Sunday, 14 June 2026

ਕਿਹਾ : ਦੋਵੇਂ ਦੇਸ਼ ਪ੍ਰਮਾਣੂ ਜੰਗ ਲਈ ਸਨ ਤਿਆਰ

ਵਾਸ਼ਿੰਗਟਨ/ਬਿਊਰੋ ਨਿਊਜ਼

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਅਜਿਹਾ ਵੱਡਾ ਟਕਰਾਅ ਟਾਲਿਆ, ਜੋ ਪ੍ਰਮਾਣੂ ਜੰਗ ਵਿਚ ਬਦਲ ਸਕਦਾ ਸੀ। ਟਰੰਪ ਨੇ ਇਹ ਬਿਆਨ ਵਾਈਟ ਹਾਊਸ ਦੇ ਓਵਲ ਦਫਤਰ ਵਿਚ ਦਿੱਤਾ ਹੈ। ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਪਿਛਲੇ 6 ਮਹੀਨਿਆਂ ਵਿਚ 6 ਯੁੱਧ ਖਤਮ ਕਰਵਾਏ ਹਨ। ਧਿਆਨ ਰਹੇ ਕਿ 10 ਮਈ ਨੂੰ ਟਰੰਪ ਨੇ ਸੋਸ਼ਲ ਮੀਡੀਆ ’ਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗਬੰਦੀ ਦੀ ਜਾਣਕਾਰੀ ਦਿੱਤੀ ਸੀ। ਇਸਦਾ ਸਿਹਰਾ ਟਰੰਪ ਨੇ ਆਪਣੇ ਸਿਰ ਲਿਆ ਸੀ। ਡੋਨਾਲਡ ਟਰੰਪ ਨੇ ਕਿਹਾ ਹੈ ਕਿ ਭਾਰਤ-ਪਾਕਿਸਤਾਨ ਸੰਘਰਸ਼ ਦੌਰਾਨ 6-7 ਜਹਾਜ਼ ਡਿੱਗੇ ਹਨ। ਇਸੇ ਦੌਰਾਨ ਭਾਰਤ ਦੇ ਏਅਰਫੋਰਸ ਚੀਫ ਏ.ਪੀ. ਸਿੰਘ ਨੇ ਲੰਘੀ 9 ਅਗਸਤ ਨੂੰ ਕਿਹਾ ਸੀ ਕਿ ਅਸੀਂ ਅਪਰੇਸ਼ਨ ਸੰਦੂਰ ਦੇ ਦੌਰਾਨ ਪਾਕਿਸਤਾਨ ਦੇ 5 ਲੜਾਕੂ ਜਹਾਜ਼ ਡੇਗੇ ਸਨ। ਉਨ੍ਹਾਂ ਕਿਹਾ ਕਿ ਅਪਰੇਸ਼ਨ ਸੰਦੂਰ ਦੌਰਾਨ ਭਾਰਤ ਦੇ ਡਿਫੈਂਸ ਸਿਸਟਮ ਨੇ ਸ਼ਾਨਦਾਰ ਕੰਮ ਕੀਤਾ ਹੈ।  

ਪੀਐਮ ਮੋਦੀ ਨੇ ਕਿਹਾ : ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਕੋਈ ਵੀ ਕੀਮਤ ਤਾਰਨ ਲਈ ਹਾਂ ਤਿਆਰ 

