Sunday, 14 June 2026

ਨਵੀਂ ਦਿੱਲੀ/ਬਿਊਰੋ ਨਿਊਜ਼ 

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕਿਹਾ ਹੈ ਕਿ ਉਹ ਭਾਰਤ ਅਤੇ ਚੀਨ ਨੂੰ ਟੈਰਿਫ ਦੇ ਨਾਮ ’ਤੇ ਧਮਕਾਉਣਾ ਬੰਦ ਕਰੇ। ਪੂਤਿਨ ਨੇ ਕਿਹਾ ਹੈ ਕਿ ਭਾਰਤ ਤੇ ਚੀਨ ਟਰੰਪ ਦੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ। ਵਲਾਦੀਮੀਰ ਪੂਤਿਨ ਨੇ ਕਿਹਾ ਕਿ ਭਾਰਤ ਅਤੇ ਚੀਨ ਦਾ ਇਤਿਹਾਸ ਹਮਲਿਆਂ ਨਾਲ ਭਰਿਆ ਹੋਇਆ ਹੈ। ਜੇਕਰ ਇਨ੍ਹਾਂ ਦੇਸ਼ਾਂ ਦਾ ਕੋਈ ਨੇਤਾ ਕਮਜ਼ੋਰੀ ਦਿਖਾਏਗਾ ਤਾਂ ਉਸਦਾ ਸਿਆਸੀ ਕਰੀਅਰ ਖਤਮ ਹੋ ਸਕਦਾ ਹੈ। ਧਿਆਨ ਰਹੇ ਕਿ ਟਰੰਪ ਭਾਰਤ ’ਤੇ ਕਈ ਵਾਰ ਆਰੋਪ ਲਗਾ ਚੁੱਕੇ ਹਨ ਕਿ ਭਾਰਤ ਰੂਸੀ ਤੇਲ ਖਰੀਦਦਾ ਹੈ ਅਤੇ ਯੂਕਰੇਨ ਜੰਗ ਵਿਚ ਰੂਸ ਦਾ ਸਾਥ ਦੇ ਰਿਹਾ ਹੈ। ਜ਼ਿਕਰਯੋਗ ਹੈ ਕਿ ਟਰੰਪ ਆਪਣੇ ਟੈਰਿਫ ਨੂੰ ਜੰਗ ਸੁਲਝਾਉਣ ਵਾਲਾ ਹਥਿਆਰ ਦੱਸ ਰਹੇ ਹਨ। ਟਰੰਪ ਨੇ ਇਹ ਵੀ ਕਿਹਾ ਸੀ ਕਿ ਟੈਰਿਫ ਨੀਤੀ ਨਾਲ ਅਮਰੀਕਾ ਨੂੰ ਹੋਰ ਤਾਕਤ ਮਿਲਦੀ ਹੈ। 

ਕਰਤਾਰਪੁਰ ਸਾਹਿਬ-ਨਾਰੋਵਾਲ ਸੜਕ ’ਤੇ ਪਾਣੀ ਭਰਨ ਕਾਰਨ ਆਵਾਜਾਈ ਬੰਦ

ਚੰਡੀਗੜ੍ਹ/ਬਿਊਰੋ ਨਿਊਜ਼  

ਪਹਾੜੀ ਇਲਾਕਿਆਂ ’ਚ ਜ਼ਿਆਦਾ ਮੀਂਹ ਪੈਣ ਅਤੇ ਡੈਮਾਂ ’ਚੋਂ ਛੱਡੇ ਗਏ ਪਾਣੀ ਕਾਰਨ ਰਾਵੀ ਦਰਿਆ ਵਿਚ ਆਏ ਪਾਣੀ ਦੇ ਉਛਾਲ ਕਰਕੇ ਪਾਕਿਸਤਾਨ ’ਚ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਕੰਪਲੈਕਸ ਵਿਚ ਪਾਣੀ ਭਰ ਗਿਆ ਹੈ। ਇਹ ਵੀ ਦੱਸਿਆ ਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਸਰੂਪ ਅਤੇ ਸੇਵਾਦਾਰ ਸੁਰੱਖਿਅਤ ਹਨ। ਹੜ੍ਹ ਨੇ ਗੁਰਦੁਆਰਾ ਸਾਹਿਬ ਦੇ ਨੇੜਲੇ ਪਿੰਡਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ। ਸ੍ਰੀ ਕਰਤਾਰਪੁਰ ਸਾਹਿਬ ਤੋਂ ਨਾਰੋਵਾਲ ਜਾਣ ਵਾਲੀ ਸੜਕ ’ਤੇ ਵੀ ਜ਼ਿਆਦਾ ਪਾਣੀ ਹੈ, ਜਿਸ ਕਾਰਨ ਆਵਾਜਾਈ ਠੱਪ ਹੋ ਗਈ ਅਤੇ ਆਮ ਲੋਕਾਂ ਦਾ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਇਹ ਵੀ ਦੱਸਿਆ ਗਿਆ ਕਿ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਸਾਹਿਬ ਕੋਰੀਡੋਰ ’ਤੇ ਬਣੇ ਪੁਲ ਹੇਠੋਂ ਵੀ ਧੁੱਸੀ ਬੰਨ੍ਹ ਟੁੱਟ ਗਿਆ ਤੇ ਪਾਣੀ ਕੋਰੀਡੋਰ ਚੈਕ ਪੋਸਟ ਅਤੇ ਖੇਤਾਂ ਵਿਚ ਦਾਖਲ ਹੋ ਗਿਆ। 

