Sunday, 14 June 2026

ਸਰਕਾਰ ਦੇ ਫੈਸਲੇ ਖਿਲਾਫ ਲੱਭਿਆ ਜਾ ਰਿਹਾ ਹੈ ਕੋਈ ਕਾਨੂੰਨੀ ਰਾਹ

ਮੈਲਬੋਰਨ/ਬਿਊਰੋ ਨਿਊਜ਼ 

ਆਸਟਰੇਲੀਆ ਦੀਆਂ ਇਮੀਗਰੇਸ਼ਨ ਨੀਤੀਆਂ ਦੀ ਸਖਤੀ ਕਾਰਨ ਮੈਲਬੋਰਨ ਦੇ ਵਿੰਡਹਮ ਵੇਲ ਇਲਾਕੇ ਵਿਚ ਰਹਿ ਰਹੇ ਇਕ ਪੰਜਾਬੀ ਪਰਿਵਾਰ ਨੂੰ ਨਵੰਬਰ ਮਹੀਨੇ ਤੱਕ ਦੇਸ਼ ਛੱਡਣ ਦੇ ਹੁਕਮ ਦਿੱਤੇ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਅਮਨਦੀਪ ਕੌਰ ਅਤੇ ਸਟਿਵਨ ਸਿੰਘ 2009 ਵਿਚ ਆਸਟਰੇਲੀਆ ਪਹੁੰਚੇ ਸਨ। ਉਹ ਪਿਛਲੇ ਕਈ ਸਾਲਾਂ ਤੋਂ ਆਰਜ਼ੀ ਵੀਜ਼ਿਆਂ ’ਤੇ ਆਸਟਰੇਲੀਆ ਵਿਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਨ। ਇਹ ਪੰਜਾਬੀ ਪਰਿਵਾਰ ਆਪਣੀ ਪੱਕੀ ਰਿਹਾਇਸ਼ ਲਈ ਕਈ ਵਾਰ ਅਰਜ਼ੀਆਂ ਦਾਖਲ ਕਰ ਚੁੱਕਾ ਹੈ, ਪਰ ਸਰਕਾਰੀ ਅਧਿਕਾਰੀਆਂ ਨੇ ਉਨ੍ਹਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਰੱਦ ਕਰਦੇ ਹੋਏ ਹੁਣ ਇਸ ਪਰਿਵਾਰ ਨੂੰ ਵਾਪਸ ਭਾਰਤ ਜਾਣ ਦਾ ਹੁਕਮ ਜਾਰੀ ਕਰ ਦਿੱਤਾ ਹੈ। ਆਸਟਰੇਲੀਆ ਸਰਕਾਰ ਦੇ ਇਸ ਫੈਸਲੇ ਨਾਲ ਉਨ੍ਹਾਂ ਦੇ 12 ਸਾਲਾ ਪੁੱਤਰ ਦਾ ਭਵਿੱਖ ਸਭ ਤੋਂ ਵੱਧ ਪ੍ਰਭਾਵਿਤ ਹੋ ਰਿਹਾ ਹੈ। ਇਸਦੇ ਚੱਲਦਿਆਂ ਇਹ ਪਰਿਵਾਰ ਹੁਣ ਕਾਨੂੰਨੀ ਮਾਹਿਰਾਂ ਨਾਲ ਸਲਾਹ ਕਰ ਰਿਹਾ ਹੈ ਤਾਂ ਜੋ ਇਸ ਫੈਸਲੇ ਖਿਲਾਫ ਕੋਈ ਰਾਹ ਕੱਢਿਆ ਜਾ ਸਕੇ। 

