Sunday, 14 June 2026

ਹਮਲਾਵਰ ਨੇ ਵੀ ਆਪਣੇ ਆਪ ਨੂੰ ਮਾਰ ਲਈ ਗੋਲੀ

ਵਾਸ਼ਿੰਗਟਨ/ਬਿਊਰੋ ਨਿਊਜ਼  

ਅਮਰੀਕਾ ਦੇ ਨਿਊਯਾਰਕ ਵਿਖੇ ਮਿਡਟਾਊਨ ਮੈਨਹਟਨ ਵਿਚ ਇਕ ਦਫਤਰ ਦੀ ਇਮਾਰਤ ਵਿਚ ਹੋਈ ਗੋਲੀਬਾਰੀ ਦੌਰਾਨ ਇਕ ਪੁਲਿਸ ਅਧਿਕਾਰੀ ਸਮੇਤ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਪੁਲਿਸ ਦੇ ਅਨੁਸਾਰ, ਹਮਲਾਵਰ ਦੀ ਪਛਾਣ ਸ਼ੇਨ ਤਾਮੁਰਾ ਵਜੋਂ ਹੋਈ ਹੈ, ਜੋ ਕਿ ਨੇਵਾਡਾ ਦਾ ਰਹਿਣ ਵਾਲਾ ਸੀ। ਘਟਨਾ ਤੋਂ ਬਾਅਦ, ਹਮਲਾਵਰ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਅਤੇ ਉਸਦੀ ਵੀ ਮੌਤ ਹੋ ਗਈ। ਮੈਨਹਟਨ ਵਿਚ ਗੋਲੀਬਾਰੀ ਕਰਨ ਵਾਲਾ ਵਿਅਕਤੀ ਸ਼ੇਨ ਤਾਮੁਰਾ ਲਾਸ ਵੇਗਾਸ ਦਾ ਰਹਿਣ ਵਾਲਾ ਸੀ ਅਤੇ ਉਸਦੀ ਉਮਰ 27 ਸਾਲ ਦੱਸੀ ਗਈ ਹੈ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਹਮਲਾਵਰ ਫੁੱਟਬਾਲ ਦਾ ਖਿਡਾਰੀ ਰਹਿ ਚੁੱਕਾ ਹੈ। ਧਿਆਨ ਰਹੇ ਕਿ ਇਹ ਘਟਨਾ ਪਾਰਕ ਐਵੇਨਿਊ ’ਤੇ ਸਥਿਤ ਇਕ ਹਾਈ-ਪ੍ਰੋਫਾਈਲ ਦਫਤਰ ਦੀ ਇਮਾਰਤ ਵਿਚ ਸ਼ਾਮ ਦੇ ਸਮੇਂ ਵਾਪਰੀ, ਜਿੱਥੇ ਕਈ ਵੱਡੀਆਂ ਵਿੱਤੀ ਕੰਪਨੀਆਂ ਅਤੇ ਨੈਸ਼ਨਲ ਫੁੱਟਬਾਲ ਲੀਗ ਦੇ ਦਫਤਰ ਹਨ। ਗੋਲੀਬਾਰੀ ਦਾ ਇਹ ਮਾਮਲਾ ਅਮਰੀਕੀ ਸੰਸਦ ’ਚ ਵੀ ਪਹੁੰਚ ਗਿਆ ਹੈ। 

 