ਨਵੀਂ ਦਿੱਲੀ/ਬਿਊਰੋ ਨਿਊਜ਼ 

ਭਾਰਤ ਤੋਂ ਅਮਰੀਕਾ ਭੇਜੇ ਜਾਣ ਵਾਲੇ ਸਮਾਨ ’ਤੇ ਅੱਜ 7 ਅਗਸਤ ਤੋਂ 25 ਫੀਸਦੀ ਟੈਰਿਫ ਲਾਗੂ ਹੋ ਗਿਆ ਹੈ ਅਤੇ 25 ਫੀਸਦੀ ਟੈਰਿਫ ਆਉਂਦੀ 27 ਅਗਸਤ ਤੋਂ ਲਾਗੂ ਹੋ ਜਾਵੇਗਾ। ਇਸ ਤੋਂ ਪਹਿਲਾਂ ਭਾਰਤੀ ਸਮਾਨ ’ਤੇ ਕਰੀਬ 10 ਫੀਸਦੀ ਟੈਰਿਫ ਲੱਗਦਾ ਸੀ। ਇਸਦੇ ਚੱਲਦਿਆਂ ਨਵੇਂ ਟੈਰਿਫ ਲੱਗਣ ਨਾਲ ਭਾਰਤੀ ਸਮਾਨ ਅਮਰੀਕੀ ਬਜ਼ਾਰ ਵਿਚ ਮਹਿੰਗਾ ਹੋ ਜਾਵੇਗਾ। ਹਾਲਾਂਕਿ ਭਾਰਤ ਦੇ ਮਾਹਰਾਂ ਦਾ ਕਹਿਣਾ ਹੈ ਕਿ ਮਾਲ ਵੇਚਣ ਲਈ ਅਮਰੀਕਾ ਤੋਂ ਇਲਾਵਾ ਦੁਨੀਆ ਭਰ ਦੇ ਬਜ਼ਾਰ ਹਨ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਡੇ ਲਈ ਕਿਸਾਨਾਂ ਦੇ ਹਿੱਤ ਸਭ ਤੋਂ ਵੱਡੀ ਤਰਜੀਹ ਹੈ ਅਤੇ ਉਹ ਇਸ ਲਈ ਕੋਈ ਵੀ ਕੀਮਤ ਤਾਰਨ ਲਈ ਤਿਆਰ ਹਨ। ਇਹ ਵੀ ਦੱਸਣਯੋਗ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵੀ ਭਾਰਤ ਫੇਰੀ ’ਤੇ ਆ ਰਹੇ ਹਨ। ਇਸ ਸਬੰਧੀ ਜਾਣਕਾਰੀ ਅਜੀਤ ਡੋਵਾਲ ਵਲੋਂ ਸਾਂਝੀ ਕੀਤੀ ਗਈ ਹੈ। 

 

ਕਿਹਾ : ਗੱਲਬਾਤ ਤੋਂ ਬਾਅਦ ਜੰਗ ਨਾ ਰੋਕੀ ਤਾਂ ਗੰਭੀਰ ਨਤੀਜੇ ਭੁਗਤਣੇ ਪੈਣਗੇ

ਵਾਸ਼ਿੰਗਟਨ/ਬਿਊਰੋ ਨਿਊਜ਼  

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਯੂਕਰੇਨ ਜੰਗ ’ਤੇ ਚਿਤਾਵਨੀ ਦਿੱਤੀ ਹੈ। ਟਰੰਪ ਨੇ ਕਿਹਾ ਕਿ ਜੇਕਰ ਪੂਤਿਨ ਭਲਕੇ ਸ਼ੁੱਕਰਵਾਰ ਨੂੰ ਹੋਣ ਵਾਲੀ ਗੱਲਬਾਤ ਤੋਂ ਬਾਅਦ ਵੀ ਜੰਗ ਖਤਮ ਕਰਨ ’ਤੇ ਰਾਜ਼ੀ ਨਹੀਂ ਹੁੰਦੇ ਤਾਂ ਉਨ੍ਹਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਟਰੰਪ ਦਾ ਇਹ ਬਿਆਨ ਇਕ ਪ੍ਰੈਸ ਕਾਨਫਰੰਸ ਦੌਰਾਨ ਸਾਹਮਣੇ ਆਇਆ ਹੈ। ਡੋਨਾਲਡ ਟਰੰਪ ਅਤੇ ਪੂਤਿਨ ਦੀ ਭਲਕੇ 15 ਅਗਸਤ ਨੂੰ ਅਲਾਸਕਾ ਵਿਚ ਮੁਲਾਕਾਤ ਹੋਣ ਜਾ ਰਹੀ ਹੈ। ਇਸ ਮੁਲਾਕਾਤ ਦਾ ਮਕਸਦ ਯੂਕਰੇਨ ਵਿਚ ਸਾਢੇ ਤਿੰਨ ਸਾਲ ਤੋਂ ਚੱਲ ਰਹੀ ਜੰਗ ਨੂੰ ਖਤਮ ਕਰਨਾ ਹੈ। ਦੱਸਣਯੋਗ ਹੈ ਕਿ ਇਹ ਦੋਵੇਂ ਨੇਤਾ ਪਹਿਲੀ ਵਾਰ ਅਮਰੀਕਾ ਦੀ ਜ਼ਮੀਨ ’ਤੇ ਮਿਲਣਗੇ। ਇਸ ਤੋਂ ਪਹਿਲਾਂ ਟਰੰਪ ਨੇ ਯੂਕਰੇਨੀ ਰਾਸ਼ਟਰਪਤੀ ਵੋਲਾਦੀਮੀਰ ਜੈਲੈਂਸਕੀ ਤੇ ਹੋਰ ਯੋਰਪੀ ਆਗੂਆਂ ਨਾਲ ਵੀ ਵਰਚੂਅਲ ਮੀਟਿੰਗ ਕੀਤੀ ਸੀ। 