ਅਮਰੀਕਾ ਨੂੰ 30 ਫੀਸਦੀ ਦਵਾਈਆਂ ਐਕਸਪੋਰਟ ਕਰਦਾ ਹੈ ਭਾਰਤ

ਵਾਸ਼ਿੰਗਟਨ/ਬਿਊਰੋ ਨਿਊਜ਼

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਰਾਂਡਿਡ ਦਵਾਈਆਂ ’ਤੇ 100 ਫੀਸਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਇਹ ਟੈਰਿਫ ਆਉਂਦੀ 1 ਅਕਤੂਬਰ ਤੋਂ ਲਾਗੂ ਹੋਵੇਗਾ। ਇਹ ਟੈਰਿਫ ਉਨ੍ਹਾਂ ਕੰਪਨੀਆਂ ’ਤੇ ਨਹੀਂ ਲੱਗੇਗਾ, ਜੋ ਅਮਰੀਕਾ ਵਿਚ ਹੀ ਦਵਾਈਆਂ ਬਣਾਉਣ ਦੇ ਲਈ ਆਪਣਾ ਪਲਾਂਟ ਲਗਾ ਰਹੀਆਂ ਹਨ। ਭਾਰਤ ’ਤੇ ਅਮਰੀਕੀ ਰਾਸ਼ਟਰਪਤੀ ਨੇ ਪਹਿਲਾਂ ਹੀ 50 ਫੀਸਦੀ ਟੈਰਿਫ ਲਗਾਇਆ ਹੈ ਅਤੇ ਇਹ ਟੈਰਿਫ ਲੰਘੀ 27 ਅਗਸਤ ਤੋਂ ਲਾਗੂ ਵੀ ਹੋ ਚੁੱਕਾ ਹੈ। ਇਸ ਨਾਲ ਕੱਪੜੇ, ਜਵੈਲਰੀ, ਫਰਨੀਚਰ, ਸੀ-ਫੂਡ ਵਰਗੇ ਭਾਰਤੀ ਪ੍ਰੋਡਕਟਾਂ ਦਾ ਐਕਸਪੋਰਟ ਮਹਿੰਗਾ ਹੋ ਗਿਆ ਹੈ, ਹਾਲਾਂਕਿ ਦਵਾਈਆਂ ਨੂੰ ਇਸ ਟੈਰਿਫ ਤੋਂ ਬਾਹਰ ਰੱਖਿਆ ਗਿਆ ਸੀ। ਹੁਣ ਡੋਨਾਲਡ ਟਰੰਪ ਨੇ ਕਿਹਾ ਕਿ ਆਉਂਦੀ 1 ਅਕਤੂਬਰ ਤੋਂ ਅਸੀਂ ਬਰਾਂਡਿਡ ਦਵਾਈਆਂ ’ਤੇ 100 ਫੀਸਦੀ ਟੈਰਿਫ ਲਗਾ ਦਿਆਂਗੇ, ਸਿਵਾਏ ਉਨ੍ਹਾਂ ਕੰਪਨੀਆਂ ਦੇ, ਜੋ ਅਮਰੀਕਾ ਵਿਚ ਆਪਣਾ ਦਵਾਈਆਂ ਬਣਾਉਣ ਵਾਲਾ ਪਲਾਂਟ ਲਗਾ ਰਹੀਆਂ ਹਨ।

ਕਈ ਇਮਾਰਤਾਂ ਹੋਈਆਂ ਢਹਿ ਢੇਰੀ

ਮਨੀਲਾ/ਬਿਊਰੋ ਨਿਊਜ਼

ਫਿਲੀਪੀਨਜ਼ ਦੇ ਸੇਬੂ ਪ੍ਰਾਂਤ ਵਿਚ 6.9 ਦੀ ਗਤੀ ਵਾਲਾ ਭੂਚਾਲ ਆਇਆ ਹੈ। ਇਸ ਭੂਚਾਲ ਕਾਰਨ 60 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਵਿਅਕਤੀ ਜ਼ਖ਼ਮੀ ਵੀ ਦੱਸੇ ਜਾ ਰਹੇ ਹਨ। ਰੈਸਕਿਊ ਟੀਮਾਂ ਬਚਾਅ ਕਾਰਜਾਂ ਵਿਚ ਲੱਗੀਆਂ ਹੋਈਆਂ ਸਨ ਅਤੇ ਮਿ੍ਰਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਵੀ ਪ੍ਰਗਟਾਇਆ ਗਿਆ ਹੈ। ਇਸ ਭੂਚਾਲ ਦਾ ਕੇਂਦਰ ਸੇਬੂ ਆਈਲੈਂਡ ਦੇ ਬੋਗੋ ਸ਼ਹਿਰ ਦੇ ਨੇੜੇ ਸੀ ਅਤੇ ਇਸ ਸ਼ਹਿਰ ਦੀ ਆਬਾਦੀ 90 ਹਜ਼ਾਰ ਦੇ ਕਰੀਬ ਹੈ। ਭੂਚਾਲ ਦੇ ਝਟਕੇ ਮਹਿਸੂਸ ਹੁੰਦਿਆਂ ਹੀ ਲੋਕ ਆਪਣੇ-ਆਪਣੇ ਘਰੋਂ ਵਿਚੋਂ ਬਾਹਰ ਨਿਕਲ ਆਏ ਸਨ, ਪਰ ਫਿਰ ਵੀ ਕਈ ਵਿਅਕਤੀ ਮਲਬੇ ਹੇਠਾਂ ਦੱਬ ਗਏ। ਇਸ ਭਿਆਨਕ ਭੂਚਾਲ ਕਾਰਨ ਬਿਜਲੀ ਬੰਦ ਹੋ ਗਈ ਅਤੇ ਕਈ ਇਮਾਰਤਾਂ ਵੀ ਢਹਿ ਢੇਰੀ ਹੋ ਗਈਆਂ।

