਿਆ ਵਰਗੇ ਮੁੱਦਿਆਂ ’ਤੇ ਵੀ ਚਰਚਾ ਕੀਤੀ ਹੈ। ਦੋਵੇਂ ਆਗੂਆਂ ਨੇ ‘ਵਿਜ਼ਨ 2030’ ਦੇ ਤਹਿਤ ਭਾਰਤ-ਬਿ੍ਰਟੇਨ ਦੇ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ’ਤੇ ਜ਼ੋਰ ਦਿੱਤਾ। ਇਸੇ ਦੌਰਾਨ ਕੀਅਰ ਸਟਾਰਮਰ ਨੇ ਕਿਹਾ ਕਿ ਪੀਐਮ ਮੋਦੀ ਦੀ ਜੁਲਾਈ ਮਹੀਨੇ ਦੌਰਾਨ ਬਿ੍ਰਟੇਨ ਵਿਚ ਮੇਜ਼ਬਾਨੀ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਸੀ ਅਤੇ ਮੈਂ ਕੁਝ ਮਹੀਨਿਆਂ ਬਾਅਦ ਹੀ ਇਹ ਵਾਪਸੀ ਯਾਤਰਾ ਕਰਕੇ ਬਹੁਤ ਖੁਸ਼ ਹਾਂ। ਕੀਅਰ ਸਟਾਰਮਰ ਦੇ ਦੋ ਦਿਨਾਂ ਭਾਰਤ ਦੌਰੇ ਦਾ ਅੱਜ ਆਖਰੀ ਦਿਨ ਸੀ। ਧਿਆਨ ਰਹੇ ਕਿ ਲੰਘੇ ਕੱਲ੍ਹ ਸਟਾਰਮਰ ਨੇ ਮੁੰਬਈ ਵਿਚ ਇਕ ਸਮਾਗਮ ਵਿਚ ਹਿੱਸਾ ਵੀ ਲਿਆ ਸੀ ਅਤੇ ਉਨ੍ਹਾਂ  ਨੇ ਫਿਲਮ ਅਦਾਕਾਰਾ ਰਾਣੀ ਮੁਖਰਜੀ ਨਾਲ ਵੀ ਮੁਲਾਕਾਤ ਕੀਤੀ ਸੀ।   

ਵਾਸ਼ਿੰਗਟਨ/ਬਿਊਰੋ ਨਿਊਜ਼

ਭਾਰਤੀ ਮੂਲ ਦੇ 64 ਸਾਲਾ ਅਮਰੀਕੀ ਅਧਿਕਾਰੀ ਐਸ਼ਲੇ ਟੇਲਿਸ ਨੂੰ ਪਿਛਲੇ ਦਿਨੀਂ ਗਿ੍ਰਫਤਾਰ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਟੇਲਿਸ ’ਤੇ ਦੇਸ਼ ਦੀ ਸੁਰੱਖਿਆ ਨਾਲ ਜੁੜੇ ਗੁਪਤ ਦਸਤਾਵੇਜ ਆਪਣੇ ਕੋਲ ਰੱਖਣ ਅਤੇ ਚੀਨ ਦੇ ਅਧਿਕਾਰੀਆਂ ਨਾਲ ਗੁਪਤ ਮੀਟਿੰਗ ਦਾ ਇਲਜ਼ਾਮ ਹੈ। ਐਸ਼ਲੇ ਟੇਲਿਸ ਦੇ ਵਰਜੀਨੀਆ ਵਾਲੇ ਘਰ ਤੋਂ ਐਫ.ਬੀ.ਆਈ. ਨੂੰ 1 ਹਜ਼ਾਰ ਤੋਂ ਵੀ ਜ਼ਿਆਦਾ ਪੇਜ਼ਾਂ ਦੇ ਗੁਪਤ ਦਸਤਾਵੇਜ਼ ਮਿਲੇ ਹਨ। ਮਿਲੀ ਜਾਣਕਾਰੀ ਮੁਤਾਬਕ ਜੇਕਰ ਟੇਲਿਸ ਦੋਸ਼ੀ ਪਾਏ ਗਏ ਤਾਂ ਉਨ੍ਹਾਂ ਨੂੰ 10 ਸਾਲ ਦੀ ਜੇਲ੍ਹ ਅਤੇ ਢਾਈ ਲੱਖ ਡਾਲਰ ਦਾ ਜੁਰਮਾਨਾ ਵੀ ਹੋ ਸਕਦਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਟੇਲਿਸ ਨੂੰ ਜ਼ਮਾਨਤ ਮਿਲਣ ਦੀ ਸੰਭਾਵਨਾ ਬਹੁਤ ਘੱਟ ਹੈ, ਕਿਉਂਕਿ ਇਹ ਮਾਮਲਾ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ। ਦੱਸਣਯੋਗ ਹੈ ਕਿ ਟੇਲਿਸ ਪਰਿਵਾਰ ਸਮੇਤ ਰੋਮ ਜਾਣ ਵਾਲੇ ਸਨ, ਪਰ ਉਨ੍ਹਾਂ ਨੂੰ ਰਸਤੇ ਵਿਚ ਹੀ ਗਿ੍ਰਫਤਾਰ ਕਰ ਲਿਆ ਗਿਆ ਸੀ। 