 

ਐਸ.ਸੀ.ਓ. ਸਮਿਟ ਵਿਚ ਸ਼ਾਮਲ ਹੋਣਗੇ ਪ੍ਰਧਾਨ ਮੰਤਰੀ

ਨਵੀਂ ਦਿੱਲੀ/ਬਿਊਰੋ ਨਿਊਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਸ.ਸੀ.ਓ. ਸਮਿਟ ਵਿਚ ਸ਼ਾਮਲ ਹੋਣ ਲਈ ਚੀਨ ਜਾ ਰਹੇ ਹਨ। ਪੀਐਮ ਮੋਦੀ ਦਾ ਇਹ ਦੌਰਾ 31 ਅਗਸਤ ਅਤੇ 1 ਸਤੰਬਰ ਨੂੰ ਹੋਵੇਗਾ। ਦੱਸਣਯੋਗ ਹੈ ਕਿ 2020 ਵਿਚ ਗਲਵਾਨ ਘਾਟੀ ਵਿਚ ਭਾਰਤ-ਚੀਨ ਦੇ ਸੈਨਿਕਾਂ ਵਿਚਾਲੇ ਹੋਈ ਝੜਪ ਤੋਂ ਬਾਅਦ ਮੋਦੀ ਦੀ ਇਹ ਪਹਿਲੀ ਚੀਨ ਯਾਤਰਾ ਹੋਵੇਗੀ। ਮੋਦੀ ਇਸ ਤੋਂ ਪਹਿਲਾਂ 2018 ਵਿਚ ਚੀਨ ਗਏ ਸਨ। ਪ੍ਰਧਾਨ ਮੰਤਰੀ ਦੇ ਤੌਰ ’ਤੇ ਮੋਦੀ ਦਾ ਇਹ ਛੇਵਾਂ ਚੀਨ ਦੌਰਾ ਹੋਵੇਗਾ, ਜੋ 70 ਸਾਲਾਂ ਵਿਚ ਕਿਸੇ ਵੀ ਭਾਰਤੀ ਪ੍ਰਧਾਨ ਮੰਤਰੀ ਦੀ ਸਭ ਤੋਂ ਜ਼ਿਆਦਾ ਚੀਨ ਯਾਤਰਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਚੀਨ ਜਾਣ ਤੋਂ ਪਹਿਲਾਂ ਮੋਦੀ 30 ਅਗਸਤ ਨੂੰ ਜਪਾਨ ਦੇ ਦੌਰੇ ’ਤੇ ਜਾਣਗੇ ਅਤੇ ਉਥੇ ਉਹ ਭਾਰਤ-ਜਪਾਨ ਸਿਖਰ ਸੰਮੇਲਨ ਵਿਚ ਹਿੱਸਾ ਲੈਣਗੇ।

ਟੈਰਿਫ ਵਿਵਾਦ ਦੇ ਚੱਲਦਿਆਂ ਟਰੰਪ ਨਾਲ ਹੋ ਸਕਦੀ ਹੈ ਮੁਲਾਕਾਤ

ਨਵੀਂ ਦਿੱਲੀ/ਬਿਊਰੋ ਨਿਊਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਮਹੀਨੇ ਅਮਰੀਕਾ ਦੇ ਦੌਰੇ ’ਤੇ ਜਾ ਸਕਦੇ ਹਨ। ਉਹ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੀ ਸਲਾਨਾ ਬੈਠਕ ਵਿਚ ਹਿੱਸਾ ਲੈਣਗੇ। ਮੀਡੀਆ ਦੀ ਰਿਪੋਰਟ ਮੁਤਾਬਕ ਮੋਦੀ ਦਾ ਇਹ ਦੌਰਾ ਸਤੰਬਰ ਮਹੀਨੇ ਦੇ ਆਖਰੀ ਹਫਤੇ ਹੋ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰੇ ਦਾ ਅਸਲੀ ਮਕਸਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਕੇ  ਵਪਾਰ ਅਤੇ ਟੈਰਿਫ ਨਾਲ ਜੁੜੇ ਵਿਵਾਦ ਨੂੰ ਸੁਲਝਾਉਣਾ ਹੈ।  ਇਸ ਦੌਰਾਨ ਦੋਵੇਂ ਆਗੂ ਇਕ ਟਰੇਡ ਡੀਲ ਦਾ ਐਲਾਨ ਵੀ ਕਰ ਸਕਦੇ ਹਨ। ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵਿਚ ਮੋਦੀ ਦੇ ਭਾਸ਼ਣ ਦੇ ਲਈ 26 ਸਤੰਬਰ ਦਾ ਸਮਾਂ ਤੈਅ ਹੈ। ਉਧਰ ਦੂਜੇ ਪਾਸੇ ਯੂਕਰੇਨ ਦੇ ਰਾਸ਼ਟਰਪਤੀ ਜੇਲੈਂਸਕੀ ਨੇ ਵੀ ਕਿਹਾ ਹੈ ਕਿ ਉਨ੍ਹਾਂ ਦੀ ਪੀਐਮ ਮੋਦੀ ਨਾਲ ਮੁਲਾਕਾਤ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੌਰਾਨ ਹੋ ਸਕਦੀ ਹੈ। 