ਅਪਰੈਲ 2026 ਤੋਂ ਸ਼ੁਰੂ ਹੋ ਸਕਦਾ ਹੈ ਨਵਾਂ ਨਿਯਮ 

ਵਾਸ਼ਿੰਗਟਨ/ਬਿਊਰੋ ਨਿਊਜ਼  

ਅਮਰੀਕਾ ’ਚ ਡੋਨਾਲਡ ਟਰੰਪ ਪ੍ਰਸ਼ਾਸਨ ਐਚ-1ਬੀ ਵੀਜ਼ਾ ਚੋਣ ਪ੍ਰਕਿਰਿਆ ਵਿਚ ਵੱਡਾ ਬਦਲਾਅ ਕਰ ਸਕਦਾ ਹੈ। ਮੌਜੂਦਾ ਸਮੇਂ ਵਿਚ ਇਹ ਵੀਜ਼ੇ ਲਾਟਰੀ ਪ੍ਰਣਾਲੀ ਰਾਹੀਂ ਦਿੱਤੇ ਜਾਂਦੇ ਹਨ, ਪਰ ਨਵੀਂ ਯੋਜਨਾ ਵਿਚ ਉਚ-ਤਨਖਾਹ ਵਾਲੀਆਂ ਨੌਕਰੀਆਂ ਨੂੰ ਤਰਜੀਹ ਮਿਲੇਗੀ। ਜੇਕਰ ਕਿਸੇ ਸਾਲ ਅਰਜ਼ੀਆਂ 85 ਹਜ਼ਾਰ ਦੀ ਤੈਅ ਸੀਮਾ ਤੋਂ ਜ਼ਿਆਦਾ ਆਉਂਦੀਆਂ ਹਨ ਤਾਂ ਉਨ੍ਹਾਂ ਵਿਅਕਤੀਆਂ ਦੇ ਚੁਣੇ ਜਾਣ ਦੀ ਸੰਭਾਵਨਾ ਜ਼ਿਆਦਾ ਹੋਵੇਗੀ, ਜਿਨ੍ਹਾਂ ਦੀ ਨੌਕਰੀ ਵਿਚ ਤਨਖਾਹ ਵੱਧ ਹੋਵੇਗੀ। ਨਵੇਂ ਨਿਯਮ ਦੇ ਤਹਿਤ ਸਾਰੇ ਉਮੀਦਵਾਰਾਂ ਨੂੰ ਲੇਬਰ ਡਿਪਾਰਟਮੈਂਟ ਦੀ ਰਿਪੋਰਟ ਦੇ ਅਧਾਰ ’ਤੇ ਚਾਰ ਤਨਖਾਹ ਕੈਟੇਗਰੀ ਵਿਚ ਰੱਖਿਆ ਜਾਵੇਗਾ। ਸਭ ਤੋਂ ਜ਼ਿਆਦਾ ਤਨਖਾਹ ਲੈਣ ਵਾਲੇ, ਜਿਨ੍ਹਾਂ ਨੂੰ ਕਰੀਬ 1 ਕਰੋੜ 44 ਲੱਖ ਰੁਪਏ ਸਲਾਨਾ ਮਿਲਦੇ ਹਨ, ਉਹ ਲਾਟਰੀ ਵਿਚ ਚਾਰ ਵਾਰ ਸ਼ਾਮਲ ਹੋ ਸਕਣਗੇ। ਸਭ ਤੋਂ ਘੱਟ ਤਨਖਾਹ ਲੈਣ ਵਾਲੇ ਸਿਰਫ ਇਕ ਵਾਰ ਹੀ ਸ਼ਾਮਲ ਹੋਣਗੇ। ਇਸਦਾ ਮਕਸਦ ਹੈ ਕਿ ਹਾਈ ਸਕਿੱਲਡ ਅਤੇ ਹਾਈ ਸੈਲਰੀ ਵਾਲੇ ਕਰਮਚਾਰੀਆਂ ਨੂੰ ਪਹਿਲ ਮਿਲੇਗੀ। ਮੀਡੀਆ ਰਿਪੋਰਟਾਂ ਮੁਤਾਬਕ ਇਹ ਨਵਾਂ ਨਿਯਮ ਅਪ੍ਰੈਲ 2026 ਤੋਂ ਸ਼ੁਰੂ ਹੋ ਸਕਦਾ ਹੈ। 