ਕਿਹਾ : ਟੈਰਿਫ ਦੀ ਬਦੌਲਤ ਹੀ ਭਾਰਤ-ਪਾਕਿ ਜੰਗ ਰੁਕੀ

ਵਾਸ਼ਿੰਗਟਨ/ਬਿਊਰੋ ਨਿਊਜ਼  

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਰੋਕਣ ਦੇ ਆਪਣੇ ਦਾਅਵੇ ਨੂੰ ਫਿਰ ਦੁਹਰਾਇਆ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਛਿੜੀ ਜੰਗ ਦੌਰਾਨ ਉਨ੍ਹਾਂ ਵਲੋਂ ਦੋਵਾਂ ਮੁਲਕਾਂ ਨਾਲ ਕੀਤੀ ਗਈ ਗੱਲਬਾਤ ਕਾਫੀ ਪ੍ਰਭਾਵਸ਼ਾਲੀ ਸੀ। ਰਾਸ਼ਟਰਪਤੀ ਟਰੰਪ ਨੇ ਓਵਲ ਹਾਊਸ ਵਿਚ ਕਿਹਾ ਕਿ ਅਮਰੀਕਾ ਲਈ ਟੈਰਿਫ ਅਹਿਮ ਹਨ ਅਤੇ ਟੈਰਿਫ ਕਾਰਨ ਅਸੀਂ ਸ਼ਾਂਤੀ ਦੂਤ ਬਣ ਗਏ ਹਾਂ। ਟਰੰਪ ਨੇ ਕਿਹਾ ਕਿ ਜੇਕਰ ਅਸੀਂ ਟੈਰਿਫ ਦੀ ਸ਼ਕਤੀ ਦੀ ਵਰਤੋਂ ਨਾ ਕੀਤੀ ਹੁੰਦੀ ਤਾਂ ਹਾਲੇ ਵੀ ਚਾਰ ਜੰਗਾਂ ਚੱਲ ਰਹੀਆਂ ਹੁੰਦੀਆਂ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਮੈਂ ਟੈਰਿਫ ਦੀ ਵਰਤੋਂ ਜੰਗਾਂ ਰੋਕਣ ਲਈ ਕਰਦਾ ਹਾਂ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਕਿਸੇ ਵੀ ਤੀਜੀ ਧਿਰ ਦੇ ਦਖਲ ਦੀ ਗੱਲ ਤੋਂ ਭਾਰਤ ਨੇ ਲਗਾਤਾਰ ਇਨਕਾਰ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸੰਸਦ ਵਿਚ ਇਹ ਸਪੱਸ਼ਟ ਕਰ ਚੁੱਕੇ ਹਨ ਕਿ ਕਿਸੇ ਵੀ ਮੁਲਕ ਦੇ ਆਗੂ ਨੇ ਭਾਰਤ ਨੂੰ ਅਪਰੇਸ਼ਨ ਸਿੰਧੂਰ ਰੋਕਣ ਲਈ ਨਹੀਂ ਕਿਹਾ ਸੀ। 