ਨਵੀਂ ਦਿੱਲੀ/ਬਿਊਰੋ ਨਿਊਜ਼

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ’ਤੇ ਹੋਰ ਜ਼ਿਆਦਾ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਸੀ, ਜਿਸ ਤੋਂ ਬਾਅਦ ਭਾਰਤ ਨੇ ਪਹਿਲੀ ਵਾਰ ਅਮਰੀਕਾ ਦਾ ਨਾਮ ਲੈ ਕੇ ਖੁੱਲ੍ਹ ਕੇ ਜਵਾਬ ਦਿੱਤਾ ਹੈ। ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਸੀ ਕਿ ਭਾਰਤ ਨੂੰ ਪਰਵਾਹ ਨਹੀਂ ਹੈ ਕਿ ਰੂਸ ਦੇ ਹਮਲੇ ਵਿਚ ਕਿੰਨੇ ਵਿਅਕਤੀਆਂ ਦੀ ਜਾਨ ਜਾ ਰਹੀ ਹੈ। ਟਰੰਪ ਨੇ ਕਿਹਾ ਕਿ ਇਸ ਲਈ ਮੈਂ ਭਾਰਤ ’ਤੇ ਟੈਰਿਫ ਨੂੰ ਵਧਾਉਣ ਜਾ ਰਿਹਾ ਹਾਂ। ਇਸਦੇ ਚੱਲਦਿਆਂ ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਦਾ ਕਹਿਣਾ ਹੈ ਕਿ ਦੁਨੀਆ ਦੀ ਵਿਵਸਥਾ ਵਿਚ ਹੁਣ ਕਿਸੇ ਇਕ ਦਾ ਦਬਦਬਾ ਨਹੀਂ ਚਲੇਗਾ। ਇਸੇ ਦੌਰਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਭਾਰਤ ਨੂੰ ਨਿਸ਼ਾਨਾ ਬਣਾਉਣਾ ਗਲਤ ਹੈ। ਅਸੀਂ ਆਪਣੇ ਰਾਸ਼ਟਰੀ ਹਿੱਤਾਂ ਲਈ ਹਰ ਜ਼ਰੂਰੀ ਕਦਮ ਉਠਾਵਾਂਗੇ। ਧਿਆਨ ਰਹੇ ਕਿ ਟਰੰਪ ਨੇ ਪਿਛਲੇ ਹਫਤੇ ਭਾਰਤ ’ਤੇ 25 ਫੀਸਦੀ ਟੈਰਿਫ ਲਗਾਇਆ ਸੀ, ਜੋ 7 ਅਗਸਤ ਤੋਂ ਲਾਗੂ ਹੋਵੇਗਾ। 

 