ਨਵੀਂ ਦਿੱਲੀ/ਬਿਊਰੋ ਨਿਊਜ਼   

ਅਫਗਾਨਿਸਤਾਨ ਵਿਚ ਆਏ ਭੂਚਾਲ ਤੋਂ ਬਾਅਦ ਭਾਰਤ, ਚੀਨ ਅਤੇ ਬਿ੍ਰਟੇਨ ਨੇ ਮਨੁੱਖੀ ਸਹਾਇਤਾ ਭੇਜੀ ਹੈ। ਭਾਰਤ ਨੇ ਅਫਗਾਨਿਸਤਾਨ ਦੀ ਮੱਦਦ ਲਈ 1 ਹਜ਼ਾਰ ਟੈਂਟ ਕਾਬੁਲ ਭੇਜੇ ਹਨ। ਨਾਲ ਹੀ, 15 ਟਨ ਖਾਣੇ ਦਾ ਸਮਾਨ ਕਾਬੁਲ ਤੋਂ ਕੁਨਾਰ ਭੇਜਿਆ ਹੈ। ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਹੋਰ ਰਾਹਤ ਸਮੱਗਰੀ ਵੀ ਅਫਗਾਨਿਸਤਾਨ ਨੂੰ ਭੇਜੇਗਾ। ਇਸੇ ਤਰ੍ਹਾਂ ਬਿ੍ਰਟੇਨ ਨੇ ਭੂਚਾਲ ਤੋਂ ਪੀੜਤ ਪਰਿਵਾਰਾਂ ਦੀ ਮੱਦਦ ਲਈ 1 ਮਿਲੀਅਨ ਪਾਊਂਡ ਦੇ ਐਮਰਜੈਂਸੀ ਫੰਡ ਦਾ ਐਲਾਨ ਕੀਤਾ ਹੈ। ਚੀਨ ਨੇ ਵੀ ਅਫਗਾਨਿਸਤਾਨ ਨੂੰ ਮੱਦਦ ਦੇਣ ਦੀ ਗੱਲ ਕਹੀ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹ ਅਫਗਾਨਿਸਤਾਨ ਦੀਆਂ ਜ਼ਰੂਰਤਾਂ ਅਤੇ ਆਪਣੀ ਸਮੱਰਥਾ ਅਨੁਸਾਰ ਉਸਦੀ ਮੱਦਦ ਕਰੇਗਾ। ਦੱਸਣਯੋਗ ਹੈ ਕਿ ਅਫਗਾਨਿਸਤਾਨ ’ਚ ਐਤਵਾਰ ਦੀ ਰਾਤ ਸਮੇਂ ਆਏ ਭੂਚਾਲ ਕਾਰਨ ਹੁਣ ਤੱਕ 1400 ਤੋਂ ਜ਼ਿਆਦਾ ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ ਅਤੇ 3 ਹਜ਼ਾਰ ਤੋਂ ਜ਼ਿਆਦਾ ਵਿਅਕਤੀ ਜ਼ਖ਼ਮੀ ਹੋਏ ਹਨ।