ਵਾਸ਼ਿੰਗਟਨ/ਬਿਊਰੋ ਨਿਊਜ਼ 

ਅਮਰੀਕਾ ਵਿਚ ਸ਼ਟਡਾਊਟ ਲਾਗੂ ਹੋ ਗਿਆ ਅਤੇ ਇਸ ਨਾਲ ਸਰਕਾਰੀ ਕੰਮਕਾਜ ਵੀ ਠੱਪ ਹੋ ਗਿਆ ਹੈ। ਹੁਣ ਸਰਕਾਰ ਦੇ ਕੋਲ ਆਪਣੇ ਕਰਮਚਾਰੀਆਂ ਦੀ ਤਨਖਾਹ ਅਤੇ ਹੋਰ ਖਰਚਿਆਂ ਦੇ ਲਈ ਪੈਸਾ ਨਹੀਂ ਹੋਵੇਗਾ। ਮੀਡੀਆ ਰਿਪੋਰਟਾਂ ਮੁਤਾਬਕ ਰਾਸ਼ਟਰਪਤੀ ਡੋਨਾਲਡ ਟਰੰਪ ਸੀਨੇਟ ਕੋਲੋਂ ਫੰਡਿੰਗ ਬਿੱਲ ਨੂੰ ਪਾਸ ਨਹੀਂ ਕਰਵਾ ਸਕੇ। ਇਹ 2019 ਤੋਂ ਬਾਅਦ ਪਹਿਲਾ ਸਰਕਾਰੀ ਸ਼ਟਡਾਊਨ ਹੈ। ਦੱਸਿਆ ਗਿਆ ਕਿ ਲੰਘੀ ਦੇਰ ਰਾਤ ਬਿੱਲ ’ਤੇ ਵੋਟਿੰਗ ਹੋਈ ਅਤੇ ਬਿੱਲ ਦੇ ਸਮਰਥਨ ਵਿਚ 55 ਅਤੇ ਵਿਰੋਧ ਵਿਚ 45 ਵੋਟਾਂ ਪਈਆਂ। ਇਸ ਬਿੱਲ ਨੂੰ ਪਾਸ ਕਰਾਉਣ ਦੇ ਲਈ 60 ਵੋਟਾਂ ਦੀ ਜ਼ਰੂਰਤ ਸੀ। ਟਰੰਪ ਦੀ ਰਿਪਬਲਿਕ ਪਾਰਟੀ ਨੂੰ ਵਿਰੋਧੀ ਡੈਮੋਕਰੇਟ ਸੰਸਦ ਮੈਂਬਰਾਂ ਦਾ ਸਮਰਥਨ ਜ਼ਰੂਰੀ ਸੀ, ਪਰ ਡੈਮੋਕਰੇਟਾਂ ਨੇ ਬਿੱਲ ਦੇ ਖਿਲਾਫ ਵੋਟ ਪਾਈ। ਧਿਆਨ ਰਹੇ ਕਿ ਅਮਰੀਕਾ ਵਿਚ ਸਰਕਾਰ ਨੂੰ ਹਰ ਸਾਲ ਆਪਣਾ ਬਜਟ ਪਾਸ ਕਰਨਾ ਪੈਂਦਾ ਹੈ। ਜੇਕਰ ਸੰਸਦ ਬਜਟ ’ਤੇ ਸਹਿਮਤ ਨਹੀਂ ਹੁੰਦੀ ਤਾਂ ਫੰਡਿੰਗ ਬਿੱਲ ਪਾਸ ਨਹੀਂ ਹੁੰਦਾ ਅਤੇ ਸਰਕਾਰ ਨੂੰ ਮਿਲਣ ਵਾਲਾ ਪੈਸਾ ਰੁਕ ਜਾਂਦਾ ਹੈ। ਇਸ ਕਰਕੇ ਕੁਝ ਸਰਕਾਰੀ ਵਿਭਾਗਾਂ ਨੂੰ ਪੈਸੇ ਨਹੀਂ ਮਿਲਦੇ ਅਤੇ ਗੈਰਜ਼ਰੂਰੀ ਸੇਵਾਵਾਂ ਨੂੰ ਬੰਦ ਕਰ ਦਿੱਤਾ ਜਾਂਦਾ ਹੈ। ਇਸ ਨੂੰ ਹੀ ਸਰਕਾਰੀ ਸ਼ਟਡਾਊਨ ਕਿਹਾ ਜਾਂਦਾ ਹੈ। 

ਨਵੀਂ ਦਿੱਲੀ/ਬਿਊਰੋ ਨਿਊਜ਼ 

ਅਫਗਾਨਿਸਤਾਨ ਤੋਂ ਇਕ 13 ਸਾਲ ਦਾ ਲੜਕਾ ਜਹਾਜ਼ ਦੇ ਲੈਂਡਿੰਗ ਗੇਅਰ ’ਚ ਲੁਕ ਕੇ ਭਾਰਤ ਪਹੁੰਚ ਗਿਆ। ਇਹ ਘਟਨਾ ਲੰਘੇ ਐਤਵਾਰ 21 ਸਤੰਬਰ ਦੀ ਹੈ। ਅਫਗਾਨਿਸਤਾਨ ਦੀ ਇਕ ਏਅਰਲਾਈਨ ਦੀ ਫਲਾਈਟ ਕਾਬੁਲ ਦੇ ਏਅਰਪੋਰਟ ਤੋਂ ਭਾਰਤੀ ਸਮੇਂ ਅਨੁਸਾਰ ਸਵੇਰੇ 8 ਵੱਜ ਕੇ 46 ਮਿੰਟ ’ਤੇ ਰਵਾਨਾ ਹੋਈ ਸੀ ਅਤੇ ਸਵੇਰੇ 10 ਵੱਜ ਕੇ 20 ਮਿੰਟ ’ਤੇ ਦਿੱਲੀ ਦੇ ਅੰਤਰਰਾਸ਼ਟਰੀ ਏਅਰਪੋਰਟ ਦੇ ਟਰਮੀਨਲ 3 ’ਤੇ ਉਤਰੀ। ਇਸੇ ਦੌਰਾਨ ਏਅਰਲਾਈਨ ਦੇ ਕਰਮਚਾਰੀਆਂ ਨੇ ਜਹਾਜ਼ ਨੇੜੇ ਇਕ ਲੜਕੇ ਨੂੰ ਘੁੰਮਦਾ ਹੋਇਆ ਦੇਖਿਆ ਅਤੇ ਤੁਰੰਤ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਇਸ ਤੋਂ ਬਾਅਦ ਸੀ.ਆਈ.ਐਸ.ਐਫ. ਨੇ ਉਸ ਲੜਕੇ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਅਫਗਾਨਿਸਤਾਨ ਦੇ ਇਸ ਲੜਕੇ ਨੇ ਦੱਸਿਆ ਕਿ ਉਹ ਦੇਖਣਾ ਚਾਹੁੰਦਾ ਸੀ ਕਿ ਇਹ ਕਿਸ ਤਰ੍ਹਾਂ ਲੱਗਦਾ ਹੈ। ਜਹਾਜ਼ ਦੀ ਪੂਰੀ ਤਰ੍ਹਾਂ ਜਾਂਚ ਕਰਨ ਤੋਂ ਬਾਅਦ ਇਸ ਲੜਕੇ ਨੂੰ ਉਸੇ ਫਲਾਈਟ ਰਾਹੀਂ ਅਫਗਾਨਿਸਤਾਨ ਭੇਜ ਦਿੱਤਾ ਗਿਆ।