ਦੋਸ਼ੀ ਖਿਲਾਫ ਸਖਤ ਕਾਰਵਾਈ ਦੀ ਕੀਤੀ ਮੰਗ

ਅੰਮਿ੍ਰਤਸਰ/ਬਿਊਰੋ ਨਿਊਜ਼ 

ਅਮਰੀਕਾ ਵਿਚ ਕੈਲੀਫੋਰਨੀਆ ਦੇ ਨੌਰਥ ਹਾਲੀਵੁੱਡ ’ਚ 70 ਸਾਲਾ ਸਿੱਖ ਬਜ਼ੁਰਗ ਹਰਪਾਲ ਸਿੰਘ ’ਤੇ ਹੋਏ ਜਾਨਲੇਵਾ ਹਮਲੇ ਦੀ ਚਾਰੇ ਪਾਸਿਓਂ ਸਖਤ ਨਿੰਦਾ ਹੋ ਰਹੀ ਹੈ। ਇਸੇ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਇਸ ਹਮਲੇ ਪਿੱਛੇ ਮੁਲਜ਼ਮ ਦੀ ਮਨਸ਼ਾ ਨੂੰ ਸਮਝਣਾ ਅਤਿ ਜ਼ਰੂਰੀ ਹੈ ਅਤੇ ਇਸ ਨੂੰ ਨਫਰਤੀ ਅਪਰਾਧ ਵਜੋਂ ਦਰਜ ਕੀਤਾ ਜਾਣਾ ਚਾਹੀਦਾ ਹੈ। ਇਸੇ ਤਰ੍ਹਾਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਸਿੱਖ ਬਜ਼ੁਰਗ ਹਰਪਾਲ ਸਿੰਘ ’ਤੇ ਹੋਏ ਜਾਨਲੇਵਾ ਹਮਲੇ ਦੀ ਸਖਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਦੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਐਡਵੋਕੇਟ ਧਾਮੀ ਨੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਕਿ ਉਹ ਵਿਦੇਸ਼ਾਂ ਵਿਚ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਕਦਮ ਚੁੱਕੇ। ਇਸੇ ਦੌਰਾਨ ਪੁਲਿਸ ਵਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਜ਼ੁਰਗ ਸਿੱਖ ਹਰਪਾਲ ਸਿੰਘ ’ਤੇ ਹਮਲਾ ਕਰਨ ਵਾਲੇ ਵਿਅਕਤੀ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ। 

ਨਵੀਂ ਦਿੱਲੀ/ਬਿਊਰੋ ਨਿਊਜ਼  

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰੂਸੀ ਅਤੇ ਈਰਾਨੀ ਤੇਲ ਖਰੀਦਣਾ ਬੰਦ ਕਰਨ ਦੀ ਚਿਤਾਵਨੀ ਹੁਣ ਬੇਅਸਰ ਜਾਪਦੀ ਹੈ। ਭਾਰਤ ਤੋਂ ਬਾਅਦ ਹੁਣ ਚੀਨ ਨੇ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਆਪਣੀਆਂ ਊਰਜਾ ਜ਼ਰੂਰਤਾਂ ਦੇ ਮਾਮਲੇ ਵਿਚ ਕਿਸੇ ਵੀ ਬਾਹਰੀ ਦਬਾਅ ਨੂੰ ਸਵੀਕਾਰ ਨਹੀਂ ਕਰੇਗਾ। ਸਟਾਕਹੋਮ ਵਿਚ ਵਪਾਰਕ ਗੱਲਬਾਤ ਤੋਂ ਬਾਅਦ, ਚੀਨ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਰਾਸ਼ਟਰੀ ਹਿੱਤ ਸਭ ਤੋਂ ਉਪਰ ਹਨ ਅਤੇ ਰੂਸ-ਈਰਾਨ ਤੋਂ ਤੇਲ ਦੀ ਦਰਾਮਦ ਜਾਰੀ ਰਹੇਗੀ। ਟਰੰਪ ਦੀ 100 ਫੀਸਦੀ ਟੈਰਿਫ ਲਗਾਉਣ ਦੀ ਧਮਕੀ ਦੇ ਬਾਵਜੂਦ ਚੀਨ ਨੇ ਸਪੱਸ਼ਟ ਜਵਾਬ ਦਿੱਤਾ ਹੈ ਕਿ ਦਬਾਅ ਅਤੇ ਧਮਕੀਆਂ ਕਾਰਨ ਉਸਦੀ ਨੀਤੀ ਨਹੀਂ ਬਦਲੇਗੀ। ਅਮਰੀਕੀ ਦਬਾਅ ਦੇ ਬਾਵਜੂਦ, ਚੀਨ ਨੇ ਰੂਸ ਅਤੇ ਈਰਾਨ ਤੋਂ ਕੱਚੇ ਤੇਲ ਦੀ ਦਰਾਮਦ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। 