ਭਾਰਤ ਨੇ ਅਮਰੀਕਾ ਦੇ ਫੈਸਲੇ ਦਾ ਕੀਤਾ ਸਵਾਗਤ

ਵਾਸ਼ਿੰਗਟਨ/ਬਿਊਰੋ ਨਿਊਜ਼  

ਅਮਰੀਕਾ ਨੇ ਜੰਮੂ ਕਸ਼ਮੀਰ ਦੇ ਪਹਿਲਗਾਮ ’ਚ ਹੋਏ ਦਹਿਸ਼ਤੀ ਹਮਲੇ ਲਈ ਜ਼ਿੰਮੇਵਾਰ ਪਾਕਿਸਤਾਨ ਸਥਿਤ ਟੀ.ਆਰ.ਐਫ. (ਦ ਰੈਜ਼ਿਸਟੈਂਸ ਫਰੰਟ) ਨੂੰ ਦਹਿਸ਼ਤੀ  ਸੰਗਠਨ ਐਲਾਨ ਦਿੱਤਾ ਹੈ। ਇਸਦੇ ਚੱਲਦਿਆਂ ਭਾਰਤ ਨੇ ਅਮਰੀਕਾ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਇਸ ਫੈਸਲੇ ਲਈ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕ ਰੂਬੀਓ ਦੀ ਵਿਸ਼ੇਸ਼ ਤੌਰ ’ਤੇ ਸ਼ਲਾਘਾ ਕੀਤੀ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਰਕ ਰੂਬੀਓ ਨੇ ਪਹਿਲਗਾਮ ਹਮਲੇ ਨੂੰ ਘਾਤਕ ਦੱਸਿਆ ਹੈ। ਮਾਰਕ ਰੂਬੀਓ ਨੇ ਕਿਹਾ ਕਿ ਟੀ.ਆਰ.ਐਫ. ਜੋ ਲਸ਼ਕਰ-ਏ-ਤੋਇਬਾ ਦਾ ਹੀ ਇਕ ਫਰੰਟ ਹੈ, ਇਸ ਨੇ 22 ਅਪ੍ਰੈਲ 2025 ਨੂੰ ਪਹਿਲਗਾਮ ’ਚ ਹੋਏ ਦਹਿਸ਼ਤੀ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਇਸ ਹਮਲੇ ਵਿਚ 26 ਭਾਰਤੀ ਨਾਗਰਿਕਾਂ ਦੀ ਜਾਨ ਚਲੇ ਗਈ ਸੀ। ਇਸਦੇ ਜਵਾਬ ਵਿਚ ਭਾਰਤੀ ਫੌਜ ਨੇ ਅਪਰੇਸ਼ਨ ਸੰਧੂਰ ਦੇ ਤਹਿਤ 6 ਤੇ 7 ਮਈ ਦੀ ਵਿਚਕਾਰਲੀ  ਰਾਤ ਨੂੰ ਪਾਕਿਸਤਾਨ ਸਥਿਤ ਦਹਿਸ਼ਤੀ ਟਿਕਾਣਿਆਂ ’ਤੇ ਸਟੀਕ ਹਮਲੇ ਕੀਤੇ ਸਨ।   

 

 

ਦੋਵਾਂ ਦੇਸ਼ਾਂ ਦੀ ਸਰਹੱਦ ’ਤੇ ਹੋਈ ਝੜਪ ’ਚ 11 ਵਿਅਕਤੀਆਂ ਦੀ ਗਈ ਸੀ ਜਾਨ

ਨਵੀਂ ਦਿੱਲੀ/ਬਿਊਰੋ ਨਿਊਜ਼ 

ਥਾਈਲੈਂਡ ਵਿਚ ਭਾਰਤੀ ਦੂਤਾਵਾਸ ਨੇ ਅੱਜ ਸ਼ੁੱਕਰਵਾਰ ਨੂੰ ਦੇਸ਼ ਵਿਚ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਦੇ ਚੱਲਦਿਆਂ ਭਾਰਤੀ ਨਾਗਰਿਕਾਂ ਨੂੰ ਥਾਈਲੈਂਡ-ਕੰਬੋਡੀਆ ਸਰਹੱਦ ’ਤੇ ਚੱਲ ਰਹੇ ਟਕਰਾਅ ਦੇ ਮੱਦੇਨਜ਼ਰ 7 ਸੂਬਿਆਂ ਦੀ ਯਾਤਰਾ ਤੋਂ ਬਚਣ ਦੀ ਅਪੀਲ ਕੀਤੀ ਹੈ। ਸਰਕਾਰੀ ਥਾਈ ਪਬਲਿਕ ਬਰੌਡ ਕਾਸਟਿੰਗ ਸਰਵਿਸ ਅਨੁਸਾਰ ਲੰਘੇ ਕੱਲ੍ਹ ਵੀਰਵਾਰ ਨੂੰ ਥਾਈਲੈਂਡ ਅਤੇ ਕੰਬੋਡੀਆ ਵਿਚਕਾਰ ਉਨ੍ਹਾਂ ਦੇ ਦੇਸ਼ਾਂ ਦੀ ਸਰਹੱਦ ’ਤੇ ਝੜਪਾਂ ਹੋਈਆਂ ਸਨ, ਜਿਸ ਵਿਚ ਘੱਟੋ-ਘੱਟ 11 ਵਿਅਕਤੀਆਂ ਦੀ ਜਾਨ ਚਲੇ ਗਈ ਸੀ ਅਤੇ ਕਈ ਵਿਅਕਤੀ ਜ਼ਖ਼ਮੀ ਵੀ ਹੋ ਗਏ ਸਨ। ਭਾਰਤੀ ਦੂਤਾਵਾਸ ਨੇ ਥਾਈਲੈਂਡ-ਕੰਬੋਡੀਆ ਸਰਹੱਦ ਨੇੜੇ ਦੀ ਸਥਿਤੀ ਦੇ ਮੱਦੇਨਜ਼ਰ ਥਾਈਲੈਂਡ ਦੀ ਯਾਤਰਾ ਕਰਨ ਵਾਲੇ ਭਾਰਤੀ ਯਾਤਰੀਆਂ ਨੂੰ ਅਪਡੇਟਸ ਦੀ ਜਾਂਚ ਕਰਨ ਦੀ ਸਲਾਹ ਦਿੱਤੀ ਹੈ।