ਕਿਹਾ - ਭਾਰਤ ਮਹਾਨ ਦੇਸ਼ ਅਤੇ ਮੋਦੀ ਮੇਰਾ ਚੰਗਾ ਦੋਸਤ

ਨਵੀਂ ਦਿੱਲੀ/ਬਿਊਰੋ ਨਿਊਜ਼

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਕ ਵਾਰ ਫਿਰ ਤਾਰੀਫ ਕੀਤੀ ਹੈ। ਟਰੰਪ ਨੇ ਕਿਹਾ ਕਿ ਭਾਰਤ ਇੱਕ ਮਹਾਨ ਦੇਸ਼ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੇਰਾ ਇੱਕ ਚੰਗਾ ਦੋਸਤ ਹੈ। ਗਾਜ਼ਾ ਵਿੱਚ ਇਜ਼ਰਾਈਲ-ਹਮਾਸ ਜੰਗ ਖ਼ਤਮ ਹੋਣ ਤੋਂ ਬਾਅਦ ਡੋਨਾਲਡ ਟਰੰਪ ਮਿਸਰ ਦੇ ਸ਼ਹਿਰ ਸ਼ਰਮ ਅਲ ਸ਼ੇਖ ਵਿੱਚ ਆਲਮੀ ਆਗੂਆਂ ਦੀ ਸਿਖਰ ਵਾਰਤਾ ਨੂੰ ਸੰਬੋਧਨ ਕਰ ਰਹੇ ਸਨ। ਅਮਰੀਕੀ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਉਹ ਸੋਚਦੇ ਹਨ ਕਿ ਭਾਰਤ ਅਤੇ ਪਾਕਿਸਤਾਨ ਬਹੁਤ ਖੂਬਸੂਰਤੀ ਨਾਲ ਇਕੱਠੇ ਰਹਿਣਗੇ। ਇਸ ਤੋਂ ਪਹਿਲਾਂ ਟਰੰਪ ਨੇ ਪਾਕਿਸਤਾਨ ਦੇ ਪੀਐਮ ਸ਼ਾਹਬਾਜ਼ ਸ਼ਰੀਫ਼ ਅਤੇ ਪਾਕਿ ਫੌਜ ਦੇ ਮੁਖੀ ਜਨਰਲ ਆਸਿਮ ਮੁਨੀਰ ਦੀ ਵੀ ਪ੍ਰਸ਼ੰਸਾ ਕੀਤੀ।  

ਕਿਹਾ : ਅਪਮਾਨ ਬਰਦਾਸ਼ਤ ਨਹੀਂ ਕਰਦੇ ਭਾਰਤੀ

ਨਵੀਂ ਦਿੱਲੀ/ਬਿਊਰੋ ਨਿਊਜ਼ 

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਤੇਲ ਖਰੀਦ ਦੇ ਮੁੱਦੇ ’ਤੇ ਅਮਰੀਕੀ ਦਬਾਅ ਦੀ ਆਲੋਚਨਾ ਕੀਤੀ ਹੈ ਅਤੇ ਉਨ੍ਹਾਂ ਕਿਹਾ ਕਿ ਭਾਰਤ ਝੁਕਣ ਵਾਲਾ ਨਹੀਂ ਹੈ। ਪੂਤਿਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਦੀ ਵੀ ਅਜਿਹਾ ਫੈਸਲਾ ਨਹੀਂ ਕਰਨਗੇ, ਜੋ ਭਾਰਤ ਦੀ ਸ਼ਾਨ ਦੇ ਖਿਲਾਫ ਹੋਵੇ। ਪੂਤਿਨ ਨੇ ਕਿਹਾ ਕਿ ਜੇਕਰ ਰੂਸ ਦੇ ਟਰੇਡ ਭਾਈਵਾਲਾਂ ’ਤੇ ਅਮਰੀਕਾ ਨੇ ਜ਼ਿਆਦਾ ਟੈਰਿਫ ਲਗਾਏ ਹਨ ਤਾਂ ਇਸਦਾ ਅਸਰ ਪੂਰੀ ਦੁਨੀਆ ਵਿਚ ਪਵੇਗਾ। ਪੂਤਿਨ ਨੇ ਚਿਤਾਵਨੀ ਦਿੱਤੀ ਕਿ ਜੇਕਰ ਭਾਰਤ ਰੂਸੀ ਤੇਲ ਖਰੀਦਣਾ ਬੰਦ ਕਰਦਾ ਹੈ ਤਾਂ ਉਸ ਨੂੰ 9 ਤੋਂ 10 ਅਰਬ ਡਾਲਰ ਦਾ ਨੁਕਸਾਨ ਉਠਾਉਣਾ ਪਵੇਗਾ। ਪੂਤਿਨ ਨੇ ਕਿਹਾ ਕਿ ਭਾਰਤ ਵਰਗੇ ਦੇਸ਼ ਵਿਚ ਲੋਕ ਆਪਣੇ ਆਗੂਆਂ ਦੇ ਫੈਸਲਿਆਂ ’ਤੇ ਨਜ਼ਰ ਰੱਖਦੇ ਹਨ ਅਤੇ ਉਹ ਕਦੀ ਨਹੀਂ ਚਾਹੁਣਗੇ ਕਿ ਉਨ੍ਹਾਂ ਦਾ ਦੇਸ਼ ਕਿਸੇ ਦੇ ਸਾਹਮਣੇ ਝੁਕੇ। ਵਲਾਦੀਮੀਰ ਪੂਤਿਨ ਨੇ ਪੀਐਮ ਮੋਦੀ ਨੂੰ ਆਪਣਾ ਦੋਸਤ ਦੱਸਦੇ ਹੋਏ ਕਿਹਾ ਕਿ ਉਹ ਉਨ੍ਹਾਂ ਦੇ ਨਾਲ ਭਰੋਸੇ ਨਾਲ ਗੱਲਬਾਤ ਕਰ ਸਕਦੇ ਹਨ। 