ਨਿਊਯਾਰਕ/ਬਿਊਰੋ ਨਿਊਜ਼ 

ਅਮਰੀਕਾ ਫਿਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦਾ ਸਿਹਰਾ ਲੈਣ ਤੋਂ ਗੁਰੇਜ਼ ਨਹੀਂ ਕਰ ਰਿਹਾ ਹੈ। ਪਹਿਲਾਂ, ਡੋਨਾਲਡ ਟਰੰਪ ਨੇ ਜੰਗਬੰਦੀ ਦਾ ਸਿਹਰਾ ਲੈਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਹਨ ਅਤੇ ਹੁਣ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਵੀ ਇਸਨੂੰ ਦੁਹਰਾਇਆ ਹੈ। ਰੂਬੀਓ ਨੇ ਕਿਹਾ ਹੈ ਕਿ ਅਮਰੀਕਾ, ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗਬੰਦੀ ਵਿੱਚ ਸਿੱਧੇ ਤੌਰ ’ਤੇ ਸ਼ਾਮਲ ਸੀ। ਰੂਬੀਓ ਨੇ ਜੰਗਬੰਦੀ ਦਾ ਸਿਹਰਾ ਟਰੰਪ ਨੂੰ ਦਿੱਤਾ ਅਤੇ ਕਿਹਾ ਕਿ ਉਹ ਦੋ ਪ੍ਰਮਾਣੂ ਹਥਿਆਰਬੰਦ ਦੇਸ਼ਾਂ ਵਿਚਕਾਰ ਸ਼ਾਂਤੀ ਸਥਾਪਤ ਕਰਨ ਵਿੱਚ ਸਫਲ ਰਹੇ। ਦਰਅਸਲ, ਡੋਨਾਲਡ ਟਰੰਪ ਨੇ ਇਹ ਕਈ ਵਾਰ ਦੁਹਰਾਇਆ ਹੈ ਕਿ ਉਸਨੇ ਪਾਕਿਸਤਾਨ ਅਤੇ ਭਾਰਤ ਵਿਚਕਾਰ ਤਣਾਅ ਨੂੰ ਹੱਲ ਕਰਨ ਵਿੱਚ ਮਦਦ ਕੀਤੀ। ਟਰੰਪ ਨੇ ਤਾਂ ਇੱਥੋਂ ਤੱਕ ਕਿਹਾ ਸੀ ਕਿ ਉਸਨੇ ਦੋਵਾਂ ਦੇਸ਼ਾਂ ’ਚ ਵਪਾਰ ਬੰਦ ਕਰਨ ਦੀ ਧਮਕੀ ਦਿੱਤੀ ਸੀ, ਜਿਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਜੰਗਬੰਦੀ ਲਈ ਸਹਿਮਤ ਹੋ ਗਏ ਸਨ। ਇਸੇ ਦੌਰਾਨ ਭਾਰਤ ਨੇ ਪਹਿਲੇ ਦਿਨ ਤੋਂ ਹੀ ਟਰੰਪ ਦੇ ਬਿਆਨ ਨੂੰ ਬੇਬੁਨਿਆਦ ਦੱਸਿਆ ਸੀ। ਭਾਰਤ ਨੇ ਸਪੱਸ਼ਟ ਕੀਤਾ ਸੀ ਕਿ ਜੰਗਬੰਦੀ ਦੀ ਬੇਨਤੀ ਪਾਕਿਸਤਾਨ ਵਲੋਂ ਕੀਤੀ ਗਈ ਸੀ।

 

 