 

 

ਕੈਲੀਫੋਰਨੀਆ/ਬਿਊਰੋ ਨਿਊਜ਼  

ਅਮਰੀਕਾ ਦੇ ਮਾਸਾਚੂਸੈਟਸ ਸੂਬੇ ਵਿਚ ਇਕ ਬਿਰਧ ਆਸ਼ਰਮ ਨੂੰ ਅੱਗ ਲੱਗ ਜਾਣ ਕਾਰਨ 9 ਬਜ਼ੁਰਗਾਂ ਦੀ ਜਾਨ ਚਲੇ ਗਈ ਹੈ। ਅੱਗ ਲੱਗਣ ਕਾਰਨ ਤਿੰਨ ਮੰਜਿਲਾ ਇਮਾਰਤ ਵਿਚ ਫੈਲੇ ਧੂੰਏਂ ਕਾਰਨ ਬਜ਼ੁਰਗਾਂ ਲਈ ਬਚ ਕੇ ਨਿਕਲਣਾ ਮੁਸ਼ਕਲ ਹੋ ਗਿਆ ਸੀ। ਹਾਲਾਂਕਿ ਕੁਝ ਬਜ਼ੁਰਗ ਆਪਣੇ-ਆਪ ਨੂੰ ਬਚਾਉਣ ਵਿਚ ਸਫਲ ਰਹੇ। ਫਾਲ ਰਿਵਰ ਫਾਇਰ ਚੀਫ ਜੈਫਰੀ ਬੇਕੋਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਫਾਇਰ ਫਾਈਟਰਜ਼ ਯੁਨੀਅਨ ਅਨੁਸਾਰ ਸਟਾਫ ਦੀ ਘਾਟ ਕਾਰਨ ਬਜ਼ੁਰਗਾਂ ਨੂੰ ਬਚਾਉਣਾ ਔਖਾ ਹੋ ਗਿਆ ਸੀ। 

 

ਭਾਰਤ ਤੇ ਬਰਤਾਨੀਆ ਵਲੋਂ ਮੁਕਤ ਵਪਾਰ ਸਮਝੌਤੇ ’ਤੇ ਦਸਤਖਤ

ਲੰਡਨ/ਬਿਊਰੋ ਨਿਊਜ਼ 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਲੰਡਨ ਵਿਚ ਬਿ੍ਰਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨਾਲ ਮੁਲਾਕਾਤ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਦੋ ਦਿਨਾਂ ਦੇ ਦੌਰੇ ’ਤੇ ਲੰਡਨ ਪਹੁੰਚੇ ਹੋਏ ਹਨ। ਇਸ ਦੌਰਾਨ ਅੱਜ ਦੋਵਾਂ ਆਗੂਆਂ ਦੀ ਮੌਜੂਦਗੀ ਵਿਚ ਭਾਰਤ ਅਤੇ ਬਿ੍ਰਟੇਨ ਵਿਚਕਾਰ ਮੁਕਤ ਵਪਾਰ ਸਮਝੌਤੇ ’ਤੇ ਦਸਤਖਤ ਕੀਤੇ ਗਏ ਹਨ। ਸਮਝੌਤੇ ਤੋਂ ਬਾਅਦ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਯੂ.ਕੇ. ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕਿਹਾ ਕਿ ਇਹ ਇਕ ਅਜਿਹਾ ਸੌਦਾ ਹੈ, ਜੋ ਦੋਵੇਂ ਦੇਸ਼ਾਂ ਨੂੰ ਵੱਡੇ ਲਾਭ ਦੇਵੇਗਾ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਸਾਡੇ ਸਬੰਧਾਂ ਲਈ ਇਕ ਇਤਿਹਾਸਕ ਦਿਨ ਹੈ। ਉਨ੍ਹਾਂ ਕਿਹਾ ਕਿ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਅੱਜ ਦੋਵਾਂ ਦੇਸ਼ਾਂ ਨੇ ਵਿਆਪਕ ਆਰਥਿਕ ਅਤੇ ਵਪਾਰ ਸਮਝੌਤੇ ’ਤੇ ਦਸਤਖਤ ਕੀਤੇ ਹਨ।  