ਨਵੀਂ ਦਿੱਲੀ/ਬਿਊਰੋ ਨਿਊਜ਼

ਪਾਕਿਸਤਾਨ ਦੇ ਕੋਇਟਾ ਸ਼ਹਿਰ ਵਿਚ ਅੱਜ ਦੁਪਹਿਰੇ ਭੀੜ ਭੜੱਕੇ ਵਾਲੀ ਸੜਕ ’ਤੇ ਬੰਬ ਧਮਾਕਾ ਹੋ ਗਿਆ। ਇਸ ਧਮਾਕੇ ਵਿਚ 10 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਵਿਅਕਤੀ ਜ਼ਖ਼ਮੀ ਦੱਸੇ ਜਾ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਪੈਰਾਮਿਲਟਰੀ ਫੋਰਸ ਹੈਡਕੁਆਰਟਰ ਨੇੜੇ ਵਿਸਫੋਟ ਨਾਲ ਭਰੀ ਇਕ ਗੱਡੀ ਵਿਚ ਇਹ ਧਮਾਕਾ ਹੋਇਆ। ਦੱਸਿਆ ਗਿਆ ਕਿ ਧਮਾਕਾ ਏਨਾ ਜ਼ੋਰਦਾਰ ਸੀ ਕਿ ਨੇੜਲੇ ਘਰਾਂ ਦੀਆਂ ਖਿੜਕੀਆਂ ਟੁੱਟ ਗਈਆਂ ਅਤੇ ਦੀਵਾਰਾਂ ਵਿਚ ਵੀ ਤਰੇੜਾਂ ਆ ਗਈਆਂ। ਇਸਦੇ ਚੱਲਦਿਆਂ ਸਿਹਤ ਵਿਭਾਗ ਵਲੋਂ ਸ਼ਹਿਰ ਭਰ ਦੇ ਹਸਪਤਾਲਾਂ ਵਿਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ। 