ਟਰੰਪ ਵਲੋਂ 90 ਦੇਸ਼ਾਂ ਨੂੰ ਦਿੱਤੀ ਗਈ ਰਾਹਤ

ਵਾਸ਼ਿੰਗਟਨ/ਬਿਊਰੋ ਨਿਊਜ਼ 

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ’ਤੇ 25 ਪ੍ਰਤੀਸ਼ਤ ਟੈਰਿਫ ਨੂੰ 7 ਦਿਨਾਂ ਲਈ ਟਾਲ ਦਿੱਤਾ ਹੈ। ਇਹ ਟੈਰਿਫ ਅੱਜ 1 ਅਗਸਤ ਤੋਂ ਲਾਗੂ ਹੋਣਾ ਸੀ, ਜੋ ਹੁਣ 7 ਅਗਸਤ ਤੋਂ ਲਾਗੂ ਹੋਵੇਗਾ। ਟਰੰਪ ਨੇ 92 ਦੇਸ਼ਾਂ ’ਤੇ ਨਵੇਂ ਟੈਰਿਫ ਦੀ ਲਿਸਟ ਜਾਰੀ ਕੀਤੀ ਹੈ। ਇਸ ਵਿਚ ਭਾਰਤ ’ਤੇ 25 ਪ੍ਰਤੀਸ਼ਤ ਅਤੇ ਪਾਕਿਸਤਾਨ ’ਤੇ 19 ਪ੍ਰਤੀਸ਼ਤ ਟੈਰਿਫ ਲਗਾਇਆ ਗਿਆ ਹੈ। ਹਾਲਾਂਕਿ ਕੈਨੇਡਾ ’ਤੇ ਅੱਜ ਤੋਂ ਹੀ 35 ਪ੍ਰਤੀਸ਼ਤ ਟੈਰਿਫ ਲਾਗੂ ਹੋ ਗਿਆ ਹੈ। ਸਾਊਥ ਏਸ਼ੀਆ ਵਿਚ ਸਭ ਤੋਂ ਘੱਟ ਟੈਰਿਫ ਪਾਕਿਸਤਾਨ ’ਤੇ ਲਗਾਇਆ ਗਿਆ। ਅਮਰੀਕਾ ਨੇ ਪਹਿਲਾਂ ਪਾਕਿਸਤਾਨ ’ਤੇ 29 ਪ੍ਰਤੀਸ਼ਤ ਟੈਰਿਫ ਲਗਾਇਆ ਹੋਇਆ ਸੀ। ਇਸੇ ਦੌਰਾਨ ਦੁਨੀਆ ਭਰ ਵਿਚ ਸਭ ਤੋਂ ਜ਼ਿਆਦਾ 41 ਪ੍ਰਤੀਸ਼ਤ ਟੈਰਿਫ ਸੀਰੀਆ ’ਤੇ ਲਗਾਇਆ ਗਿਆ ਹੈ। ਇਸ ਲਿਸਟ ਵਿਚ ਚੀਨ ਦਾ ਨਾਮ ਸ਼ਾਮਲ ਨਹੀਂ ਹੈ। ਧਿਆਨ ਰਹੇ ਕਿ ਟਰੰਪ ਨੇ 2 ਅਪ੍ਰੈਲ ਨੂੰ ਦੁਨੀਆ ਭਰ ਦੇ ਦੇਸ਼ਾਂ ’ਤੇ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ, ਪਰ 7 ਦਿਨਾਂ ਬਾਅਦ ਹੀ ਇਸ ਨੂੰ 90 ਦਿਨਾਂ ਲਈ ਟਾਲ ਦਿੱਤਾ ਗਿਆ ਸੀ। ਇਸ ਤੋਂ ਕੁਝ ਦਿਨਾਂ ਬਾਅਦ ਟਰੰਪ ਨੇ 31 ਜੁਲਾਈ ਤੱਕ ਦਾ ਸਮਾਂ ਦਿੱਤਾ ਸੀ। 

 

ਕਿਹਾ : ਪਹਿਲਾਂ ਟੈਰਿਫ ਮਸਲਾ ਸੁਲਝੇ, ਫਿਰ ਹੋਵੇਗੀ ਗੱਲਬਾਤ

ਵਾਸ਼ਿੰਗਟਨ/ਬਿਊਰੋ ਨਿਊਜ਼  

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਨਾਲ ਟਰੇਡ ਡੀਲ ਸਬੰਧੀ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਟਰੰਪ ਨੇ ਕਿਹਾ ਕਿ ਜਦੋਂ ਤੱਕ ਟੈਰਿਫ ਵਿਵਾਦ ਦਾ ਹੱਲ ਨਹੀਂ ਨਿਕਲ ਜਾਂਦਾ, ਉਦੋਂ ਤੱਕ ਗੱਲਬਾਤ ਸ਼ੁਰੂ ਨਹੀਂ ਹੋਵੇਗੀ। ਇਸ ਤੋਂ ਪਹਿਲਾਂ ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਸੀ ਕਿ ਭਾਰਤ ਨਾਲ ਟਰੇਡ ਡੀਲ ’ਤੇ ਗੱਲਬਾਤ ਲਈ ਅਮਰੀਕੀ ਅਧਿਕਾਰੀਆਂ ਦਾ ਇਕ ਵਫਦ ਇਸੇ ਮਹੀਨੇ ਭਾਰਤ ਆਉਣ ਵਾਲਾ ਹੈ। ਜ਼ਿਕਰਯੋਗ ਹੈ ਕਿ ਭਾਰਤ ’ਤੇ ਹੁਣ ਕੁੱਲ ਅਮਰੀਕੀ ਟੈਰਿਫ 50 ਫੀਸਦੀ ਹੋ ਗਿਆ ਹੈ। ਟਰੰਪ ਨੇ ਪਿਛਲੇ ਦਿਨੀਂ ਐਗਜੀਕਿਊਟਿਵ ਆਰਡਰ ’ਤੇ ਦਸਤਖਤ ਕਰਕੇ 25 ਫੀਸਦੀ ਟੈਰਿਫ ਵਧਾ ਦਿੱਤਾ ਸੀ ਅਤੇ ਵਧਿਆ ਹੋਇਆ ਟੈਰਿਫ ਆਉਂਦੀ 27 ਅਗਸਤ ਤੋਂ ਲਾਗੂ ਹੋ ਜਾਵੇਗਾ। ਇਸ ਤੋਂ ਇਲਾਵਾ ਲੰਘੇ ਕੱਲ੍ਹ ਵੀਰਵਾਰ ਨੂੰ ਭਾਰਤ ’ਤੇ 25 ਫੀਸਦੀ ਟੈਰਿਫ ਲਾਗੂ ਹੋ ਗਿਆ ਹੈ। ਡੋਨਾਲਡ ਟਰੰਪ ਦੇ ਨਿਰਦੇਸ਼ ਵਿਚ ਕਿਹਾ ਗਿਆ ਹੈ ਕਿ ਰੂਸੀ ਤੇਲ ਦੀ ਖਰੀਦ ਕਰਕੇ ਭਾਰਤ ’ਤੇ ਇਹ ਐਕਸ਼ਨ ਲਿਆ ਗਿਆ ਹੈ।  