 

 

ਹੱਤਿਆ ਦੇ ਮਾਮਲੇ ’ਚ ਭਲਕੇ 16 ਜੁਲਾਈ ਨੂੰ ਹੋਣੀ ਸੀ ਫਾਂਸੀ

ਨਵੀਂ ਦਿੱਲੀ/ਬਿਊਰੋ ਨਿਊਜ਼ 

ਯਮਨ ਵਿਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੀ ਕੇਰਲਾ ਦੀ ਨਰਸ ਨਿਮਿਸ਼ਾ ਪ੍ਰੀਆ ਦੀ ਮੌਤ ਦੀ ਸਜ਼ਾ ਫਿਲਹਾਲ ਟਾਲ ਦਿੱਤੀ ਗਈ ਹੈ। ਧਿਆਨ ਰਹੇ ਕਿ ਹੱਤਿਆ ਦੇ ਮਾਮਲੇ ਵਿਚ ਨਿਮਿਸ਼ਾ ਪ੍ਰੀਆ ਨੂੰ ਭਲਕੇ 16 ਜੁਲਾਈ ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਸੀ। ਮੀਡੀਆ ਰਿਪੋਰਟਾਂ ਦੇ ਮੁਤਾਬਕ ਪ੍ਰਭਾਵਸ਼ਾਲੀ ਧਾਰਮਿਕ ਆਗੂਆਂ ਨੇ ਇਸ ਮਾਮਲੇ ਵਿਚ ਦਖਲ ਦਿੱਤਾ ਹੈ, ਜਿਸ ਤੋਂ ਬਾਅਦ ਨਿਮਿਸ਼ਾ ਪ੍ਰੀਆ ਦੀ ਮੌਤ ਦੀ ਸਜ਼ਾ ਟਾਲ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਨਿਮਿਸ਼ਾ ਨੂੰ ਮੌਤ ਦੀ ਸਜ਼ਾ ਤੋਂ ਬਚਾਉਣ ਲਈ ਡਿਪਲੋਮੈਟਿਕ ਲੈਵਲ ’ਤੇ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪੀੜਤ ਦਾ ਪਰਿਵਾਰ ਅਜੇ ਤੱਕ ਮਾਫੀ ਦੇਣਾ ਜਾਂ ਬਲੱਡ ਮਨੀ ਸਵੀਕਾਰ ਕਰਨ ਲਈ ਸਹਿਮਤ ਨਹੀਂ ਹੋਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਨਿਮਿਸ਼ਾ ਪ੍ਰੀਆ ’ਤੇ ਯਮਨ ਦੇ ਨਾਗਰਿਕ ਨੂੰ ਦਵਾਈ ਦੀ ਓਵਰਡੋਜ਼ ਦੇ ਕੇ ਹੱਤਿਆ ਕਰਨ ਦਾ ਆਰੋਪ ਹੈ।  

 

 