ਅਮਰੀਕੀ ਰਾਸ਼ਟਰਪਤੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤੀਆਂ ਕਈ ਟਿੱਪਣੀਆਂ

ਵਾਸ਼ਿੰਗਟਨ/ਬਿਊਰੋ ਨਿਊਜ਼

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ-ਪਾਕਿਸਤਾਨ ਟਕਰਾਅ ਨੂੰ ਖਤਮ ਕਰਵਾਉਣ ਸਬੰਧੀ ਇਕ ਹੋਰ ਦਾਅਵਾ ਕੀਤਾ ਹੈ। ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਭਾਰਤ-ਪਾਕਿ ਦਰਮਿਆਨ ਚੱਲ ਰਹੇ ਤਣਾਅ ਨੂੰ ਹੱਲ ਕਰਨ ਲਈ ਟੈਕਸ ਨੂੰ ਇਕ ਹਥਿਆਰ ਵਜੋਂ ਵਰਤਿਆ ਹੈ। ਟਰੰਪ ਨੇ ਏਅਰ ਫੋਰਸ ਵਨ ’ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਈ ਟਿੱਪਣੀਆਂ ਕੀਤੀਆਂ ਹਨ। ਟਰੰਪ ਨੇ ਕਿਹਾ ਕਿ ਮੈਂ ਕੁਝ ਜੰਗਾਂ ਨੂੰ ਸਿਰਫ ਟੈਕਸ ਦੇ ਅਧਾਰ ’ਤੇ ਹੱਲ ਕੀਤਾ ਹੈ। ਟਰੰਪ ਨੇ ਦੱਸਿਆ ਕਿ ਮੈਂ ਭਾਰਤ ਅਤੇ ਪਾਕਿਸਤਾਨ ਨੂੰ ਕਿਹਾ ਕਿ ਜੇਕਰ ਤੁਸੀਂ ਜੰਗ ਲੜਨਾ ਚਾਹੁੰਦੇ ਹੋ ਤਾਂ ਮੈਂ ਤੁਹਾਡੇ ’ਤੇ 200 ਫੀਸਦੀ ਟੈਕਸ ਲਗਾਵਾਂਗਾ। ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਦੋਵਾਂ ਦੇਸ਼ਾਂ ’ਤੇ ਵੱਡੇ ਟੈਕਸ ਲਗਾਉਣ ਦੀ ਧਮਕੀ ਨੇ ਸਥਿਤੀ ਨੂੰ ਕਾਬੂ ਹੇਠ ਲਿਆਂਦਾ ਸੀ। 