ਭਲਕੇ 27 ਅਗਸਤ ਤੋਂ ਅਮਲ ’ਚ ਆਉਣੀਆਂ ਨਵਾਂ ਦਰਾਂ

ਨਵੀਂ ਦਿੱਲੀ/ਬਿਊਰੋ ਨਿਊਜ਼  

ਅਮਰੀਕਾ ਦੀ ਡੋਨਾਲਡ ਟਰੰਪ ਸਰਕਾਰ ਨੇ ਭਾਰਤ ਤੋਂ ਹੋਣ ਵਾਲੇ ਆਯਾਤ ’ਤੇ 25 ਫੀਸਦੀ ਵਾਧੂ ਟੈਰਿਫ ਲਗਾਉਣ ਵਾਲਾ ਆਫੀਸ਼ੀਅਲ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਜੁਰਮਾਨੇ ਦੇ ਤੌਰ ’ਤੇ ਲਗਾਇਆ ਗਿਆ ਇਹ ਟੈਰਿਫ ਭਲਕੇ 27 ਅਗਸਤ ਤੋਂ ਲਾਗੂ ਹੋ ਜਾਵੇਗਾ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲੰਘੀ 6 ਅਗਸਤ ਨੂੰ ਰੂਸ ਕੋਲੋਂ ਤੇਲ ਖਰੀਦਣ ਕਰਕੇ ਭਾਰਤ ’ਤੇ ਜੁਰਮਾਨੇ ਵਜੋਂ ਇਸ ਟੈਰਿਫ ਦਾ ਐਲਾਨ ਕੀਤਾ ਸੀ। ਇਸ ਤੋਂ ਪਹਿਲਾਂ ਵਪਾਰ ਘਾਟੇ ਦਾ ਹਵਾਲਾ ਦੇ ਕੇ ਭਾਰਤ ’ਤੇ 7 ਅਗਸਤ ਤੋਂ 25 ਫੀਸਦੀ ਟੈਰਿਫ ਲਗਾਇਆ ਸੀ। ਯਾਨੀ ਕੁੱਲ ਮਿਲਾ ਕੇ ਅਮਰੀਕਾ ’ਚ ਹੁਣ ਭਾਰਤੀ ਵਸਤੂਆਂ ’ਤੇ ਟੈਰਿਫ 50 ਫੀਸਦੀ ਤੱਕ ਲੱਗੇਗਾ। 

 

ਸ਼ੰਘਾਈ ਸਹਿਯੋਗ ਸੰਗਠਨ ਨੇ ਜੰਮੂ ਕਸ਼ਮੀਰ ਦੇ ਪਹਿਲਗਾਮ ’ਚ ਹੋਏ ਦਹਿਸ਼ਤੀ ਹਮਲੇ ਦੀ ਕੀਤੀ ਨਿੰਦਾ 

ਨਵੀਂ ਦਿੱਲੀ/ਬਿਊਰੋ ਨਿਊਜ਼ 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂੁਤਿਨ ਨਾਲ ਗੱਲਬਾਤ ਦੌਰਾਨ ਕਿਹਾ ਕਿ ਯੂਕਰੇਨ ਸੰਘਰਸ ਨੂੰ ਜਿੰਨੀ ਜਲਦੀ ਹੋ ਸਕਦੇ ਖਤਮ ਕਰਨਾ ਮਨੁੱਖਤਾ ਦਾ ਸੱਦਾ ਹੈ। ਮੋਦੀ ਅਤੇ ਪੂਤਿਨ ਨੇ ਚੀਨ ਦੇ ਬੰਦਰਗਾਹ ਸ਼ਹਿਰ ਵਿਚ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਦੇ ਸਲਾਨਾ ਸੰਮੇਲਨ ’ਚ ਗੱਲਬਾਤ ਕੀਤੀ। ਮੀਡੀਆ ਰਿਪੋਰਟਾਂ ਮੁਤਾਬਕ ਮੋਦੀ ਨੇ ਕਿਹਾ ਕਿ ਅਸੀਂ ਯੂਕਰੇਨ ਵਿਚ ਸ਼ਾਂਤੀ ਲਿਆਉਣ ਲਈ ਸਾਰੇ ਹਾਲੀਆ ਯਤਨਾਂ ਦਾ ਸਵਾਗਤ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਸਾਰੀਆਂ ਸਬੰਧਤ ਧਿਰਾਂ ਰਚਨਾਤਮਕ ਢੰਗ ਨਾਲ ਅੱਗੇ ਵਧਣਗੀਆਂ। ਉਨ੍ਹਾਂ ਕਿਹਾ ਕਿ ਮਨੁੱਖਤਾ ਦਾ ਸੱਦਾ ਹੈ ਕਿ ਇਸ ਸੰਘਰਸ਼ ਨੂੰ ਜਲਦੀ ਤੋਂ ਜਲਦੀ ਖਤਮ ਕੀਤਾ ਜਾਵੇ ਅਤੇ ਖੇਤਰ ਵਿਚ ਸਥਾਈ ਸ਼ਾਂਤੀ ਲਿਆਉਣ ਦੇ ਤਰੀਕੇ ਲੱਭੇ ਜਾਣ। ਉਨ੍ਹਾਂ ਕਿਹਾ ਕਿ ਭਾਰਤ ਅਤੇ ਰੂਸ ਮੁਸ਼ਕਲ ਸਮਿਆਂ ਵਿਚ ਵੀ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਅੱਗੇ ਵਧੇ ਹਨ। ਸ਼ੰਘਾਈ ਸਹਿਯੋਗ ਸੰਗਠਨ ਨੇ ਜੰਮੂ ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਦਹਿਸ਼ਤੀ ਹਮਲੇ ਦੀ ਸਖਤ ਨਿੰਦਾ ਵੀ ਕੀਤੀ ਹੈ।