ਭਾਰਤ ਅਤੇ ਚੀਨ ਨੇ ਦੁਵੱਲੇ ਸਬੰਧਾਂ ਨੂੰ ਸੁਧਾਰਨ ਲਈ ਚੁੱਕੇ ਕਦਮ

ਨਵੀਂ ਦਿੱਲੀ/ਬਿਊਰੋ ਨਿਊਜ਼ 

ਭਾਰਤ ਨੇ ਇਸ ਹਫਤੇ ਤੋਂ ਚੀਨੀ ਨਾਗਰਿਕਾਂ ਨੂੰ ਵਿਜ਼ਟਰ ਵੀਜ਼ੇ ਦੇਣ ਦੀ ਸ਼ੁਰੂਆਤ ਦਾ ਐਲਾਨ ਕੀਤਾ ਹੈ। ਇਹ ਕਦਮ ਗਲਵਾਨ ਘਾਟੀ ਵਿਚ ਫੌਜੀ ਝੜਪਾਂ ਤੋਂ ਬਾਅਦ ਤਣਾਅਪੂਰਨ ਹੋਏ ਦੁਵੱਲੇ ਸਬੰਧਾਂ ਨੂੰ ਸੁਧਾਰਨ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਸਾਹਮਣੇ ਆਇਆ ਹੈ। ਭਾਰਤ ਨੇ 2020 ਵਿਚ ਮੁੱਖ ਤੌਰ ’ਤੇ ਕੋਵਿਡ-19 ਮਹਾਂਮਾਰੀ ਕਾਰਨ ਚੀਨੀ ਨਾਗਰਿਕਾਂ ਨੂੰ ਵਿਜ਼ਟਰ ਵੀਜ਼ੇ ਜਾਰੀ ਕਰਨਾ ਬੰਦ ਕਰ ਦਿੱਤਾ ਸੀ, ਪਰ ਪੂਰਬੀ ਲੱਦਾਖ ਸਰਹੱਦੀ ਵਿਵਾਦ ਦੇ ਮੱਦੇਨਜ਼ਰ ਪਾਬੰਦੀਆਂ ਜਾਰੀ ਰੱਖੀਆਂ ਸਨ। ਬੀਜਿੰਗ ਵਿਚ ਭਾਰਤੀ ਦੂਤਾਵਾਸ ਨੇ ਕਿਹਾ ਹੈ ਕਿ ਚੀਨੀ ਨਾਗਰਿਕ ਅੱਜ ਵੀਰਵਾਰ ਤੋਂ ਵਿਜ਼ਟਰ ਵੀਜ਼ਿਆਂ ਲਈ ਅਪਲਾਈ ਕਰ ਸਕਦੇ ਹਨ। ਭਾਰਤੀ ਦੂਤਾਵਾਸ ਵਲੋਂ ਵਿਜ਼ਟਰ ਵੀਜ਼ੇ ਮੁੜ ਸ਼ੁਰੂ ਕਰਨ ਦਾ ਫੈਸਲਾ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਚੀਨ ਦੇ ਵਿਦੇਸ਼ ਮੰਤਰੀ ਵਿਚਾਲੇ ਹੋਈ ਮੀਟਿੰਗ ਤੋਂ ਡੇਢ ਹਫਤੇ ਬਾਅਦ ਆਇਆ ਹੈ। ਇਸੇ ਦੌਰਾਨ ਭਾਰਤ ਅਤੇ ਚੀਨ ਨੇ ਦੁਵੱਲੇ ਸਬੰਧਾਂ ਨੂੰ ਸੁਧਾਰਨ ਲਈ ਕਈ ਕਦਮ ਚੁੱਕੇ ਹਨ।  

 

 

 

ਨਵੀਂ ਦਿੱਲੀ/ਬਿਊਰੋ ਨਿਊਜ਼

ਸੁਭਾਸ਼ੂ ਸ਼ੁਕਲਾ ਸਣੇ ਚਾਰ ਪੁਲਾੜ ਯਾਤਰੀ 20 ਦਿਨਾਂ ਬਾਅਦ ਪੁਲਾੜ ਵਿਚ ਰਹਿਣ ਤੋਂ ਬਾਅਦ ਧਰਤੀ ’ਤੇ ਵਾਪਸ ਪਰਤ ਆਏ ਹਨ। ਕਰੀਬ 23 ਘੰਟਿਆਂ ਦੇ ਸਫਰ ਤੋਂ ਬਾਅਦ ਡਰੈਗਨ ਸਪੇਸ ਕਰਾਫਟ ਦੀ ਅੱਜ ਯਾਨੀ 15 ਜੁਲਾਈ ਨੂੰ ਦੁਪਹਿਰ 3 ਵਜੇ ਕੈਲੀਫੋਰਨੀਆ ਦੇ ਤਟ ’ਤੇ ਲੈਂਡਿੰਗ ਹੋਈ। ਇਸ ਨੂੰ ਸਪਲੈਸ ਡਾਊਨ ਕਹਿੰਦੇ ਹਨ। ਇਹ ਚਾਰੋਂ ਪੁਲਾੜ ਯਾਤਰੀ ਇਕ ਦਿਨ ਪਹਿਲਾਂ ਸ਼ਾਮ ਨੂੰ 4 ਵੱਜ ਤੇ 45 ਮਿੰਟ ’ਤੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੋਂ ਧਰਤੀ ਦੇ ਲਈ ਰਵਾਨਾ ਹੋਏ ਸਨ। ਇਹ ਸਾਰੇ ਪੁਲਾੜ ਯਾਤਰੀ ਲੰਘੀ 26 ਜੂਨ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ 4 ਵੱਜ ਕੇ 1 ਮਿੰਟ ’ਤੇ ਆਈ.ਐਸ.ਐਸ. ਪਹੁੰਚੇ ਸਨ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਮੈਂ ਪੂਰੇ ਰਾਸ਼ਟਰ ਨਾਲ ਸਮੂਹ ਕੈਪਟਨ ਸੁਭਾਸ਼ੂ ਸ਼ੁਕਲਾ ਦਾ ਸਵਾਗਤ ਕਰਦਾ ਦਾ ਹਾਂ, ਕਿਉਂਕਿ ਉਹ ਆਪਣੇ ਇਤਿਹਾਸਕ ਪੁਲਾੜ ਮਿਸ਼ਨ ਤੋਂ ਧਰਤੀ ’ਤੇ ਵਾਪਸ ਆਏ ਹਨ।  