ਦੁਨੀਆ ਭਰ ਦੇ ਟੇਲੈਂਟ ਨੌਜਵਾਨਾਂ ਨੂੰ ਬੁਲਾਉਣ ਦਾ ਹੈ ਮਕਸਦ

ਬੀਜਿੰਗ/ਬਿਊਰੋ ਨਿਊਜ਼ 

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਐਚ-1ਬੀ ਵੀਜ਼ਾ ’ਤੇ ਭਾਰੀ ਫੀਸ ਲਗਾਉਣ ਤੋਂ ਬਾਅਦ ਦੁਨੀਆ ਭਰ ਵਿਚ ਹਫੜਾ-ਦਫੜੀ ਮਚੀ ਹੋਈ ਹੈ। ਇਸ ਦੇ ਚੱਲਦਿਆਂ ਚੀਨ ਨੇ ਦੁਨੀਆ ਭਰ ਦੇ ਟੇਲੈਂਟ ਨੂੰ ਆਕਰਸ਼ਿਤ ਕਰਨ ਦੇ ਲਈ ਕੇ-ਵੀਜ਼ਾ ਸ਼ਰੂ ਕਰਨ ਦਾ ਐਲਾਨ ਕੀਤਾ ਹੈ। ਚੀਨ ਦੇ ਇਸ ਐਲਾਨ ਨੂੰ ਅਮਰੀਕਾ ਦੇ ਐਚ-1ਬੀ ਵੀਜ਼ੇ ਦਾ ਬਦਲ ਦੱਸਿਆ ਜਾ ਰਿਹਾ ਹੈ। ਇਹ ਨਵਾਂ ਵੀਜ਼ਾ ਆੳਂੁਦੀ 1 ਅਕਤੂਬਰ ਤੋਂ ਲਾਗੂ ਹੋਵੇਗਾ। ਚੀਨੀ ਮੀਡੀਆ ਦੇ ਮੁਤਾਬਕ ਇਹ ਕੇ-ਵੀਜ਼ਾ ਉਨ੍ਹਾਂ ਨੌਜਵਾਨਾਂ ਅਤੇ ਪੇਸ਼ੇਵਰਾਂ ਦੇ ਲਈ ਹੈ, ਜੋ ਸਾਇੰਸ, ਟੈਕਨਾਲੋਜੀ, ਇੰਜੀਨੀਅਰਿੰਗ ਅਤੇ ਮੈਥ ਦੇ ਖੇਤਰ ਨਾਲ ਜੁੜੇ ਹੋਏ ਹਨ। ਇਹ ਵੀਜ਼ਾ ਉਨ੍ਹਾਂ ਲਈ ਵੀ ਹੈ, ਜਿਨ੍ਹਾਂ ਨੇ ਕਿਸੇ ਚਰਚਿਤ ਯੂਨੀਵਰਸਿਟੀ ਜਾਂ ਰਿਸਰਚ ਇੰਸਟੀਚਿਊਟ ਤੋਂ ਪੜ੍ਹਾਈ ਪੂਰੀ ਕੀਤੀ ਹੈ ਜਾਂ ਅਜੇ ਤੱਕ ਪੜ੍ਹਾਈ ਜਾਂ ਰਿਸਰਚ ਕਰ ਰਹੇ ਹਨ। ਦੱਸਣਯੋਗ ਹੈ ਕਿ ਚੀਨ ਦੀ ਸਰਕਾਰ ਨੇ ਅਗਸਤ ਮਹੀਨੇ ਵਿਚ ਇਸ ਫੈਸਲੇ ਨੂੰ ਮਨਜੂਰੀ ਦਿੱਤੀ ਸੀ।

ਨਵੀਂ ਦਿੱਲੀ/ਬਿਊਰੋ ਨਿਊਜ਼
ਰੂਸ ਦੇ ਵਿਦੇਸ਼ ਮੰਤਰੀ ਸਰਗੋਈ ਲਾਵਰੋਵ ਨੇ ਕਿਹਾ ਹੈ ਕਿ ਭਾਰਤ ਆਪਣੇ ਸਹਿਯੋਗੀ ਖੁਦ ਹੀ ਚੁਣਦਾ ਹੈ। ਉਨ੍ਹਾਂ ਕਿਹਾ ਕਿ ਰੂਸ ਨੂੰ ਵੀ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਭਾਰਤ ਦਾ ਦੂਜੇ ਦੇਸ਼ਾਂ ਦੇ ਨਾਲ ਕਿਸ ਤਰ੍ਹਾਂ ਦਾ ਰਿਸ਼ਤਾ ਹੈ। ਲਾਵਰੋਵ ਨੇ ਕਿਹਾ ਕਿ ਭਾਰਤ ਦੇ ਅਮਰੀਕਾ ਨਾਲ ਸਬੰਧਾਂ ਨੂੰ ਲੈ ਕੇ ਰੂਸ ਨੂੰ ਕਦੀ ਵੀ ਚਿੰਤਾ ਨਹੀਂ ਹੋਈ। ਉਨ੍ਹਾਂ ਨੇ ਕਿਹਾ ਕਿ ਰੂਸ ਨੇ ਹਮੇਸ਼ਾ ਭਾਰਤ ਦੀ ਸੁਤੰਤਰ ਵਿਦੇਸ਼ ਨੀਤੀ ਦਾ ਸਨਮਾਨ ਕੀਤਾ ਹੈ। ਲਾਵਰੋਵ ਨੇ ਕਿਹਾ ਕਿ ਰੂਸੀ ਤੇਲ ਖਰੀਦਣ ਦੀ ਵਜ੍ਹਾ ਨਾਲ ਅਮਰੀਕੀ ਟੈਰਿਫ ਲਗਣ ਦੇ ਬਾਵਜੂਦ ਭਾਰਤ-ਰੂਸ ਵਿਚਾਲੇ ਆਰਥਿਕ ਸਾਂਝੇਦਾਰੀ ਨੂੰ ਕੋਈ ਖਤਰਾ ਨਹੀਂ ਹੈ। ਰੂਸ ਦੇ ਵਿਦੇਸ਼ ਮੰਤਰੀ ਲਾਵਰੋਵ ਨੇ ਕਿਹਾ ਕਿ ਜੇਕਰ ਅਮਰੀਕਾ ਕੋਲ ਭਾਰਤ ਨਾਲ ਦੋਪੱਖੀ ਵਪਾਰ ਨੂੰ ਵਧਾਉਣ ਦੇ ਤਰੀਕੇ ਹਨ ਤਾਂ ਉਹ ਉਨ੍ਹਾਂ ਸ਼ਰਤਾਂ ’ਤੇ ਚਰਚਾ ਕਰਨ ਲਈ ਤਿਆਰ ਹਨ, ਚਾਹੇ ਅਮਰੀਕਾ ਜਿਹੜੀਆਂ ਮਰਜ਼ੀ ਸ਼ਰਤਾਂ ਰੱਖੇ।