ਨਵੀਂ ਦਿੱਲੀ/ਬਿਊੁਰੋ ਨਿਊਜ਼

ਰੂਸ ਵਿਚ ਭਾਰਤ ਦੇ ਰਾਜਦੂਤ ਵਿਨੇ ਕੁਮਾਰ ਨੇ ਕਿਹਾ ਹੈ ਕਿ ਭਾਰਤ ਰੂਸ ਤੋਂ ਤੇਲ ਖਰੀਦਣਾ ਜਾਰੀ ਰੱਖੇਗਾ। ਰੂਸ ਦੀ ਸਰਕਾਰੀ ਨਿਊਜ਼ ਏਜੰਸੀ ਨੂੰ ਦਿੱਤੇ ਇੰਟਰਵਿਊ ਵਿਚ ਉਨ੍ਹਾਂ ਕਿਹਾ ਕਿ ਭਾਰਤੀ ਕੰਪਨੀਆਂ ਤੇਲ ਉਥੋਂ ਖਰੀਦਣਗੀਆਂ, ਜਿਥੋਂ ਸਭ ਤੋਂ ਵਧੀਆ ਸੌਦਾ ਮਿਲੇਗਾ। ਉਨ੍ਹਾਂ ਨੇ ਭਾਰਤ ’ਤੇ ਅਮਰੀਕਾ ਦੇ 50 ਫੀਸਦੀ ਟੈਰਿਫ ਨੂੰ ਬੇਬੁਨਿਆਦ ਦੱਸਿਆ। ਧਿਆਨ ਰਹੇ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸੀ ਤੇਲ ਖਰੀਦਣ ਕਰਕੇ ਭਾਰਤ ’ਤੇ 25 ਫੀਸਦੀ ਵਾਧੂ ਟੈਰਿਫ ਲਗਾਇਆ ਹੈ, ਜੋ ਆਉਂਦੀ 27 ਅਗਸਤ ਤੋਂ ਲਾਗੂ ਹੋ ਜਾਵੇਗਾ। ਇਸ ਤੋਂ ਪਹਿਲਾਂ ਟਰੰਪ ਜੁਲਾਈ ਮਹੀਨੇ ’ਚ ਭਾਰਤ ’ਤੇ 25 ਫੀਸਦੀ ਟੈਰਿਫ ਲਗਾ ਚੁੱਕੇ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਭਾਰਤੀ ਸਮਾਨ ਦੇ ਆਯਾਤ ’ਤੇ ਅਮਰੀਕਾ ’ਚ 50 ਫੀਸਦੀ ਟੈਰਿਫ ਦੇਣਾ ਹੋਵੇਗਾ।