 

73 ਦਿਨਾਂ ਵਿਚ 25 ਵਾਰ ਕਰੈਡਿਟ ਲਿਆ ਡੋਨਾਲਡ ਟਰੰਪ ਨੇ

ਵਾਸ਼ਿੰਗਟਨ/ਬਿਊਰੋ ਨਿਊਜ਼ 

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਦਾਅਵਾ ਕੀਤਾ ਹੈ ਕਿ ਭਾਰਤ ਅਤੇ ਪਾਕਿਸਤਾਨ ਟਕਰਾਅ ਉਨ੍ਹਾਂ ਨੇ ਰੁਕਵਾਇਆ ਸੀ। ਟਰੰਪ ਨੇ 73 ਦਿਨਾਂ ਵਿਚ 25 ਵਾਰ ਇਹ ਕਰੈਡਿਟ ਲਿਆ ਹੈ। ਅਮਰੀਕੀ ਰਾਸ਼ਟਰਪਤੀ ਨੇ ਭਾਰਤ ਅਤੇ ਪਾਕਿਸਤਾਨ ਜੰਗ ਦੌਰਾਨ ਪੰਜ ਲੜਾਕੂ ਜਹਾਜ਼ ਡਿੱਗਣ ਦਾ ਦਾਅਵਾ ਵੀ ਕੀਤਾ ਹੈ। ਟਰੰਪ ਨੇ ਵਾਈਟ ਹਾਊਸ ਵਿਚ ਇਕ ਸਮਾਗਮ ਦੌਰਾਨ ਕਿਹਾ ਕਿ ਇਨ੍ਹਾਂ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਬਹੁਤ ਜ਼ਿਆਦਾ ਵਧ ਗਿਆ ਸੀ ਅਤੇ ਕਿਸੇ ਵੀ ਸਮੇਂ ਪ੍ਰਮਾਣੂ ਹਥਿਆਰਾਂ ਦਾ ਇਸਤੇਮਾਲ ਵੀ ਹੋ ਸਕਦਾ ਸੀ। ਦੱਸਣਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ 10 ਜੂਨ ਨੂੰ ਸੀਜਫਾਇਰ ਹੋਇਆ ਸੀ ਅਤੇ ਉਸ ਸਮੇਂ ਟਰੰਪ ਨੇ ਜੰਗਬੰਦੀ ਕਰਾਉਣ ਦਾ ਦਾਅਵਾ ਕੀਤਾ ਸੀ। ਟਰੰਪ ਨੇ ਦੋਵਾਂ ਦੇਸ਼ਾਂ ਦੇ ਨੇਤਾਵਾਂ ਨੂੰ ਫੋਨ ਕਰਕੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਲੜਾਈ ਨਹੀਂ ਰੁਕੀ ਤਾਂ ਅਮਰੀਕਾ ਇਨ੍ਹਾਂ ਦੇਸ਼ਾਂ ਨਾਲ ਵਪਾਰ ਰੋਕ ਦੇਵੇਗਾ।