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਵਾਸਤੇ ਜਾਵੇਗਾ ਸਿੱਖ ਜਥਾ

ਅੰਮਿ੍ਰਤਸਰ/ਬਿਊਰੋ ਨਿਊਜ਼ 

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਮਨਾਉਣ ਲਈ ਜਾਣ ਵਾਲੇ ਭਾਰਤੀ ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਭਾਰਤ ਸਰਕਾਰ ਵਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਧਿਆਨ ਰਹੇ ਕਿ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਦੇਸ਼ਾਂ ਦਰਮਿਆਨ ਆਪਸੀ ਸੰਬੰਧ ਸਭ ਖ਼ਤਮ ਹੋ ਚੁੱਕੇ ਸਨ। ਇਸੇ ਦੌਰਾਨ ਹੀ ਭਾਰਤ ਪਾਕਿਸਤਾਨ ਦੇਸ਼ਾਂ ਦਰਮਿਆਨ ਆਉਣ ਜਾਣ ਵਾਲੇ ਹਰੇਕ ਧਰਮਾਂ ਦੇ ਜਥਿਆਂ ’ਤੇ ਵੀ ਰੋਕ ਲਗਾ ਦਿੱਤੀ ਗਈ ਸੀ। ਇਹ ਰੋਕ ਖ਼ਾਸ ਕਰਕੇ ਭਾਰਤ ਸਰਕਾਰ ਵਲੋਂ ਹੀ ਲਗਾਈ ਗਈ ਸੀ। ਹੁਣ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਇਕੱਤਰ ਹੋ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਜਾਣ ਵਾਲੀਆਂ ਸੰਗਤਾਂ ਨੂੰ ਮਨਜੂਰੀ ਦੇ ਦਿੱਤੀ ਹੈ। ਇਸਦੇ ਚੱਲਦਿਆਂ ਭਾਰਤ ਸਰਕਾਰ ਵਲੋਂ ਕਿਹਾ ਗਿਆ ਹੈ ਕਿ ਭਾਰਤ ਤੋਂ ਜਾਣ ਵਾਲੇ ਸ਼ਰਧਾਲੂ ਸਿਰਫ਼ ਤੇ ਸਿਰਫ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਏ ਜਾਣ ਵਾਲੇ ਪਾਸਪੋਰਟਾਂ ’ਤੇ ਹੀ ਪਾਕਿਸਤਾਨ ਜਾ ਸਕਣਗੇ।

ਅਨੀਤਾ ਆਨੰਦ ਪਹੁੰਚੇ ਹਨ ਭਾਰਤ ਦੌਰੇ ’ਤੇ

ਨਵੀਂ ਦਿੱਲੀ/ਬਿਊਰੋ ਨਿਊਜ਼

ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਅੱਜ ਨਵੀਂ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਦਾ ਸਵਾਗਤ ਕੀਤਾ ਅਤੇ ਦੱਸਿਆ ਕਿ ਉਨ੍ਹਾਂ ਦੀ ਯਾਤਰਾ ਭਾਰਤ-ਕੈਨੇਡਾ ਦੁਵੱਲੀ ਭਾਈਵਾਲੀ ਨੂੰ ਨਵੀਂ ਗਤੀ ਦੇਣ ਲਈ ਚੱਲ ਰਹੇ ਯਤਨਾਂ ਵਿਚ ਯੋਗਦਾਨ ਪਾਵੇਗੀ। ਪ੍ਰਧਾਨ ਮੰਤਰੀ ਮੋਦੀ ਨੇ ਇਸ ਸਾਲ ਜੂਨ ਮਹੀਨੇ ਦੌਰਾਨ ਜੀ-7 ਸੰਮੇਲਨ ਲਈ ਕੈਨੇਡਾ ਦੀ ਆਪਣੀ ਫੇਰੀ ਨੂੰ ਯਾਦ ਕੀਤਾ, ਜਿਸ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਇਕ ਬਹੁਤ ਹੀ ਲਾਭਕਾਰੀ ਮੁਲਾਕਾਤ ਕੀਤੀ ਸੀ। ਪ੍ਰਧਾਨ ਮੰਤਰੀ ਮੋਦੀ ਨੇ ਵਪਾਰ, ਊਰਜਾ, ਤਕਨਾਲੋਜੀ ਅਤੇ ਖੇਤੀਬਾੜੀ ਸਬੰਧੀ ਦੋਵਾਂ ਦੇਸ਼ਾਂ ਵਿਚਕਾਰ ਵਧੇ ਹੋਏ ਸਹਿਯੋਗ ਦੀ ਮਹੱਤਤਾ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਆਪਣੀਆਂ ਨਿੱਘੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਉਹ ਉਨ੍ਹਾਂ ਦੇ ਆਉਣ ਵਾਲੇ ਰੁਝੇਵਿਆਂ ਦੀ ਉਡੀਕ ਕਰ ਰਹੇ ਹਨ।