ਭੂਚਾਲ ਦੀ ਤੀਬਰਤਾ 6 ਮਾਪੀ ਗਈ 

ਕਾਬੁਲ/ਬਿਊਰੋ ਨਿਊਜ਼

ਪੂਰਬੀ ਅਫਗਾਨਿਸਤਾਨ ਵਿਚ ਲੰਘੀ ਦੇਰ ਰਾਤ ਆਏ ਭੂਚਾਲ ਕਾਰਨ 600 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦੋਂਕਿ ਕਈ ਵਿਅਕਤੀ ਜ਼ਖ਼ਮੀ ਦੱਸੇ ਗਏ ਹਨ। ਇਹ ਦਾਅਵਾ ਤਾਲਿਬਾਨ ਸਰਕਾਰ ਦੇ ਤਰਜਮਾਨ ਨੇ ਕੀਤਾ ਹੈ। ਰਿਕਟਰ ਪੈਮਾਨੇ ’ਤੇ ਭੂਚਾਲ ਦੀ ਗਤੀ 6 ਮਾਪੀ ਗਈ ਹੈ। ਇਸ ਭੂਚਾਲ ਨਾਲ ਕਈ ਪਿੰਡ ਤਬਾਹ ਹੋ ਗਏ ਅਤੇ ਭਾਰੀ ਨੁਕਸਾਨ ਹੋਇਆ। ਇਹ ਭੂਚਾਲ ਐਤਵਾਰ ਦੇਰ ਰਾਤੀਂ 12 ਵਜੇ ਦੇ ਕਰੀਬ ਆਇਆ ਅਤੇ ਇਸਦਾ ਕੇਂਦਰ ਸਿਰਫ 8 ਕਿਲੋਮੀਟਰ ਦੀ ਡੂੰਘਾਈ ਵਿਚ ਸੀ। ਮੀਡੀਆ ਦੀ ਰਿਪੋਰਟ ਮੁਤਾਬਕ ਭੂਚਾਲ ਦੇ ਝਟਕੇ ਪਾਕਿਸਤਾਨ ਦੇ ਖੈਬਰ ਪਖਤੂਨਵਾ ਅਤੇ ਪੰਜਾਬ ਸੂਬੇ ਵਿਚ ਵੀ ਮਹਿਸੂਸ ਕੀਤੇ ਗਏ ਹਨ। ਇਸੇ ਦੌਰਾਨ ਭਾਰਤ ਦੇ ਗੁਰੂਗਰਾਮ ਵਿਚ ਵੀ ਭੂਚਾਲ ਦੇ ਹਲਕੇ ਜਿਹੇ ਝਟਕੇ ਮਹਿਸੂਸ ਕੀਤੇ ਗਏ ਹਨ।

ਭਾਰਤੀ ਟਰੱਕ ਡਰਾਈਵਰ ਦੀ ਗਲਤੀ ਮਗਰੋਂ ਲਿਆ ਵੱਡਾ ਫੈਸਲਾ

ਵਾਸ਼ਿੰਗਟਨ/ਬਿਊਰੋ ਨਿਊਜ਼   

ਅਮਰੀਕਾ ਦੀ ਸਰਕਾਰ ਨੇ ਵਪਾਰਕ ਟਰੱਕ ਡਰਾਈਵਰਾਂ ਨੂੰ ਦਿੱਤੇ ਜਾਣ ਵਾਲੇ ਵਰਕ ਵੀਜ਼ਾ ’ਤੇ ਤੁਰੰਤ ਪ੍ਰਭਾਵ ਨਾਲ ਰੋਕ ਲਗਾਉਣ ਦਾ ਫੈਸਲਾ ਲਿਆ ਹੈ। ਇਸ ਫੈਸਲੇ ਦਾ ਅਸਰ ਭਾਰਤ ਸਣੇ ਕਈ ਦੇਸ਼ਾਂ ਦੇ ਉਨ੍ਹਾਂ ਡਰਾਈਵਰਾਂ ’ਤੇ ਪਵੇਗਾ, ਜੋ ਅਮਰੀਕੀ ਟਰਾਂਸਪੋਰਟ ਸੈਕਟਰ ’ਚ ਕੰਮ ਕਰਨ ਦੀ ਉਮੀਦ ਵਿਚ ਬੈਠੇ ਸਨ। ਮੀਡੀਆ ਰਿਪੋਰਟਾਂ ਮੁਤਾਬਕ ਕੁਝ ਦਿਨ ਪਹਿਲਾਂ ਇਕ ਪੰਜਾਬੀ ਡਰਾਈਵਰ ਨੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਦਿਆਂ ਟਰੱਕ ਗਲਤ ਦਿਸ਼ਾ ਵੱਲ ਮੋੜ ਦਿੱਤਾ ਸੀ, ਜਿਸ ਕਾਰਨ ਕਾਰ ਵਿਚ ਸਵਾਰ ਤਿੰਨ ਵਿਅਕਤੀਆਂ ਦੀ ਜਾਨ ਚਲੇ ਗਈ ਸੀ। ਅਮਰੀਕੀ ਸਰਕਾਰ ਦੇ ਇਸ ਫੈਸਲੇ ਨੂੰ ਇਸ ਘਟਨਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਰਕ ਰੂਬੀਓ ਨੇ ਇਹ ਐਲਾਨ ਕੀਤਾ ਕਿ ਇਹ ਕਦਮ ਕਿਸੇ ਖਾਸ ਦੇਸ਼ ਨੂੰ ਨਿਸ਼ਾਨਾ ਬਣਾਉਣ ਲਈ ਨਹੀਂ ਹੈ, ਬਲਕਿ ਵਿਦੇਸ਼ ਤੋਂ ਆਉਣ ਵਾਲੇ ਟਰੱਕ ਡਰਾਈਵਰਾਂ ਦੀ ਯੋਗਤਾ ਅਤੇ ਸੁਰੱਖਿਆ ਮਾਪਦੰਡਾਂ ਦੀ ਸਮੀਖਿਆ ਲਈ ਚੁੱਕਿਆ ਗਿਆ ਹੈ।