ਨਵੀਂ ਦਿੱਲੀ/ਬਿਊਰੋ ਨਿਊਜ਼

ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਕਵੇਟਾ ਤੋਂ ਲਾਹੌਰ ਜਾ ਰਹੀ ਇਕ ਯਾਤਰੀ ਬੱਸ ਨੂੰ ਹਥਿਆਰਬੰਦ ਵਿਅਕਤੀਆਂ ਨੇ ਰੋਕ ਲਿਆ ਅਤੇ 9 ਯਾਤਰੀਆਂ ਨੂੰ ਅਗਵਾ ਕਰਕੇ ਉਨ੍ਹਾਂ ਨੂੰ  ਗੋਲੀ ਮਾਰ ਦਿੱਤੀ। ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਝੋਬ ਖੇਤਰ ਵਿਚ ਕੌਮੀ ਰਾਜਮਾਰਗ ’ਤੇ ਵਾਪਰੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਹਥਿਆਰਬੰਦ ਹਮਲਾਵਰਾਂ ਨੇ ਪਹਿਲਾਂ ਯਾਤਰੀਆਂ ਦੇ ਪਛਾਣ ਪੱਤਰ ਦੇਖੇ ਅਤੇ ਫਿਰ 9 ਵਿਅਕਤੀਆਂ ਨੂੰ ਬੱਸ ’ਚੋਂ ਉਤਰਨ ਲਈ ਕਿਹਾ ਅਤੇ ਫਿਰ ਉਨ੍ਹਾਂ ਦੇ ਗੋਲੀਆਂ ਮਾਰ ਦਿੱਤੀਆਂ। ਝੋਬ ਖੇਤਰ ਦੇ ਸਹਾਇਕ ਕਮਿਸ਼ਨਰ ਨਵੀਦ ਆਲਮ ਨੇ ਦੱਸਿਆ ਕਿ ਮਿ੍ਰਤਕ ਵਿਅਕਤੀ ਪਾਕਿਸਤਾਨ ’ਚ ਪੰਜਾਬ ਸੂਬੇ ਦੇ ਵੱਖ-ਵੱਖ ਹਿੱਸਿਆਂ ਦੇ ਰਹਿਣ ਵਾਲੇ ਸਨ। ਨਵੀਦ ਆਲਮ ਨੇ ਦੱਸਿਆ ਕਿ ਇਨ੍ਹਾਂ ਹੱਤਿਆਵਾਂ ਦਾ ਤਰੀਕਾ ਦੱਸਦਾ ਹੈ ਕਿ ਹਮਲਾਵਰ ਪਹਿਲਾਂ ਹੀ ਯੋਜਨਾ ਬਣਾ ਕੇ ਆਏ ਅਤੇ ਟਾਰਗਿਟ ਕਿਲਿੰਗ ਕੀਤੀ ਹੈ।

 

 

ਨਵੀਂ ਦਿੱਲੀ/ਬਿਊਰੋ ਨਿਊਜ਼ 

ਬੰਗਲਾਦੇਸ਼ ਦੀ ਹਵਾਈ ਫੌਜ ਦਾ ਇਕ ਟਰੇਨਰ ਜਹਾਜ਼ ਢਾਕਾ ਦੇ ਕਾਲਜ ਦੀ ਇਮਾਰਤ ’ਤੇ ਡਿੱਗਣ ਨਾਲ ਵੱਡਾ ਹਾਦਸਾ ਵਾਪਰ ਗਿਆ ਹੈ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਹਾਦਸੇ ਵਿਚ 19 ਵਿਅਕਤੀਆਂ ਦੀ ਮੌਤ ਹੋ ਗਈ ਅਤੇ 150 ਤੋਂ ਜ਼ਿਆਦਾ ਜ਼ਖ਼ਮੀ ਦੱਸੇ ਜਾ ਰਹੇ ਹਨ। ਇਹ ਵੀ ਖਦਸ਼ਾ ਪ੍ਰਗਟਾਇਆ ਗਿਆ ਹੈ ਕਿ ਮੌਤਾਂ ਦੀ ਗਿਣਤੀ ਵਧ ਸਕਦੀ ਹੈ। ਦੱਸਿਆ ਗਿਆ ਕਿ ਜਦੋਂ ਇਹ ਜਹਾਜ਼ ਕਾਲਜ ਦੀ ਜਿਸ ਇਮਾਰਤ ’ਤੇ ਡਿੱਗਿਆ, ਉਸ ਸਮੇਂ ਕਲਾਸ ਚੱਲ ਰਹੀ ਸੀ। ਬੰਗਲਾਦੇਸ਼ ਦੀ ਫੌਜ ਨੇ ਇਸ ਹਾਦਸੇ ਸਬੰਧੀ ਜਾਣਕਾਰੀ ਦਿੱਤੀ ਹੈ ਅਤੇ ਇਹ ਵੀ ਦੱਸਿਆ ਗਿਆ ਕਿ ਇਹ ਜਹਾਜ਼ ਚੀਨ ’ਚ ਬਣਿਆ ਹੋਇਆ ਸੀ। ਇਸ ਹਾਦਸੇ ਕਰਕੇ ਬੰਗਲਾਦੇਸ਼ ਦੀ ਸਰਕਾਰ ਨੇ ਇਕ ਦਿਨ ਦਾ ਸਰਕਾਰੀ ਸੋਗ ਐਲਾਨਿਆ ਹੈ।  