ਕਿਹਾ : ਭਾਰਤ ਵਿਚ ਲੋਕਤੰਤਰ ’ਤੇ ਖਤਰਾ ਬਰਕਰਾਰ

ਨਵੀਂ ਦਿੱਲੀ/ਬਿਊਰੋ ਨਿਊਜ਼

ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਅਮਰੀਕਾ ਦੇ ਦੌਰੇ ’ਤੇ ਗਏ ਹਨ ਅਤੇ ਉਨ੍ਹਾਂ ਨੇ ਕੋਲੰਬੀਆ ਦੀ ਈ.ਆਈ.ਏ. ਯੂਨੀਵਰਸਿਟੀ ਵਿਚ ਇਕ ਸਮਾਗਮ ਨੂੰ ਸੰਬੋਧਨ ਕੀਤਾ।  ਰਾਹੁਲ ਨੇ ਕਿਹਾ ਕਿ ਭਾਰਤ ਵਿਚ ਲੋਕਤੰਤਰ ’ਤੇ ਹਮਲੇ ਹੋ ਰਹੇ ਹਨ ਅਤੇ ਅਜਿਹਾ ਹੋਣਾ ਦੇਸ਼ ਦੇ ਲੋਕਤੰਤਰ ਲਈ ਵੱਡਾ ਖਤਰਾ ਹੈ। ਇਸ ਨਾਲ ਦੇਸ਼ ਵਿਚ ਸੰਸਥਾਵਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ ਅਤੇ ਸਿਆਸੀ ਵਿਰੋਧੀਆਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਲੋਕਤੰਤਰ ਸਿਰਫ ਸਾਡੀ ਰਾਜਨੀਤੀ ਨਹੀਂ ਹੈ, ਬਲਕਿ ਸਾਡੀ ਪਹਿਚਾਣ ਹੈ। ਉਨ੍ਹਾਂ ਕਿਹਾ ਕਿ ਜਦੋਂ ਲੋਕਤੰਤਰ ’ਤੇ ਹਮਲਾ ਹੁੰਦਾ ਹੈ ਤਾਂ ਇਹ ਪੂਰੇ ਦੇਸ਼ ਨੂੰ ਕਮਜ਼ੋਰ ਕਰਦਾ ਹੈ। ਰਾਹੁਲ ਨੇ ਭਾਰਤ ਸਰਕਾਰ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸੱਤਾ ਵਿਚ ਬੈਠੇ ਲੋਕ ਚਾਹੁੰਦੇ ਹਨ ਕਿ ਹਰ ਸੰਸਥਾ ਸਿਰਫ ਉਨ੍ਹਾਂ ਦੇ ਹਿਸਾਬ ਨਾਲ ਕੰਮ ਕਰੇ ਅਤੇ ਇਹ ਭਾਰਤ ਦੀ ਆਤਮਾ ਦੇ ਖਿਲਾਫ ਹੈ। ਵਿਦਿਆਰਥੀਆਂ ਦੇ ਸਵਾਲ-ਜਵਾਬ ਵਿਚ ਉਨ੍ਹਾਂ ਕਿਹਾ ਕਿ ਅਸਹਿਮਤੀ ਦੀ ਆਵਾਜ਼ ਨੂੰ ਲੋਕਤੰਤਰ ਵਿਚ ਜਗ੍ਹਾ ਮਿਲਣੀ ਚਾਹੀਦੀ ਹੈ। ਰਾਹੁਲ ਨੇ ਕਿਹਾ ਕਿ ਭਾਜਪਾ ਅਤੇ ਆਰ.ਐਸ.ਐਸ. ਦੀ ਵਿਚਾਰਧਾਰਾ ਦੇ ਮੂਲ ਵਿਚ ਕਾਇਰਤਾ ਹੈ। 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.