ਜਪਾਨ ’ਚ ਮੋਦੀ ਨੇ ਕਿਹਾ : ਦੁਨੀਆਂ ਦੀਆਂ ਨਜ਼ਰਾਂ ਹੀ ਨਹੀਂ ਸਗੋਂ ਭਰੋਸਾ ਵੀ ਭਾਰਤ ’ਤੇ

ਨਵੀਂ ਦਿੱਲੀ/ਬਿਊਰੋ ਨਿਊਜ਼ 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਦੇ ਦੌਰੇ ’ਤੇ ਜਪਾਨ ਪਹੁੰਚੇ ਹੋਏ ਹਨ ਅਤੇ ਉਨ੍ਹਾਂ ਨੇ ਪਰਵਾਸੀ ਭਾਰਤੀਆਂ ਨਾਲ ਵੀ ਮੁਲਾਕਾਤ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਟੋਕੀਓ ਵਿਚ ਭਾਰਤ-ਜਪਾਨ ਦੀ ਸਾਂਝੀ ਇਕਨੌਮਿਕ ਫੋਰਮ ਦੀ ਬੈਠਕ ਨੂੰ ਸੰਬੋਧਨ ਕੀਤਾ। ਆਪਣੇ ਭਾਸ਼ਣ ਵਿਚ ਮੋਦੀ ਨੇ ਭਾਰਤ ਨੂੰ ਨਿਵੇਸ਼ ਦੇ ਲਈ ਸਭ ਤੋਂ ਬਿਹਤਰ ਦੱਸਿਆ। ਉਨ੍ਹਾਂ ਕਿਹਾ ਕਿ ਦੁਨੀਆ ਦੀਆਂ ਨਜ਼ਰਾਂ ਹੀ ਨਹੀਂ, ਸਗੋਂ ਭਰੋਸਾ ਵੀ ਭਾਰਤ ’ਤੇ ਹੈ। ਮੋਦੀ ਨੇ ਕਿਹਾ ਕਿ ਜਪਾਨ ਟੈਕਨਾਲੋਜੀ ਵਿਚ ਪਾਵਰ ਹਾਊਸ ਹੈ ਤੇ ਭਾਰਤ ਟੇਲੈਂਟ ਦਾ ਪਾਵਰ ਹਾਊਸ ਹੈ। ਪੀ.ਐਮ. ਨੇ ਕਿਹਾ ਕਿ ਭਾਰਤ ਅਤੇ ਜਪਾਨ ਵਿਚ ਸਹਿਯੋਗ ਦੀਆਂ ਬਹੁਤ ਸੰਭਾਵਨਾਵਾਂ ਹਨ। ਇਸ ਤੋਂ ਪਹਿਲਾਂ ਜਪਾਨ ਦੇ ਪ੍ਰਧਾਨ ਮੰਤਰੀ ਸ਼ਿਗੇਰੂ  ਇਸ਼ੀਬਾ ਨੇ ਕਿਹਾ ਕਿ ਭਾਰਤੀ ਟੇਲੈਂਟ ਅਤੇ ਜਪਾਨੀ ਤਕਨੀਕ ਇਕ ਦੂਜੇ ਦੇ ਲਈ ਹੀ ਬਣੇ ਹਨ। ਧਿਆਨ ਰਹੇ ਕਿ ਬਤੌਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਹ 8ਵੀਂ ਜਪਾਨ ਯਾਤਰਾ ਹੈ।