 

 

ਆਰਮੀ ਚੀਫ ਮੁਨੀਰ ਨੂੰ ਅਗਲਾ ਰਾਸ਼ਟਰਪਤੀ ਅਤੇ ਬਿਲਾਵਲ ਨੂੰ ਪ੍ਰਧਾਨ ਮੰਤਰੀ ਬਣਾਏ ਜਾਣ ਦੀ ਚਰਚਾ 

ਇਸਲਾਮਾਬਾਦ/ਬਿਊਰੋ ਨਿਊਜ਼ 

ਪਾਕਿਸਤਾਨ ਦੀ ਸਿਆਸਤ ਵਿਚ ਅੱਜ ਕੱਲ ਬਹੁਤ ਹਲਚਲ ਚੱਲ ਰਹੀ ਹੈ। ਵੱਡੀ ਪੱਧਰ ’ਤੇ ਚਰਚਾਵਾਂ ਚੱਲ ਰਹੀਆਂ ਹਨ ਕਿ ਆਸਿਫ ਅਲੀ ਜਰਦਾਰੀ ਨੂੰ ਜਲਦ ਹੀ ਅਹੁਦਾ ਛੱਡਣ ਲਈ ਕਿਹਾ ਜਾ ਸਕਦਾ ਹੈ ਅਤੇ ਉਸ ਦੇ ਸਥਾਨ ’ਤੇ ਫੌਜ ਮੁਖੀ ਫੀਲਡ ਮਾਰਸ਼ਲ ਅਸੀਮ ਮੁਨੀਰ ਨੂੰ ਦੇਸ਼ ਦਾ ਨਵਾਂ ਰਾਸ਼ਟਰਪਤੀ ਬਣਾਇਆ ਜਾ ਸਕਦਾ ਹੈ। ਇਸਦੇ ਨਾਲ ਹੀ ਪਾਕਿਸਤਾਨ ਵਿਚ ਮੌਜੂਦਾ ਸੰਸਦੀ ਪ੍ਰਣਾਲੀ ਨੂੰ ਬਦਲ ਕੇ ਰਾਸ਼ਟਰਪਤੀ ਪ੍ਰਣਾਲੀ ਲਾਗੂ ਕੀਤੇ ਜਾਣ ਦੀ ਵੀ ਤਿਆਰੀ ਦੱਸੀ ਜਾ ਰਹੀ ਹੈ। ਇਹ ਸੱਤਾ ਪਰਿਵਰਤਨ ਦਾ ਖੇਡ ਪਾਕਿਸਤਾਨ  ਆਰਮੀ ਦੇ ਸਮਰਥਨ ਵਿਚ ਹੋ ਰਿਹਾ ਹੈ। ਇਸਦੇ ਚੱਲਦਿਆਂ ਪਾਕਿਸਤਾਨ ਦੇ ਮੌਜੂਦਾ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਉਸਦੀ ਪਾਰਟੀ ਇਸ ਸੰਭਾਵਿਤ ਬਦਲਾਅ ਦਾ ਵਿਰੋਧ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਜੇਕਰ ਰਾਸ਼ਟਰਪਤੀ ਪ੍ਰਣਾਲੀ ਆਈ ਤਾਂ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਵੀ ਅਹੁਦੇ ਤੋਂ ਛੁੱਟੀ ਹੋ ਸਕਦੀ ਹੈ। ਇਸਦੇ ਚੱਲਦਿਆਂ ਬਿਲਾਵਲ ਨੂੰ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਾਏ ਜਾਣ ਦੀ ਚਰਚਾ ਚੱਲ ਰਹੀ ਹੈ। 

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.