ਕਿਹਾ : ਰੂਸ ਤੋਂ ਤੇਲ ਖਰੀਦਣ ਕਰਕੇ ਉਸ ’ਤੇ ਲਗਾਉਣੀਆਂ ਪਈਆਂ ਪਾਬੰਦੀਆਂ

ਵਾਸ਼ਿੰਗਟਨ/ਬਿਊਰੋ ਨਿਊਜ਼ 

ਭਾਰਤ ਅਤੇ ਅਮਰੀਕਾ ਵਿਚਾਲੇ ਫਿਰ ਤੋਂ ਟਰੇਡ ਡੀਲ ’ਤੇ ਗੱਲਬਾਤ ਦੀ ਸੰਭਾਵਨਾ ਬਣ ਰਹੀ ਹੈ। ਇਸਦੇ ਚੱਲਦਿਆਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਭਾਰਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਹੁਤ ਨੇੜੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਰੂਸ ਕੋਲੋਂ ਤੇਲ ਖਰੀਦ ਰਿਹਾ ਹੈ ਅਤੇ ਇਸ ਕਰਕੇ ਹੀ ਉਸ ’ਤੇ ਪਾਬੰਦੀਆਂ ਲਗਾਉਣੀਆਂ ਪਈਆਂ ਹਨ। ਅਮਰੀਕੀ ਰਾਸ਼ਟਰਪਤੀ ਨੇ ਇਹ ਗੱਲ ਲੰਡਨ ਵਿਚ ਬਿ੍ਰਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨਾਲ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਕਹੀ ਹੈ। ਟਰੰਪ ਨੇ ਕਿਹਾ ਕਿ ਮੈਂ ਪਿਛਲੇ ਦਿਨੀਂ ਪੀਐਮ ਮੋਦੀ ਨੂੰ ਜਨਮ ਦਿਨ ਦੀਆਂ ਸ਼ੁਭ ਕਾਮਨਾਵਾਂ ਵੀ ਦਿੱਤੀਆਂ ਹਨ ਅਤੇ ਉਨ੍ਹਾਂ ਨੇ ਵੀ ਚੰਗਾ ਜਵਾਬ ਦਿੱਤਾ ਹੈ। ਟਰੰਪ ਨੇ ਕਿਹਾ ਕਿ ਸਾਡੇ ਦੋਵਾਂ ਵਿਚ ਬਹੁਤ ਚੰਗੇ ਰਿਸ਼ਤੇ ਹਨ, ਪਰ ਮੈਂ ਫਿਰ ਵੀ ਭਾਰਤ ’ਤੇ ਪਾਬੰਦੀਆਂ ਲਗਾ ਦਿੱਤੀਆਂ। ਉਨ੍ਹਾਂ ਕਿਹਾ ਕਿ ਰੂਸ ਤੋਂ ਤੇਲ ਖਰੀਦਣ ਦੇ ਕਾਰਨ ਸਾਨੂੰ ਯੂਰਪੀ ਦੇਸ਼ਾਂ ਅਤੇ ਚੀਨ ’ਤੇ ਵੀ ਪਾਬੰਦੀ ਲਗਾਉਣੀ ਪਈ ਹੈ।  ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹੁਣ ਅਮਰੀਕਾ 30 ਨਵੰਬਰ ਤੋਂ ਬਾਅਦ ਭਾਰਤੀ ਵਸਤਾਂ ਤੋਂ 25 ਫੀਸਦੀ ਟੈਰਿਫ ਹਟਾ ਸਕਦਾ ਹੈ।