ਸਰਕਾਰ ਨੇ ਕਿਹਾ : ਮਲਟੀਨੈਸ਼ਨਲ ਟੂਰਨਾਮੈਂਟ ’ਚ ਖੇਡਣ ’ਤੇ ਰੋਕ ਨਹੀਂ

ਨਵੀਂ ਦਿੱਲੀ/ਬਿਊਰੋ ਨਿਊਜ਼

ਕ੍ਰਿਕਟ ਦੇ ਏਸ਼ੀਆ ਕੱਪ ਵਿਚ ਭਾਰਤ ਤੇ ਪਾਕਿਸਤਾਨ ਦੇ ਖੇਡ ਮੁਕਾਬਲੇ ਦਾ ਰਸਤਾ ਸਾਫ ਹੋ ਗਿਆ ਹੈ। ਭਾਰਤ ਸਰਕਾਰ ਦੇ ਖੇਡ ਮੰਤਰਾਲੇ ਨੇ ਕਿਹਾ ਹੈ ਕਿ ਮਲਟੀਨੈਸ਼ਨਲ ਟੂਰਨਾਮੈਂਟ ਵਿਚ ਪਾਕਿਸਤਾਨ ਨਾਲ ਖੇਡਣ ’ਤੇ ਰੋਕ ਨਹੀਂ ਹੈ। ਮੰਤਰਾਲੇ ਨੇ ਇਹ ਵੀ ਕਿਹਾ ਕਿ ਦੁਵੱਲੀ ਲੜੀ ਵਿਚ ਭਾਰਤ ਦਾ ਸਟੈਂਡ ਬਰਕਰਾਰ ਰਹੇਗਾ। ਜ਼ਿਕਰਯੋਗ ਹੈ ਕਿ ਭਾਰਤ ਇਸ ਸਾਲ ਕ੍ਰਿਕਟ ਏਸ਼ੀਆ ਕੱਪ ਦਾ ਮੇਜ਼ਬਾਨ ਹੈ। ਪਾਕਿਸਤਾਨ ਨੇ ਭਾਰਤ ਵਿਚ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਇਸ ਤੋਂ ਬਾਅਦ ਇਹ ਟੂਰਨਾਮੈਂਟ ਯੂ.ਏ.ਈ. ਵਿਚ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਟੂਰਨਾਮੈਂਟ 9 ਸਤੰਬਰ ਨੂੰ ਸ਼ੁਰੂ ਹੋਵੇਗਾ ਅਤੇ ਟੀਮ ਇੰਡੀਆ ਦਾ ਪਹਿਲਾ ਮੁਕਾਬਲਾ 10 ਸਤੰਬਰ ਨੂੰ ਯੂ.ਏ.ਈ. ਨਾਲ ਹੋਵੇਗਾ।  

ਅਮਰੀਕਾ ’ਚ ਭਾਰਤੀ ਜਵੈਲਰੀ ਅਤੇ ਕੱਪੜਿਆਂ ਦੀ ਮੰਗ ’ਚ ਆ ਸਕਦੀ ਹੈ ਗਿਰਾਵਟ

ਨਵੀਂ ਦਿੱਲੀ/ਬਿਊਰੋ ਨਿਊਜ਼ 

ਭਾਰਤ ਤੋਂ ਅਮਰੀਕਾ ਭੇਜੇ ਜਾਣ ਵਾਲੇ ਸਮਾਨ ’ਤੇ ਅੱਜ ਯਾਨੀ 27 ਅਗਸਤ ਤੋਂ 50 ਫੀਸਦੀ ਟੈਰਿਫ ਲਾਗੂ ਹੋ ਗਿਆ ਹੈ। ਇਸ 50 ਫੀਸਦੀ ਟੈਰਿਫ ਨਾਲ ਅਮਰੀਕਾ ਵਿਚ ਵਿਕਣ ਵਾਲੇ ਭਾਰਤੀ ਕੱਪੜੇ, ਜਵੈਲਰੀ, ਫਰਨੀਚਰ ਅਤੇ ਸੀ-ਫੂਡ ਵਰਗੇ ਪ੍ਰੋਡਕਟਸ ਮਹਿੰਗੇ ਹੋ ਜਾਣਗੇ। ਇਸ ਨਾਲ ਇਨ੍ਹਾਂ ਵਸਤੂਆਂ ਦੀ ਮੰਗ ਵਿਚ 70 ਫੀਸਦੀ ਤੱਕ ਗਿਰਾਵਟ ਆ ਸਕਦੀ ਹੈ। ਚੀਨ, ਵੀਅਤਨਾਮ ਅਤੇ ਮੈਕਸੀਕੋ ਵਰਗੇ ਘੱਟ ਟੈਰਿਫ ਵਾਲੇ ਦੇਸ਼ ਇਸ ਸਮਾਨ ਨੂੰ ਸਸਤੇ ਭਾਅ ’ਤੇ ਵੇਚਣਗੇ। ਇਸ ਨਾਲ ਭਾਰਤੀ ਕੰਪਨੀਆਂ ਦੀ ਅਮਰੀਕੀ ਬਜ਼ਾਰ ਵਿਚ ਹਿੱਸੇਦਾਰੀ ਘੱਟ ਹੋਵੇਗੀ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਕੋਲੋਂ ਤੇਲ ਖਰੀਦਣ ਕਰਕੇ ਭਾਰਤ ’ਤੇ ਜੁਰਮਾਨੇ ਵਜੋਂ ਇਸ ਟੈਰਿਫ ਦਾ ਐਲਾਨ ਕੀਤਾ ਸੀ। ਇਸ ਤੋਂ ਪਹਿਲਾਂ ਵਪਾਰ ਘਾਟੇ ਦਾ ਹਵਾਲਾ ਦੇ ਕੇ ਭਾਰਤ ’ਤੇ 7 ਅਗਸਤ ਤੋਂ 25 ਫੀਸਦੀ ਟੈਰਿਫ ਲਗਾਇਆ ਸੀ। ਯਾਨੀ ਕੁੱਲ ਮਿਲਾ ਕੇ ਅਮਰੀਕਾ ਵਿਚ ਹੁਣ ਭਾਰਤੀ ਵਸਤੂਆਂ ’ਤੇ ਟੈਰਿਫ 50 ਫੀਸਦੀ ਹੋ ਗਿਆ ਹੈ। 