ਜਪਾਨ ਤੋਂ ਲੈ ਕੇ ਅਮਰੀਕਾ ਤੱਕ ਸੁਨਾਮੀ

ਨਵੀਂ ਦਿੱਲੀ/ਬਿਊਰੋ ਨਿਊਜ਼  

ਰੂਸ ਦੇ ਪੂਰਬ ਵਿਚ ਕਾਮਚਟਕਾ ਪਰਾਦੀਪ ਨੇੜੇ 8.8 ਦੀ ਗਤੀ ਵਾਲੇ ਆਏ ਭੂਚਾਲ ਕਾਰਨ ਉਤਰੀ ਖੇਤਰ ਵਿਚ ਚਾਰ-ਚਾਰ ਫੁੱਟ ਉਚੀਆਂ ਸੁਨਾਮੀ ਲਹਿਰਾਂ ਆਈਆਂ। ਜਿਸ ਮਗਰੋਂ ਅਮਰੀਕਾ ਦੇ ਅਲਾਸਕਾ, ਜਪਾਨ ਅਤੇ ਨਿਊਜ਼ੀਲੈਂਡ ਦੇ ਦੱਖਣ ਵਿਚ ਚਿਤਾਵਨੀ ਜਾਰੀ ਕੀਤੀ ਗਈ ਹੈ। ਜਪਾਨ ਨੇ ਇਹਤਿਆਤ ਵਜੋਂ ਫੁਕੂਸੀਮਾ ਵਿਚਲੇ ਪ੍ਰਮਾਣੂ ਰਿਐਕਟਰ ਨੂੰ ਖਾਲੀ ਕਰਵਾ ਲਿਆ ਹੈ। ਭੂਚਾਲ ਦਾ ਕੇਂਦਰ ਸਮੁੰਦਰ ਵਿਚ 19 ਕਿਲੋਮੀਟਰ ਦੀ ਡੂੰਘਾਈ ’ਚ ਦੱਸਿਆ ਜਾ ਰਿਹਾ ਹੈ। ਰੂਸ ’ਚ ਆਏ ਭੂਚਾਲ ਤੋਂ ਬਾਅਦ 70 ਫੀਸਦੀ ਦੁਨੀਆ ਵਿਚ ਅਲਰਟ ਚੱਲ ਰਿਹਾ ਹੈ। ਜਪਾਨ ਤੋਂ ਲੈ ਕੇ ਅਮਰੀਕਾ ਤੱਕ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ ਅਤੇ ਲੋਕ ਘਰ ਛੱਡ ਕੇ ਉਚੀਆਂ ਥਾਵਾਂ ਵੱਲ ਜਾ ਰਹੇ ਹਨ। ਰੂਸ ’ਚ ਆਇਆ ਭੂਚਾਲ ਮਾਰਚ 2011 ਦੇ ਭੂਚਾਲ ਤੋਂ ਬਾਅਦ ਦੁਨੀਆ ਵਿਚ ਆਇਆ ਸਭ ਤੋਂ ਸ਼ਕਤੀਸ਼ਾਲੀ ਭੂਚਾਲ ਜਾਪਦਾ ਹੈ। ਮਾਰਚ 2011 ਵਿਚ ਉਤਰ-ਪੂਰਬੀ ਜਪਾਨ ਵਿਚ ਆਏ ਭੂੁਚਾਲ ਦੀ ਗਤੀ 9.0 ਸੀ ਅਤੇ ਇਸ ਨਾਲ ਵੱਡੀ ਸੁਨਾਮੀ ਆਈ, ਜਿਸ ਨੇ ਫੁਕੂਸ਼ੀਮਾ ਦਾਇਚੀ ਊਰਜਾ ਪਲਾਂਟ ਦੇ ਕੂਲਿੰਗ ਸਿਸਟਮ ਨੂੰ ਤਬਾਹ ਕਰ ਦਿੱਤਾ ਸੀ। 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.