ਦੁਬਈ ਵਿਚ ਖੇਡਿਆ ਜਾਣਾ ਹੈ ਇਹ ਮੈਚ

ਨਵੀਂ ਦਿੱਲੀ/ਬਿਊਰੋ ਨਿਊਜ਼

‘ਕ੍ਰਿਕਟ ਏਸ਼ੀਆ ਕੱਪ 2025’ ਦੇ ਮੈਚ ਦੁਬਈ ਵਿਚ ਖੇਡੇ ਜਾ ਰਹੇ ਹਨ। ਭਾਰਤੀ ਕ੍ਰਿਕਟ ਟੀਮ ਨੇ ਬੁੱਧਵਾਰ ਨੂੰ ਇਸ ਖਿਤਾਬੀ ਮੁਕਾਬਲੇ ਲਈ ਕੁਆਲੀਫਾਈ ਕਰ ਲਿਆ ਸੀ ਅਤੇ ਪਾਕਿਸਤਾਨ ਦੀ ਟੀਮ ਨੇ ਲੰਘੇ ਕੱਲ੍ਹ ਬੰਗਲਾਦੇਸ਼ ਨੂੰ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾਈ ਹੈ। ਕ੍ਰਿਕਟ ਏਸ਼ੀਆ ਕੱਪ ਦਾ ਫਾਈਨਲ ਮੁਕਾਬਲਾ 28 ਸਤੰਬਰ ਦਿਨ ਐਤਵਾਰ ਨੂੰ ਦੁਬਈ ਵਿਚ ਖੇਡਿਆ ਜਾਵੇਗਾ। ਭਾਰਤੀ ਕ੍ਰਿਕਟ ਟੀਮ ਸੂਰਿਆ ਕੁਮਾਰ ਯਾਦਵ ਦੀ ਅਗਵਾਈ ਵਿਚ ਇਹ ਮੈਚ ਖੇਡ ਰਹੀ ਹੈ। ਦੱਸਣਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਅੰਤਰਰਾਸ਼ਟਰੀ ਕ੍ਰਿਕਟ ਵਿਚ 13ਵੀਂ ਵਾਰ ਕਿਸੇ ਟੂਰਨਾਮੈਂਟ ਜਾਂ ਟਰਾਈ ਸੀਰੀਜ਼ ਦਾ ਫਾਈਨਲ ਹੋਵੇਗਾ। ਇਸ ਤੋਂ ਪਹਿਲਾਂ ਵੀ ਭਾਰਤ ਅਤੇ ਪਾਕਿਸਤਾਨ ਕ੍ਰਿਕਟ ਦੇ ਖਿਤਾਬੀ ਮੁਕਾਬਲਿਆਂ ਲਈ ਖੇਡ ਚੁੱਕੇ ਹਨ। 

ਸ਼ਾਂਤੀ ਬਹਾਲੀ ਲਈ ਹਰ ਸੰਭਵ ਸਹਿਯੋਗ ਤੇ ਹਮਾਇਤ ਦਾ ਦਿੱਤਾ ਭਰੋਸਾ

ਨਵੀਂ ਦਿੱਲੀ/ਬਿਊਰੋ ਨਿਊਜ਼ 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਰਵਾਰ ਨੂੰ ਆਪਣੀ ਨੇਪਾਲੀ ਹਮਰੁਤਬਾ ਸੁਸ਼ੀਲਾ ਕਾਰਕੀ ਨਾਲ ਗੱਲ ਕੀਤੀ ਹੈ। ਪੀਐਮ ਮੋਦੀ ਨੇ ਸੁਸ਼ੀਲਾ ਕਾਰਕੀ ਨੂੰ ਨੇਪਾਲ ਵਿਚ ਸ਼ਾਂਤੀ ਬਹਾਲੀ ਲਈ ਹਰ ਸੰਭਵ ਸਹਿਯੋਗ ਤੇ ਹਮਾਇਤ ਦਾ ਭਰੋਸਾ ਦਿੱਤਾ ਹੈ। ਮੋਦੀ ਨੇ ਕਿਹਾ ਕਿ ਕਾਰਕੀ ਨਾਲ ਆਪਣੀ ਗੱਲਬਾਤ ਦੌਰਾਨ ਉਨ੍ਹਾਂ ਨੇ ਗੁਆਂਢੀ ਦੇਸ਼ ਵਿਚ ਹਿੰਸਕ ਵਿਰੋਧ ਪ੍ਰਦਰਸ਼ਨਾਂ ਦੌਰਾਨ ਹੋਏ ਦੁਖਦਾਈ ਨੁਕਸਾਨ ’ਤੇ ਆਪਣੀ ਦਿਲੀ ਸੰਵੇਦਨਾ ਜ਼ਾਹਰ ਕੀਤੀ ਹੈ। ਦੱਸਣਯੋਗ ਹੈ ਕਿ ਪਿਛਲੇ ਹਫਤੇ ਨੇਪਾਲ ਵਿਚ ਹਿੰਸਕ ਵਿਰੋਧ ਪ੍ਰਦਰਸ਼ਨਾਂ ਦੌਰਾਨ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਇਸ ਅੰਦੋਲਨ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸਿਆਸੀ ਆਗੂਆਂ ਦੇ ਘਰ, ਸੰਸਦ, ਵਪਾਰਕ ਅਦਾਰਿਆਂ ਅਤੇ ਸ਼ਾਪਿੰਗ ਕੰਪਲੈਕਸਾਂ ਸਣੇ ਅਹਿਮ ਸਰਕਾਰੀ ਇਮਾਰਤਾਂ ਨੂੰ ਅੱਗ ਲਗਾ ਦਿੱਤੀ ਸੀ। ਇਸਦੇ ਚੱਲਦਿਆਂ ਸੁਸ਼ੀਲਾ ਕਾਰਕੀ ਨੇ ਲੰਘੀ 12 ਸਤੰਬਰ ਨੂੰ ਅੰਤਰਿਮ ਸਰਕਾਰ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ ਹੈ।  

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.