 

ਭਾਰਤ ’ਤੇ ਹੁਣ ਤੱਕ 50 ਫੀਸਦੀ ਟੈਰਿਫ ਲਗਾਇਆ ਗਿਆ

ਵਾਸ਼ਿੰਗਟਨ/ਬਿਊਰੋ ਨਿਊਜ਼ 

ਅਮਰੀਕਾ ਨੇ ਰੂਸ ’ਤੇ ਦਬਾਅ ਬਣਾਉਣ ਦੇ ਲਈ ਭਾਰਤ ’ਤੇ ਆਰਥਿਕ ਪਾਬੰਦੀਆਂ ਲਗਾਈਆਂ ਹਨ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲੀਨ ਲੀਵਿਟ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਡੋਨਾਲਡ ਟਰੰਪ ਪ੍ਰਸ਼ਾਸਨ ਰੂਸ ਤੋਂ ਤੇਲ ਲੈਣ ’ਤੇ ਭਾਰਤ ਦੇ ਖਿਲਾਫ ਕੀਤੀ ਗਈ ਆਰਥਿਕ ਕਾਰਵਾਈ ਨੂੰ ਪੈਨੈਲਟੀ ਜਾਂ ਟੈਰਿਫ ਦੱਸਦਾ ਰਿਹਾ ਹੈ। ਟਰੰਪ ਨੇ ਭਾਰਤ ’ਤੇ ਹੁਣ ਤੱਕ ਕੁੱਲ 50 ਫੀਸਦੀ ਟੈਰਿਫ ਲਗਾਉਣ ਦਾ ਫੈਸਲਾ ਕੀਤਾ ਹੈ। ਇਸ ਵਿਚੋਂ 25 ਫੀਸਦੀ ‘ਜੈਸੋ ਕੋ ਤੈਸਾ’ ਟੈਰਿਫ ਅਤੇ ਰੂਸ ਤੋਂ ਤੇਲ ਖਰੀਦਣ ’ਤੇ 25 ਫੀਸਦੀ ਪੈਨੈਲਟੀ ਹੈ। ਦੱਸਣਯੋਗ ਹੈ ਕਿ ਜੈਸੇ ਕੋ ਤੈਸਾ ਟੈਰਿਫ ਲੰਘੀ 7 ਅਗਸਤ ਤੋਂ ਲਾਗੂ ਹੋ ਗਿਆ ਹੈ, ਜਦੋਂ ਕਿ ਪੈਨੈਲਟੀ ਟੈਰਿਫ 27 ਅਗਸਤ ਤੋਂ ਲਾਗੂ ਹੋਣਾ ਹੈ। ਕੈਰੋਲੀਨ ਲੀਵਿਟ ਦਾ ਕਹਿਣਾ ਸੀ ਕਿ ਇਸਦਾ ਮਕਸਦ ਰੂਸ ’ਤੇ ਦਬਾਅ ਪਾਉਣਾ ਹੈ ਤਾਂ ਕਿ ਉਹ ਯੁੱਧ ਖਤਮ ਕਰਨ ਲਈ ਮਜਬੂਰ ਹੋ ਜਾਏ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.